ਗੁਆਚੀਆਂ ਚੀਜ਼ਾਂ

ਦਲਜੀਤ ਸਿੰਘ ਸ਼ਾਹੀ
ਫੋਨ: 91-98141-29511
ਠੰਢ ਅਜੇ ਸ਼ੁਰੂ ਹੀ ਹੋਈ ਸੀ ਪਰ ਜਿੰਨੀ ਕੁ ਠੰਡ ਸੀ, ਉਸ ਤੋਂ ਵੱਧ ਕੇ ਉਸ ਦਾ ਦਿਮਾਗ ਠੰਡਾ ਹੋਇਆ ਪਿਆ ਸੀ। ਦਫਤਰ ‘ਚ ਬੈਠੇ ਰੂਪ ਨੇ ਆਪਣੇ ਟੇਬਲ ‘ਤੇ ਪਏ ਪੇਪਰ ਵੇਟ ਨੂੰ ਘੁਮਾਇਆ ਤੇ ਘੁੰਮਣੀ ਕੁਰਸੀ ਦੇ ਨਾਲ ਹੀ ਦਰਾਜ ਫਰੋਲਣ ਲੱਗਾ। ਉਹ ਕੀ ਲੱਭ ਰਿਹਾ ਹੈ-ਫਾਈਲਾਂ ਜਾਂ ਕੁਝ ਹੋਰ? ਉਸ ਨੂੰ ਕੋਈ ਸਮਝ ਨਹੀਂ ਸੀ ਲੱਗ ਰਹੀ। ਦਰਾਜ ਤੋਂ ਹਟ ਕੇ ਉਸ ਨੇ ਮੂੰਹ ਸਿੱਧਾ ਕੀਤਾ ਤਾਂ ਮੱਥੇ ‘ਤੇ ਦੋ ਕੁ ਤੁਪਕੇ ਪਸੀਨੇ ਦੇ ਬਹਿ ਤੁਰੇ।

“ਏਸ ਮੌਸਮ ਵਿਚ ਵੀ ਪਸੀਨਾ?”
ਸਾਹਮਣੇ ਵਾਲੀ ਕੁਰਸੀ ‘ਤੇ ਬੈਠੀ ਕਲਰਕ ਕਵਿਤਾ ਨੇ ਮੁਸਕਰਾ ਕੇ ਪੁੱਛਿਆ।
“ਨਹੀਂ ਨਹੀਂ, ਵੈਸੇ ਹੀ।”
“ਕੋਈ ਪ੍ਰੇਸ਼ਾਨੀ ਹੈ?”
“ਨਹੀਂ।”
“ਕੁਝ ਲੱਭ ਰਹੇ ਲੱਗਦੇ ਹੋ?”
“ਹਾਂ-ਹਾਂ, ਨਹੀਂ, ਕੁਝ ਖਾਸ ਨਹੀਂ।”
“ਮੈਂ ਮਦਦ ਕਰਾਂ?”
“ਨਹੀਂ, ਤੁਹਾਡੇ ਲੱਭਣ ਦੀ ਚੀਜ਼ ਨਹੀਂ”
“ਚਲੋ ਠੀਕ ਹੈ, ਲੱਭੋ ਫੇਰ।”
ਰੂਪ ਨੇ ਰਿਮ ਵਿਚੋਂ ਸਾਫ ਕਾਗਜ਼ ਕੱਢਿਆ ਤੇ ਅੱਧੇ ਦਿਨ ਦੀ ਛੁੱਟੀ ਲਿਖ ਕੇ ਕਵਿਤਾ ਨੂੰ ਫੜ੍ਹਾਉਂਦਿਆਂ ਕਿਹਾ, “ਇਹ ਮੈਨੇਜਰ ਸਾਹਿਬ ਨੂੰ ਦੇ ਦਿਓ, ਅੱਜ ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ, ਜਾ ਰਿਹਾ ਹਾਂ।”
“ਮਿਸਟਰ ਰੂਪ ਲਾਲ ਜੀ ਕੋਈ ਪ੍ਰੇਸ਼ਾਨੀ ਐ? ਕੋਈ ਖਾਸ ਚੀਜ਼ ਗੁੰਮ ਗਈ ਹੈ?”
“ਨਹੀਂ, ਨਹੀਂ! ਬਸ ਐਂਵੇ ਈ ਕਈ ਵਾਰ ਬੰਦਾ ਜੀਵਨ ‘ਚ ਕੁਝ ਚੀਜ਼ਾਂ ਐਵੇਂ ਈ ਲੱਭਣ ਲੱਗ ਪੈਂਦਾ ਹੈ ਭਾਵੇਂ ਗੁੰਮੀਆਂ ਨਾ ਵੀ ਹੋਣ।”
ਕਲਰਕ ਨੇ ਉਸ ਵੱਲ ਨਿਗਾ ਗੱਡ ਕੇ ਮਨੋ ਮਨੀ ਕਈ ਸਵਾਲ ਕੀਤੇ ਪਰ ਬੋਲੀ ਕੁਝ ਨਾ।
ਰੂਪ ਨੇ ਸਕੂਟਰ ਦੀ ਚਾਬੀ ਚੁੱਕੀ ਤੇ ਘਰ ਵੱਲ ਨੂੰ ਚੱਲ ਪਿਆ। ਤੁਰਨ ਤੋਂ ਪਹਿਲਾਂ ਉਸ ਨੇ ਦਫਤਰ ਦੇ ਕਮਰੇ ਨੂੰ ਨੀਝ ਨਾਲ ਦੇਖਿਆ। ਐਸੇ ਸੀਟ ‘ਤੇ ਤਾਂ ਉਹ ਬੈਠਦੀ ਸੀ ਯਾਨਿ ਮੋਨਾ ਕਿੰਨੀ ਸੋਹਣੀ ਲੱਗਦੀ ਸੀ। ਪਤਾ ਹੀ ਨਹੀਂ ਸੀ ਚੱਲਿਆ ਉਹ ਕਦੋਂ ਇੱਕ ਦੂਜੇ ਦੇ ਨੇੜੇ ਆ ਗਏ ਸੀ, ਇਕ ਦੂਜੇ ਦੀਆਂ ਸੀਟਾਂ ‘ਤੇ ਬੈਠ ਕੇ ਉਹ ਕਈ ਵਾਰ ਹਾਸਾ-ਠੱਠਾ ਕਰ ਲੈਂਦੇ। ਉਨ੍ਹਾਂ ਦੀਆਂ ਸੀਟਾਂ ਆਹਮੋ-ਸਾਹਮਣੇ ਸਨ। ਫਿਰ ਇੱਕ ਦੂਜੇ ਨੂੰ ਬਿਨਾ ਬੋਲੇ ਤੋਂ ਵੀ ਉਹ ਕਿੰਨਾ ਕੁਝ ਅੱਖਾਂ-ਅੱਖਾਂ ਵਿਚ ਕਹਿ ਜਾਂਦੇ ਸਨ।
ਲੰਚ ਇਕੱਠੇ ਕਰਦੇ। ਮੋਨਾ ਉਸ ਲਈ ਵੱਖਰਾ ਕਈ ਕੁਝ ਬਣਾ ਕੇ ਲਿਆਉਂਦੀ ਤੇ ਬਿਨਾ ਕਿਸੇ ਨੂੰ ਪਤਾ ਲੱਗਣ ਤੋਂ ਚੁੱਪ ਕਰਕੇ ਆਪਣੇ ਹੱਥ ਦਾ ਬਣਿਆ ਰੂਪ ਲਾਲ ਨੂੰ ਖਵਾ ਦਿੰਦੀ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਇਹ ਸਾਂਝ ਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਪਰ ਇਸ਼ਕ-ਮੁਸ਼ਕ ਛੁਪਾਇਆਂ ਨਹੀਂ ਛੁਪਦੇ। ਹੁਣ ਉਹ ਲੋਕਾਂ ਤੋਂ ਡਰਨ ਲਗ ਪਏ ਸਨ। ਕਈ ਵਾਰ ਅਜਿਹੇ ਰਿਸ਼ਤਿਆਂ ਵਿਚ ਬੰਦਾ ਬਿਨਾ ਮਤਲਬ ਤੋਂ ਵੀ ਡਰਨ ਲਗ ਪੈਂਦਾ ਹੈ।
ਹੁਣ ਉਹ ਆਪਣੀ ਗੱਲ ਚਿੱਠੀਆਂ ਰਾਹੀਂ ਲਿਖ ਭੇਜਦੇ। ਰੂਪ ਲਾਲ ਮੋਨਾ ਦੀਆਂ ਚਿੱਠੀਆਂ ਦੋ-ਦੋ ਵਾਰ ਪੜ੍ਹਦਾ ਤੇ ਯਾਦਾਂ ਦੇ ਸਹਾਰੇ ਦੂਰ ਦੇਸ਼ ਤੱਕ ਉਡਾਰੀ ਮਾਰ ਆਉਂਦਾ-ਪਰਤਣ ਵੇਲੇ ਤੇ ਗੁਆਚਣ ਵੇਲੇ ਦਾ ਪਤਾ ਹੀ ਨਾ ਲੱਗਦਾ। ਉਸ ਨੂੰ ਪਤਾ ਤਾਂ ਉਦੋਂ ਹੀ ਲੱਗਦਾ ਜਦ ਪੀਅਨ ਆ ਕੇ ਫਾਈਲ ਅੱਗੇ ਰੱਖਦਾ ਤੇ ਬੋਲਦਾ, “ਆਹ ਲਉ ਜੀ, ਸਾਹਿਬ ਨੇ ਕਿਹਾ ਹੈ ਹੁਣੇ ਕਲੀਅਰ ਕਰਕੇ ਦਿਉ।”
“ਤੂੰ ਬੋਲਦਾ ਬਹੁਤ ਐਂ ਹੈਪੀ?” ਰੂਪ ਲਾਲ ਖਿਝ ਕੇ ਬੋਲਦਾ। ਸੁਪਨਾ ਟੁੱਟਣ ਦਾ ਗੁੱਸਾ ਹੈਪੀ ‘ਤੇ ਕੱਢਦਾ।
“ਹਾਂ ਜੀ, ਮੇਰੀ ਮਾਂ ਵੀ ਇਹੀ ਕਹਿੰਦੀ ਸੀ ਕਿ ਤੂੰ ਬੋਲਦਾ ਬਹੁਤ ਹੈਂ, ਕੀ ਕਰਾਂ ਜੀਭ ਸਾਲੀ ਗਿੱਲੀ ਜਗ੍ਹਾ ‘ਤੇ ਪਈ ਆ, ਤਿਲਕ ਜਾਂਦੀ ਆ ਜੀ, ਮੈਂ ਤਾਂ ਬਥੇਰੀ ਕੋਸ਼ਿਸ਼ ਕਰਦਾਂ ਕਿ ਗੱਲਾਂ ਘੱਟ ਕਰਾਂ ਪਰ ਮੇਰੀ ਜੀਭ ਜਿੰਨੀ ਦੇਰ ਦੋ ਘੰਟੇ ਬੋਲ ਨਾ ਲਵੇ, ਹਟਦੀ ਨ੍ਹੀਂ।æææਰੂਪ ਲਾਲ ਜੀ, ਥੋਨੂੰ ਇੱਕ ਗਲ ਦੱਸਾਂ! ਮੈਡਮ ਮੋਨਾ ਦੀ ਬਦਲੀ ਹੋ ਗਈ ਐ, ਉਹ ਚੰਡੀਗੜ੍ਹ ਵਾਲੀ ਬਰਾਂਚ ਵਿਚ ਜਾ ਰਹੀ ਹੈ।”
“ਹੈਂ! ਕਦੋਂ?” ਰੂਪ ਲਾਲ ਤ੍ਰਭਕਿਆ।
“ਅਗਲੇ ਹਫਤੇ ਚਲੇ ਜਾਣਗੇ, ਮੈਨੇਜਰ ਸਾਹਿਬ ਗੱਲ ਕਰ ਰਹੇ ਸਨ। ਹਾਲੇ ਤਾਂ ਸ਼ਾਇਦ ਮੈਡਮ ਨੂੰ ਵੀ ਨਹੀਂ ਪਤਾ।”
“ਅੱਛਾ!” ਰੂਪ ਲਾਲ ਨੇ ਘੋਰ ਉਦਾਸੀ ਵਿਚ ਕਿਹਾ।
ਉਸੇ ਸ਼ਾਮ ਰੂਪ ਲਾਲ ਤੇ ਮੋਨਾ ਮਿਲੇ ਤੇ ਅੱਖਾਂ ‘ਚ ਹਜ਼ਾਰਾਂ ਸੁਪਨਿਆਂ ਨਾਲ ਭਰੇ ਪਾਣੀ ਨੂੰ ਲੋਕਾਂ ਤੋਂ ਬਚਾਉਂਦੇ ਤੇ ਹੰਝੂਆਂ ਨੂੰ ਬਿਨਾ ਸਿੱਟੇ ਘਰਾਂ ਨੂੰ ਚਲੇ ਗਏ। ਮੋਨਾ ਨੇ ਘਰ ਪਹੁੰਚ ਕੇ ਸਭ ਹੰਝੂ ਵਹਾ ਦਿੱਤੇ। ਰੂਪ ਲਾਲ ਨੇ ਦੋਹਾਂ ਅੱਖਾਂ ‘ਤੇ ਉਂਗਲੀਆਂ ਏਸ ਤਰੀਕੇ ਨਾਲ ਦੱਬੀਆਂ ਕੇ ਉਸ ਵਿਚਲਾ ਸਾਰਾ ਪਾਣੀ ਨੁੱਚੜ ਜਾਵੇ ਤੇ ਮੁੜ ਕੇ ਕਿਸੇ ਨੂੰ ਹੰਝੂ ਦਿਖਾਈ ਨਾ ਦੇਣ।
ਮੋਨਾ ਚਲੇ ਗਈ। ਪਹਿਲਾਂ ਪਹਿਲ ਉਹ ਚਿੱਠੀਆਂ ਪਾਉਂਦੀ ਰਹੀ। ਫਿਰ ਉਸ ਦੀ ਚਿੱਠੀ ਵੀ ਮਹੀਨਿਆਂ ਬਾਅਦ ਆਉਣ ਲੱਗੀ। ਪਹਿਲਾਂ ਰੂਪ ਲਾਲ ਉਸ ਦੀਆਂ ਚਿੱਠੀਆਂ ਉਡੀਕਦਾ ਰਿਹਾ ਪਰ ਫਿਰ ਉਸ ਨੇ ਵੀ ਹੌਲੀ-ਹੌਲੀ ਆਦਤ ਬਣਾ ਲਈ। ਇੱਕ ਦਿਨ ਉਸ ਦੀ ਚਿੱਠੀ ਆਈ, “ਮੇਰਾ ਵਿਆਹ ਹੋ ਰਿਹਾ ਹੈ। ਅੱਜ ਤੋਂ ਬਾਅਦ ਇਸ ਰਿਸ਼ਤੇ ਦੀ ਤਾਰ ਮੈਂ ਤੋੜਨ ਲੱਗੀ ਹਾਂ ਤੇ ਹੁਣ ਤੂੰ ਕਦੇ ਮੈਨੂੰ ਚਿੱਠੀ ਨਾ ਲਿਖੀਂ ਤੇ ਨਾ ਹੀ ਮੈਂ ਲਿਖਾਂਗੀ। ਅਲਵਿਦਾ।”
ਰੂਪ ਲਾਲ ਨੂੰ ਉਦੋਂ ਹੀ ਪਤਾ ਲੱਗਾ ਜਦ ਘਰ ਆ ਗਿਆ। ਘਰ ਆਉਂਦਿਆਂ ਉਸ ਦਾ ਸਕੂਟਰ ਕਿਸ ਮੋੜ ਤੋਂ ਮੁੜਿਆ, ਕੌਣ-ਕੌਣ ਉਸ ਨੂੰ ਰਸਤੇ ਵਿਚ ਮਿਲੇ-ਕੁਝ ਪਤਾ ਨਹੀਂ। ਮੇਨ ਗੇਟ ਖੋਲ੍ਹ ਕੇ ਸਕੂਟਰ ਵਰਾਂਡੇ ‘ਚ ਖੜ੍ਹਾ ਕਰ ਦਿੱਤਾ। ਰੂਪ ਲਾਲ ਦੀ ਬੇਟੀ ਭੱਜ ਕੇ ਉਸ ਦੀਆਂ ਲੱਤਾਂ ਨੂੰ ਚਿੰਬੜ ਗਈ।
“ਪਾਪਾ, ਮੈਂ ਇਸ ਵਾਰ ਬਹੁਤ ਫੁੱਲਝੜੀਆਂ ਚਲਾਊਂ ਤੇ ਨਾਲ ਅਨਾਰ ਵੀ। ਮੈਨੂੰ ਲਿਆ ਦੇਵੋਗੇ ਨਾ?”
“ਹਾਂ ਬੇਟਾ।” ਢਿੱਲ੍ਹੇ ਜਿਹੇ ਬੁੱਲਾਂ ‘ਚੋਂ ਰੂਪ ਲਾਲ ਬੋਲਿਆ।
ਪਹਿਲਾਂ ਦੀਵਾਲੀ ਆਉਂਦੀ ਤਾਂ ਰੂਪ ਲਾਲ ਨੂੰ ਚਾਅ ਚੜ੍ਹ ਜਾਂਦਾ ਪਰ ਇਸ ਵਾਰ ਦੀ ਦੀਵਾਲੀ ਉਸ ਲਈ ਪਤਾ ਨਹੀਂ ਕੀ ਦੁੱਖ ਸਹੇੜੂ। ਉਹ ਏਸੇ ਕਰਕੇ ਤਾਂ ਅੱਧੀ ਛੁੱਟੀ ਲੈ ਕੇ ਘਰ ਨੂੰ ਭੱਜਿਆ ਹੈ। ਦਰਅਸਲ ਕਸੂਰ ਵੀ ਉਸ ਦਾ ਹੈ। ਕੱਲ੍ਹ ਉਸ ਨੇ ਜਦ ਪੂਜਾ ਦਾ ਐਲਾਨ ਸੁਣਿਆ ਕੇ ਕੱਲ ਤੋਂ ਮੈਂ ਘਰ ਦੀ ਸਫਾਈ ਕਰਨੀ ਹੈ, ਸਭ ਤੋਂ ਪਹਿਲਾਂ ਮੈਂ ਅਲਮਾਰੀਆਂ ਵਾਲੇ ਰੱਖਣੇ ਸਾਫ ਕਰੂੰ, ਤਾਂ ਰੂਪ ਲਾਲ ਨੇ ਮੋਨਾ ਦੇ ਸਾਰੇ ਖਤ ਇਕ ਪਾਰਸਲ ‘ਚ ਪਾ ਕੇ ਕਿਤੇ ਖਾਸ ਜਗ੍ਹਾ ‘ਤੇ ਲੁਕਾਉਣ ਦੀ ਵਿਊਂਤ ਬਣਾਈ, ਮੋਨਾ ਦੇ ਸਾਰੇ ਖਤ ਉਸ ਨੇ ਇਕ ਵੱਡੇ ਲਫਾਫੇ ‘ਚ ਪਾ ਕੇ ਅਲਮਾਰੀ ‘ਚ ਰੱਖ ਦਿੱਤੇ, ਕੱਲ੍ਹ ਨੂੰ ਨਾਲ ਲੈ ਜਾਵਾਂਗਾ ਤੇ ਆਪਣੀ ਸੇਫ ‘ਚ ਰੱਖ ਲਵਾਂਗਾ। ਉਹਨੇ ਤਾਂ ਇਕ ਵਿਊਂਤ ਹੋਰ ਬਣਾ ਲਈ ਸੀ ਕਿ ਆਪਣੇ ਮੋਬਾਈਲ ‘ਚ ਫੋਟੋਆਂ ਖਿੱਚ ਕੇ ਇਕ ਪੈਨ ਡਰਾਈਵ ‘ਚ ਪਾ ਲਵੇਗਾ ਤੇ ਉਸ ਨੇ ਫੋਟੋਆਂ ਤਾਂ ਖਿੱਚ ਵੀ ਲਈਆਂ ਸੀ। ਮੋਬਾਈਲ ਉਸ ਨੇ ਆਪਣੇ ਕੋਲ ਰੱਖ ਪਾਰਸਲ ਅਲਮਾਰੀ ‘ਚ ਰੱਖ ਦਿੱਤਾ ਪਰ ਦੂਜੇ ਦਿਨ ਸਵੇਰੇ ਲੇਟ ਹੋ ਗਿਆ ਤੇ ਉਹ ਪਾਰਸਲ ਚੁੱਕਣਾ ਭੁੱਲ ਗਿਆ, ਏਸੇ ਕਰਕੇ ਤਾਂ ਉਹ ਦਫਤਰੋਂ ਭੱਜਿਆ ਹੈ।
ਰੂਪ ਲਾਲ ਬਿਨਾ ਆਲਾ ਦੁਆਲਾ ਦੇਖਿਆਂ ਸਿੱਧਾ ਚੁਬਾਰੇ ਚੜ੍ਹ ਗਿਆ ਤੇ ਅਲਮਾਰੀਆਂ ਫਰੋਲਣ ਲੱਗ ਪਿਆ। ਰੂਪ ਲਾਲ ਦੀ ਪਤਨੀ ਰਸੋਈ ਵਿਚ ਸਫਾਈਆਂ ਕਰਵਾ ਰਹੀ ਸੀ। ਰੂਪ ਲਾਲ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਲੱਭ ਰਿਹਾ ਹੈ। ਪਾਰਸਲ ਏਥੇ ਹੀ ਤਾਂ ਰੱਖਿਆ ਸੀ। ਗਿਆ ਕਿੱਥੇ, ਲੱਭ ਕਿਉਂ ਨ੍ਹੀਂ ਰਿਹਾ? ਹੁਣ ਉਸ ਨੂੰ ਪੱਕਾ ਯਕੀਨ ਹੋ ਗਿਆ ਕਿ ਸਭ ਖਤ ਪਤਨੀ ਦੇ ਹੱਥ ਲਗ ਗਏ ਨੇ, ਉਹ ਅਲਮਾਰੀ ਦਾ ਇੱਕ ਦਰਵਾਜਾ ਫੜ੍ਹ ਕੇ ਉਥੇ ਹੀ ਭੁੰਜੇ ਬੈਠ ਗਿਆ।
ਕਿੰਨੀ ਵਾਰ ਉਸ ਨੇ ਸੁਣਿਆ ਸੀ: “ਮੈਂ ਹੁਣੇ ਹੀ ਜ਼ਹਿਰ ਖਾ ਕੇ ਹਟਿਆਂ ਹਾਂ, ਤੇਰੇ ਸਭ ਖਤ ਜਲਾ ਕੇ ਹਟਿਆਂ ਹਾਂ।”
ਸਾਲਾ ਜ਼ਹਿਰ ਦਾ! ਜੇ ਪਤਨੀ ਨੂੰ ਪਤਾ ਲੱਗ ਗਿਆ ਤਾਂ ਪੁੱਤ ਊਂਈ ਜ਼ਹਿਰ ਖਾਣੀ ਪੈ ਸਕਦੀ ਹੈ। ਕਿੰਨਾ ਵਧੀਆ ਹਸਦਾ ਵਸਦਾ ਘਰ ਪੱਟਿਆ ਜਾਣੈ। ਫਿਰ ਉਹ ਸੋਚਦਾ, “ਮੇਰਾ ਉਸ ਨਾਲ ਐਨਾ ਇਸ਼ਕ ਵੀ ਨਹੀਂ ਸੀ, ਕਦੇ ਅਸੀਂ ਬਾਹਰ ਘੁੰਮਣ ਫਿਰਨ ਨਹੀਂ ਗਏ, ਕਦੇ ਮੈਂ ਉਸ ਨੂੰ ਛੂ ਕੇ ਨਹੀਂ ਸੀ ਦੇਖਿਆ, ਇੱਕਲੇ ਖਤਾਂ ਰਾਹੀਂ ਹੋਈ ਮੁਹੱਬਤ ਵੀ ਕੋਈ ਮੁਹੱਬਤ ਹੈ। ਉਸ ਦਾ ਦਿਮਾਗ ਫੱਟਣ ਨੂੰ ਆਇਆ ਸੀ, ਸਾਲਾ ਇੱਥੇ ਤਾਂ ਮੈਂæææ।”
ਉਸ ਨੇ ਸਿਰ ਹਾਲੇ ਫੜ੍ਹਿਆ ਹੀ ਹੋਇਆ ਸੀ ਕਿ ਥੱਲਿਓਂ ਪਤਨੀ ਆਵਾਜ਼ਾਂ ਦੇਣ ਲੱਗੀ, “ਆ ਜਾ ਹੁਣ ਥੱਲੇ, ਉਪਰ ਹੀ ਬੈਠ ਗਿਆਂ।”
ਰੂਪ ਲਾਲ ਨੂੰ ਡਰ ਲੱਗਣ ਲੱਗ ਪਿਆ ਕਿ ਪਤਨੀ ਨੇ ਅੱਜ ਤੋਂ ਪਹਿਲਾਂ ਕਦੇ ਵੀ “ਤੂੰ” ਕਹਿ ਕੇ ਨਹੀਂ ਸੀ ਬੁਲਾਇਆ, ਉਹ ਤਾਂ ਅਕਸਰ ਉਸ ਨੂੰ ਤੁਸੀਂ ਕਹਿ ਕੇ ਬੁਲਾਉਂਦੀ ਸੀ। ਉਹ ਹਾਲੇ ਉਧੇੜ-ਬੁਣ ਕਰ ਹੀ ਰਿਹਾ ਸੀ ਕਿ ਦਰਵਾਜੇ ਦੀ ਘੰਟੀ ਵੱਜੀ ਅਤੇ ਉਸ ਦੀ ਬੇਟੀ ਨੇ ਜਾ ਕੇ ਦਰਵਾਜਾ ਖੋਲ੍ਹਿਆ। ਪਿਤਾ ਜੀ ਨੇ ਵੀ ਆਪਣਾ ਮੋਟਰ ਸਾਇਕਲ ਬਰਾਂਡੇ ਵਿਚ ਖੜ੍ਹਾ ਕਰ ਦਿੱਤਾ। ਇਹ ਕੀ, ਪਿਤਾ ਜੀ ਇੰਨੀ ਜਲਦੀ, ਉਹ ਤਾਂ ਕਦੇ ਵੀ ਦੁਕਾਨ ਐਦਾਂ ਸੁੰਨੀ ਛੱਡ ਕੇ ਨਹੀਂ ਆਉਂਦੇ, ਅੱਜ ਤਿੰਨ ਵਜੇ ਹੀ ਘਰ ਆ ਗਏ। ਉਹ ਅੰਦਰ ਵੜਦੇ ਹੀ ਪੂਜਾ ਨੂੰ ਪੁੱਛਣ ਲੱਗੇ, “ਕਿੱਥੇ ਆ ਉਹ ਉਲੂ ਦਾ ਪੱਠਾ?”
ਉਲੂ ਦਾ ਪੱਠਾ ਤਾਂ ਉਹ ਅਕਸਰ ਕਹਿੰਦੇ ਹੀ ਨੇ, ਇਹ ਉਨ੍ਹਾਂ ਦਾ ਤਕੀਆ ਕਲਾਮ ਹੈ। ਰੂਪ ਲਾਲ ਭਾਵੇਂ ਇੱਕ ਕੁੜੀ ਦਾ ਪਿਉ ਬਣ ਗਿਆ ਹੈ ਪਰ ਫਿਰ ਵੀ ਰੂਪ ਲਾਲ ਨੂੰ ਪੂਜਾ ਸਾਹਮਣੇ ਵੀ ਉਲੂ ਦਾ ਪੱਠਾ ਕਹਿ ਦਿੰਦੇ ਤੇ ਉਹ ਵੀ ਇਸ ਗੱਲ ਦਾ ਬੁਰਾ ਨਾ ਮਨਾਉਂਦਾ।
ਪਰ ਅੱਜ਼ææ! ਲਗਦੈ ਉਹ ਪੂਜਾ ਸਾਹਮਣੇ ਹੀ ਥੱਪੜ ਜੜ ਦੇਣ ਤੇ ਕਹਿਣ, “ਕੁੱਤਿਆ ਸਾਲਿਆ ਆਹ ਕੀ ਗੱਲ ਐ?”
“ਬੇਟਾ ਪੂਜਾ ਇਸ ਕੰਜਰ ਨੂੰ ਮੈਂ ਉਦੋਂ ਵੀ ਵਾਰ-ਵਾਰ ਸਮਝਾਇਆ ਬਈ! ਇਹ ਕੁੜੀਆਂ ‘ਤੇ ਵਾਹਲਾ ਯਕੀਨ ਨਹੀਂ ਕਰੀਦਾ, ਇਹ ਉਲੂ ਦਾ ਪੱਠਾ ਮੈਨੂੰ ਬੜਾ ਸਮਾਰ ਕੇ ਕਹਿੰਦਾ, Ḕਮੈਂ ਉਸ ਨੂੰ ਪਿਆਰ ਕਰਦਾ ਹਾਂ।Ḕ ਮਾਂ ਆਪਣੀ ਦਾ ਸਿਰ ਕਰਦਾ ਹੈ।
ਇਹ ਅੱਠ ਸਾਲ ਦਾ ਸੀ ਜਦ ਇਸ ਦੀ ਮਾਂ ਇਹਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਤੇ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਕਿ ਇਹ ਰੁਲ ਜੂਗਾ, ਇਹਨੂੰ ਪਾਲਿਆ, ਆਪ ਰੋਟੀਆਂ ਪਕਾ ਕੇ ਖਵਾਈਆਂ, ਪੜ੍ਹਾਇਆ, ਦੁਕਾਨ ਸਾਂਭੀ ਤੇ ਇਹ ਮੇਰਾ ਸਿਰ ਰਿਸ਼ਤੇਦਾਰਾਂ ਵਿਚ ਨੀਵਾਂ ਕਰਦਾ ਹੈ ਕਮੀਨਾ, Ḕਇਸ਼ਕ ਕਰਦੈ।Ḕ ਇਸ਼ਕ ਚੜ੍ਹ ਗਿਆ ਇਹਨੂੰ ਕੰਜਰ ਨੂੰ। ਉਹਨੇ ਇਹ ਨੂੰ ਬੇਰਾਂ ਬੱਟੇ ਨਹੀਂ ਪੁੱਛਿਆ, ਢੂਹੇ ‘ਤੇ ਲੱਤ ਮਾਰ ਕੇ ਚਲੇ ਗਈ, ਇਹ ਉਹ ਦੇ ਮਗਰ ਤੁਰਿਆ ਫਿਰਦਾ, ਇਹਨੂੰ ਇਹ ਨਹੀਂ ਕਿ ਮੈਂ ਇੱਕ ਕੁੜੀ ਦਾ ਪਿਓ ਆਂ, ਮੈਂ ਕਿਹੜੇ ਚੱਜ ਕਰਦਾ ਹਾਂ।”
ਰੂਪ ਲਾਲ ਨੂੰ ਲੱਗਾ ਕਿ ਪਿਤਾ ਜੀ ਬੋਲਦੇ-ਬੋਲਦੇ ਥੱਕ ਗਏ ਨੇ ਫਿਰ ਬੋਲੇ ਉਲੂ ਦਾ ਪੱਠਾæææਕਿੱਥੇ ਹੈ?”
ਪੂਜਾ ਨੇ ਕਿਹਾ, “ਉਹ ਤਾਂ ਆਏ ਨ੍ਹੀਂ।”
“ਅੱਛਾ ਪੁੱਤਰ! ਆਇਆ ਨ੍ਹੀਂ? ਮੈਂ ਉਸ ਨੂੰ ਸ਼ਾਮੇ ਕਲੀ ਵਾਲੇ ਤੋਂ ਸਭ ਕੁਝ ਬੁਰਸ਼, ਕਲੀ, ਰੰਗ ਸਭ ਲੈ ਕੇ ਭੇਜਿਆ ਹੈ ਤੇ ਉਹ ਉਲੂ ਦਾ ਪੱਠਾ। ਮੈਂ ਦੁਕਾਨ ਛੱਡ ਕੇæææ। ਚੱਲ ਰੋਟੀ ਖਵਾ। ਆਹ, ਰੂਪੇ ਦਾ ਸਕੂਟਰ ਘਰੇ ਖੜ੍ਹਾ ਹੈ? ਅੱਜ ਲੈ ਕੇ ਨ੍ਹੀ ਗਿਆ?”
ਪੂਜਾ ਬੋਲੀ, “ਉਹ ਅੱਜ ਜਲਦੀ ਆ ਗਏ।”
“ਅੱਛਾ ਕਿੱਥੇ ਆ?”
“ਉਪਰ ਨੇ।” ਪੂਜਾ ਨੇ ਕਿਹਾ ਪਰ ਇਹ ਮਾਜਰਾ ਤਾਂ ਹੋਰ ਈ ਨਿਕਲਿਆ, ਪਿਤਾ ਜੀ ਤਾਂ ਕਲੀ ਕਰਨ ਵਾਲੇ ਨੂੰ ਪੁੱਛ ਰਹੇ ਨੇ।
“ਉਪਰ ਕੀ ਕਰਦਾ ਹੈ ਪੁੱਤਰ ਉਹ?” ਰੂਪ ਲਾਲ ਹੋਰ ਸਿਮਟ ਕੇ ਬੈਠ ਗਿਆ।
“ਮਾਂ ਆਪਣੀ ਦਾ ਸਿਰ।” ਰੂਪ ਲਾਲ ਨੂੰ ਲੱਗਾ ਜਿਵੇਂ ਉਸ ਦੀ ਪਤਨੀ ਕਹਿ ਰਹੀ ਹੋਵੇ।
ਪੂਜਾ ਨੇ ਹੌਲੀ ਜਿਹੀ ਕਿਹਾ, “ਪਤਾ ਨ੍ਹੀਂ, ਬੜੀ ਦੇਰ ਦੇ ਕੀ ਲੱਭੀ ਜਾਂਦੇ ਨੇ, ਮੈਂ ਵੀ ਸੱਦੀ ਜਾਂਦੀ ਆਂ। ਦੱਸਦੇ ਵੀ ਨਹੀਂ ਕਿ ਕੀ ਲੱਭ ਰਹੇ ਹਨ।”
ਘੰਟੀ ਫੇਰ ਵੱਜੀ ਤੇ ਟੀਨੂੰ ਭੱਜ ਕੇ ਦਰਵਾਜੇ ਵੱਲ ਗਈ। ਉਸ ਨੇ ਸਾਰੇ ਘਰ ‘ਚ ਰੌਲਾ ਪਾ’ਤਾ, “ਮਾਮੂ ਆ’ਗੇ, ਮਾਮੂ ਆ ਗਏ।”
ਰੂਪ ਲਾਲ ਦਾ ਫੇਰ ਮੱਥਾ ਠਣਕਿਆ, “ਅੱਛਾ ਇਹਨੂੰ ਵੀ ਬੁਲਾ ਲਿਆ, ਸਾਲਾ ਜੱਭਲ ਜਿਹਾ, ਇਹ ਨੂੰ ਤਾਂ ਪੂਜਾ ਦੇ ਪਿਤਾ ਜੀ ਤੋਂ ਵੀ ਵੱਧ ਗੁੱਸਾ ਆਉਂਦੈ, ਸਾਲਾ ਬੋਲਣ ਲੱਗਿਆ ਫੇਰ ਅੱਗਾ ਪਿਛਾ ਨ੍ਹੀਂ ਦੇਖਦਾ।”
ਰੂਪ ਲਾਲ ਨੇ ਉਪਰੋਂ ਹੀ ਖਿੜਕੀ ‘ਚੋਂ ਥੱਲੇ ਵਾਲਾ ਦ੍ਰਿਸ਼ ਦੇਖਣ ਦੀ ਕੋਸ਼ਿਸ਼ ਕੀਤੀ। ਆਹ ਕੀ ਸਹੁਰਾ ਸਾਹਿਬ ਵੀ ਪਿੱਛੇ ਹੀ ਤੁਰੇ ਆਉਂਦੇ ਨੇ। ਟੀਨੂੰ ਹੁਣ ਮਾਮੇ ਦੀ ਗੋਦੀ ‘ਚੋਂ ਉਤਰ ਕੇ ਸਿੱਧੀ ਆਪਣੇ ਨਾਨੇ ਦੀ ਗੋਦੀ ‘ਚ ਬੈਠ ਗਈ। ਰੂਪ ਲਾਲ ਦੇ ਸਿਰ ‘ਚ ਸੌ ਘੜਾ ਪਾਣੀ ਦਾ ਪੈ ਗਿਆ ਉਹ ਮੱਥਾ ਫੜ੍ਹ ਟੇਢਾ ਜਿਹਾ ਹੋ ਕੇ ਕੰਧ ਨਾਲ ਲੱਗ ਗਿਆ।
“ਪੂਜਾ ਤੂੰ ਆਹ ਕੀ ਕੀਤਾ ਇਕ ਵਾਰ ਮੇਰੇ ਨਾਲ ਤਾਂ ਗੱਲ ਕਰ ਲੈਂਦੀ। ਮੈਂ ਤੇਰੇ ਤੋਂ ਮਾਫੀ ਮੰਗ ਲੈਂਦਾ ਪਰ ਤੂੰ ਮੇਰੀ ਸਾਰਿਆਂ ਸਾਹਮਣੇ ਐਂ ਤਾਂ ਨਾ ਬੇਇਜਤੀ ਕਰਦੀ।”
ਰੂਪ ਲਾਲ ਨੂੰ ਟੀਨੂੰ ਤੇ ਪੂਜਾ ਹੁਣ ਥੱਲੇ ਆਉਣ ਲਈ ਹਾਕਾਂ ਮਾਰਨ ਲੱਗੀਆਂ। ਉਸ ਨੇ ਕੋਈ ਜਵਾਬ ਨਾ ਦਿੱਤਾ ਤੇ ਉਥੇ ਹੀ ਬੈਠਾ ਰਿਹਾ। ਜਦ ਪੂਜਾ ਨੇ ਅੱਧੀਆਂ ਕੁ ਪੌੜੀਆਂ ਚੜ੍ਹ ਕੇ ਆਵਾਜ਼ ਮਾਰੀ ਤਾਂ ਉਸ ਨੇ ਮਸੀਂ ਐਨਾ ਕੁ ਕਿਹਾ, “ਆ ਰਿਹਾ ਹਾਂ।”
ਰੂਪ ਲਾਲ ਨੇ ਆਪਣੇ ਸਰੀਰ ਨੂੰ ਇਕੱਠਾ ਕੀਤਾ ਤੇ ਪੌੜੀਆਂ ਉਤਰਨ ਲੱਗਾ। ਉਹਦੇ ਸਾਲੇ ਰਮੇਸ਼ ਨੇ ਕਿਹਾ, “ਜੀਜਾ ਜੀ ਨਮਸਤੇ, ਦੀਵਾਲੀ ਦੀਆਂ ਮੁਬਾਰਕਾਂ।”
ਰੂਪ ਲਾਲ ਨੇ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਏ ਤੇ ਉਹ ਬੋਲਿਆ, “ਬੇਟਾ ਅਸੀਂ ਦੋਨੋਂ ਸ਼ਹਿਰ ਆਏ ਸੀ, ਰਮੇਸ਼ ਕਹਿਣ ਲੱਗਾ, ਭਾਪਾ ਜੀ ਕਿਉਂ ਨਾ ਪੂਜਾ ਹੋਰਾਂ ਨੂੰ ਦੀਵਾਲੀ ਵੀ ਦੇ ਚੱਲੀਏ।” ਉਸ ਨੇ ਮਠਿਆਈ ਦੇ ਦੋ ਡੱਬੇ ਤੇ ਹੋਰ ਕਿੰਨੇ ਹੀ ਦੀਵਾਲੀ ਦੇ ਤੋਹਫੇ ਕੱਢ ਕੇ ਰੂਪ ਲਾਲ ਵੱਲ ਵਧਾਏ।
ਰੂਪ ਲਾਲ ਦੇ ਮੂੰਹ ‘ਤੇ ਥੋੜ੍ਹੀ ਰੌਣਕ ਪਰਤੀ। ਰੂਪ ਲਾਲ ਨੂੰ ਲੱਗਾ ਕਿ ਜੋ ਗੱਲ ਉਹ ਸੋਚ ਰਿਹਾ ਸੀ, ਅਸਲ ‘ਚ ਉਹ ਗੱਲ ਨਹੀਂ ਸੀ, ਇਹ ਤਾਂ ਸੱਚੀਓਂ ਦੀਵਾਲੀ ਦੇਣ ਆਏ ਨੇ। ਫੇਰ ਉਸ ਨੂੰ ਲੱਗਾ, ਪੂਜਾ ਐਨੀ ਸਿਆਣੀ ਔਰਤ ਹੈ, ਉਹ ਅਜਿਹਾ ਸਟੈਪ ਨ੍ਹੀਂ ਚੁੱਕਦੀ ਉਸ ਖਿਲਾਫ। ਉਸ ਨੂੰ ਯਾਦ ਆਇਆ ਕੇ ਉਸ ਨੇ ਤਾਂ ਵਿਚਾਰੀ ਨੇ ਕਦੇ ਏਸ ਘਰ ਦੀ ਗੱਲ ਜਾ ਕੇ ਆਪਣੇ ਪੇਕੇ ਨ੍ਹੀਂ ਦੱਸੀ। ਐਨੀ ਛੇਤੀ ਉਹ ਉਸ ਦੇ ਖਿਲਾਫ ਨ੍ਹੀਂ ਸੋਚ ਸਕਦੀ। ਉਸ ਨੇ ਇਕ ਵਾਰ ਪੂਜਾ ਵਲ ਦੇਖਿਆ ਤੇ ਕਹਿਣ ਦੀ ਕੋਸ਼ਿਸ਼ ਕੀਤੀ, “ਚਾਹ ਬਣਾਓ ਬਈ ਭਾਪਾ ਜੀ ਹੋਰੀਂ ਆਏ ਨੇ” ਪਰ ਉਸ ਤੋਂ ਕਿਹਾ ਨਾ ਗਿਆ। ਪਿਤਾ ਜੀ ਨੇ ਕਹਿਣ ‘ਤੇ ਪੂਜਾ ਨੇ ਚਾਹ ਬਣਾ ਕੇ ਸਭ ਨੂੰ ਵਰਤਾਈ, ਪਰ ਪੂਜਾ ਪਹਿਲਾਂ ਵਰਗਾ ਵਰਤਾਉ ਨਹੀਂ ਸੀ ਕਰ ਰਹੀ। ਉਹ ਅੱਗੇ ਜਿੰਨਾ ਆਪਣੇ ਪਿਤਾ ਤੇ ਭਾਈ ਦੇ ਆਏ ਤੋਂ ਖੁਸ਼ ਹੁੰਦੀ ਸੀ, ਐਤਕੀਂ ਨਹੀਂ ਸੀ।
“ਨਹੀਂ, ਨਹੀਂ ਰੂਪ ਲਾਲਾ! ਇਹ ਤੇਰਾ ਵਹਿਮ ਹੈ। ਤੇਰੇ ਹੀ ਮਨ ‘ਚ ਚੋਰ ਹੈ, ਤੈਨੂੰ ਐਵੇਂ ਈ ਲੱਗਦੈ।” ਉਸ ਨੇ ਆਪਣੇ ਆਪ ਨੂੰ ਠੁੰਮਣਾ ਦਿੱਤਾ। ਚਾਹ ਪੀਣ ਪਿਛੋਂ ਪੂਜਾ ਦਾ ਭਰਾ ਤੇ ਪਿਤਾ ਜੀ ਚਲੇ ਗਏ। ਹੁਣ ਰੂਪ ਲਾਲ ਸੋਚਦਾ ਕਿ ਪੂਜਾ ਉਸ ਨਾਲ ਆਪ ਹੀ ਗੱਲ ਕਰ ਲਵੇ ਪਰ ਉਹ ਫਿਰ ਸਫਾਈਆਂ ‘ਚ ਰੁੱਝ ਗਈ।
ਰੂਪ ਲਾਲ ਦੇ ਪਿਤਾ ਨੇ ਟੀਨੂੰ ਨੂੰ ਕਿਹਾ, “ਜਾ ਪੁੱਤ ਆਪਣੇ ਡੈਡੀ ਨੂੰ ਬੁਲਾ ਕੇ ਲਿਆ।”
ਟੀਨੂੰ ਭੱਜ ਕੇ ਪੌੜੀਆਂ ਚੜ੍ਹੀ ਤੇ ਰੂਪ ਲਾਲ ਦੇ ਬੈਠੇ ਦੇ ਹੀ ਗੱਲ ਬਾਹਾਂ ਪਾ ਕੇ ਕਹਿਣ ਲੱਗੀ, “ਡੈਡੀ ਕੀ ਲੱਭਦੇ ਹੋ?”
ਰੂਪ ਲਾਲ ਬੋਲਿਆ, “ਕੁਝ ਨਹੀਂ ਬੇਟਾ। ਕੁਝ ਪੇਪਰ ਸਨ।”
“ਚਲੋ ਥੋਡੀ ਮੈਂ ਮਦਦ ਕਰਾਂ, ਮੈਨੂੰ ਦੱਸੋ ਕਿਹੜੇ ਰੰਗ ਦੇ ਐ?”
ਟੀਨੂੰ ਸਾਰੇ ਕਾਗਜ਼ ਫਰੋਲਣ ਲੱਗੀ। ਰੂਪ ਲਾਲ ਨੇ ਇੱਕਲੇ-ਇੱਕਲੇ ਕਾਗਜ਼ ਦੀਆਂ ਤਹਿਆਂ ਲਾ ਕੇ ਰੱਖੀਆਂ ਸਨ। ਉਸ ਨੇ ਸਾਰੇ ਹੀ ਰਲ ਗਡ ਕਰ ਦਿੱਤੇ। ਰੂਪ ਲਾਲ ਨੇ ਟੀਨੂੰ ਦੇ ਕੱਸ ਕੇ ਚਪੇੜ ਮਾਰ ਦਿੱਤੀ ਤੇ ਝਿੜਕਿਆ, “ਆਹ ਕੀ ਕੀਤਾ?”
ਕੁੜੀ ‘ਤੇ ਉਸ ਨੇ ਕਦੇ ਹੱਥ ਨਹੀਂ ਸੀ ਚੁੱਕਿਆ, ਆਹ ਕੀ ਹੋ ਗਿਆ? ਟੀਨੂੰ ਨੇ ਲੇਰਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਟੀਨੂੰ ਮੰਮੀ-ਮੰਮੀ ਕਰਦੀ ਪੌੜੀਆਂ ਉਤਰਨ ਲੱਗੀ। ਭੱਜਦੀ-ਭੱਜਦੀ ਦਾ ਪੈਰ ਫਿਸਲ ਗਿਆ ਤੇ ਉਸ ਦੀਆਂ ਕੂਹਣੀਆਂ-ਗੋਡੇ ਰਗੜੇ ਗਏ ਤੇ ਆ ਕੇ ਆਪਣੀ ਮਾਂ ਨੂੰ ਚਿੰਬੜ ਗਈ।
ਰੂਪ ਲਾਲ ਵੀ ਉਸ ਦੇ ਮਗਰ ਹੀ ਉਤਰ ਆਇਆ ਤੇ ਟੀਨੂੰ ਤੋਂ ਮਾਫੀ ਮੰਗਣ ਲੱਗਾ, “ਸੌਰੀ ਬੇਟਾ, ਤੂੰ ਮੈਨੂੰ ਤੰਗ ਕਰਦੀ ਸੀ ਇਸ ਕਰਕੇ ਮੈਂæææ। ਸੌਰੀ ਬੇਟਾ!”
ਸਾਰਾ ਟੱਬਰ ਕੁੜੀ ਨੂੰ ਚੁੱਪ ਕਰਵਾਉਣ ਵਿਚ ਲੱਗ ਗਿਆ, ਟੀਨੂੰ ਜਦੋਂ ਚੁੱਪ ਹੋਈ ਤਾਂ ਪੂਜਾ ਕਹਿਣ ਲੱਗੀ, “ਮੈਂ ਦੋ ਫੁਲਕੇ ਲਾਹ ਦਿੰਦੀ ਆਂ, ਹੁਣ ਤੁਸੀਂ ਹੀ ਇਹ ਨੂੰ ਰੋਟੀ ਖਵਾ ਦਿਓ, ਆਪਣੀ ਗੋਦੀ ਵਿਚ ਬਿਠਾ ਕੇ। ਸਫਾਈ ਦਾ ਥੋੜ੍ਹਾ ਕੰਮ ਰਹਿੰਦਾ ਹੈ, ਮੈਂ ਉਹ ਨਿਬੇੜ ਦੇਵਾਂ।”
ਰੂਪ ਲਾਲ ਪੂਜਾ ਨਾਲ ਅੱਖ ਨਹੀਂ ਸੀ ਮਿਲਾ ਰਿਹਾ, ਉਸ ਨੂੰ ਯਕੀਨ ਹੋ ਗਿਆ ਸੀ ਕਿ ਖਤ ਪੂਜਾ ਦੇ ਹੀ ਹੱਥ ਲੱਗੇ ਹਨ। ਹੁਣ ਉਹ ਸਭ ਨੂੰ ਇੱਕਠੇ ਕਰਕੇ ਭਾਂਡਾ ਭੰਨਣ ਦੇ ਮੂਡ ਵਿਚ ਹੈ, ਜਿਸ ਦਿਨ ਦੀ ਉਹ ਸਫਾਈਆਂ ਕਰਨ ਲੱਗੀ ਹੈ, ਉਸੇ ਦਿਨ ਦੀ ਕਹਿ ਰਹੀ ਹੈ ਕਿ ਪੇਕੇ ਮਿਲਣ ਜਾਣਾ ਹੈ। ਅੱਗੇ ਉਹ ਕਹਿੰਦੀ ਸੀ ਕਿ ਤੁਸੀਂ ਮਿਲਾ ਲਿਆਓ। ਐਤਕੀ ਤਾਂ ਉਸ ਨੇ ਇੱਕ ਵਾਰ ਵੀ ਨਹੀਂ ਕਿਹਾ, ਸਗੋਂ ਇਹ ਕਹਿ ਰਹੀ ਏ ਕਿ ਤੁਹਾਡੇ ਕੋਲ ਟਾਈਮ ਨਹੀਂ ਹੋਣਾ, ਮੈਂ ਆਪ ਹੀ ਬੱਸ ਚੜ੍ਹ ਕੇ ਚਲੀ ਜਾਂਦੀ ਹਾਂ।
“ਚਲੇ ਜਾਂਦੀ ਹਾਂ।” ਵਾਲੀ ਲਾਈਨ ਉਸ ਨੇ ਖਾਸ ਤੌਰ ‘ਤੇ ਨੋਟ ਕੀਤੀ ਕਿ ਇਸ ਨੇ ਇੰਜ ਕਿਉਂ ਕਿਹਾ, “ਚਲੇ ਜਾਂਦੀ ਹਾਂ।” ਅੱਗੇ ਕਹਿੰਦੀ ਸੀ, “ਡੈਡੀ ਹੋਰਾਂ ਨੂੰ ਮਿਲ ਆਉਂਦੀ ਹਾਂ।”
ਰੂਪ ਲਾਲ ਦਾ ਦਿਲ ਬੈਠਦਾ ਜਾਂਦਾ ਸੀ, ਤਰੇਲੀਆਂ ਮੱਥੇ ‘ਤੇ ਆ ਰਹੀਆਂ ਸਨ। ਟੀਨੂੰ ਡੁਸਕੇ ਜਿਹੇ ਲੈਂਦੀ ਰੂਪ ਲਾਲ ਦੇ ਨਾਲ ਲੱਗ ਗਈ, ਉਸ ਨੇ ਜਦ ਆਪਣੀ ਧੀ ਵੱਲ ਦੇਖਿਆ ਤਾਂ ਉਸ ਦੇ ਆਪਣੀ ਮਾਂ ਵਰਗੇ ਨੈਣ-ਨਕਸ਼ ਕਿੰਨੇ ਭੋਲੇ-ਭਾਲੇ ਸਨ। ਉਸ ਨੂੰ ਫੇਰ ਲੱਗਣ ਲੱਗਾ ਕਿ ਰੂਪ ਲਾਲਾ ਇਸ ਬੱਚੀ ਨੂੰ ਹੁਣ ਤੂੰ ਕਦੇ ਵੀ ਨਹੀਂ ਮਿਲ ਸਕਦਾ। ਪੂਜਾ ਦਾ ਡੈਡੀ ਤਾਂ ਬਹੁਤ ਗੁੱਸੇ ਖੋਰ ਬੰਦਾ ਹੈ। ਉਸ ਨੇ ਤਾਂ ਕਹਿਣਾ ਹੈ, “ਅਸੀਂ ਨ੍ਹੀਂ ਭੇਜਣਾ ਕੁੜੀ ਨੂੰ, ਤੇਰੇ ਨਾਲ। ਚੱਜ ਤਾਂ ਦੇਖੋ ਇਸ ਬੰਦੇ ਦੇ।”
ਘਬਰਾਹਟ ਵਿਚ ਉਸ ਨੇ ਆਪਣੀ ਧੀ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ ਤੇ ਮੱਥਾ ਚੁੰਮਿਆ। ਟੀਨੂੰ ਓਪਰੇ ਜਿਹੇ ਤਰੀਕੇ ਨਾਲ ਰੂਪ ਲਾਲ ਵੱਲ ਦੇਖਣ ਲੱਗੀ। ਉਹ ਗੋਦੀ ਚੁੱਕ ਟੀਨੂੰ ਨੂੰ ਬਾਹਰ ਵੱਲ ਲੈ ਗਿਆ। ਜਿੱਥੇ ਪਤਨੀ ਨੇ ਬਾਹਰਲੀ ਕੰਧ ਨਾਲ ਕੁਝ ਕਾਗਜ਼ ਅੱਗ ਲਾਉਣ ਲਈ ਇੱਕਠੇ ਕੀਤੇ ਹੋਏ ਸਨ। ਹੋਰ ਕਈ ਨਿੱਕ-ਸੁੱਕ ਕੂੜ-ਕਬਾੜ ਕੱਢ ਕੇ ਉਸ ਨੇ ਇੱਕ ਪਾਸੇ ਰੱਖਿਆ ਹੋਇਆ ਸੀ ਜੋ ਉਸ ਦਾ ਕਬਾੜੀਏ ਨੂੰ ਵੇਚਣ ਦਾ ਮਨ ਸੀ। ਟੀਨੂੰ ਨੂੰ ਗੋਦੀ ਚੁੱਕੇ ਚੁਕਾਏ ਰੂਪ ਲਾਲ ਨੇ ਧਿਆਨ ਨਾਲ ਪੂਜਾ ਦੇ ਚਿਹਰੇ ਵੱਲ ਨਿਗਾਹ ਮਾਰੀ, ਜਿਸ ਨੇ ਧੂੜ ਤੋਂ ਬਚਣ ਲਈ ਚੁੰਨੀ ਨਾਲ ਮੂੰਹ-ਨੱਕ ਢੱਕਿਆ ਹੋਇਆ, ਪਰ ਚਿਹਰਾ ਸ਼ਾਂਤ ਲੱਗ ਰਿਹਾ ਸੀ।
“ਆ ਜਾ ਤੂੰ ਵੀ ਹੁਣ ਰੋਟੀ ਖਾ ਲੈਂਦੀ।” ਰੂਪ ਲਾਲ ਨੇ ਪੂਜਾ ਨੂੰ ਕਿਹਾ।
ਪੂਜਾ ਨੇ ਰੂਪ ਲਾਲ ਵੱਲ ਦੇਖ ਝਾੜੂ ਨਾਲ ਕਾਗਜ਼ ਇੱਕਠੇ ਕਰ ਦਿੱਤੇ। ਇੱਕ ਹੋਰ ਪਾਰਸਲ ਜਿਹਾ ਵਿਚ ਸੁੱਟ ਦਿੱਤਾ ਤੇ ਨਿੱਕ-ਸੁੱਕ ਨੂੰ ਅੱਗ ਲਾ ਦਿੱਤੀ ਤੇ ਮੂੰਹ-ਹੱਥ ਧੋ ਕੇ ਰੂਪ ਲਾਲ ਨੂੰ ਰੋਟੀ ਪਰੋਸ ਦਿੱਤੀ।
ਰੂਪ ਲਾਲ ਨੇ ਗਰਾਹੀ ਤੋੜ ਮੂੰਹ ਵਿਚ ਪਾਈ ਤਾਂ ਟੀਨੂੰ ਬੋਲੀ, “ਡੈਡੀ ਤੁਹਾਡਾ ਕੀ ਖੋ ਗਿਆ ਸੀ ਜੋ ਐਨੀ ਦੇਰ ਲੱਭਦੇ ਰਹੇ।” ਰੂਪ ਲਾਲ ਦੀ ਗਰਾਹੀ ਸੰਘ ਵਿਚ ਫੁੱਲ ਗਈ ਅਤੇ ਉਸ ਨੇ ਬਹੁਤ ਔਖਾ ਜਵਾਬ ਦਿੱਤਾ, “ਬੇਟਾ ਕੋਈ ਚੀਜ਼ ਗੁੰਮ ਗਈ ਸੀ।”
“ਤੁਸੀਂ ਮੰਮੀ ਨੂੰ ਲੱਭਣ ਲਈ ਕਹਿ ਦਿੰਦੇ, ਮੰਮੀ ਤਾਂ ਸਾਰੀਆਂ ਚੀਜ਼ਾਂ ਝੱਟ ਲੱਭ ਦਿੰਦੀ ਹੈ।æææਮੰਮੀ ਤੁਸੀਂ ਮਦਦ ਕਰ ਦਿਓ ਪਾਪਾ ਦੀ।” ਟੀਨੂੰ ਬੋਲੀ।
ਪੂਜਾ ਰੂਪ ਲਾਲ ਵੱਲ ਵੇਖ ਕੇ ਕਹਿਣ ਲੱਗੀ, “ਬੇਟਾ, ਕੁਝ ਚੀਜ਼ਾਂ ਗੁਆਚੀਆਂ ਹੀ ਚੰਗੀਆਂ ਹੁੰਦੀਆਂ ਨੇ।”