ਆਪਣੇ ਪਿਆਰੇ ਹਿੰਦੁਸਤਾਨੀ ਭਾਈਆਂ ਦੇ ਨਾਮ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਗਦਰ ਲਹਿਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦਾ ਅਹਿਮ ਪੰਨਾ ਹੈ। ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚ ਕਿਸ ਤਰ੍ਹਾਂ ਦੀ ਸਰਗਰਮੀ ਅੰਗਰੇਜ਼ ਹਕੂਮਤ ਖਿਲਾਫ ਹੋ ਰਹੀ ਸੀ,

ਉਸ ਦਾ ਜ਼ਿਕਰ ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਉਸ ਵਕਤ ਕੈਨਡਾ ਤੋਂ ਛਪਦੇ ਰਹੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਤੇ ‘ਸੰਸਾਰ’ ਵਿਚ ਛਪੀਆਂ ਲਿਖਤਾਂ ਰਾਹੀਂ ਪੜ੍ਹਿਆ ਹੈ। ਹੁਣ ਅਮਰੀਕਾ ਤੋਂ ਛਪਦੇ ‘ਗਦਰ’ ਵਿਚ ਛਪੀਆਂ ਲਿਖਤਾਂ ਦੀ ਲੜੀ ਛਾਪੀ ਜਾ ਰਹੀ ਹੈ। ਐਤਕੀਂ ਅਸੀਂ ਪਾਠਕਾਂ ਲਈ ਇਤਿਹਾਸ ਦੇ ਪੰਨਿਆਂ ਉਤੇ ਸੁਨਹਿਰੀ ਅੱਖਰਾਂ ਨਾਲ ਆਪਣਾ ਨਾਂ ਲਿਖਵਾਉਣ ਵਾਲੇ ਗੁਰਦਿੱਤ ਸਿੰਘ ਦਾ ਲੇਖ ਛਾਪ ਰਹੇ ਹਾਂ ਜੋ ‘ਗਦਰ’ ਵਿਚ 25 ਜੁਲਾਈ 1915 ਨੂੰ ਛਪਿਆ ਸੀ। ਇਸ ਵਿਚ ਉਨ੍ਹਾਂ ਕਾਮਾਗਾਟਾ ਮਾਰੂ ਜਹਾਜ ਕੈਨੇਡਾ ਵੱਲ ਚੱਲਣ ਤੱਕ ਦੇ ਅਹਿਮ ਵੇਰਵੇ ਸ਼ਾਮਿਲ ਕੀਤੇ ਹਨ। -ਸੰਪਾਦਕ

ਭਾਈ ਗੁਰਦਿੱਤ ਸਿੰਘ
ਮੇਰੇ ਦੇਸ਼ ਵਾਸੀਆਂ ਨੂੰ ਜਹਾਜ ਕਾਮਾਗਾਟਾ ਮਾਰੂ ਅਤੇ ਉਸ ਦੇ ਦੁਖੀ ਮੁਸਾਫਰਾਂ ਦੇ ਹਾਲਾਤ ਜਾਣਨ ਦੀ ਖਾਹਿਸ਼ ਹੋਵੇਗੀ। ਇਸ ਵਾਸਤੇ ਮੈਂ ਗੁਰਦਿੱਤ ਸਿੰਘ ਵਲਦ ਸਰਦਾਰ ਹੁਕਮ ਸਿੰਘ, ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਪੇਸ਼ਾ ਜ਼ਿਮੀਦਾਰੀ, ਇਹ ਹਾਲਾਤ ਲਿਖਦਾ ਹਾਂ। ਆਸ਼ਾ ਹੈ ਕਿ ਭਾਈ ਇਨ੍ਹਾਂ ਹਾਲਤਾਂ ਨੂੰ ਪ੍ਰੇਮ ਨਾਲ ਪੜ੍ਹਨਗੇ। ਪਹਿਲਾਂ ਇਸ ਦੇ ਕਿ ਮੈਂ ਜਹਾਜ ਕਾਮਾਗਾਟਾ ਮਾਰੂ ਦੀ ਕਹਾਣੀ ਸ਼ੁਰੂ ਕਰਾਂ, ਆਪ ਦੀ ਸੇਵਾ ਵਿਚ ਆਪਣੇ ਬਜੁਰਗਾਂ ਦੀ ਤਵਾਰੀਖ ਥੋੜ੍ਹੀ ਜਿਹੀ ਦੱਸਦਾ ਹਾਂ ਜਿਸ ਦੀ ਵਜ੍ਹਾ ਅੱਗੇ ਚੱਲ ਕੇ ਦੱਸਾਂਗਾ ਅਤੇ ਜੇ ਆਪਣੇ ਹਾਲ ਲਿਖਣ ਵਿਚ ਗਲਤੀ ਕੀਤੀ ਹੈ ਤਾਂ ਮੈਂ ਬਹੁਤ ਆਜ਼ਜ਼ੀ ਨਾਲ ਮਾਫੀ ਮੰਗਦਾ ਹਾਂ। ਜਿਸ ਦੀ ਬਾਬਤ ਯਕੀਨੀ ਹੈ ਕਿ ਤੁਸੀਂ ਮਾਫ ਕਰ ਦੇਵੋਗੇ ਕਿਉਂਕਿ ਆਪ ਸਦਾ ਹਿੰਦ ਦੇ ਇਸ ਸੇਵਕ ਤੇ ਮਿਹਰਬਾਨ ਰਹੇ ਹੋ।
ਮੇਰਾ ਦਾਦਾ ਸੁਰਾਬਾ ਸੀ। ਸਰਦਾਰ ਰਤਨ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਬੜਾ ਮਸ਼ਹੂਰ ਜਰਨੈਲ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਸਰਦਾਰ ਰਤਨ ਸਿੰਘ ਮਹਾਰਾਣੀ ਜਿੰਦਾ ਦੇ ਗੁਪਤੀ ਸਕੱਤਰ ਮੁਕਰਰ ਹੋਏ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿਛੋਂ ਮਹਾਰਾਣੀ ਨੇ ਖਾਹਿਸ਼ ਜਾਹਰ ਕੀਤੀ ਕਿ ਉਹ ਆਪਣੇ ਭਾਈ ਜਵਾਹਰ ਸਿੰਘ ਦੇ ਘਰ ਜੋ ਕਿ ਕੁੰਵਰ ਦਲੀਪ ਸਿੰਘ ਦਾ ਨਿਗਰਾਨ ਸੀ, ਚਲੀ ਜਾਏ। ਫੌਜ ਦੇ ਅਫਸਰ ਇਸ ਖਿਆਲ ਦੇ ਵਿਰੁਧ ਸਨ। ਉਨ੍ਹਾਂ ਨੇ ਸਰਦਾਰ ਜਵਾਹਰ ਸਿੰਘ ਨੂੰ ਵੱਢ ਦਿੱਤਾ। ਇਸ ‘ਤੇ ਮਹਾਰਾਣੀ ਨੂੰ ਸਖਤ ਗੁੱਸਾ ਆਇਆ ਅਤੇ ਚਾਹੁੰਦੀ ਸੀ ਕਿ ਆਪਣੇ ਭਾਈ ਦੇ ਦੁਸ਼ਮਣਾਂ ਤੋਂ ਬਦਲਾ ਲਵੇ। ਪਰ ਸਰਦਾਰ ਰਤਨ ਸਿੰਘ ਇਸ ਕਾਰਵਾਈ ਦੇ ਸਖਤ ਵਿਰੁਧ ਸੀ ਅਤੇ ਉਨ੍ਹਾਂ ਨੇ ਸਦਨ ਨੂੰ ਫਾੜ ਕੇ ਸੁੱਟ ਦਿੱਤਾ, ਜਿਸ ਦੀ ਰੂਹ ਨਾਲ ਸਿੱਖ ਰਾਜ ਨੇ ਉਨ੍ਹਾਂ ਨੂੰ ਜਾਗੀਰ ਬਖਸ਼ੀ ਸੀ ਅਤੇ ਆਪਣਾ ਮਰਤਬਾ ਫੜ੍ਹ ਕੇ ਘਰ ਵਾਪਸ ਆ ਗਏ ਅਤੇ ਮਾਮੂਲੀ ਜ਼ਿਮੀਦਾਰ ਵਾਂਗ ਰਹਿਣ ਲੱਗ ਪਏ। ਫੌਜ ਦੀ ਸਿਪਾਹ-ਸਿਲਾਰੀ ਛੱਡ ਕੇ ਮਾਮੂਲੀ ਜ਼ਿਮੀਦਾਰ ਅਖਤਿਆਰ ਕਰ ਲੈਣ ‘ਤੇ ਘਰ ਵਿਚ ਗਰੀਬੀ ਆ ਗਈ। ਮੈਂ ਸੰਨ 1882 ਵਿਚ ਹਿੰਦੁਸਤਾਨ ਤੋਂ ਚੱਲ ਕੇ ਮਲਾਇਆ ਦੇਸ਼ ਪਹੁੰਚਿਆ ਅਤੇ ਸੰਨ 1909 ਤਕ ਜ਼ਿੰਦਗੀ ਦੇ ਕੰਮ ਕਾਜ ਵਿਚ ਲੱਗਾ ਰਿਹਾ।
ਸੰਨ 1909 ਵਿਚ ਮੈਂ ਘਰ ਵਾਪਸ ਜਾਣ ਦਾ ਇਰਾਦਾ ਕੀਤਾ ਤਾਂ ਕਿ ਆਪਣੇ ਦੇਸ਼ ਭਾਈਆਂ ਦੇ ਸੁਧਾਰ ਲਈ ਕੁਝ ਕਰ ਸਕਾਂ। ਆਪਣੇ ਇਸ ਖਿਆਲ ਨੂੰ ਅਮਲੀ ਸੂਰਤ ਦੇਣ ਦੀ ਗਰਜ਼ ਨਾਲ ਮੈਂ ਆਪਣੇ ਪਿੰਡ ਵਿਚ ਜਾ ਕੇ ਚਾਵਲ ਸਾਫ ਕਰਨੇ ਅਤੇ ਆਟਾ ਪੀਸਣ ਦੀਆਂ ਚੱਕੀਆਂ ਸ਼ੁਰੂ ਕੀਤੀਆਂ। ਮੇਰੀ ਗਰਜ਼ ਇਸ ਤੋਂ ਇਹ ਨਹੀਂ ਸੀ ਕਿ ਮੈਂ ਇਸ ਤੋਂ ਆਪ ਕੁਝ ਰੁਪਏ ਕਮਾਵਾਂਗਾ। ਹਾਂ ਇਹ ਸੀ ਕਿ ਆਪਣੇ ਦੇਸ਼ ਭਾਈਆਂ ਨੂੰ ਕੁਝ ਹੁਨਰ ਕਾਰੀਗਰੀ ਦੀ ਰਾਹ ‘ਤੇ ਲਿਆਂਦਾ। ਸੰਨ 1910 ਵਿਚ ਮੈਂ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਜੋ ਬਹੁਤ ਸਾਰੇ ਸਰਕਾਰੀ ਅਫਸਰ ਮੇਰੇ ਪਿੰਡ ਵਾਲਿਆਂ ‘ਤੇ ਕਰਦੇ ਹੁੰਦੇ ਸਨ ਅਤੇ ਇਨ੍ਹਾਂ ਸਰਕਾਰੀ ਅਫਸਰਾਂ ਦੀ ਬਦਸਲੂਕੀ ਦੇ ਵਿਰੁਧ ਮੈਂ ਲੈਫਟੀਨੈਂਟ ਗਵਰਨਰ ਸਾਹਿਬ ਦੇ ਨਾਂ ਅਰਜ਼ੀ ਭੇਜੀ। ਇਹ ਬਦਸਲੂਕੀ ਕਈ ਤਰ੍ਹਾਂ ਜਾਹਰ ਹੁੰਦੀ ਸੀ। ਜਿਵੇਂ ਗਰੀਬ ਜ਼ਿਮੀਦਾਰਾਂ ਤੋਂ ਜ਼ਬਰਦਸਤੀ ਤੋਹਫੇ ਲੈਣੇ ਅਤੇ ਬਿਨਾ ਮਜ਼ਦੂਰੀ ਦਿੱਤੇ ਇਨ੍ਹਾਂ ਤੋਂ ਜ਼ਬਰਦਸਤੀ ਕੰਮ ਕਰਾਉਣਾ ਆਦਿ। ਪਰ ਲੈਫਟੀਨੈਂਟ ਗਵਰਨਰ ਪੰਜਾਬ ਦੇ ਘਰ ਤੋਂ ਕੋਈ ਜਵਾਬ ਨਾ ਮਿਲਿਆ। ਸੰਨ 1913 ਵਿਚ ਮੈਂ ਫਿਰ ਪੰਜਾਬ ਸਰਕਾਰ ਦੇ ਦਰਖਾਸਤ ਕੀਤੀ ਕਿ ਮੈਨੂੰ ਕੁਝ ਏਕੜ ਜਮੀਨ ਲਾਇਲਪੁਰ ਦੀ ਨਵੀਂ ਬਸਤੀ ਵਿਚ ਮਿਲ ਜਾਏ ਤਾਂ ਮੈਂ ਆਮ ਆਦਮੀਆਂ ਦੇ ਫਾਇਦੇ ਲਈ ਆਪਣੇ ਰੁਪਿਆਂ ਨਾਲ ਹੀ ਇਕ ਜ਼ਿਮੀਦਾਰੀ ਸਕੂਲ ਕਾਇਮ ਕਰ ਸਕਦਾ ਅਤੇ ਇਸ ਸਕੂਲ ਵਿਚ ਕੌਮ ਦੇ ਵਿਦਿਆਰਥੀਆਂ ਨੂੰ ਇਸ ਜ਼ਮਾਨੇ ਦੇ ਖੇਤੀ ਦੇ ਨਵੇਂ ਢੰਗ ਸਿਖਾਏ ਜਾਣ। ਪਰ ਉਸ ਦਫਾ ਵੀ ਗੌਰਮਿੰਟ ਪੰਜਾਬ ਦੇ ਘਰੋਂ ਕੋਈ ਜਵਾਬ ਨਾ ਆਇਆ।
ਇਸ ਤਰ੍ਹਾਂ ਸਰਕਾਰ ਪੰਜਾਬ ਤੋਂ ਨਾਉਮੀਦ ਹੋ ਕੇ ਮੈਂ ਸੰਨ 1913 ਵਿਚ ਵਾਪਸ ਮਲਾਇਆ ਪਰਤ ਆਇਆ ਅਤੇ ਉਥੇ ਫਿਰ ਆਪਣੇ ਠੇਕੇ ਦਾ ਕੰਮ ਸ਼ੁਰੂ ਕਰ ਦਿੱਤਾ। ਜਦੋਂ ਮੈਂ ਮਲਾਇਆ ਵਿਚ ਆਪਣੇ ਕੰਮ ਲੱਗਾ ਹੋਇਆ ਸੀ ਤਾਂ ਮੇਰੇ ਕਈ ਦੇਸ਼ ਭਾਈ ਚੰਗੇ ਘਰਾਂ ਦੇ ਸਨ। ਕੈਨੇਡਾ ਤੋਂ ਗਰੀਬ ਤੇ ਬੁਰੀ ਹਾਲਤ ਵਿਚ ਵਾਪਸ ਆਏ ਅਤੇ ਹਿੰਦੁਸਤਾਨ ਜਾਣ ਲਈ ਕਿਰਾਇਆ ਪ੍ਰਾਪਤ ਕਰਨ ਦੀ ਗਰਜ਼ ਨਾਲ ਮੇਰੇ ਕੋਲ ਆਏ ਤਾਂ ਮੈਂ ਉਨ੍ਹਾਂ ਦੀ ਜ਼ਬਾਨੀ ਉਨ੍ਹਾਂ ਬੇਹੱਦ ਦੁੱਖਾਂ ਦਾ ਜ਼ਿਕਰ ਸੁਣਿਆ, ਜੋ ਉਨ੍ਹਾਂ ਨੂੰ ਕੈਨੇਡਾ ਦੇ ਪੋਰਟ ‘ਤੇ ਪਹੁੰਚਣ ਸਮੇਂ ਅਤੇ ਫਿਰ ਉਥੋਂ ਵਾਪਸ ਹੋਣਾ ਪਿਆ। ਇਕ ਤਰਫ ਤਾਂ ਬਦਸਲੂਕੀ ਦੀ ਕਹਾਣੀ ਮੈਂ ਸੁਣੀ ਜੋ ਅੰਗਰੇਜ਼ੀ ਅਫਸਰਾਂ ਨੇ ਹਿੰਦੀਆਂ ਨਾਲ ਕੀਤੀ ਸੀ, ਦੂਜੀ ਤਰਫ ਮੈਂ ਅਖਬਾਰ ਵਿਚ ਉਨ੍ਹਾਂ ਮੁਸੀਬਤਾਂ ਦਾ ਹਾਲ ਪੜ੍ਹਿਆ ਜੋ ਦੱਖਣੀ ਅਫਰੀਕਾ ਅਤੇ ਹੋਰ ਅੰਗਰੇਜ਼ੀ ਬਸਤੀਆਂ ਵਿਚ ਮੇਰੇ ਦੇਸ਼ ਭਾਈਆਂ ‘ਤੇ ਆ ਰਹੀਆਂ ਸਨ ਤਾਂ ਮੇਰਾ ਦਿਲ ਪਿਘਲ ਗਿਆ ਅਤੇ ਮੈਂ ਆਪਣੇ ਦੇਸ਼ ਵਾਸੀਆਂ ਦੇ ਹੱਕ ਦੀ ਖਾਤਰ ਕੋਸ਼ਿਸ਼ ਕਰਨ ਦਾ ਪੱਕਾ ਇਰਾਦਾ ਕਰ ਲਿਆ। ਇਸ ਤੋਂ ਬਿਨਾ ਇਨ੍ਹਾਂ ਹੀ ਦਿਨਾਂ ਵਿਚ ਮੈਨੂੰ ਪਤਾ ਲੱਗਾ ਕਿ ਮੇਰੇ ਦੇਸ਼ ਭਾਈ ਕੈਨੇਡਾ ਵਿਚ ਜਾਣ ਦਾ ਇਰਾਦਾ ਰੱਖਦੇ ਹਨ। ਪਰ ਜਦ ਉਨ੍ਹਾਂ ਨੇ ਜਹਾਜ ਦੀਆਂ ਕੰਪਨੀਆਂ ਤੋਂ ਸਫਰ ਦੇ ਲਈ ਟਿਕਟਾਂ ਮੰਗੀਆਂ ਤਾਂ ਉਨ੍ਹਾਂ ਨੂੰ ਸਾਫ ਜਵਾਬ ਇਹ ਮਿਲਿਆ ਕਿ ਕੈਨੇਡਾ ਦੇ ਵਾਸਤੇ ਕਿਸੇ ਹਿੰਦੀ ਨੂੰ ਟਿਕਟ ਨਹੀਂ ਮਿਲ ਸਕਦਾ। ਖਾਸ ਇਸ ਹਾਲਤ ਨੇ ਮੇਰੇ ਖਿਆਲ ਨੂੰ ਹੋਰ ਪੱਕਾ ਕਰ ਦਿੱਤਾ ਕਿ ਦੇਸ਼ ਵਾਸੀਆਂ ਦੇ ਹੱਕਾਂ ਦੇ ਵਾਸਤੇ ਕੋਸ਼ਿਸ਼ ਕਰਾਂ।
ਪਰ ਇਸੀ ਤਰ੍ਹਾਂ ਕੁਝ ਅਮਲੀ ਕਾਰਵਾਈ ਕਰਨ ਦੀ ਗਰਜ਼ ਨਾਲ ਮੈਂ ਸਿੱਧਾ ਹਾਂਗਕਾਂਗ ਨੂੰ ਰਵਾਨਾ ਹੋਇਆ। ਹਾਂਗਕਾਂਗ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਕੈਨੇਡਾ ਦੇ ਹਿੰਦੀਆਂ ਦੀ ਬਾਬਤ ਮੈਨੂੰ ਜੋ ਕੁਝ ਸੁਣਿਆ ਸੀ, ਉਹ ਬਿਲਕੁਲ ਠੀਕ ਸੀ। ਹਾਂਗਕਾਂਗ ਵਿਚ ਇਕ ਜਲਸਾ ਕਰਵਾਇਆ ਜਿਸ ਵਿਚ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਕਿ ਇਹ ਸਾਡੀ ਬੇਅਕਲੀ ਹੈ ਕਿ ਅਸੀਂ ਹੋਰ ਮੁਲਕਾਂ ਵਿਚ ਮਜ਼ਦੂਰੀ ਕਰਨ ਜਾਈਏ। ਕੀ ਇਹ ਚੰਗਾ ਹੋਵੇ ਕਿ ਅਸੀਂ ਆਪਣੇ ਇਸ ਆਣ-ਜਾਣ ਦੀ ਤਹਿਰੀਕ ਨੂੰ ਮਜ਼ਦੂਰੀ ਦੀ ਜਗ੍ਹਾ ਵਿਉਪਾਰ ਦੀ ਤਰਫ ਮੋੜ ਲਈਏ ਅਤੇ ਇਸੇ ਤਰ੍ਹਾਂ ਆਪਣੇ ਵਤਨ ਅਤੇ ਹੋਰਨਾਂ ਲੋਕਾਂ ਮੁਲਕਾਂ ਵਿਚ ਵਪਾਰ ਨੂੰ ਤਰੱਕੀ ਦੇਈਏ। ਇਸ ਖਿਆਲ ਨੂੰ ਅਮਲੀ ਸੂਰਤ ਦੇਣ ਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਆਪ ਜਹਾਜ ਕੰਪਨੀਆਂ ਖੋਲ੍ਹੀਏ। ਆਪਣੇ ਹੀ ਜਹਾਜਾਂ ਦੇ ਜ਼ਰੀਏ ਦੂਜੇ ਮੁਲਕਾਂ ਨਾਲ ਵਪਾਰ ਕਰੀਏ। ਦੂਸਰੇ ਗੈਰ ਮੁਲਕਾਂ ਵਿਚ ਜਮੀਨਾਂ ਵੀ ਹਾਸਿਲ ਕਰਨੀਆਂ ਚਾਹੀਦੀਆਂ ਹਨ ਜਿਥੇ ਜਾ ਕੇ ਸਾਡੇ ਲੋਕ ਹੁਣ ਦੇ ਜ਼ਮਾਨੇ ਦੇ ਨਵੇਂ ਤਰੀਕੇ ਅਨੁਸਾਰ ਛੇਤੀ ਹੀ ਖੇਤੀ ਕਰਨ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਅਮਲੀ ਕਾਰੋਬਾਰ ਵਿਚ ਲੱਗ ਜਾਣ। ਇਸ ਜਲਸੇ ਵਿਚ ਕੋਈ ਵੀਹ ਦੇਸ਼ਵਾਸੀ ਸ਼ਾਮਿਲ ਹੋਣਗੇ ਜਿਨ੍ਹਾਂ ਨੇ ਕਿਹਾ ਕਿ ਮੇਰਾ ਖਿਆਲ ਸਲਾਹੁਣ ਦੇ ਲਾਇਕ ਹੈ ਅਤੇ ਇਹ ਉਮੀਦ ਅਤੇ ਹਿੰਮਤ ਦਿਵਾਈ ਕਿ ਜੋ ਸਾਡੇ ਭਾਈ ਇਸ ਵਕਤ ਕੈਨੇਡਾ ਵਿਚ ਹਨ, ਉਹ ਜ਼ਰੂਰ ਇਸ ਵਿਚਾਰ ਨੂੰ ਪਸੰਦ ਕਰਨਗੇ ਅਤੇ ਇਨ੍ਹਾਂ ਨੂੰ ਮਾਂ (ਭਾਰਤ ਮਾਤਾ) ਵਾਸਤੇ ਰੁਪਈਏ ਵੀ ਦੇਣਗੇ। ਹਾਂ, ਰੁਪਿਆ ਤਾਂ ਦੁਨੀਆਂ ਦੇ ਹਰ ਹਿੱਸੇ ਵਿਚੋਂ ਆ ਜਾਵੇਗਾ, ਜਿਥੇ ਕਿਤੇ ਹਿੰਦੁਸਤਾਨੀ ਜਾ ਵੱਸੇ ਹਨ ਅਤੇ ਖੁਦ ਹਿੰਦੁਸਤਾਨ ਤੋਂ ਵੀ ਅਤੇ ਜੋ ਭਾਈ ਜਲਸੇ ਵਿਚ ਸ਼ਾਮਿਲ ਹਨ, ਉਨ੍ਹਾਂ ਵਿਚੋਂ ਬਾਜ਼ੇ ਬੋਲੇ ਕਿ ਜਿਸ ਤਰ੍ਹਾਂ ਕੰਮ ਕਰਨ ਦਾ ਇਰਾਦਾ ਅਸੀਂ ਕੀਤਾ ਹੈ, ਉਸ ਨੂੰ ਅੰਗਰੇਜ਼ੀ ਸਰਕਾਰ ਪੰਸਦ ਨਹੀਂ ਕਰੇਗੀ ਅਤੇ ਜੇ ਅਸੀਂ ਰੁਪਿਆ ਇਕੱਠਾ ਕਰ ਵੀ ਲਿਆ ਤਾਂ ਗੌਰਮਿੰਟ ਅਜਿਹੀਆਂ ਰੁਕਾਵਟਾਂ ਪਾਵੇਗੀ ਕਿ ਅਸੀਂ ਜਹਾਜ ਨਾ ਖਰੀਦ ਸਕਾਂਗੇ ਅਤੇ ਇਸ ਕੰਮ ਨੂੰ ਜਾਰੀ ਨਾ ਕਰ ਸਕਾਂਗੇ।
ਇਹ ਸੁਣ ਕੇ ਮੈਂ ਖੜ੍ਹੇ ਹੋ ਕੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਜੋ ਸਾਨੂੰ ਵਾਜਬੀ ਕਾਰੋਬਾਰ ਤੋਂ ਰੋਕੇ ਅਤੇ ਲੋਕਾਂ ਨੂੰ ਅਜਿਹੇ ਬੇਕਾਰ ਖਿਆਲ ਨਹੀਂ ਰੱਖਣੇ ਚਾਹੀਦੇ। ਮੇਰੇ ਦੋਸਤ ਬੋਲੇ ਕਿ ਕੈਨੇਡਾ ਦੇ ਕਾਨੂੰਨ ਬਿਲਕੁਲ ਉਲਟ ਮਾਨੇ (ਅਰਥ) ਰੱਖਦੇ ਹਨ ਕਿ ਜੋ ਉਨ੍ਹਾਂ ਦੀ ਜ਼ਹਿਰਾਂ ਅਬਾਰਤ ਤੋਂ ਮਾਲੂਮ ਨਹੀਂ ਹੁੰਦੇ। ਮੈਂ ਜਵਾਬ ਦਿੱਤਾ ਕਿ ਕੈਨੇਡਾ ਦਾ ਕਾਨੂੰਨ ਇਹ ਹੈ ਕਿ ਜਿਸ ਆਦਮੀ ਦੀ ਮਾਲੀ ਹਾਲਤ ਠੀਕ ਨਾ ਹੋਵੇ, ਉਸ ਨੂੰ ਉਸ ਮੁਲਕ ਵਿਚ ਆਉਣ ‘ਤੇ ਰੋਕ ਦਿੱਤਾ ਜਾਵੇ। ਪਰ ਅਸੀਂ ਅਜਿਹਾ ਇੰਤਜ਼ਾਮ ਕਰਾਂਗੇ ਕਿ ਸਾਡੇ ਕੋਲ ਹਰ ਇਕ ਦੇ ਕੋਲ ਕਾਫੀ ਰੁਪਿਆ ਹੋਵੇ ਕਿ ਕਿਸੇ ਦਾ ਸਾਡੇ ਉਪਰ ਉਜ਼ਰ (ਸ਼ੱਕ) ਹੀ ਨਾ ਹੋ ਸਕੇ। ਇਸ ਕਿਸਮ ਦੇ ਕੁਝ ਹੋਰ ਬਹਿਸ-ਮੁਬਾਹਿਸੇ ਪਿੱਛੋਂ ਫੈਸਲਾ ਹੋਇਆ ਕਿ ਇਹ ਸਭ ਤਜਵੀਜ਼ਾਂ ਪੇਸ਼ ਹੋਈਆਂ ਹਨ, ਮਨਜ਼ੂਰ ਹੋਣ। ਤਜਵੀਜ਼ਾਂ ਦੀ ਮਨਜ਼ੂਰੀ ਤੋਂ ਬਾਅਦ ਜਲਸਾ ਬਰਖਾਸਤ (ਸਮਾਪਤ) ਹੋ ਗਿਆ। ਇਸ ਤੋਂ ਬਾਅਦ ਮੈਂ ਸਿੰਗਾਪੁਰ ਗਿਆ ਤੇ ਕਈ ਲੀਡਰਾਂ ਨਾਲ ਸਲਾਹ ਕੀਤੀ ਅਤੇ ਹੋਰ ਸਭ ਭਾਈਆਂ ਨੂੰ ਨੋਟਿਸ ਭੇਜ ਦਿੱਤੇ ਕਿ ਉਹ ਸਾਡੀ ਇਸ ਜਹਾਜ ਕੰਪਨੀ ਦੇ ਹਿੱਸੇ (ਸ਼ੇਅਰ) ਖਰੀਦਣ। ਸਿੰਗਾਪੁਰ ਵਿਚ ਮੈਂ ਆਪਣੇ ਇਕ ਚੀਨੀ ਦੋਸਤ ਮਿਸਟਰ ਲੀæ ਪੈਕæ ਹੂਨ ਨਾਲ ਵੀ ਸਲਾਹ ਕੀਤੀ ਕਿ ਜਹਾਜ ਕਿਸ ਤਰ੍ਹਾਂ ਖਰੀਦਣਾ ਚਾਹੀਦਾ। ਮੈਂ ਅਜ਼ਮਾਇਸ਼ ਦੇ ਤੌਰ ‘ਤੇ ਇਹ ਦੇਖਣ ਲਈ ਇਕ ਜਹਾਜ ਚਾਰਟਰ ਕਰਾਉਣਾ ਚਾਹੁੰਦਾ ਸੀ ਕਿ ਅੰਗਰੇਜ਼ੀ ਗੌਰਮਿੰਟ ਸਾਡੇ ਇਸ ਕੰਮ ਵਿਚ ਕੋਈ ਰੁਕਾਵਟ ਤਾਂ ਨਹੀਂ ਪਾਏਗੀ, ਜਿਸ ਤਰ੍ਹਾਂ ਬਹੁਤ ਭਾਈਆਂ ਦਾ ਖਿਆਲ ਸੀ।
ਮੈਂ ਇਹ ਇਰਾਦਾ ਕਰ ਲਿਆ ਕਿ ਜੇ ਇਸ ਤਰਫ ਕੋਈ ਦਿੱਕਤ ਨਾ ਹੋਈ ਤਾਂ ਬਾਕਾਇਦਾ ਜਹਾਜ ਕੰਪਨੀ ਖੋਲ੍ਹ ਦਿੱਤੀ ਜਾਵੇਗੀ। ਮੈਂ ਪਹਿਲਾਂ ਵੀ ਕਈ ਅੰਗਰੇਜ਼ੀ ਜਹਾਜ ਕੰਪਨੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਇਕ ਜਹਾਜ ਮੰਗਿਆ। ਸ਼ੁਰੂ ਵਿਚ ਤਾਂ ਉਨ੍ਹਾਂ ਨੇ ਵਾਅਦਾ ਕਰ ਲਿਆ ਪਰ ਬਾਅਦ ਵਿਚ ਉਨ੍ਹਾਂ ਨੇ ਜਹਾਜ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਸਮੇਂ ਦੌਰਾਨ ਮੈਨੂੰ ਆਪਣੇ ਭਾਈਆਂ ਦਾ ਹਾਂਗਕਾਂਗ ਤੋਂ ਤਾਰ ਮਿਲਿਆ ਕਿ ਉਥੇ ਜਾ ਕੇ ਮੈਂ ਸਾਰਾ ਇੰਤਜ਼ਾਮ ਠੀਕ ਕਰਾਂ। ਮੈਂ ਉਸੀ ਵਕਤ ਆਪਣੇ ਚੀਨੀ ਦੋਸਤ ਮੈਸਰਜ਼ ਗੋਰਡਡ ਅਤੇ ਤੁਰਾਲਸ ਸਮੁੰਦਰੀ ਸਰਵੇਅਰ ਦੇ ਨਾਮ ਖਤ ਲਿਖਿਆ ਅਤੇ ਹਾਂਗਕਾਂਗ ਪਹੁੰਚਦੇ ਹੀ ਉਸ ਨੂੰ ਮਿਲਿਆ। ਇਨ੍ਹਾਂ ਦੇ ਜ਼ਰੀਏ ਅੰਗਰੇਜ਼ੀ ਕੰਪਨੀ ਜਾਰਡੀਅਨ ਦਾ ਇਕ ਜਹਾਜ 9 ਹਜ਼ਾਰ ਡਾਲਰ ਮਹੀਨੇ ‘ਤੇ ਲੈਣ ਦਾ ਫੈਸਲਾ ਹੋਇਆ। ਪਰ ਜਦੋਂ ਕਾਗਜ਼ਾਂ ‘ਤੇ ਦਸਤਖਤ ਹੋਣ ਦਾ ਮੌਕਾ ਆਇਆ ਤੇ ਸੰਨਦ ਬਣ ਚੁੱਕੀ, ਤਾਂ ਜਾਰਡੀਅਨ ਕੰਪਨੀ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਸੰਨਦ ਲੈਣ ਵਾਲਾ ਇਕ ਹਿੰਦੁਸਤਾਨੀ ਹੈ ਤਾਂ ਉਨ੍ਹਾਂ ਨੇ ਇਕਰਾਰਨਾਮਾ ਤੋੜ ਦਿਤਾ। ਮੈਂ ਕਿਹਾ ਕਿ ਚਲੋ ਤੁਹਾਨੂੰ ਦਸ ਹਜ਼ਾਰ ਡਾਲਰ ਮਹੀਨਾ ਅਤੇ ਵੀਹ ਹਜ਼ਾਰ ਡਾਲਰ ਦੀ ਜ਼ਮਾਨਤ ਵੀ ਦਿਆਂਗਾ। ਪਰ ਉਨ੍ਹਾਂ ਨੇ ਜਵਾਬ ਦਿੱਤਾ ਕਿ ਚਾਹੇ ਕਿੰਨਾ ਵੀ ਰੁਪਿਆ ਉਨ੍ਹਾਂ ਨੂੰ ਮਿਲੇ, ਕਿਸੇ ਹਿੰਦੁਸਤਾਨੀ ਨੂੰ ਉਹ ਕਦੀ ਵੀ ਜਹਾਜ ਨਹੀਂ ਦੇਣਗੇ। ਇਸੀ ਤਰ੍ਹਾਂ ਦੋ ਹਫਤੇ ਗੁਜ਼ਰ ਗਏ, ਜਦ ਮੈਂ ਕੰਮ ਬਣਦਾ ਨਾ ਦੇਖਿਆ ਅਤੇ ਕੰਮ ਵਿਗੜਿਆ ਤਾਂ ਮੈਂ ਆਪਣੇ ਸਿੰਗਾਪੁਰੀ ਚੀਨੀ ਦੋਸਤ ਨੂੰ ਤਾਰ ਦਿੱਤੀ। ਉਸ ਰਾਹੀਂ ਮੈਂ ਇਕ ਜਰਮਨੀ ਦੇ ਸੌਦਾਗਰ ਨਾਲ ਵਾਕਫੀ (ਜਾਣਕਾਰੀ) ਪਾਈ ਜੋ ਹਾਂਗਕਾਂਗ ਵਿਚ ਰਹਿੰਦਾ ਸੀ। ਆਖਰ ਇਸ ਜਰਮਨ ਦੀ ਮਦਦ ਨਾਲ ਇਕ ਜਾਪਾਨੀ ਕੰਪਨੀ ਦੇ ਨਾਲ ਮੈਨੂੰ ਇਸ ਜਹਾਜ ਦੇ ਮਿਲਣ ਦੀ ਇਜਾਜ਼ਤ ਪ੍ਰਾਪਤ ਹੋਈ ਜਿਸ ਦਾ ਨਾਂ ਕਾਮਾਗਾਟਾ ਮਾਰੂ ਹੈ। ਹੁਣ ਹਰ ਇਕ ਜਗ੍ਹਾ ਪ੍ਰਗਟ ਹੈ ਅਤੇ ਇਹ ਸੋਚਣ ਦੇ ਲਾਇਕ ਗੱਲ ਹੈ ਕਿ ਮੈਂ ਇਕ ਵਕੀਲ ਮੈਸਰਜ਼ ਵਲਕਿਨਸਨ ਗ੍ਰਸਟ ਦੇ ਨਾਲ ਸਲਾਹ ਕੀਤੀ ਕਿ ਕੋਈ ਐਸਾ ਵੀ ਕਾਨੂੰਨ ਹੈ, ਜੋ ਮੈਨੂੰ ਕੈਨੇਡਾ ਜਾਣ ਤੋਂ ਰੋਕ ਸਕਦਾ ਹੈ। ਵਕੀਲ ਨੇ ਜਵਾਬ ਦਿੱਤਾ ਕਿ ਕੋਈ ਕਾਨੂੰਨ ਅਜਿਹਾ ਨਹੀਂ ਜੋ ਕਿਸੇ ਧਨੀ ਨੂੰ ਕੈਨੇਡਾ ਜਾਣ ਤੋਂ ਰੋਕੇ। ਪਰ ਜੋ ਜਹਾਜ ਕਾਮਾਗਾਟਾ ਮਾਰੂ ਦੇ ਮੁਸਾਫਰ ਹੋਣ, ਉਨ੍ਹਾਂ ਨੂੰ ਚਾਹੀਦਾ ਹੈ ਕਿ ਸਰਕਾਰੀ ਸਫਰੀ ਦਲਾਲ ਤੋਂ ਇਕ ਸੰਨਦ ਜਾਂ ਪਾਸ ਪ੍ਰਾਪਤ ਕਰ ਲੈਣ ਪ੍ਰੰਤੂ ਅਜਿਹਾ ਵੀ ਕੀਤਾ ਗਿਆ। ਆਖਰ ਹਿੰਦੀਆਂ ਦਾ ਇਹ ਜਹਾਜ ਕਾਮਾਗਾਟਾ ਮਾਰੂ 27 ਮਾਰਚ 1914 ਨੂੰ ਦੋ ਵਜੇ ਤੀਸਰੇ ਪਹਿਰ ਰਵਾਨਾ ਹੋਇਆ।
27 ਤਾਰੀਖ ਦੀ ਦੁਪਹਿਰ ਮੈਂ ਸਫਰ ਦਾ ਬੰਦੋਬਸਤ ਕਰਦਾ ਰਿਹਾ, ਪਾਣੀ ਆਦਿ ਦੇਣਾ, ਅਤੇ ਮੈਨੂੰ ਖਬਰ ਮਿਲੀ ਕਿ ਮੇਰੇ ਸਾਥੀਆਂ ਨੂੰ, ਜੋ ਗੁਰਦੁਆਰੇ ਵਿਚ ਅਟਕੇ ਹੋਏ ਸੀ, ਪੁਲਿਸ ਨੇ ਆ ਕੇ ਤੰਗ ਕੀਤਾ ਹੈ ਅਤੇ ਪੁਲਿਸ ਮੈਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਮੈਂ ਆਪਣਾ ਕੰਮ ਖਤਮ ਕਰਕੇ ਸ਼ਾਮ ਦੇ ਸਾਢੇ ਸੱਤ ਵਜੇ ਪਿੱਛੇ ਲੋਟਿਆ, ਤਾਂ ਸਭ ਲੋਕ ਉਠ ਖੜ੍ਹੇ ਹੋਏ ਤੇ ਮੇਰੀ ਇੱਜਤ ਕੀਤੀ ਅਤੇ ਕਹਿਣ ਲੱਗੇ ਕਿ ਅੰਗਰੇਜ਼ੀ ਸਰਕਾਰ ਨਹੀਂ ਚਾਹੁੰਦੀ ਕਿ ਸਾਨੂੰ ਕੈਨੇਡਾ ਵਿਚ ਜਾਣ ਦਿੱਤਾ ਜਾਵੇ ਅਤੇ ਪੁਲਿਸ ਤੁਹਾਨੂੰ ਫੜ੍ਹਨ ਆਈ ਹੈ, ਜੇ ਐਸੀ ਗੱਲ ਹੈ ਤਾਂ ਅਸੀਂ ਪੁਲਿਸ ਨਾਲ ਖੂਬ ਜ਼ੋਰ ਨਾਲ ਲੜਾਂਗੇ, ਪਰ ਮੈਂ ਉਨ੍ਹਾਂ ਦਾ ਗੁੱਸਾ ਠੰਡਾ ਕੀਤਾ, ਕਿਹਾ ਕਿ ਕਾਨੂੰਨ ਦੀ ਹੱਦ ਤੋਂ ਬਾਹਰ ਜਾਣਾ ਠੀਕ ਨਹੀਂ ਹੈ। ਲੋਕਾਂ ਨੇ ਕਿਹਾ ਕਿ ਪੁਲਿਸ ਨੇ ਗੁਰਦੁਆਰੇ ਦਾ ਕਾਨੂੰਨ ਤੋੜਿਆ ਹੈ, ਕਿ ਇਨ੍ਹਾਂ ਨੇ ਉਥੇ ਬੈਠ ਕੇ ਸ਼ਰਾਬ ਪੀਤੀ ਹੈ ਤੇ ਤੰਬਾਕੂ ਵੀ ਵਰਤਿਆ ਹੈ ਅਤੇ ਸਾਡੇ ਭਜਨ ਵਾਲੇ ਸਥਾਨ ਨੂੰ ਅਸ਼ੁੱਧ ਕੀਤਾ ਹੈ। ਇੰਨੇ ਵਿਚ ਡਿਪਟੀ ਸੁਪਰਡੈਂਟ ਪੁਲਿਸ ਨੇ ਮੈਨੂੰ ਕਿਹਾ ਕਿ ਤੈਨੂੰ ਥਾਣੇਦਾਰ ਨੇ ਬੁਲਾਇਆ ਹੈ, ਕੁਝ ਬਹੁਤ ਜ਼ਰੂਰੀ ਗੱਲਬਾਤ ਕਰਨੀ ਹੈ ਤੇ ਮੈਂ ਜਹਾਜ ਦਾ ਬੰਦੋਬਸਤ ਕਰ ਕੇ ਬਹੁਤ ਥੱਕਿਆ ਹੋਇਆ ਸੀ ਅਤੇ ਮੈਂ ਕਿਹਾ ਕਿ ਮੈਂ ਕੋਈ ਇਕ ਘੰਟਾ ਆਰਾਮ ਕਰਨ ਤੋਂ ਬਾਅਦ ਫਿਰ ਪੁਲਿਸ ਦੇ ਕੋਲ ਜਾਵਾਂਗਾ ਤੇ ਮੈਂ ਕਿਹਾ, ਕਿਤੇ ਦੌੜ ਨਹੀਂ ਜਾਵਾਂਗਾ, ਪੁਲਿਸ ਆਪਣੀ ਖਾਤਿਰ ਜਮਾ ਰੱਖੇ ਅਤੇ ਮੈਂ ਜ਼ਰੂਰ ਪੁਲਿਸ ਸਟੇਸ਼ਨ ‘ਤੇ ਪਹੁੰਚ ਜਾਵਾਂਗਾ।
ਆਖਰ ਮੈਨੂੰ ਆਰਾਮ ਕਰਨ ਤੋਂ ਬਾਅਦ ਦੋ ਪੁਲਿਸ ਸਾਰਜੰਟ ਉਥੇ ਠਹਿਰੇ। ਆਰਾਮ ਕਰਨ ਤੋਂ ਬਾਅਦ ਥਾਣੇਦਾਰ ਤੋਂ ਪਹਿਲਾਂ ਮੈਂ ਆਪਣੇ ਆਦਮੀਆਂ ਨੂੰ ਕਿਹਾ ਕਿ ਕਿਸੇ ਕਿਸਮ ਦਾ ਫਿਕਰ ਨਾ ਕਰਨ, ਮੈਂ ਕੋਈ ਕਾਰਵਾਈ ਕਾਨੂੰਨ ਦੇ ਵਿਰੁਧ ਨਹੀਂ ਕੀਤੀ ਅਤੇ ਅੰਗਰੇਜ਼ੀ ਅਦਾਲਤ ਮੈਨੂੰ ਬਰੀ ਕਰ ਦੇਵੇਗੀ। ਜੇ ਮੈਨੂੰ ਕਿਸੇ ਜਗ੍ਹਾ ਲਕੋ ਦਿੱਤਾ ਗਿਆ ਤਾਂ ਤਮਾਮ ਹਿੰਦੁਸਤਾਨੀ ਭਾਈਆਂ ਨੂੰ ਦੱਸ ਦੇਣਾ, ਇਹ ਸੁਣ ਕੇ ਸਭ ਭਾਈ ਮੇਰੇ ਨਾਲ ਥਾਣੇ ਨੂੰ ਚੱਲਣ ਲੱਗੇ, ਪਰ ਮੈਂ ਉਨ੍ਹਾਂ ਨੂੰ ਸਮਝਾ ਕੇ ਨਾਲ ਜਾਣ ਤੋਂ ਰੋਕ ਦਿੱਤਾ। ਸਿਰਫ ਥੋੜੇ ਜਿਹੇ ਆਦਮੀ ਮੇਰੇ ਨਾਲ ਇਕੱਠੇ ਚਲੇ। ਥਾਣੇ ਦੀ ਥਾਂ ਮੈਨੂੰ ਪੁਲਿਸ ਸੁਪਰਡੈਂਟ ਦੀ ਕੋਠੀ ਲੈ ਗਏ। ਜਿਥੇ ਮੈਨੂੰ ਕਈ ਸਵਾਲ ਕੀਤੇ ਗਏ, ਜਿਸ ਦਾ ਜਵਾਬ ਮੈਂ ਪੂਰਾ ਪੂਰਾ ਦਿੱਤਾ। ਮੈਨੂੰ ਮਹਿਸੂਸ ਹੋਇਆ ਕਿ ਪੁਲਿਸ ਸੁਪਰਡੈਂਟ ਹੁਣ ਮੈਨੂੰ ਜਾਣ ਦੇਵੇਗਾ, ਇਸੇ ਦੌਰਾਨ ਉਸ ਨੇ ਕਿਸੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ ਅਤੇ ਮੈਨੂੰ ਕਿਹਾ ਕਿ ਆਪਣੇ ਜਹਾਜ ਦੇ ਸਾਰੇ ਕਾਗਜ਼ ਵਗੈਰਾ ਛੱਡ ਜਾਵੋ ਅਤੇ ਦੂਸਰੇ ਦਿਨ ਫਿਰ ਹਾਜ਼ਿਰ ਹੋਣਾ।
ਜਦ ਮੈਂ ਦੂਜੇ ਦਿਨ ਗਿਆ ਤਾਂ ਉਨ੍ਹਾਂ ਨੇ ਜ਼ਮਾਨਤ ‘ਤੇ ਛੱਡ ਦਿੱਤਾ। ਫਿਰ ਮੈਂ ਅਦਾਲਤ ਵਿਚ ਪੇਸ਼ੀ ਦੇ ਸਮੇਂ ਜੱਜ ਨੂੰ ਕਿਹਾ ਕਿ ਮੈਨੂੰ ਰੋਕਣ ਦੀ ਜ਼ਰੂਰਤ ਨਹੀਂ ਹੈ, ਜਾਂ ਤਾਂ ਮੇਰੇ ਉਪਰ ਸਾਫ ਇਲਜ਼ਾਮ ਕੀਤਾ ਜਾਵੇ, ਕਿਉਂਕਿ ਮੇਰਾ ਵਕਤ ਖਰਾਬ ਨਾ ਹੋਵੇ ਅਤੇ ਮੈਨੂੰ ਆਪਣੇ ਜਹਾਜ ਦੇ ਤੁਰਨ ਦਾ ਬਹੁਤ ਫਿਕਰ ਹੈ। ਮੈਂ ਅਦਾਲਤ ਨੂੰ ਕਹਿ ਦਿੱਤਾ ਕਿ ਮੈਂ ਜੋ ਕੁਝ ਕੀਤਾ ਹੈ, ਸਭ ਕਾਨੂੰਨ ਦੀ ਹੱਦ ਅੰਦਰ ਰਹਿ ਕੇ ਕੀਤਾ ਹੈ। ਇਸ ਲਈ ਜੇ ਬਗੈਰ ਕਸੂਰ ਦੇ ਸਰਕਾਰ ਮੈਨੂੰ ਤਕਲੀਫ ਦੇਵੇਗੀ, ਤਾਂ ਨਾ ਸਿਰਫ ਮੇਰੇ ਇਕੱਲੇ ਨਾਲ, ਸਿਵਾ ਇਸ ਦੇ ਤਮਾਮ ਹਿੰਦੁਸਤਾਨੀਆਂ ਨਾਲ ਬੇ-ਇਨਸਾਫੀ ਹੋਵੇਗੀ। ਅਖੀਰ ਪੁਲਿਸ ਨੇ ਮੁਕੱਦਮਾ ਹਟਾ ਲਿਆ, ਮੈਨੂੰ ਬਰੀ ਕਰ ਦਿੱਤਾ। ਮੇਰੇ ਤਮਾਮ ਕਾਗਜ਼ ਵਾਪਸ ਕਰ ਦਿੱਤੇ। ਫਿਰ ਅਸੀਂ ਸਾਰੇ ਜਹਾਜ ‘ਤੇ ਸਵਾਰ ਹੋ ਗਏ। ਫਿਰ ਜਦ ਮੈਂ ਜਾਪਾਨੀ ਕਪਤਾਨ ਨੂੰ ਬੋਲਿਆ ਚੱਲੋ, ਤਾਂ ਉਹ ਬੋਲਿਆ ਕਿ ਅਜੇ ਇਮੀਗਰੇਸ਼ਨ ਲਾਇਸੈਂਸ ਨਹੀਂ ਆਇਆ, ਜਿਸ ‘ਤੇ ਗਵਰਨਰ ਦੇ ਦਸਤਖਤ ਹੋਣੇ ਜ਼ਰੂਰੀ ਹਨ।
ਮੈਂ ਉਸੀ ਵਕਤ ਜਹਾਜ ਦੇ ਏਜੰਟ ਨੂੰ ਕਿਹਾ ਕਿ ਤੁਸੀਂ ਇਸ ਗੱਲ ਦਾ ਇੰਤਜ਼ਾਮ ਕਿਉਂ ਨਹੀਂ ਕੀਤਾ, ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਪਰ ਹਾਂਗਕਾਗ ਦੀ ਅੰਗਰੇਜ਼ੀ ਸਰਕਾਰ ਇਹ ਨਹੀਂ ਚਾਹੁੰਦੀ ਕਿ ਹਿੰਦੁਸਤਾਨੀ ਇਸ ਤਰ੍ਹਾਂ ਕੈਨੇਡਾ ਵਿਚ ਜਾਣ, ਇਸ ਲਈ ਕਾਗਜ਼ ਉਪਰ ਦਸਤਖਤ ਨਹੀਂ ਕੀਤੇ।
ਦੂਜੇ ਦਿਨ ਮੈਂ ਆਪਣੇ ਵਕੀਲ ਰਾਹੀਂ ਗੌਰਮਿੰਟ ਨੂੰ ਨੋਟਿਸ ਦਿੱਤਾ। ਪਰ ਉਹੀ ਬੇਕਾਰ ਨਤੀਜਾ ਨਿਕਲਿਆ। ਅਖੀਰ 12 ਅਪਰੈਲ ਨੂੰ ਮੈਂ ਆਪਣੇ ਵਕੀਲ ਨੂੰ ਕਿਹਾ ਕਿ ਸਾਨੂੰ ਬਿਨਾ ਕਿਸੀ ਵਜ੍ਹਾ ਦੇ ਰੋਕਿਆ ਗਿਆ ਹੈ ਅਤੇ ਇਸ ਕਾਰਵਾਈ ਨਾਲ ਹਿੰਦੀ ਫੌਜਾਂ ‘ਤੇ ਬਹੁਤ ਬੁਰਾ ਅਸਰ ਪਵੇਗਾ, ਜੋ ਸਾਡੇ ਦੇਸ਼ ਤੋਂ ਇਥੇ ਆਈਆਂ ਹਨ ਅਤੇ ਨਾ ਉਨ੍ਹਾਂ ਨੂੰ ਅਖਬਾਰ ਪੜ੍ਹਨ ਦੀ ਆਗਿਆ ਹੈ ਤੇ ਨਾ ਉਹ ਮੰਦਿਰ (ਗੁਰਦੁਆਰੇ) ਵਿਚ ਜਾ ਸਕਦੇ ਹਨ। ਹੁਣ ਸਰਕਾਰੀ ਹਾਕਮ ਦੀ ਇਹ ਤੀਸਰੀ ਹਰਕਤ ਯਾਨਿ ਜਹਾਜ ਨੂੰ ਬਿਨਾ ਕਿਸੀ ਵਜ੍ਹਾ ਦੇ ਰੋਕਣਾ ਹਿੰਦੀ ਸਿਪਾਹੀਆਂ ਵਿਚ ਹੋਰ ਵੀ ਗੁੱਸਾ ਪੈਦਾ ਕਰੇਗੀ ਅਤੇ ਜੇ ਕਿਸੇ ਸਿਪਾਹੀ ਨੇ ਫਸਾਦ-ਝਗੜਾ ਕੀਤਾ ਤਾਂ ਅਸੀਂ ਇਸ ਗੱਲ ਦੇ ਜ਼ਿੰਮੇਵਾਰ ਨਹੀਂ ਹੋਵਾਂਗੇ।
ਤੀਜੇ ਦਿਨ ਜਦੋਂ ਮੈਂ ਆਪਣੇ ਵਕੀਲ ਦੇ ਦਫਤਰੋਂ ਵਾਪਸ ਆ ਰਿਹਾ ਸੀ ਤਾਂ ਮੈਨੂੰ ਗਵਰਨਰ ਦਾ ਸੈਕਟਰੀ ਮਿਲਿਆ ਤੇ ਮੈਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਖੁਸ਼ ਕਰਨ ਲੱਗਾ। ਮੈਂ ਇਸ ਸਰਕਾਰੀ ਅਫਸਰ ਨੂੰ ਜਾਣਦਾ ਸੀ। ਮੈਂ ਇਸ ਨੂੰ ਕਿਹਾ ਕਿ ਮੈਂ ਅਗਲੇ ਦਿਨ ਦਫਤਰ ਵਿਚ ਮਿਲਾਂਗਾ ਅਤੇ ਜਦ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਹ ਫਿਰ ਅਜਿਹੀਆਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਲੱਗਾ। ਪਰ ਮੈਂ ਆਪਣੀ ਗੱਲ ਨਾ ਛੱਡੀ ਅਤੇ ਉਸ ‘ਤੇ ਅੜ ਗਿਆ ਕਿ ਜਦ ਅਸੀਂ ਕਾਨੂੰਨ ਦੇ ਅੰਦਰ ਆ ਕੇ ਅਤੇ ਹਾਤੇ ਦੇ ਅੰਦਰ ਰੱਖ ਕੇ ਕੰਮ ਕਰਦੇ ਹਾਂ ਅਤੇ ਤਜਾਰਤੀ ਸਬਬ ਨਾਲ ਜਹਾਜ ਲੈ ਜਾਂਦੇ ਹਾਂ, ਗੌਰਮਿੰਟ ਸਾਨੂੰ ਕਿਉਂ ਰੋਕਦੀ ਹੈ। ਅਖੀਰ ਇਮੀਗਰੇਸ਼ਨ ਲਈ ਸੰਨਦ ‘ਤੇ ਦਸਤਖਤ ਕਰ ਦਿੱਤੇ ਗਏ। 4 ਅਪਰੈਲ 1914 (ਦੁਨੀਆਂ ‘ਤੇ ਯਾਦ ਰਹਿਣ ਵਾਲੇ) ਜਹਾਜ ਕਾਮਾਗਾਟਾ ਮਾਰੂ ਜਹਾਜ ਦੇ ਵੀ ਕਾਇਮ ਸੀ। ਉਹ ਰਵਾਨਾ ਹੋਏ। ਜਾਪਾਨੀ ਕਪਤਾਨ ਦੇ ਨਾਲ ਸਾਡੀ ਤਰਫ ਤੋਂ ਇਕ ਹਿੰਦੀ ਕਪਤਾਨ ਵੀ ਜਹਾਜ ‘ਤੇ ਕਾਇਮ ਸੀ। ਸਾਡੇ ਜਹਾਜ ‘ਤੇ ਹਿੰਦੀ ਅਤੇ ਜਾਪਾਨੀ ਦੋਵੇਂ ਝੰਡੇ ਝੂਲਦੇ ਸਨ। ਹਾਂਗਕਾਂਗ ਵਿਚ ਸਾਡੇ ਸਾਰੇ ਫੌਜੀ ਭਾਈ ਵੀ ਬੜੇ ਜੋਸ਼ ਦੇ ਨਾਲ ਸਾਡੀ ਸੁਖ-ਸਾਂਦ ਦਾ ਹਾਲ ਪੁੱਛਣ ਆਏ ਅਤੇ ਆਪਣੇ ਪਿਆਰੇ ਦੇਸ਼ ਦਾ ਨਾਂ ਲੈ ਕੇ ਅਸੀਂ ਸਲਾਮਾਂ ਅਤੇ ਦੁਆਵਾਂ ਬਰਕਤਾਂ ਦਾ ਜਵਾਬ ਦਿੱਤਾ। ਜਹਾਜ ‘ਤੇ ਸਭ ਹਿੰਦੀ ਭਾਈ ਪੂਰੇ ਅਨੰਦ ਨਾਲ ਰਹੇ। ਕੋਈ ਭਿੰਨ ਭੇਦ ਨਹੀਂ, ਪਰ ਜੋ ਕੁਝ ਸਾਡੇ ਨਾਲ ਕੈਨੇਡਾ ਵਿਚ ਗੁਜ਼ਰਿਆ, ਉਸ ਤੋਂ ਸਭ ਭਾਈ ਵਾਕਿਫ ਹਨ।