ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਨੇਕ ਭਾਂਤ ਦੀਆਂ ਲੱਖਾਂ-ਕਰੋੜਾਂ ਜਾਣਕਾਰੀਆਂ ਸਾਂਭੀ ਬੈਠਾ ਕੰਪਿਊਟਰ ਬਣਾਉਣ ਵਾਲਾ ਮਨੁੱਖ, ਖੁਦ ਵੀ ਕਿਸੇ ਕੰਪਿਊਟਰ ਨਾਲੋਂ ਘੱਟ ਗੁੰਝਲਦਾਰ ਨਹੀਂ। ਕੰਪਿਊਟਰ ਦਾ ਤਾਂ ਫਿਰ ਵੀ ਆਦਿ-ਅੰਤ ਪਾਇਆ ਜਾ ਸਕਦਾ ਹੈ, ਪਰ ਮਨੁੱਖ ਦੇ ਮਨ ਵਿਚ ਕੀ-ਕੀ ਕੁਝ ਪਿਆ ਹੁੰਦਾ ਹੈ, ਉਸ ਦਾ ਪਾਰਾਵਾਰ ਹੀ ਨਹੀਂ! ਮਨੁੱਖੀ ਦਿਲ ਦੀ ਅਦਭੁਤ ਅਤੇ ਅਸਚਰਜ ਲੀਲ੍ਹਾ ਵਜੋਂ ਹੀ ਇਹ ਕਿਹਾ ਜਾਂਦਾ ਹੈ ਕਿ ‘ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।’ ਮਨੁੱਖ ਦਾ ਦਿਲ ਹੀ ਕਿਉਂ, ਕੁਦਰਤ ਨੇ ਪੰਛੀਆਂ ਜਾਨਵਰਾਂ ਦੇ ਦਿਲ ਦਿਮਾਗ ਵਿਚ ਇੰਨੇ ਸੂਖਮ ‘ਸੈਂਸਰ’ ਫਿੱਟ ਕੀਤੇ ਹੁੰਦੇ ਹਨ ਕਿ ਉਨ੍ਹਾਂ ਦੇ ਕਰਾਮਾਤੀ ਜਲਵੇ ਦੇਖ ਕੇ ਜੂਨਾਂ ਦਾ ਸਰਦਾਰ ਕਿਹਾ ਜਾਂਦਾ ਬੰਦਾ ਵੀ ਮੂੰਹ ‘ਚ ਉਂਗਲਾਂ ਪਾ ਲੈਂਦਾ ਹੈ। ਭਲਾ ਸੋਚੋ ਕਿ ਅੱਧ ਅਕਾਸ਼ਾਂ ਵਿਚ ਉਡਦੀ ਫਿਰਦੀ ਇੱਲ੍ਹ ਧਰਤੀ ‘ਤੇ ਪਿਆ ਮੁਰਦਾਰ ਪਸ਼ੂ ਕਿਵੇਂ ਦੇਖ ਲੈਂਦੀ ਹੈ? ਕੀੜੀਆਂ ਨੂੰ ਕੌਣ ਦੱਸ ਦਿੰਦਾ ਹੈ ਕਿ ਖੰਡ, ਤੇਲ ਜਾਂ ਘਿਉ ਕਿਹੜੀ ਅਲਮਾਰੀ ਵਿਚ ਪਏ ਨੇ? ਪਿੰਡਾਂ ‘ਚ ਪ੍ਰਚਲਿਤ ਹੈ ਕਿ ਜਦ ਕੀੜਿਆਂ ਦਾ ਭੌਣ ਮੂੰਹ ‘ਚ ਚਿੱਟੇ-ਚਿੱਟੇ ਆਂਡੇ ਚੁੱਕ ਕੇ ਇਕ ਥਾਂ ਤੋਂ ਦੂਜੀ ਜਗ੍ਹਾ ਜਾ ਰਿਹਾ ਹੋਵੇ ਤਾਂ ਸਮਝੋ ਕਿ ਮੀਂਹ ਆਇਆ ਕਿ ਆਇਆ! ਭਲਾ ਕੀੜਿਆਂ ਨੂੰ ਆਉਣ ਵਾਲੇ ਮੌਸਮ ਦਾ ਹਾਲ ਕਿਹੜਾ ‘ਰੇਡੂਆ’ ਦੱਸ ਜਾਂਦਾ ਹੈ?
ਪਿਛਲੇ ਸਾਲ ਮਈ ਮਹੀਨੇ ਅਮਰੀਕਾ ਤੋਂ ਆਪਣੇ ਪਿੰਡ ਪਹੁੰਚਿਆ ਹੋਇਆ ਸਾਂ। ਰਾਤ ਦੀ ਰੋਟੀ ਪਾਣੀ ਛਕ-ਛਕਾ ਕੇ ਗੱਲਾਂ ਕਰਦੇ-ਕਰਦੇ ਅਸੀਂ ਬਿਸਤਰਿਆਂ ‘ਤੇ ਲੇਟ ਗਏ। ਬਾਹਰ ਗੇਟ ਲੱਗੇ ਹੋਏ ਬਗਲ ਵਿਚ ਖੁੱਲ੍ਹੀ ਛੱਡੀ ਹੋਈ ਸਾਡੀ ਪਾਲਤੂ ਕੁੱਤੀ ਵਿਹੜੇ ਦੇ ਕਦੇ ਕਿਸੇ ਖੂੰਜੇ ਜਾ ਕੇ ‘ਬਊਂ-ਬਊਂ’ ਕਰੇ, ਕਦੇ ਕਿਸੇ ਖੂੰਜੇ! ਜਦ ਵੀ ਮੇਰੀ ਅੱਖ ਲੱਗਣ ਲਗਦੀ, ਉਹ ਫਿਰ ਉਚੀ-ਉਚੀ ਭੌਂਕ ਪੈਂਦੀ। ਉਸ ਦਾ ਘੜੀ-ਮੁੜੀ ਭੌਂਕਣਾ ਮੇਰੇ ਲਈ ਤਾਂ ਸਮੱਸਿਆ ਬਣ ਗਿਆ, ਪਰ ਮੇਰੇ ਦੋਵੇਂ ਬੇਟੇ ਬੜੇ ਆਰਾਮ ਨਾਲ ਇਉਂ ਪਏ ਸਨ, ਜਿਵੇਂ ਉਨ੍ਹਾਂ ਨੂੰ ਕੁੱਤੀ ਸੁਣਦੀ ਹੀ ਨਾ ਹੋਵੇ। ਮੈਂ ਸਮਝ ਲਿਆ ਕਿ ਇਹ ਰੋਜ਼ ਦੇ ਗਿੱਝੇ ਹੋਏ ਹਨ।
ਕੁੱਤੀ ਦਾ ਹਟ-ਹਟ ਕੇ ਭੌਂਕਣਾ, ਜਦ ਮੈਥੋਂ ਬਰਦਾਸ਼ਤ ਹੀ ਨਾ ਹੋਇਆ, ਤਦ ਮੈਂ ਆਪਣੇ ਬੇਟਿਆਂ ਨੂੰ ਕਿਹਾ ਕਿ ਇਸ ਦਾ ਕੋਈ ਬੰਦੋਬਸਤ ਨਹੀਂ ਹੋ ਸਕਦਾ? ਉਨ੍ਹਾਂ ਦੱਸਿਆ ਕਿ ਇਹ ਹੁਣੇ-ਹੁਣੇ ਈ ਠੀਕਰੀ ਪਹਿਰਾ ਦੇ ਰਹੀ ਹੈ, ਟਿਕੀ ਰਾਤ ਤੋਂ ਇਹਨੇ ਵੀ ਟਿਕ ਕੇ ਬਹਿ ਜਾਣਾ ਹੈ। ਕੁਝ ਚਿਰ ਤਾਂ ਮੈਨੂੰ ਉਸ ਦਾ ਭੌਂਕਣਾ ਸੁਣੀ ਗਿਆ, ਫਿਰ ਕੋਈ ਪਤਾ ਹੀ ਨਾ ਲੱਗਾ ਕਿ ਕਦੋਂ ਮੇਰੇ ਘੁਰਾੜੇ ਵੱਜਣ ਲੱਗ ਪਏ।
ਉਸ ਨੂੰ ਚੁੱਪ ਕੀਤੀ ਨੂੰ ਮਸਾਂ ਘੰਟਾ, ਪੌਣਾ ਘੰਟਾ ਹੀ ਹੋਇਆ ਹੋਵੇਗਾ ਕਿ ਉਹ ਇਕ ਵਾਰ ਫਿਰ ਜ਼ੋਰ-ਜ਼ੋਰ ਨਾਲ ਭੌਂਕਣ ਲੱਗ ਪਈ। ਇਸ ਤੋਂ ਪਹਿਲਾਂ ਕੁੱਤੀ ਦੀ ਟਊਂ-ਟਊਂ ਨੂੰ ਅਣ-ਸੁਣਿਆ ਕਰ ਕੇ ਲੰਮੇ ਪਏ ਰਹਿਣ ਵਾਲੇ ਮੇਰੇ ਦੋਵੇਂ ਮੁੰਡੇ ਹੁਣ ਉਸ ਦੇ ਭੌਂਕਿਆਂ ਇਕਦਮ ਅੱਭੜਵਾਹੇ ਉਠ ਖੜ੍ਹੇ ਹੋਏ। “ਕੀ ਹੋਇਆ?” ਉਨ੍ਹਾਂ ਦੇ ਇੰਜ ਅਚਾਨਕ ਹਾਬੜਿਆਂ ਵਾਂਗ ਉਠਣ ‘ਤੇ ਮੈਂ ਹੈਰਾਨੀ ਨਾਲ ਪੁੱਛਿਆ।
“ਡੈਡੀ ਜੀ, ਬਾਹਰ ਵਿਹੜੇ ‘ਚ ਸੱਪ ਆ ਗਿਐ।” ਹਫੜਾ-ਦਫ਼ੜੀ ‘ਚ ਇੰਜ ਕਹਿੰਦਿਆਂ ਉਹ ਲਾਠੀਆਂ ਸੋਟੇ ਚੁੱਕਣ ਦੌੜੇ। ਇਕ ਜਣੇ ਨੇ ਬਿਜਲੀ ਦੇ ਸਵਿੱਚਾਂ ‘ਤੇ ਹੱਥ ਮਾਰਿਆ, ਪਰ ਬਿਜਲੀ ਗੁੱਲ। ਬਾਹਰ ਕੁੱਤੀ ਦੀ ਆਵਾਜ਼ ਹੋਰ ਉਚੀ ਹੋ ਰਹੀ ਸੀ। ਫਟਾ-ਫਟ ਸਿਰਾਹਣੇ ਥੱਲਿਉਂ ਟਾਰਚ ਚੁੱਕ ਕੇ ਉਹ ਬਾਹਰ ਭੱਜੇ। ਮੈਂ ਵੀ ਅੱਖਾਂ ਮਲਦਾ ਨੰਗੇ ਪੈਰੀਂ ਉਨ੍ਹਾਂ ਦੇ ਪਿੱਛੇ ਹੋ ਲਿਆ। ਮੈਂ ਹੈਰਾਨ ਹੋ ਰਿਹਾ ਸਾਂ ਕਿ ਮੇਰੇ ਲਾਗੇ ਸੁੱਤੇ ਹੋਇਆਂ ਨੂੰ, ਇਨ੍ਹਾਂ ਦੋਹਾਂ ਨੂੰ ਇਹ ‘ਇਲਹਾਮ’ ਕਿੱਦਾਂ ਹੋ ਗਿਆ ਕਿ ਬਾਹਰ ਸੱਪ ਫਿਰਦੈ। ਕੁੱਤੀ ਤਾਂ ਸਾਡੇ ਸੌਣ ਲੱਗਿਆਂ ਵੀ ਭੌਂਕਦੀ ਸੀ ਤੇ ਬਾਅਦ ਵਿਚ ਵੀ ਗੱਜਦੀ ਰਹੀ ਸੀ।
ਵਿਹੜੇ ‘ਚ ਜਾ ਕੇ ਬੇਟੇ ਨੇ ਟਾਰਚ ਮਾਰੀ। ਟਾਰਚ ਦੀ ਦੁਧੀਆ ਲਾਈਟ ਵਿਚ ਦੇਖਿਆ, ਸਾਹਮਣੇ ਚਾਰ-ਪੰਜ ਫੁੱਟ ਲੰਮਾ ਕਾਲਾ ਸ਼ਾਹ ਫਨੀਅਰ ਸੱਪ! ਸੱਚ-ਮੁੱਚ ਸੱਪ ਦੇਖ ਕੇ ਮੇਰੀਆਂ ਤਾਂ ਅੱਖਾਂ ਅੱਡੀਆਂ ਰਹਿ ਗਈਆਂ! ਸਾਡੀ ਕੁੱਤੀ ਉਹਦੇ ਵੱਲ ਕੁੱਦ-ਕੁੱਦ ਕੇ ਪੈ ਰਹੀ ਸੀ। ਉਹ ਫਨ ਫੈਲਾ ਕੇ ਕੁੱਤੀ ਨਾਲ ਮੁਕਾਬਲਾ ਕਰ ਰਿਹਾ ਜਾਪਦਾ ਸੀ। ਟਾਰਚ ਦੀ ਤੇਜ਼ ਰੌਸ਼ਨੀ ਨਾਲ ਸ਼ਾਇਦ ਸੱਪ ਨੂੰ ਦਿਸਣੋਂ ਬੰਦ ਹੋ ਗਿਆ। ਇਸ ਕਰ ਕੇ ਉਹ ਛੇਤੀ ਹੀ ਸਾਡੇ ਅੜਿੱਕੇ ਆ ਗਿਆ ਤੇ ਮਾਰਿਆ ਗਿਆ।
ਬਾਅਦ ਵਿਚ ਮੇਰੇ ਪੁੱਛਣ ‘ਤੇ ਬੇਟਿਆਂ ਨੇ ਭੇਤ ਖੋਲ੍ਹਿਆ ਕਿ ਵਿਹੜੇ ਵਿਚ ਜਾਂ ਆਸ-ਪਾਸ ਕੋਈ ਸੱਪ ਸਪੋਲੀਆ ਆ ਜਾਏ ਤਾਂ ਕੁੱਤੀ ਦੇ ਭੌਂਕਣ ਦੀ ਆਵਾਜ਼ ਆਮ ਨਾਲੋਂ ਬਿਲਕੁਲ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸਾਨੂੰ ਇਸ ਦਾ ਖਾਸਾ ਤਜਰਬਾ ਹੋ ਚੁੱਕਾ ਹੈ। ਅਸੀਂ ਕੁੱਤੀ ਦੀ ਆਵਾਜ਼ ਤੋਂ ਝੱਟ ਅੰਦਾਜ਼ਾ ਲਾ ਲਈਦਾ ਹੈ ਕਿ ਹੁਣ ਇਸ ਦਾ ਭੌਂਕਣਾ ਖਤਰੇ ਦਾ ਸਾਇਰਨ ਹੈ।
ਦੂਜੀ ਘਟਨਾ ਬੋਤੇ (ਊਠ) ਦੇ ਦਿਮਾਗ ਵਿਚ ਲੱਗੇ ਸੈਂਸਰ ਨਾਲ ਸਬੰਧਤ ਹੈ ਜੋ ਮੇਰੇ ਬਾਬਾ ਜੀ ਦੀ ਹੱਡ ਬੀਤੀ ਹੈ। ਮੈਂ ਭਾਵੇਂ ਆਪਣੀ ਸੁਰਤਿ ਵਿਚ ਆਪਣੇ ਪਿੰਡ ਬੋਤਿਆਂ ਨਾਲ ਖੇਤੀ ਹੁੰਦੀ ਦੇਖੀ ਹੋਈ ਹੈ, ਪਰ ਇਹ ਵਾਕਿਆ ਸੰਨ ਸੰਤਾਲੀ ਤੋਂ ਪਹਿਲਾਂ ਦਾ ਹੈ। ਕਿਹਾ ਜਾਂਦਾ ਹੈ ਕਿ ਹਲਕਿਆ ਕੁੱਤਾ ਅਤੇ ਬਕਰਾਲਿਆ ਬੋਤਾ, ਇਕ ਬਰਾਬਰ ਹੁੰਦੇ ਹਨ। ਇਸ ਹਾਲਤ ਵਿਚ ਦੋਵੇਂ ਅਤਿ ਖਤਰਨਾਕ ਹੋ ਜਾਂਦੇ ਹਨ। ਫਰਕ ਸਿਰਫ ਇੰਨਾ ਹੁੰਦਾ ਹੈ ਕਿ ਹਲਕੇ ਹੋਏ ਕੁੱਤੇ ਦੀ ਮੌਤ ਜਲਦੀ ਹੋ ਜਾਂਦੀ ਹੈ, ਲੇਕਿਨ ਬਕਰਾਲੇ ਹੋਏ ਬੋਤੇ ਨੂੰ ਕਾਬੂ ਕਰ ਕੇ ਪੁਚਕਾਰਦਿਆਂ ਰਾਜ਼ੀ ਕੀਤਾ ਜਾ ਸਕਦਾ ਹੈ।
ਸੋ, ਅੰਗਰੇਜ਼ੀ ਰਾਜ ਸਮੇਂ ਸਾਡੇ ਪਿੰਡ ਦੇ ਮੁਸਲਮਾਨ ਲੰਬੜਦਾਰ ਖੁਸ਼ੀਏ ਦੇ ਵਿਹੜੇ ਵਿਚ ਵੇਲਣਾ ਚੱਲ ਰਿਹਾ ਸੀ। ਵੇਲਣੇ ਨੂੰ ਜੁਪੇ ਬੋਤੇ ਨੂੰ ਹੋਰ ਤੇਜ਼ ਤੁਰਨ ਦੇ ਇਸ਼ਾਰੇ ਵਜੋਂ ਕਿਤੇ ਖੁਸ਼ੀਆ ਸੋਟੀ ਮਾਰ ਬੈਠਾ। ਬੋਤਾ ਕੈੜ ਖਾ ਗਿਆ। ਗਾਧੀ ਨੂੰ ਬੰਨ੍ਹਿਆ ਹੋਇਆ ਬਾਂਸ ਤੋੜ ਕੇ ਉਹ ਖੌਰੂ ਪਾਉਣ ਲੱਗ ਪਿਆ। ਉਸ ਨੇ ਨਕੇਲ ਵਾਲੀ ਰੱਸੀ ਵੀ ਤੁੜਾ ਲਈ। ਉਸ ਦੀ ਪਾਗਲਾਂ ਵਰਗੀ ਨਕਲੋ-ਹਰਕਤ ਦੇਖ ਕੇ, ਖੁਦ ਲੰਬੜ ਤੇ ਉਸ ਦਾ ਸਾਰਾ ਟੱਬਰ ਕੋਠੇ ‘ਤੇ ਜਾ ਚੜ੍ਹਿਆ। ਲੱਗ ਪਏ ‘ਬਚਾਉ ਓਏ, ਰਲੋ ਓਏ’ ਦੀਆਂ ਦੁਹਾਈਆਂ ਪਾਉਣ। ਬਾਲ ਬੱਚਿਆਂ ਦਾ ਚੀਕ-ਚਿਹਾੜਾ ਸੁਣ ਕੇ ਮੂੰਹ ‘ਚੋਂ ਝੱਗ ਸੁੱਟਦਾ ਚੰਡਾਲ ਬਣਿਆ ਬੋਤਾ ਕੋਠੇ ਦੇ ਬਨੇਰਿਆਂ ਨਾਲ ਇਉਂ ਬੂਥੀ ਘਸਾਵੇ, ਜਿਵੇਂ ਉਹ ਰੋਂਦੇ ਕੁਰਲਾਉਂਦੇ ਟੱਬਰ ਨੂੰ ਕੱਚਿਆਂ ਚੱਬ ਜਾਣਾ ਚਾਹੁੰਦਾ ਹੋਵੇ।
ਖੁਸ਼ੀਏ ਦੇ ਘਰ ਦੁਆਲੇ ਸਾਰਾ ਪਿੰਡ ਆਣ ‘ਕੱਠਾ ਹੋ ਗਿਆ, ਪਰ ਕੋਈ ਡਰਦਾ ਮਾਰਾ ਵਿਹੜੇ ‘ਚ ਜਾਣ ਦੀ ਹਿੰਮਤ ਨਾ ਕਰੇ। ਪਿਤਾ ਜੀ ਦੱਸਦੇ ਹੁੰਦੇ ਸਨ ਕਿ ਬਾਪੂ (ਸਾਡਾ ਬਾਬਾ) ਲਾਠੀ ਹੱਥ ਵਿਚ ਲੈ ਕੇ ਪਿਛਵਾੜਿਉਂ ਪੌੜੀ ਰਾਹੀਂ ਕੋਠੇ ‘ਤੇ ਜਾ ਚੜ੍ਹਿਆ। ਉਹ ਭੇਤ ਵਾਲੀ ਇਹ ਗੱਲ ਜਾਣਦਾ ਸੀ ਕਿ ਊਠ ਦੇ ਹੋਰ ਜਿਥੇ ਮਰਜ਼ੀ ਡਾਂਗਾਂ ਮਾਰੀ ਜਾਉ, ਉਹ ਰੱਤੀ ਪ੍ਰਵਾਹ ਨਹੀਂ ਕਰਦਾ; ਲੇਕਿਨ ਉਹਦੇ ਕੰਨਾਂ ਦੇ ਹੇਠ ਨੂੰ ਗਿੱਚੀ ਵਿਚ ਇਕ-ਦੋ ਸੋਟੀਆਂ ਵੱਜ ਜਾਣ ‘ਤੇ ਉਹ ਨਿੱਸਲ ਹੋ ਜਾਂਦਾ ਹੈ। ਸੋ, ਬਾਬੇ ਨੇ ਦਾਅ ਜਿਹਾ ਲਾ ਕੇ ਊਠ ਦੀ ਗਿੱਚੀ ਵਿਚ ਉਪਰੋਥਲੀ ਦੋ ਡਾਂਗਾਂ ਜੜ ਦਿੱਤੀਆਂ। ਇਸ ਦੇ ਨਾਲ ਹੀ ਉਹ ਊਠ ਦੀ ਘਮਾਂਠ (ਪਿੱਠ) ਉਤੇ ਜਾ ਚੜ੍ਹਿਆ। ਫੁਰਤੀ ਨਾਲ ਬਾਬੇ ਨੇ ਢੈਲੇ ਪੈ ਚੁੱਕੇ ਬੋਤੇ ਦੀ ਨਕੇਲ ਵੀ ਫੜ ਲਈ ਅਤੇ ਉਸ ਨੂੰ ‘ਇਸ਼æææਇਸ਼æææਇਸ਼æææ’ (ਬੋਤੇ ਨੂੰ ਬਿਠਾਉਣ ਲਈ ਵਰਤੇ ਜਾਂਦੇ ਸੰਕੇਤਕ ਸ਼ਬਦ) ਕਰ ਕੇ ਬਿਠਾ ਲਿਆ। ਉਸ ਦੀਆਂ ਪੁੜਪੁੜੀਆਂ ਅਤੇ ਗਿੱਚੀ ਉਤੇ ਕੋਸਾ-ਕੋਸਾ ਦੇਸੀ ਘਿਉ ਮਲਦਿਆਂ ਬਾਬੇ ਨੇ ਉਸ ਨੂੰ ਬੱਚਿਆਂ ਵਾਂਗ ਲਾਡ ਪਿਆਰ ਕੀਤਾ। ਕੁਝ ਪਲ ਪਹਿਲਾਂ ਰਾਖਸ਼ ਬਣਿਆ ਬੋਤਾ, ਹੁਣ ਦੇਵਤਾ ਬਣਿਆ ਬੈਠਾ ਸੀ।
ਕਹਿੰਦੇ ਨੇ ਇਸ ਵਾਕਿਆ ਤੋਂ ਬਾਅਦ ਉਸ ਬੋਤੇ ਨੇ ਸਾਡੇ ਬਾਬਾ ਜੀ ਦੀ ਪੈੜਚਾਲ ਦੀ ਬਿੜਕ ਜਾਂ ਆਵਾਜ਼ ਕਹਿ ਲਉ, ਇਸ ਕਦਰ ਆਪਣੇ ਦਿਲ ਦਿਮਾਗ ‘ਚ ਪੱਕੀ ਵਸਾ ਲਈ ਕਿ ਉਹ ਬਾਬਾ ਜੀ ਦੇ ਨੇੜੇ ਆਉਣ ‘ਤੇ ਇਕਦਮ ਦਹਿਲ ਜਾਂਦਾ। ਦੱਸਦੇ ਨੇ ਕਿ ਖੂਹ ਜਾਂ ਵੇਲਣੇ ਨੂੰ ਜੋਤੇ ਹੋਏ ਦੇ ਭਾਵੇਂ ਉਸ ਦੇ ਖੋਪੇ ਲਾਏ ਹੁੰਦੇ ਸਨ, ਪਰ ਜਦ ਕਿਤੇ ਬਾਬਾ ਜੀ ਨੇ ਸਹਿਵਨ ਹੀ ਪੁੱਛਣਾ, “ਖੁਸ਼ੀ ਮੁਹੰਮਦ, ਕਿਆ ਕਰਦੇ ਐ ਬਈ?”, ਤਾਂ ਖੁਸ਼ੀ ਮੁਹੰਮਦ ਵੱਲੋਂ ਕੋਈ ਹੁੰਗਾਰਾ ਭਰਨ ਤੋਂ ਪਹਿਲੋਂ ਹੀ ਬੋਤੇ ਨੇ ਡਰਦਿਆਂ ਪਹਿਲਾਂ ਤੋਂ ਦੁੱਗਣੀ ਚਾਲੇ ਤੁਰਨ ਲੱਗ ਪੈਣਾ। ਲੰਬੜਾਂ ਦੇ ਘਰੇ ਬੁੱਢਾ ਹੋ ਕੇ ਮਰਨ ਤੱਕ ਉਸ ਬੋਤੇ ਨੂੰ ਸਾਡਾ ਬਾਬਾ ਨਹੀਂ ਸੀ ਭੁੱਲਿਆ।
ਇਹ ਤਾਂ ਸਨ ਕੁਝ ਚੌਪਾਇਆਂ ਦੀ ‘ਮੈਮਰੀ ਪਾਵਰ’ ਦੀਆਂ ਕਥਾਵਾਂ। ਹੁਣ ਲਗਦੇ ਹੱਥ ‘ਦੋ ਪਾਏ’, ਭਾਵ ਬੰਦੇ ਦੀ ਕਮਾਲ ਦੀ ਯਾਦਾਸ਼ਤ ਬਾਰੇ ਵੀ ਸੁਣ ਲਓ। ਮੇਰੇ ਪਿਤਾ ਜੀ ਇਹ ਅਜਬ ਕਿੱਸਾ ਅਕਸਰ ਉਦੋਂ ਸੁਣਾਇਆ ਕਰਦੇ ਸਨ, ਜਦ ਕਿਤੇ ਮਾਪਿਆਂ ਵੱਲੋਂ ਆਪਣੇ ਪੁੱਤਾਂ-ਧੀਆਂ ਲਈ ਜਫਰ ਜਾਲਣ ਦੀ ਗੱਲ ਛਿੜਦੀ।
ਜ਼ਿਲ੍ਹਾ ਹੁਸ਼ਿਆਰਪੁਰ ਵਿਚ ਮਾਹਲਪੁਰ ਕਸਬੇ ਦੇ ਲਾਗਲੇ ਪਿੰਡ ਨੰਗਲ ਦੇ ਉਸਤਾਦ ਰਾਗੀ ਪ੍ਰੋæ ਦਰਸ਼ਨ ਸਿੰਘ ‘ਕੋਮਲ’ ਬਚਪਨ ਵਿਚ ਹੀ ਕਲਾਸੀਕਲ ਸੰਗੀਤ ਸਿੱਖਣ ਲੱਗ ਪਏ। ਨੇਤਰਹੀਣ ਹੋਣ ਦੇ ਬਾਵਜੂਦ ਉਨ੍ਹਾਂ ਤਬਲੇ ਮਰਦੰਗ ਸਮੇਤ ਕਈ ਸਾਜ਼ਾਂ ਦੀ ਮੁਹਾਰਤ ਹਾਸਲ ਕਰ ਲਈ। ਦੂਰ-ਦੂਰ ਤੱਕ ਉਨ੍ਹਾਂ ਦੀਆਂ ਧੁੰਮਾਂ ਪੈਣ ਲੱਗੀਆਂ। ਇਹ ਪਤਾ ਨਹੀਂ ਕਿ ਕੀ ਸਬੱਬ ਬਣਿਆ ਹੋਵੇਗਾ ਕਿ ਉਹ ਬਚਪਨ ਤੋਂ ਜਵਾਨੀ ‘ਚ ਪੈਰ ਧਰਨ ਦੇ ਦਿਨੀਂ ਘਰਦਿਆਂ ਨੂੰ ਦੱਸੇ ਬਗੈਰ ਸੰਗੀਤ ਦੀ ਉਚੀ ਵਿੱਦਿਆ ਪ੍ਰਾਪਤੀ ਲਈ ਘਰੋਂ ਨਿਕਲ ਗਏ। ਸਾਲ-ਛੇ ਮਹੀਨੇ ਤਾਂ ਮਾਂ-ਬਾਪ ਉਡੀਕਦੇ ਰਹੇ ਕਿ ਉਹ ਆਪੇ ਵਾਪਸ ਮੁੜ ਆਉਣਗੇ, ਪਰ ਜਦ ਲੰਮਾ ਅਰਸਾ ਬੀਤਣ ਤੋਂ ਬਾਅਦ ਉਨ੍ਹਾਂ ਦੀ ਕੋਈ ਉਘ-ਸੁੱਘ ਨਾ ਮਿਲੀ ਤਾਂ ਮਾਪਿਆਂ ਨੂੰ ਚਿੰਤਾ ਹੋਈ।
ਉਨ੍ਹਾਂ ਦੇ ਬਜ਼ੁਰਗ ਪਿਤਾ ਆਪਣੇ ਪੁੱਤ ਦੀ ਭਾਲ ਵਿਚ ਲੱਕ ਬੰਨ੍ਹ ਕੇ ਤੁਰ ਪਏ। ਜਿਥੇ ਵੀ ਸੰਗੀਤ ਵਿਦਿਆਲਾ ਜਾਂ ਸੰਗੀਤ ਘਰਾਣਿਆਂ ਦਾ ਪਤਾ ਲੱਗਦਾ, ਉਹ ਉਥੇ ਪਹੁੰਚ ਜਾਂਦੇ। ਪੁੱਤ ਲਈ ਵਿਆਕੁਲ ਹੋਏ ਉਹ ਦਿੱਲੀ, ਮਥਰਾ ਤੱਕ ਘੁੰਮ ਆਏ, ਪਰ ਕੋਮਲ ਜੀ ਦਾ ਕੋਈ ਥਹੁ-ਪਤਾ ਨਾ ਲੱਗਾ। ਉਨ੍ਹਾਂ ਪੰਜਾਬ ਦੇ ਸੰਗੀਤ ਅਚਾਰੀਆਂ ਦੇ ਘਰੀਂ ਜਾ-ਜਾ ਕੇ ਵੀ ਪੁੱਛ-ਪੜਤਾਲ ਕੀਤੀ, ਪਰ ਕਿਤਿਉਂ ਵੀ ਕੋਈ ਸੂਹ ਨਾ ਮਿਲੀ। ਬਾਪੂ ਨੂੰ ਗੁਆਚੇ ਪੁੱਤ ਦੀ ਘੋਰ ਚਿੰਤਾ ਤਾਂ ਹੋਈ, ਪਰ ਉਹ ਨਿਰਾਸ਼ ਨਾ ਹੋਇਆ। ਉਸ ਦੇ ਕੰਨੀਂ ਲੋਕਾਂ ਦੀਆਂ ਇਹ ਆਵਾਜ਼ਾਂ ਵੀ ਪੈਂਦੀਆਂ ਰਹਿੰਦੀਆਂ ਕਿ ‘ਲਉ ਜੀ, ਉਹ ਕਿਤੇ ਹੁਣ ਤੱਕ ਜਿਉਂਦਾ ਹੋਣੈæææਅੰਨ੍ਹਾ ਸੀਗਾ, ਕਿਸੇ ਈਰਖਾਲੂ ਨੇ ਜ਼ਹਿਰ ਜ਼ੂਹਰ ਦੇ ਕੇ ਮਾਰ ਮੁਕਾਇਆ ਹੋਣਾ ਐਂ।’ ਪਰ ਉਸ ਦਾ ਸਿਦਕੀ ਬਾਪ ਬੜੇ ਵਿਸ਼ਵਾਸ ਨਾਲ ਆਖਦਾ, ‘ਮੇਰਾ ਪੁੱਤ ਜਿੱਥੇ ਵੀ ਹੋਵੇਗਾ, ਚੜ੍ਹਦੀ ਕਲਾ ਵਿਚ ਹੋਏਗਾ।’
ਘੁੰਮਦਿਆਂ-ਘੁਮਾਉਂਦਿਆਂ ਉਹ ਇਕੇਰਾਂ ਲਾਹੌਰ ਜਾ ਵੜਿਆ। ਉਥੇ ਕਿਸੇ ਬੈਂਡ ਪਾਰਟੀ ਦੇ ਸਾਜਿੰਦੇ ਪਾਸੋਂ ਗੀਤ ਸੰਗੀਤ ਸਿਖਾਉਣ ਵਾਲਿਆਂ ਦੇ ਅੱਡੇ-ਗੱਡੇ ਪੁੱਛੇ। ਉਹ ਨੇਕ ਸੱਜਣ ਉਨ੍ਹਾਂ ਨੂੰ ਨਾਲ ਲੈ ਇਕ ਬਾਜ਼ਾਰ ਵਿਚ ਚਲਾ ਗਿਆ। ਉਸ ਨੇ ਦੂਰੋਂ ਇਕ ਚੁਬਾਰੇ ਵੱਲ ਇਸ਼ਾਰਾ ਕਰ ਕੇ ਦੱਸਿਆ ਕਿ ਉਥੇ ਰਾਗ ਦੇ ਮੰਨੇ-ਪ੍ਰਮੰਨੇ ਉਸਤਾਦ ਜੀ ਰਹਿੰਦੇ ਨੇ। ਉਥੇ ਕਾਫੀ ਦੂਰੋਂ-ਦੂਰੋਂ ਸ਼ਾਗਿਰਦ ਆਉਂਦੇ-ਜਾਂਦੇ ਰਹਿੰਦੇ ਨੇ। ਉਹ ਦੋਵੇਂ ਜਣੇ ਗੱਲਾਂ ਕਰਦੇ ਚੁਬਾਰੇ ਦੇ ਹੇਠ ਪਹੁੰਚ ਗਏ। ਕਹਿੰਦੇ ਨੇ ਚੁਬਾਰੇ ਵਿਚੋਂ ਤਬਲਾ ਵੱਜਣ ਦੀ ਆ ਰਹੀ ਆਵਾਜ਼ ਸੁਣ ਕੇ ਬਜ਼ੁਰਗ ਨੇ ਥਾਂਏਂ ਪੈਰ ਗੱਡ ਲਏ। ਅੱਖਾਂ ‘ਚੋਂ ਤ੍ਰਿਪ ਤ੍ਰਿਪ ਹੰਝੂ ਕੇਰਦਿਆਂ ਉਹ ਘਿਗਿਆਈ ‘ਵਾਜ਼ ‘ਚ ਬੋਲਿਆ, “ਬੱਸ਼ææਇੱਥੇ ਈ ਐ ਮੇਰਾ ਪੁੱਤ!æææਆਹ ਤਬਲਾ ਉਹਦਾ ਹੀ ਵੱਜ ਰਿਹੈ!”
ਬਜ਼ੁਰਗ ਚਾਈਂ-ਚਾਈਂ ਚੁਬਾਰੇ ਚੜ੍ਹਿਆ। ਪੂਰੀ ਲੋਰ ‘ਚ ਆ ਕੇ ਤਬਲਾ ਵਜਾ ਰਹੇ ਆਪਣੇ ਨੇਤਰਹੀਣ ਪੁੱਤ ਨੂੰ ਗਲਵਕੜੀ ਵਿਚ ਲੈ ਕੇ ਬਾਪ ਦੀਆਂ ਆਂਦਰਾਂ ਨੂੰ ਠੰਢ ਪੈ ਗਈ ਹੋਵੇਗੀ।
ਕਿੱਸਾ ਪੂਰਨ ਭਗਤ ਦਾ ਸ਼ਾਇਰ ਕਹਿੰਦਾ ਹੈ ਕਿ ਪੁੱਤ ਦੇ ਵਿਯੋਗ ਵਿਚ ਅੰਨ੍ਹੀ ਹੋਈ ਮਾਂ ਇੱਛਰਾਂ ਨੂੰ ਪਤਾ ਲੱਗਾ ਕਿ ਕਿਸੇ ਜੋਗੀ ਦੇ ਆਉਣ ਕਰ ਕੇ ਰਾਜੇ ਸਲਵਾਨ ਦਾ ਸੁੱਕਿਆ ਬਾਗ ਮੁੜ ਹਰਾ ਹੋ ਗਿਆ ਹੈ। ਉਹ ਵੀ ਆਪਣੇ ਦਿਲ ਦਾ ਦਰਦ ਲੈ ਕੇ ਧੂਣਾ ਰਮਾਈ ਬੈਠੇ ‘ਜੋਗੀ’ ਕੋਲ ਜਾ ਪਹੁੰਚਦੀ ਹੈ। ਕਿੱਸਾਕਾਰ ਲਿਖਦਾ ਹੈ ਕਿ ਜਦੋਂ ਜੋਗੀ ਉਸ ਨੂੰ ਦੇਖ ਕੇ ‘ਆਉ ਮਾਤਾ’ ਕਹਿੰਦਾ ਹੈ ਤਾਂ ਇਹ ਬੋਲ ਸੁਣਦਿਆਂ ਮਾਂ ਇੱਛਰਾਂ ਦੇ ਦਿਲ-ਦਿਮਾਗ ‘ਚ ਦੱਬੀ ਪਈ ਪੂਰਨ ਪੁੱਤ ਦੀ ਆਵਾਜ਼ ਟੁਣਕ ਪੈਂਦੀ ਹੈ ਤੇ ਉਸ ਦੀਆਂ ਦੁੱਧੀਆਂ ਵਿਚ ਆਪਣੇ ਪੁੱਤ ਲਈ ਦੁੱਧ ਉਤਰ ਆਉਂਦਾ ਹੈ।
Leave a Reply