ਕਲਵੰਤ ਸਿੰਘ ਸਹੋਤਾ
ਫੋਨ: 604-589-5919
ਅੱਜ ਬੰਦਾ ਆਪਣੀਆਂ ਹੀ ਕਰਤੂਤਾਂ ਕਰਕੇ ਧੁੰਦ ਜ਼ਹਿਰੀਲੇ ਵਾਤਾਵਰਣ ‘ਚ ਜੀਅ ਰਿਹਾ ਹੈ। ਸਾਹ ਲੈਣ ਲਈ ਹਵਾ, ਖਾਣ ਦੀਆਂ ਚੀਜ਼ਾਂ, ਪੀਣ ਵਾਲਾ ਪਾਣੀ ਦਿਨੋਂ ਦਿਨ ਜ਼ਹਿਰੀਲੇ ਹੋਈ ਜਾ ਰਹੇ ਹਨ। ਹਜ਼ਾਰਾਂ-ਲੱਖਾਂ ਸਾਲਾਂ ਤੋਂ ਬੰਦਾ ਅਤੇ ਬਾਕੀ ਧਰਤੀ ‘ਤੇ ਪ੍ਰਗਟ ਜੀਵ, ਜੋ ਕੁਦਰਤੀ ਜੀਵਨ ਜਿਉਂਦੇ ਸਨ, ਅੱਜ ਬੰਦੇ ਦੀਆਂ ਮਾਰੀਆਂ ਅਖੌਤੀ ਮੱਲਾਂ, ਕਾਢਾਂ ਤੇ ਨਵੀਆਂ ਤੋਂ ਨਵੀਆਂ ਪੈਦਾ ਕੀਤੀਆਂ ਸੁੱਖ ਸਹੂਲਤਾਂ ਦੀਆਂ ਪ੍ਰਾਪਤੀਆਂ ਹੀ ਇਸ ਨੂੰ ਜ਼ਹਿਰੀਲੀ ਘੁੰਮਣਘੇਰੀ ‘ਚ ਫਸਾ ਰਹੀਆਂ ਹਨ।
ਗੱਡੀਆਂ ਮੋਟਰਾਂ, ਹਵਾਈ ਜਹਾਜ, ਸਮੁੰਦਰੀ ਜਹਾਜ ਬੰਦੇ ਨੇ ਬਣਾ ਕੇ ਸਮਾਨ ਢੋਣ, ਸਫਰ ਕਰਨ ਤੇ ਦੂਰ-ਦੁਰਾਡੇ ਦੀ ਵਾਟ ਝੱਬੇ ਨਿਬੇੜਨ ਲਈ ਇਨ੍ਹਾਂ ਯੰਤਰਾਂ ਦੀਆਂ ਕਾਢਾਂ ਕੱਢ ਮਾਰਕਾ ਮਾਰਨ ਦਾ ਪਟਕਾ ਤਾਂ ਜਰੂਰ ਜਿੱਤ ਲਿਆ; ਪਰ ਇਨ੍ਹਾਂ ਦੇ ਜੋ ਮਾਰੂ ਪ੍ਰਭਾਵ ਸਾਡੇ ਰੋਜ਼ਾਨਾ ਜੀਵਨ ‘ਤੇ ਪੈਣੇ ਸ਼ੁਰੂ ਹੋਏ ਹਨ, ਇਨ੍ਹਾਂ ਬਾਰੇ ਪਹਿਲਾਂ ਤਾਂ ਧਿਆਨ ਹੀ ਨਹੀਂ ਦਿੱਤਾ ਅਤੇ ਜਦੋਂ ਦੇਣਾ ਸ਼ੁਰੂ ਕੀਤਾ ਤਾਂ ਕਾਫੀ ਨੁਕਸਾਨ ਹੋ ਚੁਕਾ ਹੈ।
ਲੱਖਾਂ ਕਾਰਖਾਨਿਆਂ ‘ਚ ਜਾਲੇ ਜਾ ਰਹੇ ਕੋਲੇ ਦਾ ਧੂੰਆਂ, ਕਰੋੜਾਂ ਮੋਟਰਾਂ ਗੱਡੀਆਂ ‘ਚ ਜਲ ਰਹੇ ਪੈਟਰੋਲ ਦਾ ਧੂੰਆਂ, ਹਵਾਈ ਜਹਾਜਾਂ ਦੀਆਂ ਉਡਾਣਾਂ ‘ਚ ਜਲ ਰਹੇ ਤੇਲ ਦਾ ਧੂੰਆਂ ਅਤੇ ਵੱਡੇ ਤੋਂ ਵੱਡੇ ਸਮੰਦਰੀ ਜਹਾਜਾਂ, ਚਾਹੇ ਉਹ ਲਗਜ਼ਰੀ ਸਿੱæਪ ਹਨ ਜਾਂ ਸਮਾਨ ਢੋਣ ਵਾਲੇ ਬੇੜੇ, ਵਿਚ ਬਲਦੇ ਡੀਜ਼ਲ ਦਾ ਧੂੰਆਂ ਚੌਵੀ ਘੰਟੇ ਹਵਾ ‘ਚ ਰਲ ਵਾਤਾਵਰਣ ਨੂੰ ਜ਼ਹਿਰੀਲਾ ਬਣਾ ਰਿਹਾ ਹੈ, ਜਿਸ ਕਰਕੇ ਸਾਹ, ਦਿਲ ਤੇ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਬੰਦੇ ਨੂੰ ਆਪਣੀ ਜਕੜ ‘ਚ ਲਈ ਜਾ ਰਹੀਆਂ ਹਨ।
ਵੱਧ ਝਾੜ ਲੈਣ ਲਈ ਫਸਲਾਂ ਦੇ ਸੁਭਾਅ ਦੇ ਕੀਤੇ ਬਦਲਾਅ (ਜਿਨੈਟਿਕ ਮਾਡੀਫੀਕੇਸ਼ਨ) ਨੇ ਬੇਅੰਤ ਕਿਸਮ ਦੀਆਂ ਐਲਰਜੀਆਂ ਨੂੰ ਜਨਮ ਦਿੱਤਾ ਹੈ। ਹਜ਼ਾਰਾਂ ਸਾਲਾਂ ਤੋਂ ਕੁਦਰਤੀ ਪੈਦਾ ਹੋਏ ਅਨਾਜ਼ ਅਤੇ ਹੋਰ ਖੁਰਾਕਾਂ ਦੇ ਸੁਭਾਅ ‘ਚ ਬਣਾਉਟੀ ਤਬਦੀਲੀਆਂ ਕਰ ਉਪਜ/ਝਾੜ ਦੀ ਮਿਕਦਾਰ ਤਾਂ ਜਰੂਰ ਵਧਾ ਕੇ ਮੁਨਾਫੇ ਦਾ ਰਾਹ ਖੋਲ੍ਹ ਲਿਆ, ਪਰ ਨਾਲ ਹੀ ਜੋ ਸਰੀਰਕ ਬਿਮਾਰੀਆਂ ਦਾ ਦਰਵਾਜਾ ਖੋਲ੍ਹ ਲਿਆ, ਉਸ ਨਾਲ ਇੱਕ ਨਵੀਂ ਬਿਪਤਾ ਦਾ ਪਹਾੜ ਟੁੱਟ ਪਿਆ। ਅੱਗੇ ਦੇਖੋ, ਨਵ ਜੰਮੇ ਬੱਚਿਆਂ ‘ਚੋਂ ਕੋਈ ਕਣਕ ਤੋਂ, ਕੋਈ ਦੁੱਧ ਤੋਂ ਤੇ ਕੋਈ ਨੱਟਸ ਤੋਂ ਐਲਰਜਿਕ ਹੈ ਕਿ ਲਗਦਾ ਹੀ ਨਹੀਂ ਕਿ ਖਾਣ ਵਾਲੀ ਕੋਈ ਚੀਜ਼ ਸੁਰੱਖਿਅਤ ਹੈ। ਬੰਦੇ ਦੇ ਸਰੀਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਨ੍ਹਾਂ ਨਵੀਆਂ ਖੁਰਾਕਾਂ ਨੂੰ ਕਿਵੇਂ ਆਪਣੇ ਅੰਦਰ ਝੱਲੇ ਤੇ ਹਜ਼ਮ ਕਰੇ? ਪੰਜਾਹ ਸੱਠ ਸਾਲ ਪਹਿਲਾਂ ਤੱਕ ਤਾਂ ਸਰੀਰ ਨੇ ਅਜਿਹਾ ਕੁਝ ਦੇਖਿਆ ਹੀ ਨਹੀਂ ਸੀ। ਹਰ ਨਵੀਂ ਪੈਦਾ ਹੋਈ ਵਸਤ ਕਿਸੇ ਨਾ ਕਿਸੇ ਦੇ ਸਰੀਰ ਲਈ ਨਵੀਂ ਤੋਂ ਨਵੀਂ ਬਿਪਤਾ ਖੜ੍ਹੀ ਕਰ ਰਹੀ ਹੈ।
ਖੇਤੀ ਬਾੜੀ ਦੀਆਂ ਫਸਲਾਂ ਅਤੇ ਫਲਾਂ ‘ਤੇ ਕੀੜੇਮਾਰ ਦੁਆਈਆਂ ਦੀ ਹੋ ਰਹੀ ਅੰਨੀ ਵਰਤੋਂ ਨੇ ਇਨ੍ਹਾਂ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਇਹੀ ਜ਼ਹਿਰਾਂ ਹੌਲੀ ਹੌਲੀ ਸਾਡੇ ਸਰੀਰ ‘ਚ ਜਾ ਕੇ ਜਮਾਂ ਹੋਈ ਜਾ ਰਹੀਆਂ ਹਨ ਤੇ ਅੱਗੋਂ ਜਾ ਕੇ ਕਿਸੇ ਨਾ ਕਿਸੇ ਬਿਮਾਰੀ ਦੇ ਰੂਪ ‘ਚ ਪ੍ਰਗਟ ਹੋ ਆਪਣਾ ਪ੍ਰਭਾਵ ਦਿਖਾਉਂਦੀਆਂ ਹਨ। ਅੱਜ ਛਿੜਕੀਆਂ ਜਾ ਰਹੀਆਂ ਜਿਨ੍ਹਾਂ ਦਵਾਈਆਂ ਨੂੰ ਸਬੰਧਤ ਮਹਿਕਮੇ ਸੁਰੱਖਿਅਤ ਦੱਸ ਰਹੇ ਹਨ, ਇਨ੍ਹਾਂ ਨੂੰ ਹੀ ਆਉਣ ਵਾਲੇ ਸਾਲਾਂ ‘ਚ ਮਾਰੂ ਕਹਿਣਗੇ, ਉਦੋਂ ਤੱਕ ਲੱਖਾਂ ਲੋਕਾਂ ਨੂੰ ਇਹ ਆਪਣੀ ਜਕੜ ‘ਚ ਲੈ ਚੁਕੀਆਂ ਹੋਣਗੀਆਂ। ਫਸਲਾਂ ‘ਤੇ ਖਾਦਾਂ ਦੀ ਹੋ ਰਹੀ ਬੇਤਹਾਸ਼ਾ ਵਰਤੋਂ ਨੇ ਨਾ ਸਿਰਫ ਧਰਤੀ ਨੂੰ ਹੀ ਸਗੋਂ ਪੀਣ ਵਾਲੇ ਪਾਣੀ ਨੂੰ ਵੀ ਜ਼ਹਿਰੀਲਾ ਕਰ ਦਿੱਤਾ ਹੈ। ਇਨ੍ਹਾਂ ਖਾਦਾਂ ਦੇ ਰਸਾਇਣ (ਨਾਈਟਰੇਟ ਤੇ ਸਲਫੇਟ) ਪਾਣੀ ‘ਚ ਘੁਲ ਸਾਡੇ ਅੰਦਰ ਜਾ ਨਵੀਂ ਤੋਂ ਨਵੀਂ ਬਿਮਾਰੀ ਨੂੰ ਜਨਮ ਦੇ ਰਹੇ ਹਨ।
ਅਜੋਕੀਆਂ ਪੋਲਟਰੀ ਅਤੇ ਡੇਅਰੀ ਵਸਤਾਂ ‘ਚ ਕਿੰਨੇ ਕੁ ਸਟੀਰੌਇਡ, ਗਰੋਥ ਹਾਰਮੋਨਜ਼ ਅਤੇ ਹੋਰ ਖੇਹ ਸੁਆਹ ਮੌਜੂਦ ਹੈ, ਇਸ ਦਾ ਕੋਈ ਅੰਤ ਹੀ ਨਹੀਂ ਅਤੇ ਨਾ ਹੀ ਸਾਡੇ ਕੋਲ ਇਸ ਦਾ ਕੋਈ ਬਦਲ ਹੈ, ਕਿਉਂਕਿ ਇਹ ਸਾਰਾ ਕੁਝ ਇੱਕ ਸਿਸਟਮ ਅਧੀਨ ਹੈ, ਵਿਅਕਤੀਗਤ ਤੌਰ ‘ਤੇ ਇਨ੍ਹਾਂ ਦਾ ਬਦਲ ਲੱਭਣਾ ਨਾਂ ਦੇ ਬਰਾਬਰ ਹੈ। ਇਹ ਸਾਰਾ ਕੁਝ ਵੱਧ ਪੈਦਾਇਸ਼ ਤੇ ਮੁਨਾਫਾ ਕਮਾਉਣ ਦੀ ਲੱਗੀ ਅੰਨੀ ਦੌੜ ਕਰਕੇ ਹੋ ਰਿਹਾ ਹੈ।
ਹੁਣ ਆਉਂਦੇ ਹਾਂ ਕੌਸਮੈਟਿਕ ਵੱਲ। ਬਣਾਉਟੀ ਸੁਹੱਪਣ ਬਣਾਉਣ ਲਈ ਅਸੀਂ ਕਿੰਨੇ ਪਰਫਿਊਮ, ਕਰੀਮਾਂ, ਪਾਊਡਰ ਅਤੇ ਹੋਰ ਬੇਅੰਤ ਕਿਸਮ ਦੇ ਸੁਗੰਧੀ ਸਪਰੇ ਬਰਤਦੇ ਹਾਂ। ਕਦੇ ਪਤਾ ਕਰਨ ਦਾ ਯਤਨ ਕੀਤਾ ਕਿ ਉਨ੍ਹਾਂ ‘ਚ ਕਿੰਨੇ ਕਿਸਮ ਦੀਆਂ ਜ਼ਹਿਰਾਂ (ਕਾਰਸਿਨੋਜਿਨਜ਼) ਰਲੀਆਂ ਹਨ? ਕਿੰਨੇ ਕਿਸਮ ਦੀਆਂ ਬਿਮਾਰੀਆਂ ਨੂੰ ਜਨਮ ਦੇਣ ਦੀ ਉਹ ਸਮਰੱਥਾ ਰੱਖਦੀਆਂ ਹਨ? ਇਹ ਨਾ ਹੀ ਇਨ੍ਹਾਂ ਨੂੰ ਬਣਾAਣ ਵਾਲੇ ਦੱਸਦੇ ਹਨ ਅਤੇ ਨਾ ਹੀ ਵਰਤਣ ਵਾਲਿਆਂ ਨੇ ਕਦੇ ਸੋਚਿਆ ਹੈ। ਕੁਦਰਤੀ ਚੀਜ਼ਾਂ ਦੀ ਥਾਂ ਅੱਜ ਅਸੀਂ ਨਕਲੀ ਅਤੇ ਬਣਾਵਟੀ (ਸਨਥੈਟਿਕ) ਚੀਜ਼ਾਂ ਦੇ ਗੁਲਾਮ ਹੋ ਕੇ ਰਹਿ ਗਏ ਹਾਂ। ਇਨ੍ਹਾਂ ਚੀਜ਼ਾਂ ਨੂੰ ਬਣਾAਣ ਅਤੇ ਵੇਚਣ ਵਾਲੀਆਂ ਬਹੁਕੌਮੀ ਕਾਰਪੋਰੇਸ਼ਨਾਂ ਦਹਾਕਿਆਂ ਬੱਧੀ ਮੁਨਾਫਾ ਕਮਾ ਕੇ ਬੰਦੇ ਨੂੰ ਬਿਮਾਰੀਆਂ ਦੇ ਪਿੰਜਰੇ ‘ਚ ਸੁੱਟ ਤੁਰਦੀਆਂ ਬਣਦੀਆਂ ਹਨ।
ਹੁਣ ਆਪਾਂ ਗੱਲ ਕਰਦੇ ਹਾਂ ਫਾਸਟ ਫੂਡ ਤੇ ਖੰਡ ਤੋਂ ਬਣੇ ਖਾਣਿਆਂ ਦੀ। ਫਾਸਟ ਫੂਡ ਦੇ ਆਊਟ ਲੈਟ ਵੱਖੋ ਵੱਖਰੇ ਕੰਪਨੀ ਨਾਂਵਾਂ ਥੱਲੇ ਲੱਖਾਂ ਦੀ ਤਾਦਾਦ ਵਿਚ ਮੌਜੂਦ ਹਨ। ਉਨ੍ਹਾਂ ‘ਚ ਵਿਕਦਾ ਭੋਜਨ ਤੇ ਪੀਣ ਵਾਲੇ ਪਦਾਰਥ ਸੁਆਦੀ ਤਾਂ ਜਰੂਰ ਲੱਗਦੇ ਹਨ ਪਰ ਕਦੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਤਿਆਰ ਕਰਨ ਦਾ ਤਰੀਕਾ ਤੇ ਵਰਤਿਆ ਜਾ ਰਿਹਾ ਸਮਾਨ ਕਿੰਨਾ ਗੈਰ ਸਿਹਤਮੰਦ ਹੈ?
ਖੰਡ ਸਾਡੇ ਸਰੀਰ ਲਈ ਜ਼ਹਿਰ ਹੈ ਜਿਸ ਨੂੰ ਅਸੀਂ ਮਿੱਠਾ ਸਮਝ ਕੇ ਖਾਈ ਤੁਰੇ ਜਾਂਦੇ ਹਾਂ। ਕੁਦਰਤੀ ਫਲਾਂ ਆਦਿ ਤੋਂ ਮਿਲੀ ਖੰਡ ਨੂੰ ਸਾਂਭਣ ਦਾ ਤਾਂ ਸਰੀਰ ਦਾ ਪ੍ਰਬੰਧ ਹੈ ਪਰ ਚਿੱਟੀ ਸਾਫ ਖੰਡ ਅਤੇ ਇਸ ਤੋਂ ਬਣੇ ਖਾਣ ਪੀਣ ਦੇ ਪਦਾਰਥ, ਜੋ ਅਸੀਂ ਰੋਜ਼ ਅੰਦਰ ਡਕਾਰਦੇ ਹਾਂ, ਨਿਰਾ ਜ਼ਹਿਰ ਹਨ, ਜਿਸ ਨਾਲ ਲੜਨ ਲਈ ਸਰੀਰ ਦੇ ਮੁੱਖ ਅੰਗਾਂ-ਦਿਲ, ਫੇਫੜੇ, ਜਿਗਰ, ਸਪਲੀਨ, ਪੈਂਕਰੀਅਸ, ਗੁਰਦੇ ਆਦਿ ਨੂੰ ਲਗਾਤਾਰ ਲੜਾਈ ਲੜਦੇ ਰਹਿਣਾ ਪੈਂਦਾ ਹੈ ਅਤੇ ਆਖਰ ਉਹ ਥੱਕ ਜਾਂਦੇ ਹਨ ਤੇ ਇੰਜ ਅਸੀਂ ਮੋਟਾਪਾ, ਖੰਡ ਰੋਗ (ਡਾਇਬਟੀਜ਼), ਸਾਹ, ਤਣਾਓ, ਦਿਲ ਤੇ ਸਟਰੋਕ ਜਿਹੇ ਰੋਗਾਂ ਦੀ ਜਕੜ ‘ਚ ਜਕੜੇ ਜਾਂਦੇ ਹਾਂ। ਇਨ੍ਹਾਂ ਰੋਗਾਂ ‘ਤੇ ਕਾਬੂ ਪਾਉਣ ਲਈ ਸਾਨੂੰ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਹੈ, ਜਿਨ੍ਹਾਂ ਦੇ ਆਪਣੇ ਵੱਖੋ ਵੱਖਰੇ ਸਾਈਡ ਇਫੈਕਟਸ ਹਨ ਤੇ ਇੰਜ ਅਸੀਂ ਹੋਰ ਵੀ ਘੁੰਮਣ ਘੇਰੀ ‘ਚ ਗ੍ਰਸੇ ਜਾਂਦੇ ਹਾਂ।
ਅੱਜ ਤਰੱਕੀ ਦੇ ਨਾਂ ‘ਤੇ ਅਜਿਹਾ ਯੁੱਧ ਛਿੜਿਆ ਹੋਇਆ ਹੈ ਕਿ ਸਾਨੂੰ ਪਤਾ ਹੀ ਨਹੀਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕਿੰਨਾ ਡੂੰਘਾ ਖੱਡਾ ਪੁੱਟ ਰਹੇ ਹਾਂ; ਤਰੱਕੀਆਂ ਦੀ ਆੜ ‘ਚ ਹਰ ਪਲ ਵਾਤਾਵਰਣ ਨੂੰ ਜ਼ਹਿਰੀਲਾ ਬਣਾਉਣ ‘ਚ ਵਾਧਾ ਕਰੀ ਜਾ ਰਹੇ ਹਾਂ। ਤਰੱਕੀਆਂ ਤੇ ਖੁਸ਼ਹਾਲੀਆਂ ਕੀ ਮਾਇਨੇ ਰੱਖਣਗੀਆਂ ਜੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਲਈ ਸ਼ੁੱਧ ਪਾਣੀ, ਖਾਣ ਲਈ ਸ਼ੁੱਧ ਖੁਰਾਕਾਂ ਤੇ ਸਾਹ ਲੈਣ ਲਈ ਸਾਫ ਸੁਥਰੀ ਹਵਾ ਹੀ ਨਾ ਰਹੀ? ਕੀ ਅਸੀਂ ਇਨ੍ਹਾਂ ਤਰੱਕੀਆਂ ਦੇ ਨਸ਼ੇ ‘ਚ ਹੀ ਧੁੱਤ ਸੁੱਧ-ਬੁੱਧ ਗੁਆਈ ਬੈਠੇ ਹਾਂ? ਜਿਨ੍ਹਾਂ ਘਰਾਂ ‘ਚ ਅਸੀਂ ਰਹਿੰਦੇ ਹਾਂ, ਉਨ੍ਹਾਂ ‘ਚ ਕਿੰਨਾ ਕੁਝ ਬਨਾਵਟੀ ਤੇ ਨਕਲੀ ਹੈ; ਸਿਰਫ ਲੱਕੜ ਤੋਂ ਬਿਨਾ ਬਾਕੀ ਸਭ ਚੀਜ਼ਾਂ ਰਸਾਇਣਾਂ ਨੂੰ ਮਿਲਾ ਕੇ ਬਣੀਆਂ ਹਨ। ਰੱਗ, ਰੰਗ, ਡਰਾਈਵਾਲ, ਨਕਲੀ ਲੱਕੜ ਦੇ ਫਰਸ਼, ਪਲਾਸਟਿਕ ਦੇ ਪਾਈਪ ਅਤੇ ਕੱਪੜੇ-ਲੀੜੇ, ਸਭਨਾਂ ‘ਚ ਕੋਈ ਨਾ ਕੋਈ ਰਸਾਇਣ ਹੈ। ਇਨ੍ਹਾਂ ਦੇ ਛੋਟੇ ਛੋਟੇ ਕਣ ਟੁੱਟ ਕੇ ਸਾਹ ਰਾਹੀਂ ਸਾਡੇ ਅੰਦਰ ਜਾਂਦੇ ਹਨ, ਫੇਫੜਿਆਂ ‘ਚ ਜਮ੍ਹਾਂ ਹੁੰਦੇ ਹਨ, ਖੂਨ ‘ਚ ਜਾਂਦੇ ਹਨ, ਤੰਤੂ ਪ੍ਰਬੰਧ ‘ਚ ਪਰਵੇਸ਼ ਕਰਦੇ ਹਨ ਅਤੇ ਸਰੀਰ ‘ਤੇ ਕੀ ਕੀ ਮਾਰੂ ਪ੍ਰਭਾਵ ਪਾਉਂਦੇ ਹਨ, ਇਨ੍ਹਾਂ ਬਾਰੇ ਪਹਿਲਾਂ ਤਾਂ ਉਪਭੋਗਤਾ ਨੂੰ ਪਤਾ ਹੀ ਨਹੀਂ ਪਰ ਜੇ ਉਨ੍ਹਾਂ ਨੂੰ ਬਣਾਉਣ ਵਾਲਿਆਂ ਨੂੰ ਪਤਾ ਵੀ ਹੋਵੇ ਤਾਂ ਉਨ੍ਹਾਂ ਖਪਤਕਾਰ ਨੂੰ ਦੱਸਣਾ ਕਦੇ ਨਹੀਂ ਕਿਉਂਕਿ ਉਨ੍ਹਾਂ ਤਾਂ ਆਪਣਾ ਸਾਮਾਨ ਵੇਚਣਾ ਹੈ। ਸੋ, ਅਸੀਂ ਜ਼ਹਿਰੀਲੇ ਵਾਤਾਵਰਣ ਦੇ ਭਵਸਾਗਰ ‘ਚ ਡੁੱਬਦੇ ਚਲੇ ਜਾ ਰਹੇ ਹਾਂ।
ਇਹ ਤਾਂ ਕੁਝ ਕੁ ਹੀ ਮਿਸਾਲਾਂ ਹਨ, ਜੋ ਰੋਜ਼ਾਨਾ ਅਸੀਂ ਵੇਖਦੇ, ਭਾਂਪਦੇ ਤੇ ਮਹਿਸੂਸਦੇ ਹਾਂ। ਇੱਕਾ ਦੁੱਕਾ ਇਸ ਦੇ ਅਸਰ ਭਾਵੇਂ ਸਾਨੂੰ ਨਾ ਦਿਸਦੇ ਹੋਣ ਪਰ ਹੌਲੀ ਹੌਲੀ ਸਮਾਂ ਪਾ ਕੇ, ਇਨ੍ਹਾਂ ਦਾ ਜੋ ਮਾਰੂ ਪ੍ਰਭਾਵ ਪੈਂਦਾ ਹੈ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ। ਮਿਸਾਲ ਵਜੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਐਸਬੈਸਟਿਸ ਦੀ ਵਰਤੋਂ ਪ੍ਰਚਲਿਤ ਸੀ, ਆਮ ਘਰਾਂ ਤੇ ਹੋਰ ਬੇਅੰਤ ਚੀਜ਼ਾਂ ‘ਚ ਇਸ ਦਾ ਇਸਤੇਮਾਲ ਸੀ, ਸਮਾਂ ਪਾ ਕੇ ਜਾਹਰ ਹੋਇਆ ਕਿ ਇਹ ਫੇਫੜਿਆਂ ‘ਤੇ ਕਿੰਨਾ ਮਾਰੂ ਅਸਰ ਛੱਡਦੀ ਹੈ ਤੇ ਕੈਂਸਰ ਦਾ ਕਾਰਨ ਬਣਦੀ ਹੈ। ਦਹਾਕਿਆਂ ਬੱਧੀ ਮਲੇਰੀਏ ਦੇ ਖਾਤਮੇ ਲਈ ਡੀæ ਡੀæ ਟੀæ ਮੱਛਰ ਮਾਰਨ ਲਈ ਵਰਤੋਂ ‘ਚ ਰਹੀ ਹੈ। ਇਸੇ ਤਰ੍ਹਾਂ 2æ 4æ ਡੀæ ਵੱਖੋ ਵੱਖਰੇ ਕਮਰਸ਼ੀਅਲ ਨਾਂਵਾਂ ਥੱਲੇ ਫਾਰਮਾਂ ਅਤੇ ਘਰਾਂ ‘ਚ ਜੜੀਆਂ ਬੂਟੀਆਂ ਮਾਰਨ ਲਈ ਬੇਤਹਾਸ਼ਾ ਵਰਤੀ, ਪਰ ਲੰਬਾ ਅਰਸਾ ਵਰਤੋਂ ‘ਚ ਰਹਿਣ ਮਗਰੋਂ ਇਹ ਬੈਨ ਕਰ ਦਿੱਤੀਆਂ ਕਿਉਂਕਿ ਸਿਹਤ ਲਈ ਇਹ ਡਾਢੀਆਂ ਹਾਨੀਕਾਰਕ ਸਾਬਤ ਹੋਈਆਂ। ਅਜਿਹੀਆਂ ਹੋਰ ਬੇਅੰਤ ਰਸਾਇਣਕ ਚੀਜ਼ਾਂ ਸਾਡੇ ਰੋਜ਼ਾਨਾ ਜੀਵਨ ‘ਚ ਹਾਲੇ ਵੀ ਇਸਤੇਮਾਲ ਹੋ ਰਹੀਆਂ ਹਨ, ਜਿਨ੍ਹਾਂ ਦੇ ਅਸਰ ਤੋਂ ਅਸੀਂ ਅਣਜਾਣ ਹਾਂ ਜਾਂ ਸਬੰਧਤ ਮਹਿਕਮੇ ਜਾਣ-ਬੁੱਝ ਕੇ ਦੱਸਣ ਤੋਂ ਕੁਤਾਹੀ ਕਰ ਰਹੇ ਹਨ।
ਸਮੁੱਚੇ ਵਾਤਾਵਰਣ ਨੂੰ ਕੰਟਰੋਲ ਕਰਨਾ ਭਾਵੇਂ ਇਕੱਲੇ ਦੁਕੱਲੇ ਦੇ ਬੱਸ ‘ਚ ਨਹੀਂ ਪਰ ਇੁਸ ਬਾਰੇ ਚੌਕੰਨੇ ਹੋਣਾ ਤੇ ਆਪਣਾ ਜੀਵਨ ਢੰਗ ਉਸ ਤਰ੍ਹਾਂ ਦਾ ਬਣਾਉਣਾ ਜਾਂ ਅਪਨਾਉਣ ਦਾ ਯਤਨ ਕਰਨਾ, ਜਿਸ ਨਾਲ ਵਾਤਾਵਰਣ ਸ਼ੁੱਧ ਰਹੇ, ਇਹ ਤਾਂ ਬੱਸ ‘ਚ ਜਰੂਰ ਹੈ। ਜੀਵਨ ਸਾਦਾ ਰੱਖਿਆ ਜਾਏ, ਬਹੁਤੇ ਰਸਾਇਣ ਵਰਤਣੋਂ ਪਰਹੇਜ ਕੀਤਾ ਜਾਏ, ਭੋਜਨ ਤਾਜਾ ਘਰੇ ਹੀ ਤਿਆਰ ਕਰਕੇ ਖਾਧਾ ਜਾਏ। ਬਣੇ ਬਣਾਏ ਫਾਸਟ ਫੂਡ ਅਤੇ ਡੱਬਾ ਬੰਦ ਖਾਧ ਖੁਰਾਕ ਤੋਂ ਤੌਬਾ ਕੀਤੀ ਜਾਏ, ਇਤਿਆਦਿ ਕਦਮ ਤਾਂ ਅਸੀਂ ਇਕ ਇਕ ਕਰਕੇ ਚੁੱਕ ਸਕਦੇ ਹਾਂ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਰਬੱਤ ਦੇ ਭਲੇ ਨੂੰ ਸਨਮੁੱਖ ਇਸ ਨੂੰ ਆਪੋ ਆਪਣੇ ਤੌਰ ‘ਤੇ ਪ੍ਰਚਾਰਿਆ ਜਾਏ ਤੇ ਇਨ੍ਹਾਂ ਵਾਰੇ ਚੇਤੰਨ ਰਹਿਣ ਦਾ ਤਹੱਈਆ ਕੀਤਾ ਜਾਏ। ਵਾਤਾਵਰਣ ਨੂੰ ਸ਼ੁੱਧ ਰੱਖਣ, ਖਰਾਬ ਹੋਣ ਤੋਂ ਬਚਾਉਣ ਵਾਲਿਆਂ ਨੂੰ ਸਹਿਯੋਗ ਦਿੱਤਾ ਜਾਏ ਤੇ ਬਰਾਬਰ ਦੇ ਬਦਲ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ, ਤਦੇ ਪਹਿਲਾਂ ਹੀ ਜ਼ਹਿਰੀਲੇ ਹੋ ਚੁਕੇ ਵਾਤਾਵਰਣ ਨੂੰ ਹੋਰ ਜ਼ਹਿਰੀਲਾ ਹੋਣ ਤੋਂ ਬਚਾਉਣ ਵਲ ਨੂੰ ਸੇਧ ਸੇਧੀ ਜਾ ਸਕੇਗੀ।