ਪੰਚਾਇਤੀ ਚੋਣਾਂ ਵਿਚ ਕਾਂਗਰਸ ਦੀ ਝੰਡੀ

ਚੰਡੀਗੜ੍ਹ: ਪੰਜਾਬ ਵਿਚ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸਮਿਤੀਆਂ ਦੀਆਂ ਚੋਣਾਂ ਵਿਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਇਹ ਚੋਣਾਂ ਇਸ ਪੱਖੋਂ ਵੀ ਇਤਿਹਾਸਕ ਬਣ ਗਈਆਂ ਕਿ ਇਸ ਵਿਚ ਵਿਰੋਧੀ ਧਿਰ ਦਾ ਇਕ ਤਰ੍ਹਾਂ ਨਾਲ ਸਫਾਇਆ ਹੀ ਹੋ ਗਿਆ। ਵਿਧਾਨ ਸਭਾ ਚੋਣਾਂ ਵਿਚ 20 ਸੀਟਾਂ ਲੈ ਕੇ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਦਾ ਤਾਂ ਪੂਰੀ ਤਰ੍ਹਾਂ ਮਾਂਜੀ ਗਈ। ਇਸ ਧਿਰ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਇਕ ਵੀ ਸੀਟ ਹਾਸਲ ਨਹੀਂ ਹੋਈ।

22 ਜ਼ਿਲ੍ਹਾ ਪ੍ਰੀਸ਼ਦਾਂ ਦੇ 353 ਜ਼ੋਨਾਂ ਦੇ ਨਤੀਜਿਆਂ ਅਨੁਸਾਰ ਕਾਂਗਰਸ ਪਾਰਟੀ ਦੇ 331 ਉਮੀਦਵਾਰ ਜੇਤੂ ਰਹੇ, ਜਦਕਿ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ, ਸ਼੍ਰੋਮਣੀ ਅਕਾਲੀ ਦਲ ਦੇ 18, ਭਾਰਤੀ ਜਨਤਾ ਪਾਰਟੀ ਦੇ 2 ਅਤੇ ਆਜ਼ਾਦ ਅਤੇ ਹੋਰ 2 ਜੇਤੂ ਰਹੇ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਦੇ 2899 ਜ਼ੋਨਾਂ ਵਿਚੋਂ ਕਾਂਗਰਸ ਦੇ 2351 ਉਮੀਦਵਾਰ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੇ 20, ਸ਼੍ਰੋਮਣੀ ਅਕਾਲੀ ਦਲ ਦੇ 353 ਅਤੇ ਆਜ਼ਾਦ ਅਤੇ ਹੋਰ 107 ਜੇਤੂ ਰਹੇ। ਇਨ੍ਹਾਂ ਪੰਚਾਇਤੀ ਰਾਜ ਸੰਸਥਾਵਾਂ ‘ਤੇ ਕਾਂਗਰਸ ਪਾਰਟੀ ਦਾ ਝੰਡਾ ਪੂਰੇ ਦਸ ਸਾਲਾਂ ਬਾਅਦ ਝੁੱਲਿਆ ਹੈ। 2008 ਤੇ 2013 ਵਿਚ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੀ ਜੇਤੂ ਰਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਪਣੇ ਗੜ੍ਹ ਮੁਕਤਸਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਅਤੇ ਮਾਨਸਾ ਵਿਚ ਵੀ ਕਾਂਗਰਸ ਦੀ ਫਤਿਹ ਅਕਾਲੀ ਦਲ ਲਈ ਵੱਡਾ ਝਟਕਾ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਨੇ ਅਕਾਲੀ ਵਰਕਰਾਂ ਦਾ ਮਨੋਬਲ ਚੁੱਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਤੇ ਚੋਣਾਂ ਵਾਲੇ ਦਿਨ ਖੁਦ ਮੈਦਾਨ ਵਿਚ ਨਿੱਤਰੇ ਸਨ। ਚੋਣਾਂ ਦੌਰਾਨ ਖਾਸ ਕਰਕੇ ਮਾਲਵਾ ਖਿੱਤੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਗੋਲੀ ਕਾਂਡ ਦਾ ਮੁੱਦਾ ਭਾਰੂ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਬੇਅਦਬੀ ਕਾਂਡ ‘ਤੇ ਹੋਈ ਬਹਿਸ ਤੋਂ ਬਾਅਦ ਬਦਨਾਮੀ ਦੇ ਦਾਗ ਧੋਣ ਲਈ ਚੋਣਾਂ ਨੂੰ ਲੁਕਵਾਂ ਨਿਸ਼ਾਨਾ ਬਣਾ ਕੇ ਮਾਲਵਾ ਖੇਤਰ ਵਿਚ ਖੁੱਸਿਆ ਵੱਕਾਰ ਬਹਾਲ ਕਰਨ ਲਈ ਅਬੋਹਰ ਅਤੇ ਫਰੀਦਕੋਟ ਵਿਚ ਰੈਲੀਆਂ ਵੀ ਕੀਤੀਆਂ। ਅਬੋਹਰ ਇਲਾਕੇ ਵਿਚ ਤਾਂ ਅਕਾਲੀ ਦਲ ਅਤੇ ਭਾਜਪਾ ਖਾਤਾ ਖੋਲ੍ਹਣ ਵਿਚ ਕਾਮਯਾਬ ਰਹੇ ਜਦੋਂ ਕਿ ਫਰੀਦਕੋਟ ਜ਼ਿਲ੍ਹੇ ‘ਚ ਪੰਥਕ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਨ੍ਹਾਂ ਚੋਣਾਂ ਨਾਲ ਅਕਾਲੀਆਂ ਦਾ ਦਿਹਾਤੀ ਵੋਟ ਬੈਂਕ ਖਿਸਕਦਾ ਵੀ ਦਿਖਾਈ ਦੇ ਰਿਹਾ ਹੈ। ਸੂਬੇ ਦੇ ਕਈ ਸਿਆਸਤਦਾਨਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਵੀ ਇਨ੍ਹਾਂ ਚੋਣਾਂ ਦੌਰਾਨ ਸਾਹਮਣੇ ਲਿਆਂਦਾ ਸੀ ਅਤੇ ਕੁਝ ਸਿਆਸਤਦਾਨਾਂ ਨੂੰ ਇਸ ਵਿਚ ਕਾਮਯਾਬੀ ਵੀ ਮਿਲੀ। ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੁੱਤਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦੀ ਲੜਕੀ ਜਿੱਤਣ ਵਿਚ ਕਾਮਯਾਬ ਰਹੇ। ਮਾਝੇ ਵਿਚ ਗੁਰਦਾਸਪੁਰ ਜ਼ਿਲ੍ਹੇ ਅੰਦਰ ਅਕਾਲੀਆਂ ਨੂੰ ਨਮੋਸ਼ੀ ਝੱਲਣੀ ਪਈ। ਮਾਲਵੇ ਵਿਚ ਪਟਿਆਲਾ ਸਮੇਤ ਕਈ ਹੋਰ ਜ਼ਿਲ੍ਹੇ ਵੀ ਅਕਾਲੀਆਂ ਲਈ ਨਿਰਾਸ਼ਾਜਨਕ ਰਹੇ। ਇਨ੍ਹਾਂ ਚੋਣਾਂ ਨੂੰ ਅਕਾਲੀ ਦਲ ਨੇ ਵੱਕਾਰੀ ਬਣਾਉਂਦਿਆਂ ਵਿਧਾਨ ਸਭਾ ਚੋਣਾਂ ਦੀ ਨਮੋਸ਼ੀ ਖਤਮ ਕਰਨ ਦਾ ਰਾਹ ਲੱਭਿਆ ਸੀ ਪਰ ਅਕਾਲੀ ਦਲ ਨੂੰ ਇਸ ਵਿਚ ਕਾਮਯਾਬੀ ਨਹੀਂ ਮਿਲੀ। ਮਾਝੇ ਵਿਚ ਗੁਰਦਾਸਪੁਰ ਅਤੇ ਪਠਾਨਕੋਟ ਵਿਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਮਿਲੀ। ਮਾਲਵੇ ਵਿਚ ਵੀ ਜ਼ਿਲ੍ਹਾ ਪ੍ਰੀਸ਼ਦਾਂ ‘ਤੇ ਕਾਂਗਰਸ ਕਾਬਜ਼ ਹੋਈ ਹੈ ਪਰ ਪੰਚਾਇਤ ਸਮਿਤੀਆਂ ਵਿਚ ਜ਼ਰੂਰ ਅਕਾਲੀਆਂ ਤੇ ‘ਆਪ’ ਨੂੰ ਸੀਟਾਂ ਮਿਲੀਆਂ ਹਨ।
_____________________________
ਤੈਅ ਸੀ ਅਕਾਲੀ ਦਲ ਦੀ ਹੋਣੀ
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਵੇਂ ਨਮੋਸ਼ੀ ਭਰੀ ਹਾਰ ਲਈ ਕਾਂਗਰਸੀਆਂ ਵੱਲੋਂ ਕੀਤੀ ‘ਧੱਕੇਸ਼ਾਹੀ’ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਮਾਮਲਿਆਂ ਨਾਲ ਜੁੜੇ ਮਾਹਿਰ ਇਸ ਤਰਕ ਨਾਲ ਸਹਿਮਤ ਨਹੀਂ ਹਨ। ਅਸਲ ਵਿਚ ਅਕਾਲੀ ਦਲ ਦੀ ਹੋਣੀ ਪਹਿਲਾਂ ਹੀ ਤੈਅ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਿਚ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਪਿੱਛੋਂ ਪੈਦਾ ਹੋਏ ਲੋਕ ਰੋਹ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਕਿ ਅਕਾਲੀਆਂ ਦੇ ਪੈਰ ਛੇਤੀ ਲੱਗਣ ਵਾਲੇ ਨਹੀਂ। ਚੋਣ ਪ੍ਰਚਾਰ ਦੌਰਾਨ ਥਾਂ-ਥਾਂ ਅਕਾਲੀਆਂ ਦਾ ਵਿਰੋਧ ਹੋਇਆ। ਕਈ ਥਾਈਂ ਰੈਲੀਆਂ ਵਿਚੇ ਛੱਡ ਕੇ ਭੱਜਣਾ ਪਿਆ। ਇਸ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪਹਿਲਾਂ ਹੀ ਰੌਲਾ ਪਾ ਦਿੱਤਾ ਕਿ ਕਾਂਗਰਸ ਧੱਕੇਸ਼ਾਹੀ ਨਾਲ ਚੋਣਾਂ ਜਿੱਤਣ ਦੀ ਤਿਆਰੀਆਂ ਵਿਚ ਹੈ। ਚੋਣਾਂ ਵਾਲੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਬੂਥਾਂ ਉਤੇ ਛਾਪੇ ਮਾਰਦੇ ਰਹੇ। ਇਥੋਂ ਤੱਕ ਕੁਝ ਕਾਂਗਰਸੀ ਆਗੂਆਂ ਦੀ ਕੁੱਟਮਾਰ ਕਰਨ ਲਈ ਸੁਖਬੀਰ ਨੇ ਯੂਥ ਬ੍ਰਿਗੇਡ ਦੀ ਅਗਵਾਈ ਕੀਤੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪਰ ਇਹ ਕੋਸ਼ਿਸ਼ਾਂ ਵੀ ਅਕਾਲੀ ਦੇ ਕੰਮ ਨਾ ਆਈਆਂ।