ਬੇਮੌਸਮੇ ਮੀਂਹ ਨੇ ਬੱਸ ਕਰਾਈ

ਚੰਡੀਗੜ੍ਹ: ਮੀਂਹ ਨੇ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਮੌਸਮ ਵਿਭਾਗ ਅਨੁਸਾਰ 40 ਸਾਲਾਂ ‘ਚ ਪਹਿਲੀ ਵਾਰ ਸਤੰਬਰ ਮਹੀਨੇ ਵਿਚ ਇੰਨਾ ਮੀਂਹ ਪਿਆ ਹੈ। ਪੰਜਾਬ ਵਿਚ ਮੀਂਹ ਕਾਰਨ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਭਾਰੀ ਬਾਰਸ਼ ਕਾਰਨ ਨਰਮੇ ਤੇ ਕਪਾਹ ਦੀ ਫਸਲ ਬਰਬਾਦ ਹੋ ਗਈ ਤੇ ਝੋਨੇ ਦੀ ਫਸਲ ਖੇਤਾਂ ‘ਚ ਵਿਛੀ ਪਈ ਹੈ। ਫਸਲ ਡਿੱਗਣ ਨਾਲ ਝਾੜ ‘ਤੇ ਅਸਰ ਪੈਣਾ ਸੁਭਾਵਕ ਹੈ। ਜ਼ਿਕਰਯੋਗ ਹੈ ਕਿ ਸਾਲ 1996 ਤੋਂ ਬਾਅਦ ਪਹਿਲੀ ਵਾਰ ਸਤੰਬਰ ਮਹੀਨੇ ‘ਚ ਮੀਂਹ ਦਾ ਅੰਕੜਾ 200 ਮਿਲੀਮੀਟਰ ਤੋਂ ਪਾਰ ਗਿਆ ਹੈ।

ਪਹਿਲੀ ਅਕਤੂਬਰ ਤੋਂ ਪੰਜਾਬ ਦੀ ਦੂਜੀ ਮੁੱਖ ਫਸਲ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਪਰ ਬਾਰਸ਼ ਕਾਰਨ ਖਰੀਦ ਵੀ ਪੱਛੜ ਕੇ ਰਹਿ ਜਾਵੇਗੀ। ਸਿਰਫ ਝੋਨਾ ਹੀ ਨਹੀਂ, ਇਹ ਮੀਂਹ ਸਾਉਣੀ ਦੀਆਂ ਹੋਰ ਫਸਲਾਂ ਕਪਾਹ, ਮੱਕੀ ਤੇ ਗੰਨਾ ਆਦਿ ਲਈ ਵੀ ਬੇਹੱਦ ਖਤਰਨਾਕ ਹੈ। ਸੂਬੇ ਵਿਚ ਤਕਰੀਬਨ 2.84 ਲੱਖ ਹੈਕਟੇਅਰ ਰਕਬੇ ਵਿਚ ਲੱਗੀ ਨਰਮੇ ਦੀ ਫਸਲ ਖੇਤਾਂ ਵਿਚ ਪਾਣੀ ਭਰਨ ਕਾਰਨ ਸਭ ਤੋਂ ਵੱਧ ਮਾਰ ਝੱਲ ਰਹੀ ਹੈ। ਤਕਰੀਬਨ ਸਾਢੇ 30 ਲੱਖ ਹੈਕਟੇਅਰ ਰਕਬੇ ਉਤੇ ਬੀਜੇ ਝੋਨੇ ਵਿਚੋਂ ਸਵਾ ਪੰਜ ਲੱਖ ਹੈਕਟੇਅਰ ਛੇਤੀ ਪੱਕਣ ਵਾਲੇ ਬਾਸਮਤੀ ਚੌਲ ਹਨ, ਜਿਨ੍ਹਾਂ ਦੀ ਵਾਢੀ ਜਾਰੀ ਸੀ, ਪਰ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਬਾਸਮਤੀ ਦੀ 1509 ਕਿਸਮ ਤਕਰੀਬਨ ਤਿੰਨ ਮਹੀਨਿਆਂ ਵਿਚ ਪੱਕ ਜਾਂਦੀ ਹੈ ਤੇ ਇਸੇ ਕਿਸਮ ਦੇ ਝੋਨੇ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਮਾਲਵੇ ਦੇ ਪਟਿਆਲਾ ਤੇ ਮਾਝੇ ਦੇ ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਦੋ ਲੱਖ ਟਨ 1509 ਪ੍ਰੀਮੀਅਮ ਬਾਸਮਤੀ ਪਹਿਲਾਂ ਤੋਂ ਹੀ ਕਟਾਈ ਹੋ ਚੁੱਕੀ ਸੀ। ਇਸ ਸਮੇਂ ਮੰਡੀਆਂ ਵਿਚ ਪਈ ਹੈ।
ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਅਤੇ ਭਾਰੀ ਮੀਂਹ ਕਾਰਨ ਰਣਜੀਤ ਸਾਗਰ ਡੈਮ ਤੇ ਪੌਂਗ ਡੈਮ ਤੋਂ ਪਾਣੀ ਛੱਡਣਾ ਪਿਆ ਹੈ ਜਿਸ ਦਾ ਅਸਰ ਰਾਵੀ ਤੇ ਬਿਆਸ ਦਰਿਆਵਾਂ ਦੇ ਕਿਨਾਰਿਆਂ ਉਤੇ ਵਸੇ ਪਿੰਡਾਂ ਅਤੇ ਹਰੀਕੇ ਪੱਤਣ ਤੋਂ ਬਾਅਦ ਸਤਲੁਜ ਦੇ ਆਲੇ ਦੁਆਲੇ ਨੁਕਸਾਨ ਹੋਣ ਦਾ ਖਦਸ਼ਾ ਹੈ। ਹਰ ਵਾਰ ਵਾਂਗ ਘੱਗਰ ਨੇੜਲੇ ਪਿੰਡਾਂ ਉਤੇ ਵੀ ਨੁਕਸਾਨ ਦਾ ਖਤਰਾ ਮੰਡਰਾ ਰਿਹਾ ਹੈ। ਚੰਡੀਗੜ੍ਹ ਤੋਂ ਮਨਾਲੀ ਹਾਈਵੇ ਬੰਦ ਹੋਣ ਕਰਕੇ ਸੈਂਕੜੇ ਲੋਕ ਰਾਹ ਵਿਚ ਫਸ ਗਏ। ਸੂਬੇ ‘ਚ ਐਮਰਜੈਂਸੀ ਵਾਲੇ ਹਾਲਾਤ ਬਣੇ ਹੋਏ ਹਨ। ਸੂਬਾ ਸਰਕਾਰ ਨੇ ਪੰਜਾਬ ‘ਚ ਰੈੱਡ ਅਲਰਟ ਜਾਰੀ ਕਰਦਿਆਂ ਫੌਜ ਨੂੰ ਵੀ ਚੌਕਸ ਕਰ ਦਿੱਤਾ। ਮੁੱਖ ਮੰਤਰੀ ਨੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਵੀ ਹੁਕਮ ਦਿੱਤੇ ਹਨ।