ਫਿਕਰ ਦਾ ਸ਼ਾਇਰ ਜਗਤਾਰ

ਰਵਿੰਦਰ ਸਹਿਰਾਅ
ਫੋਨ: 717-575-7529
ਜ਼ਿਲ੍ਹਾ ਜਲੰਧਰ ਵਿਚ ਰੁੜਕਾ ਕਲਾਂ ਨੇੜੇ ਨਿੱਕਾ ਜਿਹਾ ਪਿੰਡ ਹੈ ਰਾਜਗੋਮਾਲ। ਇਸੇ ਪਿੰਡ ਵਿਚ 23 ਮਾਰਚ 1935 ਨੂੰ ਜਗਤਾਰ ਦਾ ਜਨਮ ਹੋਇਆ। ਜ਼ਿੰਦਗੀ ‘ਚ ਉਤਰਾਵਾਂ-ਚੜ੍ਹਾਵਾਂ ਨਾਲ ਦੋ-ਚਾਰ ਹੁੰਦਿਆਂ ਉਨ੍ਹਾਂ ਸਕੂਲ ਅਧਿਆਪਕ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ, ਫਿਰ ਪ੍ਰਾਈਵੇਟ ਤੌਰ ‘ਤੇ ਪੰਜਾਬੀ, ਉਰਦੂ ਤੇ ਫਾਰਸੀ ਦੀ ਐਮæਏæ ਕੀਤੀ। ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ। ਪੰਜਾਬੀ ਸ਼ਾਇਰੀ ਵਿਚ ਉਨ੍ਹਾਂ ਦਾ ਬੜਾ ਉਚਾ ਤੇ ਨਿਵੇਕਲਾ ਮੁਕਾਮ ਹੈ। ਸ਼ਾਇਰੀ ਤੋਂ ਇਲਾਵਾ ਉਨ੍ਹਾਂ ਨੂੰ ਸਿੱਕੇ ਇਕੱਠੇ ਕਰਨ, ਫੋਟੋਗਰਾਫੀ, ਕਿੱਸਿਆਂ ਬਾਰੇ ਲਿਖਣ ਅਤੇ ਸੈਰ-ਸਪਾਟੇ ਦਾ ਜਨੂੰਨ ਦੀ ਹੱਦ ਤੱਕ ਸ਼ੌਕ ਸੀ। ਉਹ ਸ਼ਿਕਾਰ ਵੀ ਖੇਡਦੇ ਰਹੇ। ਪਹਿਲਾਂ-ਪਹਿਲਾਂ ਉਨ੍ਹਾਂ ਦੇ ਡਰਾਇੰਗ ਰੂਮ ਵਿਚ ਸ਼ੇਰ ਦੀ ਖੱਲ ਟੰਗੀ ਹੋਈ ਹੁੰਦੀ ਸੀ ਜੋ ਬਾਅਦ ਵਿਚ ਉਨ੍ਹਾਂ ਕਿਸੇ ਕਾਰਨ ਉਤਾਰ ਲਈ। ਉਹ ਦੱਸਦੇ ਹੁੰਦੇ ਸਨ ਕਿ ਇਸ ਦਾ ਸ਼ਿਕਾਰ ਉਨ੍ਹਾਂ ਖੁਦ ਨੈਨੀਤਾਲ ਲਾਗੇ ਕੀਤਾ ਸੀ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਵੱਡੀ ਗਿਣਤੀ ਦੁਨੀਆਂ ਦੇ ਹਰ ਕੋਨੇ, ਖਾਸ ਕਰ ਕੇ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਮੌਜੂਦ ਹੈ। ਆਪਣੇ ਅੜਬ ਸੁਭਾਅ ਅਤੇ ਖ਼ਰੀਆਂ-ਖ਼ਰੀਆਂ ਕਹਿਣ ਕਾਰਨ ਉਨ੍ਹਾਂ ਕਈਆਂ ਨੂੰ ਆਪਣੇ ਵਿਰੋਧੀ ਵੀ ਬਣਾਇਆ। ਆਪਣੇ ਅੰਤਲੇ ਦਿਨ 30 ਮਾਰਚ 2010 ਤੱਕ ਉਹ ਲਿਖਣ-ਪੜ੍ਹਨ ਵਿਚ ਰੁੱਝੇ ਰਹੇ। ਉਨ੍ਹਾਂ ਦੇ ਸੁਭਾਅ ਅਤੇ ਸ਼ਾਇਰੀ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ ਜਿਸ ਕਰ ਕੇ ਅੱਜ ਵੀ ਲੋਕ ਉਨ੍ਹਾਂ ਉਤੇ ਬੜਾ ਮਾਣ ਕਰਦੇ ਹਨ।
ਡਾæ ਜਗਤਾਰ ਹਮੇਸ਼ਾ ਕਿਹਾ ਕਰਦੇ ਸਨ ਕਿ ਸ਼ਾਇਰੀ ਜ਼ਿਕਰ ਦੀ ਨਹੀਂ, ਫਿਕਰ ਦੀ ਹੋਣੀ ਚਾਹੀਦੀ ਹੈ; ਭਾਵ ਸ਼ਾਇਰ ਨੂੰ ਆਪਣੀ ਪ੍ਰਸਿੱਧੀ ਜਾਂ ਜ਼ਿਕਰ ਜਾਂ ਮਹਿਜ਼ ਚਰਚਾ ਵਿਚ ਰਹਿਣ ਖਾਤਰ ਹੀ ਨਹੀਂ ਲਿਖਣਾ ਚਾਹੀਦਾ ਸਗੋਂ ਮਾਨਵਤਾ ਦੇ ਦੁੱਖ-ਦਰਦ ਲਿਖਣਾ ਤੇ ਸਥਾਪਤੀ ਦਾ ਛੜਯੰਤਰ ਨੰਗਾ ਕਰਨਾ ਚਾਹੀਦਾ ਹੈ। ਇਸ ਉਪਰ ਉਨ੍ਹਾਂ ਆਖਰੀ ਦਮ ਤੱਕ ਪਹਿਰਾ ਦਿੱਤਾ। ਉਹ ਸਥਾਪਤੀ ਦੇ ਸਿਰ ਵਿਚ ਹਥੌੜੇ ਵਾਂਗ ਵਾਰ ਕਰਦੇ ਸਨ ਪਰ ਆਪਣੀ ਕਲਮ ਨਾਲ ਉਨ੍ਹਾਂ ਸਥਾਪਤੀ ਦੇ ਭਾਈਵਾਲ ਲੇਖਕਾਂ ਨਾਲ ਹਮੇਸ਼ਾ ਆਢਾ ਲਈ ਰੱਖਿਆ ਜਿਸ ਦਾ ਉਨ੍ਹਾਂ ਨੂੰ ਨੁਕਸਾਨ ਵੀ ਹੋਇਆ। ਸਾਹਿਤ ਆਕਾਦਮੀ ਦਾ ਇਨਾਮ ਉਨ੍ਹਾਂ ਨੂੰ ਇਸ ਕਰ ਕੇ ਹੀ ਇੰਨਾ ਪਛੜ ਕੇ ਮਿਲਿਆ। ਭਾਵੇਂ ਸੋਹਣ ਸਿੰਘ ਮੀਸ਼ਾ ਸੀ, ਸੁਤਿੰਦਰ ਸਿੰਘ ਨੂਰ ਜਾਂ ਡਾæ ਹਰਿਭਜਨ ਸਿੰਘ ਸੀ, ਉਨ੍ਹਾਂ ਨੂੰ ਵਧੀਆ ਸ਼ਾਇਰ ਮੰਨਦਿਆਂ ਵੀ ਉਨ੍ਹਾਂ ਦੀਆਂ ਸਰਕਾਰੇ-ਦਰਬਾਰੇ ਜੁਗਾੜਬੰਦੀਆਂ ਦਾ ਡਾæ ਜਗਤਾਰ ਨੇ ਹਮੇਸ਼ਾ ਵਿਰੋਧ ਕੀਤਾ। ਇਹ ਉਨ੍ਹਾਂ ਦੀ ਖੁਦਦਾਰੀ ਹੀ ਸੀ ਕਿ ਜਦੋਂ ਉਨ੍ਹਾਂ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤਾਂ ਡਾæ ਹਰਿਭਜਨ ਸਿੰਘ ਨੇ ਕਿਸੇ ਨੂੰ ਕਿਹਾ ਕਿ ਜੇ ਉਨ੍ਹਾਂ ਦੀ ਕੋਈ ਕਿਤਾਬ ਵੀ ਇਨਾਮ ਲਈ ਨਾ ਹੁੰਦੀ, ਤਾਂ ਉਨ੍ਹਾਂ ਦੇ ਇਕ ਸ਼ੇਅਰ ‘ਤੇ ਹੀ ਉਹ ਇਸ ਦੇ ਹੱਕਦਾਰ ਸਨ। ਉਹ ਸ਼ੇਅਰ ਸੀ,
ਕਮਦਿਲਾਂ ਨੂੰ ਦਿਲ,
ਨ-ਪਰਿਆਂ ਨੂੰ ਪਰ ਦਈਂ।
ਯਾ ਖੁਦਾ ਸਭ ਬੇਘਰਾਂ ਨੂੰ ਘਰ ਦਈਂ।
ਡਾæ ਜਗਤਾਰ ਨੇ ਸ਼ੁਰੂ ਵਿਚ ਨੰਦ ਲਾਲ ਨੂਰਪੁਰੀ ਤੇ ਹਜ਼ਾਰਾ ਸਿੰਘ ਗੁਰਦਾਸਪੁਰੀ ਦੇ ਪ੍ਰਭਾਵ ਹੇਠ ਗੀਤ ਵੀ ਲਿਖੇ। ਇਨ੍ਹਾਂ ਦੋਹਾਂ ਨੂੰ ਉਹ ਪੰਜਾਬੀ ਦੇ ਲਾਜਵਾਬ ਗੀਤਕਾਰ ਮੰਨਦੇ ਸਨ। ਉਨ੍ਹਾਂ ਦੇ ਗੀਤ ਗਾਏ ਵੀ ਗਏ, ਪਰ ਦੱਸਦੇ ਹੁੰਦੇ ਸਨ ਕਿ ਇਸ ਗੱਲ ਦਾ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਹ ਵਧੀਆ ਗੀਤਕਾਰ ਨਹੀਂ ਬਣ ਸਕਦੇ। ਇਸੇ ਕਰ ਕੇ ਹੀ ਉਨ੍ਹਾਂ ਆਪਣਾ ਨਾਂ ਜਗਤਾਰ ਪਪੀਹਾ ਤੋਂ ਜਗਤਾਰ ਤੇ ਬਾਅਦ ਵਿਚ ਪੀ ਐਚ ਡੀ ਕਰਨ ਉਪਰੰਤ ਡਾæ ਜਗਤਾਰ ਹੀ ਲਿਖਿਆ।
ਉਨ੍ਹਾਂ ਪੰਜਾਬੀ ਸਾਹਿਤ, ਖਾਸ ਕਰ ਕੇ ਕਵਿਤਾ ਵਿਚ ਆਏ ਸਾਰੇ ਰੁਝਾਨ ਦੇਖੇ, ਪਰ ਆਪਣੇ ਸਮਕਾਲੀਆਂ ਨਾਲੋਂ ਹਮੇਸ਼ਾ ਵਿੱਥ ਬਣਾ ਕੇ ਉਤਮ ਕਿਸਮ ਦੀ ਸ਼ਾਇਰੀ ਕੀਤੀ। ਉਹ ਭਾਵੇਂ ਪ੍ਰਗੀਤਕ ਦੌਰ ਸੀ, ਪ੍ਰਯੋਗਵਾਦੀ ਦੌਰ ਸੀ, ਰੁਮਾਂਟਿਕ ਪ੍ਰਗਤੀਵਾਦ ਸੀ ਜਾਂ ਜੁਝਾਰ ਦੌਰ ਸੀ; ਉਨ੍ਹਾਂ ਮਾਨਵਤਾ ਦੀ ਗੱਲ ਤਾਂ ਕੀਤੀ ਪਰ ਸ਼ਾਇਰੀ ਵਿਚ ਕੱਚਾਪਣ ਨਹੀਂ ਆਉਣ ਦਿੱਤਾ। ਪੰਜਾਬੀ ਗਜ਼ਲ, ਜਿਸ ਨੂੰ ਦਰਬਾਰੀ ਸ਼ਾਇਰੀ ਕਹਿ ਕੇ ਨਿੰਦਿਆ ਜਾਂਦਾ ਸੀ, ਨੂੰ ਉਨ੍ਹਾਂ ਮਾਣਮੱਤੀ ਬਣਾਇਆ। ਉਨ੍ਹਾਂ ਕਰ ਕੇ ਹੀ ਅੱਜ ਕਿੰਨੇ ਨੌਜਵਾਨ ਗਜ਼ਲਗੋ ਕਮਾਲ ਦੀਆਂ ਗਜ਼ਲਾਂ ਲਿਖ ਰਹੇ ਹਨ। ਜਗਤਾਰ ਦੀਆਂ ਗਜ਼ਲਾਂ ਵਿਚ ਇਨਕਲਾਬੀ ਰੰਗ ਬਹੁਤ ਡੂੰਘਾ ਹੈ। ਮੈਨੂੰ ਯਾਦ ਹੈ, ਮੋਗਾ ਘੋਲ ਤੋਂ ਬਾਅਦ ਅਸੀਂ ਉਨ੍ਹਾਂ ਦੀਆਂ ਗਜ਼ਲਾਂ ਦੇ ਸ਼ੇਅਰ ਕਾਲਜਾਂ ਸਕੂਲਾਂ ਦੀਆਂ ਕੰਧਾਂ ਉਪਰ ਵਾਰ-ਵਾਰ ਲਿਖਿਆ ਕਰਦੇ ਸੀ; ਮਸਲਨ:
ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ।
ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ।
ਜਲੰਧਰ ਜੇਲ੍ਹ ਵਿਚ ਬੰਦ ਨਕਸਲੀ ਕਵੀ ਦਰਸ਼ਨ ਖਟਕੜ ਨੂੰ ਪੋਸਟ ਕਾਰਡ ‘ਤੇ ਲਿਖ ਕੇ ਭੇਜੀ ਗਜ਼ਲ ਸੀ,
ਹਰ ਮੋੜ ‘ਤੇ ਸਲੀਬਾਂ
ਹਰ ਪੈਰ ‘ਤੇ ਹਨੇਰਾ।
ਫਿਰ ਵੀ ਅਸੀਂ ਰੁਕੇ ਨਾ
ਸਾਡਾ ਵੀ ਦੇਖ ਜੇਰਾ।
ਪੱਥਰ ‘ਤੇ ਨਕਸ਼ ਹਾਂ ਮੈਂ
ਰੇਤ ‘ਤੇ ਨਹੀਂ ਹਾਂ,
ਜਿਉਂ ਜਿਉਂ ਕਿਸੇ ਮਿਟਾਇਆ
ਹੁੰਦਾ ਗਿਆ ਡੂੰਘੇਰਾ।
ਪੈਰਾਂ ‘ਚ ਬੇੜੀਆਂ ਨੇ,
ਨੱਚਦੇ ਨੇ ਲੋਕ ਫਿਰ ਵੀ,
ਕਿਉਂ ਉਡ ਰਿਹਾ ਏ ਤੱਕ ਤੱਕ
ਚਿਹਰੇ ਦਾ ਰੰਗ ਤੇਰਾ।
ਮੇਰੇ ਵੀ ਪੈਰ ਚੁੰਮ ਕੇ
ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਆ,
ਮਹਿਬੂਬ ਅੰਤ ਮੇਰਾ।
ਜਾਂ
ਨੇਰ੍ਹੇ ਦਾ ਕੰਮ ਰੋਕਣਾ ਚਾਨਣਾ ਕਾਫ਼ਲਾ।
ਦੇਖਾਂਗੇ ਕੌਣ ਜਿੱਤਦਾ ਤੇ ਕੌਣ ਹਾਰਦਾ।
ਜਾਂ
ਸਮਾਂ ਪਾ ਕੇ ਜੋ ਮਰ ਜਾਏਗੀ
ਉਸ ਸ਼ਾਇਰੀ ਦਾ ਕੀ ਫਾਇਦਾ,
ਜੋ ਸਦੀਆਂ ਤੱਕ ਰਹੇ ਜ਼ਿੰਦਾ
ਕੋਈ ਐਸੀ ਕਿਤਾਬ ਲਿਖ।
ਜੁਝਾਰੂ ਦੌਰ ਵੇਲੇ ਲਿਖੀ ਉਨ੍ਹਾਂ ਦੀ ਕਵਿਤਾ ‘ਨਿਆਂਸ਼ਾਲਾ ਵਿਚ ਲਿਆਂਦਾ ਦੋਸ਼ੀ’ ਬੜੀ ਚਰਚਿਤ ਰਹੀ। ਉਹ ਭਾਵੇਂ ਕਿਸੇ ਵੀ ਪਾਰਟੀ ਦੇ ਮੈਂਬਰ ਨਹੀਂ ਸਨ, ਪਰ ਮਾਰਕਸੀ ਫਲਸਫੇ ਵਿਚ ਉਨ੍ਹਾਂ ਦਾ ਅਟੱਲ ਵਿਸ਼ਵਾਸ ਸੀ। ਇਸੇ ਕਰ ਕੇ ਹੀ ਉਨ੍ਹਾਂ ਦੀਆਂ ਨਜ਼ਮਾਂ ਕਹਿੰਦੇ ਕਹਾਉਂਦੇ ਇਨਕਲਾਬੀ ਕਵੀਆਂ ਤੋਂ ਕਿਤੇ ਵਧੀਆ ਹਨ,
ਜੀ ਮੇਰੇ ਕੋਲੋਂ ਬਦਬੂ
ਹਾਲੇ ਵੀ ਆਉਂਦੀ ਹੋਵੇਗੀ।
ਮੈਂ ਮੰਨਦਾ ਹਾਂ।
ਪਰ ਏਥੇ ਲਿਆਵਣ ਤੋਂ ਪਹਿਲਾਂ
ਮੇਰਾ ਹਰ ਉਹ ਕੱਪੜਾ
ਸਾੜ ਸੁੱਟਿਆ ਸੀ
ਜਿਸ ਵਿਚੋਂ
ਮੇਰੇ ਅੰਦਰ ਪਲੇ ਹੋਏ
ਵਿਦਰੋਹ ਦੀ ਬੂ ਆਉਂਦੀ ਸੀ।
ਮੇਰੀਆਂ ਅੱਖਾਂ
ਕੰਨ ਤੇ ਜ਼ਿਹਨ ਤਲਾਸ਼ੀ ਵੇਲੇ
ਬਖਸ਼ੀਖਾਨੇ ਅੰਦਰ
ਜਮ੍ਹਾਂ ਕਰ ਦਿੱਤੇ ਸਨ।
ਇਹ ਕੰਨ ਜ਼ਿਹਨ ਤੇ ਅੱਖਾਂ?
ਜੀ ਇਹ ਤਾਂ ਨਵੀਆਂ ਉਗੀਆਂ ਨੇ।
ਜੀ ਮੇਰੇ ਕੋਲੋਂ ਹਾਲੇ ਵੀ
ਬਦਬੂ ਆਉਂਦੀ ਹੋਵੇਗੀ,
ਮੈਂ ਮੰਨਦਾ ਹਾਂ।
***
æææਮੈਨੂੰ ਛੇਤੀ
ਨਿਆਂਸ਼ਾਲਾ ‘ਚੋਂ
ਮਕਤਲ ਵਿਚ ਲੈ ਚੱਲੋ
ਤਾਂ ਕਿ ਮੇਰਾ ਲਹੂ
ਆਪਣੇ ਗਰਭ ‘ਚ ਲੈ ਕੇ
ਮਿੱਟੀ ਗਰਭਵਤੀ ਹੋ ਜਾਏ।
ਇਕ ਦਹਾਕਾ ਪੰਜਾਬ ਦੀ ਧਰਤੀ ਤੇ ਕਾਲਖ ਦੀ ਹਨੇਰੀ ਛਾਈ ਰਹੀ। ਸਰਕਾਰੀ ਜਬਰ ਅਤੇ ਕੁਝ ਸਿਰਫਿਰੇ ਦਹਿਸ਼ਤਗਰਦਾਂ ਦੀ ਬੁਰਛਾਗਰਦੀ ਨਾਲ ਆਮ ਲੋਕਾਂ ਦਾ ਘਾਣ ਹੁੰਦਾ ਰਿਹਾ। ਲਲਚਾਏ ਪੁਲਸੀਏ ਇਸ ਦੀ ਆੜ ਵਿਚ ਬੇਕਸੂਰ ਨੌਜਵਾਨਾਂ ਨੂੰ ਵੀ ਘਰੋਂ ਚੁੱਕ ਕੇ ਮੁਕਾਬਲਿਆਂ ਵਿਚ ਮਾਰਨ ਲੱਗ ਪਏ। ਦੂਜਿਆਂ ਨੂੰ ਹਰ ਗੈਰ-ਸਿੱਖ ਧਰਮ ਵਿਰੋਧੀ ਲੱਗਣ ਲੱਗ ਪਿਆ ਅਤੇ ਬੱਸਾਂ ਗੱਡੀਆਂ ‘ਚੋਂ ਕੱਢ-ਕੱਢ ਕੇ ਕਤਾਰਾਂ ਵਿਚ ਖੜ੍ਹਾ ਕੇ ਭੁੰਨਿਆ ਜਾਣ ਲੱਗ ਪਿਆ। ਜਮਹੂਰੀਅਤ ਅਤੇ ਮਾਨਵਤਾ ਦੇ ਹੱਕ ਵਿਚ ਖੜ੍ਹਨ ਵਾਲੇ ਦਰਸ਼ਨ ਸਿੰਘ ਕੈਨੇਡੀਅਨ, ਸੁਮੀਤ, ਪਾਸ਼, ਜੈਮਲ ਪੱਡਾ ਜਿਹੇ ਹੋਰ ਅਣਗਿਣਤ ਲੋਕਾਂ ਨੂੰ ਵੀ ਨਾ ਬਖ਼ਸ਼ਿਆ ਗਿਆ। ਸਹਿਮ ਦੇ ਇਨ੍ਹਾਂ ਦਿਨਾਂ ਵਿਚ ਜਗਤਾਰ ਦੀ ਧੀਆਂ ਬਾਰੇ ਲਿਖੀ ਨਜ਼ਮ ਕਲਾਸਿਕ ਰਚਨਾ ਹੈ,
ਧੀਆਂ ਪਿੰਡ ਚੱਲੀਆਂ
ਵਾਰ-ਵਾਰ ਮੈਨੂੰ ਉਹ
ਤਕੀਦ ਕਰ ਰਹੀਆਂ ਨੇ
ਵਿਚੋ ਵਿਚ ਜਿਵੇਂ ਡਰ ਰਹੀਆਂ ਨੇ
“ਪਾਪਾ, ਗੈਸ ਯਾਦ ਨਾਲ ਔਫ ਕਰ ਛੱਡਣੀ
ਦੁੱਧ ਨੂੰ ਫੇਰ ਤੁਸੀਂ ਫਰਿਜ਼ ਵਿਚ ਧਰਨਾ
ਪਹਿਲੋਂ ਠੰਢਾ ਕਰਨਾ
ਰਾਤੀਂ ਸੌਣ ਵੇਲੇ
ਬੱਤੀ ਵਿਹੜੇ ਦੀ ਬੁਝਾ ਦੇਣਾ
ਪਰ ਕੌਰੀਡੋਰ ਦੀ ਜਗਾ ਦੇਣਾ।
ਬੱਦਲਾਂ ਦੀ ਰੁੱਤ ਏ
ਟੀæਵੀæ ਦੀ ਤਾਰ ਪਿੱਛੋਂ ਕੱਢ ਦੇਣਾ।
ਕੱਪੜਾ ਨਾ ਬਾਹਰ ਕੋਈ
ਕਿੱਲੀ ਉਤੇ ਰਹਿਣ ਦੇਣਾ
ਦੁੱਧ ਵਾਲਾ, ਡਾਕੀਆ ਜਾਂ
ਹੋਰ ਕੋਈ ਆਵੇ ਪਿੱਛੋਂ
ਪਹਿਲਾਂ ਕੰਧ ਉਪਰੋਂ ਦੀ ਦੇਖਣਾ
ਅਣਸੂਹੇ ਬੰਦੇ ਨੂੰ ਟਟੋਲਣਾ
ਫੇਰ ਬੂਹਾ ਖੋਲ੍ਹਣਾ।
***
ਮੈਂ ਕਹਿਣਾ ਚਾਹੁੰਦਾ ਹਾਂ
ਸੰਭਲ ਕੇ ਬੱਸ ਵਿਚ ਚੜ੍ਹਨਾ
ਜਿਥੇ ਕਿਤੇ ਭੀੜ ਹੋਵੇ
ਉਥੇ ਨਹੀਉਂ ਖੜ੍ਹਨਾ।
ਨਿੰਮ ਵਾਲੀ ਦਾਦੀ ਦੇ
ਤੇ ਮੰਦਰ ਜ਼ਰੂਰ ਜਾਣਾ
ਪਿੰਡ ਵਿਚ ਸਭ ਨੂੰ ਆਦਾਬ ਕਹਿਣਾ
ਐਵੇਂ ਨਾ ਅਭਿੱਜ ਰਹਿਣਾ
ਪਰ ਮੈਨੂੰ ਬੋਲਣ ਦਾ ਮੌਕਾ ਨਹੀਉਂ ਦਿੰਦੀਆਂ
ਧੀਆਂ ਪਿੰਡ ਚੱਲੀਆਂ।
ਦਿੱਲੀ ਤੇ ਗੁਜਰਾਤ ਵਿਚ ਮਜ਼੍ਹਬ ਦੀ ਆੜ ਹੇਠਾਂ ਹੋਇਆ ਮਨੁੱਖੀ ਘਾਣ ਸ਼ਬਦਾਂ ਵਿਚ ਲਿਖਿਆ ਨਹੀਂ ਜਾ ਸਕਦਾ। ਹਰ ਮਾਨਵਵਾਦੀ ਮਨੁੱਖ ਦੀ ਅੱਖ ਉਦੋਂ ਰੋਈ ਸੀ। ਚੇਤਿਆਂ ਵਿਚੋਂ ਨਾ ਭੁੱਲਣ ਵਾਲੀਆਂ ਕੁਲਹਿਣੀਆਂ ਘਟਨਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਗਤਾਰ ਹੋਰਾਂ ਦੀ ਉਸ ਸਬੰਧੀ ਲਿਖੀ ਨਜ਼ਮ ਦੇਖੋ,
ਤੁਸੀਂ ਦਿੱਲੀ ‘ਚ ਤਾਂ ਪੁੱਛਿਆ ਨਹੀਂ ਸੀ,
ਕਿ ਤੇਰਾ ਨਾਮ ਕੀ ਹੈ?
ਮਿਰੀ ਪਹਿਚਾਣ
ਕਿਉਂਕਿ ਨਾਲ ਸੀ ਮੇਰੇ
ਤੁਸੀਂ ਬੱਸ ਆਉਂਦਿਆਂ ਹੀ
ਮੀਰ ਮੰਨੂੰ ਦੀ ਤਰ੍ਹਾਂ
ਮੇਰੇ ਬੱਚੇ ਜਿਬਾਹ ਕਰ ਕੇ
ਮੇਰੀ ਪਤਨੀ ਦੇ ਗਲ ਵਿਚ
ਆਂਦਰਾਂ ਪਾਈਆਂ
ਤੇ ਮੇਰੇ ਗਲ ਵਿਚ
ਅੱਗ ਦਾ ਹਾਰ ਪਾਇਆ
ਜਾਂ ਮੇਰੇ ਗਲ ਵਿਚ ਅੱਗ ਨੱਚੀ
ਤੁਸੀਂ ਮੇਰੇ ਦੁਆਲੇ ਭੁੱਖਿਆਂ ਬਾਘਾਂ ਤਰ੍ਹਾਂ
ਤ੍ਰਸ਼ੂਲ ਫੜ ਕੇ ਨਾਚ ਨੱਚੇ
ਤੁਸੀਂ ਗੁਜਰਾਤ ਵਿਚ ਕਿਉਂ ਨਾਮ ਮੇਰਾ ਪੁੱਛ ਰਹੇ ਹੋ
ਜੇ ਮੈਂ ਆਖਾਂ ਕਿ ਨਾਂ ਹੈ ‘ਰਾਮ’ ਮੇਰਾ
ਤੁਸੀਂ ਹਥਿਆਰ ਮੇਰੇ ਹੱਥ ਫੜਾ ਕੇ ਆਖਣਾ
ਕਿ ਨਾਲ ਚੱਲ ਸਾਡੇ, ਤੇ ਕਤਲਾਮ ‘ਚ ਸ਼ਾਮਲ ਹੋ
ਤੁਹਾਡੇ ਨਾਲ ਪਰ ਮੈਂ ਚੱਲ ਨਹੀਂ ਸਕਦਾ
ਕਦੇ ਮੈਂ ਆਖਿਆ ਸੀ
ਕਿ ਮੇਰਾ ਨਾਂ ‘ਰਾਮ ਮਹੁੰਮਦ ਸਿੰਘ’ ਹੈ
ਤੁਸੀਂ ਉਸ ਨਾਂ ਦੇ ਵੀ ਟੁਕੜੇ ਸੀ ਕਰ ਦਿੱਤੇ
ਮੈਂ ਉਨ੍ਹਾਂ ‘ਚੋਂ ਹੀ ਇਕ ਟੁਕੜਾ
ਅਜੇ ਵੀ ‘ਮੁਹੰਮਦ ਰਾਮ ਸਿੰਘ’ ਹਾਂ।
30 ਮਾਰਚ ਨੂੰ ਸ਼ਾਇਰ ਜਗਤਾਰ ਦੀ ਤੀਜੀ ਬਰਸੀ ਹੈ। ਸਾਡਾ ਉਨ੍ਹਾਂ ਅਤੇ ਉਨ੍ਹਾਂ ਦੀ ਸ਼ਾਇਰੀ ਨੂੰ ਕੋਟਨ-ਕੋਟ ਪ੍ਰਣਾਮ।

Be the first to comment

Leave a Reply

Your email address will not be published.