ਫਰਾਂਸ ਦੇ ਸਾਬਕਾ ਰਾਸ਼ਟਰਪਤੀ ਨੇ ਬੁਰੀ ਫਸਾਈ ਮੋਦੀ ਸਰਕਾਰ

ਨਵੀਂ ਦਿੱਲੀ: ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਵੱਲੋਂ ਕੀਤੇ ਖੁਲਾਸੇ ਨੇ ਮੋਦੀ ਸਰਕਾਰ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਫਰਾਂਸੀਸੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ 58000 ਕਰੋੜ ਰੁਪਏ ਦੇ ਰਾਫੇਲ ਜਹਾਜ਼ ਸੌਦੇ ਲਈ ਫਰਾਂਸੀਸੀ ਕੰਪਨੀ ਦਾਸੋ ਏਵੀਏਸ਼ਨ ਦੇ ਭਾਈਵਾਲ ਵਜੋਂ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਦਾ ਨਾਂ ਭਾਰਤ ਸਰਕਾਰ ਨੇ ਹੀ ਸੁਝਾਇਆ ਸੀ। ਇਸ ਤੋਂ ਬਾਅਦ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਵਿਰੁੱਧ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਮੋਦੀ ਨੇ ਦੇਸ਼ ਨਾਲ ਧੋਖਾ ਕੀਤਾ ਹੈ।

ਫਰਾਂਸ ਦੇ ਸਾਬਕਾ ਰਾਸ਼ਟਰਪਤੀ ਔਲਾਂਦ ਦੇ ਹਵਾਲੇ ਨਾਲ ਫਰਾਂਸੀਸੀ ਮੀਡੀਆ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ ਰਿਲਾਇੰਸ ਡਿਫੈਂਸ ਦੀ ਚੋਣ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਸੀ ਬਚਿਆ। ਔਲਾਂਦ ਦਾ ਇਹ ਦਾਅਵਾ ਭਾਰਤ ਸਰਕਾਰ ਦੇ ਤਰਕ ਤੋਂ ਉਲਟ ਹੈ। ਇਸ ਵਿਵਾਦ ‘ਤੇ ਰੱਖਿਆ ਮੰਤਰਾਲੇ ਦਾ ਪ੍ਰਤੀਕਰਮ ਵੀ ਆਇਆ ਹੈ। ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਦੀ ਹਵਾਲਗੀ ਵਾਲੀਆਂ ਰਿਪੋਰਟਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਦਾਸੋ ਏਵੀਏਸ਼ਨ ਦੇ ਆਫਸੈੱਟ ਪਾਰਟਨਰ ਲਈ ਭਾਰਤ ਸਰਕਾਰ ਨੇ ਕਿਸੇ ਖਾਸ ਕੰਪਨੀ ਦਾ ਨਾਂ ਸੁਝਾਇਆ ਸੀ। ਹਾਲਾਂਕਿ, ਉਨ੍ਹਾਂ ਫਿਰ ਕਿਹਾ ਕਿ ਇਸ ਕਾਰੋਬਾਰੀ ਫੈਸਲੇ ਵਿਚ ਭਾਰਤ ਤੇ ਫਰਾਂਸ ਸਰਕਾਰ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਸੀ।
ਫਰਾਂਸੀਸੀ ਮੀਡੀਆ ਮੁਤਾਬਕ ਔਲਾਂਦ ਨੇ ਕਿਹਾ ਕਿ ਇਸ ਵਿਚ ਸਾਡਾ ਕੋਈ ਦਖ਼ਲ ਨਹੀਂ ਸੀ, ਭਾਰਤ ਸਰਕਾਰ ਨੇ ਇਸ ਗਰੁੱਪ ਦਾ ਨਾਂ ਪੇਸ਼ ਕੀਤਾ ਤੇ ਦਾਸੋ ਨੇ ਅੰਬਾਨੀ ਗਰੁੱਪ ਨਾਲ ਗੱਲਬਾਤ ਕੀਤੀ। ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸੀ, ਅਸੀਂ ਉਹੋ ਭਾਈਵਾਲ ਲਿਆ, ਜਿਹੜਾ ਸਾਨੂੰ ਦਿੱਤਾ ਗਿਆ। ਸਰਕਾਰ ਨੇ ਇਸ ਮਾਮਲੇ ‘ਚ ਕਿਸੇ ਵੀ ਭੂਮਿਕਾ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਫਸੇਟ ਪਾਲਿਸੀ ਦਾ ਐਲਾਨ ਪਹਿਲੀ ਵਾਰ 2005 ‘ਚ ਹੋਇਆ ਸੀ, ਜਿਸ ਤੋਂ ਬਾਅਦ ਸਮੇਂ-ਸਮੇਂ ਉਤੇ ਇਸ ‘ਚ ਜ਼ਰੂਰੀ ਬਦਲਾਅ ਹੁੰਦਾ ਰਿਹਾ ਹੈ। ਰਿਲਾਇੰਸ ਅਤੇ ਡਸਾਲਟ ਏਵੀਏਸ਼ਨ ਦਰਮਿਆਨ ਹੋਇਆ ਸਮਝੌਤਾ ਪਹਿਲੀ ਵਾਰ ਫਰਵਰੀ 2017 ‘ਚ ਸਾਹਮਣੇ ਆਇਆ ਜੋ ਕਿ ਦੋ ਨਿੱਜੀ ਕੰਪਨੀਆਂ ਦਰਮਿਆਨ ਹੋਇਆ ਸਮਝੌਤਾ ਸੀ।
ਰਾਹੁਲ ਗਾਂਧੀ ਨੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਦੇ ਬਿਆਨ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ‘ਤੇ ਸਪੱਸ਼ਟੀਕਰਨ ਦੇਣ ਨੂੰ ਕਿਹਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਔਲਾਂਦੇ ਅਤੇ ਮੋਦੀ ਸਰਕਾਰ ਦੇ ਬਿਆਨ ਆਪਸ ‘ਚ ਮੇਲ ਨਹੀਂ ਖਾਂਦੇ। ਕੇਜਰੀਵਾਲ ਨੇ ਸਰਕਾਰ ਤੋਂ ਸਵਾਲੀਆ ਅੰਦਾਜ਼ ‘ਚ ਪੁੱਛਿਆ ਕਿ ਕੀ ਇਹ ਕਰਾਰ ‘ਅਹਿਮ ਤੱਥਾਂ ਨੂੰ’ ਲੁਕਾਉਣ ਲਈ ਰਾਸ਼ਟਰੀ ਸੁਰੱਖਿਆ ਨੂੰ ਖਤਰੇ ‘ਚ ਨਹੀਂ ਪਾਇਆ ਗਿਆ?
ਔਲਾਂਦ ਦੇ ਬਿਆਨ ਤੋਂ ਕਿਨਾਰਾ ਕਰਦੇ ਹੋਏ ਫਰਾਂਸ ਸਰਕਾਰ ਨੇ ਕਿਹਾ ਕਿ ਰਾਫੇਲ ਸੌਦੇ ਨੂੰ ਲੈ ਕੇ ਭਾਰਤੀ ਕੰਪਨੀ ਨੂੰ ਹਿੱਸੇਦਾਰ ਵਜੋਂ ਚੁਣਨ ‘ਚ ਉਹ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਨਹੀਂ ਹੈ। ਰਾਫੇਲ ਸੌਦੇ ਦੇ ਛਿੜੇ ਵਿਵਾਦ ਨੂੰ ਲੈ ਕੇ ਫਰਾਂਸ ਸਰਕਾਰ ਨੇ ਆਪਣਾ ਰੁਖ ਸਪੱਸ਼ਟ ਕਰਦਿਆਂ ਕਿਹਾ ਕਿ ਫਰਾਂਸ ਦੀਆਂ ਕੰਪਨੀਆਂ ਨੂੰ ਸਮਝੌਤਾ ਕਰਨ ਲਈ ਕਿਸੇ ਵੀ ਭਾਰਤੀ ਕੰਪਨੀ ਦੀ ਚੋਣ ਕਰਨ ਦੀ ਪੂਰੀ ਆਜ਼ਾਦੀ ਹੈ। ਉਥੇ ਅਨਿਲ ਅੰਬਾਨੀ ਦੀ ਕੰਪਨੀ ਨੂੰ ਹਿੱਸੇਦਾਰ ਵਜੋਂ ਚੁਣੇ ਜਾਣ ਦੇ ਦਾਅਵੇ ‘ਤੇ ਫਰਾਂਸ ਸਰਕਾਰ ਨੇ ਕਿਹਾ ਕਿ ਡਸਾਲਟ ਏਵੀਏਸ਼ਨ ਨੇ ਸਭ ਤੋਂ ਵਧੀਆ ਵਿਕਲਪ ਦੀ ਚੋਣ ਕੀਤੀ ਹੈ।
_____________________
ਔਲਾਂਦ ਆਪਣੇ ਬਿਆਨ ‘ਤੇ ਕਾਇਮ
ਨਵੀਂ ਦਿੱਲੀ: ਐਨ.ਡੀ.ਟੀ.ਵੀ. ਦੀ ਰਿਪੋਰਟ ‘ਚ ਸ੍ਰੀ ਔਲਾਂਦ ਦੇ ਦਫਤਰ ਵੱਲੋਂ ਕਿਹਾ ਗਿਆ ਹੈ ਕਿ ਉਹ ਆਪਣੇ ਬਿਆਨ ‘ਤੇ ਪੂਰੀ ਤਰ੍ਹਾਂ ਕਾਇਮ ਹਨ। ਸਾਬਕਾ ਰਾਸ਼ਟਰਪਤੀ ਔਲਾਂਦ ਨੇ ਆਖਿਆ ਸੀ ਕਿ ਫਰਾਂਸ ਨੇ ਕਿਸੇ ਵੀ ਰੂਪ ਵਿਚ ਰਿਲਾਇੰਸ ਦੀ ਚੋਣ ਨਹੀਂ ਕੀਤੀ। ਜਦੋਂ ਇਹ ਪੁੱਛਿਆ ਗਿਆ ਕਿ ਕੀ ਭਾਰਤ ਵੱਲੋਂ ਰਿਲਾਇੰਸ ਅਤੇ ਦਾਸੋ ‘ਤੇ ਮਿਲ ਕੇ ਕੰਮ ਕਰਨ ਲਈ ਕੋਈ ਦਬਾਅ ਸੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਜਾਣਦੇ ਤੇ ਦਾਸੋ ਹੀ ਕੁਝ ਦੱਸ ਸਕਦੀ ਹੈ।