ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼

ਸਵਰਾਜਬੀਰ
1969 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਉਘੇ ਸਮਾਜ ਸ਼ਾਸਤਰੀ ਜੇ.ਪੀ.ਐਸ਼ ਓਬਰਾਏ ਨੇ ਕਿਹਾ ਸੀ: “ਪੰਜਾਬ ਇਜ਼ ਐਨ ਆਈਡੀਆ।” ਇਤਿਹਾਸਕਾਰ ਭਗਵਾਨ ਜੋਸ਼ ਦਾ ਖਿਆਲ ਹੈ ਕਿ ਪੰਜਾਬ ਇਕ ਵਿਚਾਰ ਹੈ ਜੋ ਇਤਿਹਾਸ ਵਿਚ ਆਪਣੀ ਥਾਂ ਨਾ ਬਣਾ ਸਕਿਆ। ਵੀਹਵੀਂ ਸਦੀ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇਹ ਵਿਚਾਰ ਹੋਰ ਪ੍ਰੇਸ਼ਾਨ ਕਰਦਾ ਹੈ,

ਕਿਉਂਕਿ ਅਸੀਂ ਪੰਜਾਬੀਆਂ ਨੇ ਇਕ ਦੂਸਰੇ ਦਾ ਇੰਨਾ ਖ਼ੂਨ ਵਹਾਇਆ ਹੈ, ਆਪੋ-ਆਪਣੇ ਧਰਮਾਂ ਦੇ ਇੰਨੇ ਸੋਹਲੇ ਗਾਏ ਹਨ ਤੇ ਦੂਸਰੇ ਧਰਮਾਂ ਨੂੰ ਇੰਨਾ ਸ਼ੈਤਾਨੀਅਤ ਵਾਲਾ ਤੇ ਮਾੜਾ ਦੱਸਿਆ ਹੈ ਕਿ ਰਹੇ ਰੱਬ ਦਾ ਨਾਂ। ਅਸੀਂ ਪੰਜਾਬ ਦੀ ਉਸਤਤ ਦੇ ਢੋਲੇ ਗਾਏ, “ਸੋਹਣੇ ਦੇਸਾਂ ਵਿਚੋਂ ਦੇਸ ਪੰਜਾਬ ਨੀ ਸਈਓ” ਪਰ ਸੰਨ ਸੰਤਾਲੀ ਵਿਚ ਗ਼ਲਤ ਸੋਚ ਦੇ ਪਿੱਛੇ ਲੱਗ ਕੇ ਪੰਜਾਬ ਦੇ ਟੋਟੇ ਕਰ ਲਏ। ਇਤਿਹਾਸਕਾਰ ਇਆਨ ਟੈਲਬਟ ਅਤੇ ਗੁਰਹਰਪਾਲ ਸਿੰਘ ਦਾ ਮੱਤ ਹੈ, “ਪੰਜਾਬ ਦੇ ਭਵਿਖ ਦਾ ਫ਼ੈਸਲਾ ਦਿੱਲੀ ਵਿਚ ਕੀਤਾ ਗਿਆ।” ਚਿੰਤਕ ਸਤਿਆਪਾਲ ਗੌਤਮ ਨੇ ਕਿਹਾ ਸੀ, “ਵੰਡ ਹੋ ਗਈ। ਪੰਜਾਬੀਆਂ ਨੇ ਨਾ ਤਾਂ ਵੰਡ ਲਈ ਕਿਹਾ ਸੀ ਤੇ ਨਾ ਹੀ ਮੰਗ ਕੀਤੀ ਸੀ।” ਪੁਲਾਂ ਹੇਠੋਂ ਪਾਣੀ ਲੰਘ ਗਿਆ ਹੈ ਤੇ ਇਹ ਬਹਿਸ “ਕੀ ਪੰਜਾਬ ਦੀ ਵੰਡ ਠੀਕ ਸੀ ਜਾਂ ਗ਼ਲਤ? ਕੀ ਪੰਜਾਬ ਨੂੰ ਟੋਟੇ ਟੋਟੇ ਹੋਣ ਤੋਂ ਬਚਾਇਆ ਜਾ ਸਕਦਾ ਸੀ”, ਹੁਣ ਸ਼ਾਇਦ ਵਿਦਵਾਨਾਂ ਦੀ ਬਹਿਸ ਬਣ ਕੇ ਰਹਿ ਗਈ ਹੈ।
1947 ਤੋਂ ਬਾਅਦ ਚੜ੍ਹਦੇ ਪੰਜਾਬ ਵਿਚ ਪੰਜਾਬੀ ਸੂਬੇ ਦੀ ਮੰਗ ਉਠੀ ਤੇ 1966 ਵਿਚ ਪੰਜਾਬ ਹੋਰ ਸਿਮਟ ਗਿਆ। ਕੁਝ ਲੋਕ ਕਹਿੰਦੇ ਹਨ- ਭੂਗੋਲਿਕ ਹੱਦਾਂ ਦੀ ਗੱਲ ਛੱਡੋ, ਪੰਜਾਬ ਹੁਣ ਕਈ ਥਾਵਾਂ ‘ਤੇ ਵੱਸਦਾ ਹੈ: ਉਹ ਪੰਜਾਬ ਜਿਥੇ ਅਸੀਂ ਰਹਿੰਦੇ ਹਾਂ ਤੇ ਸਾਡੇ ਪੱਛਮ ਵਿਚ ਜਿਸ ਨੂੰ ਅਸੀਂ ਲਹਿੰਦਾ ਪੰਜਾਬ ਕਹਿੰਦੇ ਹਾਂ, ਤੇ ਹੋਰ ਕਈ ਥਾਵਾਂ ‘ਤੇ ਵੀ: ਜੰਮੂ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂ.ਪੀ., ਦਿੱਲੀ ਤੇ ਹਿੰਦੋਸਤਾਨ ਦੇ ਹੋਰ ਸੂਬਿਆਂ ਵਿਚ; ਕੈਨੇਡਾ, ਯੂਰੋਪ, ਅਮਰੀਕਾ ਤੇ ਹੋਰ ਦੇਸ਼ਾਂ-ਵਿਦੇਸ਼ਾਂ ਵਿਚ; ਮਤਲਬ ਪੰਜਾਬ ਤੇ ਪੰਜਾਬੀਅਤ ਦਾ ਤਸੱਵਰ ਹੁਣ ਬਹੁਤ ਵਿਸ਼ਾਲ ਹੋ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਛੱਡੋ ਜਨਾਬ! ਕੀ ਗੱਲਾਂ ਕਰਦੇ ਓ? ਕਿਹੜਾ ਪੰਜਾਬ ਤੇ ਕਿਹੜੀ ਪੰਜਾਬੀਅਤ? ਚੜ੍ਹਦੇ ਪੰਜਾਬ ਦੇ ਸ਼ਹਿਰਾਂ ਵਿਚ ਰਹਿੰਦੇ ਪੰਜਾਬੀਆਂ ਦੇ ਘਰਾਂ ਵਿਚ ਗੱਲ ਹਿੰਦੀ ਜਾਂ ਅੰਗਰੇਜ਼ੀ ਵਿਚ ਹੁੰਦੀ ਏ, ਤੇ ਲਹਿੰਦੇ ਪੰਜਾਬ ਦੇ ਸ਼ਹਿਰਾਂ ਵਿਚ ਵੱਸਦੇ ਪੰਜਾਬੀਆਂ ਦੇ ਘਰਾਂ ਵਿਚ ਉਰਦੂ ਵਿਚ। ਪੰਜਾਬੀ ਬੋਲੀ ਦਾ ਕੋਈ ਭਵਿਖ ਨਹੀਂ।
ਰਣਜੀਤ ਸਿੰਘ ਦੇ ਰਾਜ ਵਿਚ ਵੀ ਪੰਜਾਬੀ ਬੋਲੀ ਸਰਕਾਰੀ ਕੰਮ ਕਾਜ ਦੀ ਭਾਸ਼ਾ ਨਾ ਬਣ ਸਕੀ। ਚੜ੍ਹਦੇ ਪੰਜਾਬ ਵਿਚ 1967 ਵਿਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਮਿਲਿਆ ਪਰ ਇਸ ‘ਤੇ ਅਮਲ ਨਾ ਹੋਇਆ। ਫਿਰ 2008 ਵਿਚ ਜਦ ਰਾਜ ਭਾਸ਼ਾ ਐਕਟ ਵਿਚ ਸੋਧ ਹੋਈ ਤਾਂ ਕੁਝ ਆਸ ਬੱਝੀ। ਜਾਣਕਾਰਾਂ ਦਾ ਕਹਿਣਾ ਏ ਕਿ ਸਰਕਾਰੀ ਦਫ਼ਤਰਾਂ ਵਿਚ ਬਹੁਤਾ ਕੰਮ ਅਜੇ ਵੀ ਅੰਗਰੇਜ਼ੀ ਵਿਚ ਹੁੰਦਾ ਹੈ। ਪੰਜਾਬੀ ਲੇਖਕ ਮੁਜ਼ਾਹਰੇ ਕਰਦੇ ਹਨ ਪਰ ਉਨ੍ਹਾਂ ਦੀ ਸੁਣਦਾ ਕੋਈ ਨਹੀਂ। ਲਹਿੰਦੇ ਪੰਜਾਬ ਦਾ ਹਾਲ ਹੋਰ ਬੁਰਾ ਹੈ। ਉਥੇ ਤਾਂ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ। ਪੰਜਾਬ ਦੇ ਗਵਾਂਢੀ ਸੂਬਿਆਂ ਅਤੇ ਚੰਡੀਗੜ੍ਹ ਵਿਚ ਪੰਜਾਬੀ ਦਾ ਜੋ ਹਾਲ ਹੈ, ਅਸੀਂ ਸਾਰੇ ਉਸ ਤੋਂ ਵਾਕਿਫ਼ ਹਾਂ। ਮੁੱਕਦੀ ਗੱਲ, ਜਦ ਪੰਜਾਬੀ ਬੋਲੀ ਦਾ ਕੋਈ ਭਵਿਖ ਨਹੀਂ, ਤਾਂ ਪੰਜਾਬ ਤੇ ਪੰਜਾਬੀਅਤ ਦੇ ਤਸੱਵਰ ਦਾ ਕੀ ਮਤਲਬ? ਇਤਿਹਾਸਕਾਰ ਸੁਮੇਲ ਸਿੰਘ ਨੇ ‘ਹੀਰਵੰਨੇ ਪੰਜਾਬ’ ਦੀ ਬਾਤ ਪਾਈ ਹੈ ਅਤੇ ਵਿਦੇਸ਼ਾਂ ਵਿਚ ਵੱਸਦੇ ਕੁਝ ਸੱਜਣ ‘ਰੈਫਰੰਡਮ 2020’ ਦੀ ਮੰਗ ਕਰ ਰਹੇ ਹਨ।
ਆਓ ਇਤਿਹਾਸ ‘ਤੇ ਨਜ਼ਰ ਮਾਰੀਏ ਕਿ ਸ਼ਬਦ ‘ਪੰਜਾਬ’ ਕਿਥੋਂ ਆਇਆ? ਸਪਸ਼ਟ ਹੈ ਕਿ ਫ਼ਾਰਸੀ ਵਿਚੋਂ: ਪੰਜ ਤੇ ਆਬ ਦੀ ਸੰਧੀ ਨਾਲ। ਕੁਝ ਵਿਦਵਾਨਾਂ ਦਾ ਕਿਆਸ ਹੈ ਕਿ ਇਹ ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਤੇ ਉਨ੍ਹਾਂ ਤੋਂ ਬਾਅਦ ਭਾਈ ਗੁਰਦਾਸ ਤੇ ਕਿੱਸਾਕਾਰ ਹਾਫਿਜ਼ ਬਰਖ਼ੁਰਦਾਰ ਨੇ। ਹਾਫਿਜ਼ ਬਰਖ਼ੁਰਦਾਰ ਪਹਿਲਾ ਸ਼ਾਇਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਵਾਉਂਦਾ ਹੈ। ਉਸ ਤੋਂ ਪਹਿਲਾਂ ਦੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਗੁਰੂ ਗੋਬਿੰਦ ਸਿੰਘ ਇਸ ਭੂਗੋਲਿਕ ਖ਼ਿੱਤੇ ਦੇ ਲੋਕ-ਸਮੂਹਾਂ ਦੀ ਲੜਾਈ ਨੂੰ ਪੰਜਾਬ ਦੀ ਲੜਾਈ ਬਣਾ ਕੇ ਪੇਸ਼ ਕਰਦੇ ਹਨ ਅਤੇ ਔਰੰਗਜ਼ੇਬ ਨੂੰ ਲਲਕਾਰਦਿਆਂ ਲਿਖਦੇ ਹਨ, “ਚੁਨਾਂ ਆਤਸ਼ੇ ਜ਼ੀਰ ਨਾਅਲਤ ਨਹਮ/ਜ਼ ਪੰਜਾਬ ਆਬਤ ਨਾ ਖ਼ੁਰਦਨ ਦਹਮ।” ਭਾਵ ਮੈਂ ਤੇਰੇ ਘੋੜੇ ਦੀਆਂ ਨਾਲਾਂ ਹੇਠ ਅਜਿਹੀ ਅੱਗ ਬਾਲ ਦਿਆਂਗਾ ਕਿ ਤੈਨੂੰ ਪੰਜਾਬ ਵਿਚ ਪਾਣੀ ਪੀਣਾ ਵੀ ਨਸੀਬ ਨਹੀਂ ਹੋਵੇਗਾ।
ਬਾਅਦ ਵਿਚ ਵਾਰਿਸ ਸ਼ਾਹ ਆਪਣੇ ਕਿੱਸੇ ਵਿਚ ਵਾਰ-ਵਾਰ ਪੰਜਾਬ ਦਾ ਜ਼ਿਕਰ ਕਰਦਾ ਹੈ। ਉਸ ਦੀ ਸ਼ਾਇਰੀ ਪੰਜਾਬ ਦੀ ਧਰਤੀ ਦਾ ਜਸ਼ਨ ਮਨਾਉਂਦੀ ਹੈ। ਉਹ ਪੰਜਾਬ ਨੂੰ ਬਾਬਾ ਫਰੀਦ ਸ਼ਕਰਗੰਜ ਦੀ ਮਹਾਨ ਪਰੰਪਰਾ ਨਾਲ ਜੋੜ ਕੇ ਵੇਖਦਾ ਹੈ, “ਸ਼ਕਰਗੰਜ ਨੇ ਆਣ ਮੁਕਾਮ ਕੀਤਾ, ਦੁਖ ਦਰਦ ਪੰਜਾਬ ਦਾ ਦੂਰ ਹੈ ਜੀ।” ਉਹ ਪੰਜਾਬ ਦੇ ਨਾਂ ਅਤੇ ਇਸ ਭੂਗੋਲਿਕ ਇਕਾਈ ਦੇ ਸਭਿਆਚਾਰਕ ਮਹੱਤਵ ਨੂੰ ਪਛਾਣਦਾ ਹੈ ਤੇ ਲਿਖਦਾ ਹੈ, “ਰਾਂਝਾ ਹੀਰ ਪਿੱਛੇ ਮੱਝੀਂ ਚਾਰਦਾ ਸੀ ਤੇ ਮਸ਼ਹੂਰ ਸੀ ਵਿਚ ਪੰਜਾਬ ਹੋਇਆ।” ਉਹ ਪੰਜਾਬ ਦੀ ਭੂਗੋਲਿਕ ਇਕਾਈ ਦੇ ਇਤਿਹਾਸਕ ਮਹੱਤਵ ਨੂੰ ਵੀ ਬਾਖ਼ੂਬੀ ਜਾਣਦਾ ਹੈ ਅਤੇ ਨਾਦਰ ਸ਼ਾਹ ਨੂੰ ਧਾੜਵੀ ਮੰਨਦਾ ਹੈ ਜਿਸ ਦੇ ਹਮਲੇ ਨੇ ਪੰਜਾਬ ਨੂੰ ਖ਼ਰਾਬ ਕੀਤਾ: “ਸਾਰੇ ਮੁਲਕ ਪੰਜਾਬ ਖ਼ਰਾਬ ਵਿਚੋਂ, ਮੈਨੂੰ ਵੱਡਾ ਅਫ਼ਸੋਸ ਕਸੂਰ ਦਾ ਏ।” ਜਦ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਬਾਅਦ ਪੰਜਾਬ ਦਿੱਲੀ ਦੀ ਹਕੂਮਤ ਨਾਲੋਂ ਟੁੱਟ ਕੇ ਕੰਧਾਰ ਦੀ ਬਾਦਸ਼ਾਹਤ ਦਾ ਹਿੱਸਾ ਬਣਦਾ ਹੈ ਤਾਂ ਇਸ ਦੁੱਖ ਦਾ ਬਿਆਨ ਵਾਰਿਸ ਉਨ੍ਹਾਂ ਸ਼ਬਦਾਂ ‘ਚ ਕਰਦਾ ਹੈ ਜਿਹੜੇ ਦਿਲ ਨੂੰ ਚੀਰ ਕੇ ਰੱਖ ਦਿੰਦੇ ਹਨ, “ਹੁਕਮ ਹੋਰ ਦਾ ਅੱਜ ਹੋਰ ਹੋਇ ਗਿਆ, ਅੱਜ ਮਿਲੀ ਪੰਜਾਬ ਕੰਧਾਰੀਆਂ ਨੂੰ”। ਅਹਿਮਦ ਸ਼ਾਹ ਅਬਦਾਲੀ ਦੁਆਰਾ ਪੰਜਾਬ ਨੂੰ ਹਥਿਆਉਣ ਦਾ ਦੁੱਖ ਵਾਰਿਸ ਸ਼ਾਹ ਤੋਂ ਬਿਨਾਂ ਕਿਸੇ ਹੋਰ ਸ਼ਾਇਰ ਨੇ ਨਹੀਂ ਮਨਾਇਆ। ਵਾਰਿਸ ਸ਼ਾਹ ਪੰਜਾਬ ਦੀਆਂ ਸਮਾਜਿਕ, ਸਭਿਆਚਾਰਕ, ਇਤਿਹਾਸਕ ਤੇ ਮਨੋਵਿਗਿਆਨਕ ਬਰੀਕੀਆਂ ਚਿਤਰਨ ਵਾਲਾ ਸ਼ਾਇਰ ਹੈ। ਉਸ ਦਾ ਕਿੱਸਾ ਪੰਜਾਬ ਦਾ ਕਿੱਸਾ ਹੈ। ਇਸੇ ਲਈ ਪੰਜਾਬ ਦੀ ਵੰਡ ਵੇਲੇ ਅੰਮ੍ਰਿਤਾ ਪ੍ਰੀਤਮ ਨੇ ਉਸ ਨੂੰ ਹੀ ‘ਵਾਜ ਮਾਰੀ ਸੀ। ਵਾਰਾਂ ਲਿਖਣ ਵਾਲਾ ਨਜ਼ਾਬਤ ਪੰਜਾਬ ਨੂੰ ਵਲਾਇਤ ਮੰਨਦਾ ਹੈ, “ਸਾਡਾ ਮੁਲਕ ਪੰਜਾਬ ਵਲਾਇਤ ਤੇ ਹਿੰਦ ਜਗੀਰਾਂ।” ਰਤਨ ਸਿੰਘ ਭੰਗੂ ਪੰਜਾਬ ਨੂੰ ਸਿੱਖ ਮਿਸਲਾਂ ਦੇ ਉਭਾਰ ਨਾਲ ਜੋੜਦਾ ਹੈ, “ਮਦ ਪੰਜਾਬ ਸਿੰਘ ਇਉਂ ਫਿਰੈ, ਜਿਉਂ ਬੇਲੇ ਮੇਂ ਸ਼ੇਰ।”
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਪੰਜਾਬ ਦੇ ਨਕਸ਼ ਸਿਆਸੀ ਰੂਪ ਵਿਚ ਬੱਝਦੇ ਹਨ ਤੇ ਸਮਾਜਿਕ ਤੇ ਸਭਿਆਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ। ਮੌਲਵੀ ਰੁਕਨਦੀਨ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਬਾਰੇ ਲਿਖਦਾ ਹੈ, “ਵਲਾਇਤ ਮੇਰਾ ਪੰਜਾਬ ਅੰਦਰ ਹਿੰਦੋਸਤਾਨ ਦੇ।” ਕਾਦਰਯਾਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ‘ਤਖ਼ਤ ਪੰਜਾਬ ਦਾ’ ਕਹਿੰਦਾ ਹੈ, “ਡਿੱਠਾ ਤਖ਼ਤ ਪੰਜਾਬ ਦਾ ਸ਼ਹਿਰ ਬਹਿਸ਼ਤ ਲਾਹੌਰ।” ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੰਜਾਬੀਆਂ ਦਾ ਰਾਜ ਕਹਿੰਦਾ ਹੈ ਤੇ ਉਹਦੀ ਮੌਤ ਬਾਅਦ ਹੋਈ ਬੁਰਛਾਗਰਦੀ ਨੇ ਪੰਜਾਬ ਦਾ ਜੋ ਬੁਰਾ ਹਾਲ ਕੀਤਾ, ਉਸ ਨੂੰ ਇੰਝ ਬਿਆਨ ਕਰਦਾ ਹੈ, “ਮੁੱਠੀ ਮੀਟੀ ਸੀ ਏਸ ਮੁਲਕ ਪੰਜਾਬ ਦੀ ਜੀ, ਇਨ੍ਹਾਂ ਖੋਲ੍ਹ ਦਿੱਤਾ ਅੱਜ ਪਾਜ ਯਾਰੋ।” ਮਹਾਰਾਜਾ ਦਲੀਪ ਸਿੰਘ ਦੀ ਬਾਦਸ਼ਾਹਤ ਤੇ ਅੰਗਰੇਜ਼ਾਂ ਦੀ ਟੱਕਰ ਬਾਰੇ ਕਹਿੰਦਾ ਹੈ, “ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।” ਤੇ ਫ਼ਿਰ ਅੰਗਰੇਜ਼ਾਂ ਦੇ ਆਉਣ ਦਾ ਦੁੱਖ ਮਨਾਉਂਦਾ ਹੈ, “ਸ਼ਾਹ ਮੁਹੰਮਦ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।”
ਸ਼ਾਹ ਮੁਹੰਮਦ ਤੋਂ ਬਾਅਦ ਮੀਆਂ ਮੁਹੰਮਦ ਬਖਸ਼, ਕਿਸ਼ਨ ਸਿੰਘ ਆਰਿਫ਼, ਜੋਧ ਸਿੰਘ, ਵੀਰ ਸਿੰਘ, ਭਗਵਾਨ ਸਿੰਘ, ਮੁਹੰਮਦ ਬੂਟਾ, ਮੌਲਾ ਬਖ਼ਸ਼ ਕੁਸ਼ਤਾ, ਧਨੀ ਰਾਮ ਚਾਤ੍ਰਿਕ, ਫੀਰੋਜ਼ਦੀਨ ਸ਼ਰਫ਼, ਬਾਬੂ ਰਜਬ ਅਲੀ, ਮੋਹਨ ਸਿੰਘ ਤੇ ਹੋਰ ਬਹੁਤ ਸਾਰੇ ਸ਼ਾਇਰ ਤੇ ਲੇਖਕ ਪੰਜਾਬ ਦੀ ਬਾਤ ਪਾਉਂਦੇ ਹਨ ਪਰ ਪੂਰਨ ਸਿੰਘ ਨੂੰ ਪੰਜਾਬ ਦਾ ਹੋਣ ਵਾਲਾ ਉਜਾੜਾ ਦਿਸ ਰਿਹਾ ਹੈ ਅਤੇ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ, “ਆ ਭੈਣੇ ਹੀਰੇ, ਆ ਵੀਰਾ ਰਾਂਝਿਆ, ਸਾਨੂੰ ਛੋੜ ਨਾ ਜਾਵੋ, ਤੁਸਾਂ ਬਿਨ ਅਸਾਂ ਸੱਖਣੇ।” ਪਰ ਇਹ ਭਾਣਾ ਵਾਪਰ ਕੇ ਹੀ ਰਹਿੰਦਾ ਹੈ। ਪੰਜਾਬ ਦੀ ਵੰਡ ਹੁੰਦੀ ਹੈ ਤੇ ਅਸੀਂ ਸੱਖਣੇ ਹੋ ਕੇ ਰਹਿ ਜਾਂਦੇ ਹਾਂ।
ਹੁਣ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰ ਕੇ ਗੱਲ ਨਹੀਂ ਬਣਨੀ। ਇਹ ਵੇਲੇ ਬੜੇ ਖ਼ਤਰਨਾਕ ਨੇ। ਚੜ੍ਹਦੇ ਪੰਜਾਬ ਦਾ ਭਵਿਖ ਹਨੇਰਾ ਦਿਸਦਾ ਹੈ। ਪੰਜਾਬ ਦੇ ਅਮੀਰ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਪੰਜਾਬੀ ਨਹੀਂ ਪੜ੍ਹਦੇ। ਸਿਰਫ਼ ਗਰੀਬਾਂ ਤੇ ਦਲਿਤਾਂ ਦੇ ਬੱਚੇ, ਸਰਕਾਰੀ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਨੇ। 80ਵਿਆਂ ਵਿਚ ਜਵਾਨ ਹੋਈ ਪੀੜ੍ਹੀ ਨੂੰ ਅਤਿਵਾਦ ਦੀ ਹਨੇਰੀ ਤੇ ਸਰਕਾਰੀ ਤਸ਼ੱਦਦ ਨੇ ਰੋਲ ਕੇ ਰੱਖ ਦਿੱਤਾ। ਅਗਲੀ ਪੀੜ੍ਹੀ ਨਸ਼ਿਆਂ ਨੇ ਗਰਕ ਕਰ ਦਿੱਤੀ। ਪੰਜਾਬੀਆਂ ਦੇ ਮਨਾਂ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਏਸ ਪੰਜਾਬ ਦਾ ਕੋਈ ਭਵਿਖ ਨਹੀਂ। ਬਹੁਤੇ ਵਿਦੇਸ਼ਾਂ ਨੂੰ ਭੱਜੇ ਜਾ ਰਹੇ ਹਨ। ਲੋਕਾਂ ਦੇ ਮਨਾਂ ਵਿਚ ਚੜ੍ਹਦੇ ਪੰਜਾਬ ਦੀ ਪਛਾਣ ਨਾਉਮੀਦ ਤੇ ਆਸਹੀਣੀ ਥਾਂ ਵਜੋਂ ਹੋ ਰਹੀ ਹੈ, ਜਿਥੇ ਨਸ਼ੇ ਹਨ, ਬੇਰੁਜ਼ਗਾਰੀ ਹੈ, ਵਿਦਿਅਕ ਢਾਂਚਾ ਖੇਰੂੰ ਖੇਰੂੰ ਹੋ ਚੁੱਕਾ ਹੈ, ਰਿਸ਼ਵਤਖੋਰੀ ਸਿਖ਼ਰਾਂ ‘ਤੇ ਹੈ। ਕਿਸੇ ਸਿਆਸੀ ਆਗੂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਫ਼ਿਕਰ ਨਹੀਂ। ਅਸਾਂ ਪੰਜਾਬ ਨੂੰ ਗੁਰੂਆਂ ਤੇ ਪੀਰਾਂ ਦੀ ਧਰਤੀ ਕਹਿੰਦੇ ਹਾਂ ਪਰ ਨਾ ਤਾਂ ਉਨ੍ਹਾਂ ਦਾ ਕਹਿਣਾ ਮੰਨਦੇ ਹਾਂ ਤੇ ਨਾ ਹੀ ਉਨ੍ਹਾਂ ਦੀ ਜ਼ੁਬਾਨ ਬੋਲਦੇ ਹਾਂ। ਇਹੋ ਜਿਹੇ ਹਾਲਾਤ ਵਿਚ ਪੰਜਾਬ ਤੇ ਪੰਜਾਬੀਅਤ ਦੇ ਨਕਸ਼ ਕਿਹੋ ਜਿਹੇ ਹੋ ਸਕਦੇ ਹਨ? ਅਸਾਂ ਕੀ ਕਰਨਾ ਹੈ, ਅਸੀਂ ਨਹੀਂ ਜਾਣਦੇ।