ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਏ ‘ਅੱਛੇ ਦਿਨ’

ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਾ ਕੋਠੀ ਹੈ ਅਤੇ ਨਾ ਹੀ ਕਾਰ। ਨਾ ਹੀ ਕੋਈ ਜ਼ਮੀਨ ਹੈ, ਨਾ ਹੀ ਸ਼ੋਅ ਰੂਮ ਅਤੇ ਨਾ ਹੀ ਕੋਈ ਦੁਕਾਨ। ਫਿਰ ਵੀ ਪ੍ਰਧਾਨ ਮੰਤਰੀ ਮੋਦੀ ਦੀ ਜਾਇਦਾਦ ਪੰਜ ਸਾਲਾਂ ਵਿਚ 56 ਫੀਸਦੀ ਵੱਧ ਗਈ, ਪਰ ਮੋਦੀ ਦੇ ਪਲਾਟ ਦੀ ਕੀਮਤ ਪੰਜ ਵਰ੍ਹਿਆਂ ਮਗਰੋਂ ਵੀ ਨਹੀਂ ਵਧੀ ਹੈ। ਮੋਦੀ ਤਰਫੋਂ ਜੋ ਪ੍ਰਧਾਨ ਮੰਤਰੀ ਦਫਤਰ ਕੋਲ ਸਾਲ 2017-18 ਦੇ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ, ਉਨ੍ਹਾਂ ‘ਚ ਇਹ ਤੱਥ ਉੱਭਰੇ ਹਨ।

ਵੇਰਵਿਆਂ ਅਨੁਸਾਰ ਪ੍ਰਧਾਨ ਮੰਤਰੀ ਦੀ ਚੱਲ ਜਾਇਦਾਦ ਵਿਚ ਕਰੀਬ 120 ਗੁਣਾ ਦਾ ਵਾਧਾ ਹੋਇਆ ਹੈ। ਮੁੱਕਦੀ ਗੱਲ ਇਹ ਵੀ ਕਿ ਪ੍ਰਧਾਨ ਮੰਤਰੀ ਆਪਣੀ ਪਤਨੀ ਜਸ਼ੋਦਾ ਬੇਨ ਦੀ ਸੰਪਤੀ ਤੋਂ ਅਣਜਾਣ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਵੇਰਵਿਆਂ ਅਨੁਸਾਰ ਮੋਦੀ ਕੋਲ ਇਸ ਵੇਲੇ 2.28 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਹੈ ਜਦੋਂ ਕਿ ਸਾਲ 2013-14 ਵਿਚ ਇਹ ਸੰਪਤੀ 1.26 ਕਰੋੜ ਰੁਪਏ ਦੀ ਸੀ। ਪੰਜ ਵਰ੍ਹਿਆਂ ਵਿਚ ਇਹ ਵਾਧਾ 56 ਫੀਸਦੀ ਬਣਦਾ ਹੈ। ਚੱਲ ਜਾਇਦਾਦ ਜੋ ਹੁਣ 1.28 ਕਰੋੜ ਰੁਪਏ ਦੀ ਹੈ, ਉਹ ਪੰਜ ਵਰ੍ਹੇ ਪਹਿਲਾਂ 26.12 ਲੱਖ ਰੁਪਏ ਦੀ ਸੀ ਅਤੇ ਇਹ ਵਾਧਾ 120 ਫ਼ੀਸਦੀ ਦਾ ਬਣਦਾ ਹੈ। ਅਚੱਲ ਸੰਪਤੀ ਵਿਚ ਮੋਦੀ ਕੋਲ ਗਾਂਧੀ ਨਗਰ ਵਿਚ 169.81 ਵਰਗ ਗਜ਼ ਦਾ ਪਲਾਟ ਹੈ, ਜੋ ਉਨ੍ਹਾਂ ਨੇ 25 ਅਕਤੂਬਰ 2002 ਨੂੰ ਖ਼ਰੀਦਿਆ ਸੀ। ਉਦੋਂ ਮੋਦੀ ਨੇ ਇਹ ਪਲਾਟ 1.30 ਲੱਖ ਰੁਪਏ ਵਿਚ ਖ਼ਰੀਦਿਆ ਸੀ, ਜਿਸ ਦੀ ਕੀਮਤ ਇਸ ਵੇਲੇ ਇਕ ਕਰੋੜ ਰੁਪਏ ਹੈ।
ਲੰਘੇ ਪੰਜ ਵਰ੍ਹਿਆਂ ਵਿਚ ਮੋਦੀ ਦੇ ਇਸ ਪਲਾਟ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਜਦੋਂ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠੇ ਸਨ, ਤਾਂ ਉਦੋਂ ਉਨ੍ਹਾਂ ਕੋਲ 1.26 ਕਰੋੜ ਦੀ ਸੰਪਤੀ ਸੀ। ਸਾਲ 2014-15 ਵਿਚ ਇਹ ਸੰਪਤੀ 1.41 ਕਰੋੜ, ਸਾਲ 2015-16 ਵਿਚ 1.73 ਕਰੋੜ ਦੀ ਅਤੇ ਸਾਲ 2016-17 ਵਿਚ ਇਹੋ ਸੰਪਤੀ ਵਧ ਕੇ 2 ਕਰੋੜ ਰੁਪਏ ਦੀ ਹੋ ਗਈ ਹੈ। ਭਾਵੇਂ ਮੋਦੀ ਕੋਲ ਧੰਨ ਦੌਲਤ ਏਨੀ ਵੱਡੀ ਨਹੀਂ ਪਰ ਉਨ੍ਹਾਂ ਦੇ ਕੱਪੜੇ ਅਤੇ ਤੋਹਫ਼ੇ ਕਰੋੜਾਂ ਰੁਪਏ ਵਿਚ ਨਿਲਾਮ ਹੁੰਦੇ ਹਨ। ਮੋਦੀ ਕੋਲ ਇਸ ਵੇਲੇ 48,944 ਰੁਪਏ ਦੀ ਨਗਦ ਰਾਸ਼ੀ ਹੈ ਅਤੇ 1.32 ਲੱਖ ਰੁਪਏ ਬੈਂਕ ਖਾਤੇ ਵਿਚ ਹਨ। ਉਨ੍ਹਾਂ ਕੋਲ 45 ਗਰਾਮ ਸੋਨਾ (ਚਾਰ ਮੁੰਦਰੀਆਂ) ਹੈ ਜਿਸ ਦੀ ਕੀਮਤ 1.38 ਲੱਖ ਰੁਪਏ ਹੈ। ਪ੍ਰਧਾਨ ਮੰਤਰੀ ਕੋਲ ਨਾ ਖੇਤੀ ਵਾਲੀ ਜ਼ਮੀਨ ਹੈ ਅਤੇ ਨਾ ਹੀ ਗੈਰ ਜ਼ਰਾਇਤੀ ਜ਼ਮੀਨ।
ਨਾ ਕੋਈ ਵਪਾਰਕ ਸੰਪਤੀ ਹੈ ਅਤੇ ਨਾ ਹੀ ਕੋਠੀ, ਨਾ ਹੀ ਕਾਰ ਹੈ। ਮੋਦੀ ਕੋਲ ਸਾਈਕਲ ਵੀ ਨਹੀਂ ਹੈ। ਦਿਲਚਸਪ ਤੱਥ ਹਨ ਕਿ ਨਰਿੰਦਰ ਮੋਦੀ ਮੁਲਕ ਦੇ ‘ਕਾਲੇ ਧੰਨ’ ਤੋਂ ਪੂਰੀ ਤਰ੍ਹਾਂ ਜਾਣੂ ਹਨ ਪ੍ਰੰਤੂ ਉਨ੍ਹਾਂ ਨੂੰ ਆਪਣੀ ਪਤਨੀ ਦੇ ‘ਚਿੱਟੇ ਧੰਨ’ ਦਾ ਕੋਈ ਥਹੁ ਪਤਾ ਨਹੀਂ ਹੈ। ਪਤਨੀ ਦੇ ਸੰਪਤੀ ਦੇ ਵੇਰਵਿਆਂ ਵਾਰੇ ਉਨ੍ਹਾਂ ਏਨਾ ਹੀ ਲਿਖਿਆ ਹੈ, ‘ਜਾਣਕਾਰੀ ਨਹੀਂ’।
_______________________
ਗਰੀਬ ਤਬਕੇ ਨੂੰ ਖੁਸ਼ ਕਰਨ ਦੀਆਂ ਤਿਆਰੀਆਂ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਗਰੀਬ ਤਬਕੇ ਨੂੰ ਖੁਸ਼ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਕੌਮੀ ਬੱਚਤ ਸਰਟੀਫਿਕੇਟ (ਐਨ.ਐਸ਼ਸੀ.) ਤੇ ਪੀ.ਪੀ.ਐਫ਼ ਸਮੇਤ ਛੋਟੀਆਂ ਬੱਚਤਾਂ ਯੋਜਨਾਵਾਂ ਲਈ ਵਿਆਜ ਦਰ ‘ਚ ਅਕਤੂਬਰ ਦਸੰਬਰ ਤਿਮਾਹੀ ਲਈ 0.4 ਫ਼ੀਸਦੀ ਵਾਧਾ ਕੀਤਾ ਹੈ।
ਇਨ੍ਹਾਂ ਦਰਾਂ ‘ਚ ਕਈ ਸਾਲ ਬਾਅਦ ਵਾਧਾ ਕੀਤਾ ਗਿਆ ਹੈ। ਇਹ ਫੈਸਲਾ ਛੋਟੀਆਂ ਬੱਚਤਾਂ ਯੋਜਨਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਬਜ਼ੁਰਗ ਨਾਗਰਿਕਾਂ ਤੇ ਬੱਚੀਆਂ ਦੀ ਭਲਾਈ ਨੂੰ ਉਤਸ਼ਾਹ ਦੇਣ ਲਈ ਲਿਆ ਗਿਆ ਹੈ। ਪੀ.ਪੀ.ਐਫ਼ ਅਤੇ ਐਨ.ਐਸ਼ਸੀ. ਉਤੇ ਮੌਜੂਦਾ 7.6 ਫੀਸਦੀ ਵਿਆਜ ਦੀ ਥਾਂ ਹੁਣ ਸਾਲਾਨਾ 8 ਫੀਸਦੀ ਵਿਆਜ ਮਿਲੇਗਾ। ਕਿਸਾਨ ਵਿਕਾਸ ਪੱਤਰ ‘ਤੇ ਹੁਣ 7.7 ਦੀ ਦਰ ਨਾਲ ਵਿਆਜ ਮਿਲੇਗਾ।