2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਰ. ਐਸ਼ ਐਸ਼ਅਤੇ ਭਾਜਪਾ ਦੀ ਸਮੁੱਚੀ ਮਸ਼ੀਨਰੀ ਨੂੰ ਨਵੇਂ ਸਿਰਿਓਂ ਤੇਲ ਦਿੱਤਾ ਜਾ ਰਿਹਾ ਹੈ। ਇਸ ਪ੍ਰਸੰਗ ਵਿਚ ਆਰ. ਐਸ਼ ਐਸ਼ਕੁਝ ਜ਼ਿਆਦਾ ਹੀ ਜ਼ੋਰ ਲਗਾ ਰਿਹਾ ਹੈ,
ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਇਕ ਤਾਂ ਮੋਦੀ ਸਰਕਾਰ ਖਿਲਾਫ ਲੋਕ ਰੋਹ ਲਗਾਤਾਰ ਵਧ ਰਿਹਾ ਹੈ, ਦੂਜੇ ਪਾਸੇ ਹਿੰਦੂਤਵੀ ਨੀਤੀਆਂ ਬਾਰੇ ਨਿੱਤ ਦਿਨ ਨਵੇਂ ਸਵਾਲ ਉਠਾਏ ਜਾ ਰਹੇ ਹਨ। ਇਸੇ ਕਰਕੇ ਹੁਣ ਆਰ. ਐਸ਼ ਐਸ਼ਨੇ ਆਪਣਾ ਤਿੰਨ ਰੋਜ਼ਾ ਸਮਾਗਮ ਨਾਗਪੁਰ ਹੈਡਕੁਆਰਟਰ ਦੀ ਥਾਂ ਦਿੱਲੀ ਵਿਚ ਕੀਤਾ ਹੈ ਅਤੇ ਇਹ ਭਰਮ ਫੈਲਾਉਣ ਦਾ ਯਤਨ ਕੀਤਾ ਹੈ ਕਿ ਆਰ. ਐਸ਼ ਐਸ਼ਦਾ ਵੰਨ-ਸੁਵੰਨਤਾ ਵਿਚ ਪੂਰਾ ਯਕੀਨ ਹੈ। ਆਰ. ਐਸ਼ ਐਸ਼ਦੇ ਇਸ ਨਵੇਂ ਭਰਮ ਜਾਲ ਦੀ ਚੀਰ-ਫਾੜ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। -ਸੰਪਾਦਕ
ਬੂਟਾ ਸਿੰਘ
ਫੋਨ: 91-94634-74342
ਪਿਛਲੇ ਦਿਨੀਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਆਰ. ਐਸ਼ ਐਸ਼ਦੇ ‘ਸਰਸੰਘ ਚਾਲਕ’ ਮੋਹਨ ਭਾਗਵਤ ਦੀ ਤਿੰਨ ਰੋਜ਼ਾ ਭਾਸ਼ਨ ਲੜੀ ਕੀ ਸੰਘ ਦੇ ਬੁਨਿਆਦੀ ਨਜ਼ਰੀਏ ਵਿਚ ਹਕੀਕੀ ਬਦਲਾਓ ਦਾ ਸੰਕੇਤ ਹੈ ਜਾਂ ਇਹ ਮਹਿਜ਼ ਹਿੰਦੂਤਵ ਦੇ ‘ਵਿਚਾਰਧਾਰਕ ਸਰੋਤ’ ਦੀ ਆਪਣਾ ਚਿਹਰਾ-ਮੋਹਰਾ ਸੁਧਾਰਨ ਦੀ ਕਵਾਇਦ ਅਤੇ ਸਮਾਜ ਦੇ ਹੋਰ ਹਿੱਸਿਆਂ ਨੂੰ ਭਰਮਾ ਕੇ ਆਪਣੇ ਨਾਗਵਲ ਵਿਚ ਜਕੜਨ ਦਾ ਨਵਾਂ ਢੌਂਗ ਹੈ? ਬੌਧਿਕ ਹਲਕਿਆਂ ਦੇ ਇਕ ਹਿੱਸੇ ਵਿਚ ਇਹ ਸੋਚ ਉਭਰ ਰਹੀ ਹੈ ਕਿ ਸੰਘ ਨੇ ਮੁਲਕ ਦੇ ਲੋਕਤੰਤਰ ਦੀਆਂ ਹਕੀਕਤਾਂ ਤੋਂ ਸਿੱਖ ਕੇ ਖ਼ੁਦ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਲਿਹਾਜ਼ਾ, ਇਹ ਜ਼ਰੂਰੀ ਹੈ ਕਿ ਭਾਸ਼ਨ ਲੜੀ ਦੇ ਮੁੱਖ ਨੁਕਤਿਆਂ ਦੀ ਤਰਕਪੂਰਨ ਚੀਰ-ਫਾੜ ਕੀਤੀ ਜਾਵੇ।
ਪਹਿਲੀ ਨਜ਼ਰੇ ਦੇਖਿਆਂ, ਸੰਘ ਵਲੋਂ ਆਪਣੇ ਅੰਦਰੂਨੀ ਗੁਪਤ ਕਾਰਵਿਹਾਰ ਤੋਂ ਬਾਹਰ ਨਿਕਲ ਕੇ ਵਿਰੋਧੀ ਖ਼ਿਆਲਾਂ ਵਾਲਿਆਂ ਨੂੰ ਆਪਣੇ ਮੁੱਖ ਆਗੂ ਨਾਲ ਸੰਵਾਦ ਰਚਾਉਣ ਲਈ ਸੱਦਾ ਦੇਣਾ ਮਹੱਤਵਪੂਰਨ ਬਦਲਾਓ ਜਾਪਦਾ ਹੈ। ਫਿਲਮੀ ਤੇ ਹੋਰ ਮਸ਼ਹੂਰ ਹਸਤੀਆਂ ਅਤੇ ਅਖਲੇਸ਼ ਯਾਦਵ ਸਮੇਤ ਵਿਰੋਧੀ ਧਿਰ ਦੇ ਮੁੱਖ ਆਗੂਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੱਦਣ ਬਾਰੇ ਵੀ ਕਿਆਸਆਰਾਈਆਂ ਚੱਲਦੀਆਂ ਰਹੀਆਂ। ਇਸ ਤੋਂ ਪਹਿਲਾਂ ਇਸ ਸਾਲ ਜੂਨ ਮਹੀਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਹੇ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਨਾਗਪੁਰ ਸੈਸ਼ਨ ਵਿਚ ਬੁਲਾ ਕੇ ਉਸ ਨੂੰ ਭਾਸ਼ਨ ਦੇਣ ਲਈ ਮੰਚ ਮੁਹੱਈਆ ਕਰਨਾ ਅਤੇ ਫਿਰ ਪਿਛਲੇ ਦਿਨੀਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ‘ਵਿਸ਼ਵ ਹਿੰਦੂ ਸੰਮੇਲਨ’ ਵਿਚ ਸੰਘ ਮੁਖੀ ਦਾ ਭਾਸ਼ਨ, ਇਹ ਸਭ ਬਾਹਰੀ ਜਗਤ ਨੂੰ ਸੰਦੇਸ਼ ਦੇਣ ਲਈ ਸੀ। ਕਿਹਾ ਗਿਆ ਕਿ ਇਹ ਮੰਚ ਅੱਜ ਦੇ ਭਖਵੇਂ ਮੁੱਦਿਆਂ ਉਪਰ ਖੁੱਲ੍ਹੀ ਵਿਚਾਰ-ਚਰਚਾ ਲਈ ਹੈ, ਲੇਕਿਨ ਹਕੀਕਤ ਵਿਚ ਇਹ ਸੰਘ ਦੀਆਂ ਪੁਜੀਸ਼ਨਾਂ ਦਾ ਸਪਸ਼ਟੀਕਰਨ ਦਿੰਦੀ ਭਾਸ਼ਨ ਲੜੀ ਸੀ। ਬਹੁਤ ਸਾਰੇ ਮੁੱਦਿਆਂ ਬਾਰੇ ਵਿਚਾਰ ਪੇਸ਼ ਕੀਤੇ ਗਏ, ਪਰ ਠੋਸ ਸਵਾਲਾਂ ਨੂੰ ਮੁਖ਼ਾਤਬ ਨਹੀਂ ਹੋਇਆ ਗਿਆ। ਦਰਅਸਲ, ਸੰਘ ਦੀ ਚੋਟੀ ਦੀ ਲੀਡਰਸ਼ਿਪ ਆਪਣੇ ਬਾਰੇ ਬਣਿਆ ਇਹ ਪ੍ਰਭਾਵ ਖ਼ਤਮ ਕਰਨਾ ਚਾਹੁੰਦੀ ਹੈ ਕਿ ਇਹ ਵੱਖਰੇ ਵਿਚਾਰਾਂ, ਵੱਖਰੇ ਅਕੀਦਿਆਂ ਪ੍ਰਤੀ ਨਹਾਇਤ ਅਸਹਿਣਸ਼ੀਲ ਬੰਦ-ਦੁਆਰ ਸੰਸਥਾ ਹੈ। ਉਹ ਵਿਚਾਰਧਾਰਕ ਵਿਰੋਧੀਆਂ ਨੂੰ ਆਪਣੇ ਮੰਚਾਂ ਉਪਰ ਸੱਦ ਕੇ ਇਹ ਪ੍ਰਭਾਵ ਦੇਣਾ ਚਾਹੁੰਦੇ ਹਨ ਕਿ ਹਿੰਦੂਤਵ ਤਾਂ ਵੰਨ-ਸੁਵੰਨਤਾ ਨੂੰ ਕਲਾਵੇ ਵਿਚ ਲੈਣ ਵਾਲੀ ਬਹੁਤ ਹੀ ਸਹਿਣਸ਼ੀਲ ਤੇ ਦਰਿਆਦਿਲ ਵਿਚਾਰਧਾਰਾ ਹੈ ਜਿਸ ਦੇ ਦਰਵਾਜ਼ੇ ਹਰ ਤਰ੍ਹਾਂ ਦੇ ਵਿਰੋਧੀ ਖ਼ਿਆਲਾਂ ਵਾਲਿਆਂ ਲਈ ਖੁੱਲ੍ਹੇ ਹਨ। ਉਹ ਇਹ ਕਹਿਣਾ ਚਾਹੁੰਦੇ ਹਨ ਕਿ ਹਿੰਦੂਤਵ ਬਾਰੇ ਜੋ ਗ਼ਲਤ ਪ੍ਰਭਾਵ ਬਣਿਆ ਹੋਇਆ ਹੈ, ਉਹ ਸੱਚ ਨਹੀਂ ਹੈ; ਕਿ ਹਿੰਦੂਤਵ ਦੀ ਸੰਘ ਮੁਖੀ ਵਲੋਂ ਕੀਤੀ ਗਈ ਵਿਆਖਿਆ ਹੀ ਸੰਘ ਦੀ ਸਹੀ ਤਰਜਮਾਨੀ ਕਰਦੀ ਸਟੀਕ ਵਿਆਖਿਆ ਹੈ।
ਸੰਘ ਮੁਖੀ ਦੇ ਭਾਸ਼ਨ ਦੇ ਕੁਝ ਨੁਕਤੇ ਇਸ ਕਰਕੇ ਤਲਿੱਸਮੀ ਜਾਪਦੇ ਹਨ, ਕਿਉਂਕਿ ਇਹ ਸੰਘ ਦੇ ਮੋਢੀਆਂ ਦੀਆਂ ਹਿੰਦੂਤਵ ਦੀਆਂ ਮੂਲ ਧਾਰਨਾਵਾਂ ਬਾਰੇ ਵਿਸਤਾਰਤ ਲਿਖਤਾਂ ਤੋਂ ਹਟਵੀਂ ਵਿਆਖਿਆ ਪੇਸ਼ ਕਰਦੇ ਹਨ। ਇਕ ਵੱਡਾ ਬਦਲਾਓ ਸੰਵਿਧਾਨ ਪ੍ਰਤੀ ਪਹੁੰਚ ਹੈ। ਇਸ ਦੇ ਮੁੱਖ ਆਗੂ ਸ਼ੁਰੂ ਤੋਂ ਹੀ ਸੰਵਿਧਾਨ ਨੂੰ ਪਰਾਈਆਂ ਕਦਰਾਂ-ਕੀਮਤਾਂ ਦੀ ਤਰਜਮਾਨੀ ਕਰਦਾ ਦਸਤਾਵੇਜ਼ ਕਰਾਰ ਦੇ ਕੇ ਮਨੂਸਮ੍ਰਿਤੀ ਨੂੰ ਸੰਵਿਧਾਨ ਮੰਨਣ ਅਤੇ ਤਿਰੰਗੇ ਝੰਡੇ ਦੀ ਬਜਾਏ ਭਗਵੇਂ ਪੇਸ਼ਵਾ ਝੰਡੇ ਨੂੰ ਅਪਣਾਏ ਜਾਣ ਦੀ ਵਕਾਲਤ ਕਰਦੇ ਆ ਰਹੇ ਹਨ। ਹੁਣ ਤਕ ਖ਼ੁਦ ਭਾਗਵਤ ਵੀ ਇਹੀ ਕਹਿੰਦੇ ਰਹੇ ਹਨ ਕਿ ਸੰਵਿਧਾਨ ਵਿਚੋਂ ‘ਧਰਮਨਿਰਪੱਖਤਾ’ ਅਤੇ ‘ਸਮਾਜਵਾਦ’ ਸ਼ਬਦ ਹਟਾਏ ਜਾਣੇ ਚਾਹੀਦੇ ਹਨ। ਇਸ ਵਾਰ ਉਨ੍ਹਾਂ ਦੇ ਭਾਸ਼ਨ ਦਾ ਸੰਦੇਸ਼ ਵੱਖਰਾ ਸੀ ਕਿ ਆਰ. ਐਸ਼ ਐਸ਼ਦਾ ਭਾਰਤੀ ਗਣਰਾਜ ਦੇ ਚੌਖਟੇ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ। ਜਦੋਂ ਚਾਰ ਚੁਫੇਰੇ ਮੁਲਕ ਅੰਦਰ ਸੰਵਿਧਾਨ ਵਿਚ ਦਰਜ ਅਗਾਂਹਵਧੂ ਜਮਹੂਰੀ ਮੁੱਲਾਂ, ਜੋ ਜੰਗ-ਏ-ਆਜ਼ਾਦੀ ਦੌਰਾਨ ਉਭਰੀ ਸਿਆਸੀ ਚੇਤਨਾ ਤਹਿਤ ਸੰਵਿਧਾਨ ਦਾ ਹਿੱਸਾ ਬਣਾਏ ਗਏ, ਨੂੰ ਫਾਸ਼ੀਵਾਦੀ ਤਰਜ਼ ‘ਤੇ ਕੁਚਲਿਆ ਜਾ ਰਿਹਾ ਹੈ ਤਾਂ ਉਪਰੋਕਤ ਯਕੀਨਦਹਾਨੀ ਦੀ ਕੋਈ ਵਾਜਬੀਅਤ ਨਹੀਂ ਬਣਦੀ।
ਇਹ ਹੋਰ ਬਦਲਾਓ ਕਾਂਗਰਸ ਪ੍ਰਤੀ ਵਤੀਰੇ ਦਾ ਹੈ। ਮੋਦੀ-ਅਮਿਤ ਸ਼ਾਹ ਸਮੇਤ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਵਲੋਂ ਪਾਰਲੀਮੈਂਟਰੀ ਵਿਰੋਧੀ ਧਿਰ ਖ਼ਿਲਾਫ਼ ਚਲਾਈ ਜਾ ਰਹੀ ਰਾਜਸੀ ਮੁਹਿੰਮ ਦੀ ਟੇਕ ਹੀ ਗਾਂਧੀ-ਨਹਿਰੂ ਨੂੰ ਭੰਡਣਾ ਅਤੇ ‘ਕਾਂਗਰਸ ਮੁਕਤ ਭਾਰਤ’ ਦਾ ਨਾਅਰਾ ਹੈ। ਇਸ ਵਾਰ ‘ਯੁਕਤ’ (ਇਨਕਲੂਸਿਵ) ਭਾਰਤ ਦੀ ਵਕਾਲਤ ਕਰਦਿਆਂ ਭਾਗਵਤ ਇਨ੍ਹਾਂ ਭਾਸ਼ਨਾਂ ਦੌਰਾਨ ਕਾਂਗਰਸ ਅਤੇ ਇਸ ਦੀ ਇਤਿਹਾਸਕ ਭੂਮਿਕਾ ਦੀ ਤਾਰੀਫ਼ ਇਨ੍ਹਾਂ ਸ਼ਬਦਾਂ ਵਿਚ ਕਰਦੇ ਨਜ਼ਰ ਆਏ: ‘ਬਹੁਤ ਸਾਰੇ ਮਹਾਨ ਲੋਕਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਅਤੇ ਉਹ ਅੱਜ ਵੀ ਸਾਡੇ ਲਈ ਪ੍ਰੇਰਨਾ ਹਨ। ਉਸ ਵਿਚਾਰਧਾਰਾ ਨੇ ਮੁਲਕ ਨੂੰ ਆਜ਼ਾਦੀ ਦੇ ਰਾਹ ਤੋਰਿਆ।’ ਰਾਜਸੀ ਵਿਸ਼ਲੇਸ਼ਣਕਾਰਾਂ ਲਈ ਇਹ ਅਚੰਭੇ ਤੋਂ ਘੱਟ ਨਹੀਂ, ਪਰ ਇਸ ਬਦਲਾਓ ਦਾ ਲੋਕ ਸਰੋਕਾਰਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਦਰਅਸਲ, ਇਹ ਕਾਂਗਰਸ ਸਮੇਤ ਅਖੌਤੀ ਧਰਮ ਨਿਰਪੱਖ ਰਾਜਸੀ ਧਾਰਾ ਦੇ ਪਤਨ ਨਾਲ ਪੈਦਾ ਹੋਏ ਖ਼ਲਾਅ ਅੰਦਰ ਉਦਾਰ ਖ਼ਿਆਲਾਂ ਵਾਲੇ ਹਾਕਮ ਜਮਾਤੀ ਹਿੱਸਿਆਂ ਨੂੰ ਆਪਣੇ ਨਾਲ ਜੋੜਣ ਦੀ ਨਵੀਂ ਜੁਗਤ ਹੈ।
ਭਾਗਵਤ ਵਲੋਂ ਸੰਵਾਦ ਰਚਾਉਣ ਉਪਰ ਖ਼ਾਸ ਜ਼ੋਰ ਦਿੱਤਾ ਗਿਆ। ਲੇਕਿਨ ਸੰਵਾਦ ਦਾ ਢੌਂਗ ਇਥੋਂ ਹੀ ਜ਼ਾਹਰ ਹੋ ਜਾਂਦਾ ਹੈ, ਜਦੋਂ ਸੰਘ ਮੁਖੀ ਅਗਾਂਹਵਧੂ ਬੌਧਿਕ ਸ਼ਖਸੀਅਤਾਂ ਨਰਿੰਦਰ ਡਭੋਲਕਰ, ਪ੍ਰੋਫੈਸਰ ਕਲਬੁਰਗੀ, ਗੋਵਿੰਦ ਪੰਸਾਰੇ, ਗੌਰੀ ਲੰਕੇਸ਼ ਦੇ ਕਤਲਾਂ ਦੇ ਵਰਤਾਰੇ ਬਾਰੇ ਖ਼ਾਮੋਸ਼ ਰਹਿੰਦੇ ਹਨ ਜਿਨ੍ਹਾਂ ਨੂੰ ਹਿੰਦੂਤਵੀ ਸਨਾਤਨ ਸੰਸਥਾ ਦੇ ਹਤਿਆਰੇ ਗਰੋਹਾਂ ਵਲੋਂ ਮਹਿਜ਼ ਇਸ ਕਾਰਨ ਕਤਲ ਕੀਤਾ ਗਿਆ ਕਿਉਂਕਿ ਉਨ੍ਹਾਂ ਦੇ ਵਿਚਾਰ ਵੱਖਰੇ ਸਨ। ਇਹ ਲੋਕ ਸੰਵਾਦ ਹੀ ਤਾਂ ਰਚਾ ਰਹੇ ਸਨ ਅਤੇ ਇਹ ਕਤਲ ਸਮੂਹ ਆਲੋਚਨਾਤਮਕ ਆਵਾਜ਼ਾਂ ਨੂੰ ਆਪਣੀ ਸੰਵਾਦ ਰਚਾ ਰਹੀ ਜ਼ੁਬਾਨ ਨੂੰ ਬੰਦ ਕਰ ਲੈਣ ਦਾ ਸੰਦੇਸ਼ ਸਨ।
ਭਾਸ਼ਨ ਲੜੀ ਵਿਚ ਭਾਗਵਤ ਫਰਮਾਉਂਦੇ ਹਨ ਕਿ ਮੁਸਲਮਾਨ, ਈਸਾਈ ਸਾਰੇ ‘ਹਿੰਦੂ ਰਾਸ਼ਟਰ’ ਦਾ ਹਿੱਸਾ ਹਨ; ਲੇਕਿਨ ਸੰਘ ਮੁਖੀ ਵਲੋਂ ਇਨ੍ਹਾਂ ਘੱਟਗਿਣਤੀਆਂ ਪ੍ਰਤੀ ਆਪਣੀ ਇਹ ਮੂਲ ਸਿਧਾਂਤਕ ਗੁਰਬੰਦੀ ਤਿਆਗਣ ਦਾ ਕੋਈ ਇਸ਼ਾਰਾ ਨਹੀਂ ਜੋ ਕਹਿੰਦੀ ਹੈ ਕਿ ਇਨ੍ਹਾਂ ‘ਬੇਗਾਨਿਆਂ’ ਨੂੰ ਮੰਨਣਾ ਪਵੇਗਾ ਕਿ ਪਿਤਰਭੂਮੀ ਦੇ ਨਾਲ-ਨਾਲ ਉਨ੍ਹਾਂ ਦੀ ਪੁਨਿਆਭੂਮੀ ਵੀ ਭਾਰਤ ਹੀ ਹੈ ਅਤੇ ਉਨ੍ਹਾਂ ਨੂੰ ਬਹੁਗਿਣਤੀ ਦੀ ਰਜ਼ਾ ਅਨੁਸਾਰ ਦੋਇਮ ਨਾਗਰਿਕ ਬਣ ਕੇ ਰਹਿਣਾ ਹੋਵੇਗਾ। ਸੰਘ ਮੁਖੀ ਵਲੋਂ ਪੇਸ਼ ਕੀਤੀ ਇਹ ਵਿਆਖਿਆ ਕਾਇਲ ਨਹੀਂ ਕਰਦੀ ਕਿ ਗੋਲਵਾਲਕਰ ਦੀਆਂ ਲਿਖਤਾਂ ਦੀਆਂ ਮੂਲ ਧਾਰਨਾਵਾਂ ਖ਼ਾਸ ਦੌਰ ਲਈ ਪ੍ਰਸੰਗਿਕ ਸਨ ਅਤੇ ਹੁਣ ਉਨ੍ਹਾਂ ਦੇ ‘ਸੰਪਾਦਤ’ ਅਤੇ ਸੋਧੇ ਹੋਏ ਰੂਪ ਨੂੰ ਹੀ ਪ੍ਰਮਾਣਿਕ ਮੰਨਿਆ ਜਾਣਾ ਚਾਹੀਦਾ ਹੈ। ਜਦੋਂ ਸੰਘ ਘੱਟਗਿਣਤੀਆਂ ਨੂੰ ਸਭਿਆਚਾਰਕ ਤੇ ਸਿਆਸੀ ਤੌਰ ‘ਤੇ ਦਬਾਉਣ ਦੀ ਆਪਣੀ ਇਸ ਮੂਲ ਧਾਰਨਾ ਉਪਰ ਅਡੋਲ ਹੈ ਅਤੇ ਸੰਘ ਪਰਿਵਾਰ ਦੇ ਆਗੂਆਂ ਦੀ ‘ਰਾਮਜ਼ਾਦੇ-ਹਰਾਮਜ਼ਾਦੇ’ ਦੀ ਖੁੱਲ੍ਹੇਆਮ ਫਿਰਕੂ ਮੁਹਿੰਮ ਨੂੰ ਸੰਘ ਮੁਖੀ ਵਲੋਂ ਰੱਦ ਨਹੀਂ ਕੀਤਾ ਗਿਆ, ਜਦੋਂ ਸੰਘ ਰਾਮ ਮੰਦਰ ਹਰ ਹਾਲਤ ਵਿਚ ਬਣਾਏ ਜਾਣ ਉਪਰ ਬਜ਼ਿਦ ਹੈ, ਫਿਰ ਉਪਰੋਕਤ ‘ਸਮਾਂ ਅਨੁਕੂਲ’ ਵਿਆਖਿਆ ਦੇ ਕੀ ਮਾਇਨੇ ਰਹਿ ਜਾਂਦੇ ਹਨ। ਘੱਟਗਿਣਤੀਆਂ ਦੀ ਤਾਂ ਗੱਲ ਛੱਡੋ, ਬਾਕੀ ਹਾਕਮ ਜਮਾਤੀ ਪਾਰਟੀਆਂ ਵੀ ਹਿੰਦੂਤਵ ਦੇ ਏਜੰਡੇ ਤਹਿਤ ਕੀਤੀ ਗਈ ਫਿਰਕੂ ਪਾਲਾਬੰਦੀ ਦੇ ਭਾਰੀ ਦਬਾਓ ਹੇਠ ਹਨ ਕਿ ਕਿਤੇ ਉਨ੍ਹਾਂ ਉਪਰ ‘ਘੱਟਗਿਣਤੀਆਂ ਨੂੰ ਖੁਸ਼ ਕਰਨ’ ਦੀ ਸਿਆਸਤ ਦਾ ਇਲਜ਼ਾਮ ਨਾ ਲੱਗ ਜਾਵੇ। ਇਸ ਨੂੰ ਪਿਛਲੇ ਸਮੇਂ ਵਿਚ ਰਾਹੁਲ ਗਾਂਧੀ ਦੇ ‘ਸੌਫਟ ਹਿੰਦੂਤਵ’, ਹਿੰਦੂ ਮੰਦਰਾਂ ਵਿਚ ਉਚੇਚੇ ਤੌਰ ‘ਤੇ ਜਾ ਕੇ ਮੱਥੇ ਟੇਕਣ, ਕੈਲਾਸ਼ ਮਾਨਸਰੋਵਰ ਦੇ ਉਚੇਚੇ ਦਰਸ਼ਨ ਕਰਨ, ਮੱਧ ਪ੍ਰਦੇਸ਼ ਚੋਣ ਮੁਹਿੰਮ ਦਾ ਆਗਾਜ਼ ਧਾਰਮਿਕ ਪੂਜਾਪਾਠ ਨਾਲ ਕਰਨ ਅਤੇ ਮੱਧ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕਮਲ ਨਾਥ ਵਲੋਂ ਸੂਬੇ ਦੀਆਂ 23026 ਗ੍ਰਾਮ ਪੰਚਾਇਤਾਂ ਅੰਦਰ ਗਊਸ਼ਾਲਾਵਾਂ ਬਣਾਉਣ ਦਾ ਵਾਅਦਾ ਕਰਨ ਤੋਂ ਸਪਸ਼ਟ ਦੇਖਿਆ ਜਾ ਸਕਦਾ ਹੈ।
ਸੰਘ ਮੁਖੀ ਦੇ ‘ਯੁਕਤ’ ਹਿੰਦੂਤਵ, ਗ਼ੈਰਹਿੰਦੂਆਂ ਪ੍ਰਤੀ ਦਰਿਆਦਿਲੀ ਆਦਿ ਨਾਲ ਸਜਾਏ ਭਾਸ਼ਨਾਂ ਵਿਚ ‘ਹਰ ਤਰ੍ਹਾਂ ਦੀ ਹਿੰਸਾ ਗ਼ਲਤ ਹੈ ਅਤੇ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ’ ਦੀ ਗੱਲ ਤਾਂ ਕੀਤੀ ਗਈ, ਲੇਕਿਨ ਸੰਘ ਪਰਿਵਾਰ ਦੀਆਂ ਉਨ੍ਹਾਂ ਤਾਕਤਾਂ ਨੂੰ ਵਰਜਣ ਦਾ ਕੋਈ ਠੋਸ ਸੰਕੇਤ ਨਹੀਂ ਜੋ ਫਿਰਕੂ ਤੇ ਜਾਤਪਾਤੀ ਹਿੰਸਾ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਘੱਟਗਿਣਤੀਆਂ ਤੇ ਨਿਤਾਣੇ ਹਿੱਸਿਆਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀਆਂ ਹਨ। ਉਹੀ ਪੁਰਾਣਾ ਪੈਂਤੜਾ, ਕਿ ਇਹ ਜਥੇਬੰਦੀਆਂ ਤਾਂ ਹਿੰਦੂਤਵ ਨਾਲ ਮਿਲਦੀ-ਜੁਲਦੀ ਸੋਚ ਵਾਲੇ ‘ਹਾਸ਼ੀਆ ਅਨਸਰ’ ਹਨ ਜੋ ਸੰਘ ਦਾ ਹਿੱਸਾ ਨਹੀਂ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਲੀਡਰਸ਼ਿਪ ਵਲੋਂ ਇਕ ਵੀ ਮੁਸਲਮਾਨ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਗਈ। ਅਮਿਤ ਸ਼ਾਹ-ਰਾਮ ਮਾਧਵ ਵਲੋਂ ਮੁਸਲਿਮ ਫਿਰਕੇ ਨੂੰ ਚੋਣ ਅਮਲ ਵਿਚੋਂ ਬਾਹਰ ਧੱਕੇ ਜਾਣ ਨੂੰ ਵੱਡੀ ਪ੍ਰਾਪਤੀ ਦੇ ਤੌਰ ‘ਤੇ ਪੇਸ਼ ਕਰਨਾ ‘ਵਿਚਾਰਧਾਰਕ ਸਰੋਤ’ ਦੀ ਪ੍ਰੇਰਨਾ ਤੋਂ ਬਗੈਰ ਸੰਭਵ ਨਹੀਂ ਸੀ। ਹਰ ਚੋਣ ਮੁਹਿੰਮ ਵਿਚ ਸੰਘ ਦਾ ਤਾਣਾਬਾਣਾ ਪੂਰਾ ਸਰਗਰਮ ਹੁੰਦਾ ਹੈ। ਮੋਦੀ ਵਜ਼ਾਰਤ ਵਲੋਂ ਮਈ 2014 ਵਿਚ ਸੱਤਾਧਾਰੀ ਹੋਣ ਦੇ ਸਮੇਂ ਤੋਂ ਲੈ ਕੇ ਆਪਣਾ ਰਿਪੋਰਟ ਕਾਰਡ ਪੇਸ਼ ਕਰਨ ਲਈ ਸੰਘ ਦੇ ਦਰਬਾਰ ਵਿਚ ਹਾਜ਼ਰ ਹੋਣ ਦੀਆਂ ਖ਼ਬਰਾਂ ਮੀਡੀਆ ਵਿਚ ਸੁਰਖ਼ੀਆਂ ਬਣਦੀਆਂ ਰਹੀਆਂ ਹਨ। ਜੱਗ ਜ਼ਾਹਿਰ ਤੱਥਾਂ ਦੇ ਮੱਦੇਨਜ਼ਰ ਸੰਘ ਮੁਖੀ ਦੇ ਇਸ ਦਾਅਵੇ ਨੂੰ ਕੌਣ ਸਵੀਕਾਰ ਕਰ ਲਵੇਗਾ ਕਿ ਆਰ. ਐਸ਼ ਐਸ਼ਦਾ ਭਾਜਪਾ ਦੀ ਸਿਆਸਤ ਤੇ ਨੀਤੀਆਂ ਉਪਰ ਪ੍ਰਭਾਵ ਸੀਮਤ ਹੈ ਅਤੇ ਸੰਘ ਆਪਣੇ ਕਾਰਕੁਨਾਂ ਨੂੰ ਕਿਸੇ ਖ਼ਾਸ ਪਾਰਟੀ ਦੀ ਹਮਾਇਤ ਕਰਨ ਲਈ ਨਹੀਂ ਕਹਿੰਦਾ। ਇਹ ਅਸਲ ਸਵਾਲਾਂ ਤੋਂ ਟਾਲਾ ਵੱਟਣ ਅਤੇ ਵਿਥ ਬਣਾ ਕੇ ਜਵਾਬਦੇਹੀ ਤੋਂ ਬਚਣ ਦੇ ਪੁਰਾਣੇ ਤੌਰ-ਤਰੀਕੇ ਦਾ ਹੀ ਦੁਹਰਾਓ ਹੈ।
ਗ਼ੈਰਹਿੰਦੂ ਹਿੱਸਿਆਂ ਲਈ ਇਹ ਭਾਸ਼ਨ ਬੇਮਾਇਨੇ ਹਨ, ਕਿਉਂਕਿ ਇਨ੍ਹਾਂ ਵਿਚ ਸੰਘ ਪਰਿਵਾਰ ਦੀਆਂ ਜਥੇਬੰਦੀਆਂ ਦੀਆਂ ਦਹਿਸ਼ਤੀ ਮੁਹਿੰਮਾਂ ਨੂੰ ਰੋਕਣ ਦੀ ਇੱਛਾ ਦਾ ਭੋਰਾ ਵੀ ਸੰਕੇਤ ਨਹੀਂ ਸਗੋਂ ਖ਼ਾਸ ਇਲਾਕਿਆਂ ਦੀ ‘ਬਦਲ ਰਹੀ ਵਸੋਂ ਬਣਤਰ’ ਨੂੰ ਰੋਕਣ ਲਈ ਕਦਮ ਚੁੱਕਣ ਦੇ ਮਸ਼ਵਰੇ ਖ਼ਤਰਨਾਕ ਸੋਚ ਨੂੰ ਦਰਸਾਉਂਦੇ ਹਨ।
ਕੁਲ ਮਿਲਾ ਕੇ, ਇਹ ਕਵਾਇਦ ਆਪਣੇ ਸਿਆਸੀ ਏਜੰਡੇ ਦੇ ਹੱਕ ਵਿਚ ਮੁਲਕ ਦੇ ਗ਼ੈਰਹਿੰਦੂ ਹਿੱਸਿਆਂ ਦੀ ਹਮਾਇਤ ਜੁਟਾਉਣ ਲਈ ਹੈ, ਉਨ੍ਹਾਂ ਨੂੰ ਬਰਾਬਰ ਨਾਗਰਿਕ ਮੰਨ ਕੇ ਬਣਦਾ ਸਥਾਨ ਦੇਣ ਲਈ ਨਹੀਂ। ਸੰਘ ਦੇ ਸਦਰ-ਮੁਕਾਮ ਨੇ ਇਹ ਜ਼ਰੂਰਤ ਮਹਿਸੂਸ ਕੀਤੀ ਜਾਪਦੀ ਹੈ ਕਿ ਚਾਰ ਸਾਲਾਂ ਵਿਚ ਭਾਰਤੀ ਸਮਾਜ ਦੀ ਫਿਰਕੂ-ਉਚ ਜਾਤੀ ਪਾਲਾਬੰਦੀ ਅਤੇ ਮੁਲਕ ਦੇ ਰਾਜਕੀ ਅਦਾਰਿਆਂ ਦੀ ਆਪਣੇ ਏਜੰਡੇ ਅਨੁਸਾਰ ਢਲਾਈ ਕੀਤੇ ਜਾਣ ਦੇ ਪੱਖ ਤੋਂ ਚੋਖਾ ਹਾਸਲ ਕੀਤਾ ਜਾ ਚੁੱਕਾ ਹੈ। ਹੁਣ ਕੌਮਾਂਤਰੀ ਪੂੰਜੀ ਨਿਵੇਸ਼ਕਾਰਾਂ, ਹਾਕਮ ਜਮਾਤੀ ਹਿੱਸਿਆਂ, ਲੋਕ ਰਾਇ ਨੂੰ ਪ੍ਰਭਾਵਿਤ ਕਰਨ ਵਾਲੇ ਬੁੱਧੀਮਾਨ ਹਿੱਸਿਆਂ ਆਦਿ ਨੂੰ ਆਪਣੇ ਹੱਕ ਵਿਚ ਕਰਨ ਲਈ ਦਿੱਖ ਸੁਧਾਰਨ ਦਾ ਵੇਲਾ ਹੈ ਕਿ ਸੰਘ ਦੀ ਲੀਡਰਸ਼ਿਪ ਸੰਘ ਪਰਿਵਾਰ ਦੀ ਹਮਲਾਵਰ ਭਗਵੀਂ ਸਿਆਸਤ ਨਾਲੋਂ ਅਲਹਿਦਾ ਦਰਿਆਦਿਲ ਸੋਚ ਵਾਲੀ ਹੈ। ਹੁਣ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਤ ਕਰਨ ਲਈ ਹਿੰਦੂਤਵ ਦੀ ਹਮਲਾਵਰ ਸੁਰ ਨੂੰ ਨਰਮ ਕਰਨਾ ਅਤੇ ਨਾਲ ਹੀ ਮਾਲੀਆ-ਨੀਰਵ ਮੋਦੀ, ਰਾਫੇਲ ਸੌਦੇ ਦੇ ਮਹਾਂ-ਘੁਟਾਲਿਆਂ, ਨੋਟਬੰਦੀ ਸਮੇਤ ਹਰ ਖੇਤਰ ਵਿਚ ਅਵਾਮ ਵਿਰੋਧੀ ਬਦਨਾਮ ਕਾਰਗੁਜ਼ਾਰੀ ਨਾਲ ਦਾਗ਼ੀ ‘ਮਹਾਂਨਾਇਕਾਂ’ ਤੋਂ ਵਿਥ ਬਣਾਉਣਾ ਹੀ ਆਪਣੇ ਏਜੰਡੇ ਨੂੰ ਅਗਲੇ ਮੁਕਾਮ ‘ਤੇ ਲਿਜਾਣ ਲਈ ਸਾਜ਼ਗਰ ਮਾਹੌਲ ਬਣਾਉਣ ਦਾ ਬਿਹਤਰ ਦਾਅਪੇਚ ਹੋ ਸਕਦਾ ਹੈ। ਸੰਘ ਪਰਿਵਾਰ ਦੀਆਂ ਜਥੇਬੰਦੀਆਂ ਦੀਆਂ ਦਹਿਸ਼ਤੀ ਕਾਰਵਾਈਆਂ ਤੋਂ ਦਾਅਪੇਚਕ ਵਿਥ ਦਿਖਾਉਣ ਲਈ ਸੰਘ ਦੇ ਚਿਹਰੇ-ਮੋਹਰੇ ਨੂੰ ਨਵੀਂ ਦਿਖ ਦੇਣਾ ਜ਼ਰੂਰੀ ਹੈ। ਖ਼ਾਸ ਕਰਕੇ, ਮੁਸਲਮਾਨਾਂ ਤੇ ਦਲਿਤਾਂ ਸਮੇਤ ਸਮੂਹ ਦੱਬੇਕੁਚਲੇ ਤੇ ਘੱਟਗਿਣਤੀ ਸਮਾਜਿਕ ਸਮੂਹਾਂ ਦੇ ਕੁਲੀਨ ਹਿੱਸਿਆਂ ਨੂੰ ਪ੍ਰਭਾਵਿਤ ਕਰਨਾ ਸੰਘ ਦੀ ਵੱਡੀ ਜ਼ਰੂਰਤ ਹੈ ਜੋ ਇਨ੍ਹਾਂ ਦਹਿਸ਼ਤੀ ਮੁਹਿੰਮਾਂ ਕਾਰਨ ਤਿੱਖੇ ਵਿਰੋਧ ਦੇ ਰੌਂਅ ਵਿਚ ਹਨ ਅਤੇ ਜਿਨ੍ਹਾਂ ਨੂੰ ਸੰਘ ਦਾ ਰਵਾਇਤੀ ਵਤੀਰਾ ਮਨਜ਼ੂਰ ਨਹੀਂ। ਇਸੇ ਕਾਰਨ ਧਾਰਮਿਕ ਅਸਹਿਣਸ਼ੀਲਤਾ ਅਤੇ ਹਿੰਦੂਤਵ ਦਹਿਸ਼ਤੀ ਗਰੁੱਪਾਂ ਨਾਲ ਜੁੜੇ ਹਕੀਕੀ ਮੁੱਦਿਆਂ ਗਊ ਹੱਤਿਆ, ਲਵ ਜਹਾਦ, ਦੇਸ਼ ਧ੍ਰੋਹੀ ਪਾਕਿਸਤਾਨ ਚਲੇ ਜਾਓ ਆਦਿ ਬਾਰੇ ਕੋਈ ਠੋਸ ਬਿਆਨ ਨਹੀਂ ਅਤੇ ਜ਼ੋਰ ਸਿਰਫ਼ ਤੇ ਸਿਰਫ਼ ਦਿੱਖ ਸੁਧਾਰਨ ਉਪਰ ਹੈ।
ਸੰਘ ਦੀ ਸਭ ਤੋਂ ਬੜੀ ਖ਼ੂਬੀ ਇਹ ਹੈ ਕਿ ਇਹ ਖ਼ੁਦ ਨੂੰ ਸਮੇਂ ਅਨੁਸਾਰ ਢਾਲਣ ਲਈ ਆਪਣੀਆਂ ਨੀਤੀਆਂ ਵਿਚ ਕਿੰਨੀ ਵੀ ਭੰਨ-ਘੜ ਕਰ ਲਵੇ, ਇਸ ਦੀ ਮੂਲ ਫ਼ਿਤਰਤ ਬਰਕਰਾਰ ਰਹਿੰਦੀ ਹੈ। ਜਿਸ ਸੰਸਥਾ ਨੂੰ ਇਤਾਲਵੀ ਫਾਸ਼ੀ ਲਹਿਰ ਤੋਂ ਉਧਾਰ ਲਈ ਖ਼ਾਕੀ ਨਿੱਕਰ ਨੂੰ ਪੈਂਟ ਵਿਚ ਬਦਲਣ ਲਈ ਸਾਢੇ ਅੱਠ ਦਹਾਕੇ ਲੱਗੇ ਉਸ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਆਪਣਾ ਮੂਲ ਏਜੰਡਾ ਤਿਆਗ ਕੇ ਸੱਚਮੁੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ‘ਯੁਕਤ’ ਨਜ਼ਰੀਆ ਅਖ਼ਤਿਆਰ ਕਰ ਲਵੇਗੀ।