ਬਲਜੀਤ ਬਾਸੀ
ਪਿੰਡ ਵਿਚ ਸਾਡੀ ਪੱਤੀ ‘ਚ ਕੇਵਲ ਇਕ ਮੁਸਲਮਾਨ ਪਰਿਵਾਰ ਹੀ ਰਹਿ ਗਿਆ ਸੀ ਜਿਸ ਦਾ ਨਿਵਾਸ ਸਾਡੀ ਗਲੀ ਦੀ ਇੱਕ ਘਚੋਰ ਵਿਚ ਸੀ। ਲੀਲੋ ਨਾਮੀਂ ਇਸ ਪਰਿਵਾਰ ਦਾ ਮੁੰਡਾ ਮੈਥੋਂ 8-10 ਸਾਲ ਵੱਡਾ ਸੀ। ਛੋਟੇ ਹੁੰਦਿਆਂ ਇਕ ਦਿਨ ਗਲੀ ਵਿਚ ਖੇਡਦਿਆਂ ਮੈਂ ਲੀਲੋ ਤੋਂ ਉਸ ਦਾ ਅਸਲੀ ਨਾਂ ਪੁੱਛਿਆ ਤਾਂ ਉਸ ਨੇ ‘ਸਰਦਾਰ ਖਾਂ’ ਦੱਸਿਆ। ਖਾਂ ਸ਼ਬਦ ਨਾਲ ਇਹ ਮੇਰੀ ਪਹਿਲੀ ਪਛਾਣ ਸੀ।
ਕੁਝ ਵੱਡਾ ਹੋਇਆ ਤਾਂ ਸਕੂਲੇ ਚਰਨ ਸਿੰਘ ਸ਼ਹੀਦ ਦੀ ਇੱਕ ਹਾਸ-ਰਸੀ ਕਵਿਤਾ ਪੜ੍ਹਨ ਨੂੰ ਮਿਲੀ ਜਿਸ ਵਿਚ ਪਾਟੇ ਖਾਂ ਤੇ ਨਾਢੂ ਖਾਂ ਨਾਂ ਦੇ ਦੋ ਬੰਦੇ ਇੱਕ ਪੁਲ ਨੂੰ ਇਕ ਦੂਸਰੇ ਦੇ ਉਲਟ ਦਿਸ਼ਾ ਵਿਚ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਅੱਧ ਵਿਚਕਾਰ ਉਨ੍ਹਾਂ ਦਾ ਤਕਰਾਰ ਹੋ ਜਾਂਦਾ ਹੈ ਕਿਉਂਕਿ ਪੁਲ ਏਨਾ ਤੰਗ ਸੀ ਕਿ ਉਸ ਥਾਣੀਂ ਇੱਕ ਵੇਲੇ ਇਕੋ ਜਣਾ ਹੀ ਲੰਘ ਸਕਦਾ ਸੀ। ਦੋਨੋਂ ਇਕ ਦੂਜੇ ਨੂੰ ਪਿੱਛੇ ਮੁੜਨ ਨੂੰ ਆਖਦੇ ਹਨ ਪਰ ਦੋਨੋਂ ਹੂੜਮਤੀਏ ਆਪਣੇ ਪੈਂਤੜੇ ਤੋਂ ਨਹੀਂ ਹਿੱਲਦੇ। ਇੱਕ ਦੀਆਂ ਗੱਲਾਂ ਫੁਲੀਆ ਹੋਈਆਂ ਸਨ ਤੇ ਦੂਜੇ ਦੀ ਧੌਣ ਆਕੜੀ ਹੋਈ ਸੀ। ਗੱਲ ਕੀ ਦੋਨੋਂ ਲੜਦੇ ਲੜਦੇ ਪੁਲ ਤੋਂ ਡਿਗ ਕੇ ਜਾਨ ਵਾਰ ਦਿੰਦੇ ਹਨ ਪਰ ਕੋਈ ਆਪਣੀ ਅੜੀ ਤੋਂ ਪਿਛੇ ਨਹੀਂ ਹਟਦਾ। ਅਗਲੇਰੀ ਜ਼ਿੰਦਗੀ ਵਿਚ ਮੈਂ ਤੀਸ ਮਾਰ ਖਾਂ, ਫੰਨੇ ਖਾਂ ਅਤੇ ਖੱਬੀ ਖਾਂ ਬਾਰੇ ਸੁਣਿਆ ਤਾਂ ਮੇਰੇ ਮਨ ਵਿਚ ਇਹ ਗੱਲ ਘਰ ਕਰ ਗਈ ਕਿ ਖਾਨ ਨਾਂਵਾਂ ਵਾਲੇ ਬੰਦਿਆਂ ਦਾ ਕੋਈ ਖਾਨਾ ਹੀ ਖਰਾਬ ਹੋਵੇਗਾ ਜੋ ਏਨੇ ‘ਆਕੜ ਖਾਂ’ ਹੁੰਦੇ ਹਨ।
ਅਸੀਂ ਆਮ ਤੌਰ ‘ਤੇ ਖਾਨ/ਖਾਂ ਸ਼ਬਦ ਮੁਸਲਮਾਨਾਂ, ਖਾਸ ਤੌਰ ‘ਤੇ ਪਠਾਣਾਂ ਦੇ ਦੂਜੇ ਨਾਂ ਵਜੋਂ ਹੀ ਸਮਝਦੇ ਹਾਂ। ਭਾਰਤੀ ਫਿਲਮ ਸੰਸਾਰ ਵਿਚ ਸਲਮਾਨ ਖਾਂ, ਅਮੀਰ ਖਾਂ, ਸ਼ਾਹ ਰੁਖ ਖਾਂ, ਇਰਫਾਨ ਖਾਂ ਛਾਏ ਹੋਏ ਹਨ। ਦਲੀਪ ਕੁਮਾਰ ਦਾ ਅਸਲ ਨਾਂ ਵੀ ਮੁਹੰਮਦ ਯੂਸਫ ਖਾਂ ਹੀ ਹੈ। ਹੁਣੇ ਹੁਣੇ ਬਣੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਨਾਂ ਇਮਰਾਨ ਖਾਂ ਹੈ। ਭਾਰਤੀ ਖਿੱਤੇ ਅੰਦਰ ਕਿਸੇ ਖੇਤਰ ਵਿਚ ਖਾਨ ਨਾਂ ਦੇ ਬੰਦਿਆਂ ਦੀ ਕਮੀ ਨਹੀਂ।
ਮਧਯੁੱਗੀ ਭਾਰਤ ਵਿਚ ਵੱਡੇ ਵੱਡੇ ਅਹਿਲਕਾਰਾਂ, ਸਰਦਾਰਾਂ, ਰਈਸਾਂ ਦੇ ਤੌਰ ‘ਤੇ ਖਾਨਾਂ ਦਾ ਬੋਲਬਾਲਾ ਸੀ। ਆਮ ਨਾਗਰਿਕ ਦਾ ਸਿੱਧਾ ਵਾਹ ਇਨ੍ਹਾਂ ਅਧਿਕਾਰੀਆਂ ਨਾਲ ਹੀ ਪੈਂਦਾ ਸੀ, ਵੱਡੇ ਸੁਲਤਾਨ ਜਾਂ ਬਾਦਸ਼ਾਹ ਨਾਲ ਨਹੀਂ। ਉਨ੍ਹਾਂ ਲਈ ਖਾਨ ਹੀ ਬਾਦਸ਼ਾਹ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਅਜਿਹੀ ਹੀ ਵਰਤੋਂ ਮਿਲਦੀ ਹੈ, ‘ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨਾ॥’ (ਗੁਰੂ ਅਰਜਨ ਦੇਵ); ‘ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ॥’ (ਗੁਰੂ ਨਾਨਕ ਦੇਵ)।
ਮਨੁੱਖ ਕਿੰਨਾ ਵੀ ਤਾਕਤਵਰ ਹੋਵੇ, ਉਸ ਕੋਲ ਮੌਤ ਦਾ ਇਲਾਜ ਨਹੀਂ। ਗੁਰਬਾਣੀ ਵਿਚ ਰੱਬ ਨੂੰ ਵੀ ਖਾਨ ਕਿਹਾ ਗਿਆ ਹੈ, ‘ਚੰਦੀ ਹਜਾਰ ਆਲਮ ਏਕਲ ਖਾਨਾਂ॥’ (ਭਗਤ ਨਾਮਦੇਵ); ‘ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ॥’ (ਗੁਰੂ ਅਰਜਨ ਦੇਵ)। ਵਾਰਸ ਨੇ ਡਾਢੇ ਖਾਨ ਨੂੰ ਜੱਲਾਦ ਜਿਹਾ ਕਹਿ ਦਿੱਤਾ,
ਕੰਜਰ ਸੋਈ ਜੋ ਜ਼ੈਰਤਾਂ ਬਾਝ ਹੋਵਣ
ਜਿਵੇਂ ਭਾਂਬੜਾ ਬਿਨਾ ਅਸ਼ਨਾਨ ਹੋਵੇ।
ਕਸਬਾ ਸੋਈ ਜੋ ਵੈਰ ਬਿਨ ਪਿਆ ਵੱਸੇ
ਜੱਲਾਦ ਜੋ ਮਿਹਰ ਬਿਨ ਖਾਨ ਹੋਵੇ।
ਮਧ ਯੁੱਗ ਵਿਚ ਜਿਨ੍ਹਾਂ ਵਿਭਿੰਨ ਹਾਕਮਾਂ ਦਾ ਰਾਜ ਰਿਹਾ ਹੈ, ਉਨ੍ਹਾਂ ਦਾ ਸਬੰਧ ਇਸਲਾਮ ਧਰਮ ਨਾਲ ਸੀ। ਭਾਵੇਂ ਅਰਬ ਦੇ ਮੁਸਲਮਾਨ ਮੁਹੰਮਦ ਬਿਨ ਕਾਸਿਮ ਨੇ ਅੱਠਵੀਂ ਸਦੀ ਵਿਚ ਹੀ ਸਿੰਧ ਤੇ ਕਬਜਾ ਕਰ ਲਿਆ ਸੀ ਪਰ ਇਸਲਾਮੀ ਰਾਜ ਦੀ ਅਸਲ ਨੀਂਹ ਤੁਰਕ-ਮੰਗੋਲ ਮੁਸਲਮਾਨਾਂ ਨੇ ਬਹੁਤ ਬਾਅਦ ਵਿਚ ਹੀ ਰੱਖੀ। ਇਸ ਯੁੱਗ ਦੌਰਾਨ ਹੀ ਭਾਰਤੀ ਖਿੱਤੇ ਵਿਚ ਖਾਨ ਪ੍ਰਗਟ ਹੋਏ। ਅਸਲ ਵਿਚ ਖਾਨ ਪਦ ਜਾਂ ਦੂਜੇ ਉਪਨਾਮ ਦਾ ਇਸਲਾਮ ਨਾਲ ਨਾ ਤਾਂ ਕੋਈ ਪੁਰਾਣਾ ਰਿਸ਼ਤਾ ਜੁੜਦਾ ਹੈ ਤੇ ਨਾ ਇਸਲਾਮ ਦੀ ਜਨਮਦਾਤਾ ਧਰਤੀ ਅਰਬ ਨਾਲ। ‘ਮਹਾਨ ਕੋਸ਼’ ਇਸ ਸ਼ਬਦ ਦਾ ਸ੍ਰੋਤ ਫਾਰਸੀ ਦੱਸਦਿਆਂ ਇਸ ਨੂੰ ਪਠਾਣਾਂ ਦੀ ਇਕ ਉਪਾਧੀ ਬਿਆਨਦਾ ਹੈ।
ਬਾਰ੍ਹਵੀਂ ਸਦੀ ਦੇ ਦੂਜੇ ਅੱਧ ਵਿਚ ਪੈਦਾ ਹੋਇਆ ਮੰਗੋਲ ਸਮਰਾਟ ਚੰਗੇਜ਼ ਖਾਂ ਚੀਨ ਦੇ ਟੈਂਗਰਿਜ਼ਮ ਸ਼ਮਨ ਮਤ ਦਾ ਧਾਰਨੀ ਸੀ। ਇਸ ਦਾ ਮੁਢਲਾ ਨਾਂ ਟੈਮੂਜਿਨ ਸੀ (ਠeਮੁਜਨਿ)। ਤੁਰਕ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਲੋਹ ਕਾਮਾ ਹੁੰਦਾ ਹੈ। ਇਸ ਨੇ ਚੰਗੇਜ਼ ਖਾਂ ਨਾਂ ਬਾਅਦ ਵਿਚ ਧਾਰਿਆ, ਜਿਸ ਦਾ ਅਰਥ ਹੈ, ‘ਵਿਸ਼ਵ ਸ਼ਾਸਕ’, ਸਮਝੋ ਸ਼ਾਹ ਜਹਾਨ। ਤੇਰ੍ਹਵੀਂ ਸਦੀ ਦੇ ਕੁਬਲਈ ਖਾਂ ਦਾ ਮੰਗੋਲੀਆ ਵਿਚ ਫੈਲੇ ਤਿੱਬਤੀ ਤਰਜ਼ ਵਾਲੇ ਬੁਧ ਧਰਮ ਨਾਲ ਸਬੰਧ ਸੀ। ਕੁਬਲਈ ਖਾਂ ਚੰਗੇਜ਼ ਖਾਂ ਦਾ ਪੋਤਾ ਅਤੇ ਉਸ ਦਾ ਉਤਰਾਅਧਿਕਾਰੀ ਸੀ। ਉਂਜ ਉਹ ਧਾਰਮਿਕ ਤੌਰ ‘ਤੇ ਬਹੁਤ ਸਹਿਨਸ਼ੀਲ ਮੰਨਿਆ ਜਾਂਦਾ ਹੈ।
ਇਤਿਹਾਸ ਵਿਚ ਖਾਨਾਂ ਦਾ ਰਾਜ ਦਸਵੀਂ ਸਦੀ ਤੋਂ ਸ਼ੁਰੂ ਹੋਇਆ ਅਤੇ ਇਨ੍ਹਾਂ ਦੀਆਂ ਕਈ ਬੰਸਾਵਲੀਆਂ ਚੱਲੀਆਂ। ਇਨ੍ਹਾਂ ਨੂੰ ਅੰਗਰੇਜ਼ੀ ਵਿਚ ਖਾਨੇਟ (ਖਾਨਰਾਜ) ਕਿਹਾ ਜਾਂਦਾ ਸੀ। ਮੁਢਲੇ ਤੌਰ ‘ਤੇ ਇਹ ਮੰਗੋਲ ਖਾਨਾਬਦੋਸ਼ ਕਬੀਲੇ ਸਨ ਜਿਨ੍ਹਾਂ ਆਪਣੇ ਕਰੂਰ ਹਮਲਿਆਂ ਦੌਰਾਨ ਲੱਖਾਂ ਵਿਰੋਧੀ ਫੌਜੀਆਂ ਅਤੇ ਆਮ ਲੋਕਾਂ ਨੂੰ ਕੁਚਲਿਆ ਅਤੇ ਧਿੰਗੋਜ਼ੋਰੀ ਹਜ਼ਾਰਾਂ ਇਲਾਕੇ ਹਥਿਆਏ। ਕਹਿੰਦੇ ਹਨ, ਚੰਗੇਜ਼ ਖਾਨ ਦੇ ਧਾੜਿਆਂ ਕਾਰਨ ਕੋਈ ਚਾਰ ਕਰੋੜ ਲੋਕ ਮਾਰੇ ਗਏ। ਇਸ ਦੌਰਾਨ ਮਧ ਏਸ਼ੀਆ ਤੋਂ ਲੈ ਕੇ ਪੂਰਬੀ ਯੂਰਪ ਅਤੇ ਅਫਰੀਕਾ ਤੱਕ ਇਨ੍ਹਾਂ ਦਾ ਬੋਲਬਾਲਾ ਹੋ ਗਿਆ। ਇਨ੍ਹਾਂ ਨੇ ਉਸ ਸਮੇਂ ਦਾ ਸਭ ਤੋਂ ਵੱਡਾ ਸਾਮਰਾਜ ਸਿਰਜਿਆ। ਇਹ ਸਮਰਾਟ ਆਪਣੇ ਆਪ ਨੂੰ ਖਾਨ ਕਹਾਉਂਦੇ ਸਨ, ਜਿਵੇਂ ਸਾਡਾ ਮਹਾਰਾਜ ਸ਼ਬਦ ਹੈ। ਖਾਨ ਸ਼ਬਦ ਦਰਅਸਲ ਮੰਗੋਲੀਆ ਦੀ ਹੀ ਉਪਜ ਹੈ।
ਇੱਕ ਵਿਚਾਰ ਹੈ ਕਿ ਇਸ ਸ਼ਬਦ ਦੀ ਵਿਉਤਪਤੀ ਚੀਨ ਦੇ ਮਹਾਨ ਵੰਸ਼ ਹਾਨ ਤੋਂ ਹੋਈ ਜਿਸ ਦਾ ਨਾਂ ਹਾਨਸ਼ੂਈ ਨਦੀ ਤੋਂ ਪਿਆ। ਇਸ ਨਦੀ ਦੇ ਆਸਪਾਸ ਇਸ ਵੰਸ਼ ਦਾ ਰਾਜ ਸੀ। ਮੰਗੋਲ ਨਸਲ ਦੇ ਲੜਾਕਿਆਂ ਨੇ ਜਦ ਚੀਨ ‘ਤੇ ਕਬਜ਼ਾ ਕੀਤਾ ਤਾਂ ਕਾਗਾਨ, ਖਾਕਾਨ ਜਾਂ ਸਿਰਫ ਕਾਨ ਜਿਹੇ ਸ਼ਬਦ ਸਾਹਮਣੇ ਆਏ। ਚੀਨੀ ਦੇ ‘ਕੇ’ ਅਗੇਤਰ ਦਾ ਅਰਥ ਸ਼ਿਰੋਮਣੀ, ਮਹਾਨ ਹੁੰਦਾ ਹੈ। ਇਸ ਤਰ੍ਹਾਂ ‘ਕੇ’ ਦੇ ਨਾਲ ‘ਹਾਨ’ ਲੱਗ ਕੇ ਕੇਹਾਨ ਜਿਹਾ ਸ਼ਬਦ ਸਾਹਮਣੇ ਆਇਆ, ਮਤਲਬ ਹੋਇਆ, ਹਾਨ ਦਾ ਸਵਾਮੀ।
ਕੁਝ ਕੋਸ਼ਕਾਰਾਂ ਨੇ ਖਾਨ ਸ਼ਬਦ ਨੂੰ ਅੰਗਰੇਜ਼ੀ ‘ਕਿੰਗ’ ਅਤੇ ਸੰਸਕ੍ਰਿਤ ‘ਸਵਾਮੀ’ ਨਾਲ ਜੋੜਨ ਦਾ ਸੁਝਾਅ ਵੀ ਦਿੱਤਾ ਹੈ ਪਰ ਇਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਚੌਥੀ ਸਦੀ ਈਸਵੀ ਵਿਚ ਦੱਖਣੀ ਮੰਗੋਲੀਆ ਅਤੇ ਉਤਰੀ ਚੀਨ ਦਾ ਇਕ ਕਬੀਲਾ ਰੁਆਨਰੁਆਨ ਦਾ ਕਾਗਾਨ ਸੀ, ਜਿਸ ਦੇ ਸ਼ਾਸਕਾਂ ਦੇ ਕੁਝ ਪ੍ਰਚਲਿਤ ਨਾਂ ਸਨ-ਕਪੋਦਫਾ ਖਾਨ, ਇਕੂਗਾਈ ਖਾਨ, ਚੂ ਖਾਨ, ਤੁਹਾਨ ਖਾਨ ਆਦਿ। ਇਸਲਾਮ ਧਰਮ ਬਹੁਤ ਬਾਅਦ ਵਿਚ ਪੈਦਾ ਹੋਇਆ।
ਬਾਰ੍ਹਵੀਂ ਤੋਂ ਚੌਧਵੀਂ ਸਦੀ ਤੱਕ ਵੀ ਚੀਨ ਅਤੇ ਮੰਗੋਲੀਆ ਦੇ ਹਾਕਮ ਕਾਗਾਨ/ਖਾਕਾਨ ਉਪਾਧੀ ਧਾਰਨ ਕਰਦੇ ਰਹੇ। ਤੈਮੂਰ ਲੰਗ ਪਹਿਲਾ ਮੁਸਲਮਾਨ ਹਾਕਮ ਸੀ ਜਿਸ ਨੇ ਇਹ ਪਦਵੀ ਧਾਰੀ ਤੇ ਤੈਮੂਰ ਖਾਂ ਕਹਾਉਣ ਲੱਗਾ, ਜਦ ਕਿ ਚੀਨ ਅਤੇ ਮੰਗੋਲੀਆ ਵਿਚ ਉਸ ਦੇ ਸਮਕਾਲੀ ਗੈਰ-ਇਸਲਾਮੀ ਸ਼ਾਸਕ ਇਸ ਪਦਵੀ ਦੇ ਧਾਰਨੀ ਰਹੇ। ਚੀਨ ਦਾ ਸ਼ਾਸਕ ਕੁਬਲਈ ਖਾਨ ਇਸ ਵੰਸ਼ ਦਾ ਬਾਨੀ ਸੀ। ਉਸ ਨੇ ਚੀਨ ਦੀ ਅਜੋਕੀ ਰਾਜਧਾਨੀ ਪੇਈਚਿੰਗ (ਉਦੋਂ ਦਾਦਾ) ਦਾ ਨਾਂ ਬਦਲ ਕੇ ਖਾਨਬਾਲਿਕ (ਖਾਨ ਰਾਜਧਾਨੀ) ਰੱਖ ਦਿੱਤਾ।
ਖਾਨ, ਖਾਗਾਨ, ਖਾਕਾਨ ਜਿਹੇ ਪਦਸੂਚਕ ਸ਼ਬਦ ਤੁਰਕੀ ਤੋਂ ਫਾਰਸ ਤੇ ਹੋਰ ਦੂਰ ਤੱਕ ਫੈਲ ਗਏ। ਫਾਰਸ ਅਤੇ ਅਫਗਾਨਿਸਤਾਨ ਵਿਚ ਆ ਕੇ ਇਨ੍ਹਾਂ ਮੰਗੋਲ-ਤੁਰਕ ਧਾੜਵੀਆਂ ਨੂੰ ਇਸਲਾਮ ਧਰਮ ਵਧੇਰੇ ਅਨੁਕੂਲ ਲੱਗਾ ਤੇ ਇਸ ਨੂੰ ਧਾਰਨ ਕਰ ਲਿਆ। ਇਸ ਤਰ੍ਹਾਂ ਖਾਨ ਸ਼ਬਦ ਇਸਲਾਮ ਨਾਲ ਜੁੜ ਗਿਆ। ਸਮਝਿਆ ਗਿਆ, ਇਹ ਤੁਰਕੀ ਮੂਲ ਦੇ ਪਦ ਹਨ।
ਮੁਸਲਮਾਨਾਂ ਨੂੰ ਤੁਰਕ ਵੀ ਕਿਹਾ ਜਾਂਦਾ ਹੈ। ਅਰਬ ਵਿਚ ਕਿਧਰੇ ਕਿਧਰੇ ਉਚਅਧਿਕਾਰੀਆਂ ਦੇ ਨਾਂ ਨਾਲ ਖਾਨ ਲਗਦਾ ਹੈ ਪਰ ਪ੍ਰਮੁਖ ਸ਼ਾਸਕ ਅੱਗੇ ਨਹੀਂ। ਭਾਰਤ ਵਿਚ ਮੁਗਲਾਂ ਤੱਕ ਜਿੰਨੇ ਵੀ ਹਮਲਾਵਰ ਆਏ ਉਨ੍ਹਾਂ ਵਿਚੋਂ ਕਈਆਂ ਦੇ ਪਹਿਲੇ ਨਾਂਵਾਂ ਅੱਗੇ ਖਾਨ/ਖਾਂ ਲੱਗਾ ਹੋਇਆ ਹੈ। ਸਈਅਦ ਵੰਸ਼ ਦੇ ਮੋਢੀ ਦਾ ਨਾਂ ਸਈਅਦ ਖਿਜ਼ਰ ਖਾਂ ਸੀ। ਲੋਧੀ ਵੰਸ਼ ਦੇ ਸੁਲਤਾਨਾਂ ਦੇ ਨਾਂ ਸਨ-ਬਹਿਲੋਲ ਖਾਂ, ਨਿਜ਼ਾਮ ਖਾਂ (ਬਾਅਦ ਵਿਚ ਸਿਕੰਦਰ ਲੋਧੀ), ਲਾਹੌਰ ਦਾ ਸੂਬੇਦਾਰ ਦੌਲਤ ਖਾਂ ਲੋਧੀ ਕਹਾਉਂਦਾ ਸੀ। ਮੁਗਲ ਸ਼ਾਸਨ ਦਾ ਮੋਢੀ ਬਾਬਰ ਮਾਂ ਵਲੋਂ ਚੰਗੇਜ਼ ਖਾਂ ਅਤੇ ਪਿਤਾ ਵਲੋਂ ਤੈਮੂਰ ਲੰਗ ਦੇ ਵੰਸ਼ ਦਾ ਸੀ। ਚੰਗੇਜ਼ ਖਾਂ ਸਮੇਤ ਬਹੁਤੇ ਖੱਬੀ ਖਾਂ ਆਪਣਾ ਰਿਸ਼ਤਾ ਤੈਮੂਰ ਨਾਲ ਜੋੜਦੇ ਹਨ।
ਚੀਨ ਅਤੇ ਮੰਗੋਲੀਆ ਵਿਚ ਰਹੇ ਸਮਰਾਟ ਖਾਨ ਨਾਲ ਜੁੜਦੇ ਖਾਨ ਜਾਂ ਖਾਕਾਨ ਜਦ ਭਾਰਤ ਵਿਚ ਆਏ ਤਾਂ ਉਨ੍ਹਾਂ ਸਮਰਾਟਾਂ ਨੇ ਖਾਨ ਪਦਵੀ ਧਾਰਨ ਨਹੀਂ ਕੀਤੀ ਬਲਕਿ ਇਸਲਾਮ ਧਰਮ ਦੇ ਜਨਮਦਾਤਾ ਅਰਬ ਇਰਾਨ ਦੇ ਸ਼ਾਸਕਾਂ ਵਾਲੀਆਂ ਉਪਾਧੀਆਂ ਸੁਲਤਾਨ, ਬਾਦਸ਼ਾਹ, ਸ਼ਹਿਨਸ਼ਾਹ, ਮਲਿਕ ਆਦਿ ਨੂੰ ਅਪਨਾਇਆ। ਅਸਲ ਵਿਚ ਜਿਉਂ ਜਿਉਂ ਖਾਨ ਮੰਗੋਲੀਆ ਤੋਂ ਮਧ ਏਸ਼ੀਆ ਤੇ ਹੋਰ ਅੱਗੇ ਵਧਦੇ ਗਏ, ਖਾਨ ਦਾ ਮੁਰਾਤਬਾ ਘਟਦਾ ਗਿਆ। ਹੁਣ ਖਾਨ ਉਪਾਧੀ ਦਰਜਾ-ਬ-ਦਰਜਾ ਹੋਰ ਅਹਿਲਕਾਰਾਂ, ਕਰਮਚਾਰੀਆਂ ਨੂੰ ਦਿੱਤੀ ਜਾਣ ਲੱਗੀ। ਖਾਨ ਦੀ ਵਧਦੀ ਬੇਕਦਰੀ ਕਾਰਨ ਖਾਨੇਖਾਨਮ (ਰਾਜਿਆਂ ਦਾ ਰਾਜਾ) ਉਪਾਧੀ ਸਾਹਮਣੇ ਆਈ। ਅਕਬਰ ਹਮਾਯੂੰ ਦੇ ਕਾਮਯਾਬ ਫੌਜੀ ਸੈਨਾਪਤੀ ਬੈਰਾਮ ਖਾਂ ਨੂੰ ਖਾਨੇਖਾਨਮ ਨਾਲ ਸਨਮਾਨਿਆ ਗਿਆ। ਭਾਰਤ ਵਿਚ ਮੁਗਲਾਂ ਨੇ ਆਪਣੇ ਅਹਿਲਕਾਰਾਂ ਨੂੰ ਖਾਨ ਦੀਆਂ ਪਦਵੀਆਂ ਵੰਡ ਕੇ ਨਿਵਾਜਿਆ। ਗੱਲ ਕੀ, ਸਈਅਦਾਂ, ਲੋਧੀਆਂ ਵਲੋਂ ਸ਼ੁਰੂ ਕੀਤੀ ਇਸ ਰੀਤ ਕਾਰਨ ਖਾਨ ਸ਼ਬਦ ਖਾਸ ਤੌਰ ‘ਤੇ ਇਰਾਨੀ ਅਤੇ ਪਠਾਣੀ ਮੁਸਲਮਾਨਾਂ ਨਾਲ ਜੁੜ ਗਿਆ ਜੋ ਕਿ ਬਹੁਤੇ ਅਫਗਾਨਿਸਤਾਨ ਰਾਹੀਂ ਹੀ ਇਧਰ ਆਏ ਸਨ।
ਭਾਰਤ ਦੇ ਬਹੁਤ ਸਾਰੇ ਸੂਬਿਆਂ ਜਿਵੇਂ ਪੰਜਾਬ, ਬੰਗਾਲ, ਯੂ. ਪੀ., ਬਿਹਾਰ, ਰਾਜਸਥਾਨ, ਗੁਜਰਾਤ ਆਦਿ ਵਿਚ ਬਹੁਤ ਸਾਰੇ ਫੌਜੀ ਪਠਾਣ ਆਏ ਤੇ ਕਈ ਹਿੰਦੂਆਂ ਨੇ ਇਸਲਾਮ ਕਬੂਲਿਆ। ਹੌਲੀ ਹੌਲੀ ਇਨ੍ਹਾਂ ਮੁਸਲਮਾਨਾਂ ਨੇ ਖਾਨ ਨੂੰ ਇਕ ਦੂਜੇ ਉਪਨਾਮ ਵਜੋਂ ਹੀ ਅਪਨਾ ਲਿਆ।
ਇਸ ਦੌਰਾਨ ਬਹੁਤ ਸਾਰੇ ਹਿੰਦੂ ਵੀ ਆਪਣੇ ਨਾਂ ਅੱਗੇ ਖਾਨ ਲਾਉਣ ਲੱਗ ਪਏ। ਆਸਾਮ, ਬੰਗਾਲ, ਉੜੀਸਾ ਆਦਿ ਵਿਚ ਇਹ ਰੁਚੀ ਦਿਖਾਈ ਦਿੰਦੀ ਹੈ। ਅਜਿਹੀ ਹੀ ਇਕ ਇਤਿਹਾਸਕ ਸ਼ਖਸੀਅਤ ਹੈ, ਰਾਮ ਚੰਦਰ ਖਾਨ ਜਿਸ ਨੇ ਬੁਢੇ ਵਾਰੇ ਵਿਆਹ ਕੀਤਾ ਤੇ ਬੁੜਾ ਖਾਨ ਕਹਾਉਣ ਲੱਗਾ। ਹੋਰ ਨਾਂ ਹਨ-ਪਰਤਾਪ ਖਾਂ, ਗਭਰੂ ਖਾਂ ਆਦਿ। ਬੁਧ ਧਰਮ ਧਾਰਨ ਵਾਲੇ ਚਕਮਾ ਕਬੀਲੇ ਵਿਚ ਵੀ ਕਈ ਖਾਨ ਮਿਲਦੇ ਹਨ ਜਿਵੇਂ ਚਮਨ ਖਾਨ, ਟੱਬਰ ਖਾਨ, ਜੱਬਰ ਖਾਨ, ਜਨ ਬਖਸ਼ ਖਾਨ, ਧਰਮ ਬਖਸ਼ ਖਾਨ ਆਦਿ। ਅੰਗਰੇਜ਼ ਸ਼ਾਸਕਾਂ ਨੇ ਆਪਣੇ ਹਿੰਦੂ ਜੀ-ਹਜ਼ੂਰੀਆਂ ਨੂੰ ‘ਰਾਏ ਬਹਾਦਰ’ ਬਣਾ ਕੇ ਚੁੱਕਿਆ ਤੇ ਨਾਲ ਹੀ ਅਜਿਹੇ ਮੁਸਲਮਾਨਾਂ ਨੂੰ ‘ਖਾਨ ਬਹਾਦੁਰ’ ਬਣਾ ਕੇ ਬਾਂਸ ‘ਤੇ ਚੜ੍ਹਾਇਆ।
ਖਾਨ ਦੇ ਬੱਚੇ ਖਾਨਜ਼ਾਦੇ ਹੁੰਦੇ ਹਨ। ਕਈ ਪ੍ਰਾਂਤਾਂ ਵਿਚ ਰਾਜਪੂਤਾਂ ਨੇ ਇਸਲਾਮ ਧਾਰਿਆ ਤਾਂ ‘ਰਾਜਪੂਤ’ ਸ਼ਬਦ ਦੀ ਤਰਜ਼ ਤੇ ‘ਖਾਨਜ਼ਾਦਾ’ ਕਹਾਏ। ਫਾਰਸੀ ਵਿਚ ਆ ਕੇ ਖਾਕਾਨ ਤੋਂ ਖਾਤੂਨ, ਖਾਨਮ ਜਿਹੇ ਇਸਤਰੀ ਲਿੰਗ ਬਣੇ, ਜੋ ਕਿਸੇ ਵੀ ਪ੍ਰਤਿਸ਼ਠਿਤ ਇਸਤਰੀ ਲਈ ਵਰਤੇ ਗਏ। ਖਾਨੁਮ ਸੁਲਤਾਨ ਬੇਗਮ ਅਕਬਰ ਦੀ ਵੱਡੀ ਰਾਜਕੁਮਾਰੀ ਸੀ। ਇਹ ਸ਼ਬਦ ਇਸਤਰੀ ਦਾ ਉਪਨਾਮ ਵੀ ਬਣ ਗਿਆ ਜਿਵੇਂ ਜੁ.ਬੈਦਾ ਖਾਨੁਮ, ਅਬਿਦਾ ਖਾਨਮ ਆਦਿ। ਪ੍ਰਧਾਨ ਮੰਤਰੀ ਇਮਰਾਨ ਖਾਂ ਦੀ ਮਾਂ ਸ਼ੌਕਤ ਖਾਨਮ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੀ ਰਹਿਣ ਵਾਲੀ ਸੀ, ਜੋ ਪਠਾਣ ਸੀ।
ਗੁਰੂ ਅਰਜਨ ਦੇਵ ਨੇ ਖਾਨਮ ਸ਼ਬਦ ਖਾਨ, ਸਰਦਾਰ ਦੇ ਅਰਥਾਂ ਵਿਚ ਹੀ ਵਰਤਿਆ ਹੈ, “ਸੂਰ ਨ ਬੀਰ ਨ ਮੀਰ ਨ ਖਾਨਮ ਸੰਗਿ ਨ ਕੋਊ ਦ੍ਰਿਸਟਿ ਨਿਹਾਰਹੁ॥” ਇੱਕ ਵਿਦਵਾਨ ਨੇ ਇਸ ਦੀ ਵਿਆਖਿਆ ਕਰਦਿਆਂ ਕਿਹਾ ਹੈ ਕਿ ਤੁਰਕੀ ਵਿਚ ਖਾਨਮ ਨੂੰ ਖਾਨੰ ਦੀ ਤਰ੍ਹਾਂ ਉਚਾਰਿਆ ਜਾਂਦਾ ਹੈ। ਵਜ਼ਨ ਦਾ ਮਸਲਾ ਵੀ ਹੋ ਸਕਦਾ ਹੈ।
ਲੋਧੀ ਅਤੇ ਸੂਰੀ ਵੰਸ਼ਾਂ ਦੌਰਾਨ ਅਫਗਾਨਿਸਤਾਨ ਤੋਂ ਬਹੁਤ ਸਾਰੇ ਫੌਜੀ ਅਤੇ ਹਾਕਮਾਂ ਦੇ ਕਰੀਬੀ ਪਠਾਣ ਪੰਜਾਬ ਵਿਚ ਆ ਵਸੇ। ਮੀਆਂਵਾਲੀ ਅਤੇ ਖਾਨੇਵਾਲ ਅਨੇਕਾਂ ਖਾਨ ਮਿਲਦੇ ਹਨ। ਇਮਰਾਨ ਖਾਂ ਮੀਆਂਵਾਲੀ ਦਾ ਹੀ ਰਹਿਣ ਵਾਲਾ ਹੈ। ਜਲੰਧਰ ਵਿਚ ਕਈ ਬਸਤੀਆਂ ਤੇ ਪਿੰਡ ਹਨ, ਜੋ ਇਨ੍ਹਾਂ ਦੇ ਕਬੀਲਿਆਂ ਦੇ ਨਾਂਵਾਂ ਨਾਲ ਜਾਣੇ ਜਾਂਦੇ ਹਨ, ਜਿਵੇਂ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜ਼ਾਂ, ਬਸਤੀ ਇਬਰਾਹੀਮ ਖਾਂ (ਪਿੰਡ), ਬਸਤੀ ਪੀਰ ਦਾਦ ਖਾਂ, ਬਸਤੀ ਸ਼ਾਹ ਕੁਲੀ ਆਦਿ। ਹੁਸ਼ਿਆਰਪੁਰ ਵਿਚ ਵੀ ਬਹੁਤ ਖਾਨ ਹਨ/ਸਨ। ਸ਼ਹਿਰ ਦਾ ਨਾਂ ਹੀ ਹੋਸ਼ਿਆਰ ਖਾਂ ਦੇ ਨਾਂ ਨਾਲ ਜੋੜਿਆ ਜਾਂਦਾ ਹੈ। ਮਲੇਰਕੋਟਲਾ ਦਾ ਪਿੱਛਾ ਵੀ ਪਠਾਣਾਂ ਨਾਲ ਹੈ।
ਪੰਜਾਬ ਵਿਚ ਕੋਟ ਈਸੇ ਖਾਂ, ਹਾਜ਼ਰ ਖਾਂ ਨਾਮੀ ਪਿੰਡ ਹਨ। ਹੋਰ ਪਿੰਡ ਜਿਨ੍ਹਾਂ ਦਾ ਸਬੰਧ ਖਾਨ ਸ਼ਬਦ ਨਾਲ ਹੋ ਸਕਦਾ ਹੈ, ਹਨ-ਖਾਨਾਬਾਦ, ਖਾਨਪੁਰ, ਖਨੌਰਾ, ਖਨੌਰੀ ਆਦਿ। ਅਕਬਰ ਦੇ ਨੌਂ ਰਤਨਾਂ ਵਿਚੋਂ ਇਕ ਦਾ ਨਾਂ ਅਬਦੁਰ ਰਹੀਮ ਖਾਨਖਾਨਾ ਸੀ। ਕਿਹਾ ਜਾਂਦਾ ਹੈ ਕਿ ਰਹੀਮ 1556 ਤੋਂ 1627 ਤੱਕ ਬੰਗਾ ਲਾਗਲੇ ਪਿੰਡ ਖਾਨਖਾਨਾ ਰਹੇ। ਉਸੇ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਪਿਆ। ਖਾਨ ਚਾਹੇ ਚੜ੍ਹਤ ‘ਚ ਰਹੇ ਹੋਣ ਕਰਕੇ ਕਿੰਨੇ ਵੀ ਆਕੜ ਖਾਂ ਬਣ ਗਏ ਹੋਣ ਪਰ ਆਖਰ ਤਾਂ ਗੁਰੂ ਅਰਜਨ ਦੇਵ ਦੇ ਮਹਾਵਾਕ ਅਨੁਸਾਰ ਫਾਨੀ ਹਨ, ‘ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ॥’