ਹੱਥਾਂ ਉਤੇ ਰੰਗਾਂ ਦਾ ਮੇਲਾ

ਬੰਦੇ ਦੇ ਹੱਥਾਂ ਉਤੇ ਰੰਗ ਸਜਾ ਕੇ ਇਨ੍ਹਾਂ ਨੂੰ ਜਿਉਂਦੇ-ਜਾਗਦੇ ਜਾਨਵਰਾਂ ਵਰਗਾ ਦਿਸਣ ਲਾਉਣ ਵਾਲਾ ਕਲਾਕਾਰ ਗੁਇਦੋ ਦੇਨੀਅਲ ਅੱਜਕੱਲ੍ਹ ਖੂਬ ਚਰਚਾ ਵਿਚ ਹੈ। ਉਸ ਦੀ ਕਲਾ ਤੇ ਕਲਾ ਪ੍ਰਤਿਭਾ ਦੰਗ ਕਰਨ ਵਾਲੀ ਹੈ। ਇਕ ਵਾਰ ਜਿਹੜਾ ਬੰਦਾ ਉਸ ਦੀ ਕੋਈ ਕਲਾਕ੍ਰਿਤੀ ਦੇਖ ਲੈਂਦਾ ਹੈ, ਫਿਰ ਉਸ ਦਾ ਹੀ ਹੋ ਕੇ ਰਹਿ ਜਾਂਦਾ ਹੈ। ਉਸ ਦੇ ਹੱਥਾਂ ਵਿਚ ਕੋਈ ਜਾਦੂ ਹੈ ਕਿ ਉਹ ਕੁਝ ਕੁ ਘੰਟਿਆਂ ਵਿਚ ਬੰਦੇ ਦੇ ਹੱਥ ਨੂੰ ਜਾਨਵਰ ਦਾ ਚਿਹਰਾ ਧਰਦਾ ਹੈ। ਉਸ ਦੀ ਇਹ ਕਲਾ ਕਿਸੇ ਅਸਚਰਜ ਤੋਂ ਤਰ੍ਹਾਂ ਘੱਟ ਨਹੀਂ। ਉਸ ਦੀ ਇਸ ਕਲਾ ਨੇ ਸੰਸਾਰ ਭਰ ਵਿਚ ਧੁੰਮਾਂ ਪਾ ਦਿੱਤੀਆਂ ਹਨ। -ਸੰਪਾਦਕ

ਗੁਇਦੋ ਦੇਨੀਅਲ ਦਾ ਜਨਮ 1950 ਵਿਚ ਸੋਵਰਾਤੋ (ਕੈਲਾਬਰੀਆ, ਇਟਲੀ) ਵਿਚ ਹੋਇਆ। ਅੱਜਕੱਲ੍ਹ ਉਸ ਦੀ ਕਰਮ ਭੂਮੀ ਇਟਲੀ ਦਾ ਮਸ਼ਹੂਰ ਸ਼ਹਿਰ ਮਿਲਾਨ ਹੈ। ਦੇਨੀਅਲ ਨੇ 1972 ਵਿਚ ‘ਬਰੇਰਾ ਸਕੂਲ ਆਫ਼ ਆਰਟ’ ਤੋਂ ਗਰੈਜੂਏਸ਼ਨ ਕੀਤੀ ਸੀ। ਉਸ ਦਾ ਮੁੱਖ ਖੇਤਰ ਬੁੱਤਸਾਜ਼ੀ ਸੀ। ਦੇਨੀਅਲ ਦਾ ਭਾਰਤ ਨਾਲ ਵੀ ਗੂੜ੍ਹਾ ਸਬੰਧ ਰਿਹਾ ਹੈ। ਉਹ ਧਰਮਸ਼ਾਲਾ ਦੇ ਤਾਨਕਸ ਸਕੁਲ ਵਿਚ ਦੋ ਸਾਲ ਪੜ੍ਹਿਆ ਅਤੇ ਉਥੇ ਕਲਾ ਬਾਰੇ ਗੁਰ ਸਿੱਖੇ। ਤਾਨਕਸ ਸਕੂਲ ਵਿਚ ਤਿੱਬਤੀ ਕਲਾ ਵੀ ਸਿਖਾਈ ਜਾਂਦੀ ਹੈ। ਭਾਰਤ ਵਿਚ ਬਿਤਾਏ ਇਨ੍ਹਾਂ ਦੋ ਸਾਲਾਂ ਨੂੰ ਉਹ ਬਹੁਤ ਅਹਿਮੀਅਤ ਦਿੰਦਾ ਹੈ। ਉਸ ਮੁਤਾਬਕ ਉਸ ਨੂੰ ਬੰਦੇ ਦੀ ਦੇਹ ਉਤੇ ਚਿੱਤਰ ਬਣਾਉਣ ਦਾ ਫੁਰਨਾ ਇਸ ਸਕੂਲ ਵਿਚ ਪੜ੍ਹਦਿਆਂ ਹੀ ਫੁਰਿਆ ਸੀ। ਤਿੱਬਤੀ ਕਲਾ ਦੀਆਂ ਬਾਰੀਕੀਆਂ ਬਾਅਦ ਵਿਚ ਉਸ ਨੇ ਆਪਣੀ ਵਿਲੱਖਣ ਸ਼ੈਲੀ ਵਿਚ ਵੀ ਸ਼ਾਮਲ ਕੀਤੀਆਂ। ਉਸ ਵੇਲੇ 22 ਵਰ੍ਹਿਆਂ ਦਾ ਨੌਜਵਾਨ ਦੇਨੀਅਲ ਇਸ ਕਲਾ ਨੂੰ ਸਮਝ ਕੇ ਆਪਣੇ ਜਿਸਮ-ਓ-ਜਾਨ ਵਿਚ ਰਚਾ ਰਿਹਾ ਸੀ। ਇਨ੍ਹਾਂ ਦੋ ਸਾਲਾਂ ਦੌਰਾਨ ਉਹ ਚਿੱਤਰਕਲਾ ਦੇ ਅਨੇਕਾਂ ਰੰਗਾਂ ਨਾਲ ਦੋ-ਚਾਰ ਹੋਇਆ ਅਤੇ ਫਿਰ ਜਦ ਉਸ ਨੇ ਬਤੌਰ ਕਲਾਕਾਰ ਖੁੱਲ੍ਹੇ ਆਕਾਸ਼ ਵਿਚ ਪਰਵਾਜ਼ ਭਰੀ ਤਾਂ ਇਨ੍ਹਾਂ ਦੋ ਸਾਲਾਂ ਦਾ ਤਜਰਬਾ ਉਸ ਦੇ ਨਾਲ-ਨਾਲ ਉਡ ਰਿਹਾ ਸੀ। ਇਨ੍ਹਾਂ ਸਾਲਾਂ ਬਾਰੇ ਚਰਚਾ ਉਹ ਬਹੁਤ ਭਾਵੁਕ ਹੋ ਕੇ ਕਰਦਾ ਹੈ। ਉਦੋਂ ਇਕ ਤਾਂ ਉਸ ਉਤੇ ਚਿੱਤਰਕਲਾ ਦਾ ਗੂੜ੍ਹਾ ਰੰਗ ਚੜ੍ਹ ਰਿਹਾ ਸੀ ਅਤੇ ਦੂਜੇ ਭਾਰਤੀ ਪਰੰਪਰਾ ਨੂੰ ਉਹ ਬਹੁਤ ਨੇੜਿਓਂ ਦੇਖ ਰਿਹਾ ਸੀ। ਤੀਜੇ, ਤਿੱਬਤ ਦਾ ਰੰਗ ਉਸ ਦੇ ਮਨ ਅੰਦਰ ਡੂੰਘਾ ਰਮ-ਰਚ ਰਿਹਾ ਸੀ। ਕਲਾ ਅਤੇ ਜ਼ਿੰਦਗੀ ਦੇ ਰੰਗਾਂ ਵਿਚ ਘੁਲੀ ਉਸ ਦੀ ਇਸ ਪਰਵਾਜ਼ ਵਿਚ ਸਮੁੱਚੇ ਸੰਸਾਰ ਦੇ ਰੰਗ ਸਮੋਏ ਹੋਏ ਹਨ। ਦੇਨੀਅਲ ਵਾਰ-ਵਾਰ ਤਜਰਬਿਆਂ ਵਿਚੋਂ ਲੰਘਿਆ। ਉਹ ਅਸਲ ਵਿਚ ਤਜਰਬਿਆਂ ਨੂੰ ਕਲਾ ਦਾ ਅਹਿਮ ਅਤੇ ਜ਼ਰੂਰੀ ਹਿੱਸਾ ਮੰਨਦਾ ਹੈ। ਉਹਨੇ ਇਕ ਵਾਰ 400 ਵਰਗ ਮੀਟਰ ਕੱਪੜੇ ਉਤੇ ਚਿੱਤਰਕਾਰੀ ਕੀਤੀ। ਇਸ ਵਿਚ ਵੀ ਜ਼ਿੰਦਗੀ ਅਤੇ ਜੀਵਨ ਦਾ ਹੀ ਸੁਨੇਹਾ ਸੀ। ਇਹ ਸਭ ਉਸ ਦੀ ਕਲਾ ਵਿਚ ਵੀ ਝਲਕਦਾ ਸੀ। ਮਨੁੱਖੀ ਦੇਹ (ਬੌਡੀ ਪੇਂਟਿੰਗ) ਵੱਲ ਵਧੇਰੇ ਧਿਆਨ ਉਸ ਨੇ 1990 ਵਿਚ ਦਿੱਤਾ। ਇਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਫਿਰ ਤਾਂ ਉਹ ਇਸ ਖੇਤਰ ਦਾ ਮਾਹਿਰ ਹੋ ਨਿਬੜਿਆ। ਇਸੇ ਆਧਾਰ ਉਤੇ ਉਸ ਨੂੰ ਬਹੁਤ ਵੱਡੇ ਪੱਧਰ ਉਸ ਇਸ਼ਤਿਹਾਰਾਂ ਦਾ ਕੰਮ ਵੀ ਮਿਲਿਆ। ਜਾਨਵਰਾਂ ਦੇ ਚਿੱਤਰ ਬਣਾਉਣ ਕਰ ਕੇ ਟੈਲੀਵਿਜ਼ਨ ਨੈੱਟਵਰਕ ‘ਐਨੀਮਲ ਪਲੈਨਿਟ’ ਨੇ ਉਸ ਨੂੰ 2007 ਵਿਚ ‘ਹੀਰੋ ਆਫ ਦ ਯੀਅਰ’ ਖਿਤਾਬ ਨਾਲ ਨਿਵਾਜਿਆ। ਇਸ ਨੂੰ ਉਹ ਆਪਣੀ ਖਾਸ ਪ੍ਰਾਪਤੀ ਗਿਣਦਾ ਹੈ। ਅਸਲ ਵਿਚ ਇਸ ਖਿਤਾਬ ਤੋਂ ਬਾਅਦ ਉਸ ਦਾ ਸੰਸਾਰ ਭਰ ਵਿਚ ਛਾ ਜਾਣ ਦਾ ਅਮਲ ਆਰੰਭ ਹੋਇਆ। ਇਸ ਦਿਨ ਨੂੰ ਉਹ ਬੜੇ ਚਾਅ ਨਾਲ ਯਾਦ ਕਰਦਾ ਹੈ।
ਦੇਨੀਅਲ ਨੇ ਮੁੱਖ ਤੌਰ ਉਤੇ ਹੱਥਾਂ ਉਤੇ ਪੇਂਟਿੰਗ ਕਰ ਕੇ ਵੱਖ-ਵੱਖ ਕਲਾ ਕ੍ਰਿਤੀਆਂ ਸਿਰਜੀਆਂ। ਉਹ ਦੱਸਦਾ ਹੈ ਕਿ ਇਹ ‘ਹੱਥ ਚਿੱਤਰ’ ਉਹ ਦੋ ਤੋਂ ਲੈ ਕੇ ਦਸ ਘੰਟੇ ਵਿਚ ਮੁਕੰਮਲ ਕਰ ਲੈਂਦਾ ਹੈ। ਉਹ ਆਪਣੇ ਪੁੱਤਰ ਮਾਈਕਲ ਜੇਮਸ (15) ਅਤੇ ਧੀ ਜੀਨੇਵਰਾ (22) ਦੇ ਹੱਥਾਂ ਉਤੇ ਹੀ ਆਪਣੀਆਂ ਵਧੇਰੇ ਕਲਾਕ੍ਰਿਤੀਆਂ ਸਿਰਜਦਾ ਹੈ। ਇਸ ਬਾਰੇ ਉਹ ਆਖਦਾ ਹੈ, “ਇਕ ਕਲਾਕ੍ਰਿਤੀ ਬਣਾਉਣ ਲਈ ਕਈ ਘੰਟੇ ਲੱਗ ਜਾਂਦੇ ਹਨ ਅਤੇ ਕਈ ਘੰਟੇ ਅਗਲੇ ਦਾ ਹੱਥ ਫੜ ਕੇ ਬੈਠਣਾ ਪੈਂਦਾ ਹੈ। ਇਨਾ ਸਮਾਂ ਮੈਂ ਉਸੇ ਦਾ ਹੱਥ ਫੜ ਸਕਦਾ ਹਾਂ ਜਿਸ ਨੂੰ ਅਤਿਅੰਤ ਪਿਆਰ ਕਰਦਾ ਹੋਵਾਂ। ਮੈਂ ਮਾਡਲਾਂ ਨਾਲ ਕੰਮ ਕਰ ਹੀ ਨਹੀਂ ਸਕਦਾ ਜਿਹੜੇ ਆਮ ਤੌਰ ‘ਤੇ ਨਰਵਸ ਜਿਹੇ ਹੋਏ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਹੱਥ ਹਿਲਦੇ ਹੀ ਰਹਿੰਦੇ ਹਨ। ਅਜਿਹੇ ਮਾਡਲਾਂ ਨਾਲ ਕੰਮ ਕਿਵੇਂ ਹੋ ਸਕਦਾ ਹੈ?” ਉਹ ਦੱਸਦਾ ਹੈ ਕਿ ਉਸ ਨੇ ਉਡ ਰਹੇ ਬਾਜ਼ ਦੀ ਕਲਾਕ੍ਰਿਤੀ 10 ਘੰਟਿਆਂ ‘ਚ ਪੂਰੀ ਕੀਤੀ ਸੀ। ਇਹ ਸਭ ਤੋਂ ਔਖੀ ਕਲਾਕ੍ਰਿਤੀ ਸੀ। ਦੇਨੀਅਲ ਦਾ ਕਹਿਣਾ ਹੈ ਕਿ ਅਜਿਹੀਆਂ ਕਲਾਕ੍ਰਿਤੀਆਂ ਬਣਾਉਣਾ ਹੁਣ ਉਸ ਲਈ ਕੋਈ ਵੱਡਾ ਕੰਮ ਨਹੀਂ, ਪਰ ਜਦੋਂ ਉਹ ਹੱਥ ਉਤੇ ਸਜੀ ਆਪਣੀ ਕਲਾ ਕ੍ਰਿਤੀ ਨੂੰ ਧੋਂਦਾ ਹੈ ਤਾਂ ਉਸ ਨੂੰ ਬਹੁਤ ਦਰਦ ਮਹਿਸੂਸ ਹੁੰਦਾ ਹੈ। ਉਸ ਦੇ ਦਿਲ ਅੰਦਰ ਇਕ ਹੌਲ ਜਿਹਾ ਉਠਦਾ ਹੈ। ਉਂਜ ਹੁਣ ਤਾਂ ਉਹ ਸ਼ਾਇਦ ਅਜਿਹਾ ਕਰਨਾ ਵੀ ਗਿੱਝ ਗਿਆ ਹਾਂ। ਹੁਣ ਉਹ ਇੰਜ ਸੋਚਦਾ ਹਾਂ ਕਿ ਇਕ ਕਲਾਕ੍ਰਿਤੀ ਧੋ ਕੇ ਹੀ ਤਾਂ ਉਹ ਅਗਲੀ ਕਲਾਕ੍ਰਿਤੀ ਸ਼ੁਰੂ ਕਰ ਸਕੇਗਾ। ਪੈਸੇ-ਧੇਲੇ ਦੇ ਪੱਖ ਤੋਂ ਦੇਨੀਅਲ ਦਾ ਮੁੱਖ ਕਾਰਜ ਖੇਤਰ ਇਸ਼ਤਿਹਾਰੀ ਕੰਪਨੀਆਂ ਨਾਲ ਜੁੜਿਆ ਹੋਇਆ ਹੈ। 1986 ਵਿਚ ਉਸ ਨੇ ਮੈਗਜ਼ੀਨਾਂ ਦੇ ਕਵਰ, ਪ੍ਰਿੰਟ ਤੇ ਟੀæਵੀæ ਇਸ਼ਤਿਹਾਰ ਅਤੇ ਟੀæਵੀæ ਸ਼ੋਅਜ਼ ਵਿਚ ਵੀ ਹਿੱਸਾ ਲਿਆ। ਉਹ ਆਖਦਾ ਹੈ ਕਿ ਰੋਜ਼ੀ-ਰੋਟੀ ਦਾ ਮਸਲਾ ਸਦਾ ਹੀ ਕਲਾਕਾਰਾਂ ਦੇ ਸਾਹਮਣੇ ਰਿਹਾ ਹੈ। ਇਹ ਕਲਾਕਾਰ ਲਈ ਵੰਗਾਰ ਵੀ ਹੁੰਦੀ ਹੈ।  ਇਸੇ ਨੁਕਤੇ ਨੂੰ ਆਧਾਰ ਬਣਾ ਕੇ ਉਹ ਹਰ ਇਸ਼ਤਿਹਾਰ ਸਾਈਨ ਕਰ ਲੈਂਦਾ ਹੈ ਅਤੇ ਇਸ ਤੋਂ ਕੀਤੀ ਕਮਾਈ ਆਪਣੀ ਕਲਾ ਅਤੇ ਆਪਣੇ ਪਿਆਰੇ ਪਰਿਵਾਰ ਉਤੇ ਲਾ ਦਿੰਦਾ ਹੈ। ਉਸ ਮੁਤਾਬਕ ਕਲਾ ਅਤੇ ਵਣਜ ਦੇ ਇਨ੍ਹਾਂ ਪੱਖਾਂ ਨੂੰ ਉਹ ਬਰਾਬਰ ਤੱਕੜੀ ਵਿਚ ਤੋਲਦਾ ਹੈ। ਉਹ ਆਖਦਾ ਹੈ ਕਿ ਕਲਾਕਾਰ ਵੀ ਇਸੇ ਦੁਨੀਆਂ ਦੇ ਬਾਸ਼ਿੰਦੇ ਹਨ; ਇਨ੍ਹਾਂ ਨੇ ਵੀ ਆਖਰਕਾਰ ਇਸੇ ਮੁਤਾਬਕ ਚੱਲਣਾ ਹੁੰਦਾ ਹੁੰਦਾ ਹੈ। ਹਾਂ, ਕਲਾਕਾਰ ਦਾ ਇਹ ਫਰਜ਼ ਜ਼ਰੂਰ ਹੁੰਦਾ ਹੈ ਕਿ ਉਹ ਆਪਣੀ ਕਲਾ ਨੂੰ ਪੈਸੇ ਅੱਗੇ ਹੀਣੀ ਨਾ ਬਣਾਵੇ। ਉਹ ਕਲਾ ਦੀ ਬੁਲੰਦੀ ਦੇ ਹੱਕ ਵਿਚ  ਹੈ।
-ਗੁਰਦੀਪ ਸਿੰਘ ਮਾਵੀ
ਫੋਨ 91-90411-63621

Be the first to comment

Leave a Reply

Your email address will not be published.