ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫਿਲਮਾਂ ਵਿਚ ਵਿਲੱਖਣ ਪੈੜਾਂ ਪਾਉਣ ਵਾਲੇ ਪ੍ਰਤਿਭਾਸ਼ੀਲ ਸ਼ਖਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫਤ ਲਿਖਣ ਦੀ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਉਹ ਚੌਵੀ ਕੈਰੇਟ ਸੋਨੇ ਵਾਂਗ ਆਪਣੀਆਂ ਸੋਚਾਂ ਤੇ ਅਸੂਲਾਂ ‘ਤੇ ਖਰਾ ਹੈ। ਭਾਵੇਂ ਗਾਇਕੀ ਹੋਵੇ ਜਾਂ ਅਦਾਕਾਰੀ, ਹਰ ਵਰਗ ਉਸ ਦਾ ਪ੍ਰਸ਼ੰਸਕ ਹੈ। ਸਕੂਲ-ਕਾਲਜ ਪੜ੍ਹਦਿਆਂ ਸਾਹਿਤ ਪੜ੍ਹਨ ਦੀ ਚੇਟਕ ਨੇ ਤਰਸੇਮ ਨੂੰ ਲਿਖਣ ਲਈ ਪ੍ਰੇਰਿਤ ਕੀਤਾ।
ਸਮਾਜ ਦੇ ਅਹਿਮ ਮੁੱਦੇ ਉਸ ਦੀਆਂ ਮੁਢਲੀਆਂ ਲਿਖਤਾਂ ਦੇ ਮਜ਼ਮੂਨ ਬਣੇ।
ਤਰਸੇਮ ਦੀ ਜ਼ਿੰਦਗੀ ਦੀ ਇੱਕ ਸੱਚਾਈ ਹੈ ਕਿ ਚੰਗੇ ਯਾਰਾਂ ਦੋਸਤਾਂ ਦਾ ਸਾਥ ਹੀ ਉਸ ਦੇ ਅੱਗੇ ਵਧਣ ਵਿਚ ਮਦਦਗਾਰ ਰਿਹਾ, ਸ਼ਾਇਦ ਇਸੇ ਲਈ ਤਰਸੇਮ ਦੇ ਬਹੁਤੇ ਗੀਤਾਂ ਵਿਚ ਉਸ ਦੇ ਮਿੱਤਰਾਂ ਦੀ ਸ਼ਮੂਲੀਅਤ ਝਲਕਦੀ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੁੰਦਿਆਂ ਕਲਾ ਦੇ ਖੇਤਰ ਵਿਚ ਬੁਲੰਦੀਆਂ ਛੋਹਣ ਵਾਲਾ ਤਰਸੇਮ ਜੱਸੜ ਅੱਜ ਵੀ ਆਪਣੇ ਪਿੰਡ ਦੀ ਧਰਤੀ ਨਾਲ ਜੁੜਿਆ ਇੱਕ ਆਮ ਬੰਦਾ ਪਹਿਲਾਂ ਹੈ ਤੇ ਗਾਇਕ ਕਲਾਕਾਰ ਬਾਅਦ ਵਿਚ।
ਗੀਤਕਾਰੀ ਤੇ ਗਾਇਕੀ ਵਿਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਤੋਂ ਬਾਅਦ ਜਦ ਤਰਸੇਮ ਨੇ ਫਿਲਮਾਂ ਵੱਲ ਕਦਮ ਵਧਾਇਆ ਤਾਂ ਇੱਥੇ ਵੀ ਉਹ ਆਪ ਨਹੀਂ, ਬਲਕਿ ਉਸ ਦਾ ਕੰਮ ਹੀ ਬੋਲਿਆ। ਜਦੋਂ ਪੰਜਾਬੀ ਸਿਨੇਮਿਆਂ ‘ਚ ਲਤੀਫੇਬਾਜ਼ੀ ਫਿਲਮਾਂ ਦੀ ਭਰਮਾਰ ਸੀ ਤਾਂ ਉਹ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ‘ਤੇ ਆਧਾਰਤ ਇੱਕ ਨਿਵੇਕਲੇ ਵਿਸ਼ੇ ਦੀ ਫਿਲਮ ‘ਰੱਬ ਦਾ ਰੇਡੀਓ’ ਲੈ ਕੇ ਹਾਜ਼ਰ ਹੋਇਆ। ਅਜੀਬ ਜਿਹੇ ਟਾਈਟਲ ਵਾਲੀ ਇਸ ਫਿਲਮ ਬਾਰੇ ਬਹੁਤੇ ਫਿਲਮੀ ਆਲੋਚਕਾਂ ਨੇ ਪਹਿਲਾਂ ਹਾਸੋਹੀਣੇ ਵਿਚਾਰ ਪ੍ਰਗਟਾਏ ਪਰ ਜਦ ਫਿਲਮ ਪਰਦੇ ‘ਤੇ ਆਈ ਤਾਂ ਉਹੀ ਸੁਰਾਂ ‘ਵਾਹ ਵਾਹ’ ਕਰਨ ਲੱਗੀਆਂ।
ਆਪਣੀ ਪਹਿਲੀ ਹੀ ਫਿਲਮ ਨਾਲ ਤਰਸੇਮ ਜੱਸੜ ਆਪਣੇ ਪ੍ਰਸ਼ੰਸਕਾਂ ਦੇ ਦਿਲ ਵਿਚ ਉਤਰ ਗਿਆ। ਇੱਕ ਗੱਲ ਹੋਰ, ਉਸ ਵਲੋਂ ਯਾਰਾਂ ਦੋਸਤਾਂ ਨਾਲ ਮਿਲ ਕੇ ਬਣਾਈ ਟੀਮ ਦਾ ਨਾਂ ਭਾਵੇਂ ‘ਵਿਹਲੀ ਜਨਤਾ’ ਰੱਖਿਆ ਗਿਆ ਹੈ ਪਰ ਇਸ ਜਨਤਾ ਨੇ ਫਿਲਮਸਾਜ਼ੀ ਨਾਲ ਚਿਰਾਂ ਤੋਂ ਜੁੜੇ ਕਹਿੰਦੇ ਕਹਾਉਂਦੇ ਲੋਕਾਂ ਨੂੰ ਵੀ ਮਾਤ ਪਾ ਦਿੱਤੀ। ‘ਰੱਬ ਦਾ ਰੇਡੀਓ’ ਦੀ ਸਫਲਤਾ ਤੋਂ ਬਾਅਦ ਆਈ ‘ਸਰਦਾਰ ਮੁਹੰਮਦ’ ਨੇ ਤਰਸੇਮ ਦੇ ਹਿੱਸੇ ਇੱਕ ਹੋਰ ਪ੍ਰਾਪਤੀ ਦਰਜ ਕਰਵਾਈ। ਇਹ ਫਿਲਮ ਪਹਿਲੀ ਫਿਲਮ ਤੋਂ ਬਹੁਤ ਹੀ ਅਲੱਗ ਤੇ ਜਜ਼ਬਾਤੀ ਫਿਲਮ ਸੀ, ਜਿਸ ਦੇ ਕਲਾਈਮੈਕਸ ਨੇ ਤਾਂ ਦਰਸ਼ਕਾਂ ਨੂੰ ਰੋਣ ਹੀ ਲਾ ਦਿੱਤਾ ਸੀ।
ਆਪਣੀਆਂ ਮੁਢਲੀਆਂ ਦੋ ਫਿਲਮਾਂ ਨਾਲ ਹੀ ਸਟਾਰ ਬਣਿਆ ਤਰਸੇਮ ਜੱਸੜ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ ‘ਅਫਸਰ’ ਨਾਲ ਮੁੜ ਚਰਚਾ ਵਿਚ ਹੈ। ਜਿਸ ਬਾਰੇ ਤਰਸੇਮ ਜੱਸੜ ਦਾ ਕਹਿਣਾ ਹੈ ਕਿ ਇਹ ਫਿਲਮ ਪਹਿਲੀਆਂ ਫਿਲਮਾਂ ਤੋਂ ਵੱਖਰੇ ਵਿਸ਼ੇ ਦੀ ਇੱਕ ਦਿਲਚਸਪ ਕਹਾਣੀ ‘ਤੇ ਆਧਾਰਤ ਹੈ, ਜਿਸ ਵਿਚ ਕਾਮੇਡੀ ਵੀ ਹੈ, ਰੁਮਾਂਸ ਵੀ ਤੇ ਚੰਗਾ ਸੰਗੀਤਕ ਮਨੋਰੰਜਨ ਵੀ। ਵੱਡੀ ਗੱਲ, ਇਹ ਆਮ ਲੋਕਾਂ ਦੀ ਜ਼ਿੰਦਗੀ ‘ਤੇ ਆਧਾਰਤ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਸਾਡੀਆਂ ਲੋਕ ਬੋਲੀਆਂ, ਗੀਤਾਂ ਵਿਚ ‘ਪਟਵਾਰੀ’ ਦੇ ਰੁਤਬੇ ਨੂੰ ਬਹੁਤ ਸਲਾਹਿਆ ਗਿਆ ਹੈ। ਇੱਕ ਵੇਲਾ ਸੀ ਜਦ ਪਿੰਡਾਂ ਦੇ ਲੋਕ ਪਟਵਾਰੀ ਨੂੰ ਰੱਬ ਵਾਂਗੂੰ ਪੂਜਦੇ ਸਨ।
ਫਿਲਮ ਦਾ ਨਾਇਕ ਜਸਪਾਲ ਸਿੰਘ (ਤਰਸੇਮ ਜੱਸੜ) ਇੱਕ ਜਿਮੀਂਦਾਰ ਪਰਿਵਾਰ ‘ਚੋਂ ਹੈ ਜੋ ਪੜ੍ਹ ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ ਪਰ ਪਿੰਡਾਂ ਦੇ ਲੋਕ ਉਸ ਤੋਂ ਵੱਡਾ ਅਫਸਰ ਪਟਵਾਰੀ ਨੂੰ ਹੀ ਮੰਨਦੇ ਹਨ। ਸਾਰੀ ਫਿਲਮ ਵਿਚ ਕਾਨੂੰਗੋ ਜਸਪਾਲ ਸਿੰਘ ਆਪਣੇ ਆਪ ਨੂੰ ਪਟਵਾਰੀ ਤੋਂ ਵੱਡਾ ਅਫਸਰ ਸਾਬਤ ਕਰਨ ‘ਚ ਰਹਿੰਦਾ ਹੈ। ਇਸ ਤਰ੍ਹਾਂ ਫਿਲਮ ਵਿਚ ਹਲਕੀ-ਫੁਲਕੀ ਕਾਮੇਡੀ ਦੀ ਰੰਗਤ ਵੀ ਨਜ਼ਰ ਆਵੇਗੀ। ਤਰਸੇਮ ਜੱਸੜ ਨੇ ਦੱਸਿਆ ਕਿ ਫਿਲਮ ਵਿਚ ਉਸ ਦਾ ਅਦਾਕਾਰਾ ਨਿਮਰਤ ਖਹਿਰਾ ਨਾਲ ਪਿਆਰ ਮੁਹੱਬਤ ਦਾ ਇੱਕ ਰੁਮਾਂਟਿਕ ਟਰੈਕ ਵੀ ਹੈ, ਜੋ ਦਰਸ਼ਕਾਂ ਨੂੰ ਜਰੂਰ ਪਸੰਦ ਆਵੇਗਾ। ਫਿਲਮ ਵਿਚ ਨਿਮਰਤ ਖਹਿਰਾ ਇੱਕ ਸਕੂਲ ਅਧਿਆਪਕਾ ਹੈ।
ਨਦਰ ਫਿਲਮਜ਼ ਅਤੇ ਵਿਹਲੀ ਜਨਤਾ ਫਿਲਮਜ਼ ਦੀ ਪੇਸ਼ਕਸ਼ ਫਿਲਮ ‘ਅਫਸਰ’ ਦਾ ਨਿਰਮਾਣ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਨੇ ਕੀਤਾ ਹੈ। ਫਿਲਮ ਦੇ ਨਿਰਦੇਸ਼ਕ ਗੁਲਸ਼ਨ ਸਿੰਘ ਹਨ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਦੇ ਲਿਖੇ ਹਨ, ਜਦਕਿ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। 5 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਤੋਂ ਇਲਾਵਾ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਸੀਮਾ ਕੌਸ਼ਲ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਵਿੰਦਰ ਮੰਡ, ਪ੍ਰਕਾਸ਼ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦਾ ਸੰਗੀਤ ਜੈ ਦੇਵ ਕੁਮਾਰ, ਪ੍ਰੀਤ ਹੁੰਦਲ ਤੇ ਆਰ. ਗੁਰੂ ਨੇ ਤਿਆਰ ਕੀਤਾ ਹੈ।
ਤਰਸੇਮ ਜੱਸੜ ਨੇ ਕਿਹਾ ਕਿ ਫਿਲਮਾਂ ਦੇ ਨਾਲ ਨਾਲ ਉਹ ਲਿਖਣ ਤੇ ਗਾਉਣ ਵੱਲ ਵੀ ਧਿਆਨ ਦੇ ਰਿਹਾ ਹੈ। ਹੁਣੇ ਪਿਛੇ ਜਿਹੇ ਆਏ ਗੀਤ ‘ਟਰਬੀਨੇਟਰ’ ਨੂੰ ਸਰੋਤਿਆਂ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ। ਭਵਿੱਖ ਵਿਚ ਵੀ ਗਾਇਕੀ ਦਾ ਸਫਰ ਜਾਰੀ ਰਹੇਗਾ।