ਨਾਵਲ ਅਤੇ ਕਹਾਣੀ ਦੇ ਖੇਤਰ ਵਿਚ ਬੀਬੀ ਰਜ਼ੀਆ ਸੱਜਾਦ ਜ਼ਹੀਰ ਦਾ ਵੱਡਾ ਮੁਕਾਮ ਹੈ। ਉਸ ਦੇ ਖਾਵੰਦ ਸੱਜਾਦ ਜ਼ਹੀਰ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੋਢੀ ਮੈਂਬਰਾਂ ਵਿਚੋਂ ਸਨ। ਹਥਲੀ ਕਹਾਣੀ ਦਾ ਮੂਲ ਨਾਂ ‘ਨਮਕ’ ਰੱਖਿਆ ਗਿਆ ਸੀ ਪਰ ਤਰਜ਼ਮਾ ਕਰਨ ਵੇਲੇ ਡਾ. ਜਸਬੀਰ ਕੇਸਰ ਨੇ ਇਸ ਦਾ ਨਾਂ ‘ਤੋਹਫਾ’ ਧਰ ਲਿਆ। ਇਸ ਕਹਾਣੀ ਵਿਚ 1947 ਦੀ ਵੰਡ ਦਾ ਦਰਦ ਦਰਿਆ ਬਣ ਕੇ ਤੁਰਦਾ ਦਿਸਦਾ ਹੈ।
-ਸੰਪਾਦਕ
ਰਜ਼ੀਆ ਸੱਜਾਦ ਜ਼ਹੀਰ
ਪੰਜਾਬੀ ਰੂਪ: ਡਾ. ਜਸਬੀਰ ਕੇਸਰ
ਉਸ ਸਿੱਖ ਬੀਬੀ ਨੂੰ ਦੇਖ ਕੇ ਸਫੀਆ ਹੈਰਾਨ ਰਹਿ ਗਈ। ਉਹ ਉਸ ਦੀ ਮਰਹੂਮ ਅੰਮੀ ਨਾਲ ਕਿੰਨੀ ਮਿਲਦੀ ਸੀ। ਉਸੇ ਤਰ੍ਹਾਂ ਦਾ ਭਾਰੀ ਭਰਕਮ ਜਿਸਮ, ਉਹੋ ਜਿਹੀਆਂ ਹੀ ਨੇਕੀ ਮੁਹੱਬਤ ਤੇ ਰਹਿਮਦਿਲੀ ਦੀ ਰੌਸ਼ਨੀ ਨਾਲ ਝਿਲਮਿਲਾਉਂਦੀਆਂ ਨਿੱਕੀਆਂ ਨਿੱਕੀਆਂ ਅੱਖਾਂ, ਚਮਕੀਲਾ ਪਾਰਦਰਸ਼ੀ ਚਿਹਰਾ ਜਿਵੇਂ ਖੁੱਲ੍ਹੀ ਕਿਤਾਬ ਤੇ ਉਹੋ ਜਿਹਾ ਹੀ ਸਫੈਦ ਮਲਮਲ ਦਾ ਮੁਕੈਸ਼ ਵਾਲਾ ਦੁਪੱਟਾ, ਜਿਹੋ ਜਿਹਾ ਉਸ ਦੀ ਮਾਂ ਸਿਰ ਉਤੇ ਲੈ ਕੇ ਮੁਹੱਰਮ ਦੀਆਂ ਮਜਲਿਸਾਂ ਵਿਚ ਜਾਂਦੀ ਹੁੰਦੀ ਸੀ।
ਜਦੋਂ ਸਫੀਆ ਨੇ ਕਈ ਵਾਰ ਉਸ ਔਰਤ ਵੱਲ ਪਿਆਰ ਨਾਲ ਦੇਖਿਆ ਤਾਂ ਉਸ ਨੇ ਵੀ ਆਪਣੀ ਨੂੰਹ ਦੀ ਮਾਰਫਤ ਸਫੀਆ ਬਾਰੇ ਜਾਣਕਾਰੀ ਲਈ। ਸਫੀਆ ਨੇ ਦੱਸਿਆ ਕਿ ਉਹ ਮੁਸਲਮਾਨ ਹੈ ਅਤੇ ਕੱਲ੍ਹ ਸਵੇਰੇ ਲਾਹੌਰ ਜਾ ਰਹੀ ਹੈ-ਆਪਣੇ ਭਰਾਵਾਂ ਨੂੰ ਮਿਲਣ। ਲਾਹੌਰ ਦਾ ਨਾਂ ਸੁਣ ਕੇ ਉਹ ਔਰਤ ਸਫੀਆ ਕੋਲ ਆ ਬੈਠੀ ਤੇ ਦੱਸਣ ਲੱਗੀ ਕਿ ਉਨ੍ਹਾਂ ਦਾ ਲਾਹੌਰ ਕਿੰਨਾ ਪਿਆਰਾ ਸ਼ਹਿਰ ਹੈ, ਉਥੋਂ ਦੇ ਲੋਕ ਕਿੰਨੇ ਖੂਬਸੂਰਤ ਹਨ- ਸੁਆਦਲੇ ਖਾਣਿਆਂ ਦੇ ਆਸ਼ਕ, ਨਫੀਸ ਕੱਪੜਿਆਂ ਦੇ ਸ਼ੈਦਾਈ ਤੇ ਸੈਰ-ਸਪਾਟੇ ਦੇ ਸ਼ੌਕੀਨ, ਜ਼ਿੰਦਾਦਿਲੀ ਦੀ ਮੂਰਤ। ਕੀਰਤਨ ਹੁੰਦਾ ਰਿਹਾ, ਉਹ ਹੌਲੀ ਹੌਲੀ ਲਾਹੌਰ ਦੀਆਂ ਗੱਲਾਂ ਕਰਦੀਆਂ ਰਹੀਆਂ। ਸਫੀਆ ਨੇ ਉਸ ਨੂੰ ਵਿਚੋਂ ਹੀ ਟੋਕ ਕੇ ਪੁੱਛਿਆ, “ਤੁਹਾਨੂੰ ਤਾਂ ਇਧਰ ਆਇਆਂ ਬਹੁਤ ਸਾਲ ਹੋ ਗਏ ਹੋਣਗੇ।”
“ਹਾਂ ਬੇਟੀ, ਉਦੋਂ ਜਦੋਂ ਹਿੰਦੁਸਤਾਨ ਵੰਡਿਆ ਗਿਆ। ਬਹੁਤ ਸਾਲ ਹੋ ਗਏ, ਪਰ ਸਾਡਾ ਵਤਨ ਤਾਂ ਜੀ ਲਾਹੌਰ ਈ ਐ।” ਉਸ ਦੀਆਂ ਪਲਕਾਂ ਵਿਚੋਂ ਹੰਝੂਆਂ ਦੇ ਮੋਤੀ ਦੁਪੱਟੇ ‘ਤੇ ਡਿੱਗ ਪਏ ਤੇ ਫਿਰ ਗੱਲ ਅੱਗੇ ਚੱਲ ਪਈ-ਉਹੀ ਇਕ ਗੱਲ-ਸਾਡਾ ਲਾਹੌਰ।
ਕੀਰਤਨ ਕੋਈ ਗਿਆਰਾਂ ਕੁ ਵਜੇ ਖਤਮ ਹੋਇਆ। ਜਦੋਂ ਉਹ ਪ੍ਰਸ਼ਾਦ ਲੈ ਕੇ ਸਫੀਆ ਦੇ ਸਲਾਮ ਦੇ ਜਵਾਬ ਵਿਚ ਅਸੀਸਾਂ ਦਿੰਦੀ ਵਿਦਾ ਹੋਣ ਲੱਗੀ ਤਾਂ ਸਫੀਆ ਨੇ ਨਿਵੇਕਲੇ ਜਿਹੇ ਹੋ ਕੇ ਹੌਲੀ ਜਿਹੀ ਉਸ ਨੂੰ ਪੁੱਛਿਆ, “ਤੁਸੀਂ ਜੇ ਲਾਹੌਰ ਤੋਂ ਕੋਈ ਸੌਗਾਤ ਮੰਗਵਾਉਣੀ ਚਾਹੁੰਦੇ ਹੋ ਤਾਂ ਮੈਨੂੰ ਹੁਕਮ ਕਰੋ।”
ਉਹ ਗੱਡੀ ਦੇ ਦਰਵਾਜੇ ਨਾਲ ਲੱਗੀ ਖੜ੍ਹੀ ਸੀ। ਕਾਫੀ ਹਿਚਕਿਚਾਹਟ ਨਾਲ ਉਸੇ ਤਰ੍ਹਾਂ ਹੌਲੀ ਜਿਹੀ ਬੋਲੀ, “ਲਿਆ ਸਕੇਂ ਤਾਂ ਬੇਟੀ, ਥੋੜ੍ਹਾ ਜਿਹਾ ਲਾਹੌਰੀ ਨਮਕ ਲਿਆ ਦਈਂ।”
—
ਪੰਦਰਾਂ ਦਿਨ ਕਿਵੇਂ ਲੰਘ ਗਏ, ਸਫੀਆ ਨੂੰ ਪਤਾ ਹੀ ਨਾ ਲੱਗਿਆ। ਜਿਮਖਾਨਾ ਦੀਆਂ ਸ਼ਾਮਾਂ, ਦੋਸਤਾਂ ਦੀ ਮੁਹੱਬਤ, ਭਰਾਵਾਂ ਦੀ ਖਾਤਰਦਾਰੀ, ਉਨ੍ਹਾਂ ਦਾ ਵੱਸ ਨਹੀਂ ਸੀ ਚਲਦਾ ਕਿ ਵਿਛੜੀ ਭੈਣ ਲਈ ਕੀ ਕੁਝ ਨਾ ਕਰ ਦੇਣ। ਦੋਸਤਾਂ-ਅਜ਼ੀਜ਼ਾਂ ਦੀ ਇਹ ਹਾਲਤ ਕਿ ਕੋਈ ਕੁਝ ਚੁੱਕੀ ਆ ਰਿਹਾ ਹੈ, ਕੋਈ ਕੁਝ। ਕਿਥੇ ਰੱਖਾਂ, ਕਿਵੇਂ ਬੰਨ੍ਹਾਂ, ਕਿਵੇਂ ਲੈ ਜਾਵਾਂ-ਇਕ ਮਸਲਾ ਖੜ੍ਹਾ ਹੋ ਗਿਆ ਤੇ ਸਭ ਤੋਂ ਵੱਡਾ ਮਸਲਾ ਉਹ ਬਦਾਮੀ ਰੰਗ ਦਾ ਛੋਟਾ ਜਿਹਾ ਲਿਫਾਫਾ ਲਾਹੌਰੀ ਨਮਕ ਦਾ। ਉਸ ਨੇ ਹੌਲੀ ਜਿਹੀ ਆਪਣੇ ਭਰਾ ਨੂੰ ਪੁੱਛਿਆ, “ਨਮਕ ਲਿਜਾ ਸਕਦੀ ਹਾਂ?”
“ਨਮਕ ਕਿਵੇਂ ਲੈ ਜਾਵੇਂਗੀ? ਇਹ ਤਾਂ ਗੈਰ-ਕਾਨੂੰਨੀ ਹੈ, ਨਾਲੇ ਨਮਕ ਤੂੰ ਕਰਨਾ ਵੀ ਕੀ ਹੈ? ਤੁਹਾਡੇ ਹਿੱਸੇ ਤਾਂ ਪਹਿਲਾਂ ਈ ਸਾਡੇ ਨਾਲੋਂ ਵੱਧ ਨਮਕ ਆਇਆ ਹੈ।”
“ਹਿੱਸੇ-ਪੱਤੀ ਦੀ ਗੱਲ ਕੌਣ ਕਰ ਰਿਹਾ ਹੈ? ਆਇਆ ਹੋਵੇਗਾ।” ਉਸ ਨੇ ਖਿੱਝ ਕੇ ਕਿਹਾ, “ਪਰ ਮੈਨੂੰ ਤਾਂ ਲਾਹੌਰੀ ਨਮਕ ਚਾਹੀਦੈ, ਮੇਰੀ ਮਾਂ ਨੇ ਮੰਗਵਾਇਆ ਹੈ।”
ਭਰਾ ਦੀ ਸਮਝ ਵਿਚ ਕੁਝ ਨਹੀਂ ਆਇਆ, ਜ਼ਰਾ ਨਰਮੀ ਨਾਲ ਸਮਝਾਉਣ ਦੇ ਅੰਦਾਜ਼ ਵਿਚ ਬੋਲਿਆ, “ਦੇਖ ਆਪਾ! ਤੂੰ ਕਸਟਮ ਵਿਚੋਂ ਲੰਘਣਾ ਹੈ ਤੇ ਤੇਰੇ ਕੋਲੋਂ ਜੇ ਇਕ ਵੀ ਅਜਿਹੀ ਚੀਜ਼ ਨਿਕਲ ਆਈ ਤਾਂ ਤੇਰੇ ਸਾਮਾਨ ਨੂੰ ਪੱਤ-ਪੱਤ ਕਰ ਕੇ ਖਿਲਾਰ ਦੇਣਗੇ ਕਸਟਮ ਵਾਲੇ।” “ਨਿਕਲ ਆਈ ਦਾ ਕੀ ਮਤਲਬ?” ਉਹ ਨਰਾਜ਼ਗੀ ਨਾਲ ਬੋਲੀ, “ਮੈਂ ਛੁਪਾ ਕੇ ਥੋੜ੍ਹਾ ਲਿਜਾਵਾਂਗੀ। ਮੈਂ ਤਾਂ ਦਿਖਾ ਕੇ, ਕਹਿ ਕੇ ਲਿਜਾਵਾਂਗੀ।”
“ਬਈ ਇਹ ਤਾਂ ਤੂੰ ਬਹੁਤ ਗਲਤ ਕਰੇਂਗੀ। ਕਾਨੂੰਨ ਕਾਨੂੰਨ ਹੀ ਹੁੰਦਾ ਹੈ, ਮੈਂ ਤੈਨੂੰ ਦੱਸ ਰਿਹਾਂ।”
“ਅੱਛਾ! ਤੇ ਸਭ ਕਾਨੂੰਨ ਹਕੂਮਤ ਦੇ ਹੀ ਹੁੰਦੇ ਹਨ। ਮੁਹੱਬਤ ਦੇ, ਇਨਸਾਨੀਅਤ ਦੇ ਕੋਈ ਕਾਨੂੰਨ ਨਹੀਂ ਹੁੰਦੇ? ਕਸਟਮ ਵਾਲੇ ਵੀ ਤਾਂ ਇਨਸਾਨ ਹੀ ਹਨ, ਕੋਈ ਮਸ਼ੀਨ ਤਾਂ ਨਹੀਂ।”
“ਹਾਂ! ਮਸ਼ੀਨ ਤਾਂ ਨਹੀਂ ਹੁੰਦੇ, ਪਰ ਉਹ ਸ਼ਾਇਰ ਤੇ ਅਦੀਬ ਵੀ ਨਹੀਂ ਹੁੰਦੇ। ਉਨ੍ਹਾਂ ਨੇ ਵੀ ਆਪਣਾ ਫਰਜ਼ ਪੂਰਾ ਕਰਨਾ ਹੁੰਦਾ ਹੈ।”
“ਮੈਂ ਕਦੋਂ ਕਹਿੰਦੀ ਹਾਂ ਕਿ ਉਹ ਆਪਣਾ ਫਰਜ਼ ਪੂਰਾ ਨਾ ਕਰਨ। ਇਕ ਤੋਹਫਾ ਹੈ, ਦੇਖ ਲੈਣ! ਕੋਈ ਸੋਨਾ-ਚਾਂਦੀ ਨਹੀਂ ਤੇ ਨਾ ਹੀ ਕੋਈ ਬਲੈਕ ਮਾਰਕੀਟ ਦਾ ਮਾਲ ਹੈ।”
“ਹੁਣ ਤੇਰੇ ਨਾਲ ਕੌਣ ਬਹਿਸ ਕਰੇ ਆਪਾ? ਤੂੰ ਐਂ ਅਦੀਬ ਤੇ ਸਾਰੇ ਅਦੀਬਾਂ ਦੇ ਦਿਮਾਗ ਅੱਧੇ ਖਰਾਬ ਹੁੰਦੇ ਹਨ। ਪਰ ਮੈਂ ਦੱਸ ਰਿਹਾਂ ਕਿ ਤੂੰ ਇਹ ਨਹੀਂ ਲਿਜਾ ਸਕੇਂਗੀ। ਕਸਟਮ ‘ਤੇ ਰਖਵਾ ਲੈਣਗੇ ਤੇ ਬਦਨਾਮੀ ਅੱਡ ਹੋਵੇਗੀ।”
“ਕਾਸ਼! ਕੁਝ ਜ਼ਿਆਦਾ ਲੋਕਾਂ ਦਾ ਦਿਮਾਗ ਸਾਡੇ ਅਦੀਬਾਂ ਵਾਂਗ ਖਰਾਬ ਹੁੰਦਾ।” ਉਹ ਖਿੱਝ ਕੇ ਬੁੜਬੁੜਾਈ।
ਇਸ ਬਦਮਗਜ਼ੀ ਵਿਚ ਕਾਫੀ ਰਾਤ ਹੋ ਗਈ। ਅਗਲੇ ਦਿਨ ਦੋ ਵਜੇ ਉਸ ਵਾਪਸ ਜਾਣਾ ਸੀ ਤੇ ਸਵੇਰ ਦਾ ਵਕਤ ਮਿਲਣ-ਗਿਲਣ ਵਾਲਿਆਂ ਨਾਲ ਬੀਤ ਜਾਣਾ ਸੀ। ਪੈਕਿੰਗ ਰਾਤ ਨੂੰ ਹੀ ਕਰਨੀ ਪੈਣੀ ਸੀ। ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਕੇ ਉਹ ਸਾਮਾਨ ਬੰਨ੍ਹਣ ਲੱਗੀ। ਸਾਰਾ ਸਾਮਾਨ ਹੌਲੀ ਹੌਲੀ ਸੂਟਕੇਸ ਅਤੇ ਬਿਸਤਰਬੰਨ੍ਹ ਵਿਚ ਸਿਮਟ ਗਿਆ। ਸਿਰਫ ਦੋ ਚੀਜ਼ਾਂ ਰਹਿ ਗਈਆਂ-ਇਕ ਕਿੰਨੂਆਂ ਦੀ ਛੋਟੀ ਜਿਹੀ ਟੋਕਰੀ- ਕਿਸੇ ਅਤਿ ਪਿਆਰੇ ਦੋਸਤ ਵਲੋਂ ਦਿੱਤਾ ਲਜ਼ੀਜ਼ ਫਲ ਦਾ ਤੋਹਫਾ ਤੇ ਨਮਕ ਦੀ ਉਹ ਛੋਟੀ ਜਿਹੀ ਥੈਲੀ।
ਸਫੀਆ ਨੇ ਸੋਚਿਆ, ‘ਇਹਨੂੰ ਤਾਂ ਹੱਥ ਵਿਚ ਫੜ੍ਹ ਲਵਾਂਗੀ, ਕਸਟਮ ਵਾਲਿਆਂ ਮੂਹਰੇ ਸਭ ਤੋਂ ਪਹਿਲਾਂ ਇਹੀ ਰੱਖਾਂਗੀ। ਜੇ ਉਨ੍ਹਾਂ ਨੇ ਨਾ ਜਾਣ ਦਿੱਤਾ ਤਾਂ ਛੱਡ ਦਿਆਂਗੀ। ਪਰ ਫੇਰ ਮੇਰੇ ਵਾਅਦੇ ਦਾ ਕੀ ਹੋਵੇਗਾ? ਅੱਜ ਤਕ ਕਿਸੇ ਨਾਲ ਕੋਈ ਝੂਠਾ ਇਕਰਾਰ ਨਹੀਂ ਕੀਤਾ। ਇਹ ਤਾਂ ਮੇਰੀ ਸ਼ਾਨ ਦੇ ਖਿਲਾਫ ਹੈ। ਮੈਂ ਪਹਿਲਾਂ ਜ਼ੁਬਾਨ ਹੀ ਕਿਉਂ ਦਿੱਤੀ! ਇਹ ਤਾਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਕਸਟਮ ਵਿਚੋਂ ਵੀ ਲੰਘਣਾ ਹੈ।’ ਫਿਰ ਕੁਝ ਸੋਚ ਕੇ ਉਹ ਉਠੀ। ਕਿੰਨੂਆਂ ਦੀ ਟੋਕਰੀ ਕਾਲੀਨ ਉਤੇ ਖਾਲੀ ਕਰ ਦਿੱਤੀ ਤੇ ਨਮਕ ਦੀ ਥੈਲੀ ਸਭ ਤੋਂ ਥੱਲੇ ਰੱਖ ਕੇ ਉਪਰ ਕਿੰਨੂ ਚਿਣ ਦਿੱਤੇ। ‘ਕਿੰਨੂੰਆਂ ‘ਤੇ ਤਾਂ ਕੋਈ ਪਾਬੰਦੀ ਨਹੀਂ ਹੈ!’ ਕੁਝ ਦੇਰ ਉਹ ਟੋਕਰੀ ਕੋਲ ਪੈਰਾਂ ਭਾਰ ਬੈਠੀ ਰਹੀ, ਸੋਚਦੀ ਰਹੀ ਤੇ ਉਨ੍ਹਾਂ ਕਹਾਣੀਆਂ ਨੂੰ ਯਾਦ ਕਰਦੀ ਰਹੀ ਜਿਨ੍ਹਾਂ ਵਿਚ ਕੋਈ ਸ਼ਹਿਜ਼ਾਦਾ ਆਪਣਾ ਪੱਟ ਚੀਰ ਕੇ ਉਸ ਵਿਚ ਹੀਰਾ ਛੁਪਾ ਲੈਂਦਾ ਤੇ ਸਰਹੱਦਾਂ ਤੋਂ ਪਾਰ ਹੋ ਜਾਂਦਾ। ਹੁਣ ਦੇ ਸਮੇਂ ਵਿਚ ਅਜਿਹੀ ਕੋਈ ਤਰਕੀਬ ਨਹੀਂ ਹੋ ਸਕਦੀ। ਨਹੀਂ ਤਾਂ ਉਹ ਆਪਣਾ ਦਿਲ ਚੀਰ ਕੇ ਉਸ ਵਿਚ ਨਮਕ ਦੀ ਥੈਲੀ ਛੁਪਾ ਲੈਂਦੀ, ਪਰ ਥੈਲੀ ਕਿੰਨੂਆਂ ਵਿਚ ਪੂਰੀ ਤਰ੍ਹਾਂ ਛੁਪ ਗਈ ਸੀ। ਸੰਤੁਸ਼ਟ ਹੋ ਕੇ ਉਸ ਨੇ ਸੂਟਕੇਸ ਪਲੰਘ ਥੱਲੇ ਸਰਕਾਇਆ, ਟੋਕਰੀ ਸਿਰਹਾਣੇ ਵੱਲ ਰੱਖੀ ਤੇ ਲੇਟ ਗਈ।
ਰਾਤ ਦਾ ਤਕਰੀਬਨ ਡੇਢ ਵੱਜ ਚੁੱਕਾ ਸੀ। ਮਾਰਚ ਦੀ ਸੁਹਾਵੀ ਹਵਾ ਖਿੜਕੀ ਦੀ ਜਾਲੀ ਵਿਚੋਂ ਅੰਦਰ ਆ ਰਹੀ ਸੀ। ਬਾਹਰ ਠੰਢਾ ਤੇ ਸਾਫ ਚਾਨਣ ਫੈਲਿਆ ਹੋਇਆ ਸੀ। ਖਿੜਕੀ ਦੇ ਕੋਲ ਬਾਹਰ ਲੱਗੇ ਦਰੱਖਤ ਦੀਆਂ ਪੱਤੀਆਂ ਦਾ ਪਰਛਾਵਾਂ ਕਮਰੇ ਦੀ ਸਾਹਮਣੇ ਕੰਧ ‘ਤੇ ਪੈ ਰਿਹਾ ਸੀ। ਇਹ ਪਾਕਿਸਤਾਨ ਸੀ ਜਿਥੇ ਉਸ ਦੇ ਵੀਰ ਸਨ, ਦੋਸਤ ਸਨ, ਉਸ ਦੇ ਅੱਬਾ ਦੀ ਕਬਰ ਸੀ ਅਤੇ ਇਸ ਸਭ ਕੁਝ ਦੇ ਵਿਚਕਾਰ ਸਰਹੱਦ ਸੀ ਅਤੇ ਬੜੀਆਂ ਤਿੱਖੀਆਂ ਲੋਹੇ ਦੀਆਂ ਸੀਖਾਂ ਸਨ ਜਿਨ੍ਹਾਂ ਨੂੰ ‘ਕਸਟਮ’ ਕਿਹਾ ਜਾਂਦਾ ਸੀ। ਭਲਕੇ ਉਹ ਲਾਹੌਰ ਤੋਂ ਚਲੀ ਜਾਵੇਗੀ। ਹੋ ਸਕਦਾ ਹੈ ਅਗਲੇ ਸਾਲ ਫਿਰ ਆਏ। ਇਕ ਸਾਲ ਤੋਂ ਪਹਿਲਾਂ ਤਾਂ ਉਹ ਆ ਹੀ ਨਹੀਂ ਸੀ ਸਕਦੀ। ਹੋ ਸਕਦੈ, ਕਦੇ ਵੀ ਨਾ ਆ ਸਕੇ। ਉਸ ਦੀਆਂ ਅੱਖਾਂ ਹੌਲੀ ਹੌਲੀ ਮਿਚਣ ਲੱਗੀਆਂ। ਫਿਰ ਉਸ ਨੂੰ ਝਿਲਮਿਲਾਉਂਦਾ ਸਫੈਦ ਦੁਪੱਟਾ ਲਹਿਰਾਉਂਦਾ ਦਿਸਿਆ, “ਸਾਨੂੰ ਉਥੋਂ ਆਇਆਂ ਤਾਂ ਬਹੁਤ ਚਿਰ ਹੋ ਗਿਆ, ਪਰ ਸਾਡਾ ਵਤਨ ਤਾਂ ਲਾਹੌਰ ਈ ਐ ਜੀ।” ਫਿਰ ਇਕਬਾਲ ਦਾ ਸਫੈਦ ਮਕਬਰਾ, ਉਸ ਦੇ ਨਾਲ ਲਾਹੌਰ ਦਾ ਕਿਲ੍ਹਾ, ਉਸ ਦੇ ਪਿੱਛੇ ਡੁੱਬਦੇ ਸੂਰਜ ਦੀਆਂ ਆਖਰੀ ਕਿਰਨਾਂ, ਫੈਲਦਾ ਹਨੇਰਾ ਤੇ ਉਸ ਰੰਗੀਨ ਹਨੇਰੇ ਵਿਚ ਵਗਦੀ ਨਰਮ ਸੁਆਦਲੀ ਮੌਲਸਰੀ ਦੀ ਸੁਗੰਧ ਨਾਲ ਭਰੀ ਹਵਾ। ਫਿਰ ਹਨੇਰਿਆਂ ਵਿਚ ਸਫੈਦ ਦੁਪੱਟਾ ਲਹਿਰਾਉਣ ਲੱਗਾ, “ਸਾਡਾ ਵਤਨ ਤਾਂ ਜੀ ਲਾਹੌਰ ਈ ਐ।” ਯਕਦਮ ਉਸ ਦੀ ਅੱਖ ਖੁੱਲ੍ਹ ਗਈ। ਨੀਂਦ ਵਿਚ ਪਾਸਾ ਪਰਤਦਿਆਂ ਉਸ ਦਾ ਹੱਥ ਕਿੰਨੂਆਂ ਦੀ ਭਰੀ ਟੋਕਰੀ ਉਤੇ ਜਾ ਪਿਆ ਸੀ-ਠੰਢੇ ਰਸਦਾਰ, ਮਿੱਠੇ ਕਿੰਨੂ, ਜੋ ਭੇਟ ਕਰਦਿਆਂ ਉਸ ਦੇ ਦੋਸਤ ਨੇ ਕਿਹਾ ਸੀ, “ਇਹ ਹਿੰਦੁਸਤਾਨ-ਪਾਕਿਸਤਾਨ ਦੀ ਸਾਂਝ ਦਾ ਮੇਵਾ ਹੈ।”
ਲਾਹੌਰ ਸਟੇਸ਼ਨ ‘ਤੇ ਵੀ ਉਹੀ ਕੁਝ ਹੋ ਰਿਹਾ ਸੀ ਜੋ ਅੰਮ੍ਰਿਤਸਰ ਸਟੇਸ਼ਨ ‘ਤੇ ਹੋਇਆ ਸੀ। ਤੀਜੇ ਦਰਜੇ ਦੇ ਮੁਸਾਫਰ ਆਪਣੀਆਂ ਗੱਠੜੀਆਂ-ਪੋਟਲੀਆਂ ਸੰਭਾਲੀ ਸਹਿਮੇ, ਘਬਰਾਏ ਹੈਰਾਨ-ਪਰੇਸ਼ਾਨ ਆਪਣਾ ਸਾਮਾਨ ਦਿਖਾ ਰਹੇ ਸਨ। ਛੋਟੇ ਛੋਟੇ ਟੀਨ ਦੇ ਬਕਸੇ, ਪੀਪਿਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਸਨ। ਪਹਿਲੇ ਦਰਜੇ ਵਾਲੇ ਵੇਟਿੰਗ-ਰੂਮ ਵਿਚ ਬੈਠੇ ਇਤਮਿਨਾਨ ਨਾਲ ਸੈਵਨ ਅੱਪ ਪੀ ਰਹੇ ਸਨ। ਉਨ੍ਹਾਂ ਦਾ ਸਮਾਨ ਵੇਟਿੰਗ-ਰੂਮ ਦੀ ਕੰਧ ਨਾਲ ਸਲੀਕੇ ਨਾਲ ਲੱਗਾ ਹੋਇਆ ਸੀ-ਵੱਡੇ ਵੱਡੇ ਸੂਟਕੇਸ, ਏਅਰ ਬੈਗ, ਹੈਂਡ ਬੈਗ ਆਦਿ। ਸਫੀਆ ਵੀ ਫਸਟ ਕਲਾਸ ਵਿਚ ਸੀ। ਦਿੱਲੀ ਤਕ ਦਾ ਕਿਰਾਇਆ ਉਸ ਦੇ ਭਰਾ ਨੇ ਅਦਾ ਕੀਤਾ ਸੀ। ਉਹ ਟਿਕਟ ਹੱਥ ਵਿਚ ਫੜੀ ਵੇਟਿੰਗ-ਰੂਮ ਸਾਹਮਣੇ ਟਹਿਲ ਰਿਹਾ ਸੀ। ਉਹ ਅੰਦਰ ਬੈਠੀ, ਚਾਹ ਦੀ ਪਿਆਲੀ ਹੱਥ ਵਿਚ ਫੜੀ, ਕਿੰਨੂਆਂ ਦੀ ਟੋਕਰੀ ‘ਤੇ ਨਜ਼ਰਾਂ ਗੱਡੀ ਸੋਚ ਰਹੀ ਸੀ ਕਿ ਸਿਰਫ ਉਹੀ ਜਾਣਦੀ ਹੈ ਕਿ ਢੇਰ ਸਾਰੇ ਕਿੰਨੂਆਂ ਥੱਲੇ ਦੱਬੀ ਛੋਟੀ ਜਿਹੀ ਨਮਕ ਦੀ ਥੈਲੀ ਵੀ ਹੈ। ਜਦੋਂ ਉਸ ਦਾ ਸਮਾਨ ਚੈਕਿੰਗ ਲਈ ਜਾਣ ਲੱਗਾ ਤਾਂ ਕਸਟਮ ਅਫਸਰ ਨੂੰ ਦੇਖ ਕੇ ਉਸ ਨੂੰ ਝੁਣਝੁਣੀ ਆਈ ਅਤੇ ਉਸ ਨੇ ਇਕ ਪਲ ਵਿਚ ਫੈਸਲਾ ਕਰ ਲਿਆ ਕਿ ਉਹ ਨਮਕ ਕਸਟਮ ਵਾਲਿਆਂ ਨੂੰ ਦਿਖਾਏਗੀ। ਬਿਜਲੀ ਦੀ ਫੁਰਤੀ ਨਾਲ ਉਸ ਨੇ ਟੋਕਰੀ ਦੀ ਤਹਿ ਵਿਚੋਂ ਥੈਲੀ ਕੱਢੀ ਤੇ ਆਪਣੇ ਬੈਗ ਵਿਚ ਰੱਖ ਲਈ। ਜਦੋਂ ਸਮਾਨ ਚੈਕ ਹੋ ਕੇ ਗੱਡੀ ਵੱਲ ਜਾਣ ਲੱਗਾ ਤਾਂ ਉਹ ਕਸਟਮ ਅਧਿਕਾਰੀ ਵੱਲ ਵਧੀ। ਜ਼ਿਆਦਾਤਰ ਮੇਜ਼ ਖਾਲੀ ਹੋ ਚੁੱਕੇ ਸਨ। ਆਖਰੀ ਮੇਜ਼ ‘ਤੇ ਕੋਈ ਅਧਿਕਾਰੀ ਬੈਠਾ ਸੀ-ਲੰਬਾ, ਪਤਲਾ, ਕਮਜ਼ੋਰ ਜਿਹਾ ਜੁੱਸਾ, ਖਿਚੜੀ ਵਾਲ ਅਤੇ ਅੱਖਾਂ ਉਤੇ ਐਨਕ। ਕਸਟਮ ਅਫਸਰ ਦੀ ਵਰਦੀ ਉਸ ਉਪਰ ਬੜੀ ਅਜੀਬ ਲੱਗ ਰਹੀ ਸੀ।
“ਮੈਂ ਤੁਹਾਥੋਂ ਕੁਝ ਪੁੱਛਣਾ ਚਾਹੁੰਦੀ ਹਾਂ।” ਸਫੀਆ ਨੇ ਝਿਜਕਦਿਆਂ ਕਿਹਾ।
ਉਸ ਨੇ ਨਜ਼ਰ ਚੁੱਕ ਕੇ ਵੇਖਿਆ, “ਫਰਮਾਓ।” ਉਸ ਦੇ ਲਹਿਜੇ ਨੇ ਸਫੀਆ ਦਾ ਹੌਸਲਾ ਵਧਾਇਆ, “ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ?”
ਅਧਿਕਾਰੀ ਨੇ ਕੁਝ ਹੈਰਾਨੀ ਨਾਲ ਉਸ ਵੱਲ ਧਿਆਨ ਨਾਲ ਵੇਖਿਆ ਤੇ ਕਿਹਾ, “ਖਾਕਸਾਰ ਦਾ ਵਤਨ ਦਿੱਲੀ ਹੈ। ਤੁਸੀਂ ਤਾਂ ਸਾਡੇ ਵੱਲ ਦੇ ਲੱਗਦੇ ਓ। ਰਿਸ਼ਤੇਦਾਰਾਂ ਨੂੰ ਮਿਲਣ ਆਏ ਹੋਵੋਗੇ?”
“ਜੀ ਹਾਂ, ਲਖਨਊ ਦੀ ਰਹਿਣ ਵਾਲੀ ਹਾਂ। ਆਪਣੇ ਭਰਾਵਾਂ ਨੂੰ ਮਿਲਣ ਆਈ ਸੀ। ਤੁਹਾਨੂੰ ਤਾਂ ਪਾਕਿਸਤਾਨ ਆਇਆਂ ਕਾਫੀ ਅਰਸਾ ਹੋ ਗਿਆ ਹੋਵੇਗਾ।”
“ਬਸ ਜਦੋਂ ਪਾਕਿਸਤਾਨ ਬਣਿਆ, ਉਦੋਂ ਹੀ ਆਏ ਸਾਂ, ਪਰ ਸਾਡਾ ਵਤਨ ਤਾਂ ਦਿੱਲੀ ਹੈ।”
ਸਫੀਆ ਨੇ ਬੈਗ ਖੋਲ੍ਹ ਕੇ ਲੂਣ ਦੀ ਥੈਲੀ ਉਸ ਦੇ ਸਾਹਮਣੇ ਰੱਖ ਦਿੱਤੀ ਤੇ ਹੌਲੀ ਹੌਲੀ ਉਸ ਨੂੰ ਸਭ ਕੁਝ ਦੱਸ ਦਿੱਤਾ। ਅਧਿਕਾਰੀ ਨੇ ਆਪਣਾ ਇਕ ਹੱਥ ਥੈਲੀ ‘ਤੇ ਰੱਖਿਆ ਤੇ ਉਸ ਨੂੰ ਹੌਲੀ ਹੌਲੀ ਆਪਣੇ ਵੱਲ ਸਰਕਾਉਣ ਲੱਗਾ। ਜਦੋਂ ਸਫੀਆ ਦੀ ਗੱਲ ਮੁੱਕੀ ਤਾਂ ਉਸ ਨੇ ਥੈਲੀ ਦੋਵੇਂ ਹੱਥਾਂ ਵਿਚ ਚੁੱਕ ਕੇ ਆਪ ਸਫੀਆ ਦੇ ਖੁੱਲ੍ਹੇ ਪਏ ਬੈਗ ਵਿਚ ਰੱਖੀ ਤੇ ਬੈਗ ਉਸ ਨੂੰ ਫੜਾਉਂਦਿਆਂ ਬੋਲਿਆ, “ਮੁਹੱਬਤਾਂ ਤਾਂ ਕਸਟਮ ਨੇੜਿਓਂ ਇਸ ਤਰ੍ਹਾਂ ਲੰਘ ਜਾਂਦੀਆਂ ਹਨ ਕਿ ਕਾਨੂੰਨ ਹੈਰਾਨ ਰਹਿ ਜਾਂਦਾ ਹੈ।”
ਜਦੋਂ ਉਹ ਤੁਰਨ ਲੱਗੀ ਤਾਂ ਉਹ ਵੀ ਖੜ੍ਹਾ ਹੋ ਗਿਆ ਤੇ ਕਹਿਣ ਲੱਗਾ, “ਜਾਮਾ ਮਸਜਿਦ ਦੀਆਂ ਪੌੜੀਆਂ ਨੂੰ ਮੇਰਾ ਸਲਾਮ ਦੇਣਾ ਤੇ ਉਸ ਖਾਤੂਨ ਨੂੰ ਨਮਕ ਭੇਟ ਕਰਦਿਆਂ ਮੇਰੇ ਵਲੋਂ ਆਖਣਾ ਕਿ ਜੇ ਲਾਹੌਰ ਅਜੇ ਵੀ ਉਨ੍ਹਾਂ ਦਾ ਵਤਨ ਹੈ ਤੇ ਦਿੱਲੀ ਮੇਰਾ, ਤਾਂ ਹੌਲੀ ਹੌਲੀ ਸਭ ਠੀਕ ਹੋ ਜਾਏਗਾ।”
ਹਸਰਤ ਭਰੀਆਂ ਨਜ਼ਰਾਂ, ਠੰਢੇ ਹਉਕਿਆਂ ਤੇ ਖਾਮੋਸ਼ ਬੁੱਲ੍ਹਾਂ ਨੂੰ ਪਿੱਛੇ ਛੱਡਦੀ ਰੇਲ ਸਰਹੱਦ ਵਲ ਵਧੀ। ਅਟਾਰੀ ਸਟੇਸ਼ਨ ‘ਤੇ ਪਾਕਿਸਤਾਨੀ ਪੁਲਿਸ ਉਤਰੀ, ਹਿੰਦੁਸਤਾਨੀ ਪੁਲਿਸ ਸਵਾਰ ਹੋਈ। ਕੁਝ ਸਮਝ ਨਹੀਂ ਸੀ ਆਉਂਦਾ ਕਿ ਕੌਣ ਪਾਕਿਸਤਾਨੀ ਹੈ ਤੇ ਕੌਣ ਹਿੰਦੁਸਤਾਨੀ; ਕਿਥੋਂ ਲਾਹੌਰ ਖਤਮ ਹੋਇਆ ਤੇ ਕਿਥੋਂ ਅੰਮ੍ਰਿਤਸਰ ਸ਼ੁਰੂ ਹੋ ਗਿਆ। ਇਕੋ ਜ਼ਮੀਨ ਸੀ, ਇਕੋ ਜ਼ੁਬਾਨ, ਇਕੋ ਜਿਹੀਆਂ ਸੂਰਤਾਂ, ਇਕੋ ਜਿਹਾ ਲਹਿਜਾ ਅਤੇ ਅੰਦਾਜ਼, ਬਸ ਮੁਸ਼ਕਿਲ ਸਿਰਫ ਇਹੀ ਸੀ ਕਿ ਬੰਦੂਕਾਂ ਦੋਵਾਂ ਦੇ ਹੱਥਾਂ ਵਿਚ ਸਨ।
ਅੰਮ੍ਰਿਤਸਰ ਸਟੇਸ਼ਨ ‘ਤੇ ਵੀ ਉਹੀ ਨਜ਼ਾਰਾ ਸੀ-ਤੀਜੇ ਦਰਜੇ ਦੇ ਮੁਸਾਫਰਾਂ ਨਾਲ ਕੁਰੱਖਤ ਵਿਹਾਰ ਤੇ ਸਾਮਾਨ ਦੀ ਤਫਸੀਲੀ ਤਲਾਸ਼ੀ। ਅੱਵਲ ਦਰਜੇ ਵਾਲਿਆਂ ਦਾ ਸਾਮਾਨ ਉਨ੍ਹਾਂ ਦੇ ਡੱਬੇ ਦੇ ਸਾਹਮਣੇ ਹੀ ਉਤਾਰ ਦਿੱਤਾ ਗਿਆ ਸੀ। ਉਨ੍ਹਾਂ ਦੀ ਪੜਤਾਲ ਇਥੇ ਹੀ ਹੋਣੀ ਸੀ। ਆਪੋ-ਆਪਣੇ ਸਾਮਾਨ ਕੋਲ ਖੜ੍ਹੇ ਉਹ ਕੋਕਾ ਕੋਲਾ ਪੀ ਰਹੇ ਸਨ। ਸਫੀਆ ਦਾ ਸਾਮਾਨ ਦੇਖਣ ਜਿਹੜਾ ਅਧਿਕਾਰੀ ਆਇਆ, ਉਹ ਗੱਲਬਾਤ ਦੇ ਲਹਿਜੇ ਤੋਂ ਬੰਗਾਲੀ ਜਾਪਦਾ ਸੀ। ਜਦੋਂ ਸਾਰਾ ਸਾਮਾਨ ਦੇਖਿਆ ਜਾ ਚੁੱਕਾ ਤਾਂ ਉਹ ਬਾਕੀ ਲੋਕਾਂ ਤੋਂ ਅੱਡ ਹੋ ਕੇ ਹੌਲੀ ਜਿਹੀ ਬੋਲੀ, “ਮੇਰੇ ਕੋਲ ਥੋੜ੍ਹਾ ਜਿਹਾ ਨਮਕ ਹੈ।”
ਕੰਬਦੇ ਹੱਥਾਂ ਨਾਲ ਬੈਗ ਖੋਲ੍ਹ ਕੇ ਥੈਲੀ ਕੱਢੀ ਤੇ ਕਹਿਣ ਲੱਗੀ, “ਤੁਹਾਡਾ ਦਿਲ ਕਰੇ ਤਾਂ ਮੇਰਾ ਸਾਰਾ ਸਾਮਾਨ ਰੋਕ ਲਵੋ, ਸਿਰਫ ਇਹ ਨਮਕ ਮੈਨੂੰ ਲੈ ਜਾਣ ਦਿਓ।” ਤੇ ਉਸ ਦਾ ਗੱਚ ਭਰ ਆਇਆ।
ਅਫਸਰ ਨੇ ਉਸ ਨੂੰ ਸਿਰ ਤੋਂ ਪੈਰਾਂ ਤਕ ਘੁਰਿਆ, ਜਿਵੇਂ ਇਸ ਉਡੀਕ ਵਿਚ ਹੋਵੇ ਕਿ ਉਹ ਅੱਗੇ ਕੀ ਕਹਿੰਦੀ ਹੈ। ਸਫੀਆ ਨੇ ਟੁੱਟਦੇ ਸ਼ਬਦਾਂ ਤੇ ਲੜਖੜਾਉਂਦੀ ਜ਼ੁਬਾਨ ਨਾਲ ਸਾਰੀ ਕਹਾਣੀ ਕਹਿ ਦਿੱਤੀ। ਅਫਸਰ ਸਿਰ ਝੁਕਾ ਕੇ ਸੁਣਦਾ ਰਿਹਾ। ਜਦੋਂ ਗੱਲ ਮੁੱਕੀ ਤਾਂ ਉਸ ਨੇ ਸਿਰ ਤੋਂ ਪੈਰਾਂ ਤਕ ਸਫੀਆ ਨੂੰ ਦੇਖਿਆ ਤੇ ਕਿਹਾ, “ਜ਼ਰਾ ਇਧਰ ਆਓ।”
ਸਫੀਆ ਉਸ ਦੇ ਪਿੱਛੇ ਸੋਚਦੀ ਤੁਰੀ ਜਾ ਰਹੀ ਸੀ ਕਿ ਉਸ ਨੇ ਏਨੀ ਇਮਾਨਦਾਰੀ ਵਰਤ ਕੇ ਗਲਤੀ ਕੀਤੀ ਹੈ। ਔਰਤਾਂ ਦੇ ਹੈਂਡਬੈਗ ਦੀ ਤਾਂ ਉਂਜ ਹੀ ਪੜਤਾਲ ਨਹੀਂ ਹੁੰਦੀ ਤੇ ਅਫਸਰ ਨੇ ਵੈਸੇ ਵੀ ਉਸ ਦੇ ਸਮਾਨ ਨੂੰ ਸਰਸਰੀ ਨਿਗਾਹ ਨਾਲ ਹੀ ਦੇਖਿਆ ਸੀ। ਹੁਣ ਪਤਾ ਨਹੀਂ ਕੀ ਹੋਵੇਗਾ? ਪਲੇਟਫਾਰਮ ਦੇ ਦੂਜੇ ਕੋਨੇ ‘ਤੇ ਕਮਰਾ ਸੀ। ਉਹ ਉਸ ਦੇ ਅੰਦਰ ਗਿਆ, ਸਫੀਆ ਕੁਝ ਹਿਚਕਿਚਾਈ। ਅੰਦਰ ਮੇਜ਼ ਪਿਆ ਸੀ, ਸਿਆਹੀ ਦੇ ਦਾਗਾਂ ਤੇ ਧੂੜ ਨਾਲ ਅੱਟਿਆ। ਤਿੰਨ-ਚਾਰ ਘਟੀਆ ਜਿਹੀਆਂ ਕੁਰਸੀਆਂ, ਇਕ ਦਾ ਬੈਂਤ ਟੁੱਟਾ ਹੋਇਆ। ਉਸ ਨੂੰ ਝਿਜਕਦਿਆਂ ਦੇਖ ਅਫਸਰ ਨੇ ਜੇਬ੍ਹ ਵਿਚੋਂ ਰੁਮਾਲ ਕੱਢ ਕੇ ਕੁਰਸੀ ਝਾੜੀ ਤੇ ਕਿਹਾ, “ਆਓ, ਆ ਜਾਓ ਨਾ!” ਉਹ ਅੰਦਰ ਜਾ ਕੇ ਬਹਿ ਗਈ।
ਥੈਲੀ ਤੇ ਬੈਗ ਇਕ ਪਾਸੇ ਰੱਖ ਕੇ, ਅਫਸਰ ਨੇ ਬਾਹਰ ਖੜ੍ਹੇ ਪੁਲਸੀਏ ਨੂੰ ਇਸ਼ਾਰੇ ਨਾਲ ਬੁਲਾਇਆ। ਸਫੀਆ ਥਾਏਂ ਸੁੰਨ ਹੋ ਗਈ: ‘ਹੁਣ ਕੀ ਹੋਵੇਗਾ?’
“ਦੋ ਚਾਹ ਲਿਆਓ।” ਉਸ ਨੇ ਸਿਪਾਹੀ ਨੂੰ ਕਿਹਾ। ਉਹ ਸਫੀਆ ਨੂੰ ਧਿਆਨ ਨਾਲ ਦੇਖਦਾ ਚਲਾ ਗਿਆ। ਫਿਰ ਅਫਸਰ ਨੇ ਮੇਜ਼ ਦਾ ਦਰਾਜ ਖਿੱਚਿਆ ਤੇ ਉਸ ਵਿਚ ਪਿੱਛੇ ਕਰ ਕੇ ਰੱਖੀ ਕਿਤਾਬ ਕੱਢੀ, ਹੱਥ ਨਾਲ ਉਸ ਉਪਰਲੀ ਮਿੱਟੀ ਝਾੜੀ ਤੇ ਸਫੀਆ ਸਾਹਮਣੇ ਰੱਖ ਕੇ ਪਹਿਲਾ ਪੰਨਾ ਖੋਲ੍ਹ ਦਿੱਤਾ। ਖੱਬੇ ਹੱਥ ‘ਨਜ਼ਰੁਲ ਇਸਲਾਮ’ ਦੀ ਤਸਵੀਰ ਸੀ ਤੇ ਟਾਈਟਲ ਵਾਲੇ ਸਫੇ ‘ਤੇ ਧੁੰਦਲੀ ਜਿਹੀ ਸਿਆਹੀ ਵਿਚ ਲਿਖਿਆ ਸੀ:
“ਸੁਨੀਲ ਦਾਸ ਗੁਪਤਾ ਲਈ ਸ਼ਮਸੁਲ ਇਸਲਾਮ ਵਲੋਂ-ਢਾਕਾ।”
“ਤਾਂ ਤੁਸੀਂ ਪੂਰਬੀ ਬੰਗਾਲ ਦੇ ਰਹਿਣ ਵਾਲੇ ਹੋ।” ਸਫੀਆ ਨੇ ਅੰਗਰੇਜ਼ੀ ਵਿਚ ਪੁੱਛਿਆ।
“ਹਾਂ ਮੇਰਾ ਵਤਨ ਢਾਕਾ ਹੈ।”
“ਏਥੇ ਕਦੋਂ ਤੋਂ ਰਹਿ ਰਹੇ ਹੋ?”
“ਬਸ ਜਦੋਂ ਪਾਕਿਸਤਾਨ ਬਣਿਆ, ਉਦੋਂ ਹੀ ਆਏ ਸਾਂ। ਮੈਂ ਬਾਰ੍ਹਾਂ-ਤੇਰ੍ਹਾਂ ਸਾਲਾਂ ਦਾ ਸੀ। ਪਰ ਨਜ਼ਰੁਲ ਇਸਲਾਮ ਤੇ ਟੈਗੋਰ ਨੂੰ ਤਾਂ ਅਸੀਂ ਬਚਪਨ ਤੋਂ ਪੜ੍ਹਦੇ ਆਏ ਹਾਂ। ਜਿਸ ਦਿਨ ਅਸੀਂ ਆਏ, ਉਸ ਤੋਂ ਠੀਕ ਇਕ ਸਾਲ ਪਹਿਲਾਂ ਇਹ ਕਿਤਾਬ ਮੇਰੇ ਦੋਸਤ ਸ਼ਮਸੁਲ ਇਸਲਾਮ ਨੇ ਮੈਨੂੰ ਭੇਟ ਕੀਤੀ ਸੀ। ਫਿਰ ਅਸੀਂ ਕਲਕੱਤੇ ਰਹੇ ਤੇ ਵਤਨ ਆਉਂਦੇ-ਜਾਂਦੇ ਰਹੇ।”
“ਵਤਨ!” ਸਫੀਆ ਨੇ ਜ਼ਰਾ ਹੈਰਾਨੀ ਨਾਲ ਪੁੱਛਿਆ।
“ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਮੇਰਾ ਵਤਨ ਢਾਕਾ ਹੈ।” ਅਧਿਕਾਰੀ ਨੇ ਜ਼ਰਾ ਨਾਰਾਜ਼ਗੀ ਨਾਲ ਕਿਹਾ।
“ਹਾਂ! ਹਾਂ!! ਠੀਕ! ਠੀਕ!!” ਸਫੀਆ ਉਸ ਨੂੰ ਕਿਸੇ ਕੀਮਤ ‘ਤੇ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ।
“ਪਹਿਲੇ ਤਾਂ ਸਿਰਫ ਇਧਰ ਹੀ ਕਸਟਮ ਹੁੰਦਾ ਸੀ ਪਰ ਹੁਣ ਓਧਰ ਵੀ ਕੁਝ ਗੋਲਮਾਲ ਹੋ ਗਿਆ ਹੈ।” ਉਸ ਨੇ ਚਾਹ ਦਾ ਕੱਪ ਸਫੀਆ ਵੱਲ ਕੀਤਾ ਤੇ ਆਪ ਦੋ ਵੱਡੇ ਵੱਡੇ ਘੁੱਟ ਭਰ ਕੇ ਕਹਿਣ ਲੱਗਾ, “ਉਂਜ ਤਾਂ ਡਾਬ (ਨਾਰੀਅਲ ਵਿਚ ਪੱਕੀ ਝੀਂਗਾ ਮੱਛੀ) ਕਲਕੱਤਾ ਵਿਚ ਵੀ ਹੁੰਦਾ ਹੈ, ਪਰ ਸਾਡੇ ਡਾਬ ਦੇ ਕੀ ਕਹਿਣੇ! ਸਾਡੀ ਜ਼ਮੀਨ ਦੀ ਤਾਸੀਰ ਹੀ ਕੁਝ ਹੋਰ ਹੈ।”
ਉਠਦਿਆਂ ਉਸ ਨੇ ਥੈਲੀ ਆਪਣੇ ਹੱਥ ਵਿਚ ਫੜ੍ਹ ਕੇ ਤੁਰਨਾ ਸ਼ੁਰੂ ਕੀਤਾ। ਸਫੀਆ ਉਸ ਦੇ ਪਿੱਛੇ ਸੀ। ਪਲੇਟਫਾਰਮ ‘ਤੇ ਆ ਕੇ ਉਸ ਨੇ ਸਫੀਆ ਦੇ ਹੱਥੋਂ ਬੈਗ ਲਿਆ, ਆਪਣੇ ਹੱਥਾਂ ਨਾਲ ਉਸ ਵਿਚ ਨਮਕ ਦੀ ਥੈਲੀ ਰੱਖ ਕੇ, ਬੈਗ ਫੜਾ ਕੇ ਕੁਲੀ ਨੂੰ ਬੁਲਾ ਕੇ ਸਾਮਾਨ ਚੁੱਕਣ ਦਾ ਇਸ਼ਾਰਾ ਕੀਤਾ ਤੇ ਇਸ ਸਾਰੇ ਸਮੇਂ ਵਿਚ ਉਸ ਨੇ ਮੂੰਹੋਂ ਇਕ ਸ਼ਬਦ ਵੀ ਨਾ ਕੱਢਿਆ। ਜਦੋਂ ਸਫੀਆ ਬਾਹਰ ਜਾਣ ਵਾਲੇ ਪੁਲ ‘ਤੇ ਚੜ੍ਹ ਗਈ ਤਾਂ ਉਸ ਨੇ ਮੁੜ ਕੇ ਦੇਖਿਆ। ਉਹ ਅਜੇ ਤਕ ਸਿਰ ਨੀਵਾਂ ਕਰੀ ਖ਼ਾਮੋਸ਼ ਖੜ੍ਹਾ ਸੀ। ਪੁਲ ਤੋਂ ਉਤਰਦਿਆਂ ਉਹ ਸੋਚਦੀ ਜਾ ਰਹੀ ਸੀ: ‘ਕਿਸ ਦਾ ਵਤਨ ਕਿਥੇ ਹੈ? ਉਹ ਜੋ ਕਸਟਮ ਦੇ ਇਸ ਪਾਸੇ ਹੈ ਜਾਂ ਉਹ ਜੋ ਕਸਟਮ ਦੇ ਉਸ ਪਾਸੇ?’