ਵਿਗੜੇ ਪ੍ਰਾਹੁਣਿਆਂ ਦੀ ਦਿਲਚਸਪ ਕਹਾਣੀ-‘ਪ੍ਰਾਹੁਣਾ’

‘ਅੰਗਰੇਜ਼’ ਫਿਲਮ ਤੋਂ ਬਾਅਦ ਪੰਜਾਬੀ ਸਿਨੇਮਾ ਨੇ ਐਸਾ ਵਿਰਾਸਤੀ ਮੋੜ ਕੱਟਿਆ ਕਿ ਹਰ ਦੂਜੀ-ਤੀਜੀ ਫਿਲਮ ਦਾ ਵਿਸ਼ਾ ਵਸਤੂ ਪੁਰਾਣੇ ਕਲਚਰ ਅਤੇ ਵਿਆਹਾਂ ਨਾਲ ਸਬੰਧਤ ਹੁੰਦਾ ਹੈ। ‘ਮੰਜੇ ਬਿਸਤਰੇ’, ‘ਲਾਵਾਂ ਫੇਰੇ’, ‘ਵੇਖ ਬਰਾਤਾਂ ਚੱਲੀਆਂ’, ‘ਕੁੜਮਾਈਆਂ’, ‘ਮੁਕਲਾਵਾ’, ‘ਸੱਗੀ ਫੁੱਲ’, ‘ਸਰਵਾਲਾ’, ‘ਕਾਰ ਰੀਬਨਾਂ ਵਾਲੀ’ ਵਗੈਰਾ ਕਿੰਨੀਆਂ ਹੀ ਪੰਜਾਬੀ ਫਿਲਮਾਂ ਦੇ ਨਾਂ ਲੈ ਸਕਦੇ ਹਾਂ।

ਨਿਰਮਾਤਾ-ਨਿਰਦੇਸ਼ਕ ਮੋਹਿਤ ਬਨਵੈਤ ਤੇ ਅਮਿਤਰਾਜ ਚੱਢਾ ਦੀ ਨਵੀਂ ਫਿਲਮ ‘ਪ੍ਰਾਹੁਣਾ’ ਦੀ ਗੱਲ ਕਰੀਏ ਤਾਂ ਇਹ 1970ਵਿਆਂ ਵਿਚ ਸਹੁਰੇ ਘਰ ਹੁੰਦੀ ਜਵਾਈਆਂ ਦੀ ਪੁੱਛ-ਗਿੱਛ, ਰੋਹਬ, ਮਾਣ-ਇੱਜਤ ਦੇ ਰੁਤਬੇ ਨੂੰ ਪੇਸ਼ ਕਰਦੀ ਫਿਲਮ ਹੈ। ਪਹਿਲੇ ਸਮਿਆਂ ‘ਚ ਵੱਡੇ ਪਰਿਵਾਰ ਹੁੰਦੇ ਸਨ। ਘਰ ਦੇ ਵੱਡੇ ਪ੍ਰਾਹੁਣਿਆਂ (ਜਵਾਈਆਂ) ਨੂੰ ਛੋਟੀ ਸਾਲੀ ਦਾ ਰਿਸ਼ਤਾ ਆਪਣੀ ਸਾਕ ਸਕੀਰੀ ਵਿਚ ਲੈ ਜਾਣ ਦੀ ਪਹਿਲ ਹੁੰਦੀ ਸੀ। ਫਿਲਮ ਵਿਚ ਛੋਟੀ ਸਾਲੀ ਮਾਣੋ ਦਾ ਰਿਸ਼ਤਾ ਜਦ ਪ੍ਰਾਹੁਣਿਆਂ ਦੀ ਮਰਜ਼ੀ ਦੇ ਉਲਟ ਹੁੰਦਾ ਹੈ ਤਾਂ ਉਹ ਰੁੱਸ ਰੁੱਸ ਬਹਿੰਦੇ ਹਨ।
ਇਸੇ ਰੋਸੇ ਭਰੇ ਮਾਹੌਲ ਵਿਚ ਅਨੇਕਾਂ ਦਿਲਚਸਪ ਘਟਨਾਵਾਂ ਵਾਪਰਦੀਆਂ ਹਨ ਜੋ ਦਰਸ਼ਕਾਂ ਨੂੰ ਹਸਾ ਹਸਾ ਕੇ ਦੂਹਰੇ ਕਰਦੀਆਂ ਹਨ। ਫਿਲਮ ‘ਚ ਪੁਰਾਣੇ ਕਲਚਰ ਦੀਆਂ ਸੰਗੀਤਕ ਵੰਨਗੀਆਂ ਬੀਨ ਵਾਜੇ ‘ਤੇ ਨਚਾਰ, ਗਿੱਧਾ, ਜਾਗੋ ਦਾ ਚੰਗਾ ਪ੍ਰਦਰਸ਼ਨ ਹੈ।
ਫਿਲਮ ਦਾ ਹੀਰੋ ਕੁਲਵਿੰਦਰ ਬਿੱਲਾ ਹੈ, ਜਿਸ ਨੇ ਗਾਇਕੀ ‘ਚ ਸਥਾਪਤੀ ਤੋਂ ਬਾਅਦ ਹੁਣ ਫਿਲਮਾਂ ਵੱਲ ਕਦਮ ਵਧਾਇਆ ਹੈ। ਖੂਬਸੂਰਤ ਤੇ ਚੁਲਬੁਲੀਆਂ ਅਦਾਵਾਂ ਵਾਲੀ ਵਾਮਿਕਾ ਗੱਬੀ ਫਿਲਮ ਦੀ ਹੀਰੋਇਨ ਹੈ। ਇਸ ਤੋਂ ਇਲਾਵਾ ਨਿਰਮਲ ਰਿਸ਼ੀ, ਸਰਦਾਰ ਸੋਹੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਮੀਤ, ਰੁਪਿੰਦਰ ਰੂਪੀ, ਰਾਜ ਧਾਲੀਵਾਲ, ਮਲਕੀਤ ਰੌਣੀ, ਪ੍ਰਕਾਸ਼ ਗਾਧੂ, ਦਿਲਾਵਰ ਸਿੱਧੂ, ਅਕਸ਼ਿਤਾ, ਨਵਦੀਪ ਕਲੇਰ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫਿਲਮ ਦਾ ਨਿਰਮਾਣ ਮੋਹਿਤ ਬਨਵੈਤ, ਮਨੀ ਧਾਲੀਵਾਲ ਤੇ ਸੁਮੀਤ ਸਿੰਘ ਨੇ ਦਾਰਾ ਫਿਲਮਜ਼ ਐਂਟਰਟੇਨਮੈਂਟ, ਸੈਵਨ ਕਲਰ ਮੋਸ਼ਨ ਪਿਕਚਰਜ਼ ਤੇ ਬਨਵੈਤ ਫਿਲਮਜ਼ ਦੇ ਬੈਨਰ ਹੇਠ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਖਰਾਜ ਸਿੰਘ ਨੇ ਲਿਖੇ ਹਨ। ਡਾਇਲਾਗ ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਸੰਗੀਤ ਮਿਸਟਰ ਵਾਓ, ਮਿਊਜ਼ਿਕ ਨਸ਼ਾ ਅਤੇ ‘ਦਾ ਬੋਸ’ ਨੇ ਦਿੱਤਾ ਹੈ। ਗੀਤ ਧਰਮਵੀਰ ਭੰਗੂ, ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ। ਫਿਲਮ ਦਾ ਟਾਈਟਲ ਗੀਤ ਗੁਰਨਾਮ ਭੁੱਲਰ ਨੇ ਗਾਇਆ ਹੈ।
-ਸੁਰਜੀਤ ਜੱਸਲ
ਫੋਨ: 91-98146-07737