ਨਵੀਂ ਜ਼ਿੰਦਗੀ, ਨਵੇਂ ਪੈਂਤੜੇ

ਪ੍ਰੋ. ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਅਮੂਮਨ ਜਦੋਂ ਕੋਈ ਕੈਂਸਰ ਬਾਰੇ ਗੱਲ ਕਰਦਾ ਹੈ ਤਾਂ ਸਾਧਾਰਨ ਕੈਂਸਰ ਸ਼ਬਦ ਦੇ ਡਰਾਉਣੇਪਣ ਨੂੰ ਹੀ ਜਾਣਦਾ ਹੈ। ਅਸਲ ਵਿਚ ਕੈਂਸਰ ਸੈਂਕੜੇ ਕਿਸਮ ਦਾ ਹੈ। ਮਲਟੀਪਲ ਮਾਈਲੋਮਾ ਨਾਂ ਦੇ ਜਿਸ ਕੈਂਸਰ ਤੋਂ ਮੈਂ ਪੀੜਤ ਹਾਂ, ਇਸ ਨੂੰ ਬੋਨ ਕੈਂਸਰ, ਬੋਨ ਮੈਰੋ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਕੈਂਸਰ ਅੱਗੋਂ ਅਨੇਕ ਭਾਂਤ ਦਾ ਹੈ। ਇਸ ਦੀ ਕਿਸਮ ਇਮੂਨੋਗਲੋਬੋ ਲੀਨ ਦੀਆਂ ਕਿਸਮਾਂ ‘ਤੇ ਨਿਰਭਰ ਕਰਦੀ ਹੈ।

ਇਕ ਲਾਈਟ ਚੇਨ ਮਾਈਲੋਮਾ ਹੈ ਅਤੇ ਦੂਜੀ ਹੈਵੀ ਚੇਨ ਮਾਈਲੋਮਾ। ਇਹ ਅੱਗੋਂ ਏ. ਜੀ. ਐਮ. ਡੀ. ਅਤੇ ਈ. ਕਿਸਮਾਂ ਦਾ ਹੁੰਦਾ ਹੈ। 100 ਪਿੱਛੇ 20 ਲੋਕਾਂ ਨੂੰ ਇਹ ਆਮ ਤੌਰ ‘ਤੇ ਹੁੰਦਾ ਹੈ। 100 ਵਿਚੋਂ 3 ਜਣਿਆਂ ਨੂੰ ਨਾਨ ਸੀਕ੍ਰੇਟਰੀ ਮਾਈਲੋਮਾ ਹੁੰਦਾ ਹੈ। ਮਗਸ ਮੋਕੋਮੈਮੋਪੈਥੀ ਆਫ ਅੰਡਰਮਾਇਨ ਸਿਗਨੀਫਿਕੈਂਸ ਮਾਈਲੋਮਾ ਹੁੰਦਾ ਹੈ। ਕੁਝ ਹੋਰ ਵੰਨਗੀਆਂ ਹਨ: ਪਲਾਜ਼ਮਾ ਸਾਈਟੋਮਾ, ਐਮੀਲਾਇਡੋਸਿਸ, ਸਮੋਲਡਰਿੰਗ ਮਾਈਲੋਮਾ ਇਨਸਮੋਲਡਰਿੰਗ, ਏਸਿਮਟੋਮੇਟਿਕ ਮਾਈਲੋਮਾ।
ਇਸ ਕਿਸਮ ਦੇ ਕੈਂਸਰ ਵਿਚ ਇਨਸਾਨ ਦੇ ਬੋਨ ਮੈਰੋ ਵਿਚ ਬੇਲੋੜੇ ਪਲਾਜ਼ਮਾ ਸੈਲ ਆ ਜਾਂਦੇ ਹਨ। ਸੀਰਮ ਤੇ ਮੂਤਰ ਵਿਚ ਮਲਟੀਪਲ ਪ੍ਰੋਟੀਨ ਜਮ੍ਹਾਂ ਹੋ ਜਾਂਦੇ ਹਨ ਅਤੇ ਅਛੋਪਲੇ ਹੀ ਅੰਗਾਂ, ਹੱਡੀਆਂ, ਕਿਡਨੀ, ਲਿਵਰ ਦਾ ਵਿਨਾਸ਼ ਸ਼ੁਰੂ ਕਰ ਦਿੰਦੇ ਹਨ। ਹੱਡੀਆਂ ਵਿਚ ਦਰਦਾਂ, ਖਾਸ ਕਰ ਰੀੜ੍ਹ ਦੀ ਹੱਡੀ ਤੇ ਪਸਲੀਆਂ ਵਿਚ, ਉਲਟੀਆਂ, ਕਬਜ, ਭੁੱਖ ਨਾ ਲੱਗਣਾ, ਭਾਰ ਘਟਣਾ, ਦਿਮਾਗੀ ਧੁੰਦਲਾਪਨ, ਕਨਫਿਊਜ਼ਨ, ਥਕਾਵਟ, ਅਕਸਰ ਬੀਮਾਰ ਹੋਣਾ, ਬੁਖਾਰ ਚੜ੍ਹਨਾ, ਕਮਜ਼ੋਰੀ, ਲੱਤਾਂ ਵਿਚ ਕੰਪਨ, ਬਹੁਤ ਪਿਆਸ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ ਆਦਿ ਇਸ ਦੇ ਮੁੱਖ ਲੱਛਣ ਹਨ।
ਕਈ ਲੋਕਾਂ ਵਿਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਅਤੇ ਅਚਾਨਕ ਸਰੀਰ ਦਾ ਵੱਡਾ ਨੁਕਸਾਨ ਹੋ ਕੇ ਪਤਾ ਲੱਗਦਾ ਹੈ। ਮੇਰੇ ਕੇਸ ਵਿਚ ਕੋਈ ਲੱਛਣ ਨਹੀਂ ਆਇਆ। ਬਸ ਛਿੱਕ ਆਉਣ ਨਾਲ ਰੀੜ੍ਹ ਦੀ ਹੱਡੀ ਦੇ ਦੋ ਮਣਕੇ ਟੁੱਟ ਗਏ ਤਾਂ ਪਤਾ ਲੱਗਾ। ਹਾਲਤ ਆਮ ਵਾਂਗ ਹੁੰਦੇ ਜਾਪਦਿਆਂ, ਦਵਾਦਾਰੂ, ਖਾਣ-ਪੀਣ ਦੀ ਇਕ ਰੁਟੀਨ ਬਣ ਗਈ। ਜ਼ਿੰਦਗੀ ਫਿਰ ਤੋਂ ਆਮ ਵਰਗੀ ਹੋ ਗਈ। ਨੌਕਰੀ, ਘਰ ਦੇ ਕੰਮ ਕਾਰ, ‘ਪਹਿਲ’ ਦੀਆਂ ਗਤੀਵਿਧੀਆਂ ਤੋਂ ਇਲਾਵਾ ਰੇਡੀਓ ‘ਤੇ ‘ਦੇਸ਼ ਪੰਜਾਬ’ ਪ੍ਰੋਗਰਾਮ ਦੇ ਇਕ ਸੈਗਮੈਂਟ ਲਈ ਖਰੜਾ ਤਿਆਰ ਕਰਨਾ ਤੇ ਪੇਸ਼ਕਾਰੀ ਖੁਦ ਕਰਨੀ ਸ਼ੁਰੂ ਕੀਤੀ, ਜੋ 2007 ਤੋਂ ਸ਼ੁਰੂ ਕਰਕੇ 2013-14 ਤੱਕ ਨਿਰੰਤਰ ਹਰ ਮਹੀਨੇ 6 ਡਿਊਟੀਆਂ ਕੀਤੀਆਂ। ਇਸੇ ਤਰ੍ਹਾਂ ਡੀ. ਡੀ. ਪੰਜਾਬੀ ‘ਤੇ ਨਵਾਂ ਪ੍ਰੋਗਰਾਮ ‘ਪਾਠਸ਼ਾਲਾ: ਪੰਜਾਬੀ ਸਿੱਖੀਏ’ ਕੰਟਰੀਵਾਈਡ ਕਲਾਸਰੂਮ ਸ਼ੁਰੂ ਕੀਤਾ, ਜਿਸ ਵਿਚ ਮੈਂ ਡੀ. ਡੀ. ਪੰਜਾਬੀ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਨੂੰ ਪੰਜਾਬੀ ਸਿਖਾਉਣ ਦਾ ਪ੍ਰੋਗਰਾਮ ਕਰਦਾ ਸਾਂ। ਇਹ ਪ੍ਰੋਗਰਾਮ 2012 ਤੱਕ ਚੱਲਿਆ।
ਇਸ ਮੌਕੇ ਡਿਪਟੀ ਡਾਇਰੈਕਟਰ ਦੂਰਦਰਸ਼ਨ ਨੇ ਬੁਲਾਇਆ ਤੇ ਕਿਹਾ ਕਿ ਉਹ ਦੂਰਦਰਸ਼ਨ ਦੇ ਮਾਧਿਅਮ ਰਾਹੀਂ ਮੇਰੀ ਜ਼ਿੰਦਗੀ ਟੈਲੀਵਿਜ਼ਨ ਦੇ ਛੋਟੇ ਪਰਦੇ ‘ਤੇ ਆਮ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ। ਲੰਬੀ-ਚੌੜੀ ਵਿਚਾਰ-ਚਰਚਾ ਪਿਛੋਂ ਪ੍ਰੋਗਰਾਮ ਜਨਮਿਆ, ‘ਜ਼ਿੰਦਗੀ ਅਨਮੋਲ।’ ਇਸ ਪ੍ਰੋਗਰਾਮ ਦੇ ਪਹਿਲੇ ਚਾਰ ਸ਼ੋਅ ਮੇਰੀ ਆਪਣੀ ਹੀ ਜ਼ਿੰਦਗੀ ‘ਤੇ ਆਧਾਰਤ ਸਨ। ਬਾਅਦ ਵਿਚ ਮੇਰੀ ਜ਼ਿੰਮੇਵਾਰੀ ਰਹੀ ਕਿ ਐਸੇ ਲੋਕਾਂ ਨੂੰ ਲੱਭ ਕੇ ਡੀ. ਡੀ. ਪੰਜਾਬੀ ਦੇ ਪਰਦੇ ਰਾਹੀਂ ਦਰਸ਼ਕ ਲੋਕਾਂ ਦੇ ਰੁਬਰੂ ਕੀਤਾ ਜਾਵੇ, ਜਿਨ੍ਹਾਂ ਆਪਣੀ ਜਾਨ ਅਤੇ ਜ਼ਿੰਦਗੀ ਉਤੇ ਅਣਕਹੇ ਦੁਖ-ਕਸ਼ਟ ਸਹਿੰਦਿਆਂ, ਮਿਸਾਲੀ ਜੀਵਨ ਜਿਉਂਦਿਆਂ ਸਮਾਜ ਵਾਸਤੇ ਕੁਝ ਕੀਤਾ ਹੋਵੇ।
ਸਾਲਾਂ ਬੱਧੀ ਚੱਲੇ ਇਸ ਪ੍ਰੋਗਰਾਮ ਵਿਚ ਮੈਂ ਸਪਾਈਨਲ ਇੰਜਰੀ ਨਾਲ ਰੀੜ੍ਹ ਦੀ ਹੱਡੀ ਟੁੱਟਣ ਤੇ ਸਪਾਈਨਲ ਕਾਰਡ ਦੇ ਟੁੱਟਣ ਵਾਲੇ ਕੁਝ ਲੋਕ, ਨੇਤਰਹੀਣ, ਅੰਗਹੀਣ ਅਤੇ ਕੈਂਸਰ ‘ਤੇ ਫਤਿਹ ਪਾ ਕੇ ਆਮ ਜ਼ਿੰਦਗੀ ਜਿਉਣ ਵਾਲੇ ਕੁਝ ਲੋਕ ਲੱਭ ਕੇ ਟੈਲੀਵਿਜ਼ਨ ‘ਤੇ ਪੇਸ਼ ਕੀਤੇ। ਇਹ ਪ੍ਰੋਗਰਾਮ ਆਪਣੀ ਵਿਸ਼ੇਸ਼ ਪ੍ਰਕ੍ਰਿਤੀ ਕਰਕੇ ਬੜਾ ਲੋਕਪ੍ਰਿਅ ਹੋਇਆ, ਬਾਅਦ ਵਿਚ ਇਨ੍ਹਾਂ ਸਾਰੇ ਲੋਕਾਂ ਨੂੰ ‘ਪਹਿਲ’ ਦੇ ਮੁਹਾਜ ਤੋਂ 3 ਦਸੰਬਰ 2012 ਦੇ ਦਿਵਿਆਂਗ ਲੋਕਾਂ ਦੇ ਕੌਮਾਂਤਰੀ ਦਿਵਸ ਉਤੇ ਇਕ ਵਿਸ਼ੇਸ਼ ਸਮਾਰੋਹ ਕਰਕੇ ‘ਹੋਣੀ ਤੋਂ ਬਲਵਾਨ’ ਸਨਮਾਨ ਨਾਲ ਨਿਵਾਜਿਆ। ਅਸਲ ਵਿਚ 3 ਦਸੰਬਰ ਨੂੰ ਦਿਵਿਆਂਗ ਲੋਕਾਂ ਦੇ ਕੌਮਾਂਤਰੀ ਦਿਵਸ ਮੌਕੇ ਮੈਂ ਇਨ੍ਹਾਂ ਜੰਗਜੂ ਸੂਰਬੀਰਾਂ ਨੂੰ ਸਟੇਜ ‘ਤੇ ਪੇਸ਼ ਕਰਨਾ ਚਾਹੁੰਦਾ ਸਾਂ। ਇਨ੍ਹਾਂ ਸਾਰੇ ਲੋਕਾਂ ਨੇ ਬੜਾ ਚੁਣੌਤੀ ਭਰਿਆ ਜੀਵਨ ਜੀਵਿਆ ਤੇ ਅਣਕਿਆਸੇ ਦੁੱਖ ਸਹੇ। ਇਨ੍ਹਾਂ ਵਿਚੋਂ ਬਹੁਤੇ ਐਸੇ ਸਨ, ਜਿਨ੍ਹਾਂ ਦਲੇਰੀ ਨਾਲ ਚੁਣੌਤੀ ਦਾ ਸਾਹਮਣਾ ਕਰਦਿਆਂ ਫਤਿਹ ਹਾਸਿਲ ਕੀਤੀ। ਇਹ ਜਦੋਂ ਮੈਨੂੰ ਮਿਲਦੇ ਤਾਂ ਮੇਰੇ ਕੈਂਸਰ ਬਾਰੇ ਜਾਣ ਕੇ, ਮੇਰੀ ਇੱਛਾ-ਸ਼ਕਤੀ ਬਾਰੇ ਸੋਚ ਕੇ ਭੈਅਭੀਤ ਹੋ ਜਾਂਦੇ।
ਸਭ ਕਹਿੰਦੇ ਕਿ ਉਨ੍ਹਾਂ ਤਾਂ ਇੱਕ ਵਾਰ ਨਵੀਂ ਜੀਵਨ ਸ਼ੈਲੀ ਵਿਚ ਆਪਣੀ ਰੁਟੀਨ ਬਣਾ ਲਈ। ਇਸ ਮੁਕਾਬਲੇ ਮੇਰੇ ਉਤੇ ਹਮੇਸ਼ਾ ਹੀ ਚੁਣੌਤੀ ਅਤੇ ਖਤਰੇ ਦੀ ਤਲਵਾਰ ਲਟਕਦੀ ਰਹੀ। ਇਸੇ ਤਰ੍ਹਾਂ ਦੀ ਗਹਿਮਾ ਗਹਿਮੀ ਵਾਲੀ ਜ਼ਿੰਦਗੀ ਜਿਉਂਦਿਆਂ ਜੂਨ 2011 ਵਿਚ ਮੈਂ ਹਰਿਦੁਆਰ ਯੋਗਗ੍ਰਾਮ ਪਤੰਜਲੀ ਜਾ ਕੇ ਕੁਝ ਦਿਨ ਰਹਿਣ ਦਾ ਪ੍ਰੋਗਰਾਮ ਬਣਾਇਆ। ਅਸਲ ਵਿਚ ਮਨ ‘ਚ ਇਕ ਗਹਿਰਾ ਡਰ ਵਸਿਆ ਹੋਇਆ ਸੀ ਕਿ ਪਤਾ ਨਹੀਂ ਕਦੋਂ ਫਿਰ ਕੈਂਸਰ ਦਸਤਕ ਦੇ ਦੇਵੇ। ਕੋਈ ਨਾ ਕੋਈ ਨਵਾਂ ਓਹੜ-ਪੋਹੜ ਕਰਨ ਲਈ ਮੈਂ, ਪਤਨੀ ਹਰਵਿੰਦਰ ਕੌਰ ਤੇ ਛੋਟਾ ਬੇਟਾ ਬਾਗੇਸ਼ਵਰ ਕੁਝ ਦਿਨ ਯੋਗਗ੍ਰਾਮ ਵਿਚ ਬਿਤਾਉਣ ਤੇ ਕੁਦਰਤੀ ਇਲਾਜ ਦੀਆਂ ਸੰਭਾਵਨਾਵਾਂ ਲਈ ਚਲੇ ਗਏ, ਜਿਥੇ ਡਾਕਟਰਾਂ ਦੀ ਸਲਾਹ ‘ਤੇ ਖਾਣਾ, ਅਭਿਆਸ, ਇਲਾਜ, ਪ੍ਰਕ੍ਰਿਤਕ ਚਿਕਿਤਸਾ ਤੇ ਹੋਰ ਕਿੰਨਾ ਕੁਝ ਚਲਦਾ ਰਿਹਾ। ਦੁਨੀਆਂ ਭਰ ਵਿਚ ਜਾਣੇ ਜਾਂਦੇ ਕੁਦਰਤੀ ਚਿਕਿਤਸਕ ਡਾ. ਨੀਰਜ ਨੂੰ ਪੁੱਛਿਆ ਕਿ ਕੀ ਮੈਂ ਕੁਦਰਤੀ ਇਲਾਜ ਉਤੇ ਭਰੋਸਾ ਕਰ ਸਕਦਾ ਹਾਂ। ਉਨ੍ਹਾਂ ਹਾਮੀ ਨਾ ਭਰਦਿਆਂ ਮੈਨੂੰ ਮੇਰੇ ਆਪਣੇ ਹੀ ਦਮ ਅਤੇ ਆਪਣੀ ਹੀ ਸੋਚ ਨਾਲ ਚੱਲਣ ਦੀ ਸਲਾਹ ਦਿੱਤੀ।
ਜਦੋਂ ਫਿਰ ਅਬਦਾਲੀ ਆਣ ਚੜ੍ਹਿਆ: ਮਲਟੀਪਲ ਮਾਈਲੋਮਾ ਅੱਗੋਂ ਕਈ ਕਿਸਮ ਦਾ ਕੈਂਸਰ ਹੈ। ਇਸ ਦਾ ਕੋਈ ਇਲਾਜ ਨਹੀਂ। ਪਹਿਲੀ ਅਤੇ ਦੂਜੀ ਸਟੇਜ ਉਤੇ ਕਾਬੂ ਵਿਚ ਆ ਜਾਂਦਾ ਹੈ, ਪਰ ਦਰਦਾਂ ਤੇ ਦਵਾਈਆਂ ਤੋਂ ਛੁਟਕਾਰਾ ਕਦੀ ਨਹੀਂ ਹੁੰਦਾ। ਮੇਰੇ ਕੇਸ ਵਿਚ ਇਹ ਤੀਜੀ ਸਟੇਜ ‘ਤੇ ਪਤਾ ਲੱਗਣ ਕਰਕੇ ਭਿਆਨਕ ਤੇ ਖੌਫਨਾਕ ਚੁਣੌਤੀ ਬਣ ਚੁਕਾ ਸੀ। ਯੋਗਗ੍ਰਾਮ ਵਿਚ ਕੁਝ ਦਿਨ ਬਿਤਾਉਣ ਪਿਛੋਂ ਡਾਕਟਰਾਂ ਨਾਲ ਸਲਾਹ ਪਿਛੋਂ ਵਾਪਸ ਆ ਗਿਆ। ਜਦ ਆ ਕੇ ਰੁਟੀਨ ਦੇ ਟੈਸਟ ਕਰਾਏ ਤਾਂ ਫਿਰ ਤੋਂ ਮਲਟੀਪਲ ਮਾਈਲੋਮਾ ਦੇ ਹਾਜ਼ਰ ਹੋ ਜਾਣ ਨੇ ਤ੍ਰਾਹ ਕੱਢ ਦਿੱਤਾ। ਮੈਂ ਏਮਜ਼ ਗਿਆ, ਅਜੇ ਮਾਮੂਲੀ ਸ਼ੁਰੂ ਹੋਇਆ ਹੋਣ ਕਾਰਨ ਇਲਾਜ ਸ਼ੁਰੂ ਨਾ ਕੀਤਾ। ਵਾਪਿਸ ਆ ਕੇ ਰਾਇਪੁਰ ਤੋਂ ਬਾਬਾ ਨਾਗਰਾਜ ਜੋ ਨਰਮਦਾ ਨਦੀ ਦੇ ਮੁੱਢ ਤੇ ਛਤੀਸਗੜ੍ਹ ਦੀ ਸਰਹੱਦ ‘ਤੇ ਪੈਂਦੇ ਪਿੰਡ ਅਮਰਕੰਟਕ ਰਹਿੰਦੇ ਸਨ, ਜਾ ਟਿਕਾਣਾ ਕੀਤਾ। ਨਵੀਂ ਜੀਵਨ ਫਿਲਾਸਫੀ ਦੇ ਧਾਰਨੀ ਬਾਬਾ ਜੀ ਨੇ ਬੜੇ ਵਿਸ਼ਵਾਸ ਨਾਲ ਦਵਾਈ ਦਿੱਤੀ। ਲੇਕਿਨ ਕੋਈ ਫਰਕ ਨਾ ਪਿਆ ਤੇ ਮਾਈਲੋਮਾ ਛੜੱਪੇ ਮਾਰਦਾ ਵਧਦਾ ਹੀ ਗਿਆ। ਅਗਸਤ 2012 ਤੱਕ ਇਹ ਫਿਰ ਖਤਰਨਾਕ ਹੱਦ ਤੱਕ ਵੱਧ ਗਿਆ। ਮੇਰਾ ਚੌਥੀ ਲਾਈਨ ਦਾ ਇਲਾਜ ਸ਼ੁਰੂ ਕੀਤਾ ਗਿਆ, ਜਿਸ ਵਿਚ ਇੰਜੈਕਸਟ ਬੋਰਟੋਜੋਮਿਬ ਦੇ ਨਾਲ ਇਕ ਗੋਲੀ ਤੇ ਹੋਰ ਬਹੁਤ ਸਾਰੀਆਂ ਦਵਾਈਆਂ ਸ਼ੁਰੂ ਹੋ ਗਈਆਂ। ਹਰ ਹਫਤੇ ਡੈਕਸਾਮੈਥਾਜੋਨ ਸਟੀਰਾਇਡ ਸ਼ੁਰੂ ਹੋ ਗਿਆ। ਹਰ ਹਫਤੇ ਟੀਕਾ, ਰੋਜ਼ਾਨਾ ਗੋਲੀ ਅਤੇ ਹਫਤਾਵਰੀ ਯਾਨੀ ਐਤਵਾਰ ਨੂੰ ਡੈਕਸਾ। ਵਾਪਿਸ ਆ ਕੇ ਰੁਟੀਨ ਵਿਚ ਜਦੋਂ ਖੂਨ ਦੀ ਜਾਂਚ ਕਰਾਈ ਤਾਂ ਫਿਰ ਦਿਲ ਨੂੰ ਧੂਹ ਪਾਉਣ ਵਾਲੀ ਖਬਰ ਮਿਲੀ। ਕੈਂਸਰ ਫਿਰ ਆ ਗਿਆ। ਦਿੱਲੀ ਏਮਜ਼ ਗਏ। ਮਾਮੂਲੀ ਵਾਧਾ ਹੋਣ ਕਰਕੇ ਡਾਕਟਰਾਂ ਪਹਿਲਾ ਇਲਾਜ ਜਾਰੀ ਰੱਖਿਆ, ਕੋਈ ਨਵਾਂ ਇਲਾਜ ਸ਼ੁਰੂ ਨਹੀਂ ਕੀਤਾ। ਅਗਸਤ 2012 ਤੱਕ ਕੈਂਸਰ ਇੰਨਾ ਵਧ ਗਿਆ ਕਿ ਫਿਰ ਤੋਂ ਪੂਰਾ ਤੇ ਭਾਰੀ ਇਲਾਜ ਸ਼ੁਰੂ ਕਰਨਾ ਲਾਜ਼ਮੀ ਹੋ ਗਿਆ। ਲਿਹਾਜ਼ਾ ਮੇਰਾ ਚੌਥੀ ਲਾਈਨ ਦਾ ਇਲਾਜ ਸ਼ੁਰੂ ਹੋ ਗਿਆ।
ਅਜੇ ਚਾਰ ਮਹੀਨੇ ਹੋਏ ਸਨ ਕਿ ਦਵਾਈਆਂ ਦੇ ਭਿਆਨਕ, ਅਸਰ ਨਾਲ ਸਾਰੇ ਸਰੀਰ ‘ਤੇ ਹਰਪੀਜ਼ ਜੋਸਟਰ ਬੀਮਾਰੀ ਨੇ ਚਮੜੀ ਨੂੰ ਆਣ ਘੇਰਿਆ। ਇੰਨੀ ਭਿਆਨਕ ਦਰਦ ਕਿ ਯਕਲਖਤ ਇਸ ਦਾ ਇਲਾਜ ਕਰਨ ਲਈ ਡਾਕਟਰਾਂ ਕੈਂਸਰ ਦੇ ਬਾਕੀ ਸਾਰੇ ਇਲਾਜ ਬੰਦ ਕਰ ਦਿਤੇ ਅਤੇ ਕੇਵਲ ਹਰਪੀਜ਼ ਜੋਸਟਰ ਦਾ ਇਲਾਜ 24 ਘੰਟੇ ਦੀ ਸਤਰਕੀ ਨਾਲ ਅਰੰਭ ਕਰ ਦਿੱਤਾ। ਆਮ ਹਾਲਾਤ ਵਿਚ ਇਸ ਦੀ ਡੋਜ਼ 400 ਮਿਲੀਗ੍ਰਾਮ ਹੁੰਦੀ ਲੇਕਿਨ ਮੈਨੂੰ 800 ਮਿਲੀਗ੍ਰਾਮ ਦੀ ਡੋਜ਼ ਹਰ 6 ਘੰਟੇ ਪਿਛੋਂ ਖਾਣੀ ਪੈਂਦੀ। ਆਮ ਹਾਲਾਤ ਵਿਚ ਇੰਨੀ ਸਖਤ ਦਵਾਈ 4-5 ਦਿਨ ਖਾਣੀ ਹੁੰਦੀ ਸੀ। ਮੈਂ ਇਹ ਦਵਾਈ 7 ਦਿਨ ਖਾਧੀ ਤਾਂ ਕਿਤੇ ਜਾ ਕੇ ਕੰਟਰੋਲ ਹੋਇਆ। ਵਕਤੀ ਤੌਰ ‘ਤੇ ਬੀਮਾਰੀ ਰੁਕ ਗਈ, ਪਿਛੋਂ ਇਸ ਨੇ ਮੇਰੇ ਨਿਊੁਰੋ ਪ੍ਰਬੰਧ ਰਾਹੀਂ 6 ਮਹੀਨੇ ਤੱਕ ਨਿਊਰੋ ਦਰਦਾਂ ਕੀਤੀਆਂ। ਇਨ੍ਹਾਂ ਚਮੜੀ ਦੇ ਅੰਦਰ ਗਹਿਰਾਈ ਵਿਚ ਹੁੰਦੀਆਂ ਦਰਦਾਂ ਦਾ ਕੋਈ ਤੋੜ ਨਹੀਂ ਸੀ ਲੱਭਦਾ, ਅੰਤ ਨੂੰ ਡਾ. ਲਲਿਤ ਨੇ ਏਮਜ਼ ਤੋਂ ਟ੍ਰਿਪਟੋਮਰ ਨਾਂ ਦੀ ਦਵਾਈ ਦੱਸੀ, ਉਸ ਨੇ ਦਰਦਾਂ ‘ਤੇ ਕਾਬੂ ਪਾਇਆ ਲੇਕਿਨ ਨਸ਼ੱਈਆਂ ਵਾਂਗ ਝੂਮਣ ਲਾ ਦਿੱਤਾ। ਚੱਕਰ ਆਉਣ ਲੱਗੇ, ਮੈਂ ਉਸ ਦਵਾਈ ਜਾਰੀ ਨਾ ਰੱਖ ਸਕਿਆ।
2014 ਵਿਚ ਇਕ ਹੋਰ ਘਟਨਾ ਵਾਪਰੀ ਕਿ ਲਿਵਰ ਦੇ ਐਸ਼ ਜੀ. ਓ. ਟੀ. ਅਤੇ ਐਸ਼ ਜੀ. ਪੀ. ਟੀ. ਐਂਜਾਈਮ 38 ਤੇ 42 ਦੀ ਰੇਂਜ ਵਾਲੇ ਦੋਨੋਂ 1000 ਤੋਂ ਉਪਰ ਹੋ ਗਏ। ਆਮ ਹਾਲਾਤਾਂ ਵਿਚ ਡਾਕਟਰਾਂ ਨਾਲ ਰਾਬਤਾ ਮੁਸ਼ਕਿਲ ਹੁੰਦਾ ਸੀ ਲੇਕਿਨ ਖੁਸ਼ ਕਿਸਮਤੀ ਨਾਲ ਡਾਕਟਰ ਨਾਲ ਰਾਬਤਾ ਵੀ ਹੋ ਗਿਆ। ਹਾਲਾਂਕਿ ਡਾ. ਲਲਿਤ ਕੁਮਾਰ ਉਸ ਵਕਤ ਹੈਦਰਾਬਾਦ ਕਿਸੇ ਕਾਨਫਰੰਸ ਵਿਚ ਗਏ ਹੋਏ ਸਨ, ਉਨ੍ਹਾਂ ਸਬੱਬ ਨਾਲ ਮੇਰੀ ਸੰਜੀਦਾ ਮੇਲ ਚੈਕ ਕਰ ਲਈ ਤੇ ਉਸੇ ਵਕਤ ਮੋੜਵੀਂ ਮੇਲ ਕਰਕੇ ਕੈਂਸਰ ਦਾ ਸਾਰਾ ਇਲਾਜ ਬੰਦ ਕਰ ਦਿੱਤਾ। ਲਿਵਰ ਖਤਮ ਤੇ ਨਹੀਂ ਸੀ ਹੋਇਆ, ਲੇਕਿਨ ਖਤਮ ਹੋਣ ਵਰਗਾ ਹੋ ਗਿਆ ਸੀ। ਮੈਂ ਪੱਕਿਆ, ਤਲਿਆ ਭੋਜਨ ਬਿਲਕੁਲ ਬੰਦ ਕਰ ਦਿੱਤਾ। ਸਲਾਦ, ਨਾਰੀਅਲ ਪਾਣੀ, ਜੂਸ, ਫਲਾਂ ਦੇ ਨਾਲ ਨਾਲ ਭੂਮੀਆਮਲਾ ਦਾ ਕੌੜਾ ਜੂਸ ਅਤੇ ਐਂਡੋਗ੍ਰਾਫਿਸ ਪੈਨੀਕੁਲਾਟਾ ਕਾਲਮੇਘ ਦਾ ਅਤਿ ਕੌੜਾ ਜੂਸ ਦਿਨ ਵਿਚ 3 ਵਾਰ ਪੀਣਾ ਸ਼ੁਰੂ ਕਰ ਦਿੱਤਾ। ਤਿੰਨ ਹਫਤੇ ਦੇ ਕੁਦਰਤੀ ਇਲਾਜ ਪਿਛੋਂ ਮੇਰਾ ਲੀਵਰ ਸੌ ਫੀਸਦੀ ਨਾਰਮਲ ਹੋ ਗਿਆ। ਡਾਕਟਰ ਹੈਰਾਨ ਸਨ, ਲੇਕਿਨ ਇਹ ਸੱਚ ਸੀ ਕਿ ਲਿਵਰ ਬਿਲਕੁੱਲ ਠੀਕ ਠਾਕ ਸੀ ਤੇ ਫਿਰ ਤੋਂ ਕੈਂਸਰ ਦਾ ਪਹਿਲੇ ਵਾਲਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਇਕ ਮੁੱਠੀ ਚੁੱਕ ਲੈ ਦੂਜੀ ਤਿਆਰ: ਮਈ 2014 ਵਿਚ ਜਦੋਂ ਏਮਜ਼ ਡਾ. ਲਲਿਤ ਕੁਮਾਰ ਕੋਲ ਰੁਟੀਨ ਫਾਲੋਅੱਪ ਲਈ ਗਏ ਤਾਂ ਇਸ ਸੋਚ ਨਾਲ ਗਏ ਸਾਂ ਕਿ ਸਵੇਰੇ ਜਾਣਾ ਤੇ ਸ਼ਾਮ ਨੂੰ ਵਾਪਸ ਆ ਜਾਣਾ, ਵਾਧੂ ਪੈਸੇ ਤੇ ਕਪੜੇ ਦਾ ਕੋਈ ਇੰਤਜ਼ਾਮ ਨਹੀਂ ਸੀ ਕੀਤਾ। ਜਦੋਂ 12 ਵਜੇ ਡਾ. ਸਾਹਿਬ ਨੇ ਰਿਪੋਰਟ ਦੇਖ ਕੇ ਕਿਹਾ, ਤੁਸੀਂ ਦਾਖਿਲ ਹੋ ਜਾਓ, ਘਰ ਜਾਣ ਦੀ ਹਾਲਤ ਵਿਚ ਨਹੀਂ ਹੋ। ਮੈਂ ਕਿਹਾ ਕਿ ਸ਼ਾਮ ਦੀ ਟਿਕਟ ਬੁੱਕ ਹੈ ਜਲੰਧਰ ਦੀ। ਕਹਿੰਦੇ, ‘ਚਲੇ ਜਾਓ, ਵਾਪਿਸ ਨਹੀਂ ਆ ਸਕੋਗੇ।’ ਇਸ ਵਾਕ ਨੇ ਮੌਤ ਦੇ ਦਰਸ਼ਨ ਕਰਾ ਦਿੱਤੇ ਤੇ ਇਕ ਦਮ ਦਾਖਿਲ ਹੋਣ ਦੀ ਤਿਆਰੀ ਕੀਤੀ। ਡਾਕਟਰ ਕੋਲੋਂ ਸਲਿੱਪ ਲੈ ਕੇ ਦਾਖਲਾ ਫੀਸ ਜਮ੍ਹਾਂ ਕਰਵਾਈ ਜੋ 22,000 ਰੁਪਏ ਸੀ। ਕੈਂਸਰ ਵਾਰਡ ਵਿਚ ਕਮਰਾ ਮਿਲ ਗਿਆ। ਲੋੜੀਂਦਾ ਸਾਮਾਨ ਖਰੀਦਣ ਲਈ 4 ਘੰਟੇ ਦੀ ਏਮਜ਼ ਤੋਂ ਛੁੱਟੀ ਲਈ। ਕੋਲ 3452 ਰੁਪਏ ਹੀ ਬਚੇ ਸਨ। ਯਾਦ ਆਇਆ ਕਿ ਪਿਛੇ ਜਿਹੇ ਛੋਟੇ ਭਰਾ ਬਲਦੇਵ ਸਿੰਘ ਨੇ 1000 ਯੂਰੋ ਦਿੱਤੇ ਸਨ, ਜੋ ਮੇਰੇ ਪਰਸ ਦੇ ਕਿਸੇ ਨੁਕਰੇ ਲੱਗੇ ਪਏ ਸਨ। ਇਸ ਨੇ ਚਿਹਰਿਆਂ ‘ਤੇ ਰੌਣਕ ਲਿਆ ਦਿੱਤੀ। ਪੈਸੇ ਬਦਲੇ ਤਾਂ 82000 ਰੁਪਏ ਮਿਲ ਗਏ ਤੇ ਅਸੀਂ ਰਾਤ ਕੱਟਣ ਲਈ ਚੱਪਲਾਂ, ਕੱਪੜੇ, ਦਵਾਦਾਰੂ ਦਾ ਇੰਤਜ਼ਾਮ ਕਰ ਲਿਆ।
ਅਗਲੇ ਦਿਨ ਡਾਕਟਰਾਂ ਨੇ ਲਿਪੋਡੋਕਸ ਡਬਲ ਵਾਇਲ ਆਈ. ਵੀ. ਡ੍ਰਿਪ ਲਾ ਕੇ ਨਵੀਂ ਕੀਮੋ ਸ਼ੁਰੂ ਕੀਤੀ, ਜੋ ਵੱਧ ਅਸਰਦਾਰ ਸਮਝੀ ਜਾਂਦੀ ਸੀ। ਹਰ ਕੀਮੋ ਟੀਕਾ ਸਾਨੂੰ ਏਮਜ਼ ਦਾਖਿਲ ਹੋ ਕੇ ਹੀ ਡ੍ਰਿਪ ਨਾਲ ਲਵਾਉਣਾ ਪੈਣਾ ਸੀ। ਮਈ, ਜੂਨ, ਜੁਲਾਈ, ਅਗਸਤ ਅਤੇ ਸਤੰਬਰ ਹਰ ਮਹੀਨੇ ਵਾਰ ਵਾਰ ਦਾਖਿਲ ਹੋ ਕੇ ਟੀਕੇ ਲਗਵਾਏ। ਇਸ ਨਵੀਂ ਕੀਮੋਥੈਰੇਪੀ ਨਾਲ ਕੈਂਸਰ ਤੋਂ 80 ਫੀਸਦੀ ਰੀਮਿਸ਼ਨ ਮਿਲ ਗਈ ਸੀ। ਡਾਕਟਰ ਨੇ ਪੂਰੀ ਤਰ੍ਹਾਂ ਬੀਮਾਰੀ ਖਤਮ ਕਰਨ ਲਈ ਦੋ ਮਹੀਨੇ ਹੋਰ ਦਾਖਿਲ ਕਰ ਲਿਆ, ਲੇਕਿਨ ਅਗਲੇ ਦੋ ਟੀਕਿਆਂ ਨੇ ਅਸਰ ਨਾ ਕੀਤਾ ਤੇ ਘਟਦੀ ਘਟਦੀ ਬੀਮਾਰੀ 2 ਮਹੀਨਿਆਂ ਵਿਚ ਫਿਰ ਤੋਂ ਵਧ ਗਈ। ਡਾਕਟਰ ਕਹਿੰਦਾ ਕਿ ਅਗਰ ਇਹ ਕਾਮਯਾਬ ਹੋ ਜਾਂਦੀ ਤਾਂ ਦੁਬਾਰਾ ਬੋਨਮੈਰੋ ਟਰਾਂਸਪਲਾਂਟ ਹੋ ਸਕਦਾ ਸੀ। ਕੋਈ ਚਾਰਾ ਨਾ ਦੇਖਦਿਆਂ ਦਸੰਬਰ 2014 ਤੋਂ ਫਿਰ ਲਿਨੋਲੀਡੋਮਾਇਡ 5 ਮਿਲੀਗ੍ਰਾਮ ਹਰ ਰੋਜ਼, ਡੈਕਸਾ 8 ਮਿਲੀਗ੍ਰਾਮ ਹਫਤੇ ਬਾਅਦ ਲੈਣੀ ਪੈਂਦੀ ਸੀ ਤੇ ਹੋਰ ਰੋਜੂਵਾਸ, ਸ਼ੈਲਕਲ, ਜੈਵਿਟ, ਐਸੀ ਕਲੋਵੀਰ, ਐਂਟੀਵਾਇਰਲ, ਸੈਪਟ੍ਰਾਨ ਡੀ ਐਸ, ਕਲੇਰੀਥੋਮੀਸਾਇਮ ਐਂਟੀਬਾਇਓਟਿਕ ਤੇ ਹੋਰ ਕਈ ਦਵਾਈਆਂ ਚੱਲ ਰਹੀਆਂ ਸਨ। 2007 ਤੋਂ ਅੱਜ ਤੱਕ ਕਦੀ ਐਂਟੀਵਾਇਰਲ ਤੇ ਐਂਟੀਬਾਇਓਟਿਕ ਬੰਦ ਨਹੀਂ ਹੋਈਆਂ। ਇਕ ਐਂਟੀਵਾਇਰਸ ਤੇ ਦੋ ਐਂਟੀਬਾਇਓਟਿਕ ਨਿਰੰਤਰ ਚਲਦੀਆਂ ਹੀ ਰਹੀਆਂ। ਮੈਂ ਕਦੀ ਹੌਂਸਲਾ ਨਹੀਂ ਹਾਰਿਆ, ਸੀ ਤੱਕ ਨਾ ਕੀਤੀ। ਕੁਝ ਕੁਦਰਤੀ ਚੀਜ਼ਾਂ ਦਾ ਸੇਵਨ ਜਾਰੀ ਰੱਖਿਆ ਜਿਵੇਂ ਕਣਕ ਦੇ ਗਵਾਰਿਆਂ ਦਾ ਜੂਸ, ਕਦੇ-ਕਦਾਈ ਗੋਮੂਤਰ, ਗਿਲੋ ਦਾ ਜੂਸ, ਐਲੋਵੀਰਾ ਦਾ ਜੂਸ, ਤੁਲਸੀ ਦੇ ਪੱਤੇ। ਹਰ ਹਫਤੇ ਦੂਰਦਰਸ਼ਨ ‘ਜ਼ਿੰਦਗੀ ਅਨਮੋਲ’ ਪ੍ਰੋਗਰਾਮ ਵਿਚ, ਮੰਗਲਵਾਰ ਸਵੇਰੇ ‘ਨਾਲੇ ਗੱਲਾਂ ਨਾਲੇ ਗੀਤ’ ਪ੍ਰੋਗਰਾਮ ਵਿਚ ਸ਼ਾਮਿਲ ਹੁੰਦਾ। ਇਸੇ ਤਰ੍ਹਾਂ ਅਕਾਸ਼ਵਾਣੀ ਦੇ ‘ਦੇਸ਼ ਪੰਜਾਬ’ ਪ੍ਰੋਗਰਾਮ ਦਾ ਇਕ ਸਲਾਟ ਮਹੀਨੇ ‘ਚ 6 ਦਿਨ ਕਰਦਾ ਰਿਹਾ।
ਕੈਂਸਰ ਦੀ ਹੱਦ ਤੇ ਸਬਰ ਦਾ ਪਿਆਲਾ: ਕੈਂਸਰ ਦੇ ਸਮੇਂ ਵਿਚ ਭਿਆਨਕ ਤੋਂ ਭਿਆਨਕ ਇਲਾਜ ਚਲਦਾ ਰਿਹਾ। ਮੈਂ ਕੋਸ਼ਿਸ਼ ਕੀਤੀ ਕਿ ਸਬਰ ਨਾਲ ਝੱਲਾਂ। ਦਰਦ ਅੰਦਰ ਹੀ ਜੀਰੇ, ਕਦੇ ਹਾਏ ਨਾ ਕੀਤੀ। ਬੋਨ ਮੈਰੋ ਬਾਇਓਪਸੀ, ਐਮ. ਆਰ. ਆਈ., ਪੈਟ ਸਕੈਨ, ਸੌਮਾ ਟੈਸਟ, ਸੀਟੀ ਸਕੈਨ, ਬੋਨ ਸਕੈਨ, ਡੈਕਸਾ ਸਕੈਨ, ਰੇਡੀਓ ਥੈਰੇਪੀ ਸਾਰੇ ਹੀ ਡਰਾਉਣੇ ਤੇ ਖੌਫਨਾਕ ਹੁੰਦੇ ਹਨ ਲੇਕਿਨ ਮੈਂ ਇਨ੍ਹਾਂ ਸਾਰੇ ਟੈਸਟਾਂ-ਜਾਂਚਾਂ ਵਿਚ ਬੜੇ ਸਬਰ ਨਾਲ ਟਿਕਿਆ ਰਿਹਾ। ਕੈਂਸਰ ਨੇ ਕਿਤੇ ਰੁਕਣ ਦਾ ਨਾਂ ਹੀ ਨਾ ਲਿਆ। 2015 ਵਿਚ ਫਿਰ ਐਸਾ ਦਿਨ ਚੜ੍ਹਿਆ ਕਿ ਦਰਦਾਂ ਵਧੀ ਜਾਣ ਅਤੇ ਰੁਕਣ ਦਾ ਨਾਂ ਹੀ ਨਾ ਲੈਣ। ਮੇਦਾਂਤਾ ਮੈਡੀਸਿਟੀ ਗੁੜਗਾਓਂ ਡਾ. ਟੀ. ਕਟਾਰੀਆ ਨਾਲ ਗੱਲ ਕੀਤੀ, ਉਸ ਨੇ ਫਿਰ ਤੋਂ ਐਮ. ਆਰ. ਆਈ. ਕੀਤੀ, ਡੈਕਸਾ ਸਕੈਨ ਕੀਤੀ। ਪਤਾ ਲੱਗਾ ਕਿ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਵਧੀ ਹੋਈ ਹੈ। ਮਈ 2015 ਵਿਚ ਫਿਰ ਤੋਂ ਹਸਪਤਾਲ ਦਾਖਲ ਹੋ ਗਿਆ। ਤਿੰਨ ਦਿਨ ਲਗਾਤਾਰ ਰੇਡੀਓਥੈਰੇਪੀ ਹੋਈ। ਕੁਝ ਹਫਤੇ ਬਾਅਦ ਦਰਦਾਂ ਨੂੰ ਕੁਝ ਰਾਹਤ ਮਿਲੀ। ਅਗਸਤ 2012 ਵਿਚ ਸ਼ੁਰੂ ਹੋਈ ਕੀਮੋਥੈਰੇਪੀ ਵਿਚ ਕੋਈ ਰਾਹਤ ਨਾ ਮਿਲੀ।
ਗੱਲ 2014 ਦੀ ਹੈ, ਐਂਮਰਜੈਂਸੀ ਵਿਚ ਏਮਜ਼ ਵਿਚ ਦਾਖਲ ਹੁੰਦਿਆਂ ਅਪੁਆਇੰਟਮੈਂਟ ਵੀ ਮਿਲ ਗਈ। ਕਮਜ਼ੋਰੀ ਬਹੁਤ ਆਈ ਹੋਈ ਸੀ। ਐਮ. ਆਰ. ਆਈ. ਕੇਂਦਰ ‘ਤੇ ਟਾਈਮ ਵਧੇਰੇ ਲੱਗ ਰਿਹਾ ਸੀ। ਉਸ ਮੌਕੇ ਮੈਨੂੰ ਟਾਇਲਟ ਜਾਣਾ ਪਿਆ। ਟਾਇਲਟ ਭਾਰਤੀ ਸਟਾਈਲ ਦੀ ਸੀ ਤੇ ਦਰਵਾਜੇ ਦੀ ਕੁੰਡੀ ਉਪਰਲੇ ਪਾਸੇ ਸੀ। ਮੈਂ ਕੁੰਡੀ ਬੰਦ ਕਰਕੇ ਪੈਰਾਂ ਭਾਰ ਬੈਠ ਤਾਂ ਗਿਆ ਪ੍ਰੰਤੂ ਕੁੰਡੀ ਉਪਰੋਂ ਬੰਦ, ਮੇਰੇ ਕੋਲੋਂ ਉਠਿਆ ਨਾ ਜਾਵੇ। ਬੜਾ ਸੰਘਰਸ਼ ਕੀਤਾ ਉਠਣ ਵਾਸਤੇ। ਕਿਸੇ ਤਰ੍ਹਾਂ ਉਠਿਆ ਤੇ ਕੁੰਡੀ ਖੋਲ੍ਹੀ।
ਸਤੰਬਰ 2016 ਵਿਚ ਫਿਰ ਤੋਂ ਦਰਦਾਂ ਦੇ ਪਹਾੜ ਟੁੱਟ ਪਏ ਪਰ ਪਤਾ ਨਾ ਲੱਗੇ ਕਿ ਕਾਰਨ ਕੀ ਹੈ। ਫਿਰ ਪੇਨ ਮੈਨੇਜਮੈਂਟ ਵਿਭਾਗ ਏਮਜ਼ ਪਹੁੰਚੇ। ਡਾ. ਸ਼ੁਸ਼ਮਾ ਭਟਨਾਗਰ ਬੜੇ ਪਿਆਰ ਨਾਲ ਪੇਸ਼ ਆਈ। ਪਤਾ ਲੱਗਾ, ਸੱਜੇ ਪਾਸੇ ਪਿੱਛੇ ਵੱਖੀ ਦੀ 10 ਨੰਬਰ ਪੱਸਲੀ ਟੁੱਟੀ ਹੋਈ ਹੈ। ਦਰਦ ਰੋਕਣ ਦੇ ਦੋ ਰਸਤੇ ਹਨ। ਇਕ ਪੇਨ ਬਲਾਕ ਟੀਕਾ ਅਤੇ ਦੂਸਰਾ ਰੇਡੀਓਥੈਰੇਪੀ। ਡਾਕਟਰ ਨੇ ਰੇਡੀਓਥੈਰੇਪੀ ਨੂੰ ਜ਼ਿਆਦਾ ਕਾਰਗਰ ਦੱਸਿਆ। ਫਿਰ ਏਮਜ਼ ਤੋਂ ਡਿਸਚਾਰਜ ਸਲਿੱਪ ਲੈ ਕੇ ਮੇਦਾਂਤਾ ਮੈਡੀਸਿਟੀ ਡਾ. ਕਟਾਰੀਆ ਕੋਲ ਪਹੁੰਚੇ। ਉਨ੍ਹਾਂ ਤਿੰਨ ਫਰੈਕਸ਼ਨ ਰੇਡੀਓਥੈਰੇਪੀ ਦੀਆਂ ਦੇ ਦਿੱਤੀਆਂ। ਵਾਪਿਸ ਜਲੰਧਰ ਆ ਗਏ। ਸੋਚਿਆ ਸੀ, ਦਰਦਾਂ ਰੁਕ ਜਾਣਗੀਆਂ ਪਰ ਕਿਥੇ! ਬਸ ਦਰਦ ਨਿਵਾਰਕ ਗੋਲੀਆਂ ਨਾਲ ਹੀ ਗੁਜ਼ਾਰਾ ਕਰਕੇ ਡੰਗ ਟਪਾਉਂਦਾ ਰਿਹਾ।
ਜਦੋਂ 25 ਜਨਵਰੀ 2017 ਨੂੰ ਪਟੇਲ ਹਸਪਤਾਲ ਤੋਂ ਪੈਟ ਸਕੈਨ ਅਤੇ ਐਮ. ਆਰ. ਆਈ. ਕਰਾਈ ਤਾਂ ਉਨ੍ਹਾਂ 2 ਮਣਕੇ ਰੀੜ੍ਹ ਦੀ ਹੱਡੀ ਦੇ ਟੁੱਟੇ ਹੋਣ ਦੀ ਸ਼ੱਕ ਪਾਈ। ਅਸੀਂ ਐਮਰਜੈਂਸੀ ਵਿਚ ਗੁੜਗਾਓਂ ਮੇਦਾਂਤਾਂ ਮੈਡੀਸਿਟੀ ਪਹੁੰਚੇ। 26 ਜਨਵਰੀ ਨੂੰ ਉਨ੍ਹਾਂ ਐਮਰਜੈਂਸੀ ਵਿਚ ਦਾਖਿਲ ਕਰਕੇ ਐਮ. ਆਰ. ਆਈ. ਮੁੜ ਤੋਂ ਕਰਾਈ ਅਤੇ ਸਾਰੀ ਸਪਾਈਨ ਦੀ ਸੀ. ਟੀ. ਸਕੈਨ ਕਰਾਈ। ਆਰਥੋ ਡਾਕਟਰ ਨੇ ਰਿਪੋਰਟਾਂ ਦੇਖੀਆਂ ਤੇ ਕਿਹਾ, ਰੀੜ੍ਹ ਦੀ ਹੱਡੀ ਦੇ ਹੁਣ ਟੁੱਟੇ ਮਣਕੇ ਦਾ ਇਕ ਪ੍ਰੋਸੀਜਰ ਟਰਾਇਲ ਬੇਸ ‘ਤੇ ਹੋ ਸਕਦਾ ਹੈ ਕਿ ਕਾਈਫੋਪਲਾਸਟੀ ਕਰਕੇ ਬਲੂਨਿੰਗ ਕਰ ਦਿੱਤੀ ਜਾਵੇ। ਪੱਕ ਨਹੀਂ ਕਿ ਦਰਦ ਰੋਕੇਗੀ। ਮੈਂ ਸੋਚਿਆ ਕਿ ਡੇਢ ਲੱਖ ਰੁਪਏ ਸਪਾਈਨ ਦਾ ਆਪਰੇਸ਼ਨ ਉਤੇ, ਫਿਰ ਵੀ ਇਲਾਜ ਨਾ ਹੋਵੇ? ਖਰਚ ਬਚਾ ਕੇ ਵਾਪਿਸ ਆਉਣਾ ਹੀ ਬਿਹਤਰ ਸਮਝਿਆ। ਹਸਪਤਾਲ ਤੋਂ ਡਿਸਚਾਰਜ ਕਰਨ ਲੱਗਿਆਂ ਡਾਕਟਰ ਨੇ ਹਦਾਇਤ ਕੀਤੀ ਕਿ ਰੀੜ੍ਹ ਦੀ ਹੱਡੀ ਦੀ ਐਸੀ ਹਾਲਤ ਵਿਚ ਮੇਂਦਾਤਾ ਗੁੜਗਾਓਂ ਤੋਂ ਜਲੰਧਰ ਐਂਬੂਲੈਂਸ ਵਿਚ ਜਾਣਾ ਚਾਹੀਦਾ ਹੈ। 50,000 ਰੁਪਏ ਐਂਬੂਲੈਂਸ ‘ਤੇ ਭਰਨ ਦੀ ਥਾਂ ਟ੍ਰੇਨ ‘ਤੇ ਹੀ ਵਾਪਸ ਘਰ ਪਹੁੰਚ ਗਏ।
28 ਤਾਰੀਕ ਨੂੰ ਪਟੇਲ ਹਸਪਤਾਲ ਤੋਂ ਡਾ. ਰਾਧਾ ਰਮਨ ਸੱਗੜ ਬੋਨ ਕੈਂਸਰ ਮਾਹਿਰ ਤੇ ਫਿਰ ਡਾ. ਐਸ਼ ਐਸ਼ ਢੀਂਗਰਾ ਡੀ. ਐਮ. ਸੀ. ਨੂੰ ਬੁਲਾਇਆ, ਕੁਝ ਵੀ ਹੱਥ ਪੱਲੇ ਨਾ ਪਿਆ। ਫਿਰ ਉਨ੍ਹਾਂ ਪਟੇਲ ਹਸਪਤਾਲ ਦੇ ਰੇਡੀਓਲੌਜੀ ਵਿਭਾਗ ਵਿਚ ਬੁਲਾਇਆ। ਉਥੇ ਰੇਡੀਓਲੌਜਿਸਟ ਨੇ ਮੇਰੀਆਂ 2006 ਤੋਂ ਹੁਣ ਤੱਕ ਦੀਆਂ ਸਾਰੀਆਂ ਰਿਪੋਰਟਾਂ ਦੇਖਣ ਨੂੰ ਤਿੰਨ ਦਿਨ ਲਾਏ ਤੇ ਦੱਸਿਆ ਕਿ ਜਿੰਨੀ ਰੇਡੀਓਥੈਰੇਪੀ ਦੀ ਡੋਜ਼ ਮੈਨੂੰ ਦਿੱਤੀ ਜਾਣੀ ਚਾਹੀਦੀ ਸੀ, ਦਿੱਤੀ ਜਾ ਚੁੱਕੀ ਹੈ। ਹੋਰ ਰੇਡੀਓਥੈਰੇਪੀ ਨਹੀਂ ਹੋ ਸਕਦੀ। ਜੇ ਤੁਸੀਂ ਜ਼ੋਰ ਪਾਓ ਤਾਂ ਮੈਂ ਹਲਕੀਆਂ ਬਿਜਲਈ ਝਟਕੀਆਂ 20 ਫਰੈਕਸ਼ਨਜ ਵਿਚ ਲਾ ਸਕਦੀ ਹਾਂ, ਪਰ ਸੁਧਾਰ ਦੀ ਗਰੰਟੀ ਨਹੀਂ ਦੇ ਸਕਦੀ। ਇਹ ਵੀ ਇਕ ਤਰ੍ਹਾਂ ਨਾਲ ਨਾਂਹ ਹੀ ਸੀ।
ਫਿਰ ਘਰ ਆ ਗਏ। ਖੁਦ ਨੂੰ ਬੈਡ ‘ਤੇ ਪੂਰੀ ਤਰ੍ਹਾਂ ਸਥਾਈ ਕਰ ਲਿਆ। ਦਵਾ-ਦਾਰੂ ਤਾਂ ਕੀਤਾ ਹੀ, ਨਾਲ ਰੀੜ੍ਹ ਦੀ ਹੱਡੀ ਨੂੰ ਡਾਇਰੈਕਸ਼ਨ ਦੇਣੀ ਸ਼ੁਰੂ ਕੀਤੀ ਕਿ ਮੈਨੂੰ ਤੇਰੀ ਲੋੜ ਹੈ, ਤੈਨੂੰ ਠੀਕ ਹੋਣਾ ਹੀ ਪਵੇਗਾ। 29 ਜਨਵਰੀ ਨੂੰ ਸਥਾਈ ਕਰਕੇ 22 ਫਰਵਰੀ ਨੂੰ ਮੈਂ ਉਠ ਖੜ੍ਹਾ ਹੋਇਆ। 24 ਫਰਵਰੀ 2017 ਨੂੰ ਕਾਲਜ ਜਾ ਕੇ ਆਪਣੀ ਡਾਕਟਰੀ ਛੁੱਟੀ ਕੈਂਸਲ ਕਰਾ ਕੇ ਕੰਮ ਸ਼ੁਰੂ ਕਰ ਦਿੱਤਾ।
ਉਦੋਂ ਤੋਂ ਬਾਕਾਇਦਾ ਕੰਮ ਕਰ ਰਿਹਾ ਹਾਂ। ਕਾਲਜ ਵਿਚ ਪੂਰੀ ਡਿਊਟੀ ਕਰਦਾ ਹਾਂ, ਘਰ ਪਰਿਵਾਰ ਦੇਖਦਾ ਹਾਂ, ‘ਪਹਿਲ’ ਦੇ ਸਾਰੇ ਪ੍ਰਾਜੈਕਟਾਂ ਦੀ ਨਜ਼ਰਸਾਨੀ ਕਰਦਾ ਹਾਂ, ਦੂਰਦਰਸ਼ਨ, ਰੇਡੀਓ ਦੀਆਂ ਡਿਊਟੀਆਂ ਕਰਦਾ ਹਾਂ, ਬਾਹਰ ਲੈਕਚਰ ਦੇਣ ਜਾਂਦਾ ਹਾਂ, ਖੂਨਦਾਨ ਕੈਂਪ ਲਾਉਂਦਾ ਹਾਂ-ਕੋਈ ਕੰਮ ਮੈਂ ਨਹੀਂ ਛੱਡਿਆ। ਹਾਲ ਇਹ ਹੈ ਕਿ 2012 ਅਗਸਤ ਤੋਂ ਨਿਰੰਤਰ ਕੀਮੋਥੈਰੇਪੀ ਚਲਦੀ ਆ ਰਹੀ ਹੈ। 27 ਜਨਵਰੀ 2017 ਨੂੰ ਸਾਰੇ ਪਾਸਿਓਂ ਰੀੜ੍ਹ ਦੀ ਹੱਡੀ ਦੇ ਮੁੜ ਠੀਕ ਹੋਣ ਤੋਂ ਜੁਆਬ ਲੈ ਕੇ 24 ਫਰਵਰੀ ਨੂੰ ਫਿਰ ਤੋਂ ਸਾਰਾ ਕਾਰਜ ਭਾਰ ਸੰਭਾਲ ਲਿਆ।
ਬੰਦੇ ਵਿਚ ਅਥਾਹ ਸਮਰੱਥਾ ਹੈ। ਹਾਂ! ਤਨ ਸ਼ਕਤੀ ਨੂੰ ਮਨੋ ਸ਼ਕਤੀ ਵਿਚ ਬਦਲਣ ਦੀ ਲੋੜ ਹੈ। ਲੋੜ ਹੈ, ਦੁੱਖ-ਕਸ਼ਟ ਨੂੰ ਸਮਝਣ ਤੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਪਰ ਉਠਣ ਦੀ। ਜਦੋਂ ਅਸੀਂ ਆਪਣੇ ਦੁੱਖ ਵਿਚ ਗਹਿਰਾ ਖੁੱਭ ਜਾਂਦੇ ਹਾਂ ਤਾਂ ਦੁੱਖ ਹੋਰ ਵੱਧ ਜਾਂਦਾ ਹੈ, ਲੇਕਿਨ ਜਦੋਂ ਬਾਹਰ ਨਿਕਲਣ ਦੀ ਹਿੰਮਤ ਕਰਦੇ ਹਾਂ ਤਾਂ ਘਟ ਜਾਂਦਾ ਹੈ। ਕਿਸੇ ਵੀ ਛੋਟੇ-ਵੱਡੇ ਦੁੱਖ ਦੌਰਾਨ ਸਬਰ, ਸੰਤੋਖ ਤੇ ਹਿੰਮਤ ਤੋਂ ਕੰਮ ਲੈਂਦਿਆਂ ਵੱਡੀ ਤੋਂ ਵੱਡੀ ਮੁਸੀਬਤ ਵਿਚੋਂ ਬਾਹਰ ਨਿਕਲਿਆ ਜਾ ਸਕਦਾ ਹੈ।
(ਸਮਾਪਤ)