ਰੁੱਖ ਤੇ ਕੁੱਖ

ਕਿਰਪਾਲ ਕੌਰ
ਫੋਨ: 815-356-9535
ਅੱਜ ਮਨ ਕੁਝ ਲਿਖਣਾ ਚਾਹ ਰਿਹਾ ਸੀ। ਕੀ ਲਿਖਾਂ? ਸੁੱਝ ਨਹੀਂ ਸੀ ਰਿਹਾ। ਸ਼ਾਂਤ ਮਨ ਵਿਚ ਇਸ ਤਰ੍ਹਾਂ ਭਵਰ ਪੈ ਰਹੇ ਸਨ ਜਿਵੇਂ ਖੜ੍ਹੇ ਪਾਣੀ ਵਿਚ ਕੋਈ ਰੋੜਾ ਮਾਰੇ ਤਾਂ ਉਸ ਵਿਚ ਇਕ ਤੋਂ ਪਿਛੋਂ ਦੂਸਰਾ, ਤੀਸਰਾ, ਪਾਣੀ ‘ਤੇ ਚੱਕਰ ਬਣੀ ਜਾਂਦੇ ਹਨ।

ਦਿਲ ਅੰਦਰ ਵਸੇ ਪੁਰਾਣੀਆਂ ਯਾਦਾਂ ਦੇ ਸਮੁੰਦਰ ਉਤੇ ਜਵਾਰਭਾਟੇ ਦੇ ਆਸਾਰ ਨਜ਼ਰ ਆ ਰਹੇ ਸਨ। ਮੈਂ ਕੁਰਸੀ ‘ਤੇ ਬੈਠ ਗਈ। ਆਪਣਾ ਸਿਰ ਦੋਹਾਂ ਹੱਥਾਂ ਵਿਚ ਫੜ੍ਹ ਲਿਆ। ਸਿਰ ਕੀ ਫੜ੍ਹਿਆ, ਮੈਨੂੰ ਤੇ ਜਾਦੂ ਦੀ ਕੋਈ ਛੜੀ ਛੋਹ ਗਈ। ਜਿਵੇਂ ਕਿਸੇ ਨੇ ਪਿੰਜਰੇ ਦਾ ਦਰਵਾਜਾ ਖੋਲ੍ਹ ਦਿਤਾ ਤੇ ਪੰਛੀ ਆਜ਼ਾਦ ਹੋ ਗਿਆ।
ਮੈਂ ਸੱਤਾਂ ਅੱਠਾਂ ਸਾਲਾਂ ਦੀ ਬਾਲੜੀ ਸਾਂ ਤੇ ਆਪਣੇ ਖੂਹ ‘ਤੇ ਖੇਡ ਰਹੀ ਸਾਂ। ਮੇਰੀ ਭੂਆ ਚੁਲ੍ਹੇ ਦੀ ਮੌਣ ‘ਤੇ ਬੈਠੀ ਕਪੜੇ ਧੋ ਰਹੀ ਸੀ। ਮੈਂ ਭੂਆ ਨੂੰ ਆਸ ਪਾਸ ਦੀਆਂ ਤਾਜ਼ਾ ਖਬਰਾਂ ਦਾ ਸਿੱਧਾ ਪ੍ਰਸਾਰਣ ਕਰ ਰਹੀ ਸਾਂ। ਭੂਆ ਜੀ, “ਹਾਂ ਦਸ।” ਭੂਆ ਦੀ ਥਾਪੀ ਭੀ ਚਲਦੀ ਤੇ ਨਾਲ ਉਚੀ ਆਵਾਜ਼ ਵਿਚ ਮੈਨੂੰ ਬੋਲਣ ਨੂੰ ਕਹਿੰਦੀ। ਭੂਆ ਜੀ ਬਿਜੜੇ ਦੇ ਅੱਠ ਆਹਲਣੇ ਹਨ। ਲਾਲ ਬੇਰਾਂ ਵਾਲੀ ਬੇਰੀ ਨਾਲ।
ਭੂਆ ਫਿਰ ਜਵਾਬ ਦੇ ਦਿੰਦੀ, “ਛੇੜੀਂ ਨਾ।”
“ਭੂਆ ਜੀ, ਮੈਂ ਕਦੇ ਨਹੀਂ ਛੇੜਦੀ ਹੁੰਦੀ, ਕੀ ਪਤਾ ਤੂਤ ‘ਤੇ ਚਿੜੀ ਨੇ ਆਲ੍ਹਣੇ ਵਿਚ ਆਂਡੇ ਦਿਤੇ ਹੋਣ!”
“ਨੱਥੂ ਦੌੜ ਪਾਣੀ ਟੁੱਟ ਗਿਆ”, ਮੈਂ ਕਾਮੇ ਨੂੰ ਆਵਾਜ਼ ਦਿੱਤੀ। ਜਦ ਉਹ ਦੌੜ ਕੇ ਆਇਆ। ਮੈਂ ਉਚੀ ਉਚੀ ਹੱਸ ਪਈ। ਪਾਣੀ ਕਿਤੋਂ ਨਹੀਂ ਸੀ ਟੁੱਟਾ। ਆੜ ਵਿਚ ਚਲ ਰਿਹਾ ਸੀ।
ਮੇਰੇ ਕੰਨੀਂ ਬਾਬੇ ਦੇ ਖੂਹ ਵਲੋਂ ਬੋਲ ਬੁਗਲੇ ਦੀ ਧੁਨ ਪਈ। ਖੂਹ ਵਾਲੇ ਬਾਬੇ ਅਤੇ ਉਸ ਦੇ ਪੋਤੇ ਦਾ ਅਕਸਰ ਝਗੜਾ ਚਲਦਾ ਹੀ ਰਹਿੰਦਾ ਸੀ।
ਖੂਹ ਦੇ ਮੁੱਢ ਵਿਚ ਇਕ ਬਹੁਤ ਪੁਰਾਣੀ ਟਾਹਲੀ ਸੀ। ਉਹ ਖੇਤ ‘ਤੇ ਖਾਲੀ ਹੀ ਰਹਿੰਦਾ। ਟਾਹਲੀ ਦੀ ਛਾਂਵੇਂ ਡੰਗਰ ਪਸੂ ਬੰਨ੍ਹਣ ਲਈ ਖੁਰਲੀਆਂ ਵੀ ਬਣਾ ਲਈਆਂ ਸਨ। ਟਾਹਲੀ ਦੀ ਛਾਂ ਨਾਲ ਖੇਤ ਵਿਚ ਭੀ ਪੈਂਦੀ, ਫਸਲ ਦਾ ਨੁਕਸਾਨ ਹੁੰਦਾ। ਬੂਟਾ ਕਦੇ ਕਹਿੰਦਾ, “ਮੈਂ ਟਾਹਲੀ ਵਢਾ ਦੇਣੀ ਹੈ।” ਬਾਬੇ ਤੋਂ ਇਹ ਗੱਲ ਸਹਾਰ ਨਹੀਂ ਸੀ ਹੁੰਦੀ। ਝਗੜਾ ਸ਼ੁਰੂ ਹੋ ਜਾਂਦਾ।
ਮੈਂ ਭੂਆ ਕੋਲ ਜਾ ਕੇ ਕਿਹਾ, “ਭੂਆ ਜੀ, ਮੈਂ ਬਾਬੇ ਦੇ ਖੂਹ ਨੂੰ ਚੱਲੀ।”
ਭੂਆ ਬੋਲੀ, “ਹੋਰ ਪਾਸੇ ਨਾ ਜਾਵੀਂ। ਮੇਰਾ ਕੰਮ ਖਤਮ ਹੈ। ਜਾਂਦੀ ਤੈਨੂੰ ਲੈ ਜਾਊਂ। ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਵੀਂ।” ਮੈਂ ਦੌੜ ਗਈ।
ਬਾਬਾ ਜੀ ਮੰਜੇ ‘ਤੇ ਬੈਠੇ ਸਨ। ਬੂਟਾ ਸਾਹਮਣੇ ਖੜ੍ਹਾ ਸੀ। ਉਚੀ ਬੋਲਿਆ, “ਦੋ ਫਲਾਹੀਆਂ ਦੀ ਛਾਂ ਡੰਗਰਾਂ ਲਈ ਤੇ ਦੋ ਮੰਜੇ ਡਾਹੁਣ ਲਈ ਥੋੜ੍ਹੀ ਤੇ ਨਹੀਂ।” ਇਸ ਪਾਸੇ ਖੁਰਲੀਆਂ ਬਣਵਾ ਕੇ, ਟਾਹਲੀ ਹੁਣ ਬੁੱਢੀ ਭੀ ਹੈ, ਵਢਾ ਦਿੰਦੇ ਹਾਂ। ਪੂਰਾ ਖੇਤ ਖੂਹ ਦੇ ਨਾਲ ਖਾਲੀ ਹੋ ਜਾਊ।”
ਬਾਬਾ ਆਪਣੇ ਸਿਰ ਦਾ ਪਰਨਾ ਘੁੱਟ ਕੇ ਬੰਨ੍ਹ ਬੋਲਿਆ, “ਕਾਕਾ ਚਾਰ ਖੇਤ ਆਪਣੇ ਅਗਾਂਹ ਵਾਲੀ ਜਮੀਨ ਵਿਚ ਖਾਲੀ ਪਏ ਹਨ। ਉਹ ਬੀਜ ਲੈ।”
“ਉਨ੍ਹਾਂ ਨੂੰ ਪਾਣੀ ਕਿਥੋਂ ਲਾਊਂ?” ਬੂਟਾ ਬੋਲਿਆ।
“ਬੂਟਿਆ! ਰੱਬ ‘ਤੇ ਭਰੋਸਾ ਰੱਖ। ਬਥੇਰੀ ਤੇਰੀ ਫਸਲ ਹੁੰਦੀ ਪਈ ਹੈ।” ਬਾਬੇ ਨੇ ਕਿਹਾ।
“ਕੈਲੇ ਦੇ ਕਿੰਨੇ ਖੇਤ ਸਨ ਕਣਕ ਦੇ?”
“ਛੇ ਖੇਤ।” ਬੂਟਾ ਬੋਲਿਆ।
“ਤੇਰੇ ਚਾਰ। ਕਣਕ ਕਿੰਨੀ ਕਿੰਨੀ ਹੋਣੀ ਸੀ?” ਬਾਬੇ ਨੇ ਪੁਛਿਆ।
“ਉਹ ਤਿੰਨ ਭਰਾ ਮਿਹਨਤ ਕਰਨ ਵਾਲੇ, ਮੈਂ ਇਕੱਲਾ। ਕਣਕ ਮੇਰੀ ਉਨ੍ਹਾਂ ਨਾਲੋਂ ਡੂਡੀ ਹੋਈ ਸੀ।”
“ਫਿਰ ਪਤਾ ਤੈਨੂੰ ਕਮੀ ਕੀ? ਰੱਬ ਨੇ ਤੇਰੇ ਖੇਤਾਂ ਵਿਚ ਬਰਕਤ ਪਾਈ ਹੈ।”
“ਬਾਬਾ ਜੀ, ਰੱਬ ਬਰਕਤ ਪਾਉਣ ਆਇਆ ਦਿਸ ਪਿਆ। ਇਹ ਨਹੀਂ ਦਿਸਦਾ ਇਹ ਬੂਟਾ ਰਾਤ ਦਿਨ ਖੇਤਾਂ ਵਿਚ ਗੱਡਿਆ ਰਹਿੰਦਾ ਹੈ।”
ਬਾਬੇ ਨੇ ਬੜੇ ਪਿਆਰ ਨਾਲ ਕਿਹਾ, “ਪਤਾ ਬਰਕਤ ਮਿਹਨਤ ਕਰਨ ਵਾਲਿਆਂ ਦੀ ਕਮਾਈ ਵਿਚ ਪੈਂਦੀ ਹੈ। ਸਾਰਾ ਪਿੰਡ ਤੇਰੇ ਗੁਣ ਗਾਉਂਦਾ ਹੈ। ਰੱਬ ਤੈਨੂੰ ਮਿਹਨਤ ਦਾ ਫਲ ਦਿੰਦਾ। ਕੋਈ ਕਮੀ ਨਹੀਂ।”
ਬੂਟਾ ਬਾਬੇ ਵਲੋਂ ਮੂੰਹ ਫੇਰ ਕੇ ਬੋਲਿਆ, “ਟਾਹਲੀ ਤੇ ਮੈਂ ਵਢਾ ਹੀ ਦੇਣੀ ਹੈ। ਪੂਰਾ ਖੇਤ ਮਾਰਿਆ ਪਿਆ।”
ਬਾਬਾ ਸੁਣ ਕੇ ਹੱਥ ਵਾਲਾ ਸੋਟਾ ਜ਼ੋਰ ਨਾਲ ਧਰਤੀ ‘ਤੇ ਮਾਰ ਕੇ ਬੋਲਿਆ, “ਟਾਹਲੀ ਨੂੰ ਆਰਾ ਲੱਗਣ ਤੋਂ ਪਹਿਲਾਂ ਵਜ਼ੀਰ ਸਿੰਘ ਦੀ ਗਰਦਣ ‘ਤੇ ਛੁਰਾ ਚੱਲੂਗਾ। ਟਾਹਲੀ ਦੀ ਛਾਂ ਵਿਚ ਮੇਰੇ ਬਜੁਰਗਾਂ ਦਾ ਪ੍ਰਤਾਪ ਉਨ੍ਹਾਂ ਦੀਆਂ ਸੀਸਾਂ ਤੇ ਮਾਂ, ਦਾਦੀਆਂ ਅਤੇ ਪੜਦਾਦੀਆਂ ਦਾ ਆਸ਼ੀਰਵਾਦ ਹੈ।”
ਬੂਟਾ ਮੁੜ ਗੁੱਸੇ ਨਾਲ ਭਰਿਆ ਬਾਬੇ ਦੇ ਸਾਹਮਣੇ ਆ ਕੇ ਉਚੀ ਆਵਾਜ਼ ਵਿਚ ਬੋਲਿਆ, “ਅਸੀਸਾਂ ਉਹ ਤੇ ਤੇਰੇ ਬਿਨਾ ਦੱਸਿਆਂ ਮੈਨੂੰ ਦਿਸਦੀਆਂ ਪਈਆਂ ਨੇ। ਕਿੰਨੀ ਸੋਹਣੀ ਅਸੀਸ, ਤੇਰਾ ਜਵਾਨ ਪੁੱਤਰ ਮਰ ਗਿਆ। ਮੈਨੂੰ ਭੀ ਲੱਗੀ ਆਸੀਸ ਜੰਮਣ ਤੋਂ ਪਹਿਲਾਂ ਪਿਉ ਮਰ ਗਿਆ, ਮੇਰੀ ਮਾਂ ਭੀ ਝੋਲੀ ਭਰੀ ਬੈਠੀ ਆ।” ਇਹ ਕਹਿ ਕੇ ਰੋਂਦਾ ਪਸੂਆਂ ਦੇ ਕੋਠੇ ਵਲ ਨੂੰ ਤੁਰ ਪਿਆ।
ਮੈਂ ਜਦ ਦੀ ਕੁੱਪ ਦੇ ਓਹਲੇ ਖੜ੍ਹੀ ਸੀ, ਉਚੀ ਉਚੀ ਰੋ ਪਈ। ਮੈਂ ਦੇਖਿਆ ਭੂਆ ਵੀ ਉਥੇ ਖੜ੍ਹੀ ਸੀ। ਬਾਬਾ ਜੀ ਤੇ ਧਾਹਾਂ ਮਾਰ ਕੇ ਰੋਣ ਲੱਗ ਪਏ। ਅੱਜ ਮੈਨੂੰ ਮੌਤ ਦੇ ਵੀ ਮਿਹਣੇ ਮਿਲਣ ਲੱਗ ਪਏ, “ਬੂਟਿਆ ਮੇਰੇ ਕਾਲਜੇ ਵਿਚ ਛੁਰੇ ਨਾ ਮਾਰ।”
ਭੂਆ ਆ ਕੇ ਬੋਲੀ, “ਚਾਚਾ ਕਮਜ਼ੋਰ ਨਾ ਬਣ।” ਚਾਚੇ ਦੇ ਗਲ ਦੁਆਲੇ ਬਾਂਹ ਪਾ ਕੇ ਬੋਲੀ, “ਮੈਂ ਸਮਝਾਉਂਦੀ ਆਂ ਇਸ ਕਮਲੇ ਨੂੰ। ਨਿਆਣਾ ਹੈ, ਅਜੇ ਮੱਤ ਨਹੀਂ।”
ਮੈਂ ਵੀ ਦੌੜ ਕੇ ਪਸੂਆਂ ਵਾਲੇ ਅੰਦਰ ਗਈ, ਬੂਟਾ ਉਚੀ ਉਚੀ ਰੋ ਰਿਹਾ ਸੀ। ਮੈਂ ਉਸ ਦੀਆਂ ਲੱਤਾਂ ਨੂੰ ਚਿੰਬੜ ਕੇ ਰੋਂਦੀ ਰੋਂਦੀ ਬੋਲੀ, “ਵੀਰਾ ਤੂੰ ਨਾ ਰੋ, ਆ ਜਾ ਬਾਹਰ।”
ਆਪਣੀਆਂ ਅੱਖਾਂ ਵਿਚੋਂ ਪਾਣੀ ਦੀਆਂ ਧਾਰਾ ਵਗੌਂਦਾ ਬੂਟਾ ਬੋਲਿਆ, “ਚਲ ਕਮਲੀ ਤੂੰ ਕਿਉਂ ਰੋਂਦੀ ਹੈ?”
ਆਪਣੇ ਕੁੜਤੇ ਨਾਲ ਅੱਖਾਂ ਪੂੰਝ ਕੇ ਮੇਰੀ ਉਂਗਲ ਫੜ੍ਹ ਬੂਟਾ ਬਾਹਰ ਆ ਗਿਆ। ਪਲ ਭਰ ਨੀਵੀਂ ਪਾਈ ਖੜ੍ਹਾ ਰਿਹਾ। ਨੀਵੀਂ ਪਾਈ ਮੰਜੇ ਕੋਲ ਗਿਆ। ਬਾਬੇ ਤੇ ਭੂਆ ਦੇ ਪੈਰਾਂ ‘ਤੇ ਸਿਰ ਰੱਖ ਕੇ, ਉਚੀ ਉਚੀ ਰੋਣ ਲੱਗ ਪਿਆ। ਭੂਆ ਨੇ ਉਸ ਦੇ ਸਿਰ ‘ਤੇ ਹੱਥ ਰੱਖ ਕੇ ਕਿਹਾ, “ਜੀਂਦਾ ਰਹੁ ਜੁਆਨੀ ਮਾਣ। ਕਿੰਨੇ ਵਿਚ ਹੋਇਆ ਸੌਦਾ ਟਾਹਲੀ ਵੱਢਣ ਦਾ?”
ਭੂਆ ਦਾ ਇਹ ਕਹਿਣਾ ਸੀ ਕਿ ਬੂਟਾ ਫੁੱਟ ਫੁੱਟ ਰੋਂਦਾ ਬੋਲਿਆ, “ਮੈਨੂੰ ਮੁਆਫ ਕਰ ਦਿਉਂ ਮੈਂ ਮੁੜ ਕੇ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਾਂਗਾ। ਗਲਤ ਬੋਲ ਗਿਆ, ਗਲਤੀ ਨਹੀਂ ਕਰੂੰਗਾ।”
ਉਸ ਨੇ ਬਾਬੇ ਦੇ ਪੈਰ ਫੜ੍ਹ ਲਏ। ਬਾਬਾ ਪੋਤਾ ਬਹੁਤ ਰੋਏ। ਭੂਆ ਨੇ ਕਿਹਾ, “ਕਾਕਾ ਪੈਰ ਛੱਡ ਕੇ ਬਾਬੇ ਦੇ ਗੱਲ ਲਗ। ਉਸ ਦੇ ਸੀਨੇ ਠੰਡ ਪਵੇ।” ਫਿਰ ਭੂਆ ਨੇ ਕਿਹਾ, “ਚਾਚਾ ਲਾ ਸੀਨੇ ਨਾਲ ਆਪਣੇ ਬੂਟੇ ਨੂੰ। ਕਿਸੇ ਨਹੀਂ ਵੱਢਣੀ ਵਢਾਉਣੀ ਟਾਹਲੀ।”
ਬੂਟੇ ਨੇ ਬਾਬੇ ਦੇ ਪਰਨੇ ਨਾਲ ਉਸ ਦੀਆਂ ਅੱਖਾਂ ਪੂੰਜੀਆਂ। ਹੱਥ ਜੋੜ ਕੇ ਮੁਆਫੀ ਮੰਗੀ।
“ਹਾਂ, ਪੁੱਤਰਾ ਬਾਬੇ ਨੇ ਮਾਫ ਕਰ ਦਿੱਤਾ। ਪਾਣੀ ਪਿਆ।” ਭੂਆ ਨੇ ਕਿਹਾ। ਬੂਟੇ ਨੇ ਕੋਲ ਪਈ ਗੜਵੀ ਵਿਚੋਂ ਪਾਣੀ ਪਿਆ ਕੇ, ਹੋਰ ਮੰਜਾ ਡਾਹ ਕੇ ਕਿਹਾ, “ਭੂਆ ਜੀ ਇਥੇ ਆਰਾਮ ਨਾਲ ਬੈਠੋ।”
ਮੈਨੂੰ ਵੀ ਮੰਜੇ ‘ਤੇ ਬਿਠਾ ਦਿੱਤਾ। ਮੈਂ ਮੰਜੇ ‘ਤੇ ਬੈਠ ਕੇ ਬੋਲੀ, “ਲੜਾਈ ਲੜਾਈ ਮੁਆਫ, ਝਗੜਾ ਸਾਰਾ ਸਾਫ।”
“ਲਓ, ਹੁਣ ਤੇ ਸਿਆਣੀ ਦਾਨੀ ਦਾ ਫੈਸਲਾ ਵੀ ਆ ਗਿਆ। ਸਭ ਠੀਕ ਹੈ। ਅਸੀਂ ਚਲਦੀਆਂ ਹੁਣ।” ਭੂਆ ਨੇ ਕਿਹਾ। ਮੈਨੂੰ ਵੀ ਇਸ਼ਾਰਾ ਕੀਤਾ। ਬਾਬਾ ਜੀ ਨੇ ਕਿਹਾ, “ਨਹੀਂ ਅਜੇ ਬਹੁ ਬੀਬੀ ਮੈਨੂੰ ਥੋੜਾ ਟਿਕਾ ਕਰ ਲੈਣ ਦੇ।” ਬੂਟੇ ਨੇ ਭੂਆ ਅੱਗੇ ਹੱਥ ਜੋੜ ਦਿੱਤੇ। ਭੂਆ ਬੈਠ ਗਈ। ਕੁਝ ਚਿਰ ਕੋਈ ਨਹੀਂ ਬੋਲਿਆ।
ਬਾਬਾ ਜੀ ਬੋਲੇ, “ਬੀਬੀ ਤੈਨੂੰ ਪਤਾ ਇਹ ਟਾਹਲੀ ਬਹੁਤ ਪੁਰਾਣੀ ਹੈ। ਇਹ ਟਾਹਲੀਆਂ ਵਾਲੇ ਖੂਹ ਦੀਆਂ ਟਾਹਲੀਆਂ ਨਾਲੋਂ ਵੀ ਪੁਰਾਣੀ ਹੈ। ਉਹ ਖੂਹ ਇਸ ਖੂਹ ਤੋਂ ਪਿਛੋਂ ਲੱਗਾ ਸੀ। ਮੇਰੇ ਤਿੰਨ ਬਾਬੇ ਸਨ। ਇਕ ਦੀ ਔਲਾਦ ਅਸੀਂ। ਤਿੰਨਾਂ ਵਿਚੋਂ ਦੋ ਛੜੇ ਸਨ। ਉਨ੍ਹਾਂ ਖੂਹ ਲੁਆਇਆ ਸੀ। ਤਿੰਨੇ ਬਜੁਰਗ ਸਨ। ਇਸ ਲਈ ਖੂਹ ਦਾ ਨਾਂ ਬਾਬਿਆਂ ਦਾ ਜਾਂ ਬਾਬੇ ਦਾ ਖੂਹ ਪੈ ਗਿਆ। ਟਾਹਲੀ ਛੋਟੀ ਜਿਹੀ ਖੂਹ ਲੱਗਣ ਤੋਂ ਪਹਿਲਾਂ ਇਥੇ ਸੀ। ਮੇਰੀ ਮਾਂ ਦਸਦੀ ਹੁੰਦੀ ਸੀ ਕਿ ਜਦ ਉਸ ਦਾ ਵਿਆਹ ਹੋਇਆ ਤਾਂ ਟਾਹਲੀ ਕੋਠੇ ਜਿੰਨੀ ਉਚੀ ਸੀ। ਮੇਰਾ ਬਾਪ ਇਸ ਟਾਹਲੀ ਹੇਠਾਂ ਪਲਿਆ। ਮੈਂ ਵੀ ਮੇਰਾ ਜੋਗਾ ਵੀ। ਬੂਟਾ ਵੀ ਇਸ ਦੀ ਛਾਂ ਹੇਠ ਵੱਡਾ ਹੋਇਆ। ਹੁਣ ਇਸ ਦੀ ਛਾਂ ਤੇ ਇਸ ਉਤੇ ਵਸਦੇ ਰੰਗ ਬਰੰਗੇ ਪੰਛੀਆਂ ਦੇ ਸਾਥ ਨੂੰ ਮਾਣ ਕੇ ਖੁਸ਼ ਹੁੰਦੇ ਹਨ, ਇਸ ਦੇ ਬੱਚੇ।” ਬਾਬਾ ਜੀ ਫਿਰ ਚੁੱਪ ਹੋ ਗਏ। ਥੋੜਾ ਆਰਾਮ ਕਰ ਕੇ ਬੋਲੇ, “ਬੀਬੀ ਇਸ ਟਾਹਲੀ ਉਪਰ ਪੂਰਾ ਨਗਰ ਵੱਸਿਆ ਹੋਇਆ ਹੈ। ਕਿੰਨੀਆਂ ਕਿਸਮਾਂ ਦੇ ਕਿੰਨੇ ਰੰਗਾਂ ਦੇ ਵੱਖ-ਵੱਖ ਬੋਲਾਂ ਵਾਲੇ ਪੰਛੀ ਰਹਿੰਦੇ ਹਨ। ਸਵੇਰੇ ਹੀ ਰੱਬ ਦੇ ਪਿਆਰੇ ਭਗਤਾਂ ਵਾਂਗ ਇਹ ਆਪਣਾ ਨਿਤਨੇਮ ਸ਼ੁਰੂ ਕਰ ਦਿੰਦੇ ਹਨ। ਕਈ ਤਾਂ ਬਹੁਤ ਸਵੇਰੇ ਹੀ ਰੱਬ ਨੂੰ ਪੁਕਾਰਦੇ ਹਨ। ਇਨ੍ਹਾਂ ਦੀ ਮਿੱਠੀ ਪਿਆਰੀ ਆਵਾਜ਼ ਮੇਰੇ ਮਨ ਨੂੰ ਧੂਹ ਪਾਉਂਦੀ ਹੈ। ਮੇਰਾ ਮਨ ਇਲਾਹੀ ਲੈਅ ਨਾਲ ਜੁੜ ਜਾਂਦਾ ਹੈ। ਮੈਂ ਮੰਜੇ ‘ਤੇ ਮਸਤ ਬੈਠਾ ਰਹਿੰਦਾ ਹਾਂ।”
ਬਾਬੇ ਨੇ ਆਪਣੀ ਗੱਲ ਜਾਰੀ ਰੱਖੀ, “ਸੰਝ ਵੇਲੇ ਜਿਵੇਂ ਇਹ ਸਾਰਾ ਪੰਛੀ ਇਕੋ ਸੁਰ ਲੈਅ ਵਿਚ ਉਸ ਅਗਮ ਅਗੋਚਰ ਸ਼ਕਤੀ ਦੀ ਆਰਤੀ ਕਰਦੇ ਹਨ, ਜਿਸ ਨੂੰ ਸੁਣ ਮੈਨੂੰ ਇੰਨਾ ਅਨੰਦ ਆਉਂਦਾ ਹੈ, ਮੈਂ ਸੱਚ ਕਹਾਂ ਐਨਾ ਮੈਨੂੰ ਗੁਰਦੁਆਰੇ ਵੀ ਨਹੀਂ ਆਉਂਦਾ।”
ਬੂਟਾ ਤਾਂ ਬੈਠਾ ਆਪਣੀਆਂ ਅੱਖਾਂ ਪੂਝੀ ਗਿਆ। ਮੈਂ ਕਹੀ ਗਈ, “ਵੀਰਾ ਚੁੱਪ ਕਰ।”
ਭੂਆ ਨੇ ਕਿਹਾ, “ਚਾਚਾ ਜੀ ਐਵੇਂ ਤਾਂ ਲੋਕ ਨਹੀਂ ਕਹਿੰਦੇ, ਪੰਛੀਆਂ ਦੀ ਚਹਿਚਹਾਟ ਰੱਬ ਦੀ ਬਾਣੀ ਹੁੰਦੀ ਹੈ।”
“ਹਾਂ ਬੀਬੀ।” ਬਾਬਾ ਜੀ ਜਿਵੇਂ ਕਿਸੇ ਡੂੰਘੇ ਵਿਚਾਰ ਵਿਚੋਂ ਨਿਕਲ ਕੇ ਆਏ ਹੋਣ, ਬੋਲੇ, “ਜਦ ਜੋਗਾ ਚਲਾ ਗਿਆ, ਕੀ ਹਾਲ ਸੀ ਸਾਡਾ? ਕੁਝ ਦਿਨਾਂ ਮਗਰੋਂ ਇਹ ਖਬਰ ਮਿਲੀ ਕਿ ਉਹ ਆਪਣੀ ਨਿਸ਼ਾਨੀ ਦਾ ਬੀਜ ਬੀਜ ਗਿਆ ਹੈ। ਲੋਕਾਂ ਸਾਨੂੰ ਦਿਲਾਸਾ ਦੇਣਾ ਸ਼ੁਰੂ ਕਰ ਕੀਤਾ। ਕੋਈ ਕਹਿੰਦਾ, ਲੈ ਪੰਜ ਮਹੀਨੇ ਬੀਤੇ ਗੁਰੂ ਨੇ ਤੁਹਾਡੇ ਬੁਝ ਚੁਕੇ ਦੀਵੇ ਜਲਾ ਦੇਣੇ। ਕੋਈ ਕਹਿੰਦਾ, ਗੁਰੂ ਮੁੜ ਤੁਹਾਡੇ ਘਰ ਰੌਣਕਾਂ ਲਾਵੇਗਾ। ਸਭ ਕੁਝ ਠੀਕ ਸੀ। ਕਹਿੰਦੇ ਹਨ, ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਪਰ ਸੱਟ ਬਹੁਤ ਵੱਡੀ ਖਾਧੀ ਸੀ। ਕਿਸੇ ਵੀ ਸਹਾਰੇ ਦੀ ਆਸ ਨਹੀਂ ਸੀ ਬੱਝਦੀ। ਮਨ ਡੋਲਦਾ ਸੀ। ਕਦੇ ਭਰੋਸਾ ਬਣਦਾ, ਕਦੇ ਟੁੱਟਦਾ।”
ਬਾਬਾ ਅੱਖਾਂ ‘ਚ ਹੰਝੂ ਭਰਦਾ ਬੋਲਿਆ, “ਇਕ ਦਿਨ ਮੈਂ ਮੰਜੇ ‘ਤੇ ਇਸੇ ਟਾਹਲੀ ਹੇਠਾਂ ਪਿਆ ਸਾਂ। ਦਿਨ ਢਲਦਾ ਪਿਆ ਸੀ। ਮੈਂ ਵੀ ਗਮ ਦੇ ਸਾਗਰ ਵਿਚ ਕਦੇ ਡੁੱਬਦਾ ਤੇ ਕਦੇ ਮਰਦਾ ਪਿਆ ਸੀ। ਮੈਂ ਟਾਹਲੀ ਦੇ ਡਾਲ ਦੇਖਦਾ ਸੀ। ਕਿਸ ਨਾਲ ਰੱਸਾ ਪਾ ਕੇ ਆਪਣੇ ਗਮਾਂ ਤੋਂ ਮੁਕਤੀ ਪਾ ਲਵਾਂ। ਅੱਜ ਸੱਚ ਦਸਦਾ ਹਾਂ। ਮੈਂ ਮਰਨ ਦਾ ਫੈਸਲਾ ਕਰ ਲਿਆ ਸੀ। ਉਸ ਵੇਲੇ ਚਿੜੀ ਦਾ ਬੱਚਾ ਉਪਰੋਂ ਡਿੱਗ ਪਿਆ। ਉਸ ਦੇ ਅਜੇ ਉਡਣ ਜੋਗੇ ਫੰਗ ਨਹੀਂ ਸਨ ਹੋਏ। ਚਿੜੀ ਚੀਂ ਚੀਂ ਕਰਦੀ ਉਸ ਕੋਲ ਆ ਬੈਠੀ। ਚਿੜਾ ਵੀ ਆ ਗਿਆ। ਉਹ ਦੋਵੇਂ ਆਪਣੀ ਚੀਂ ਚੀਂ ਵਿਚ ਕੁਰਲਾਉਂਦੇ ਜਾਪੇ। ਉਨ੍ਹਾਂ ਦੀ ਹਮਦਰਦੀ ਲਈ ਸਾਰੇ ਰੁੱਖਾਂ ਤੋਂ ਚਿੜੀਆਂ ਆ ਗਈਆਂ। ਬਹੁਤ ਰੌਲਾ ਪਾਇਆ। ਇਹ ਬੋਟ ਤੇ ਇਸ ਤਰ੍ਹਾਂ ਪਿਆ ਸੀ ਜਿਵੇਂ ਇਸ ਵਿਚ ਜਾਨ ਨਾ ਹੋਵੇ। ਮੈਂ ਵੀ ਰੋਣ ਲੱਗ ਪਿਆ। ਚਿੜੀਆਂ ਬੈਠਦੀਆਂ ਉਡਦੀਆਂ, ਵਿਰਲਾਪ ਕਰਦੀਆਂ ਜਾਂ ਰੱਬ ਅੱਗੇ ਅਰਦਾਸ। ਹਨੇਰਾ ਹੋ ਗਿਆ। ਹੌਲੀ ਹੌਲੀ ਬਾਕੀ ਚਿੜੀਆਂ ਉਡ ਗਈਆਂ। ਚਿੜਾ-ਚਿੜੀ ਉਸ ਕੋਲ ਹੀ ਰਹੇ। ਮੈਂ ਦੇਖੀ ਗਿਆ। ਡਰ ਸੀ ਕਿ ਕੋਈ ਕੁੱਤਾ, ਬਿੱਲਾ ਆ ਕੇ ਦੋਹਾਂ ਨੂੰ ਹੀ ਨਾ ਖਾ ਜਾਵੇ। ਮੈਂ ਹੌਲੀ ਹੌਲੀ ਜਾ ਕੇ ਚਿੜੀ ਤੇ ਬੱਚੇ ਨੂੰ ਟੋਕਰੇ ਥੱਲੇ ਦੇ ਦਿੱਤਾ। ਚਿੜਾ ਉਡ ਗਿਆ ਸੀ। ਟੋਕਰੇ ਦੇ ਉਪਰ ਮੈਂ ਮੰਜਾ ਡਾਹ ਲਿਆ। ਕੁੱਤਾ ਟੋਕਰਾ ਉਲਟਾ ਸਕਦਾ ਸੀ।
ਰਾਤ ਭਰ ਮੈਂ ਮੰਜੇ ‘ਤੇ ਪਿਆ ਰਿਹਾ। ਨਾ ਮੈਂ ਸੁੱਤਾ, ਨਾ ਚਿੜੀ। ਚਿੜੀ ਦੀ ਟੋਕਰੇ ਵਿਚ ਉਡਦੀ ਦੀ ਹਿੱਲਜੁਲ ਮੈਨੂੰ ਸੁਣਦੀ ਰਹੀ। ਨਿੱਕੀ ਜਿਹੀ ਜਾਨ, ਮਮਤਾ ਦੇ ਜਾਲ ਵਿਚ ਫਸੀ ਤੜਪ ਰਹੀ ਸੀ। ਮੈਂ ਵੀ ਉਸ ਰਾਤ ਬਹੁਤ ਰੋਇਆ। ਚਿੜੀ ਦੇ ਦੁੱਖ ਵਿਚ ਨਹੀਂ, ਹਾਂ ਪਰ ਦੁੱਖ ਇਕੋ ਜਿਹਾ ਸੀ। ਮੈਂ ਆਪਣੇ ਮਰ ਚੁੱਕੇ ਪੁੱਤ ਨੂੰ। ਮੌਤ ਦੇ ਮੂੰਹ ਜਾ ਰਹੇ ਨੂੰ।
ਸਵੇਰ ਦਾ ਚਾਨਣ ਹੋਣ ਤੋਂ ਪਹਿਲਾਂ ਕਈ ਪੰਛੀ ਭਜਨ ਛੇੜ ਦਿੰਦੇ ਹਨ। ਮੈਨੂੰ ਉਨ੍ਹਾਂ ਦੀ ਮਿੱਠੀ ਆਵਾਜ਼ ਆਈ। ਮੈਂ ਉਠ ਕੇ ਬੈਠ ਗਿਆ। ਰੁੱਖ ‘ਤੇ ਹੁਣ ਸਭ ਜਾਗ ਪਏ ਸਨ। ਚਿੜਾ ਮੰਜੇ ਦੇ ਨੇੜੇ ਆ ਬੈਠਾ ਸੀ। ਟੋਕਰੇ ਦੇ ਅੰਦਰ ਚਿੜੀ ਬੋਲਦੀ ਤੇ ਉਡਦੀ ਦੀ ਬਿੜਕ ਆ ਰਹੀ ਸੀ। ਮੈਂ ਉਠ ਕੇ ਮੰਜਾ ਖੜ੍ਹਾ ਕੀਤਾ, ਟੋਕਰਾ ਚੱਕ ਦਿੱਤਾ। ਚਿੜਾ ਵੀ ਆਪਣੇ ਬੱਚੇ ਕੋਲ ਚਲਾ ਗਿਆ। ਮੈਂ ਹੈਰਾਨ ਦੇਖ ਕੇ ਕਿ ਉਹ ਬੋਟ ਜੋ ਕੱਲ ਤੇ ਬੇਜਾਨ ਹੋਇਆ ਲੱਗਾ ਸੀ। ਚਿੜੀ ਦੇ ਨਾਲ ਇਧਰ ਉਧਰ ਤੁਰਦਾ ਪਿਆ ਸੀ। ਚਿੜੀ ਉਸ ਦੀ ਗਰਦਨ ਥੱਲੇ ਚੁੰਝ ਨਾਲ ਪਿਆਰ ਕਰਦੀ ਲੱਗੀ। ਫਿਰ ਧਰਤੀ ਤੋਂ ਗਿੱਠ ਦੋ ਗਿੱਠ ਉਚੀ ਉਡਦੀ ਮੁੜ ਬੱਚੇ ਕੋਲ ਬਹਿ ਜਾਂਦੀ, ਇਸੇ ਤਰ੍ਹਾਂ ਚਿੜਾ ਕਰਦਾ।
ਮੈਂ ਬਾਜਰੇ ਦੀ ਮੁਠ ਲੈਣ ਕੋਠੇ ਅੰਦਰ ਗਿਆ, ਮੁੜ ਆ ਕੇ ਮੈਂ ਹੈਰਾਨ ਵੀ ਹੋਇਆ ਤੇ ਖੁਸ਼ ਐਨਾ ਕਿ ਦੱਸ ਨਹੀਂ ਸਕਦਾ। ਉਹ ਬੋਟ ਛੋਟੇ ਫੰਗਾਂ ਨਾਲ ਉਡ ਕੇ ਟੋਕਰੇ ਵਾਲੀ ਥਾਂ ਤੋਂ ਦੂਰ ਗਿਆ ਸੀ। ਮੈਂ ਬਾਜਰਾ ਖਿਲਾਰ ਦਿੱਤਾ। ਉਨ੍ਹਾਂ ਬਾਜਰੇ ਵਲ ਧਿਆਨ ਨਹੀਂ ਦਿੱਤਾ। ਉਸ ਨੂੰ ਉਡਣ ਦੇ ਗੁਰ ਸਿਖਾਉਂਦੇ ਰਹੇ। ਮੈਨੂੰ ਪਤਾ ਨਹੀਂ ਮੇਰਾ ਧਿਆਨ ਤੇ ਮੇਰੀ ਨਜ਼ਰ ਕਿਥੇ ਗਈ ਹੋਵੇਗੀ, ਜਦ ਮੁੜ ਤੱਕਿਆ, ਉਨ੍ਹਾਂ ਤਿੰਨਾਂ ਵਿਚੋਂ ਧਰਤੀ ‘ਤੇ ਕੋਈ ਨਜ਼ਰ ਨਾ ਆਇਆ। ਮੈਂ ਡਰ ਗਿਆ। ਅਚਾਨਕ ਨਜ਼ਰ ਉਪਰ ਚੁੱਕੀ, ਉਹ ਟਾਹਲੀ ‘ਤੇ ਬੈਠੇ ਸਨ। ਦੋ ਮਿੰਟ ਪਿਛੋਂ ਫਿਰ ਉਨ੍ਹਾਂ ਤਿੰਨਾਂ ਨੇ ਉਡਾਰੀ ਭਰੀ। ਆਪਣੇ ਆਲ੍ਹਣੇ ਵਿਚ ਪਹੁੰਚ ਗਏ। ਮੈਂ ਤੇ ਉਥੇ ਧਰਤੀ ‘ਤੇ ਹੀ ਹੱਥ ਜੋੜ ਮੱਥਾ ਟੇਕਿਆ। ਜੋਗੇ ਦੀ ਮੌਤ ਤੋਂ ਪਿਛੋਂ ਮੈਂ ਸੋਚਦਾ ਸੀ ਰੱਬ ਕੋਈ ਨਹੀਂ। ਪਰ ਉਸ ਦਿਨ ਮੁੜ ਮੈਂ ਰੱਬ ਨੂੰ ਦੇਖ ਲਿਆ।
ਕਹਿੰਦੇ ਹਨ, ਰੱਖਣ ਵਾਲਾ ਬਿਨਾ ਸਾਹ ਤੋਂ ਵੀ ਰੱਖ ਲੈਂਦਾ ਹੈ। ਦੂਸਰੀ ਗੱਲ ਜੋ ਮੈਂ ਸਿੱਖੀ, ਉਹ ਸੀ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ। ਆਪਣੇ ਵੱਸ ਦਾ ਕਰਮ ਕਰੀ ਜਾਣਾ ਚਾਹੀਦਾ ਹੈ। ਚਿੜੀ-ਚਿੜੇ ਦੀ ਹਿੰਮਤ ਨੇ ਉਨ੍ਹਾਂ ਦਾ ਬੱਚਾ ਬਚਾ ਲਿਆ।
ਹੋਰ ਬੀਬੀ ਦੇਖ ਆਪਾਂ ਕਹਿੰਦੇ ਹਾਂ ਕਿ ਮਨੁੱਖ ‘ਕੱਲਾ ਨਹੀਂ ਰਹਿ ਸਕਦਾ। ਮੈਂ ਕਹਿਨਾਂ, ਇਨ੍ਹਾਂ ਪੰਛੀਆਂ ਦਾ ਵੀ ਸਮਾਜ ਭਾਈਚਾਰਾ ਹੈ। ਸਾਰੇ ਇਕੱਠੇ ਹੋ ਕੇ ਜਦ ਪੰਛੀ ਬੋਲਣ ਲਗ ਜਾਂਦੇ ਹਨ, ਕਿਸੇ ਦਾ ਬੱਚੇ ਡਿੱਗੇ। ਇਹ ਕੀ ਦਰਸਾਉਂਦੇ।”
ਭੂਆ ਬੋਲੀ, “ਚਾਚਾ ਜੀ ਇਨ੍ਹਾਂ ਵਿਚ ਵੀ ਪਿਆਰ ਹੈ, ਸਾਂਝ ਹੈ।”
“ਬੀਬੀ ਜਦ ਮਨੁੱਖ ਰੁੱਖ ਵੱਢਦਾ, ਉਹ ਕਿੰਨੇ ਪਰਿਵਾਰਾਂ ਦੇ ਵਸਦੇ ਰਸਦੇ ਸਮਾਜ ਨੂੰ ਉਜਾੜਦਾ।” ਬਾਬੇ ਨੇ ਕਿਹਾ। ਬਾਬਾ ਫਿਰ ਥੋੜ੍ਹਾ ਚੁੱਪ ਕਰਕੇ ਬੈਠ ਗਿਆ। ਬੂਟੇ ਨੇ ਗੜਵੀ ਵਿਚੋਂ ਥੋੜ੍ਹਾ ਪਾਣੀ ਗਲਾਸ ਵਿਚ ਪਾ ਕੇ ਦਿੱਤਾ। ਪਾਣੀ ਪੀ ਕੇ ਬਾਬਾ ਮੁੜ ਬੋਲਿਆ, “ਇਹ ਰੁੱਖ ਤਾਂ ਸਾਡੇ ਸਾਹ ਹਨ। ਜੇ ਸਾਨੂੰ ਰੁੱਖਾਂ ਦੀ ਹਵਾ ਨਾ ਮਿਲੇ, ਅਸੀਂ ਜੀ ਨਹੀਂ ਸਕਦੇ।”
“ਚਾਚਾ ਹੁਣ ਥੋੜ੍ਹਾ ਆਰਾਮ ਕਰ ਲੈ।” ਭੂਆ ਨੇ ਕਿਹਾ ਪਰ ਬਾਬਾ ਜੀ ਨੂੰ ਭੂਆ ਦੀ ਗੱਲ ਜਿਵੇਂ ਸੁਣੀ ਹੀ ਨਾ ਹੋਵੇ। ਆਪਣਾ ਗਲਾ ਸਾਫ ਕਰਕੇ ਫਿਰ ਬੋਲੇ, “ਆਹ ਸਾਡੇ ਘਰ ਸਾਡੇ ਮੰਜੇ, ਪੀੜੇ ਰੁੱਖਾਂ ਤੋਂ ਬਿਨਾ ਕਿਥੋਂ ਆਉਣਗੇ?” ਬਾਬਾ ਇਕਦਮ ਚੁੱਪ ਕਰ ਗਿਆ।
ਆਪਣਾ ਸੱਜਾ ਹੱਥ ਥੋੜ੍ਹਾ ਉਚਾ ਕਰਕੇ ਬੋਲਿਆ, “ਔਹ ਬੀਬੀ ਤੂੰ ਦੇਖਿਆ ਹੋਣਾ ਜੋਗੇ ਦਾ ਗਡੀਰਨਾ, ਮੇਰੀ ਮਾਂ ਨੇ ਹੁਸ਼ਿਆਰਪੁਰ ਤੋਂ ਮੰਗਵਾਇਆ ਸੀ। ਉਥੇ ਅੰਬ ਦੀ ਲੱਕੜ ਦੇ ਬਣਦੇ ਹਨ। ਅੰਬ ਦੀ ਲੱਕੜ ਹਲਕੀ ਹੁੰਦੀ ਆ। ਇਸ ਉਪਰ ਰੰਗ ਬਹੁਤ ਸੋਹਣਾ ਹੁੰਦਾ।”
ਇਸ ਵੇਲੇ ਬਾਬਾ ਆਪਣੇ ਅੰਦਰ ਦੀ ਦੁਨੀਆਂ ਵਿਚ ਪਹੁੰਚਿਆ ਹੋਇਆ ਸੀ। ਉਸ ਨੂੰ ਪਤਾ ਨਹੀਂ ਸੀ ਕਿ ਕੋਈ ਉਸ ਦੀਆਂ ਗੱਲਾਂ ਸੁਣਦਾ ਕਿ ਨਹੀਂ।
“ਭਾਈ! ਧੀਆਂ ਤੋਰੀਦੀਆਂ, ਰੁੱਖਾਂ ਦੀ ਬਣੀ ਡੋਲੀ ਵਿਚ, ਸ਼ਗਨਾਂ ਦੇ ਨਾਲ। ਜਦ ਕੋਈ ਜੀ ਸਦਾ ਲਈ ਜਾਂਦਾ, ਉਸ ਲਈ ਅਰਥੀ ਵੀ ਬੇਰੀ ਦੀਆਂ ਲਗਰਾਂ ਦੀ ਬਣਾਈਦੀ ਆ। ਮੁੜ ਪੰਜ ਤੱਤਾਂ ਵਿਚ ਰੁਲਣ ਲਈ ਬਾਲਣ ਲੱਕੜਾਂ ਦਾ ਹੁੰਦਾ ਹੈ। ਬੀਬੀ ਠੀਕ ਹੈ ਨਾ!”
“ਹਾਂ ਚਾਚਾ ਜੀ ਠੀਕ ਹੈ।” ਭੂਆ ਨੇ ਕਿਹਾ।
“ਹੋਰ ਸੁਣ, ਸਾਡੀ ਧਰਤੀ ਦਾ ਸ਼ਿੰਗਾਰ ਇਹ ਰੁੱਖ ਹਨ। ਧਰਤੀ ਸਾਡੇ ਖਾਣ ਪੀਣ ਤੇ ਪਹਿਨਣ ਲਈ ਸਾਡੀ ਹਰ ਲੋੜ ਪੂਰੀ ਕਰਦੀ ਹੈ। ਗੁੱਲੀ, ਕੁੱਲੀ ਤੇ ਜੁੱਲੀ। ਧਰਤੀ ਦੇ ਰੁੱਖ ਤੇ ਮਾਂ ਦੀ ਕੁੱਖ ਉਜਾੜਨ ਵਾਲੇ ਮਹਾਂ ਪਾਪੀ ਹੁੰਦੇ ਹਨ। ਗੁਰੂ, ਪੀਰ, ਸੰਤ, ਫਕੀਰ ਮਾਂ ਦੀ ਕੁੱਖ ਤੋਂ ਹੀ ਜੰਮਦੇ ਨੇ।”
“ਚਾਚਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹਨ। ਅਸੀਂ ਮੰਨਦੇ ਹਾਂ। ਤੁਸੀਂ ਮੇਰੀ ਇਕ ਗੱਲ ਮੰਨ ਲਵੋ, ਥੋੜ੍ਹਾ ਆਰਾਮ ਕਰ ਲਵੋ। ਮੈਨੂੰ ਵੀ ਘਰੋਂ ਆਈ ਨੂੰ ਦੇਰ ਹੋ ਗਈ ਹੈ। ਘਰ ਫਿਕਰ ਕਰਦੀਆਂ ਹੋਣਗੀਆਂ।” ਭੂਆ ਨੇ ਬਾਬਾ ਜੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ, ਮੈਨੂੰ ਵੀ ਤੁਰਨ ਲਈ ਇਸ਼ਾਰਾ ਕੀਤਾ।
ਬਾਬਾ ਜੀ ਫਿਰ ਬੋਲੇ, “ਬੂਟੇ ਨੂੰ ਸਮਝਾ ਦਿੱਤਾ?”
ਭੂਆ ਜਾਂਦੀ ਜਾਂਦੀ ਬੋਲੀ, “ਬਹੁਤ ਚੰਗੀ ਤਰ੍ਹਾਂ। ਟਾਹਲੀ ਤੇ ਕੀ, ਉਹ ਕਦੇ ਕੋਈ ਰੁੱਖ ਵੀ ਨਹੀਂ ਵਢੂਗਾ।”
ਬਾਬਾ ਜੀ ਬੋਲਦੇ ਸੁਣ ਰਹੇ ਸਨ, “ਮੇਰੀ ਮਾਂ ਕਹਿੰਦੀ ਹੁੰਦੀ ਸੀ, ਰੁੱਖ ਵੱਡੋ ਤਾਂ ਪਰਲੋ ਆ ਜਾਂਦੀ ਹੈ।”