ਕਰਤਾਰਪੁਰ ਲਾਂਘਾ: ਨਹੀਂ ਮੁੱਕਦੀ ਸਾਢੇ ਚਾਰ ਕਿਲੋਮੀਟਰ ਦੀ ਵਾਟ

ਜੰਮੂ ਕਸ਼ਮੀਰ ਵਿਚ ਖੂਨ-ਖਰਾਬੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਨਿਊ ਯਾਰਕ ਵਿਚ ਵਿਦੇਸ਼ ਮੰਤਰੀ ਪੱਧਰ ਦੀ ਮੀਟਿੰਗ ਰੱਦ ਹੋ ਗਈ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਚੱਲਣ ਵਾਲੀ ਸੰਭਾਵੀ ਗੱਲਬਾਤ ਵੀ ਪਿਛਾਂਹ ਪੈ ਗਈ ਹੈ। ਇਹ ਦੋਹਾਂ ਪੰਜਾਬਾਂ ਅਤੇ ਦੋਹੀਂ ਪਾਸੀਂ ਵੱਸਦੇ ਪੰਜਾਬੀਆਂ ਦੀ ਤ੍ਰਾਸਦੀ ਰਹੀ ਹੈ ਕਿ

ਭਾਰਤ ਅਤੇ ਪਾਕਿਸਤਾਨ ਦੀ ਸਿਆਸੀ ਖਹਿਬਾਜ਼ੀ ਪੰਜਾਬੀਆਂ ਦੀ ਗਲਵੱਕੜੀ ਨਹੀਂ ਪੈਣ ਦਿੰਦੀ। ਪ੍ਰੋ. ਚਮਨ ਲਾਲ ਨੇ ਕਰਤਾਰਪੁਰ ਲਾਂਘੇ ਦੇ ਧਾਰਮਿਕ, ਸਮਾਜਕ ਤੇ ਸਭਿਆਚਾਰਕ ਪੱਖਾਂ ਬਾਰੇ ਕੁਝ ਗੱਲਾਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ ਜੋ ਅਸੀਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। -ਸੰਪਾਦਕ

ਪ੍ਰੋ. ਚਮਨ ਲਾਲ
ਫੋਨ: 91-98687-74820

ਦੋ ਜੱਟਾਂ-ਨਵਜੋਤ ਸਿੰਘ ਸਿੱਧੂ ਅਤੇ ਕਮਰ ਜਾਵੇਦ ਬਾਜਵਾ ਦੀ ਗਲਵੱਕੜੀ ਨੇ ਪੂਰੇ ਭਾਰਤ ਵਿਚ ਹੰਗਾਮਾ ਖੜ੍ਹਾ ਕਰ ਦਿੱਤਾ ਅਤੇ ਗੱਲ ਗੱਲ ‘ਤੇ ਦੂਜਿਆਂ ਦੀ ਖਿੱਲੀ ਉਡਾਉਣ ਵਾਲਿਆਂ ਨੂੰ ਚੰਗਾ ਮਸਾਲਾ ਮਿਲ ਗਿਆ। ਦਰਅਸਲ ਇਨ੍ਹਾਂ ਦੋਹਾਂ ਉਘੀਆਂ ਹਸਤੀਆਂ ਵਿਚੋਂ ਇਕ ਭਾਰਤੀ ਅਤੇ ਦੂਜੀ ਪਾਕਿਸਤਾਨੀ ਹੈ। ਸਿਆਸਤ ਜੋ ਵੀ ਹੋਵੇ, ਇਸ ਘਟਨਾ ਨੇ ਲੰਮੇ ਸਮੇਂ ਤੋਂ ਲਟਕਿਆ ਆ ਰਿਹਾ ਸਮਾਜਕ, ਸਭਿਆਚਾਰਕ ਤੇ ਭਾਵਨਾਤਮਕ ਮੁੱਦਾ ਇਕ ਵਾਰ ਫਿਰ ਭਖਾ ਦਿੱਤਾ ਹੈ। ਇਹ ਮੁੱਦਾ ਭਾਰਤ ਦੇ ਡੇਰਾ ਬਾਬਾ ਨਾਨਕ ਤੋਂ ਮਹਿਜ ਸਾਢੇ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਵਿਚ ਪੈਂਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਹੈ।
ਸਿੱਖ ਧਰਮ ਦੇ ਬਾਨੀ ਬਾਬੇ ਨਾਨਕ ਨੇ ਆਪਣੀਆਂ ਚਾਰ ਉਦਾਸੀਆਂ ਤੋਂ ਪਰਤਣ ਮਗਰੋਂ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਕਰਤਾਰਪੁਰ ਵਿਖੇ ਬਿਤਾਏ ਅਤੇ ਫਿਰ ਆਪਣੇ ਸ਼ਾਗਿਰਦ ਭਾਈ ਲਹਿਣਾ ਨੂੰ ਗੁਰੂ ਅੰਗਦ ਦੇਵ ਨਾਂ ਦੇ ਕੇ ਗੁਰਗੱਦੀ ਸੌਂਪੀ। ਗੁਰੂ ਨਾਨਕ ਨੇ ਸ਼ਰਧਾ ਸੇਵਕੀ ਨੂੰ ਤਵੱਜੋ ਦਿੰਦਿਆਂ ਆਪਣੇ ਗਿਆਨਵਾਨ ਵਿਦਵਾਨ ਪੁੱਤਰ ਸ੍ਰੀ ਚੰਦ ਨੂੰ ਗੁਰਗੱਦੀ ਦੇ ਕਾਬਲ ਨਹੀਂ ਸੀ ਸਮਝਿਆ, ਜਿਨ੍ਹਾਂ ਨੇ ਬਾਅਦ ਵਿਚ ਆਪਣਾ ਵੱਖਰਾ ਉਦਾਸੀ ਸੰਪਰਦਾਏ ਚਲਾਇਆ। ਗੁਰੂ ਨਾਨਕ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿਚ ਜੋਤੀ ਜੋਤ ਸਮਾਏ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੀ ਥਾਂ ਉਤੇ ਸੁਸ਼ੋਭਿਤ ਗੁਰਦੁਆਰਾ ਹੁਣ ਦਰਬਾਰ ਸਾਹਿਬ, ਕਰਤਾਰਪੁਰ ਵਜੋਂ ਜਾਣਿਆ ਜਾਂਦਾ ਹੈ। ਮੱਘਰ ਵਿਖੇ ਗੁਰੂ ਨਾਨਕ ਦੇ ਸਮਕਾਲੀ ਭਗਤ ਕਵੀ ਕਬੀਰ ਦਾ ਮਕਬਰਾ ਅਤੇ ਸਮਾਧੀ ਇਕੱਠੇ ਬਣੇ ਹੋਏ ਹਨ।
ਉਸੇ ਤਰ੍ਹਾਂ ਗੁਰੂ ਨਾਨਕ ਦੀ ਯਾਦ ਵਿਚ ਵੀ ਇਕੋ ਥਾਂ ਗੁਰਦੁਆਰਾ, ਸਮਾਧੀ ਅਤੇ ਮਕਬਰਾ ਬਣਿਆ ਹੋਇਆ ਹੈ, ਕਿਉਂਕਿ ਤਿੰਨਾਂ ਧਾਰਮਿਕ ਅਕੀਦਿਆਂ ਦੇ ਲੋਕਾਂ ਦੀ ਉਨ੍ਹਾਂ ਦੇ ਮਾਨਵਵਾਦੀ ਫਲਸਫੇ ਪ੍ਰਤੀ ਅਥਾਹ ਸ਼ਰਧਾ ਹੈ। ਭਾਰਤ ਦੇ ਡੇਰਾ ਬਾਬਾ ਨਾਨਕ ਵਾਲੇ ਪਾਸਿਓਂ ਇਹ ਗੁਰਦੁਆਰਾ ਮਹਿਜ ਸਾਢੇ ਚਾਰ ਕਿਲੋਮੀਟਰ ਦੂਰ ਹੈ ਜਦੋਂਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਵੱਲੋਂ ਸੌ ਕਿਲੋਮੀਟਰ ਤੋਂ ਵਧੇਰੇ ਦਾ ਪੰਧ ਤੈਅ ਕਰਕੇ ਉਥੇ ਪਹੁੰਚਣਾ ਪੈਂਦਾ ਹੈ। ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲਾ ਕੋਈ ਵੀ ਸ਼ਰਧਾਵਾਨ ਸਿੱਖ ਜਾਂ ਪੰਜਾਬੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਖੁੰਝਾਉਣਾ ਨਹੀਂ ਚਾਹੁੰਦਾ। ਨਾਨਕ ਨਾਮ ਲੇਵਾ ਸੰਗਤ ਲਈ ਇਹ ਅਸਥਾਨ ਗੁਰੂ ਨਾਨਕ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜਿੰਨਾ ਹੀ ਅਹਿਮ ਹੈ। ਫਿਰ ਵੀ ਇਹ ਵੱਡਾ ਮੁੱਦਾ ਨਹੀਂ ਬਣਿਆ, ਕਿਉਂਕਿ 1965 ਜਾਂ ਸ਼ਾਇਦ 1971 ਤਕ ਅਣਅਧਿਕਾਰਤ ਰੂਪ ਵਿਚ ਡੇਰਾ ਬਾਬਾ ਨਾਨਕ ਵਾਲੇ ਪਾਸੇ ਤੋਂ ਕਰਤਾਰਪੁਰ ਜਾਣਾ ਸੁਖਾਲਾ ਸੀ, ਪਰ 1971 ਦੀ ਜੰਗ ਪਿਛੋਂ ਹਾਲਾਤ ਬਦਲ ਗਏ।
ਹੈਰਾਨੀ ਦੀ ਗੱਲ ਹੈ ਕਿ 1961 ਵਿਚ ਜਦੋਂ ਭਾਰਤ ਸਰਕਾਰ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਹੁਸੈਨੀਵਾਲਾ ਯਾਦਗਾਰ ਵਾਪਸ ਲੈਣ ਖਾਤਰ ਪਾਕਿਸਤਾਨ ਨਾਲ ਕੁਝ ਪਿੰਡਾਂ ਦਾ ਤਬਾਦਲਾ ਕੀਤਾ ਸੀ ਤਾਂ ਉਦੋਂ ਹੀ ਸਰਹੱਦ ਨੇੜਲੇ ਕੁਝ ਹੋਰ ਪਿੰਡਾਂ ਦਾ ਵਟਾਂਦਰਾ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਕਿਉਂ ਨਹੀਂ ਮੰਗਿਆ ਗਿਆ? ਉਂਜ ਵੀ ਪੂਰੀ ਦੁਨੀਆਂ ਦੇ ਹੋਰ ਮੁਲਕਾਂ ਦੀਆਂ ਸਰਕਾਰਾਂ ਧਾਰਮਿਕ ਅਸਥਾਨਾਂ ਦੇ ਮਾਮਲੇ ਵਿਚ ਉਦਾਰਵਾਦੀ ਰਵੱਈਆ ਅਪਨਾਉਂਦੀਆਂ ਹਨ, ਪਰ ਕਰਤਾਰਪੁਰ ਗੁਰਦੁਆਰਾ ਅਸਥਾਨ ਪਹਿਲਾਂ ਵੱਡਾ ਮੁੱਦਾ ਨਹੀਂ ਬਣ ਸਕਿਆ।
ਸੰਨ 2000 ਵਿਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਫੇਰੀ ਮਗਰੋਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਰਮਿਆਨ ਇਸ ਸਰਹੱਦ ‘ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਥੋੜ੍ਹੀ ਸਹਿਮਤੀ ਬਣੀ ਸੀ। ਡੇਰਾ ਬਾਬਾ ਨਾਨਕ ਦੇ ਬਾਸ਼ਿੰਦਿਆਂ, ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਗੱਲ ਤੋਂ ਬਹੁਤ ਖੁਸ਼ੀ ਹੋਈ ਸੀ, ਪਰ ਭਾਰਤ-ਪਾਕਿਸਤਾਨ ਦੇ ਸਬੰਧਾਂ ਵਿਚ ਮਗਰੋਂ ਆਈ ਕਸ਼ੀਦਗੀ ਕਾਰਨ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਗੌਰਤਲਬ ਹੈ ਕਿ ਦੋਹਾਂ ਮੁਲਕਾਂ ਦਰਮਿਆਨ ਰਿਸ਼ਤੇ ਹੁਣ ਬਦ ਤੋਂ ਬਦਤਰ ਹੋ ਚੁਕੇ ਹਨ।
ਸਿਆਸੀ ਤੌਰ ‘ਤੇ ਵੱਖ-ਵੱਖ ਮੁਲਕਾਂ ਵਿਚ ਵੰਡੇ ਹੋਏ, ਪਰ ਸਾਂਝੀ ਭਾਸ਼ਾ ਅਤੇ ਸਭਿਆਚਾਰ ਵਾਲੇ ਲੋਕਾਂ ਦੀ ਸਭਿਆਚਾਰਕ ਸਾਂਝ ਦੀ ਪੇਚੀਦਗੀ ਨੂੰ ਗੈਰ-ਪੰਜਾਬੀ ਅਤੇ ਗੈਰ-ਬੰਗਾਲੀ ਲੋਕ ਨਹੀਂ ਸਮਝ ਸਕਦੇ। ਦੇਖਣ ਵਾਲੀ ਗੱਲ ਹੈ ਕਿ ਉਤਰੀ ਅਤੇ ਦੱਖਣੀ ਕੋਰੀਆ ਦੀ ਸਿਆਸੀ ਲੀਡਰਸ਼ਿਪ ਨੇ ਦਹਾਕਿਆਂ ਤਕ ਬਣਿਆ ਰਿਹਾ ਤਣਾਅ ਘਟਾਇਆ ਤਾਂ ਦੋਹਾਂ ਪਾਸਿਆਂ ਦੇ ਲੋਕਾਂ ਨੇ ਕਿਵੇਂ ਭਾਵਨਾਤਮਕ ਹੁੰਗਾਰਾ ਦਿੱਤਾ ਜਾਂ ਸੋਵੀਅਤ ਯੂਨੀਅਨ ਟੁੱਟਣ ਮਗਰੋਂ ਬਰਲਿਨ ਦੀ ਦੀਵਾਰ ਢਾਹੇ ਜਾਣ ਉਤੇ ਦੋਹਾਂ ਪਾਸਿਆਂ ਦੇ ਜਰਮਨ ਲੋਕਾਂ ਨੇ ਕਿੰਨੀ ਖੁਸ਼ੀ ਮਨਾਈ।
ਆਰ. ਐਸ਼ ਐਸ਼ ਦਾ ਅੰਧ-ਰਾਸ਼ਟਰਵਾਦ ਦੋਹਾਂ ਮੁਲਕਾਂ ਦੇ ਪੰਜਾਬੀਆਂ ਨੂੰ ਨਹੀਂ ਪੋਂਹਦਾ। 1947 ਦੀ ਦੇਸ਼ ਵੰਡ ਸਮੇਂ ਕਰੀਬ ਦਸ ਲੱਖ ਲੋਕਾਂ ਨੂੰ ਮਾਰ ਮੁਕਾਉਣ, ਇਕ ਕਰੋੜ ਲੋਕਾਂ ਨੂੰ ਉਜਾੜਨ ਅਤੇ ਔਰਤਾਂ ਉਤੇ ਅਸਹਿ ਤੇ ਅਕਹਿ ਜ਼ੁਲਮ ਢਾਹੁਣ ਦੇ ਬਾਵਜੂਦ ਹੁਣ ਦੋਹਾਂ ਮੁਲਕਾਂ ਦੇ ਪੰਜਾਬੀ ਜਦੋਂ ਵੀ ਆਪਸ ਵਿਚ ਮਿਲਦੇ ਹਨ ਤਾਂ ਕੱਟੜਪੰਥੀਆਂ ਦੇ ਪ੍ਰਭਾਵ ਅਧੀਨ ਇਕ ਦੂਜੇ ਖਿਲਾਫ ਕੀਤੇ ਅਪਰਾਧਾਂ ਉਤੇ ਝੂਰਦੇ ਹਨ। ਸਭਿਆਚਾਰਕ ਪਿਛੋਕੜ ਸਦਕਾ ਆਪਸ ਵਿਚ ਜੁੜੇ, ਪਰ ਸਿਆਸੀ-ਫਿਰਕੂ ਇੰਤਹਾਪਸੰਦੀ ਕਾਰਨ ਵੰਡੇ ਗਏ ਭਾਈਚਾਰਿਆਂ ਦਾ ਮਸਲਾ ਬੜਾ ਪੇਚੀਦਾ ਹੈ। ਪੰਜਾਬੀ ਲੋਕ ਭਾਵੇਂ ਭੂਗੋਲਿਕ ਤੌਰ ‘ਤੇ ਦੋ ਮੁਲਕਾਂ ਵਿਚ ਵੰਡੇ ਹੋਏ ਹਨ, ਪਰ ਸਾਂਝੀ ਪੰਜਾਬੀ ਰੂਹ, ਬਾਬਾ ਨਾਨਕ, ਬੁੱਲ੍ਹੇ ਸ਼ਾਹ ਅਤੇ ਭਗਤ ਸਿੰਘ ਨੂੰ ਜਮੀਨੀ ਲਕੀਰਾਂ ਨਹੀਂ ਵੰਡ ਸਕਦੀਆਂ।
ਘੁਮੱਕੜ ਵਜੋਂ ਇਤਿਹਾਸਕ ਯਾਦਗਾਰ ਦੇਖਣ ਦੀ ਲਲ੍ਹਕ ਕਾਰਨ ਮੈਂ ਇਕ ਵਾਰ ਡੇਰਾ ਬਾਬਾ ਨਾਨਕ, ਸਰਹੱਦ ਅਤੇ ਭਾਰਤ ਦੇ ਮਹਾਨ ਸ਼ਾਸਕ ਮੁਗਲ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਦਾ ਸਥਾਨ ਕਲਾਨੌਰ ਦੇਖਣ ਗਿਆ। ਮੈਂ ਉਥੋਂ ਦੇ ਲੋਕਾਂ ਦੇ ਮਨਾਂ ਵਿਚਲਾ ਰੋਹ ਮਹਿਸੂਸ ਕੀਤਾ ਜੋ ਮਹਿਜ ਸਾਢੇ ਚਾਰ ਕਿਲੋਮੀਟਰ ਦੂਰ ਪਾਕਿਸਤਾਨ ਵਿਚਲੇ ਗੁਰਦੁਆਰਾ ਦਰਬਾਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਲੋਚਦੇ ਹਨ। ਉਥੇ ਜਾਣ ਵਾਲੇ ਲੋਕ ਦੂਰਬੀਨ ਰਾਹੀਂ ਇਸ ਅਸਥਾਨ ਦੇ ਦਰਸ਼ਨ ਕਰਦੇ ਅਤੇ ਵਧੀਆ ਕੈਮਰਿਆਂ ਨਾਲ ਉਥੋਂ ਦੀਆਂ ਤਸਵੀਰਾਂ ਖਿੱਚਦੇ ਹਨ। ਉਥੇ ਤਾਇਨਾਤ ਬੀ. ਐਸ਼ ਐਫ਼ ਦੇ ਅਧਿਕਾਰੀ ਵੀ ਦਰਸ਼ਨ ਅਭਿਲਾਸ਼ੀਆਂ ਨਾਲ ਚੰਗਾ ਵਿਹਾਰ ਕਰਦੇ ਹਨ। ਅਜਿਹੇ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਇਹ ਟਿੱਪਣੀ ਬਿਲਕੁਲ ਦਰੁਸਤ ਜਾਪਦੀ ਹੈ, ‘ਸਰਹੱਦਾਂ ਬੇਮਾਅਨੇ ਹੋ ਜਾਣੀਆਂ ਚਾਹੀਦੀਆਂ ਹਨ।’ ਇਸ ਦਾ ਮਤਲਬ ਇਹ ਹੈ ਕਿ ਲੋਕ ਬਿਨਾ ਰੋਕ-ਟੋਕ ਸਰਹੱਦ ਦੇ ਆਰ-ਪਾਰ ਆ-ਜਾ ਸਕਣ।
ਇਸ ਦਿਸ਼ਾ ਵਿਚ ਪਹਿਲਾ ਕਦਮ ਵਧਾਉਂਦਿਆਂ ਗੁਰੂ ਨਾਨਕ ਦੇ 550ਵੇਂ ਆਗਮਨ ਪੁਰਬ ਮੌਕੇ ਡੇਰਾ ਬਾਬਾ ਨਾਨਕ ਵਾਲੀ ਸਰਹੱਦ ‘ਤੇ ਬੰਦਿਸ਼ਾਂ ਹਟਾ ਦੇਣੀਆਂ ਚਾਹੀਦੀਆਂ ਹਨ। ਇਕੱਲੇ ਜਸ਼ਨਾਂ ਮੌਕੇ ਹੀ ਨਹੀਂ, ਸਗੋਂ ਸਦਾ ਲਈ ਕਰਤਾਰਪੁਰ ਦਾ ਲਾਂਘਾ ਖੋਲ੍ਹ ਦੇਣਾ ਚਾਹੀਦਾ ਹੈ। ਫਿਰ ਇਹ ਨੀਤੀ ਬਾਕੀ ਸਰਹੱਦਾਂ ਉਤੇ ਵੀ ਲਾਗੂ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਇਸ ਤਰ੍ਹਾਂ ਦੁਵੱਲਾ ਵਪਾਰ ਸ਼ੁਰੂ ਹੋਣ ਨਾਲ ਸਿਆਸੀ ਫੌਜੀ ਲੀਡਰਸ਼ਿਪ ਵੱਲੋਂ ਦੋਹਾਂ ਮੁਲਕਾਂ ਦੇ ਲੋਕਾਂ ਦੀ ਇੱਛਾ ਵਿਰੁਧ ਉਨ੍ਹਾਂ ਉਤੇ ਥੋਪੀ ਗਈ ਦੁਸ਼ਮਣੀ ਦੇ ਬਾਵਜੂਦ ਸਭਿਆਚਾਰਕ ਤੌਰ ‘ਤੇ ਇਕ-ਦੂਜੇ ਨਾਲ ਜੁੜੇ ਲੋਕਾਂ ਦਾ ਵਿਕਾਸ ਹੋਵੇਗਾ।