ਧਾਰਮਿਕ ਜਨੂੰਨ ਅਤੇ ਵਿਗਿਆਨ ਦਾ ਪਹਿਲਾ ਸ਼ਹੀਦ ਬਰੂਨੋ

ਜਿਓਰਦਾਨੋ ਫਿਲਿਪੋ ਬਰੂਨੋ ਇਟਲੀ ਦਾ ਸੋਲ੍ਹਵੀਂ ਸਦੀ ਦਾ ਮਹਾਨ ਫਿਲਾਸਫਰ ਅਤੇ ਵਿਗਿਆਨੀ ਹੋਇਆ ਹੈ। ਉਸ ਨੇ ਧਾਰਮਿਕ ਰੂੜੀਆਂ ਨੂੰ ਵੰਗਾਰਿਆ ਅਤੇ ਕੋਪਰਨਿਕਸ ਦੇ ਇਸ ਵਿਚਾਰ ਦਾ ਸਮਰਥਨ ਕੀਤਾ ਕਿ ਬ੍ਰਹਿਮੰਡ ਦੇ ਕੇਂਦਰ ਵਿਚ ਸੂਰਜ ਹੈ ਅਤੇ ਸਾਡੀ ਧਰਤੀ ਤੋਂ ਇਲਾਵਾ ਹੋਰ ਵੀ ਬਥੇਰੀਆਂ ਧਰਤੀਆਂ ਮੌਜੂਦ ਹਨ। ਅਜਿਹੀਆਂ ‘ਗੁਸਤਾਖੀਆਂ’ ਕਾਰਨ ਪੋਪ ਕਲੀਮੈਂਟ ਅੱਠਵਾਂ ਨੇ ਉਸ ਨੂੰ ਅੱਠ ਫਰਵਰੀ 1600 ਨੂੰ ਮੌਤ ਦਾ ਹੁਕਮ ਸੁਣਾ ਦਿੱਤਾ ਅਤੇ 17 ਫਰਵਰੀ 1600 ਨੂੰ ਉਸ ਨੂੰ ਰੋਮ ਦੇ ਚੌਕ ਵਿਚ ਜਿੰਦਾ ਸਾੜ ਦਿੱਤਾ ਗਿਆ।

ਮਗਰੋਂ ਮਹਾਨ ਵਿਗਿਆਨੀ ਗੈਲੀਲੀਓ ਨੇ ਉਸ ਦੇ ਇਸੇ ਸਿਧਾਂਤ ਦਾ ਵਿਕਾਸ ਕੀਤਾ ਅਤੇ ਅੱਜ ਸਭ ਮੰਨਦੇ ਹਨ ਕਿ ਬ੍ਰਹਿਮੰਡ ਦਾ ਧੁਰਾ ਸੂਰਜ ਹੀ ਹੈ। ਡਾ. ਕੁਲਦੀਪ ਸਿੰਘ ਧੀਰ ਨੇ ਇਸ ਸ਼ਖਸ ਬਾਰੇ ਇਹ ਮਾਰਮਿਕ ਕਹਾਣੀ ਪੇਸ਼ ਕੀਤੀ ਹੈ। -ਸੰਪਾਦਕ

ਡਾ. ਕੁਲਦੀਪ ਸਿੰਘ ਧੀਰ
ਫੋਨ: +91-98722-60550

ਧਾਰਮਿਕ ਜਨੂੰਨੀਆਂ ਨੇ ਅੱਜ ਹੀ ਨਹੀਂ, ਹਰ ਯੁੱਗ ਵਿਚ ਲੋਕਾਂ ਨੂੰ ਰੱਜ ਕੇ ਗੁੰਮਰਾਹ ਤੇ ਦੁਖੀ ਕੀਤਾ ਹੈ। ਪਰਮਾਤਮਾ ਦੇ ਸੱਚੇ ਭਗਤ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਅਨੇਕਾਂ ਮਾਨਵ ਹਿਤੂ ਫ਼ਿਲਾਸਫ਼ਰਾਂ, ਪੱਤਰਕਾਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਅਤੇ ਸਿਆਸਤਦਾਨਾਂ ਨੂੰ ਸਿੱਧੇ-ਅਸਿੱਧੇ ਤਰੀਕੇ ਨਾਲ ਖ਼ਤਮ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ। ਜਿਓਰਦਾਨੋ ਬਰੂਨੋ ਸ਼ਾਇਦ ਪਹਿਲਾ ਵਿਗਿਆਨੀ ਹੈ ਜਿਸ ਨੂੰ ਉਸ ਦੀ ਵਿਗਿਆਨਕ ਸੋਚ ਕਾਰਨ ਇਨ੍ਹਾਂ ਹੱਥੋਂ ਮਰਨਾ ਪਿਆ। ਕਮਾਲ ਇਹ ਹੈ ਕਿ ਮੂਲ ਰੂਪ ਵਿਚ ਉਹ ਈਸਾਈ ਪਾਦਰੀ ਸੀ ਜਿਸ ਨੇ ਆਪਣੇ ਹੀ ਹਮ-ਮਜ਼ਹਬਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਬਾਈਬਲ ਗ੍ਰੰਥਾਂ ਤੋਂ ਧਰਮ ਤੇ ਨੈਤਿਕਤਾ ਦੇ ਖੇਤਰ ਵਿਚ ਅਗਵਾਈ ਲਓ। ਵਿਗਿਆਨ ਨੂੰ ਵਿਗਿਆਨੀਆਂ ਜੋਗਾ ਰਹਿਣ ਦਿਓ। ਵਿਸ਼ਵਾਸ ਤੇ ਅੰਧ-ਵਿਸ਼ਵਾਸ, ਇਤਿਹਾਸ ਤੇ ਮਿਥਿਹਾਸ, ਕਲਪਨਾ ਤੇ ਹਕੀਕਤ ਵਿਚ ਫਰਕ ਸਮਝੋ। ਚਿੰਨ੍ਹਾਂ, ਮਿੱਥਾਂ, ਪ੍ਰਤੀਕਾਂ ਨੂੰ ਵਿਗਿਆਨ ਵਿਚ ਨਾ ਘੜੀਸੋ। ਦਾਰਸ਼ਨਿਕ, ਕਵੀ, ਫਿਲਾਸਫ਼ਰ ਤੇ ਵਿਗਿਆਨੀ ਬਰੂਨੋ ਦੀ ਕਿਸੇ ਨਾ ਸੁਣੀ। ਉਸ ਨੂੰ ਰੋਮ ਵਿਚ ਕੈਂਪੋ ਡੀ ਫਿਓਰੀ ਦੇ ਚੌਕ ਵਿਚ 17 ਫਰਵਰੀ 1600 ਵਿਚ ਜਿਉਂਦਿਆਂ ਸਾੜ ਦਿੱਤਾ ਗਿਆ। ਆਓ ਵਿਗਿਆਨ ਦੇ ਇਸ ਸ਼ਹੀਦ ਦੀ ਕਹਾਣੀ ਜ਼ਰਾ ਵਿਸਥਾਰ ਨਾਲ ਵਿਚਾਰੀਏ।
ਜਿਓਰਦਾਨੋ ਬਰੂਨੋ ਦਾ ਮੂਲ ਨਾਂ ਫਿਲਿਪੋ ਬਰੂਨੋ ਸੀ। ਜਿਓਰਦਾਨੋ ਨਾਂ ਤਾਂ ਉਸ ਨਾਲ ਈਸਾਈ ਪਾਦਰੀ ਬਣਨ ਵੇਲੇ ਜੁੜਿਆ। ਉਸ ਦਾ ਜਨਮ 1548 ਵਿਚ ਇਟਲੀ ਦੇ ਨਗਰ ਨੋਲਾ ਵਿਚ ਜੋਹਵਾਨੀ ਬਰੂਨੋ ਨਾਂ ਦੇ ਫ਼ੌਜੀ ਦੇ ਘਰ ਹੋਇਆ। ਮਾਂ ਦਾ ਨਾਂ ਫਰਾਲੀਸਾ ਸੈਵੋਲੀਨੋ ਸੀ। 1562 ਵਿਚ ਪੜ੍ਹਨ ਵਾਸਤੇ ਮਾਪਿਆਂ ਨੇ ਉਸ ਨੂੰ ਨੇਪਲਜ਼ ਭੇਜਿਆ ਜਿਥੇ ਉਸ ਨੇ ਸੇਂਟ ਅਗਸਟੀਨ ਦੇ ਨਾਂ ‘ਤੇ ਬਣੇ ਮੱਠ ਵਿਚ ਪੜ੍ਹਾਈ ਕੀਤੀ ਤੇ ਸਟੇਡੀਅਮ ਜਨਰੇਲ ਵਿਚੋਂ ਵੀ ਕੁਝ ਸਿੱਖਿਆ ਹਾਸਲ ਕੀਤੀ। ਸਤਾਰਾਂ ਸਾਲ ਦੀ ਉਮਰ ਵਿਚ ਉਹ ਕੈਥੋਲਿਕ ਸਾਧਾਂ ਦੇ ਡੋਮੀਨੀਕਨ ਫ਼ਿਰਕੇ ਵਿਚ ਪ੍ਰਚਾਰਕ ਵਜੋਂ ਸ਼ਾਮਲ ਹੋ ਗਿਆ। ਇਸੇ ਸਮੇਂ ਉਹ ਫਿਲਿਪੋ ਬਰੂਨੋ ਤੋਂ ਜਿਓਰਦਾਨੋ ਬਰੂਨੋ ਬਣਿਆ। ਇਹ ਈਸਾਈਅਤ ਦਾ ਉਪਦੇਸ਼ ਅਤੇ ਕੁਫ਼ਰ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀ ਪ੍ਰਚਾਰਕਾਂ ਦੀ ਸ਼੍ਰੇਣੀ ਸੀ। ਅੱਜ ਵੀ ਹਜ਼ਾਰਾਂ ਪਾਦਰੀ ਤੇ ਪ੍ਰਚਾਰਕ ਇਸ ਫ਼ਿਰਕੇ ਨਾਲ ਜੁੜੇ ਹੋਏ ਹਨ।
ਆਪਣੇ ਅਸਾਧਾਰਨ ਵਿਚਾਰਾਂ ਕਾਰਨ ਛੇਤੀ ਹੀ ਉਸ ਉਤੇ ਕੁਫ਼ਰ ਦੇ ਪ੍ਰਚਾਰਕ ਦਾ ਠੱਪਾ ਲੱਗਣ ਲੱਗਾ। ਫਿਰ ਵੀ ਉਸ ਦੀ ਫ਼ਲਸਫ਼ੇ ਤੇ ਧਰਮ ਦੇ ਖੇਤਰ ਦੀ ਵਿਦਵਤਾ ਦੇ ਮੱਦੇਨਜ਼ਰ 1572 ਵਿਚ ਉਸ ਨੂੰ ਪਾਦਰੀ ਬਣਾ ਦਿੱਤਾ ਗਿਆ। ਜੁਲਾਈ 1575 ਵਿਚ ਉਸ ਨੇ ਪਾਦਰੀ ਬਣਨ ਲਈ ਨਿਸ਼ਚਿਤ ਕੋਰਸ ਪੂਰਾ ਕੀਤਾ। ਇਸ ਦੌਰਾਨ ਉਸ ਨੂੰ ਧਾਰਮਿਕ ਹਲਕਿਆਂ ਵਿਚ ਪਸਰੇ ਅੰਧ-ਵਿਸ਼ਵਾਸਾਂ ਤੇ ਗ਼ੈਰ-ਵਿਗਿਆਨਕ ਧਾਰਨਾਵਾਂ ਬਾਰੇ ਕਾਫ਼ੀ ਕੁਝ ਪਤਾ ਲੱਗਾ। ਉਹ ਦਲੀਲ ਨਾਲ ਲੋਕਾਂ ਨੂੰ ਅੰਧ-ਵਿਸ਼ਵਾਸ ਛੱਡ ਕੇ ਧਰਮ ਦੇ ਤੱਤ ਸਾਰ ਨਾਲ ਜੁੜਨ ਦਾ ਪ੍ਰਚਾਰ ਕਰਦਾ। ਉਸ ਉਤੇ ਕੁਫ਼ਰ ਦੇ ਸਿੱਧੇ ਇਲਜ਼ਾਮ ਲਾ ਕੇ ਮੁਕੱਦਮੇ ਦੀ ਗੱਲ ਤੁਰੀ ਤਾਂ ਫਰਵਰੀ 1576 ਵਿਚ ਉਹ ਭੱਜ ਕੇ ਰੋਮ ਚਲਾ ਗਿਆ। ਉਸ ਉਤੇ ਇਹ ਦੋਸ਼ ਲਾਇਆ ਗਿਆ ਕਿ ਉਹ ਚਰਚ ਵਲੋਂ ਰੋਕੇ ਤੇ ਰੱਦ ਕੀਤੇ ਈਰੈਸਮਸ (ਬਾਈਬਲ) ਦੀ ਕੁਮੈਂਟਰੀ ਪੜ੍ਹਦਾ ਪ੍ਰਚਾਰਦਾ ਹੈ। ਈਰੈਸਮਸ ਦੀ ਕੁਮੈਂਟਰੀ ਦੇ ਕਈ ਪੰਨਿਆਂ ਦੇ ਹਾਸ਼ੀਏ ਉਤੇ ਬਰੂਨੋ ਦੀਆਂ ਹੱਥ ਲਿਖਤ ਟਿੱਪਣੀਆਂ ਇਸ ਦੀ ਗਵਾਹੀ ਵਜੋਂ ਚੁਣੀਆਂ ਗਈਆਂ। ਬਰੂਨੋ ਨੇ ਤਾਂ ਸਮਝਿਆ ਸੀ ਕਿ ਡੋਮੀਨੀਕਨ ਫ਼ਿਰਕੇ ਦੇ ਲੋਕ ਸਿਆਣੇ ਤੇ ਉਦਾਰ ਹਨ, ਪਰ ਉਸ ਦਾ ਇਹ ਭੁਲੇਖਾ ਉਸ ਵਿਰੁਧ ਹੋ ਰਹੇ ਭੰਡੀ ਪ੍ਰਚਾਰ ਨੇ ਛੇਤੀ ਹੀ ਦੂਰ ਕਰ ਦਿੱਤਾ।
ਉਸ ਨੇ ਡੋਮੀਨੀਕਨ ਫ਼ਿਰਕਾ ਛੱਡ ਦਿੱਤਾ। ਦੋ ਕੁ ਸਾਲ ਉਤਰੀ ਇਟਲੀ ਵਿਚ ਘੁੰਮਣ ਉਪਰੰਤ ਉਹ 1578 ਵਿਚ ਜੈਨੇਵਾ ਜਾ ਟਿਕਿਆ ਤੇ ਪਰੂਫ ਰੀਡਿੰਗ ਕਰ ਕੇ ਰੋਟੀ-ਪਾਣੀ ਦਾ ਜੁਗਾੜ ਕਰਨ ਲੱਗਾ। ਹੁਣ ਉਹ ਕੈਲਵਿਨਿਸਟ ਬਣਿਆ। ਜਾਨ ਕੈਲਵਿਨ ਵਲੋਂ ਪ੍ਰਚਾਰਿਤ ਇਹ ਨਵੇਂ ਉਦਾਰ ਤੇ ਵਿਵੇਕਪੂਰਨ ਈਸਾਈ ਧਰਮ ਸ਼ਾਸਤਰੀਆਂ ਦਾ ਫ਼ਿਰਕਾ ਸੀ। ਜੈਨੇਵਾ ਉਦੋਂ ਇਨ੍ਹਾਂ ਦਾ ਵੱਡਾ ਕੇਂਦਰ ਸੀ। ਇਥੋਂ ਦਾ ਚਰਚ ਇਸ ਫ਼ਿਰਕੇ ਦਾ ਮਾਡਲ ਚਰਚ ਸੀ। ਇਥੇ ਵੀ ਬਰੂਨੋ ਦੀ ਦਾਲ ਨਾ ਗਲੀ। ਆਪਣੀ ਬਾਗ਼ੀ ਸੋਚ ਅਤੇ ਵਿਹਾਰ ਦੇ ਰਾਹ ਤੁਰਦਿਆਂ ਉਸ ਨੇ ਕੈਲਵਿਨਵਾਦੀ ਪ੍ਰੋਫ਼ੈਸਰ ਬਾਰੇ ਕ੍ਰਿੰਤੂ-ਪ੍ਰੰਤੂ ਭਰਿਆ ਲੇਖ ਲਿਖ ਦਿੱਤਾ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੈਲਵਿਨਵਾਦੀਆਂ ਨੇ ਵੀ ਛੇਕ ਦਿੱਤਾ। ਮੁਆਫ਼ੀ ਮੰਗੀ, ਲਿਖਤ ਵਾਪਸ ਲਈ ਅਤੇ ਖਹਿੜਾ ਇਸ ਸ਼ਰਤ ਉਤੇ ਛੁੱਟਿਆ ਕਿ ਉਹ ਸ਼ਹਿਰ ਛੱਡ ਜਾਵੇਗਾ। ਉਹ ਫਰਾਂਸ ਚਲਾ ਗਿਆ ਅਤੇ ਕੋਸ਼ਿਸ਼ ਕਰਨ ਲੱਗਾ ਕਿ ਕੈਥੋਲਿਕ ਚਰਚ ਹੀ ਉਸ ਨੂੰ ਮੁੱਢੋਂ-ਸੁੱਢੋਂ ਮੁਆਫ਼ ਕਰੇ। ਇਸ ਵਿਚ ਉਸ ਨੂੰ ਖ਼ਾਸ ਕਾਮਯਾਬੀ ਨਾ ਮਿਲੀ। ਹਾਂ, ਉਸ ਨੂੰ ਪਹਿਲਾਂ ਟੂਲਾਊਜ਼ ਤੇ ਫਿਰ 1581 ਵਿਚ ਪੈਰਿਸ ਵਿਚ ਫ਼ਿਲਾਸਫ਼ੀ ਦੀ ਲੈਕਚਰਰਸ਼ਿਪ ਮਿਲ ਗਈ।
ਪਹਿਲੀ ਵਾਰ ਉਸ ਨੂੰ ਪੜ੍ਹਨ-ਲਿਖਣ ਤੇ ਕੰਮ ਕਰਨ ਲਈ ਯੋਗ ਥਾਂ ਮਿਲੀ। ਕੈਥੋਲਿਕਾਂ ਤੇ ਰੋਮਨ ਪ੍ਰੋਟੈਸਟੈਂਟਾਂ ਦੇ ਪਰਸਪਰ ਝਗੜਿਆਂ ਦੇ ਬਾਵਜੂਦ ਇਥੇ ਨਰਮ ਕੈਥੋਲਿਕਾਂ ਦਾ ਬੋਲਬਾਲਾ ਸੀ। ਬਰੂਨੋ ਦੇ ਵਿਚਾਰਾਂ ਪ੍ਰਤੀ ਹੈਨਰੀ ਤੀਜਾ ਸਹਿਣਸ਼ੀਲ ਸਾਬਿਤ ਹੋਇਆ। ਉਸ ਦਾ ਵਾਰਸ ਹੈਨਰੀ ਆਫ ਬਰਬਨ ਹੋਰ ਉਦਾਰ ਸੀ। ਉਹ ਪ੍ਰੋਟੈਸਟੈਂਟ ਸੀ। ਉਸ ਨੇ ਬਰੂਨੋ ਨੂੰ ਸਰਪ੍ਰਸਤੀ ਦਿੱਤੀ ਤੇ ਸ਼ਾਹੀ ਲੈਕਚਰਰ ਦਾ ਖਿਤਾਬ ਦਿੱਤਾ।
1582 ਵਿਚ ਬਰੂਨੋ ਨੇ ਸਮਕਾਲੀ ਨੈਤਿਕ ਤੇ ਸਮਾਜਿਕ ਖੇਤਰ ਵਿਚ ਪਸਰੇ ਭ੍ਰਿਸ਼ਟਾਚਾਰ ਉਤੇ ਕਾਮੇਡੀ ਕੈਂਡਲਮੇਕਰ ਪ੍ਰਕਾਸ਼ਿਤ ਕੀਤੀ। ਇਸ ਤੋਂ ਪਹਿਲਾਂ ਉਸ ਨੇ ਹਕੀਕਤ ਦੀ ਸਮਝ ਅਤੇ ਗਿਆਨ ਪ੍ਰਾਪਤੀ ਲਈ ਨਵੀਆਂ ਵਿਧੀਆਂ ਸੁਝਾਉਣ ਵਾਲੀਆਂ ਕੁਝ ਲਿਖਤਾਂ ਵੀ ਪ੍ਰਕਾਸ਼ਿਤ ਕੀਤੀਆਂ। 1583 ਦੀ ਬਹਾਰ ਦੀ ਰੁੱਤੇ ਬਰੂਨੋ ਹੈਨਰੀ ਤੀਜੇ ਦੀ ਲੰਡਨ ਵਿਚਲੇ ਰਾਜਦੂਤ ਮਿਸ਼ੇਲ ਡੀ ਕੈਸਟੈਲਨੂ ਦੇ ਨਾਂ ਸਿਫ਼ਾਰਸ਼ੀ ਚਿੱਠੀ ਲੈ ਕੇ ਇੰਗਲੈਂਡ ਪਹੁੰਚਿਆ। ਉਸ ਨੂੰ ਆਕਸਫੋਰਡ ਵਿਚ ਲੈਕਚਰ ਕਰਨ ਦੀ ਇਜਾਜ਼ਤ ਮਿਲ ਗਈ। ਉਸ ਨੇ ਕਾਪਰਨੀਕਸ ਦੇ ਨਵੇਂ ਸਿਧਾਂਤਾਂ ਦੀ ਵਿਆਖਿਆ ਤੇ ਸਮਰਥਨ ਵਿਚ ਲੈਕਚਰ ਦੇਣੇ ਸ਼ੁਰੂ ਕੀਤੇ। ਆਕਸਫੋਰਡ ਵਿਚ ਇਸ ਦਾ ਵਿਰੋਧ ਹੋਇਆ ਤਾਂ ਉਹ ਵਾਪਸ ਰਾਜਦੂਤ ਦੇ ਮਹਿਮਾਨ ਵਜੋਂ ਲੰਡਨ ਆ ਟਿਕਿਆ। ਉਸ ਦੇ ਪ੍ਰਭਾਵ ਨਾਲ ਉਹ ਮਲਿਕਾ ਐਲਿਜ਼ਬੈਥ ਦੇ ਦਰਬਾਰ ਵੀ ਚੱਕਰ ਲਾਉਣ ਲੱਗਾ। ਉਸ ਦੀ ਪਛਾਣ ਸਰ ਫਿਲਿਪ ਸਿਡਨੀ ਤੇ ਰਾਬਰਟ ਡੁਡਲੇ ਜਿਹੇ ਪ੍ਰਭਾਵਸ਼ਾਲੀ ਬੰਦਿਆਂ ਨਾਲ ਹੋਈ। ਫਰਵਰੀ 1584 ਵਿਚ ਸਿਡਨੀ ਸਰਕਲ ਦੇ ਮੈਂਬਰ ਫੁਲਕੇ ਗਰੈਵਿਲੇ ਨੇ ਬਰੂਨੋ ਨੂੰ ਸੱਦਾ ਦਿੱਤਾ ਕਿ ਉਹ ਆਕਸਫੋਰਡ ਦੇ ਵਿਦਵਾਨਾਂ ਨਾਲ ਕਾਪਰਨੀਕਸ ਦੇ ਨਵੇਂ ਸਿਧਾਂਤਾਂ ਬਾਰੇ ਵਿਚਾਰ-ਵਟਾਂਦਰੇ ਲਈ ਆਵੇ। ਬਰੂਨੋ ਪਹੁੰਚ ਗਿਆ, ਪਰ ਵਿਚਾਰ-ਵਟਾਂਦਰਾ ਲੜਾਈ-ਝਗੜੇ ਵਿਚ ਮੁੱਕਿਆ।
ਕੁਝ ਦਿਨ ਪਿਛੋਂ ਬਰੂਨੋ ਨੇ ਇਟਾਲੀਅਨ ਡਾਇਲਾਗਜ਼ ਨਾਂ ਦੀ ਆਪਣੀ ਲੇਖ ਲੜੀ ਲਿਖਣੀ ਸ਼ੁਰੂ ਕੀਤੀ। ਇਸ ਵਿਚ ਉਸ ਨੇ ਆਪਣੇ ਚਿੰਤਨ ਦੀ ਨਿੱਠ ਕੇ ਵਿਆਖਿਆ ਕੀਤੀ। ਇਨ੍ਹਾਂ ਲੇਖਾਂ ਦੀ ਗਿਣਤੀ ਛੇ ਹੈ। ਤਿੰਨ ਦਾ ਸਬੰਧ ਬ੍ਰਹਿਮੰਡ ਦੇ ਜਨਮ, ਵਿਕਾਸ ਤੇ ਕਾਰਜ ਪ੍ਰਬੰਧ ਨਾਲ ਹੈ ਅਤੇ ਤਿੰਨ ਦਾ ਨੈਤਿਕ ਚਿੰਤਨ ਨਾਲ। 1584 ਵਿਚ ਹੀ ਬਰੂਨੋ ਨੇ ‘ਦਿ ਐਸ਼ ਵੈਡਨੈਸਡੇਅ ਸਪਰ’ ਵਿਚ ਬ੍ਰਹਿਮੰਡ ਬਾਰੇ ਆਪਣੇ ਚਿੰਤਨ ਦੀ ਰੂਪ-ਰੇਖਾ ਉਲੀਕੀ। ਉਸ ਨੇ ਕਾਪਰਨੀਕਸ ਦੇ ਸੂਰਜ ਕੇਂਦਰਕ ਸਿਧਾਂਤ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇਸ ਤੋਂ ਵੀ ਰਤਾ ਅਗਾਂਹ ਜਾ ਕੇ ਉਸ ਨੇ ਕਿਹਾ ਕਿ ਬ੍ਰਹਿਮੰਡ ਅਨੰਤ ਹੈ। ਸਾਡੇ ਸੂਰਜ ਮੰਡਲ ਵਾਂਗ ਕਈ ਹੋਰ ਸੂਰਜ ਤੇ ਉਨ੍ਹਾਂ ਦੇ ਗ੍ਰਹਿ ਪਰਿਵਾਰ ਹਨ। ਉਸ ਨੇ ਇਹ ਵੀ ਕਿਹਾ ਕਿ ਬਾਈਬਲ ਦਾ ਅਨੁਸਰਨ ਇਸ ਦੇ ਧਾਰਮਿਕ ਤੇ ਨੈਤਿਕ ਆਧਾਰ ਉਤੇ ਕਰਨਾ ਚਾਹੀਦਾ ਹੈ। ਇਸ ਦੀਆਂ ਤਾਰਾ ਵਿਗਿਆਨਕ ਅੰਤਰ-ਦ੍ਰਿਸ਼ਟੀਆਂ ਕਾਰਨ ਨਹੀਂ। ਉਸ ਨੇ ਸਮਕਾਲੀ ਅੰਗਰੇਜ਼ ਬੁੱਧੀਜੀਵੀਆਂ ਤੇ ਆਕਸਫੋਰਡ ਦੇ ਡਾਕਟਰਾਂ ਦੀ ਫੋਕੀ ਵਿਦਵਤਾ ਦੀਆਂ ਧੱਜੀਆਂ ਉਡਾਈਆਂ। ਇਸੇ ਵਰ੍ਹੇ ਉਸ ਨੇ ‘ਕਨਸਰਨਿੰਗ ਦਿ ਕਾਜ਼, ਪ੍ਰਿੰਸੀਪਲ ਐਂਡ ਵਨ’ ਵਿਚ ਬ੍ਰਹਿਮੰਡ ਤੇ ਪਰਮਾਤਮਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਸ ਨੇ ਰੂਪ ਤੇ ਪਦਾਰਥ ਦੀ ਏਕਤਾ ‘ਤੇ ਬਲ ਦੇ ਕੇ ਅਰਸਤੂ ਦੇ ਦਵੈਤਵਾਦੀ ਭੌਤਿਕ ਵਿਗਿਆਨ ਦਾ ਖੰਡਨ ਕੀਤਾ। ਸਭ ਵਸਤਾਂ ਅਤੇ ਵਿਰੋਧੀ ਤੱਤਾਂ ਤਕ ਦੀ ਏਕਤਾ ‘ਤੇ ਬਲ ਦਿੱਤਾ। ਇਹੀ ਨਹੀਂ ‘ਆਨ ਦਿ ਇਨਫਿਨਿਟ ਯੂਨੀਵਰਸ ਐਂਡ ਵਰਲਡਜ਼’ ਵਿਚ ਇਨ੍ਹਾਂ ਧਾਰਨਾਵਾਂ ਦੀ ਕਈ ਪੱਖਾਂ ਤੋਂ ਵਿਆਖਿਆ ਕੀਤੀ। ਉਸ ਨੇ ਕਿਹਾ ਕਿ ਧਰਮ ਸਿੱਧੇ-ਸਾਦੇ ਲੋਕਾਂ ਨੂੰ ਆਪਣੇ ਕਬਜ਼ੇ ਵਿਚ ਰੱਖਣ ਦਾ ਜ਼ਰੀਆ ਬਣ ਗਿਆ ਹੈ। ਫ਼ਿਲਾਸਫ਼ੀ ਕੁਝ ਸਿਆਣੇ ਲੋਕਾਂ ਦਾ ਅਨੁਸ਼ਾਸਨ ਹੈ ਜੋ ਸਵੈ ਨੂੰ ਵੀ ਅਨੁਸ਼ਾਸਿਤ ਕਰਦਾ ਹੈ ਤੇ ਦੂਜੇ ਲੋਕਾਂ ਨੂੰ ਵੀ। ‘ਦਿ ਐਕਸਪਲਸ਼ਨ ਆਫ ਦਿ ਟਰਿੰਫੈਂਟ ਬੀਸਟ’ ਉਸ ਦਾ ਪਹਿਲਾ ਨੈਤਿਕ ਡਾਇਲਾਗ ਹੈ। ਇਹ ਧਾਰਮਿਕ ਖੇਤਰ ਵਿਚ ਪਸਰੇ ਅੰਧ-ਵਿਸ਼ਵਾਸ ਦੀ ਕਰੜੀ ਆਲੋਚਨਾ ਹੈ। ਮਨੁੱਖੀ ਗੌਰਵ ਨੂੰ ਬਹਾਲ ਕਰਨ ਉਤੇ ਬਲ ਦਿੰਦਿਆਂ ਇਸ ਵਿਚ ਬਰੂਨੋ ਨੇ ਕੈਲਵਿਨਵਾਦੀਆਂ ਦੀਆਂ ਨੈਤਿਕਤਾ, ਮੁਕਤੀ ਤੇ ਵਿਸ਼ਵਾਸ ਦੀਆਂ ਧਾਰਨਾਵਾਂ ਨੂੰ ਵੰਗਾਰਿਆ ਹੈ। 1585 ਵਿਚ ‘ਕੈਬਾਲ ਆਫ ਦਿ ਹਾਰਸ ਪੈਗਾਸਸ’ ਵਿਚ ਬਰੂਨੋ ਨੇ ਬ੍ਰਹਿਮੰਡੀ ਆਤਮਾ ਅਤੇ ਮਾਨਵੀ ਆਤਮਾ ਦੇ ਪਰਸਪਰ ਰਿਸ਼ਤੇ ਨੂੰ ਆਪਣੀ ਦ੍ਰਿਸ਼ਟੀ ਤੋਂ ਪੇਸ਼ ਕੀਤਾ ਹੈ ਅਤੇ ਕਿਹਾ ਕਿ ਵਿਅਕਤੀਗਤ ਆਤਮਾ ਦੀ ਪੂਰਨ ਸੁਤੰਤਰਤਾ ਦੀ ਧਾਰਨਾ ਗ਼ਲਤ ਹੈ। ‘ਦਿ ਹੀਰੋਇਕ ਫਰੈਂਜ਼ੀਜ਼’ ਵਿਚ ਬਰੂਨੋ ਨੇ ਨੇਕੀ ਅਤੇ ਸਤਿ ਦੇ ਮਾਰਗ ਉਤੇ ਤੁਰ ਕੇ ਮਨੁੱਖੀ ਆਤਮਾ ਦੇ ਪਰਮਾਤਮਾ ਨਾਲ ਮੇਲ ਦੀ ਗੱਲ ਕੀਤੀ।
ਅਕਤੂਬਰ 1585 ਵਿਚ ਬਰੂਨੋ ਪੈਰਿਸ ਮੁੜ ਆਇਆ। ਹੁਣ ਹਾਲਾਤ ਬਦਲ ਚੁੱਕੇ ਸਨ। ਹੈਨਰੀ ਤੀਜੇ ਨੇ ਪ੍ਰੋਟੈਸਟੈਂਟਾਂ ਨਾਲ ਸ਼ਾਂਤੀ ਦਾ ਐਲਾਨਾਮਾ ਰੱਦ ਕਰ ਦਿੱਤਾ ਸੀ। ਨਵਾਰੇ ਦੇ ਰਾਜੇ ਹੈਨਰੀ ਆਫ ਬਰਬਨ ਨੂੰ ਹਰ ਪੱਖੋਂ ਰੱਦ ਕੇ ਤਿਆਗਿਆ ਜਾ ਚੁੱਕਾ ਸੀ। ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਸੀ। ਬਦਲੇ ਹਾਲਾਤ ਵਿਚ ਸਾਵਧਾਨੀ ਨਾਲ ਚੱਲਣ ਦੀ ਥਾਂ ਬਰੂਨੋ ਨੇ ਕੈਥੋਲਿਕ ਪਾਰਟੀ ਦੇ ਗਣਿਤ ਵਿਗਿਆਨੀ ਫੈਬਰੀਜ਼ੀਓ ਮਾਰਡੈਂਟ ਨਾਲ ਵਿਵਾਦ ਛੇੜ ਲਿਆ। ਵਿਵਾਦ ਕੀ, ਉਹ ਤਾਂ ਉਸ ਦਾ ਆਪਣੇ ਚੌਥੇ ਡਾਇਲਾਗ ਵਿਚ ਪਹਿਲਾਂ ਵੀ ਮਜ਼ਾਕ ਉਡਾ ਚੁੱਕਾ ਸੀ। ਪਹਿਲੀ ਮਈ 1586 ਨੂੰ ਉਸ ਨੇ ਆਪਣੀ ਇੱਕ ਹੋਰ ਲਿਖਤ ਵਿਚ ਅਰਸਤੂ ਦੇ ਸਿਧਾਂਤਾਂ ਦਾ ਕਰੜਾ ਵਿਰੋਧ ਕੀਤਾ। ਪੈਰਿਸ ਦੇ ਬੁੱਧੀਜੀਵੀਆਂ ਵਿਚ ਉਸ ਵਿਰੁਧ ਤੂਫ਼ਾਨ ਖੜ੍ਹਾ ਹੋ ਗਿਆ ਤੇ ਬਰੂਨੋ ਨੂੰ ਪੈਰਿਸ ਛੱਡਣਾ ਪਿਆ।
ਉਸ ਨੇ ਹੁਣ ਜਰਮਨੀ ਦੀਆਂ ਯੂਨੀਵਰਸਿਟੀਆਂ ਦੀ ਖਾਕ ਛਾਣਨੀ ਸ਼ੁਰੂ ਕੀਤੀ ਕਿ ਕਿਤੇ ਪੈਰ ਅੜਨ। ਉਸ ਨੇ ਥਾਂ ਥਾਂ ਕੁਝ ਲੈਕਚਰ ਦਿੱਤੇ। ਕੁਝ ਲਿਖਤਾਂ ਛਾਪੀਆਂ। ਸੁਰ ਉਕੀ ਲੜਾਕੂ ਤੇ ਗੁਸਤਾਖ਼। ਮੈਨੂੰ ਮਿੱਤਰ ਕਵੀ ਦਰਸ਼ਨ ਸਿੰਘ ਅਵਾਰਾ ਦੇ ਬੋਲ ਉਸ ਉਤੇ ਪੂਰੇ ਢੁੱਕਦੇ ਪ੍ਰਤੀਤ ਹੁੰਦੇ ਹਨ:
ਤੈਨੂੰ ਕਿਹੈ ਅਵਾਰਾ ਐਨੀ
ਗੁਸਤਾਖ਼ੀ ਨਾ ਕਰਿਆ ਕਰ।
ਯਾਦ ਰੱਖੀਂ ਗੱਲ ਬੱਚੂ ਮੇਰੀ
ਭੰਗ ਤੇ ਭਾੜੇ ਮਰਨੈ ਤੂੰ।
ਤੈਨੂੰ ਰੱਬ ਅੱਖੀਆਂ ਦੇ ਭੁਲੈ
ਦੇਖ ਲਵੇਂ ਤਾਂ ਜਰਿਆ ਕਰ।
ਰੱਬ ਵੀ ਡਰਦੈ ਉਨ੍ਹਾਂ ਕੋਲੋਂ
ਤੂੰ ਵੀ ਤੱਕ ਕੇ ਡਰਿਆ ਕਰ।
ਨਾ ਅਵਾਰਾ ਕਦੇ ਗੁਸਤਾਖੀਆਂ ਤੋਂ ਟਲਿਆ ਅਤੇ ਨਾ ਬਰੂਨੋ। ਦੋਵੇਂ ਭੰਗ ਦੇ ਭਾੜੇ ਹੀ ਮਰੇ। 1588 ਵਿਚ 160 ਆਰਟੀਕਲਜ਼ ਵਾਲੀ ਕਿਤਾਬ ‘ਚ ਬਰੂਨੋ ਨੇ ਸਮਕਾਲੀ ਦਾਰਸ਼ਨਿਕਾਂ ਤੇ ਗਣਿਤ ਵਿਗਿਆਨੀਆਂ ਦਾ ਕਰੜਾ ਵਿਰੋਧ ਕੀਤਾ। ਧਰਮਾਂ ਦੀ ਸ਼ਾਂਤਮਈ ਸਹਿਹੋਂਦ, ਪਰਸਪਰ ਸਮਝ ਤੇ ਵਿਚਾਰਾਂ ਦੀ ਸੁਤੰਤਰਤਾ ਦਾ ਆਪਣਾ ਫ਼ਲਸਫ਼ਾ ਪੇਸ਼ ਕੀਤਾ। ਅਜੋਕੇ ਭਾਰਤ ਵਿਚ ਬਰੂਨੋ ਨੂੰ ਸ਼ਾਇਦ ਕੋਈ ਭੀੜ ਹੀ ਮਾਰ ਸੁੱਟਦੀ ਜਾਂ ਗੱਦਾਰ ਕਹਿ ਕੇ ਚੁੱਪ ਕਰਾ ਦਿੱਤਾ ਗਿਆ ਹੁੰਦਾ। ਮਰਦਾ ਉਹ ਫਿਰ ਵੀ ਭੰਗ ਦੇ ਭਾੜੇ ਹੀ।
ਖੈਰ! ਜਨਵਰੀ 1589 ਵਿਚ ਹੈਲਮਸ਼ਟੈੱਡ ਵਿਚ ਉਸ ਨੂੰ ਸਥਾਨਕ ਲੂਥੇਰੀਅਨ ਚਰਚ ਨੇ ਧਰਮ ਵਿਚੋਂ ਛੇਕ ਦਿੱਤਾ। ਕੁਝ ਮਹੀਨੇ ਫਿਰ ਵੀ ਉਹ ਹੈਲਮਸ਼ਟੈੱਡ ਰਿਹਾ। ਉਸ ਨੇ ਨੈਚੁਰਲ ਐਂਡ ਮੈਥੇਮੈਟਿਕਲ ਮੈਜਿਕ ਉਤੇ ਕੰਮ ਕੀਤਾ ਅਤੇ ਕੁਝ ਲਾਤੀਨੀ ਕਵਿਤਾਵਾਂ ਉਤੇ ਵਿਆਖਿਆਮਈ ਲਿਖਤਾਂ ਲਿਖੀਆਂ। ਆਨ ਦਿ ਮੋਨਾਡ, ਨੰਬਰ ਐਂਡ ਫਿਗਰ ਅਤੇ ਆਨ ਦਿ ਇਮਮੇਯਰੇਬਰ ਐਂਡ ਇਨਿਊਮਰੇਬਲ ਪੈਂਫਲੈੱਟ ਲਿਖੇ। ਇਨ੍ਹਾਂ ਵਿਚ ਉਸ ਨੇ ਆਪਣੇ ਫ਼ਲਸਫ਼ੇ ਦੇ ਕੁਝ ਹੋਰ ਪਸਾਰਾਂ ਦੀ ਵਿਆਖਿਆ ਕੀਤੀ। ਇਨ੍ਹਾਂ ਲਿਖਤਾਂ ਦੇ ਪ੍ਰਕਾਸ਼ਨ ਲਈ 1590 ਵਿਚ ਉਹ ਫਰੈਂਕਫਰਟ ਦੀ ਸੈਨੇਟ ਪਾਸ ਬੇਨਤੀ ਕਰਨ ਪੁੱਜਾ। ਸੈਨੇਟ ਨੇ ਲਿਖਤਾਂ ਦੇ ਪ੍ਰਕਾਸ਼ਨ ਦੀ ਇਜਾਜ਼ਤ ਤਾਂ ਕੀ ਦੇਣੀ ਸੀ, ਉਸ ਨੂੰ ਉਥੇ ਟਿਕਣ ਦੀ ਵੀ ਆਗਿਆ ਨਾ ਦਿੱਤੀ, ਪਰ ਉਹ ਕਾਰਮੇਲਾਈਟ ਕਾਨਵੈਂਟ ਵਿਚ ਰਹਿ ਪਿਆ ਅਤੇ ਪ੍ਰੋਟੈਸਟੈਂਟਾਂ ਨੂੰ ਆਪਣੇ ਵਿਚਾਰ ਸਮਝਾਉਣ ਲੱਗਾ। ਉਸ ਬਾਰੇ ਹਵਾ ਇਹ ਹੀ ਬਣੀ ਕਿ ਉਹ ਕਲਪਨਾ ਲੋਕ ਦੀਆਂ ਅਜੀਬੋ-ਗਰੀਬ ਗੱਲਾਂ ਕਰਨ ਵਾਲਾ ਸਿਰਫਿਰਿਆ ਬੰਦਾ ਹੈ।
ਅਗਸਤ 1591 ਵਿਚ ਜੋਹਵਾਨੀ ਮੋਸੇਨੀਗੋ ਦੇ ਸੱਦੇ ਉਤੇ ਬਰੂਨੋ ਇਟਲੀ ਚਲਾ ਗਿਆ। ਉਹ ਰਾਜ ਸੱਤਾ ਦੇ ਨੇੜੇ ਸੀ। ਸਰਕਾਰੇ-ਦਰਬਾਰੇ ਉਸ ਦੀ ਚਲਦੀ ਸੀ। ਉਸ ਨੇ ਬਰੂਨੋ ਨੂੰ ਸਰਕਾਰੀ ਸਰਪ੍ਰਸਤੀ ਦਿਵਾਉਣ ਦਾ ਵਾਅਦਾ ਕਰਕੇ ਇਟਲੀ ਆਉਣ ਨੂੰ ਕਿਹਾ। ਬਰੂਨੋ ਨੇ ਸੋਚਿਆ ਕਿ ਕੀ ਪਤਾ ਮੋਸੇਨੀਗੋ ਦੀ ਸਿਫ਼ਾਰਿਸ਼ ਨਾਲ ਉਸ ਦੀਆਂ ਮੁਸੀਬਤਾਂ ਮੁੱਕ ਜਾਣ। ਉਹ ਇਟਲੀ ਦੇ ਸ਼ਹਿਰ ਵੈਨਿਸ ਪੁੱਜ ਗਿਆ। ਵੈਨਿਸ ਉਦੋਂ ਇਟਲੀ ਦੀ ਸਭ ਤੋਂ ਉਦਾਰ ਤੇ ਖੁੱਲ੍ਹਦਿਲੀ ਰਿਆਸਤ ਸੀ। ਅੜੀਅਲ ਪੋਪ ਸਿਕਸਟਸ-ਪੰਜਵੇਂ ਦੀ 1590 ਵਿਚ ਮੌਤ ਹੋ ਗਈ ਸੀ। ਪ੍ਰੋਟੈਸਟੈਂਟ ਹੈਨਰੀ ਆਫ ਬਰਬਨ ਫਰਾਂਸ ਦੇ ਤਖ਼ਤ ਉਤੇ ਸੀ। ਲੱਗਦਾ ਸੀ ਕਿ ਧਾਰਮਿਕ ਸਹਿਹੋਂਦ ਤੇ ਰਵਾਦਾਰੀ ਦੇ ਦਿਨ ਆਉਣਗੇ। ਬਰੂਨੋ ਦੀ ਇੱਛਾ ਸੀ ਕਿ ਉਹ ਕਿਸੇ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਬਣ ਕੇ ਆਪਣੇ ਨਿਵੇਕਲੇ ਵਿਚਾਰਾਂ ਬਾਰੇ ਨਵੀਂ ਪੀੜ੍ਹੀ ਨੂੰ ਲਿਖ-ਬੋਲ ਕੇ ਦੱਸੇ। ਪਡੂਆ ਯੂਨੀਵਰਸਿਟੀ ਵਿਚ ਉਨ੍ਹਾਂ ਦਿਨਾਂ ਵਿਚ ਗਣਿਤ ਦੇ ਪ੍ਰੋਫ਼ੈਸਰ ਦੀ ਚੇਅਰ ਖਾਲੀ ਸੀ। ਬਰੂਨੋ ਨੇ ਉਥੇ ਪ੍ਰਾਈਵੇਟ ਤੌਰ ਉਤੇ ਜੁਮੈਟਰੀ ਅਤੇ ਆਰਟ ਆਫ ਡਿਫਾਰਮੇਸ਼ਨ ਉਤੇ ਕੋਰਸ ਸ਼ੁਰੂ ਕਰਕੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਸ ਨੂੰ ਲੱਗਾ ਕਿ ਇਹ ਚੇਅਰ ਉਸ ਨੂੰ ਨਹੀਂ ਮਿਲਣੀ, ਉਹ ਪਡੂਆ ਛੱਡ ਕੇ ਆਪਣੇ ਮਿੱਤਰ ਮੋਸੇਨੀਗੋ ਕੋਲ ਵੈਨਿਸ ਪਰਤ ਆਇਆ।
ਵੈਨਿਸ ਵਿਚ ਉਸ ਨੇ ਪ੍ਰਗਤੀਵਾਦੀ ਸੋਚ ਵਾਲੇ ਤਬਕੇ ਵਿਚ ਆਪਣੇ ਵਿਚਾਰਾਂ ਦਾ ਪਸਾਰ ਸ਼ੁਰੂ ਕੀਤਾ। ਇੰਜ ਕਰਦਿਆਂ ਉਸ ਨੇ ਇਸ ਕਦਮ ਦੇ ਧਾਰਮਿਕ ਪ੍ਰਤੀਕਰਮਾਂ ਬਾਰੇ ਸੋਚਣ ਦੀ ਖੇਚਲ ਨਾ ਕੀਤੀ। ਮੋਸੇਨੀਗੋ ਦਾ ਹੀ ਮੋਹ ਉਸ ਤੋਂ ਭੰਗ ਹੋ ਗਿਆ। ਕੁਝ ਬਰੂਨੋ ਦੀ ਫਰੈਂਕਫਰਟ ਮੁੜ ਜਾਣ ਦੀ ਇੱਛਾ ਤੋਂ ਨਾਰਾਜ਼ ਅਤੇ ਕੁਝ ਉਸ ਦੇ ਵਿਚਾਰਾਂ ਤੋਂ ਖਿਝੇ ਮੋਸੇਨੀਗੋ ਨੇ ਉਸ ਦੇ ਕੁਫ਼ਰ ਬਾਰੇ ਚਰਚ ਕੋਲ ਮੁਕੱਦਮਾ ਪੇਸ਼ ਕਰ ਦਿੱਤਾ। ਇਹ ਮਈ 1592 ਦੀ ਗੱਲ ਹੈ। ਬਰੂਨੋ ਨੇ ਆਪਣੇ ਬਚਾਅ ਵਿਚ ਨਿੱਕੀਆਂ-ਮੋਟੀਆਂ ਧਾਰਮਿਕ ਖੁਨਾਮੀਆਂ ਸਵੀਕਾਰ ਕੀਤੀਆਂ। ਉਸ ਨੇ ਆਪਣੇ ਵਿਚਾਰਾਂ ਦੇ ਦਾਰਸ਼ਨਿਕ ਮਹੱਤਵ ਤੇ ਵਿਆਖਿਆ ਉਪਰ ਬਲ ਦਿੱਤਾ ਅਤੇ ਇਨ੍ਹਾਂ ਨੂੰ ਧਾਰਮਿਕ ਖੇਤਰ ਵਿਚ ਨਾ ਘੜੀਸਣ ਲਈ ਕਿਹਾ। ਇੱਕ ਵਾਰ ਤਾਂ ਲੱਗਾ ਕਿ ਮੁਕੱਦਮੇ ਦਾ ਫ਼ੈਸਲਾ ਬਰੂਨੋ ਦੇ ਹੱਕ ਵਿਚ ਜਾਵੇਗਾ, ਪਰ ਅਚਾਨਕ ਰੋਮਨ ਕੱਟੜਵਾਦੀਆਂ ਨੇ ਉਸ ਦੇ ਦੇਸ਼ ਨਿਕਾਲੇ ਲਈ ਤੂਫ਼ਾਨ ਖੜ੍ਹਾ ਕਰ ਦਿੱਤਾ। ਨਤੀਜੇ ਵਜੋਂ 27 ਜਨਵਰੀ 1593 ਨੂੰ ਬਰੂਨੋ ਨੂੰ ਧਾਰਮਿਕ ਅਦਾਲਤ ਨੇ ਸ਼ਾਹੀ ਮਹਿਲ ਵਿਚ ਕੈਦ ਲਈ ਭੇਜ ਦਿੱਤਾ।
ਸੱਤ ਸਾਲ ਦੀ ਲੰਬੀ ਕੈਦ ਤੇ ਮੁਕੱਦਮੇ ਦੌਰਾਨ ਸ਼ੁਰੂ ਵਿਚ ਆਪਣੀ ਪਹਿਲੀ ਡਿਫੈਂਸ ਦੀ ਨੀਤੀ ਹੀ ਜਾਰੀ ਰੱਖੀ। ਉਸ ਨੇ ਕਿਹਾ ਕਿ ਮੇਰੇ ਵਿਚਾਰਾਂ ਦਾ ਪ੍ਰਸੰਗ ਦਾਰਸ਼ਨਿਕ ਤੇ ਵਿਗਿਆਨਕ ਹੈ। ਮੇਰਾ ਧਰਮ ਨਾਲ ਕੋਈ ਵਿਰੋਧ ਨਹੀਂ। ਕੱਟੜ ਮੁਕੱਦਮੇਬਾਜ਼ਾਂ ਤੇ ਚਰਚ ਦਾ ਕਹਿਣਾ ਸੀ ਕਿ ਤੂੰ ਆਪਣੇ ਵਿਚਾਰ ਬਿਨਾਂ ਸ਼ਰਤ ਵਾਪਸ ਲੈ। ਬਰੂਨੋ ਨੇ ਸਮਝਾਉਣ ਦਾ ਯਤਨ ਕੀਤਾ ਕਿ ਮੇਰੇ ਚਿੰਤਨ, ਵਿਚਾਰਾਂ ਅਤੇ ਸਿਧਾਂਤਾਂ ਦਾ ਰੱਬ ਜਾਂ ਬ੍ਰਹਿਮੰਡ ਦੀ ਸਿਰਜਨਾ ਬਾਰੇ ਈਸਾਈਅਤ ਦੇ ਸੰਕਲਪਾਂ ਨਾਲ ਕੋਈ ਵਿਰੋਧ ਨਹੀਂ। ਚਰਚ ਨੇ ਉਸ ਦੀ ਹਰ ਦਲੀਲ ਰੱਦ ਕਰ ਕੇ ਸਿਧਾਂਤਾਂ ਤੇ ਸੰਕਲਪਾਂ ਦੀ ਬਿਨਾਂ ਸ਼ਰਤ ਵਾਪਸੀ ਦੀ ਰਟ ਲਾਈ ਰੱਖੀ। ਬਰੂਨੋ ਨੇ ਸਪਸ਼ਟ ਕੀਤਾ ਕਿ ਵਿਰੋਧ ਹੋਵੇ ਤਾਂ ਮੈਂ ਆਪਣੇ ਵਿਚਾਰ ਵਾਪਸ ਲਵਾਂ। ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ ਕਿ ਮੈਂ ਕਿਹੜੀ ਗੱਲ ਵਾਪਸ ਲਵਾਂ। ਪੋਪ ਕਲੀਮੈਂਟ ਅੱਠਵਾਂ ਖਿਝ ਗਿਆ। ਅੱਠ ਫਰਵਰੀ 1600 ਨੂੰ ਉਸ ਨੇ ਬਰੂਨੋ ਨੂੰ ਮੌਤ ਦਾ ਹੁਕਮ ਸੁਣਾ ਦਿੱਤਾ। ਜਦੋਂ ਇਹ ਫਰਮਾਨ ਉਸ ਨੂੰ ਪੜ੍ਹ ਕੇ ਸੁਣਾਇਆ ਗਿਆ ਤਾਂ ਉਸ ਨੇ ਕਿਹਾ, “ਮੈਨੂੰ ਹੁਕਮ ਸੁਣ ਕੇ ਇੰਨਾ ਡਰ ਨਹੀਂ ਲੱਗ ਰਿਹਾ ਜਿੰਨਾ ਤੁਹਾਨੂੰ ਹੁਕਮ ਸੁਣਾਉਣ ਉਤੇ ਲੱਗ ਰਿਹਾ ਹੈ।”
ਸੱਤ ਸਾਲ ਦਾ ਲੰਬਾ ਸਮਾਂ ਬਰੂਨੋ ਵੈਟੀਕਨ ਨੇੜੇ ਕੈਸਲ ਸੇਂਟ ਐਂਜੀਲੋ ਕੈਦ ਵਿਚ ਰਿਹਾ। ਉਸ ਨੂੰ ਰੋਜ਼ ਤਸੀਹੇ ਦੇ ਕੇ ਪੁੱਛਗਿੱਛ ਹੁੰਦੀ। ਬਰੂਨੋ ਆਪਣੇ ਨਿਸ਼ਚੇ ਉਤੇ ਪੱਕਾ ਰਿਹਾ। ਉਹ ਇਹੀ ਕਹਿੰਦਾ ਕਿ ਮੈਨੂੰ ਕੁਝ ਵੀ ਵਾਪਸ ਲੈਣ ਦੀ ਲੋੜ ਨਹੀਂ। ਇਸ ਲਈ ਮੈਂ ਕੁਝ ਵੀ ਵਾਪਸ ਨਹੀਂ ਲਵਾਂਗਾ। ਮੈਂ ਆਪਣੇ ਵਿਚਾਰਾਂ ਉਤੇ ਕਾਇਮ ਹਾਂ। ਇਨ੍ਹਾਂ ਵਿਚ ਕੁਝ ਵੀ ਗ਼ਲਤ ਨਹੀਂ। ਰੋਮਨ ਚਰਚ ਉਸ ਉਤੇ ਕੁਫ਼ਰ ਦੇ ਇਲਜ਼ਾਮ ਲਾਉਂਦੇ ਹੋਏ ਕਹਿੰਦਾ ਸੀ ਕਿ ਤੂੰ ‘ਕੁਆਰੀ ਮੇਰੀ’ ਦੀ ਪਵਿਤਰਤਾ ਅਤੇ ਈਸਾ ਦੀ ਦੈਵੀ ਹਸਤੀ ਉਤੇ ਕਿੰਤੂ ਕੀਤੇ ਹਨ। ਇਟਰਨਲ ਡੈਮਨੇਸ਼ਨ ਤੇ ਟਰਿਨਿਟੀ ਦੇ ਈਸਾਈਅਤ ਦੇ ਮੂਲ ਸੰਕਲਪਾਂ ਨੂੰ ਰੱਦ ਕੀਤਾ ਹੈ। ਇਟਰਨਲ ਡੈਮਨੇਸ਼ਨ ਦਾ ਮੋਟਾ ਜਿਹਾ ਅਰਥ ਹੈ ਧਰਤੀ ਉਤੇ ਕੀਤੇ ਪਾਪਾਂ ਲਈ ਸਦੀਵੀ ਨਰਕ ਦੀ ਸਜ਼ਾ। ਟਰਿਨਿਟੀ ਦਾ ਭਾਵ ਹੈ ਪਿਤਾ (ਰੱਬ), ਪੁੱਤਰ (ਈਸਾ) ਤੇ ਪਵਿਤਰ ਰੂਹ ਦੇ ਰੂਪ ਵਿਚ ਸਾਰੀ ਲੋਕਾਈ ਵਿਚ ਵਿਆਪਤ ਰੱਬ ਦੀ ਏਕਤਾ ਦਾ ਸੰਕਲਪ। ਬਰੂਨੋ ਜ਼ੱਰੇ ਜ਼ੱਰੇ ਵਿਚ ਰੱਬ ਦੀ ਹੋਂਦ ਮੰਨਦਾ ਸੀ ਤੇ ਬ੍ਰਹਿਮੰਡ ਦੀ ਅਨੰਤਤਾ ਤੇ ਧਰਤੀ ਦੀ ਮਾਮੂਲੀ ਹੋਂਦ ਦੀ ਗੱਲ ਕਰਦਾ ਸੀ। ਆਤਮਾ ਦੇ ਚੋਲਾ ਬਦਲਣ ਦਾ ਸੰਕਲਪ ਵੀ ਮੰਨਦਾ ਸੀ। ਇਹ ਧਾਰਨਾਵਾਂ ਵੀ ਚਰਚ ਦੇ ਕੱਟੜ ਸਮਰਥਕਾਂ ਨੂੰ ਸਵੀਕਾਰ ਨਹੀਂ ਸਨ। ਭਾਂਤ-ਭਾਂਤ ਦੇ ਉਕਤ ਦੋਸ਼ਾਂ ਕਾਰਨ ਉਸ ਦੀ ਜੀਭ ਚਮੜੇ ਦੇ ਪਟੇ ਨਾਲ ਬੰਨ੍ਹੀ ਗਈ। ਨੰਗਾ ਕਰ ਕੇ ਰੋਮ ਦੀਆਂ ਗਲੀਆਂ ਵਿਚ ਘੁਮਾਇਆ ਗਿਆ ਅਤੇ ਕੈਂਪੋ ਡੀ ਫਿਓਰੇ ਦੇ ਭੀੜ ਭਰੇ ਬਾਜ਼ਾਰ ਦੇ ਚੌਕ ਵਿਚ ਪੁਠਾ ਲਟਕਾ ਕੇ ਥੰਮ੍ਹ ਨਾਲ ਬੰਨ੍ਹਿਆ ਗਿਆ। ਅੰਤਿਮ ਵਾਰ ਮੁੜ ਉਸ ਨੂੰ ਆਪਣੀਆਂ ਲਿਖਤਾਂ ਤੇ ਵਿਚਾਰਾਂ ਤੋਂ ਇਨਕਾਰੀ ਹੋਣ ਦਾ ਅਵਸਰ ਦਿੱਤਾ ਗਿਆ। ਇਨਕਾਰ ਕਰਨ ‘ਤੇ ਸਤਾਰਾਂ ਫਰਵਰੀ 1600 ਦੇ ਦਿਨ ਸਾੜ ਦਿੱਤਾ ਗਿਆ। ਚਰਚ ਨੇ ਉਸ ਦੀਆਂ ਸਾਰੀਆਂ ਲਿਖਤਾਂ ਉਤੇ ਪਾਬੰਦੀ ਲਗਾ ਦਿੱਤੀ। ਇਹ ਪਾਬੰਦੀ 1966 ਤਕ ਜਾਰੀ ਰਹੀ। ਸਦੀਆਂ ਤਕ ਚਰਚ ਆਪਣੀ ਇਸ ਹਿਮਾਕਤ ਉਤੇ ਪਹਿਰਾ ਦਿੰਦਾ ਰਿਹਾ। ਬਰੂਨੋ ਦੀ ਯਾਦ ਜਾਂ ਕਿਤਾਬ ਦਾ ਕਿਸੇ ਨੇ ਨਾਮ ਨਾ ਲਿਆ। 1884 ਵਿਚ ਇਟਲੀ ਦੇ ਫਰੀਮੈਸਨ ਉਦੋਂ ਪੋਪ ਨਾਲ ਸਖ਼ਤ ਨਾਰਾਜ਼ ਹੋਏ ਜਦੋਂ ਉਸ ਨੇ ਫਰੀਮੈਸਨ ਫਿਰਕੇ ਨੂੰ ਨਿੰਦਿਆ। ਇਸ ਦੇ ਰੋਸ ਵਜੋਂ ਉਨ੍ਹਾਂ ਆਪਣੇ ਹੀ ਫ਼ਿਰਕੇ ਦੇ ਈਟੋਰ ਫੇਰਾਰੀ ਨਾਂ ਦੇ ਬੁੱਤਘਾੜੇ ਨੂੰ ਬਰੂਨੋ ਦਾ ਸ਼ਾਨਦਾਰ ਬੁੱਤ ਤਿਆਰ ਕਰਨ ਨੂੰ ਕਿਹਾ ਤਾਂ ਕਿ ਪੋਪ ਦੀਆਂ ਇਤਿਹਾਸਕ ਜ਼ਿਆਦਤੀਆਂ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ ਜਾ ਸਕੇ। ਪੰਜ ਸਾਲ ਲਾ ਕੇ ਫੇਰਾਰੀ ਨੇ ਬੁੱਤ ਬਣਾਇਆ। 1889 ਵਿਚ ਇਸ ਬੁੱਤ ਨੂੰ ਉਸੇ ਚੌਕ ਵਿਚ ਉਸੇ ਥਾਂ ਲਾਇਆ ਗਿਆ ਜਿਥੇ 289 ਸਾਲ ਪਹਿਲਾਂ ਬਰੂਨੋ ਨੂੰ ਜ਼ਿੰਦਾ ਸਾੜਿਆ ਗਿਆ ਸੀ। ਇਹ ਬੁੱਤ ਅੱਜ ਵੀ ਉਥੇ ਖੜ੍ਹਾ ਹੈ। ਉਸੇ ਸਾਲ ਏ.ਸੀ. ਸਵਿਨਬਰਨ ਨੇ ਬਰੂਨੋ ਦੇ ਮਾਣ ਵਿਚ ਕਵਿਤਾ ਲਿਖੀ।
ਬਾਅਦ ਵਿਚ ਸਮੇਂ ਸਮੇਂ ਸਾਹਿਤਕਾਰਾਂ ਨੇ ਉਸ ਨੂੰ ਆਪਣੀਆਂ ਰਚਨਾਵਾਂ ਵਿਚ ਥਾਂ ਦਿੱਤੀ। ਜੇਮਜ਼ ਜੁਆਇਸ ਨੇ ਆਪਣੇ ਨਾਵਲ ਫਿਨੇਗਨਜ਼ ਵੇਕ, ਐਸ਼ਜੇ. ਪੈਰਿਸ ਨੇ ਆਪਣੇ ਜਾਸੂਸੀ ਨਾਵਲਾਂ, ਜਾਨ ਕਰਾਓਲੀ ਨੇ ਆਪਣੇ ਚਾਰ ਨਾਵਲਾਂ ਦੀ ਲੜੀ ਅਤੇ ਮਾਰਟਿਨ ਸੀ. ਨੇ ਦਿ ਮਿਰਰ ਥੀਫ ਨਾਂ ਦੇ 2016 ਵਿਚ ਪ੍ਰਕਾਸ਼ਿਤ ਤਾਜ਼ਾ ਨਾਵਲ ਵਿਚ ਬਰੂਨੋ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਚਿਲਡਰਨ ਆਫ ਗਾਡ (ਮੇਰੀ ਰਸਲ), ਦਿ ਐਕਸੀਡੈਂਟਲ ਟਾਈਮ ਮਸ਼ੀਨ (ਜੋ ਹੈਲਡਮੈਨ) ਤੇ ਦਿ ਪਿਕਚਰ ਆਫ ਡੋਰੀਅਨ ਗਰੇ (ਆਸਕਰ ਵਾਈਲਡ) ਵਿਚ ਬਰੂਨੋ ਦੇ ਹਵਾਲੇ ਹਨ। ਕੁਝ ਵਰ੍ਹੇ ਪਹਿਲਾਂ ਬਿਹਾਰ ਵਿਚ ਮਜ਼ਦੂਰ ਔਰਤਾਂ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਇਸ ਘਟਨਾ ਨੂੰ ਆਧਾਰ ਬਣਾ ਕੇ ਹਿੰਦੀ ਕਵੀ ਆਲੋਕ ਧਨਵਾ ਨੇ ਜਿਹੜੀ ਕਵਿਤਾ ਲਿਖੀ, ਉਸ ਦਾ ਨਾਂ ‘ਬਰੂਨੋ ਕੀ ਬੇਟੀਆਂ’ ਰੱਖਿਆ ਸੀ। ਚਰਚ ਵਲੋਂ ਬਰੂਨੋ ਦੀਆਂ ਲਿਖਤਾਂ ਉਤੇ ਲਾਈ ਪਾਬੰਦੀ ਦਾ 1966 ਤਕ ਜਾਰੀ ਰਹਿਣਾ ਦੁਨੀਆਂ ਵਿਚ ਸਿਆਣੇ ਤੇ ਵਿਕਸਿਤ ਸਮਾਜ ਤੇ ਸਭਿਆਚਾਰ ਦਾ ਵਾਰਿਸ ਹੋਣ ਦਾ ਦਾਅਵਾ ਕਰਨ ਵਾਲੇ ਪੱਛਮ ਦੇ ਚਿਹਰੇ ਉਤੇ ਕਦੇ ਨਾ ਮਿਟਣ ਵਾਲਾ ਧੱਬਾ ਹੈ।