ਸਫਰ ਦਾ ਸ਼ਬਦਨਾਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਵਾਰਤਕ ਹੈ ਜਾਂ ਕਵਿਤਾ।

ਡਾ. ਭੰਡਾਲ ਨੇ ਪਿਛਲੇ ਲੇਖ ਵਿਚ ਮੁਸਕਰਾਹਟ ਦੀਆਂ ਨਿਆਮਤਾਂ ਦੱਸੀਆਂ ਸਨ। ਉਨ੍ਹਾਂ ਕਿਹਾ ਸੀ, “ਮੁਸਕਰਾਹਟ, ਸਰੀਰ ਦੇ ਅੰਗ-ਅੰਗ ਦਾ ਵਜਦ ਵਿਚ ਆਉਣਾ, ਪੂਰਨਤਾ ਦੀ ਲਗਨ ਦਾ ਗੁਣਗੁਣਾਉਣਾ ਅਤੇ ਸੁਖਦ-ਨਾਦ ਨੂੰ ਜੀਵਨ-ਧਰਾਤਲ ‘ਚ ਉਪਜਾਉਣਾ।” ਸਫਰ ਪੈਂਡੇ ਦਾ ਵੀ ਹੈ ਅਤੇ ਜ਼ਿੰਦਗੀ ਦਾ ਵੀ। ਹਥਲੇ ਲੇਖ ਵਿਚ ਸਫਰ ਦੀ ਗੱਲ ਕਰਦਿਆਂ ਡਾ. ਭੰਡਾਲ ਕਹਿੰਦੇ ਹਨ, “ਸਫਰ ਚੰਗਾ ਜਾਂ ਮਾੜਾ ਨਹੀਂ ਹੁੰਦਾ। ਸਫਰ-ਸੋਚ ਨੇ ਹੀ ਸਫਰ ਨੂੰ ਚੰਗਿਆਈ ਜਾਂ ਬੁਰਿਆਈ, ਨਿਆਰਾਪਣਾ ਜਾਂ ਬੁੱਸਾਪਣ, ਸਾਰਥਕਤਾ ਜਾਂ ਬੇਲੋੜਾਪਣ, ਸੰਭਵ ਜਾਂ ਅਸੰਭਵ ਬਣਾਉਣਾ ਹੁੰਦਾ।” ਉਨ੍ਹਾਂ ਦੀ ਨਸੀਹਤ ਹੈ, “ਸਫਰ ਕਰਨਾ ਏ ਤਾਂ ਸੁਪਨਿਆਂ ਦਾ, ਸਫਲਤਾਵਾਂ ਦਾ, ਸੱਚ-ਮਾਰਗ ਤੇ ਸੂਖਮ-ਸੰਵੇਦਨਾਵਾਂ ਦਾ ਕਰੋ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਸਫਰ, ਨਿਰੰਤਰ ਸਾਧਨਾ, ਸੇਧਤ ਕਦਮ, ਟੀਚੇ ਪ੍ਰਾਪਤੀ ਦਾ ਜਨੂਨ, ਅਸੰਭਵ ਨੂੰ ਸੰਭਵ ਕਰਨ ਦਾ ਯਤਨ ਅਤੇ ਹੌਂਸਲੇ, ਹੱਠ, ਦ੍ਰਿੜਤਾ ਅਤੇ ਦਿਆਨਤਦਾਰੀ ਦਾ ਵਹਿੰਦਾ ਝਰਨਾ।
ਸਫਰ, ਸੁਪਨਾ, ਸਪੱਸ਼ਟਤਾ, ਸਖਤ ਮਿਹਨਤ, ਸੰਪੂਰਨਤਾ ਅਤੇ ਸਫਲਤਾ ਵਿਚੋਂ ਉਦੈ ਹੁੰਦਾ ਕਿਰਨ ਦਾ ਜਲੌਅ ਅਤੇ ਖੁਦ ‘ਚੋਂ ਖੁਦ ਦਾ ਪਰਤੌਅ।
ਸਫਰ ‘ਤੇ ਤੁਰਨਾ, ਸ਼ੁਭ ਅਰੰਭ, ਆਸ ਦਾ ਜਨਮ, ਅਕੀਦਾ ਪ੍ਰਾਪਤੀ ਦੀ ਭੁੱਖ, ਸੋਚ ਦਾ ਮੌਲਦਾ ਰੁੱਖ ਜੋ ਬੀਜਦਾ ਏ ਸਮਿਆਂ ਦੀ ਜੂਹੇ ਸੁੱਖ ਹੀ ਸੁੱਖ।
ਸਫਰ ‘ਤੇ ਤੁਰਨ ਤੋਂ ਪਹਿਲਾਂ ਸਫਰ ਨੂੰ ਸਮਝਣਾ, ਕਿਹੜੇ ਸਫਰ ‘ਤੇ ਤੁਰਨ ਦੀ ਤਿਆਰੀ ਆ, ਕਿਸ ਨੇ ਜੀਵਨ-ਰੱਥ ‘ਤੇ ਕੀਤੀ ਸਵਾਰੀ ਆ। ਜਾਣ ਲੈਣਾ ਕਿ ਖੁਦ ਤੋਂ ਅਣਜਾਣ ਹੋਣਾ ਹੀ ਵੱਡੀ ਖੁਆਰੀ ਆ। ਤੁਰਨ ਤੋਂ ਪਹਿਲਾਂ ਇਹ ਜਰੂਰ ਯਾਦ ਰਖਣਾ ਕਿ ਸਫਰ ਕਿਉਂ ਜਰੂਰੀ, ਕੀਕਣ ਤੁਰਨਾ, ਕਿਹੜੀਆਂ ਦੁਸ਼ਵਾਰੀਆਂ, ਦਿੱਕਤਾਂ ਅਤੇ ਦਮਦਾਰੀਆਂ ਦਾ ਸਾਹਮਣਾ ਕਰਨਾ ਪੈਣਾ? ਇਸ ਸਫਰ ‘ਚੋਂ ਕਿਹੜੀਆਂ ਉਪਲਬਧੀਆਂ ਦਾ ਸ਼ਿਲਾਲੇਖ ਤੁਸੀਂ ਬਣੋਗੇ?
ਸਫਰ ਦੌਰਾਨ ਸਫਲਤਾ ਅਤੇ ਅਸਫਲਤਾ ਵਿਚਲੇ ਸੰਤੁਲਨ ਜਾਂ ਅਸਾਵੇਂਪਣ ਨੂੰ ਸਮਝਣ ਦੀ ਬਹੁਤ ਲੋੜ।
ਕੁਝ ਲੋਕ ਜਿਉਣ ਦਾ ਸਫਰ ਕਰਦੇ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਯਾਦਾਂ ਬਹੁਤ ਜਲਦੀ ਅਲੋਪ ਹੋ ਜਾਂਦੀਆਂ, ਪਰ ਕੁਝ ਲੋਕ ਮਰਨ ਦਾ ਸਫਰ ਵੀ ਕਰਦੇ। ਲੋਕ-ਹਿੱਤ ਲਈ ਮਰਨਾ, ਸਦਾ ਸਜੀਵ ਰਹਿਣਾ ਜਦ ਕਿ ਨਿੱਜੀ ਸਵਾਰਥ ਲਈ ਮਰਨਾ, ਮਿੱਟੀ ਦਾ ਅਕਾਰਥ ਜਾਣਾ।
ਸਫਰ ਤਾਂ ਸਫਰ ਹੀ ਹੁੰਦਾ। ਇਹ ਭਾਵੇਂ ਸਾਹ-ਸੰਗੀਤ ਦੀ ਸੁਪਨ-ਸਿਰਜਣਾ ਹੋਵੇ, ਕਿਰਤ-ਕਾਮਨਾ ਦੀ ਕਰਮਯੋਗਤਾ ਹੋਵੇ, ਸੱਚ ਦਾ ਹੋਕਰਾ ਦੇਣਾ ਹੋਵੇ ਜਾਂ ਅਸੰਭਵ ਵਿਚੋਂ ਸੰਭਵ ਦੀ ਤਾਮੀਰਦਾਰੀ ਹੋਵੇ।
ਕਲਮੀ ਸਫਰ ਹਰਫਾਂ ਦੇ ਪਿੰਡੇ ‘ਤੇ ਜੁਗਨੂੰ ਬੀਜਦਾ, ਵਰਕਿਆਂ ਨੂੰ ਦਗਣ ਲਾਉਂਦਾ। ਪਰ ਕਈ ਵਾਰ ਨਫਰਤ ਦੀਆਂ ਕਲਮਾਂ ਬੀਜਣ ਦਾ ਇਹ ਸਫਰ, ਮੌਤ-ਵਣਜ ਲਈ ਉਕਸਾਹਟ ਵੀ ਬਣਦਾ।
ਕਾਮਲ-ਸਫਰ, ਚਾਰ ਉਦਾਸੀਆਂ ਦਾ ਰੂਪ ਧਾਰ, ਨਾਨਕ-ਸੋਚ ਦਾ ਪ੍ਰਚਮ ਚਾਰ ਦਿਸ਼ਾਵਾਂ ਵਿਚ ਲਹਿਰਾਉਂਦਾ। ਹੱਕ ਸੱਚ ਦੀ ਬੁਲੰਦਗੀ ਅਤੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਜਾਂ ‘ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ’ ਦਾ ਪੈਗਾਮ ਬਣ, ‘ਮਿਟੀ ਧੁੰਦ ਜਗ ਚਾਨਣ ਹੋਆ’ ਦਾ ਐਲਾਨਨਾਮਾ ਹੁੰਦਾ।
ਸਫਰ ਤਾਂ ਬਾਪ ਦੇ ਪੈਰਾਂ ਵਿਚ ਵੀ ਹੁੰਦਾ ਜਿਸ ਦੌਰਾਨ ਉਹ ਸਿਆੜਾਂ ‘ਚ ਮੁੜਕਾ ਬੀਜ ਸੋਨਾ ਉਗਾਉਂਦਾ। ਬੱਚਿਆਂ ਦੀ ਸੋਚ ਵਿਚ ਫਟੀਆਂ ਕੋਰਾਂ ਅਤੇ ਪੈਰਾਂ ‘ਚ ਬਿਆਈਆਂ ਦੇ ਦਰਦ ਧਰਦਾ। ਮਤਾੜੇ ਬਲਦ ਦੀ ਦਰਦ-ਚੇਤਨਾ, ਸੱਚੀ-ਸੁੱਚੀ ਕਿਰਤ ਦਾ ਹਲਫਨਾਮਾ ਬਣਦੀ।
ਸਫਰ ਜਦ ਕਲਾ ਦਾ ਦੀਪ ਜਗਾਵੇ ਤਾਂ ਬੁਰਸ਼-ਲਕੀਰਾਂ ਨੂੰ ਆਕ੍ਰਿਤੀਆਂ ਬਣਾਵੇ, ਅਬੋਲ ਕਿਰਤਾਂ ਨੂੰ ਬੋਲਣ ਲਾਵੇ, ਅਹਿਸਾਸਾਂ ਦੀ ਧੜਕਣ ਉਪਜਾਵੇ, ਮੱਥਿਆਂ ‘ਚ ਤਾਰਾ ਉਗਾਵੇ ਅਤੇ ਕਦੇ ਕਦਾਈਂ ਤਾਂ ਮੱਥੇ ‘ਤੇ ਚੰਦ ਦਾ ਟਿੱਕਾ ਵੀ ਲਾਵੇ।
ਸਫਰ ਜਾਂ ਸੂਲੀ ਵੰਨੀਂ ਕਦਮ ਵਧਾਵੇ ਤਾਂ ਹਵਾਵਾਂ ‘ਚ ਗਰਮ-ਜੋਸ਼ੀ ਉਪਜਾਵੇ, ਇਕ ਪ੍ਰਣ ਨਿਭਾਵੇ, ਮੌਤ ਨੂੰ ਕੰਬਣ ਲਾਵੇ ਅਤੇ ਅਮਿੱਟ ਹਸਤਾਖਰ ਤਾਜ਼ਾ ਤਹਿਰੀਕ ਦੇ ਨਾਮ ਕਰ ਜਾਵੇ।
ਸਫਰ ਤਾਂ ਸਮਿਆਂ ਦਾ ਸੱਚ। ਜੀਵਨ ਧੜਕਣ ਦਾ ਨਾਮ, ਤ੍ਰੇਲ ਬੂੰਦਾਂ, ਕੋਮਲ ਪੱਤੀਆਂ ‘ਤੇ ਕਣੀਆਂ ਦੀ ਸਰਸਰਾਹਟ ਅਤੇ ਪੰਛੀਆਂ ਦੀ ਜੁਗਲਬੰਦੀ। ਹਰੇਕ ਸਫਰੀ ਪੜਾਅ ‘ਚ ਨਿਰੰਤਰ ਗਤੀਸ਼ੀਲ।
ਸਮੁੱਚਾ ਬ੍ਰਹਿਮੰਡ ਸਫਰ ‘ਚ। ਇਕ ਨਿਰੰਤਰਤਾ। ਜੀਵਨ ਦੀ ਗਤੀਸ਼ੀਲਤਾ ਵਿਚੋਂ ਹੀ ਗਾਡ ਪਰਟੀਕਲ, ਅਮੀਬਾ ਅਤੇ ਸਮੁੱਚਾ ਜੀਵ-ਸੰਸਾਰ ਹੋਂਦ ਵਿਚ ਆਇਆ।
ਸਫਰ, ਨਰੋਈ ਸੋਚ, ਵਿਹਾਰਕ-ਨਿਆਰਾਪਣ, ਸੇਧ-ਸੰਵੇਦਨਾ ਅਤੇ ਸੁਘੜ-ਸਿਆਣਪਾਂ ਵਿਚਲੀ ਨਿਰੰਤਰ ਤਾਜ਼ਗੀ ਅਤੇ ਤਤਪਰਤਾ ਦਾ ਨਾਮ।
ਸਫਰ ਚੰਗਾ ਜਾਂ ਮਾੜਾ ਨਹੀਂ ਹੁੰਦਾ। ਸਫਰ-ਸੋਚ ਨੇ ਹੀ ਸਫਰ ਨੂੰ ਚੰਗਿਆਈ ਜਾਂ ਬੁਰਿਆਈ, ਨਿਆਰਾਪਣਾ ਜਾਂ ਬੁੱਸਾਪਣ, ਸਾਰਥਕਤਾ ਜਾਂ ਬੇਲੋੜਾਪਣ, ਸੰਭਵ ਜਾਂ ਅਸੰਭਵ ਬਣਾਉਣਾ ਹੁੰਦਾ।
ਸਫਰ ਤਾਂ ਸੁਪਨੇ ਦਾ ਵੀ ਹੁੰਦਾ। ਇਕ ਸੋਚ/ਵਿਚਾਰ ਦਾ ਮਨ-ਮਸਤਕ ਵਿਚ ਪਨਪਣਾ ਅਤੇ ਇਸ ਦੀ ਆਧਾਰਸ਼ਿਲਾ ‘ਚੋਂ ਸੁਪਨਾ ਸਿਰਜਣਾ ਅਤੇ ਫਿਰ ਸੰਪੂਰਨਤਾ ਲਈ ਸੱਚਾ ਸਮਰਪਣ ਅਤੇ ਸਾਧਨਾ।
ਸਫਰ, ਹਮਸਫਰ ਸੰਗ ਹੋਵੇ ਤਾਂ ਪੈਰਾਂ ਵਿਚ ਮਚਲਦਾ ਚਾਅ, ਮੰਜ਼ਿਲਾਂ ਲਈ ਵਿਛਦੇ ਰਾਹ, ਕਦਮਾਂ ਵਿਚ ਤੇਜ਼ੀ ਦਾ ਉਮਾਹ, ਨਵੀਂ ਪਰਵਾਜ਼ ਲਈ ਮਨ ‘ਚ ਮਚਲਦਾ ਉਤਸ਼ਾਹ। ਅਜਿਹੇ ਸਫਰ ਦੇ ਨਾਂਵੇਂ ਹੁੰਦੇ ਕੋਸੇ ਕੋਸੇ ਸਾਹ, ਲੱਜ਼ਤ ਭਰੀ ਰਵਾਨਗੀ, ਚਿਹਰੇ ‘ਤੇ ਭਾਅ ਅਤੇ ਨਵੀਆਂ ਬੁਲੰਦੀਆਂ ਨੂੰ ਸਿਰਜਣ ਦਾ ਸ਼ੁਦਾਅ।
ਸਫਰ, ਸਮਿਆਂ ਦੀ ਵੱਖੀ ਵਿਚ ਮਾਰੀ ਆਰ, ਫੜ੍ਹੀ ਤੇਜ਼ ਰਫਤਾਰ ਜਿਸ ਦੇ ਸੰਗ ਵਿਚੋਂ ਉਠਦਾ ਨਵਾਂ ਉਭਾਰ।
ਇਹ ਕੇਹਾ ਸਫਰ ਏ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲ, ਜੀਵਨ-ਬਰਬਾਦੀ ਦੀ ਸਫ ਵਿਛਾਉਂਦਾ, ਖੁਦ ਦੀ ਅਰਥੀ ਮੋਢੇ ‘ਤੇ ਟਿਕਾਉਂਦਾ ਏ।
ਸਫਰ ਤਾਂ ਇਹ ਵੀ ਨਮੋਸ਼ੀ ਵਾਲਾ ਜੋ ਖੁਦਕੁਸ਼ੀਆਂ ਨੂੰ ਜਾਂਦਾ, ਧਾਰਮਿਕਤਾ ਨੂੰ ਕਤਲਗਾਹ ਬਣਾਉਂਦਾ, ਮਾਪਿਆਂ ਨੂੰ ਬਿਰਧ ਘਰਾਂ ‘ਚ ਪਹੁੰਚਾਉਂਦਾ ਅਤੇ ਆਪਣਿਆਂ ਨੂੰ ਆਪਣਿਆਂ ਦੇ ਕਤਲ ਲਈ ਉਕਸਾਉਂਦਾ।
ਸਫਰ ਦਰਿਆ ਵਰਗਾ ਹੋਵੇ ਤਾਂ ਤਰਲਤਾ ‘ਚੋਂ ਜੀਵਨ ਮੌਲਦਾ, ਰਵਾਨਗੀ ਜੀਵਨ ਤਾਲ ਦਿੰਦੀ, ਮਨੁੱਖ ਤੇ ਮਨੁੱਖਤਾ ਦੇ ਸਿਰਜਣਹਾਰੇ ਦਰਿਆਵਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਉਨ੍ਹਾਂ ਦੀ ਹਿੱਕ ‘ਚ ਬਰੇਤੇ ਉਗਣਗੇ? ਬਰੇਤੇ ਹੀ ਸਾਡੀ ਕਬਰਗਾਹ ਨੇ।
ਸਫਰ ਕਰਨਾ ਏ ਤਾਂ ਸੁਪਨਿਆਂ ਦਾ, ਸਫਲਤਾਵਾਂ ਦਾ, ਸੱਚ-ਮਾਰਗ ਤੇ ਸੂਖਮ-ਸੰਵੇਦਨਾਵਾਂ ਦਾ ਕਰੋ।
ਸਫਰ ਨਿਰੰਤਰ ਜਾਰੀ ਰੱਖੋ ਕਿਉਂਕਿ ਨਿਰੰਤਰਤਾ ਨੇ ਹੀ ਨਵੀਆਂ ਤਰਜ਼ੀਹਾਂ ਅਤੇ ਤਰੱਕੀਆਂ ਨੂੰ ਤੁਹਾਡੇ ਨਾਮ ਕਰਨਾ ਏ।
ਸਫਰ ਨੂੰ ਜਾਰੀ ਰੱਖੋ ਸਦੀਵ, ਸਫਰ ਦਾ ਇਹੀ ਪੈਗਾਮ। ਸਫਰ ਦੀ ਜੂਹੇ ਸੁਪਨੇ ਉਪਜਣ ਤੇ ਸਫਰ-ਸੁਰਾਹੀ ਜਾਮ। ਸਫਰ ਸਰੂਰ ‘ਚ ਚੜ੍ਹੇ ਸਵੇਰਾ, ਸਫਰ ਅੰਤ ‘ਚ ਸ਼ਾਮ। ਸਫਰ ਤਾਂ ਹੁੰਦਾ ਮੂਕ-ਮੋਕਸ਼ ਤੇ ਕਦੇ ਕਦਾਈਂ ਲਾਮ। ਸਫਰ ਹੁੰਦਾ ਸੋਚ-ਦਰਗਾਹ ਅਤੇ ਰੂਹ ਦਾ ਵਿਹੜਾ ਧਾਮ। ਸਫਰ ਨੂੰ ਸਦਾ ਕਰਦੇ ਰਹਿਣਾ, ਹਰ ਪੈਰ ਦੇ ਨਾਮ। ਸਫਰ ‘ਚ ਹੁੰਦੇ ਕੁਝ ਅਧੂਰੇ ਅਤੇ ਕੁਝ ਸੰਪੂਰਨ ਕਾਮ। ਸਫਰ-ਸੰਗਮ ਦੇ ਸਾਹੀਂ ਪ੍ਰਗਟ, ਮਨ ਚਿਤਵਿਆ ਰਾਮ। ਸਫਰ ਵਿਚੋਂ ਨਿੱਤ ਊਦੈ ਹੁੰਦਾ, ਸੋਚ-ਸੰਜੋਇਆ ਸ਼ਾਮ। ਸਫਰ ਹੀ ਬੰਦਗੀ, ਸਫਰ ਅਰਦਾਸ, ਸਫਰ ਹੀ ਸੁਹਜ ਵਿਚਾਰ। ਸਫਰ ਕਰਮ-ਧਰਮ ਦੀ ਪੌੜੀ, ਸਫਰ ਹੀ ਸ਼ੁਭ ਅਚਾਰ। ਸਫਰ ‘ਚ ਅੰਬਰੀਂ ਤਾਰੇ ਉਗਦੇ, ਤੇ ਸਫਰ-ਸਬੂਰੀ ਭਾਅ। ਸਫਰ ‘ਚ ਕੰਧਾਂ ਕਮਰਾ ਹੁੰਦੀਆਂ ਤੇ ਘਰ ਨੂੰ ਚੜ੍ਹਦਾ ਚਾਅ। ਸਫਰ ਸੰਜੀਵਨੀ, ਸਫਰ ਸੰਧੂਰੀ, ਜਾਂ ਸਫਰ ਸੁਗੰਧੀ ਲੋਰ। ਸਫਰ ਦੀ ਬੀਹੀ ਪੈਲਾਂ ਪਾਉਂਦਾ, ਤਦ ਕਲਹਿਰੀ ਮੋਰ।
ਜੀਵਨ ਇਕ ਸਫਰਨਾਮਾ। ਸੋਚ, ਵਿਚਾਰ, ਵਤੀਰਾ, ਵਿਅਕਤੀਤਵ ਅਤੇ ਸੁਪਨ-ਉਡਾਣ ਵਿਚਲੀ ਸਮਦ੍ਰਿਸ਼ਟੀ, ਇਸ ਨੂੰ ਸੁਖਾਵਾਂ, ਸੁਖਨ ਅਤੇ ਸਹਿਜ ਬਣਾਉਂਦੇ। ਕਈ ਵਾਰ ਸਫਰ ਦਾ ਅਸਾਵਾਂਪਣ ਅਸੀਂ ਨਵੀਂ ਪੀੜ੍ਹੀ ਦੇ ਨਾਮ ਕਰ, ਸਮਾਜਕ ਅਸਾਵੇਂਪਣ ਦਾ ਕਾਰਨ ਬਣਦੇ। ਸਾਵੇਂ ਸਫਰ ‘ਚ ਤਾਂ ਹਰ ਪਹਿਰ ਹੀ ਹੁੰਦਾ ਏ ਸੰਦਲੀ ਦੁਪਹਿਰਾ।
ਸਫਰ ਦੀ ਕਿਸਮ, ਆਧਾਰ, ਰੂਪ ਅਤੇ ਔਕਾਤ, ਰਾਹੀ ‘ਤੇ ਨਿਰਭਰ। ਸਫਰ ਵਿਚ ਥੱਕੇ ਟੁੱਟੇ ਰਾਹੀ ਸਫਰ ਨੂੰ ਕਿੰਜ ਪੂਰਾ ਕਰਨਗੇ? ਸਫਰ-ਸੰਪੂਰਨਤਾ ਲਈ ਸਰੀਰਕ ਤੰਦਰੁਸਤੀ ਨਾਲੋਂ ਮਾਨਸਿਕ ਤੰਦਰੁਸਤੀ ਜ਼ਿਆਦਾ ਜਰੂਰੀ।
ਸਫਰ ਨੂੰ ਸਮੁੱਚ ਵਿਚ ਸਮਝਣਾ, ਨਿੱਜ ਦਾ ਸਵਾਲ। ਸਫਰ ਦੀ ਪੂਰਤੀ ਲਈ ਸਿਰ-ਧੜ ਦੀ ਬਾਜੀ ਲਾਉਣਾ ਜਰੂਰੀ।
ਸਫਰ ਤਾਂ ਮਨ ਦੀ ਉਡਾਣ ਦਾ ਵੀ ਹੁੰਦਾ ਜੋ ਕਿਸੇ ਵੀ ਵੇਲੇ ਅਤੇ ਕਿਸੇ ਸੋਚ-ਤਰੰਗ ਦਾ ਹੁੰਦਾ। ਅਜਿਹੇ ਸਫਰ ਵਿਚ ਸੁੱਚਮਤਾ ਨੂੰ ਬਰਕਰਾਰ ਰੱਖ, ਦੁਨਿਆਵੀ ਝੰਜਟਾਂ, ਰੌਲੇ-ਰੱਪੇ ਅਤੇ ਗਿਲੇ ਸ਼ਿਕਵਿਆਂ ਤੋਂ ਬੇ-ਨਿਆਜ਼ੀ।
ਸਫਰ ਕਦੇ ਵੀ ਇਕਸਾਰ ਜਾਂ ਸੁਖਾਵਾਂ ਨਹੀਂ ਹੁੰਦਾ। ਟੋਏ-ਟਿੱਬੇ, ਊਬੜ-ਖਾਭੜ ਰਾਹਾਂ ਵਿਚੋਂ ਹੀ ਖੁਦ ਲਈ ਰਾਹ ਸਿਰਜਣਾ ਪੈਂਦਾ ਅਤੇ ਮੱਥੇ ‘ਤੇ ਨਵੇਂ ਦਿਸਹੱਦਿਆਂ ਦੀ ਪੈੜ ਖੁਣਵਾਉਣੀ ਪੈਂਦੀ।
ਸਫਰ ਹੈ ਤਾਂ ਸਾਹ ਹੈ, ਧੜਕਣ ਹੈ, ਜੀਵਨ ਹੈ। ਇਸ ਸਫਰ ‘ਚ ਜਨਮ, ਰੁਕਾਵਟਾਂ, ਅਲਾਮਤਾਂ, ਢਲਦੀ ਸ਼ਾਮ ਅਤੇ ਸਰੀਰ ਦਾ ਮਿੱਟੀ ਹੋਣਾ, ਵੱਖੋ-ਵੱਖਰੇ ਪੜਾਅ ਅਤੇ ਇਨ੍ਹਾਂ ਨੂੰ ਜ਼ਿੰਦਾ ਦਿਲੀ ਨਾਲ ਮਾਣਨਾ, ਪਰਮ ਧਰਮ।
ਖਿੜੀ ਬਹਾਰ, ਰੰਗੀਨ ਸਾਥ, ਸੋਚ-ਬਰਾਬਰੀ ਅਤੇ ਤਾਲ ਸੰਗ ਤਾਲ ਹੋਵੇ ਤਾਂ ਸਫਰ ਬਣਦਾ ਪੈਗੰਬਰੀ ਹੁਲਾਰ। ਅਜਿਹਾ ਹੁਲਾਰ ਹਰੇਕ ਦਾ ਸਬੱਬ ਅਤੇ ਸੁਯੋਗ ਬਣੇ, ਕਲਮ ਕਾਮਨਾ ਕਰਦੀ।
ਸਫਰ ਬਣ ਕੇ ਵਿਛਿਆ ਸੀ ਜੋ ਰਾਹਾਂ ‘ਚ, ਧੜਕਣ ਦਾ ਇਕ ਨਾਮ ਬਣ ਗਿਆ ਸਾਹਾਂ ‘ਚ। ਸਫਰ-ਮਾਰਗੀਂ ਜੀਹਨੇ ਕਿਰਨਾਂ ਕੇਰੀਆਂ ਨੇ, ਉਨ੍ਹਾਂ ਪੁੰਗਰ ਕੇ ਕੀਤੀਆਂ ਛਾਂਵਾਂ ਘਨੇਰੀਆਂ ਨੇ। ਸਫਰ ਦੀ ਜੂਹ ਨੂੰ ਜਿਸ ਨੇ ਰੂਹ ਨਾਲ ਸਿੰਜਿਆ ਏ, ਕਿਰਤ-ਕਰਮ ਦੇ ਰੂੰ ਨੂੰ ਸਫਰ ਨੇ ਪਿੰਜਿਆ ਏ। ਸਫਰ ਦੀ ਸਰਘੀ ਜਦ ਮਸਤਕ ਦਾ ਭਾਗ ਬਣੀ, ਪੌਣ-ਰੁਮਕਣੀ ਜਿੰਦ-ਸੁਹਜ ਦਾ ਰਾਗ ਬਣੀ। ਸਫਰ-ਸੁਗੰਧ ਨੂੰ ਜਿਸ ਨੇ ‘ਕੇਰਾਂ ਮਾਣ ਲਿਆ, ਸਮਝੋ ਖੁਦ ਨੂੰ ਖੁਦ ‘ਚੋਂ ਜਾਣ ਲਿਆ।
ਸਫਰ ਨੂੰ ਸਭ ਤੋਂ ਪਹਿਲਾਂ ਸੋਚ ‘ਚ ਉਗਾਓ, ਉਸ ਨੂੰ ਸੁਪਨਿਆਂ ਦੀ ਜੂਹੇ ਪਾਓ, ਕਿਰਤ-ਕਾਮਨਾ ਦਾ ਅਰਘ ਚੜ੍ਹਾਓ, ਸਫਰ ਸੁੱਚਮਤਾ ਨੂੰ ਬੰਦਿਆਈ ਦਾ ਜਾਗ ਲਾਓ, ਇਸ ‘ਚ ਮਾਨਵਤਾ ਦਾ ਚਿਰਾਗ ਜਗਾਓ ਅਤੇ ਫਿਰ ਇਸ ਦੀ ਪੂਰਨਤਾ ਦਾ ਜਸ਼ਨ ਮਨਾਓ।