ਧੋਬੀ-ਪਹਿਲਵਾਨ, ਰਾਮਾ-ਖੇਲਾ ਵਾਲਾ ਸਰਬਣ

ਇਕਬਾਲ ਜੱਬੋਵਾਲੀਆ
ਫੋਨ: 917-375-6395
ਰਾਮਾ-ਖੇਲਾ ਦਾ ਜ਼ਿਕਰ ਆਉਂਦਿਆਂ ਹੀ ਸਰਬਣ ਪਹਿਲਵਾਨ ਸਾਡੇ ਚੇਤੇ ਆ ਜਾਂਦਾ ਹੈ। ਇਸ ਪਿੰਡ ਨੂੰ ਬਹੁਤਾ ਸਰਬਣ ਕਰਕੇ ਜਾਣਿਆਂ ਜਾਂਦਾ ਹੈ। ਉਹ ਸਰਬਣ ਜਿਸ ਨੇ ਬੜੇ-ਬੜੇ ਪਹਿਲਵਾਨਾਂ ਨੂੰ ਮਿੰਟਾਂ-ਸਕਿੰਟਾਂ ਵਿਚ ਚਿਤ ਕੀਤਾ, ਉਨ੍ਹਾਂ ਦੀਆਂ ਗੋਡਣੀਆਂ ਲੁਆਈਆਂ। ਅਲੀ-ਅਲੀ ਕਰਦੇ ਨੇ ਜਾਣਾ ਤੇ ਧੋਬੀ ਮਾਰ ਅਲੀ-ਅਲੀ ਕਰਦੇ ਨੇ ਵਾਪਸ ਆ ਜਾਣਾ। ਰੂਪੋਵਾਲ, ਗੜ੍ਹੀ ਅਜੀਤ ਸਿੰਘ (ਬਲੌਣੀ) ਦੀ ਛਿੰਝ, ਸ਼ੰਕਰ, ਝਿੰਗੜਾਂ, ਸੁਜੋਂ-ਸੂਰਾਪੁਰ, ਗੈਲ-ਮਜ਼ਾਰੀ ਅਤੇ ਹੋਰ ਪਿੰਡਾਂ ਦੀਆਂ ਛਿੰਝਾਂ ਵਿਚ ਸਰਬਣ ਦੀ ਹਮੇਸ਼ਾ ਝੰਡੀ ਰਹੀ। ਸ਼ਿੰਦਾ ਪੱਟੀ ਵਾਲਾ ਅਤੇ ਸੁਰਜੀਤ ਲੱਲੀਆਂ ਵਰਗੇ ਮੱਲ ਸਰਬਣ ਦੀ ਪਹਿਲਵਾਨੀ ਦੇ ਦੀਵਾਨੇ ਸਨ।
ਚੜ੍ਹਾਈ ਦੇ ਦਿਨਾਂ ‘ਚ ਕਿਸੇ ਭਈਏ ਭਲਵਾਨ ਨਾਲ ਕਲਕੱਤੇ ਕੁਸ਼ਤੀ ਹੋਈ। ਭਈਆ ਖਾ-ਖਾ ਖ਼ੁਰਾਕਾਂ ਪਲਿਆ ਪਿਆ ਸੀ। ਸਰਬਣ ਨਾਲੋਂ ਕਿਤੇ ਤਕੜਾ ਸੀ। ਕੁਸ਼ਤੀ ਚੱਲੀ ਨੂੰ ਹਾਲੇ 15 ਕੁ ਮਿੰਟ ਹੀ ਹੋਏ ਤਾਂ ਸਰਬਣ ਨੇ ਧੋਬੀ ਮਾਰੀ ਤੇ ਭਈਆ ਅਹੁ ਚੌਫ਼ਾਲ ਮਾਰਿਆ। ਧਰਤੀ ‘ਤੇ ਪਿਆ ਭਈਆ ਆਲਾ-ਦੁਆਲਾ ਦੇਖੇ। ਧੋਬੀ ਮਾਰ ਕੇ ਸਰਬਣ ਹਰਨ ਹੋ ਗਿਆ। ਲੋਕਾਂ ਨੇ ਉਹਦੇ ਹਾਰ ਪਾਏ ਤੇ ਪੈਸਿਆਂ ਦਾ ਮੀਂਹ ਵਰ੍ਹਾਇਆ। ਰੂਪੋਵਾਲ ਦੇ ਸ਼ਿਕਾਗੋ ਰਹਿੰਦੇ ਬਾਬਾ ਸੰਤੋਖ ਸਿੰਘ ਨੇ ਸੰਨ 1956 ਵਿਚ ਅੱਖੀਂ ਵੇਖਿਆ ਇਹ ਵਾਕਿਆ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਕੰਮ ਮਿਲਣਾ ਘੱਟ ਜਾਂਦਾ ਸੀ ਤਾਂ ਉਹ ਕਲਕੱਤੇ ਚਲੇ ਜਾਂਦੇਂ ਸਨ। ਉਹ ਵੀ ਕੰਮ ਕਰਨ ਕਲਕੱਤੇ ਚਲਿਆ ਜਾਂਦਾ ਤੇ ਸਰਬਣ ਦੀਆਂ ਕੁਸ਼ਤੀਆਂ ਜਰੂਰ ਵੇਖਦਾ। ਉਸ ਦਾ ਕਹਿਣਾ ਹੈ ਕਿ ਸਰਬਣ ਵਰਗਾ ਕੋਈ ਆਮ ਭਲਵਾਨ ਨਹੀਂ ਜੰਮਣਾ, ਉਹ ਪੂਰਾ ਤੁਫ਼ਾਨ ਸੀ ਤੁਫ਼ਾਨ, ਪੈਰਾਂ ਨਾਲ ਪੁੱਟ-ਪੁੱਟ ਮਿੱਟੀ ਪਰਾਹਾਂ ਨੂੰ ਸੁਟਦਾ। ਉਹਨੇ ਸ਼ੰਕਰ ਅਤੇ ਰੂਪੋਵਾਲ ਵੀ ਸਰਬਣ ਦੀਆਂ ਕੁਸ਼ਤੀਆਂ ਵੇਖੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਛਿੰਝਾਂ ਵਿਚ ਦੋ ਪਾੜੇ ਹੁੰਦੇ ਸਨ-ਇਕ ਅੰਮ੍ਰਿਤਸਰੀਆਂ ਦਾ ਤੇ ਦੂਜਾ ਦੋਆਬੀਆਂ ਦਾ। ਸਰਬਣ ਤੇ ਮੇਹਰਦੀਨ ਹੁਣੀਂ ਦੋਆਬੀਆਂ ਵਲੋਂ ਘੁਲਦੇ ਹੁੰਦੇ ਸਨ।
ਕਲਕੱਤੇ ਚਾਰ ਨੰਬਰ ‘ਚ ‘ਕਲਕੱਤਾ ਕਮੇਟੀ’ ਵਲੋਂ ਹਰ ਸਾਲ ਕੁਸ਼ਤੀਆਂ ਕਰਾਈਆਂ ਜਾਂਦੀਆਂ ਸਨ। ਜਦੋਂ ਵੀ ਸਰਬਣ ਉਥੇ ਘੁੱਲਣ ਜਾਂਦਾ ਤਾਂ ਪੰਜਾਬ ਦੇ ਚੰਗੇ ਚੰਗੇ ਬਿਜਨਸਮੈਨ ਅਤੇ ਚੰਗੀਆਂ ਨੌਕਰੀਆਂ ਕਰਦੇ ਲੋਕ ਉਸ ਨੂੰ ਬੜਾ ਪਿਆਰ ਦਿੰਦੇ ਤੇ ਮਦਦ ਕਰਦੇ। ਉਹ ਠਹਿਰਦਾ ਵੀ ਉਨ੍ਹਾਂ ਦੇ ਘਰੀਂ। ਇਕ ਵਾਰ ਕਲਕੱਤੇ ਉਹਨੇ ਤਿੰਨ ਭਲਵਾਨ ਢਾਹੇ। ਸੰਸਥਾ ਵਲੋਂ ਸਰਬਣ ਦੀਆਂ ਗ਼ੁਰਜ਼ ਵਾਲੀਆਂ ਫ਼ੋਟੋਆਂ ਲਾਈਆਂ ਹੋਈਆਂ ਸਨ। ਅਫ਼ਸੋਸ, ਨਵੀਂ ਸੰਸਥਾ ਨੇ ਪੁਰਾਣੇ ਭਲਵਾਨਾਂ ਦੀਆਂ ਫ਼ੋਟੋਆਂ ਲਾਹ ਕੇ ਸੁੱਟ ਦਿਤੀਆਂ।
ਤਕੜਾ ਮੱਲ ਹੋਣ ਕਰਕੇ ਸਰਬਣ ਨੂੰ ਪੰਜਾਬ ਸਰਕਾਰ ਨੇ ਜ਼ਮੀਨ ਦੇਣ ਦਾ ਵਾਇਦਾ ਕੀਤਾ ਤਾਂ ਜੋ ਬੁਢਾਪਾ ਚੰਗੀ ਤਰ੍ਹਾਂ ਕੱਟਿਆ ਜਾਵੇ। ਪਹਾੜਾਂ ‘ਚ ਜ਼ਮੀਨ ਦੇਣ ਦਾ ਲਾਰਾ ਲਾਇਆ। ਜਾ ਕੇ ਵੇਖੀ ਤਾਂ ਉਹ ਜ਼ਮੀਨ ਵਾਹੀਯੋਗ ਨਹੀਂ ਸੀ, ਪਥਰੀਲੀ ਸੀ। ਪੰਜਾਬ ‘ਚ ਜ਼ਮੀਨ ਦੇਣਾ ਮੰਨ ਕੇ, ਮੁੱਕਰ ਗਏ। ਮੇਹਰਦੀਨ ਨੂੰ ਤਾਂ ਸ਼ਾਹਕੋਟ ਮਿਲ ਗਈ ਪਰ ਸਰਬਣ ਵਿਚਾਰਾ ਹੱਥ ਮੱਲਦਾ ਰਹਿ ਗਿਆ।
ਪਹਿਲੀਆਂ ‘ਚ ਸਰਬਣ ਨੇ ਗੇਜ਼ੇ, ਨਿੰਮੇ, ਭੱਜੀ ਅਤੇ ਮੇਹਰਦੀਨ ਵਰਗੇ ਪਹਿਲਵਾਨਾਂ ਨੂੰ ਢਾਹਿਆ। ਗੇਜੇ ਨੂੰ ਬਲੌਣੀ, ਨਿੰਮੇ ਨੂੰ ਸਮਰਾਵੀਂ, ਭੱਜੀ ਨੂੰ ਭਾਰ ਸਿੰਘਪੁਰੇ ਅਤੇ ਮੇਹਰਦੀਨ ਨੂੰ ਮਹਿਦਪੁਰ ਸੰਗਰਾਂਦ ਛਿੰਝ ‘ਤੇ। ਬਾਅਦ ‘ਚ ਮੇਹਰਦੀਨ ਕਾਫ਼ੀ ਤਕੜਾ ਹੋ ਗਿਆ। ਇਕ ਵਾਰ ਬਲੌਣੀ ਛਿੰਜ (ਗੜ੍ਹੀ ਅਜੀਤ ਸਿੰਘ) ‘ਚ ਮੇਹਰਦੀਨ ਨਾਲ ਕੋਈ ਘੁਲਿਆ ਨਹੀਂ ਸੀ। ਪ੍ਰਬੰਧਕ ਕਹਿਣ ਲੱਗੇ, ਚਲੋ ਮੇਹਰਦੀਨ ਨੂੰ ਪਟਕਾ ਦੇ ਦਿਓ। ਕੋਲ ਖੜਾ ਸਰਬਣ ਕਹਿਣ ਲੱਗਾ, “ਨਹੀਂ, ਪਟਕਾ ਇਸ ਤਰ੍ਹਾਂ ਨਹੀਂ ਲਿਜਾ ਸਕਦਾ, ਘੁਲ ਕੇ ਜਿਹੜਾ ਮਰਜ਼ੀ ਲੈ ਜਾਵੇ।” ਇਨੇ ਦਮ ਦਾ ਮਾਲਕ ਸੀ ਸਰਬਣ। ਮੇਹਰਦੀਨ ਵਾਂਗ ਸਰਬਣ ਨੇ ਵੀ ਬੜਾ ਪੈਸਾ ਕਮਾਇਆ। ਬਚਾਇਆ ਕੁਝ ਨਹੀਂ। ਅਜੋਕੇ ਪਹਿਲਵਾਨਾਂ ਵਾਂਗ ਜ਼ਮੀਨ-ਜਾਇਦਾਦ ਬਣਾਉਣ ਬਾਰੇ ਕਦੇ ਨਾ ਸੋਚਿਆ। ਜੋ ਬਣਿਆ ਨਾਲ ਦੇ ਭਲਵਾਨਾਂ ਨਾਲ ਬਹਿ ਕੇ ਖਾ-ਪੀ ਛੱਡਣਾ। ਉਸ ਨੇ ਸਾਰੀ ਉਮਰ ਕੱਚੇ ਕੋਠਿਆਂ ‘ਚ ਰਹਿ ਕੇ ਭਲਵਾਨੀ ਕੀਤੀ। ਪਿਤਾ ਦੀ ਮੌਤ ਬਾਅਦ ਪੁੱਤ ਸ਼ਿੰਦੇ ਨੇ ਮੇਹਨਤ-ਮਜ਼ਦੂਰੀ ਕਰਕੇ ਕੱਚਿਆਂ ਤੋਂ ਪੱਕੇ ਬਣਾਏ।
ਫ਼ਿਲੌਰ ਅਖਾੜੇ ਵਾਲੇ ਚੈਂਚਲ ਸਿੰਘ ਪਹਿਲਵਾਨ ਨਾਲ ਸਰਬਣ ਦਾ ਡਾਢਾ ਪਿਆਰ ਸੀ। ਚੈਂਚਲ ਪਹਿਲਵਾਨ ਦਾ ਨਿਊ ਯਾਰਕ ਰਹਿੰਦਾ ਭਲਵਾਨ ਬੇਟਾ ਕੇਵਲ ਵੀ ਸਰਬਣ ਦੀ ਫ਼ੁਰਤੀ ਅਤੇ ਧੋਬੀ ਦਾਅ ਦੀਆਂ ਅੱਜ ਵੀ ਸਿਫ਼ਤਾਂ ਕਰਦਾ ਹੈ। ਸੱਘਵਾਲ ਵਾਲੇ ਜਗੀਰੀ ਕੋਚ ਦਾ ਕੈਲੀਫ਼ੋਰਨੀਆ ਰਹਿੰਦਾ ਭਤੀਜਾ ਸੁਖਵੀਰ ਭਲਵਾਨ ਵੀ ਸਰਬਣ ਨੂੰ ਵਧੀਆ ਪਹਿਲਵਾਨ ਮੰਨਦਾ ਹੈ। ਮਕਸੂਦਪੁਰ ਵਾਲੇ ਬਿੱਲੂ ਭਲਵਾਨ ਨੂੰ ਸਰਬਣ ਨੇ ਕਹਿਣਾ ਕਿ ਉਹ ਉਹਨੂੰ ਐਸਾ ਧੋਬੀ-ਦਾਅ ਸਿਖਾਵੇਗਾ ਕਿ ਦੁਨੀਆਂ ਵੇਖਦੀ ਰਹਿ ਜਾਵੇਗੀ। ਰਾਮਾ-ਖੇਲਾ ਦੇ ਹੀ ਸਕੇ ਭਰਾ ਗਿੰਦੋ ਅਤੇ ਬਲਜੀਤ ਵੀ ਸਰਬਣ ਨੂੰ ਹਮੇਸ਼ਾ ਪਿੰਡ ਦਾ ਮਾਣ ਸਮਝਦੇ।
ਇਕ ਵਾਰ ਕੋਈ ਪਹਿਲਵਾਨ ਸਰਬਣ ਨੂੰ ਟਿੱਚਰਾਂ ਕਰੀ ਜਾਵੇ। ਜਦੋਂ ਨਾ ਹੀ ਹਟਿਆ ਤਾਂ ਸਰਬਣ ਨੇ ਉਹਨੂੰ ਤਕੜਾ ਹੋਣ ਲਈ ਕਿਹਾ ਤੇ ਮਹੀਨੇ ਕੁ ਬਾਅਦ ਦੀ ਕੁਸ਼ਤੀ ਬੰਨ੍ਹ ਦਿਤੀ। ਉਹ ਭਲਵਾਨ ਘਰੋਂ ਸਰਦਾ-ਪੁਜਦਾ ਸੀ ਅਤੇ ਉਹਦੇ ਦੂਜੇ ਭਰਾ ਬਾਹਰ ਕਿਸੇ ਮੁਲਕ ਵਿਚ ਰਹਿੰਦੇ ਸਨ। ਕੁਸ਼ਤੀ ਦਾ ਪਤਾ ਚੱਲਦੇ ਹੀ ਉਹ ਵੀ ਬਾਹਰੋਂ ਆ ਗਏ। ਕੁਸ਼ਤੀ ਦਾ ਮਿਥਿਆ ਦਿਨ ਵੀ ਆ ਗਿਆ। ਸਰਬਣ ਵੀ ਪੂਰੀ ਤਿਆਰੀ ਵਿਚ ਸੀ ਤੇ ਅਖਾੜੇ ਵਿਚ ਜਾਂਦੇ ਹੀ ਕਿਹਾ, ਭਲਵਾਨਾਂ ਕੈਮ ਆ, ਸਾਗ ‘ਚ ਘਿਓ ਪਾ ਕੇ ਖਾਧਾ ਚੰਗੀ ਤਰ੍ਹਾਂ? ਤੇ ਹੱਥ ਮਿਲਾਉਂਦਿਆਂ ਹੀ ਧੋਬੀ ਮਾਰ ਦਿਤੀ। ਫਿਰ ਦੂਜੀ ਧੋਬੀ ਮਾਰ ਦਿਤੀ। ‘ਕੱਠੀਆਂ ਦੋ ਧੋਬੀਆਂ ਮਾਰ ਅਲੀ-ਅਲੀ ਕਰਦਾ ਸਰਬਣ ਅਹੁ ਗਿਆ, ਅਹੁ ਗਿਆ। ਅੱਖੀਂ ਵੇਖੀ ਇਸ ਕੁਸ਼ਤੀ ਦਾ ਹਾਲ ਮਾਲੋਮਜਾਰੇ ਵਾਲੇ ਕਸ਼ਮੀਰ ਮੀਤੂ ਦੇ ਵੱਡੇ ਭਾਈ ਗੁਰਨਾਮ ਨੇ ਦੱਸਿਆ।
ਭਾਰਤੀ ਕੁਸ਼ਤੀ ਦੇ ਮਹਾਂਰਥੀ ਕੋਚ ਸੋਂਧੀ ਦੇ ਛੋਟੇ ਭਾਈ ਜਰਨੈਲ ਅਨੁਸਾਰ ਇਕ ਵਾਰ ਕਿਤੇ ਸਰਬਣ ਦੀ ਕਿਸੇ ਤਕੜੇ ਭਲਵਾਨ ਨਾਲ ਕੁਸ਼ਤੀ ਸੀ। 15-20 ਮਿੰਟ ਸਰਬਣ ਉਸ ਕੋਲੋਂ ਕੁਟ ਖਾਂਦਾ ਰਿਹਾ। ਫੇਰ ਉਦੋਂ ਪਤਾ ਲੱਗਾ ਜਦੋਂ ਸਰਬਣ ਹੇਠੋਂ ਨਿਕਲ ਕੇ ਧੋਬੀ ਮਾਰ ਕੇ ਅਹੁ ਗਿਆ। ਬੰਗੀਂ ਗੁਲਾਮੀ ਸ਼ਾਹ ਦੀ ਜਗ੍ਹਾ ‘ਤੇ ਹੁੰਦੀਆਂ ਕੁਸ਼ਤੀਆਂ ਵਿਚ ਇਕ ਦਿਨ ਵਿਚ ਤਿੰਨਾਂ ਭਲਵਾਨਾਂ ਨੂੰ ਢਾਹੁੰਦਾ ਮੰਗੂਵਾਲੀਏ ਦੇਸ ਰਾਜ ਨੇ ਅੱਖੀਂ ਵੇਖਿਆ।
ਛੋਟੇ ਹੁੰਦੇ ਨੇ ਮੈਂ ਵੀ ਸਰਬਣ ਦੇ ਦਰਸ਼ਨ ਕੀਤੇ। ਮੇਰੇ ਪਿਤਾ ਜੀ ਨੂੰ ਪਹਿਲਵਾਨੀ ਦਾ ਸ਼ੌਕ ਹੋਣ ਕਰਕੇ ਉਹ ਸਾਡੇ ਘਰ ਜੱਬੋਵਾਲ ਵੀ ਆਉਂਦਾ ਰਿਹੈ। ਰੱਜੋਵਾਲੀਆ ਮੀਤ ਪਹਿਲਵਾਨ ਵੀ ਉਹਦੇ ਨਾਲ ਹੁੰਦਾ ਸੀ। ਅੱਧੀ-ਅੱਧੀ ਬਾਲਟੀ ਦੁੱਧ ਦੀ ਅਤੇ ਗਲਾਸਾਂ ‘ਚ ਘਿਓ ਪਾ ਕੇ ਪੀਂਦੇ ਵੇਖੇ। ਪਿਤਾ ਦੇ ਪੱਟਾਂ ‘ਤੇ ਮੋਰਨੀਆਂ ਵੇਖ ਕੇ ਇਕ ਵਾਰ ਸਰਬਣ ਕਹਿਣ ਲੱਗਾ, “ਮੋਰਨੀਆਂ ਵੀ ਜੁਆਨੀ ‘ਚ ਹੀ ਚੰਗੀਆਂ ਲੱਗਦੀਆਂ, ਉਮਰ ਦੇ ਨਾਲ ਮੋਰਨੀਆਂ ਵੀ ਢਿੱਲੀਆਂ ਪੈ ਜਾਂਦੀਆਂ।” ਮੇਰੇ ਪਿੰਡ ਦਾ ਇਸ ਵੇਲੇ ਕੈਨੇਡਾ ਰਹਿੰਦਾ ਪਹਿਲਵਾਨ ਬਲਵੀਰ ਸਿੰਘ ਫ਼ੌਜੀ ਜਦੋਂ ਸਰਬਣ ਨੂੰ ਉਸਤਾਦ ਧਾਰਨ ਗਿਆ ਤਾਂ ਮੇਰੇ ਪਿਤਾ ਜੀ ਰਾਮਾ-ਖੇਲਾ ਨੂੰ ਉਹਦੇ ਨਾਲ ਗਏ ਸੀ। ਉਹ ਚਾਹੁੰਦੇ ਸਨ ਕਿ ਵੱਡਾ ਵੀਰ ਵੀ ਪਹਿਲਵਾਨ ਬਣੇ, ਉਹ ਪਹਿਲਵਾਨ ਤਾਂ ਨਾ ਬਣਿਆਂ ਪਰ ਆਰੀਆ ਕਾਲਜ਼ ਨਵਾਂ-ਸ਼ਹਿਰ ਦਾ ਉਹ ਅਥਲੀਟ, ਫ਼ੁੱਟਬਾਲ ਖਿਡਾਰੀ ਅਤੇ ਯੂਨੀਵਰਸਿਟੀ ਦਾ ਤਕੜਾ ਫ਼ੁੱਟਬਾਲ ਖਿਡਾਰੀ ਬਣਿਆ। ਅਸੀਂ ਦੋਵਾਂ ਭਰਾਵਾਂ ਨੇ ਰੋਜ਼-ਸਵੇਰੇ ਮਾਲਸ਼ ਕਰਨ ਲੱਗਿਆਂ, ਘੁੱਲਣ ਲੱਗ ਪੈਣਾ ਤੇ ਧੋਬੀ-ਦਾਅ ਦੀਆਂ ਗੱਲਾਂ ਕਰਦੇ ਵੱਡੇ ਭਾਈ ਨੇ ਸਰਬਣ ਵਾਂਗ ਧੋਬੀ ਮਾਰਨੇ।
1929 ਵਿਚ ਜਨਮੇ ਸਰਬਣ ਨੂੰ ਪਹਿਲਵਾਨੀ ਵਿਰਸੇ ਵਿਚ ਮਿਲੀ। ਪੜਦਾਦਾ ਫ਼ੱਤੂ ਵੀ ਪਹਿਲਵਾਨ ਸੀ। ਬਾਬੇ ਹੁਣੀਂ ਤਿੰਨ ਭਰਾ-ਬੰਤਾ, ਕਰਤਾਰਾ ਅਤੇ ਗੁਰਦਿਤਾ ਸਨ। ਬਾਬੇ ਗੁਰਦਿਤੇ ਦਾ ‘ਕੱਲਾ ਪੁੱਤ ਸਰਬਣ। ਛੋਟੀ ਉਮਰੇ ਸਰਬਣ ਦਾ ਸਰੀਰ ਤਾਂ ਇਕਹਿਰਾ ਸੀ ਪਰ ਸੀ ਚੁਸਤ। ਪਿੰਡ ਦੇ ਹੀ ਅਮਰੂ ਮੱਲ ਨੂੰ ਉਸਤਾਦ ਧਾਰਿਆ। ਰੌਲਿਆਂ ਤੋਂ ਬਾਅਦ 18 ਸਾਲ ਦੀ ਉਮਰੇ ਮਰਾਸੀ ਪਹਿਲਵਾਨ ਬੋਦੀ ਨਾਲ ਮਹਿਦਪੁਰ ਕੁਸ਼ਤੀ ਹੋਈ। ਬੋਦੀ ਦਾ ਪਿੰਡ ਤਾਂ ਮਹਿਦਪੁਰ ਸੀ ਪਰ ਰਹਿੰਦਾ ਨਕੋਦਰ ਸੀ। ਸਰਬਣ ਮਹਿਦਪੁਰ ਹਾਲੇ ਮੰਗਿਆ ਸੀ ਪਰ ਵਿਆਹ ਨਹੀਂ ਸੀ ਹੋਇਆ। ਬੋਦੀ ਅਖਾੜਿਆਂ ‘ਚ ਲਲਕਾਰੇ ਮਾਰਦਾ, ਜਿਹੜਾ ਮਰਜ਼ੀ ਲੈ ਆਓ! ਕੇਹਰੂ ਤੇ ਕਰਮੇ ਵਰਗੇ ਤਕੜੇ ਪਹਿਲਵਾਨ ਬੋਦੀ ਨੇ ਹਰਾਏ ਹੋਏ ਸਨ।
ਕਰਮਾ ਤੇ ਕੇਹਰੂ ਤਾਂਗੇ ‘ਚ ਸਰਬਣ ਨੂੰ ਲੈਣ ਰਾਮਾ-ਖੇਲਾ ਨੂੰ ਚੱਲ ਪਏ। ਪਿੰਡ ਪਹੁੰਚੇ ਤਾਂ ਬਾਬੇ ਨੇ ਜਵਾਬ ਦੇ ਦਿਤਾ ਕਿ ਸਰਬਣ ‘ਕੱਲਾ ਕਹਿਰਾ ਪੁੱਤ, ਐਵੇਂ ਸੱਟ-ਫੇਟ ਲੱਗ ਜਾਊ। ਮਹਿਦਪੁਰ ਮੰਗਿਆ ਹੋਣ ਕਰਕੇ ਸਰਬਣ ਵੀ ਉਸ ਪਿੰਡ ਹਾਲੇ ਜਾਣਾ ਨਹੀਂ ਸੀ ਚਾਹੁੰਦਾ। ਉਨ੍ਹਾਂ ਇੱਜ਼ਤ ਦਾ ਵਾਸਤਾ ਪਾ ਕੇ ਸਰਬਣ ਨੂੰ ਮਨਾ ਲਿਆ। ਸਰਬਣ ਨੇ ਉਥੇ ਜਾਣ ਦਾ ਬਹਾਨਾ ਦੱਸਿਆ ਕਿ ਉਨ੍ਹਾਂ ਦੇ ਘਰ ਰੱਖਿਆ ਸ਼ਿਕਾਰੀ ਕੁੱਤਾ ਲੈ ਜਾਣ ਤੇ ਉਹ ਕੁੱਤਾ ਲਿਆਉਣ ਦੇ ਬਹਾਨੇ ਮਹਿਦਪੁਰ ਛਿੰਝ ‘ਤੇ ਪਹੁੰਚ ਜਾਵੇਗਾ। ਇਸੇ ਤਰ੍ਹਾਂ ਹੀ ਹੋਇਆ। ਕੁੱਤਾ ਲਿਆਉਣ ਦੇ ਬਹਾਨੇ ਸਰਬਣ ਕੁਸ਼ਤੀ ਵਾਲੇ ਦਿਨ ਨਕੋਦਰ ਪਹੁੰਚ ਗਿਆ ਜਿਥੇ ਅੱਡੇ ‘ਚ ਅਮਰੂ ਤੇ ਕੇਹਰੂ ਪਹਿਲੋਂ ਹੀ ਇੰਤਜ਼ਾਰ ਕਰਦੇ ਸਨ। ਅੱਡੇ ‘ਚ ਕਰਮੇ ਦੀ ਜੁੱਤੀਆਂ ਗੰਢਣ ਦੀ ਦੁਕਾਨ ਸੀ। ਫਿਰ ਛਿੰਝ ਜਾ ਪਹੁੰਚੇ। ਹੱਟਾ-ਕੱਟਾ, ਚੰਗੇ ਕੱਦ-ਕਾਠ ਵਾਲਾ ਬੋਦੀ ਲਲਕਾਰੇ ਮਾਰਦਾ ਅਖਾੜੇ ‘ਚ ਫਿਰ ਰਿਹਾ ਸੀ।
“ਤੇਰੇ ਵਾਸਤੇ ਸਰਬਣ ਕਸਤੂਰੀ ਲੈ ਆਂਦੀ ਹੈ,” ਕਰਮੇ ਤੇ ਕੇਹਰੂ ਨੇ ਜਾ ਕੇ ਬੋਦੀ ਨੂੰ ਕਿਹਾ।
“ਆਹ ਛੋਟੂ ਜਿਹਾ, ਏਹ ਮੇਰੇ ਨਾਲ ਕੀ ਘੁਲੇਗਾ,” ਸਰਬਣ ਦਾ ਮੱਧਰਾ ਕੱਦ ਵੇਖ ਕੇ ਬੋਦੀ ਨੇ ਟਿੱਚਰ ਕੀਤੀ।
ਸ਼ਾਮ ਨੂੰ ਪਟਕੇ ਦੀ ਕੁਸ਼ਤੀ ਵੇਲੇ ਸਰਬਣ ਨੇ ਪਟਕੇ ਨੂੰ ਹੱਥ ਲਾ ਦਿਤਾ। ਫਿਰ ਬੋਦੀ ਨੇ ਵੀ ਪਟਕੇ ਨੂੰ ਹੱਥ ਲਾਇਆ। ਕੁਸ਼ਤੀ ਸ਼ੁਰੂ ਹੋਈ ਤਾਂ ਬੋਦੀ ਪਹਿਲਵਾਨ ਬਹੁਤ ਰੰਗ ਬਣਾ ਰਿਹਾ ਸੀ। ਅੰਦਰੋਂ-ਬਾਹਰੋਂ ਲੱਤ ਪਾ ਕੇ ਕਲਾ-ਜੰਗ ਦਾਅ ਦਾ ਮਾਹਰ। ਵੱਡੇ-ਵੱਡੇ ਪਹਿਲਵਾਨ ਧੋਬੀ-ਦਾਅ ਨਾਲ ਰੋਲ ਦਿਤੇ ਸਨ। ਸਰਬਣ ਉਹਦੇ ਦਾਅ ਨੂੰ ਰੋਕੀ ਜਾ ਰਿਹਾ ਸੀ। ਇਕ ਦਮ ਸਰਬਣ ਫੁਰਤੀ ਨਾਲ ਪੱਟਾਂ ਨੂੰ ਖਿਚ ਕੇ ਉਤੇ ਬਹਿ ਗਿਆ। ਲੋਕਾਂ ਨੇ ਤਾੜੀਆਂ ਮਾਰ ਦਿਤੀਆਂ। ਹੌਸਲਾ ਦਿਤਾ। ਕੇਹਰੂ ਪਹਿਲਵਾਨ ਨੇ ਆ ਕੇ ਸਰਬਣ ਦੇ ਸਿਰ ‘ਤੇ ਪਟਕਾ ਬੰਨ੍ਹ ਦਿਤਾ। ਮਹਿਦਪੁਰ ਦੀ ਪੰਚਾਇਤ ਨੇ ਸਨਮਾਨ ਕੀਤਾ। ਉਸ ਤੋਂ ਬਾਅਦ ਮਹਿਦਪੁਰ ਸਰਬਣ ਦਾ ਰਿਸ਼ਤਾ ਪੱਕਾ ਹੋ ਗਿਆ।
ਨਿਊਜ਼ੀਲੈਂਡ ਰਹਿੰਦੇ ਜੱਬੋਵਾਲੀਏ ਦਰਸ਼ਨ ਭਲਵਾਨ ਨਾਲ ਵੀ ਸਰਬਣ ਦੀਆਂ ਕੁਸ਼ਤੀਆਂ ਹੋਈਆਂ। ਕਦੇ ਰੂਪੋਵਾਲ, ਕਦੇ ਲੁਧਿਆਣੇ, ਕਦੇ ਸ਼ੰਕਰ, ਕਦੇ ਸੁਜ਼ੋ-ਸੂਰਾਪੁਰ ਅਤੇ ਕਦੇ ਕਿਤੇ। ਦਰਸ਼ਨ ਦਾ ਕੱਦ-ਕਾਠ ਵੇਖ ਕੇ ਸਰਬਣ ਕਹਿਣ ਲੱਗਾ, ‘ਜੇ ਕਿਤੇ ਦਰਸ਼ਨ ਮੇਰੇ ਕੋਲ ਹੁੰਦਾ ਤਾਂ ਏਹਨੂੰ ਤਕੜਾ ਮੱਲ ਬਣਾਉਂਦਾ।’
ਅੰਮ੍ਰਿਤਸਰ ਦੇ ਭਲਵਾਨ ਨੰਜੂ ਭੈਲ ਨਾਲ ਬਿਲਗੇ ਕੁਸ਼ਤੀ ਹੋਈ। ਗੇਜ਼ਾ, ਭੱਜੀ ਅਤੇ ਨਿੰਮਾ-ਤਿੰਨੇ ਨੰਜੂ ਭੈਲ ਨਾਲ ਕੁਸ਼ਤੀ ਕਰਨ ਤੋਂ ਨਾਂਹ ਕਰ ਗਏ। ਨੰਜੂ ਰੇੜ੍ਹ-ਹਵਾਈ ਦਾਅ ਮਾਰ ਕੇ ਵਿਰੋਧੀ ਪਹਿਲਵਾਨ ਦੀ ਧੌਣ ਦੇ ਮਣਕੇ ਹਿਲਾ ਦਿੰਦਾ ਸੀ। ਦੋਆਬੇ ਦੇ ਪਹਿਲਵਾਨ ਡਰਦੇ ਉਹਦੇ ਨਾਲ ਘੁਲਦੇ ਨਹੀਂ ਸਨ। ਬਿਲਗੇ ਝੰਡੀ ਦੀ ਕੁਸ਼ਤੀ ‘ਤੇ ਨੰਜੂ ਨਾਲ ਘੁਲਣ ਲਈ ਸਰਬਣ ਨੇ ਝੰਡੀ ਫੜ ਲਈ। ਕੁਸ਼ਤੀ ਸ਼ੁਰੂ ਹੋਈ। ਕੱਦ ਦਾ ਲੰਬਾ ਹੋਣ ਕਰਕੇ ਨੰਜੂ ਸਰਬਣ ਨੂੰ ਥਕਾ ਦਿੰਦਾ ਸੀ। ਨੰਜੂ ਨੇ ਬੂਸ ਮਾਰ ਮਾਰ 10-12 ਮਿੰਟ ਥੱਲੇ ਫੜ ਕੇ ਚੰਗਾ ਕੁੱਟਿਆ। ਫ਼ੁਰਤੀ ਨਾਲ ਸਰਬਣ ਹੇਠੋਂ ਨਿਕਲਿਆ ਤੇ ਨੰਜੂ ਦੇ ਬਰਾਬਰ ਖੜਾ ਹੋ ਗਿਆ। ਲੋਕਾਂ ਨੇ ਖ਼ੁਸ਼ੀ ਨਾਲ ਤਾੜੀਆਂ ਮਾਰੀਆਂ। ਘੰਟਾ ਪੌਣਾ-ਘੰਟਾ ਚੱਲੀ ਫ਼ਸਵੀਂ ਕੁਸ਼ਤੀ ਨੂੰ ਪੰਚਾਇਤ ਨੇ ਬਰਾਬਰ ਛੁਡਾ ਦਿਤਾ।
ਕੁਸ਼ਤੀ ਤੋਂ ਬਾਅਦ ਖੂਹ ‘ਤੇ ਨਹਾਉਂਣ ਗਏ ਨੰਜੂ ਨੇ ਅਮਰੂ ਪਹਿਲਵਾਨ ਨੂੰ ਕਿਹਾ, “ਸਰਬਣ ਅੱਜ ਬਚਦਾ ਨਹੀਂ, ਐਨੀ ਮਾਰ ਪਈ ਉਹਦੇ!”
“ਕੋਈ ਨਾ, ਫਿਕਰ ਨਾ ਕਰ, ਤੂੰ ਰੂਪੋਵਾਲ ਛਿੰਜ ‘ਤੇ ਆਈਂ, ਉਥੇ ਤੇਰੇ ਨਾਲ ਫਿਰ ਸਰਬਣ ਘੁਲੇਗਾ।” ਅਮਰੂ ਨੇ ਨੰਜੂ ਨੂੰ ਕਿਹਾ। ਨੰਜੂ ਭੈਲ ਡਰਦਾ ਰੂਪੋਵਾਲ ਕੁਸ਼ਤੀ ਕਰਨ ਨਾ ਆਇਆ।
ਸਰਬਣ ਦੀ ਖ਼ੁਰਾਕ ਤਕੜੀ ਸੀ। ਸਵੇਰੇ ਦਹੀਂ-ਲੱਸੀ, ਦਿਨ ‘ਚ ਦੋ ਵਾਰ ਰੋਟੀ, ਰਾਤ ਨੂੰ ਦੁੱਧ ਅਤੇ ਇਕ ਦਿਨ ਛੱਡ ਕੇ ਮੀਟ ਖਾਣਾ। ਸਰਦੀਆਂ ਨੂੰ ਦੇਸੀ ਘਿਉ ਦੇ ਪੀਪਿਆਂ ਦੇ ਪੀਪੇ ਅਤੇ ਗਰਮੀਆਂ ਨੂੰ ਬਦਾਮਾਂ ਦੀ ਸ਼ਰਦਾਈ ਅਤੇ ਔਲੇ ਦਾ ਮੁਰੱਬਾ। 700 ਤੋਂ 800 ਤੱਕ ਡੰਡ ਅਤੇ 1500 ਤੋਂ 2000 ਤੱਕ ਬੈਠਕਾਂ ਮਾਰਨੀਆਂ। ਦਿਨ ‘ਚ ਇਕ ਵਾਰ ਜ਼ੋਰ ਕਰਨਾ ਅਤੇ ਕਈ ਕਈ ਪਹਿਲਵਾਨਾਂ ਦਾ ਜ਼ੋਰ ਕਰਾਉਣਾ।
ਆਪਣੇ ਸਮੇਂ ਦੇ ਨਾਮੀ ਪਹਿਲਵਾਨ ਭੱਜੀ ਨਾਲ ਗੜ੍ਹੀ ਅਜੀਤ ਸਿੰਘ (ਬਲੌਣੀ ਦੀ ਛਿੰਜ) ਕੁਸ਼ਤੀ ਹੋਈ ਤਾਂ ਉਹ ਰੌਲਾ ਪਾ ਕੇ ਬਹਿ ਗਿਆ। ਭੱਜੀ ਨਾਲ ਹੀ ਦੁਬਾਰਾ ਕੁਸ਼ਤੀ ਬੰਨੀ ਅਤੇ ਭਾਰ ਸਿੰਘਪੁਰੇ ਪਟਕੇ ਦੀ ਕੁਸ਼ਤੀ ਹੋਈ। ਸਰਬਣ ਨੇ ਉਥੇ ਤਿੰਨਾਂ ਮਿੰਟਾਂ ‘ਚ ਧੋਬੀ ਮਾਰ ਕੇ ਭੱਜੀ ਨੂੰ ਢਾਹਿਆ। ਸਰਬਣ ਦਾ ਇਕਲੌਤਾ ਬੇਟਾ ਸ਼ਿੰਦਾ ਬਾਰਾਂ ਸਾਲ ਆਪਣੇ ਪਿਤਾ ਨਾਲ ਕੁਸ਼ਤੀਆਂ ਵੇਖਣ ਜਾਂਦਾ ਰਿਹਾ। ਸ਼ਿੰਦਾ ਵੀ ਘੁੱਲਣ ਲੱਗਾ ਸੀ ਪਰ ਦੁਰਾਹੇ ਕੋਲ ਐਕਸੀਡੈਂਟ ਹੋਣ ਕਰਕੇ ਉਹ ਘੁਲਣ ਦੇ ਯੋਗ ਨਾ ਰਿਹਾ। ਹੁਣ ਉਹ ਲੋਕਾਂ ਦੀਆਂ ਲੱਤਾਂ-ਬਾਹਾਂ ਚੜ੍ਹਾ ਕੇ, ਮਾਲਸ਼ਾਂ ਵਗੈਰਾ ਕਰਕੇ ਘਰ ਦਾ ਗੁਜ਼ਾਰਾ ਚਲਾ ਰਿਹੈ। ਸ਼ਿੰਦੇ ਦਾ ਬੇਟਾ, ਸਰਬਣ ਦਾ ਪੋਤਾ ਜਗਦੀਸ਼ ਪਾਲ ਆਪਣੇ ਬਾਬੇ ਦੇ ਰਾਹਾਂ ‘ਤੇ ਚਲਦਾ ਸਰਕਾਰੀ ਸਕੂਲਾਂ ਦੀਆਂ ਕੁਸ਼ਤੀਆਂ ਵਿਚੋਂ ਪਹਿਲੇ ਨੰਬਰ ‘ਤੇ ਆਇਆ। ਸ਼ਿੰਦੇ ਦਾ ਕਹਿਣਾ ਹੈ ਕਿ ਗਰੀਬੀ ਵਿਚ ਪਹਿਲਵਾਨ ਬਣਨਾ ਬਹੁਤ ਔਖਾ ਹੈ।
ਪਿਤਾ ਦੀ ਮੌਤ ਤੋਂ ਬਾਅਦ ਸ਼ਿੰਦੇ ਨੇ ਰਾਮਾ-ਖੇਲਾ ਉਸ ਦੀ ਯਾਦ ਵਿਚ ‘ਸਰਬਣ ਦਾ ਅਖਾੜਾ’ ਚਾਲੂ ਕਰ ਦਿਤਾ ਹੈ। ਸ਼ਾਗਿਰਦ ਪਹਿਲਵਾਨਾਂ, ਖੇਡ-ਸ਼ੌਕੀਨਾਂ ਅਤੇ ਪਰਵਾਸੀਆਂ ਦੀ ਮਦਦ ਨਾਲ ਸ਼ਿੰਦਾ ਹਰ ਸਾਲ ਕੁਸ਼ਤੀਆਂ ਕਰਾਉਣ ਦਾ ਇਛੁਕ ਹੈ। ਸ਼ਿੰਦੇ ਦਾ ਸੰਪਰਕ ਫੋਨ ਨੰਬਰ 91-98762-52589 ਹੈ। ਮੈਨੂੰ ਰਾਮਾ-ਖੇਲਾ ਜਾਣ ਦਾ ਮੌਕਾ ਮਿਲਿਆ। ਢਾਈ ਕੁ ਮਰਲੇ ‘ਚ ਪਾਇਆ ਮਕਾਨ ਹੀ ਸ਼ਿੰਦੇ ਦੀ ਦੁਨੀਆਂ ਹੈ।
ਸਰਬਣ ਦਾ ਜਿਗਰੀ-ਯਾਰ ਜਗੀਰੀ ਜਿਹਨੂੰ ਝੰਡੀਆਂ ਵਾਲੀ ਕਾਰ ‘ਚ ਉਹ ਕਦੇ ਵਿਆਹ ਕੇ ਲਿਆਇਆ ਸੀ, ਨੂੰ ਮਿਲਣ ਦੀ ਖਾਹਿਸ਼ ਜਾਗੀ ਤਾਂ ਸ਼ਿੰਦੇ ਨੂੰ ਨਾਲ ਲੈ ਖੂਹ ‘ਤੇ ਚਲ ਪਏ। “ਚਾਚਾ ਜੀ ਦੇਖੋ, ਤੁਹਾਨੂੰ ਮਿਲਣ ਆਏ ਨੇ।” ਸ਼ਿੰਦੇ ਦੀ ਅਵਾਜ਼ ਸੁਣ ਕੇ ਸਿਆਣੀ ਉਮਰ ਦਾ ਜਗੀਰੀ ਤੂੜੀ ਵਾਲੇ ਹੱਥ ਝਾੜਦਾ ਬੜੇ ਨਿੱਘ ਨਾਲ ਮਿਲਿਆ। ਸਰਬਣ ਦੀਆਂ ਗੱਲਾਂ ਸ਼ੁਰੂ ਕਰ ਲਈਆਂ। ਕਹਿੰਦਾ, “ਇਕ ਵਾਰ ਉਨ੍ਹਾਂ ਦੇ ਖੂਹ ‘ਤੇ ਊਠਾਂ ਵਾਲੇ ਬੜੇ ਬੜੇ ਜੁਆਨ ਆ ਗਏ। ਸਰਬਣ ਵੀ ਉਥੇ ਸੀ। ਨਹਾਉਣ ਲੱਗੇ ਤਾਂ ਮੋਟੇ-ਮੋਟੇ ਪੱਟ ਵੇਖ ਕੇ ਉਹ ਕਹਿਣ ਲੱਗੇ, ਤੁਸੀਂ ਭਲਵਾਨ ਹੋ? ਜਗੀਰੀ ਨੇ ਸਰਬਣ ਵਲ ਨੂੰ ਇਸ਼ਾਰਾ ਕਰਦਿਆਂ ਕਿਹਾ, ਜਿਹੜਾ ਤੁਹਾਡੇ ‘ਚੋਂ ਤਕੜਾ ਹੈ, ਉਹਦੇ ਨਾਲ ਘੁਲ ਲਓ। ਸਰਬਣ ਘੁੱਲਣ ਲਈ ਤਿਆਰ ਹੋ ਗਿਆ। ਉਨ੍ਹਾਂ ‘ਚੋਂ ਸਭ ਨਾਲੋਂ ਤਕੜਾ ਘੁਲਣ ਲੱਗਾ ਤਾਂ ਸਰਬਣ ਨੇ ਫੜੀ ਬਾਂਹ, ਤੈਹੜ ਦਾ ਤੈਹੜ ਉਪਰੋਂ ਦੀ ਮਾਰਿਆ ਘੁਮਾ ਕੇ। ਮਰ ਗਿਆ ਕਹਿ ਕੇ ਉਹ ਉਥੇ ਬਹਿ ਗਿਆ। ਦੂਜੇ ਭਲਵਾਨ ਡਰਦੇ ਲਾਗੇ ਨਾ ਆਏ।” ਇਹ ਵੀ ਦੱਸਿਆ ਕਿ ਪਹਿਲੀਆਂ ‘ਚ ਸਰਬਣ ਨੂੰ ਉਹਨੇ ਮਹਿਦਪੁਰ ਮੇਹਰਦੀਨ ਨੂੰ ਢਾਹੁੰਦਾ ਅੱਖੀਂ ਵੇਖਿਆ। ਇਲਾਕੇ ਦੀਆਂ ਛਿੰਝਾਂ ਵਿਚ ਉਹ ਆਮ ਕਰਕੇ ਸਰਬਣ ਦੇ ਨਾਲ ਜਾਂਦਾ ਰਿਹੈ। ਜਗੀਰੀ ਦਾ ਪਿਤਾ ਸਰਬਣ ਦੀ ਪਹਿਲਵਾਨੀ ਨੂੰ ਬਹੁਤ ਪਸੰਦ ਕਰਦਾ ਸੀ।
ਸਰਬਣ ਆਪਣੇ ਪੱਗ ਵੱਟ ਭਰਾ ਜੁਆਲੇ ਪਹਿਲਵਾਨ ਕੋਲ ਬਖ਼ਲੌਰ ਖੂਹ ‘ਤੇ ਕਿਤੇ-ਕਿਤੇ ਚਲੇ ਜਾਂਦਾ ਸੀ। ਜੁਆਲਾ ਤਾਂ ਧਰਮ ਪਾਲਦਾ ਰਿਹਾ ਪਰ ਮੁੰਡਿਆਂ ਨੇ ਸਰਬਣ ਦੀ ਪਹਿਲਵਾਨੀ ਖਰਾਬ ਕਰਨ ਲਈ ਸ਼ਰਾਬ ਪੀਣ ਲਾ ਦਿਤਾ ਤੇ ਸਰਬਣ ਦੀ ਪਹਿਲਵਾਨੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ।
ਸਰਬਣ ਆਪਣੇ ਰਿਸ਼ਤੇਦਾਰਾਂ ਭਾਗ ਰਾਮ ਹੁਰਾਂ ਕੋਲ ਕੋਈ 50 ਸਾਲ ਮਹਿਦਪੁਰ ਸਹੁਰੀਂ ਰਿਹਾ। ਕੇਹਰੂ ਪਹਿਲਵਾਨ ਸਰਬਣ ਦੇ ਸਹੁਰਿਆਂ ਦਾ ਹੋਣ ਕਰਕੇ ਉਸ ਦੀ ਪਹਿਲਵਾਨੀ ਦਾ ਕਾਇਲ ਸੀ। ਸੰਗਰਾਂਦ ਛਿੰਝ ‘ਤੇ ਮਹਿਦਪੁਰ ਕੁਸ਼ਤੀਆਂ ਵਿਚ ਸਰਬਣ ਘੁਲਣ ਲੱਗਾ ਤਾਂ ਮੇਹਰਦੀਨ ਨੇ ਕਿਹਾ, “ਉਹਦੇ ਨਾਲ ਘੁੱਲਣ ਲਈ, ਕੋਈ ਬਰਾਬਰ ਦਾ ਤਕੜਾ ਜਿਹਾ ਜੁਆਨ ਲਿਆਓ।” ਸ਼ਾਮ ਨੂੰ ਜਦੋਂ ਪਟਕੇ ਦੀ ਕੁਸ਼ਤੀ ਸ਼ੁਰੂ ਹੋਈ ਤਾਂ ਪੰਜਾਂ ਮਿੰਟਾਂ ‘ਚ ਧੋਬੀ ਮਾਰ ਕੇ ਸਰਬਣ ਅਹੁ ਗਿਆ, ਅਹੁ ਗਿਆ। ਮੇਹਰਦੀਨ ਹੱਕਾ-ਬੱਕਾ ਰਹਿ ਗਿਆ। ਸ਼ੰਕਰ ਛਿੰਝ ‘ਚ ਸਰਬਣ ਮੇਹਰਦੀਨ ਨਾਲ ਬਰਾਬਰ ਰਿਹਾ ਸੀ। ਸਰਬਣ ਦੀ ਮੌਤ ਤੋਂ ਬਾਅਦ ਮੇਹਰਦੀਨ ਨੇ ਮਹਿਦਪੁਰ ਕੁਸ਼ਤੀਆਂ ਵਿਚ ਸਰਬਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਬਣ ਵਰਗਾ ਕੋਈ ਆਮ ਪਹਿਲਵਾਨ ਨਹੀਂ ਹੋਣਾ।
ਜਿੰæਦਗੀ ਦੇ ਆਖਰੀ ਦਿਨੀਂ ਸਰਬਣ ਆਪਣੇ ਜੱਦੀ ਪਿੰਡ ਰਾਮਾ-ਖੇਲਾ ਆ ਗਿਆ। ਘਰਵਾਲੀ ਅਮਰ ਕੌਰ ਅਤੇ ਬੱਚਿਆਂ ਨਾਲ ਖੁਸ਼ ਰਹਿੰਦਾ। ਲੰਬੜਾਂ ਦੇ ਖੂਹ ‘ਤੇ ਅਖਾੜਾ ਬਣਾ ਕੇ ਬੱਚਿਆਂ ਨੂੰ ਕੁਸ਼ਤੀਆਂ ਨਾਲ ਜੋੜਨ ਲੱਗਾ। ਸ਼ਾਗਿਰਦਾਂ ‘ਚੋਂ ਹਿਊਸਟਨ, ਟੈਕਸਸ ਰਹਿੰਦਾ ਰਾਮਾ-ਖੇਲਾ ਦਾ ਹੀ ਧਿਆਨ ਸਿੰਘ (ਰਾਮਾ ਪਹਿਲਵਾਨ) ਆਪਣੇ ਉਸਤਾਦ ਨੂੰ ਯਾਦ ਕਰਕੇ ਅੱਜ ਵੀ ਮਾਣ ਮਹਿਸੂਸ ਕਰਦਾ ਹੈ। ਸਰਬਣ ਦੀ ਸ਼ਾਗਿਰਦੀ ‘ਚ ਚਾਰ ਸਾਲ ਉਸ ਨੇ ਪਾਸਲੇ ਵਾਲੇ ਬਿੱਟੂ, ਬਿਲਗੇ ਵਾਲਾ ਮਾਹਣੇ, ਫ਼ਰਵਾਲੇ ਵਾਲੇ ਕਿੰਦੇ, ਲੁਧਿਆਣੇ ਵਾਲੇ ਪਵਨ ਅਤੇ ਰਾਮਗੜ੍ਹੀਆ ਵਾਲੇ ਕੋਚ ਦਿਲਬਾਗ ਸਿੰਘ ਬਾਗ਼ੀ ਪਹਿਲਵਾਨਾਂ ਨਾਲ ਘੋਲ ਕੀਤੇ ਤੇ ਹਰਾਏ। ਉਹ ਆਪਣੇ 17 ਸਾਲਾ ਬੇਟੇ ਨਵਜਿੰਦਰ ਸਿੰਘ ਨੂੰ ਕੁਸ਼ਤੀਆਂ ਵੱਲ ਲਾਉਣਾ ਚਾਹੁੰਦਾ ਸੀ ਪਰ ਉਹ ਏਧਰ ਤਾਂ ਨਾ ਲੱਗਾ, ਗੋਲਾ ਸੁੱਟਣ ਦਾ ਮਾਹਰ ਬਣ ਗਿਆ।
ਸਵਾਸ ਛੱਡਣ ਤੋਂ ਦੋ ਮਹੀਨੇ ਪਹਿਲਾਂ ਸਰਬਣ ਨੇ ਜਿੰæਦਗੀ ਦੀ ਆਖਰੀ ਕੁਸ਼ਤੀ ਬਿਲਗੇ ਲੜੀ। 57 ਸਾਲ ਦੀ ਉਮਰੇ ਉਹਨੇ 21 ਸਾਲਾ ਉਠਦੇ ਤਕੜੇ ਪਹਿਲਵਾਨ ਨੂੰ ਢਾਹਿਆ। ਸਰਬਣ ਅਕਸਰ ਕਿਹਾ ਕਰਦਾ ਸੀ ਕਿ ਚੋਟੀ ਦੇ ਮੱਲਾਂ ਨੂੰ ਅਗ਼ਨ-ਭੇਟ ਨਹੀਂ ਕੀਤਾ ਜਾਂਦਾ, ਦਫ਼ਨਾਇਆ ਜਾਂਦਾ ਹੈ। ਜਿੰਦਗੀ ਦੀ ਉਹ ਆਖਰੀ ਘੜੀ ਵੀ ਆ ਗਈ। 1992 ਦੇ ਦਸਵੇਂ ਮਹੀਨੇ ਦੁਸਹਿਰੇ ਤੋਂ ਦੋ ਦਿਨ ਪਹਿਲਾਂ ਪੰਜਾਬ ਦੇ ਅਖਾੜਿਆਂ ਦੀ ਸ਼ਾਨ ਸਰਬਣ ਸਦਾ ਲਈ ਤੁਰ ਗਿਆ।
ਅਲ਼ੀ ਅਲ਼ੀ ਕਰਦਾ ਜਦੋਂ
ਜਾਂਦਾ ਸੀ ਵਿਚ ਮੈਦਾਨ ਮੀਆਂ।
ਧੋਬੀ ਮਾਰ ਝੱਟ ਸੁੱਟ ਲੈਂਦਾ,
ਜਦੋਂ ਲਗਦਾ ਸੀ ਹੱਥ ਮਿਲਾਣ ਮੀਆਂ।
ਧੋਬੀ-ਦਾਅ ਤੋਂ ਬਚ ਸਕੇ ਨਾ,
ਬੜੇ ਬੜੇ ਭਲਵਾਨ ਮੀਆਂ।
ਸਰਬਣ ਰਾਮਾ-ਖੇਲਾ ਦਾ,
ਕਦੇ ਹੁੰਦਾ ਸੀ ਛਿੰਝਾਂ ਦੀ ਸ਼ਾਨ ਮੀਆਂ।
‘ਜੱਬੋਵਾਲੀਆ’ ਕਲਮ ਹੰਝੂ ਕੇਰਦੀ,
ਤੁਰ ਗਿਆ ਸਰਬਣ ਮੱਲ ਮਹਾਨ ਮੀਆਂ।

Be the first to comment

Leave a Reply

Your email address will not be published.