ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਕਿਉਂ?

ਭਗਤ ਸਿੰਘ ਦੀ ਕਲਮ ਤੋਂ
ਭਗਤ ਸਿੰਘ ਦੇ 112ਵੇਂ ਜਨਮ ਦਿਨ (ਜਨਮ 20 ਸਤੰਬਰ 1907) ਮੌਕੇ ਅਸੀਂ ਪਾਠਕਾਂ ਨੂੰ ਉਨ੍ਹਾਂ ਦੀਆਂ ਤਿੰਨ ਲਿਖਤਾਂ ਦੇ ਰੂ-ਬ-ਰੂ ਕਰ ਰਹੇ ਹਾਂ। ਇਨ੍ਹਾਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਉਹ ਅਤੇ ਉਸ ਦੇ ਸਾਥੀ ਉਸ ਵਕਤ ਸੋਚਦੇ ਕੀ ਸਨ। ਉਨ੍ਹਾਂ ਦਾ ਦਾਈਆ ਅੰਗਰੇਜ਼ਾਂ ਨੂੰ ਸਿਰਫ ਮੁਲਕ ਵਿਚੋਂ ਖਦੇੜਨਾ ਨਹੀਂ ਸੀ, ਸਗੋਂ ਆਜ਼ਾਦੀ ਪਿਛੋਂ ਅਜਿਹਾ ਸਿਸਟਮ ਉਸਾਰਨਾ ਸੀ

ਜਿਸ ਵਿਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਨਾ ਹੋਵੇ। ਇਸੇ ਪਹੁੰਚ ਕਰਕੇ ਇਨ੍ਹਾਂ ਇਨਕਲਾਬੀਆਂ ਦੇ ਵਿਚਾਰਾਂ ਅਤੇ ਸਿਆਸੀ ਵਿਰਾਸਤ ਦੀ ਅੱਜ ਵੀ ਉਨੀ ਹੀ ਲੋੜ ਹੈ, ਜਿੰਨੀ ਉਸ ਵਕਤ ਸੀ। ਇਨ੍ਹਾਂ ਲਿਖਤਾਂ ਵਿਚੋਂ ‘ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਕਿਉਂ?’ ਨਾਂ ਦਾ ਲੇਖ ਭਗਤ ਸਿੰਘ ਅਤੇ ਬੀ. ਕੇ. ਦੱਤ ਦੇ ਨਾਂ ਹੇਠ 22 ਦਸੰਬਰ 1929 ਦੀ ‘ਟ੍ਰਿਬਿਊਨ’ ਅਖਬਾਰ ਵਿਚ ਛਪਿਆ ਸੀ। ‘ਵਿਦਿਆਰਥੀਆਂ ਨੂੰ ਸੰਦੇਸ਼’ 22 ਅਕਤੂਬਰ 1929 ਦੇ ‘ਟ੍ਰਿਬਿਊਨ’ ਲਾਹੌਰ ਵਿਚ ਪ੍ਰਕਾਸ਼ਿਤ ਹੋਇਆ ਸੀ। ਇਸ ਤੋਂ ਪਹਿਲਾਂ ਇਹ ਪੰਜਾਬ ਸਟੂਡੈਂਟ ਯੂਨੀਅਨ ਦੀ ਦੂਜੀ ਕਾਨਫਰੰਸ ਦੌਰਾਨ 19 ਅਕਤੂਬਰ 1929 ਨੂੰ ਪੜ੍ਹਿਆ ਗਿਆ ਸੀ। ਯੂਨੀਅਨ ਦੀ ਇਹ ਦੋ ਰੋਜ਼ਾ ਕਾਨਫਰੰਸ 19-20 ਅਕਤੂਬਰ 1929 ਨੂੰ ਲਾਹੌਰ ਵਿਚ ਹੋਈ ਸੀ। ਇਸ ਕਾਨਫਰੰਸ ਦੇ ਪ੍ਰਧਾਨ ਨੇਤਾ ਜੀ ਸੁਭਾਸ਼ ਚੰਦਰ ਸਨ। ‘ਅਸੂਲ ਜ਼ਿੰਦਗੀ ਤੋਂ ਅਮੁੱਲ’ ਨਾਂ ਦੀ ਲਿਖਤ ਭਗਤ ਸਿੰਘ ਦਾ ਆਪਣੇ ਪਿਤਾ ਨੂੰ 4 ਅਕਤੂਬਰ 1930 ਦਾ ਲਿਖਿਆ ਖਤ ਹੈ। -ਸੰਪਾਦਕ

ਜਨਾਬ ਐਡੀਟਰ ‘ਮਾਡਰਨ ਰੀਵੀਊ’
ਤੁਸੀਂ ‘ਮਾਡਰਨ ਰੀਵੀਊ’ ਪ੍ਰਕਾਸ਼ਨ ਦਸੰਬਰ ਵਿਚ ਸਾਡੇ ਕੌਮੀ ਨਾਅਰੇ ‘ਇਨਕਲਾਬ ਜ਼ਿੰਦਾਬਾਦ’ ਨੂੰ ਬੇਅਰਥ ਨਾਅਰਾ ਕਰਾਰ ਦਿੱਤਾ। ਸਾਡਾ ਖਿਆਲ ਹੈ ਕਿ ਤੁਸੀਂ ਪ੍ਰਸਿੱਧ ਜਰਨਲਿਸਟ ਹੋ। ਤੁਹਾਡੇ ਖਿਆਲਾਂ ਨੂੰ ਝੁਠਲਾਉਣਾ ਸਾਡੇ ਲਈ ਗੁਸਤਾਖੀ ਦੇ ਬਰਾਬਰ ਹੋਵੇਗਾ, ਕਿਉਂਕਿ ਤੁਹਾਨੂੰ ਹਰ ਰੌਸ਼ਨ-ਦਿਮਾਗ ਭਾਰਤੀ, ਇੱਜਤ ਦੀਆਂ ਨਜ਼ਰਾਂ ਨਾਲ ਵੇਖਦਾ ਹੈ।
ਪਰ ਇਸ ਦੇ ਬਾਵਜੂਦ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਇਸ ਸਬੰਧੀ ਹਕੀਕਤ ਨੂੰ ਤੁਹਾਡੇ ਸਾਹਮਣੇ ਰੱਖੀਏ ਕਿ ਇਸ ਨਾਅਰੇ ਦਾ ਮਤਲਬ ਸਾਡੇ ਦਿਮਾਗ ਵਿਚ ਕੀ ਹੈ? ਇਹ ਫਰਜ਼ ਸਾਡੇ ‘ਤੇ ਇਸ ਲਈ ਵੀ ਆਉਂਦਾ ਹੈ ਕਿਉਂਕਿ ਭਾਰਤੀ ਇਤਿਹਾਸ ਦੇ ਮੌਜੂਦਾ ਮੋੜ ‘ਤੇ ਅਸੀਂ ਇਸ ਨਾਅਰੇ ਨੂੰ ਮੌਜੂਦਾ ਅਹਿਮੀਅਤ ਦਿੱਤੀ ਹੈ।
ਤੁਸੀਂ ਇਸ ਖਿਆਲ ਨੂੰ ਆਪਣੇ ਦਿਮਾਗ ਵਿਚੋਂ ਕੱਢ ਦਿਓ ਕਿ ਇਸ ਨਾਅਰੇ ਦਾ ਮਤਲਬ ਇਹ ਹੈ ਕਿ ਹਥਿਆਰਬੰਦ ਜਦੋ-ਜਹਿਦ ਸਦਾ ਹੀ ਜਾਰੀ ਰਹੇਗੀ। ਗੱਲ ਇਹ ਹੈ ਕਿ ਲਗਾਤਾਰ ਵਰਤੇ ਜਾਣ ਕਰਕੇ ਇਸ ਨਾਅਰੇ ਨੂੰ ਨਵੀਂ ਅਤੇ ਅਹਿਮ ਥਾਂ ਹਾਸਲ ਹੋ ਚੁਕੀ ਹੈ। ਤੁਸੀਂ ਕਹਿ ਸਕਦੇ ਹੋ ਗਰਾਮਰ, ਜ਼ਬਾਨ ਅਤੇ ਡਿਕਸ਼ਨਰੀ ਦੇ ਮਿਆਰਾਂ ‘ਤੇ ਇਹ ਨਾਅਰਾ ਨਾ ਸੱਚ ਤੇ ਨਾ ਹੀ ਠੀਕ ਹੈ। ਪਰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਇਸ ਨਾਅਰੇ ਦੇ ਪਿੱਛੇ ਕੰਮ ਕਰਨ ਵਾਲੇ ਖਿਆਲਾਂ ਨੂੰ ਇਸ ਨਾਲੋਂ ਵੱਖ ਬਿਲਕੁਲ ਨਹੀਂ ਕਰ ਸਕਦੇ। ਉਹ ਖਿਆਲ ਇਸ ਨਾਅਰੇ ਨਾਲ ਜੁੜ ਚੁਕੇ ਹਨ ਤੇ ਇਸ ‘ਚ ਜਨਮ ਲੈ ਚੁਕੇ ਹਨ। ਅਸੀਂ ਉਦਾਹਰਣ ਦੇ ਕੇ ਇਸ ਦਾ ਸਪਸ਼ਟੀਕਰਨ ਕਰਨਾ ਚਾਹੁੰਦੇ ਹਾਂ। ਫਰਜ਼ ਕਰੋ, ਅਸੀਂ ਕਹਿੰਦੇ ਹਾਂ ‘ਜ਼ਿੰਦਾਬਾਦ ਜਤਿਨ ਦਾਸ’, ਤਾਂ ਇਸ ਦਾ ਅਰਥ ਸਾਫ ਅਤੇ ਸਪਸ਼ਟ ਇਹ ਹੁੰਦਾ ਹੈ ਕਿ ਉਹ ਨਾ ਫਤਿਹ ਹੋਣ ਵਾਲੀ ਸਪਿਰਟ ਅਤੇ ਕਾਬਲੇ-ਇੱਜ਼ਤ ਆਦਰਸ਼, ਜਿਹੜਾ ਇਸ ਬਹਾਦਰ ਇਨਕਲਾਬੀ ਸ਼ਹੀਦ ਨੇ ਪੈਦਾ ਕੀਤਾ ਅਤੇ ਜਿਨ੍ਹਾਂ ਨੇ ਉਸ ਨੂੰ ਆਪਣੇ ਦੇਸ਼ ਤੇ ਕੌਮ ਦੀ ਖਾਤਰ ਅਤਿ ਦੀਆਂ ਤਕਲੀਫਾਂ ਸਹਿਣ ਅਤੇ ਕੁਰਬਾਨੀਆਂ ਕਰਨ ਦੇ ਯੋਗ ਬਣਾਇਆ। ਉਹ ਸਪਿਰਟ, ਉਹ ਰੂਹ ਸਦਾ ਲਈ ਜ਼ਿੰਦਾ ਰਹੇ। ਸਾਡੀ ਚਾਹ ਇਹ ਹੁੰਦੀ ਹੈ ਕਿ ਅਸੀਂ ਇਹ ਨਾਅਰਾ ਬੁਲੰਦ ਕਰਨ ਸਮੇਂ ਆਪਣੇ ਆਦਰਸ਼ਾਂ ਦੀ ਲਾਜਵਾਬ ਸਪਿਰਟ ਨੂੰ ਜਿਉਂਦਾ ਰੱਖੀਏ ਅਤੇ ਇਹੀ ਉਹ ਹੈ ਜਿਸ ਦਾ ਅਸੀਂ ਇਸ ਨਾਅਰੇ ਰਾਹੀਂ ਤਾਰੀਫ ਅਤੇ ਸਤਿਕਾਰ ਕਰਦੇ ਹਾਂ।
ਹੁਣ ਲਵੋ ਇਸ ਨਾਅਰੇ ਦੇ ਲਫਜ਼ ‘ਇਨਕਲਾਬ’ ਨੂੰ। ਇਸ ਲਫਜ਼ ਦਾ ਸ਼ਬਦ-ਕੋਸ਼ ਵਾਲਾ ਅਰਥ ਵੀ ਹੈ ਪਰ ਸਿਰਫ ਸ਼ਬਦ-ਕੋਸ਼ ਵਾਲੇ ਅਰਥ ਨੂੰ ਹੀ ਲੈਣਾ ਕਾਫੀ ਨਹੀਂ, ਇਸ ਲਫਜ਼ ਨਾਲ ਉਨ੍ਹਾਂ ਲੋਕਾਂ ਦੀਆਂ, ਜੋ ਇਸ ਨੂੰ ਪੇਸ਼ ਕਰਦੇ ਹਨ, ਕੁਝ ਖਾਸ ਹਕੀਕਤਾਂ ਸਬੰਧਤ ਹੁੰਦੀਆਂ ਹਨ। ਸਾਡੀਆਂ ਇਨਕਲਾਬ ਪਸੰਦਾਂ ਦੀਆਂ ਨਜ਼ਰਾਂ ਵਿਚ ਇਹ ਪਾਕ ਅਤੇ ਇੱਜ਼ਤ ਕਰਨ ਯੋਗ ਲਫਜ਼ ਹੈ। ਅਸੀਂ ਅਦਾਲਤਾਂ ਦੇ ਸਾਹਮਣੇ ਜਿਹੜਾ ਬਿਆਨ ਦਿੱਤਾ ਸੀ, ਉਸ ਪਾਕ ਲਫਜ਼ ਦੀ ਅਹਿਮੀਅਤ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਸੀ।
ਤੁਸੀਂ ਉਸ ਬਿਆਨ ਨੂੰ ਪੜ੍ਹੋ ਤੇ ਫਿਰ ਦੇਖੋ ਕਿ ਅਸੀਂ ਕੀ ਕਿਹਾ ਸੀ? ਅਸੀਂ ਇਨਕਲਾਬ ਨੂੰ ਸਦਾ ਤੇ ਹਰ ਮੌਕੇ ‘ਤੇ ਹਥਿਆਰਬੰਦ ਇਨਕਲਾਬ ਦੇ ਮਤਲਬ ਨਾਲ ਨਹੀਂ ਜੋੜਦੇ। ਇਨਕਲਾਬ ਸਿਰਫ ਬੰਬਾਂ ਅਤੇ ਪਿਸਤੌਲਾਂ ਨਾਲ ਹੀ ਅਕੀਦਤ ਨਹੀਂ ਰੱਖਦਾ ਬਲਕਿ ਇਹ ਬੰਬ ਤੇ ਪਿਸਤੌਲ ਤਾਂ ਕਦੀ-ਕਦਾਈਂ ਇਸ ਇਨਕਲਾਬ ਦੇ ਵੱਖ-ਵੱਖ ਹਿੱਸਿਆਂ ਦੀ ਪੂਰਤੀ ਲਈ ਸਾਧਨ ਬਣ ਜਾਂਦੇ ਹਨ। ਪਰ ਮੁਕੰਮਲ ਇਨਕਲਾਬ ਨਹੀਂ ਕਹਾ ਸਕਦੇ।
ਸਾਨੂੰ ਕੋਈ ਸ਼ੱਕ ਨਹੀਂ ਕਿ ਕਈ ਵਾਰ ਲਹਿਰਾਂ ਵਿਚ ਇਨ੍ਹਾਂ ਹਥਿਆਰਾਂ ਦਾ ਅਹਿਮ ਰੋਲ ਹੁੰਦਾ ਹੈ। ਪਰ ਸਿਰਫ ਇਹੀ ਕਾਫੀ ਨਹੀਂ ਹੁੰਦਾ, ਸਿਰਫ ਬਗਾਵਤ ਨੂੰ ਇਨਕਲਾਬ ਕਹਿਣਾ ਗਲਤੀ ਹੈ। ਹਾਂ, ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਆਖਰਕਾਰ ਬਗਾਵਤਾਂ ਦਾ ਨਤੀਜਾ ਇਨਕਲਾਬ ਦੀ ਸ਼ਕਲ ਵਿਚ ਤਬਦੀਲ ਹੋ ਜਾਇਆ ਕਰਦਾ ਹੈ।
ਅਸੀਂ ਦੇਸ਼ ਵਿਚ ਬਿਹਤਰ ਤਬਦੀਲੀ ਦੀ ਸਪਿਰਟ ਤੇ ਉਨਤੀ ਦੀ ਖਾਹਿਸ਼ ਲਈ ਇਸ ਲਫਜ਼ ਇਨਕਲਾਬ ਦੀ ਵਰਤੋਂ ਕਰ ਰਹੇ ਹਾਂ। ਹੁੰਦਾ ਇਹ ਹੈ ਕਿ ਆਮ ਤੌਰ ‘ਤੇ ਖੜੋਤ ਦੀ ਹਾਲਤ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਕੱਸ ਲੈਂਦੀ ਹੈ ਅਤੇ ਕਿਸੇ ਵੀ ਕਿਸਮ ਦੀ ਤਬਦੀਲੀ ਤੋਂ ਉਹ ਹਿਚਕਚਾਉਂਦੇ ਹਨ। ਬਸ ਇਸ ਜਮੂਦ ਦੇ ਬੇਹਰਕਤੀ ਨੂੰ ਤੋੜਨ ਖਾਤਰ ਇਨਕਲਾਬੀ ਸਪਿਰਟ ਪੈਦਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਨਹੀਂ ਤਾਂ ਗਿਰਾਵਟ, ਬਰਬਾਦੀ ਦਾ ਵਾਯੂਮੰਡਲ ਕਾਬਜ਼ ਹੋ ਜਾਂਦਾ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਤਾਕਤਾਂ ਉਨ੍ਹਾਂ ਨੂੰ ਗਲਤ ਰਾਹ ਵਲ ਲੈ ਜਾਣ ਵਿਚ ਕਾਮਯਾਬ ਹੋ ਜਾਂਦੀਆਂ ਹਨ, ਜਿਸ ਨਾਲ ਇਨਸਾਨੀ ਤਰੱਕੀ ਰੁਕ ਜਾਂਦੀ ਹੈ ਤੇ ਉਸ ਵਿਚ ਖੜੋਤ ਆ ਜਾਂਦੀ ਹੈ।
ਇਸ ਹਾਲਤ ਨੂੰ ਬਦਲਣ ਲਈ ਜ਼ਰੂਰੀ ਹੈ ਕਿ ਇਨਕਲਾਬ ਦੀ ਸਪਿਰਟ ਤਾਜ਼ਾ ਕੀਤੀ ਜਾਵੇ ਤਾਂ ਜੋ ਇਨਸਾਨੀਅਤ ਦੀ ਰੂਹ ਵਿਚ ਹਰਕਤ ਪੈਦਾ ਹੋ ਜਾਵੇ ਅਤੇ ਜੁਰੱਅਤ-ਪਸੰਦ ਤਾਕਤਾਂ ਇਨਸਾਨੀ ਉਨਤੀ ਦੇ ਰਾਹ ਵਿਚ ਰੋੜਾ ਨਾ ਅਟਕਾ ਸਕਣ। ਇਨਸਾਨੀ ਉਨਤੀ ਦਾ ਲਾਜ਼ਮੀ ਅਸੂਲ ਹੈ ਕਿ ਪੁਰਾਣੀ ਚੀਜ਼ ਨਵੀਂ ਚੀਜ਼ ਲਈ ਥਾਂ ਖਾਲੀ ਕਰਦੀ ਚਲੀ ਜਾਵੇ। ਹੁਣ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੇਗੇ ਕਿ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਜਿਸ ਦਾ ਤੁਸੀਂ ਮਖੌਲ ਉਡਾਇਆ ਹੈ, ਕਿਹੋ ਜਿਹੀ ਸਪਿਰਟ ਰੱਖਦਾ ਹੈ ਤੇ ਅਸੀਂ ਇਸ ਨੂੰ ਕਿਸ ਲਈ ਵਰਤਣ ਦੇ ਹੱਕ ‘ਚ ਆਵਾਜ਼ ਉਚੀ ਕਰ ਰਹੇ ਹਾਂ।
ਵਿਦਿਆਰਥੀਆਂ ਨੂੰ ਸੰਦੇਸ਼
ਅਸੀਂ ਨੌਜਵਾਨਾਂ ਨੂੰ ਬੰਬ ਤੇ ਪਿਸਤੌਲ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ। ਵਿਦਿਆਰਥੀਆਂ ਦੇ ਕਰਨ ਲਈ ਇਸ ਤੋਂ ਜ਼ਿਆਦਾ ਵੱਡੇ ਕੰਮ ਹਨ। ਆਉਣ ਵਾਲੇ ਲਾਹੌਰ ਸੈਸ਼ਨ ਵਿਚ ਕਾਂਗਰਸ ਦੇਸ਼ ਦੀ ਸੁਤੰਤਰਤਾ ਲਈ ਤਕੜੀ ਜਦੋ-ਜਹਿਦ ਦਾ ਐਲਾਨ ਕਰ ਰਹੀ ਹੈ। ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨ ਜਮਾਤ ਦੇ ਸਿਰਾਂ ਉਤੇ ਮਣਾਂ-ਮੂੰਹੀਂ ਜ਼ਿੰਮੇਵਾਰੀ ਦਾ ਭਾਰ ਆ ਜਾਂਦਾ ਹੈ। ਹੋਰ ਸਭ ਤੋਂ ਵੱਧ ਵਿਦਿਆਰਥੀ ਹੀ ਤਾਂ ਆਜ਼ਾਦੀ ਦੀ ਲੜਾਈ ਦੀਆਂ ਮੂਹਰਲੀਆਂ ਸਫਾਂ ਵਿਚ ਲੜਦੇ ਸ਼ਹੀਦ ਹੋਏ ਹਨ। ਕੀ ਭਾਰਤੀ ਨੌਜਵਾਨ ਇਸ ਪ੍ਰੀਖਿਆ ਦੇ ਸਮੇਂ ਉਹੀ ਸੰਜੀਦਾ ਇਰਾਦਾ ਵਿਖਾਉਣ ਤੋਂ ਝਿਜਕਣਗੇ?
ਫੈਕਟਰੀਆਂ ਵਿਚ ਕੰਮ ਕਰਦੇ ਲੱਖਾਂ ਮਜ਼ਦੂਰਾਂ ਕੋਲ ਝੁੱਗੀਆਂ ਤੇ ਪੇਂਡੂ ਝੌਂਪੜੀਆਂ ਵਿਚ ਨੌਜਵਾਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹੋਰ ਕੋਨੇ-ਕੋਨੇ ਵਿਚ ਪਹੁੰਚਾਉਣਾ ਹੈ। ਉਸ ਇਨਕਲਾਬ ਦਾ ਸੁਨੇਹਾ, ਜਿਹੜਾ ਕਿ ਉਹ ਆਜ਼ਾਦੀ ਲਿਆਵੇਗਾ, ਜਿਸ ਵਿਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ-ਖਸੁੱਟ ਅਸੰਭਵ ਹੋ ਜਾਵੇਗੀ। ਕਿਉਂਕਿ ਆਮ ਤੌਰ ‘ਤੇ ਪੰਜਾਬ ਨੂੰ ਰਾਜਨੀਤਕ ਤੌਰ ‘ਤੇ ਪਛੜਿਆ ਸਮਝਿਆ ਜਾਂਦਾ ਹੈ, ਸੋ ਇਸ ਕਰ ਕੇ ਇਥੋਂ ਦੇ ਨੌਜਵਾਨਾਂ ‘ਤੇ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ। ਆਓ, ਆਪਣੇ ਮਹਾਨ ਸ਼ਹੀਦ ਜਤਿੰਦਰ ਨਾਥ ਦਾਸ ਦੀ ਮਹਾਨ ਤੇ ਗੌਰਵਮਈ ਮਿਸਾਲ ਨੂੰ ਕਾਇਮ ਰੱਖਦੇ ਹੋਏ, ਆਉਣ ਵਾਲੀ ਜੰਗ ਵਿਚ ਆਪਣੀ ਮਜ਼ਬੂਤੀ ਤੇ ਅਡੋਲ ਬਹਾਦਰੀ ਰਾਹੀਂ ਆਪਣੀ ਜਾਗ੍ਰਤੀ ਦਾ ਸਬੂਤ ਦਿਉ।
ਅਸੂਲ ਜ਼ਿੰਦਗੀ ਤੋਂ ਅਮੁੱਲ
ਪਿਆਰੇ ਪਿਤਾ ਜੀ,
ਮੈਨੂੰ ਇਹ ਜਾਣ ਕੇ ਹੈਰਾਨ ਹੋਈ ਹੈ ਕਿ ਤੁਸਾਂ ਸਪੈਸ਼ਲ ਟ੍ਰਿਬਿਊਨਲ ਨੂੰ ਮੇਰੀ ਸਫਾਈ ਵਿਚ ਦਰਖਾਸਤ ਦਿੱਤੀ ਹੈ। ਇਹ ਖਬਰ ਏਨੀ ਦੁਖਦਾਈ ਸੀ ਕਿ ਮੈਂ ਇਸ ਨੂੰ ਖਾਮੋਸ਼ ਬਰਦਾਸ਼ਤ ਨਹੀਂ ਕਰ ਸਕਦਾ। ਇਸ ਖਬਰ ਨੇ ਮੇਰੇ ਦਿਲ ਦੀ ਸਾਰੀ ਸ਼ਾਂਤੀ ਖਤਮ ਕਰ ਦਿੱਤੀ ਹੈ। ਮੈਂ ਇਹ ਨਹੀਂ ਸਮਝ ਸਕਦਾ ਕਿ ਮੌਜੂਦਾ ਹਾਲਾਤ ਵਿਚ ਅਤੇ ਇਸ ਮਰਹਲੇ ‘ਤੇ ਤੁਸੀਂ ਕਿਵੇਂ ਇਸ ਕਿਸਮ ਦੀ ਦਰਖਾਸਤ ਦੇ ਸਕਦੇ ਹੋ।
ਤੁਹਾਡਾ ਪੁੱਤਰ ਹੋਣ ਦੇ ਨਾਤੇ ਮੈਂ ਤੁਹਾਡੇ ਵਾਲਿਦਾਨਾ ਜਜ਼ਬਿਆਂ ਦਾ ਪੂਰਾ ਇਹਤਰਾਮ ਕਰਦਾ ਹਾਂ। ਪਰ ਇਸ ਦੇ ਬਾਵਜੂਦ ਮੈਂ ਸਮਝਦਾ ਹਾਂ ਕਿ ਤੁਹਾਨੂੰ ਮੇਰੇ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾ ਅਜਿਹੀ ਦਰਖਾਸਤ ਦੇਣ ਦਾ ਕੋਈ ਹੱਕ ਨਹੀਂ ਸੀ। ਤੁਸੀਂ ਜਾਣਦੇ ਹੋ ਕਿ ਸਿਆਸੀ ਖੇਤਰ ਵਿਚ ਮੇਰੇ ਖਿਆਲ ਤੁਹਾਡੇ ਤੋਂ ਬਹੁਤ ਵੱਖ ਹਨ। ਮੈਂ ਤੁਹਾਡੀ ਰਜ਼ਾਮੰਦੀ ਜਾਂ ਨਾ-ਰਜ਼ਾਮੰਦੀ ਦਾ ਖਿਆਲ ਕੀਤੇ ਬਿਨਾ ਸਦਾ ਆਜ਼ਾਦਾਨਾ ਕੰਮ ਕਰਦਾ ਰਿਹਾ ਹਾਂ।
ਮੈਨੂੰ ਯਕੀਨ ਹੈ ਕਿ ਇਹ ਗੱਲ ਤੁਹਾਨੂੰ ਯਾਦ ਹੋਵੇਗੀ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਲਈ ਕਾਇਲ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੋ ਕਿ ਮੈਂ ਆਪਣਾ ਮੁਕੱਦਮਾ ਸੰਜੀਦਗੀ ਨਾਲ ਲੜਾਂ ਅਤੇ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਪਤਾ ਹੈ ਕਿ ਮੈਂ ਸਦਾ ਇਸ ਦਾ ਵਿਰੋਧ ਕਰਦਾ ਰਿਹਾ ਹਾਂ। ਕਦੀ ਵੀ ਆਪਣੀ ਸਫਾਈ ਪੇਸ਼ ਕਰਨ ਦੀ ਚਾਹ ਪ੍ਰਗਟ ਨਹੀਂ ਕੀਤੀ ਅਤੇ ਨਾ ਹੀ ਮੈਂ ਕਦੀ ਇਸ ‘ਤੇ ਸੰਜੀਦਗੀ ਨਾਲ ਗੌਰ ਕੀਤਾ ਹੈ।
ਤੁਸੀਂ ਜਾਣਦੇ ਹੋ ਕਿ ਅਸੀਂ ਮੁਕੱਦਮੇ ਵਿਚ ਇਕ ਵਾਜ਼ਿਆ ਨੀਤੀ ‘ਤੇ ਚੱਲ ਰਹੇ ਹਾਂ। ਮੇਰਾ ਹਰ ਕਦਮ ਇਸ ਪਾਲਿਸੀ, ਮੇਰੇ ਅਸੂਲਾਂ ਅਤੇ ਸਾਡੇ ਪ੍ਰੋਗਰਾਮ ਨਾਲ ਮੇਲ ਖਾਣ ਵਾਲਾ ਹੋਣਾ ਚਾਹੀਦਾ ਹੈ। ਅੱਜ ਹਾਲਾਤ ਬਿਲਕੁਲ ਵੱਖਰੇ ਹਨ। ਪਰ ਜੇ ਹਾਲਾਤ ਇਸ ਤੋਂ ਬਿਨਾਂ ਕੁਝ ਹੋਰ ਵੀ ਹੁੰਦੇ, ਤਾਂ ਵੀ ਮੈਂ ਆਖਰੀ ਆਦਮੀ ਹੀ ਹੁੰਦਾ, ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕੱਦਮੇ ਵਿਚ ਮੇਰੇ ਸਾਹਮਣੇ ਇਕ ਹੀ ਖਿਆਲ ਸੀ ਅਤੇ ਉਹ ਇਹ ਕਿ ਸਾਡੇ ਖਿਲਾਫ ਜਿਹੜੇ ਸੰਗੀਨ ਇਲਜ਼ਾਮ ਲਾਏ ਗਏ ਹਨ, ਉਨ੍ਹਾਂ ਦੇ ਬਾਵਜੂਦ ਅਸੀਂ ਇਸ ਵੱਲ ਮੁਕੰਮਲ ਤੌਰ ‘ਤੇ ਬੇਧਿਆਨੀ ਵਰਤੀਏ। ਮੇਰਾ ਇਹ ਨਜ਼ਰੀਆ ਰਿਹਾ ਹੈ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੀ ਹਾਲਤ ਵਿਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜਿਹੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਉਹ ਉਨ੍ਹਾਂ ਨੂੰ ਖਿੜੇ ਮੱਥੇ ਬਰਦਾਸ਼ਤ ਕਰਨੀ ਚਾਹੀਦੀ ਹੈ। ਇਸ ਸਾਰੇ ਮੁਕੱਦਮੇ ਦੌਰਾਨ ਸਾਡੀ ਪਾਲਿਸੀ ਇਸ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਫੈਸਲਾ ਕਰਨ ਵਿਚ ਕਾਮਯਾਬ ਹੋਏ ਹਾਂ ਜਾਂ ਨਹੀਂ, ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ। ਅਸੀਂ ਖੁਦਗਰਜ਼ੀ ਛੱਡ ਕੇ ਆਪਣਾ ਕੰਮ ਕਰ ਰਹੇ ਹਾਂ।
ਵਾਇਸਰਾਏ ਨੇ ਲਾਹੌਰ ਸਾਜ਼ਿਸ਼ ਕੇਸ ਆਰਡੀਨੈਂਸ ਜਾਰੀ ਕਰਦਿਆਂ ਇਸ ਦੇ ਨਾਲ ਜੋ ਬਿਆਨ ਜਾਰੀ ਕੀਤਾ ਸੀ, ਉਸ ਵਿਚ ਉਸ ਨੇ ਕਿਹਾ ਸੀ ਕਿ ਇਸ ਸਾਜ਼ਿਸ਼ ਦੇ ਮੁਲਜ਼ਮ ਅਮਨ-ਕਾਨੂੰਨ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਨਾਲ ਜਿਹੜੀ ਹਾਲਤ ਪੈਦਾ ਹੋਈ, ਉਸ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਸੀਂ ਅਮਨ-ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ? ਇਸ ਗੱਲ ਨਾਲ ਮਤਭੇਦ ਹੋ ਸਕਦੇ ਹਨ। ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਵਿਚੋਂ ਹੋਵੇ, ਜਿਹੜੇ ਇਸ ਗੱਲ ਨਾਲ ਮਤਭੇਦ ਰੱਖਦੇ ਹਨ। ਪਰ ਇਸ ਦਾ ਮੰਤਵ ਇਹ ਨਹੀਂ ਕਿ ਤੁਸੀਂ ਮੇਰੇ ਵੱਲੋਂ ਅਜਿਹੇ ਕਦਮ ਮੇਰੇ ਨਾਲ ਮਸ਼ਵਰਾ ਕੀਤੇ ਬਿਨਾ ਹੀ ਅਖਤਿਆਰ ਕਰੋ। ਮੇਰੀ ਜ਼ਿੰਦਗੀ ਏਨੀ ਕੀਮਤੀ ਨਹੀਂ, ਜਿੰਨੀ ਕਿ ਤੁਸੀਂ ਖਿਆਲ ਕਰਦੇ ਹੋ। ਘੱਟ ਤੋਂ ਘੱਟ ਮੇਰੇ ਲਈ ਏਨੀ ਕੀਮਤੀ ਨਹੀਂ ਕਿ ਇਸ ਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ‘ਤੇ ਬਚਾਇਆ ਜਾਵੇ। ਮੇਰੇ ਹੋਰ ਸਾਥੀ ਵੀ ਹਨ, ਜਿਨ੍ਹਾਂ ਦੇ ਮੁਕੱਦਮੇ ਇੰਨੇ ਹੀ ਸੰਗੀਨ ਹਨ ਜਿੰਨਾ ਕਿ ਮੇਰਾ ਮੁਕੱਦਮਾ। ਅਸੀਂ ਇਕ ਸਾਂਝੀ ਪਾਲਿਸੀ ਅਪਨਾਈ ਹੈ ਅਤੇ ਇਸ ਪਾਲਿਸੀ ‘ਤੇ ਅਸੀਂ ਆਖਰੀ ਸਮੇਂ ਤਕ ਡਟੇ ਰਹਾਂਗੇ। ਸਾਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਸਾਨੂੰ ਵਿਅਕਤੀਗਤ ਤੌਰ ‘ਤੇ ਕਿੰਨੀ ਕੀਮਤ ਇਸ ਗੱਲ ਦੀ ਅਦਾ ਕਰਨੀ ਪਵੇ।
ਪਿਤਾ ਜੀ, ਮੈਂ ਬਹੁਤ ਦੁੱਖ ਮਹਿਸੂਸ ਕਰ ਰਿਹਾ ਹਾਂ। ਮੈਨੂੰ ਡਰ ਹੈ ਕਿ ਕਿਤੇ ਤੁਹਾਡੇ ‘ਤੇ ਇਹ ਨੁਕਤਾਚੀਨੀ ਕਰਦੇ ਜਾਂ ਇਸ ਤੋਂ ਵਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦਿਆਂ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ ਅਤੇ ਮੇਰੇ ਲਫਜ਼ ਜ਼ਿਆਦਾ ਸਖਤ ਹੋ ਜਾਣ। ਪਰ ਮੈਂ ਸਾਫ ਲਫਜ਼ਾਂ ‘ਚ ਗੱਲ ਕਹਾਂਗਾ, ਜੇ ਕੋਈ ਸਖਸ਼ ਮੇਰੇ ਨਾਲ ਅਜਿਹਾ ਸਲੂਕ ਕਰਦਾ ਤਾਂ ਮੈਂ ਇਸ ਨੂੰ ਗੱਦਾਰੀ ਤੋਂ ਘੱਟ ਖਿਆਲ ਨਾ ਕਰਦਾ। ਪਰ ਤੁਹਾਡੀ ਹਾਲਤ ਵਿਚ ਏਨਾ ਹੀ ਕਹਾਂਗਾ ਕਿ ਇਹ ਕਮਜ਼ੋਰੀ ਹੈ, ਬਦਤਰੀਨ ਕਿਸਮ ਦੀ ਕਮਜ਼ੋਰੀ।
ਇਹ ਅਜਿਹਾ ਸਮਾਂ ਸੀ, ਜਦੋਂ ਸਾਡੇ ਸਾਰਿਆਂ ਦਾ ਇਮਤਿਹਾਨ ਹੋ ਰਿਹਾ ਸੀ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਇਮਤਿਹਾਨ ਵਿਚ ਨਾਕਾਮ ਰਹੇ ਹੋ। ਮੈਂ ਜਾਣਦਾ ਹਾਂ ਕਿ ਤੁਸੀਂ ਵੀ ਵਤਨ ਦੇ ਏਨੇ ਹੀ ਆਸ਼ਕ ਹੋ, ਜਿੰਨਾ ਕਿ ਕੋਈ ਸ਼ਖਸ ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਆਪਣਾ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਲਈ ਲਾ ਦਿੱਤੀ ਹੈ। ਪਰ ਇਸ ਅਹਿਮ ਮੋੜ ‘ਤੇ ਤੁਸਾਂ ਇੰਨੀ ਕਮਜ਼ੋਰੀ ਵਿਖਾਈ, ਮੈਂ ਇਹ ਗੱਲ ਸਮਝ ਨਹੀਂ ਸਕਦਾ।
ਅਖੀਰ ਵਿਚ ਮੈਂ ਤੁਹਾਨੂੰ ਤੁਹਾਡੇ ਦੋਸਤਾਂ ਅਤੇ ਮੇਰੇ ਮੁਕੱਦਮੇ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਵਿਚ ਨਹੀਂ ਹਾਂ। ਜੇ ਅਦਾਲਤ ਸਾਡੇ ਕੁਝ ਸਾਥੀਆਂ ਵੱਲੋਂ ਸਫਾਈ ਆਦਿ ਲਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਲੈਂਦੀ ਤਾਂ ਵੀ ਮੈਂ ਕੋਈ ਸਫਾਈ ਪੇਸ਼ ਨਾ ਕਰਦਾ।
ਭੁੱਖ ਹੜਤਾਲ ਦੇ ਦਿਨਾਂ ਵਿਚ ਮੈਂ ਟ੍ਰਿਬਿਊਨਲ ਨੂੰ ਜਿਹੜੀ ਦਰਖਾਸਤ ਦਿੱਤੀ ਸੀ ਅਤੇ ਇਨ੍ਹਾਂ ਦਿਨਾਂ ਵਿਚ ਮੈਂ ਜਿਹੜਾ ਇੰਟਰਵਿਊ ਦਿੱਤਾ ਸੀ, ਉਸ ਦੇ ਗਲਤ ਅਰਥ ਕੱਢੇ ਗਏ ਹਨ ਅਤੇ ਅਖਬਾਰਾਂ ਵਿਚ ਇਹ ਪ੍ਰਕਾਸ਼ਿਤ ਕਰ ਦਿੱਤਾ ਗਿਆ ਕਿ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ ਹਾਂ। ਹਾਲਾਂਕਿ ਮੈਂ ਕਿਸੇ ਵੀ ਸਮੇਂ ਸਫਾਈ ਪੇਸ਼ ਕਰਨ ਲਈ ਰਾਜ਼ੀ ਨਹੀਂ ਹੋਇਆ ਸੀ। ਅੱਜ ਵੀ ਮੇਰੇ ਖਿਆਲ ਉਹੀ ਹਨ, ਜੋ ਉਸ ਵੇਲੇ ਸਨ।
ਬੋਸਟਲ ਜੇਲ੍ਹ ਵਿਚ ਕੈਦ ਮੇਰੇ ਸਾਥੀ ਇਸ ਗੱਲ ਨੂੰ ਮੇਰੇ ਵੱਲੋਂ ਗੱਦਾਰੀ ਅਤੇ ਧੋਖਾ-ਦੇਹੀ ਖਿਆਲ ਕਰ ਰਹੇ ਹੋਣਗੇ। ਮੈਨੂੰ ਉਨ੍ਹਾਂ ਦੇ ਸਾਹਮਣੇ ਆਪਣੀ ਪੁਜ਼ੀਸ਼ਨ ਸਾਫ ਕਰਨ ਦਾ ਮੌਕਾ ਵੀ ਨਹੀਂ ਮਿਲੇਗਾ।
ਮੈਂ ਚਾਹੁੰਦਾ ਹਾਂ ਕਿ ਇਸ ਸਿਲਸਿਲੇ ਵਿਚ ਜਿਹੜੀਆਂ ਪੇਚੀਦਗੀਆਂ ਪੈਦਾ ਹੋ ਗਈਆਂ ਹਨ, ਉਨ੍ਹਾਂ ਸਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਜਾਵੇ। ਇਸ ਲਈ ਮੈਂ ਤੁਹਾਨੂੰ ਦਰਖਾਸਤ ਕਰਦਾ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਉ।
ਤੁਹਾਡਾ ਪੁੱਤਰ,
ਭਗਤ ਸਿੰਘ