ਕਿਥੇ ਗਈਆਂ ਬਲਬੀਰ ਸਿੰਘ ਦੀਆਂ ਯਾਦਗਾਰੀ ਖੇਡ ਨਿਸ਼ਾਨੀਆਂ?

ਪ੍ਰਿੰ. ਸਰਵਣ ਸਿੰਘ
ਬਲਬੀਰ ਸਿੰਘ ਸੀਨੀਅਰ ਦੇ 36 ਮੈਡਲ, ਓਲੰਪਿਕ ਜੇਤੂ ਭਾਰਤੀ ਟੀਮ ਦੀ ਕਪਤਾਨੀ ਦਾ ਬਲੇਜ਼ਰ ਤੇ 100 ਯਾਦਗਾਰੀ ਫੋਟੋ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਅਦਾਰੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵੱਲੋਂ ‘ਗੁਆ/ਚੁਰਾ’ ਦੇਣ ਦੀ ‘ਬ੍ਰੇਕਿੰਗ ਨਿਊਜ਼’ ਆਈ ਹੈ। 1985 ‘ਚ ḔਸਾਈḔ ਨੇ ਆਪਣੇ ਖੇਡ ਮਿਊਜ਼ੀਅਮ ਵਿਚ ਸਜਾਉਣ ਲਈ ਬਲਬੀਰ ਸਿੰਘ ਤੋਂ ਖੇਡ ਨਿਸ਼ਾਨੀਆਂ ਮੰਗੀਆਂ ਸਨ, ਜੋ ਉਸ ਨੇ ਟਰੇਅ ਵਿਚ ਰੱਖ ਕੇ ਸਾਈ ਦੇ ਸੈਕਟਰੀ ਸ੍ਰੀ ਤਲਵਾੜ ਨੂੰ ਭੇਟ ਕੀਤੀਆਂ ਸਨ। ਮੈਡਲਾਂ ਨਾਲ ਭਰੀ ਟਰੇਅ ਭੇਟ ਕਰਨ ਦੀ ਫੋਟੋ ਅਜੇ ਵੀ ਉਸ ਪਾਸ ਮੌਜੂਦ ਹੈ ਪਰ ਪਿਛਲੇ 6 ਸਾਲਾਂ ਤੋਂ ਉਹਦੀਆਂ ਖੇਡ ਨਿਸ਼ਾਨੀਆਂ ਲੱਭ ਨਹੀਂ ਰਹੀਆਂ।

ਬਲਬੀਰ ਸਿੰਘ ਸਾਧਾਰਨ ਖਿਡਾਰੀ ਨਹੀਂ। ਓਲੰਪਿਕ ਖੇਡਾਂ ਦੇ ਇਤਿਹਾਸ ਦਾ ਉਹ ਆਦਰਸ਼ਕ ਹਾਕੀ ਖਿਡਾਰੀ ਮੰਨਿਆ ਗਿਆ ਹੈ। 2012 ਵਿਚ ਲੰਡਨ ਦੀਆਂ ਓਲੰਪਿਕ ਖੇਡਾਂ ਮੌਕੇ ਓਲੰਪਿਕ ਸਫਰ ‘ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ, ਉਨ੍ਹਾਂ ਵਿਚ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ।
ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਸੀਨੀਅਰ ਨੂੰ ਕਿਸੇ ਸਰਕਾਰ ਨੇ ਕੋਈ ਵਿਸ਼ੇਸ਼ ਇਨਾਮ ਸਨਮਾਨ ਤਾਂ ਕੀ ਦੇਣਾ ਸੀ, ਉਲਟਾ ਸਪੋਟਰਸ ਅਥਾਰਟੀ ਆਫ ਇੰਡੀਆ ਨੇ ਉਹਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ ‘ਗੁਆ’ ਜਾਂ ‘ਪਾਸੇ’ ਕਰ ਦਿੱਤੀਆਂ। ਇਹ ਹਾਲ ਹੈ, ਭਾਰਤੀ ਹਾਕੀ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ!
ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਇਹ ਤਾਂ ਪੰਜਾਬ ਦੇ ਸਾਬਕਾ ਮੁਖ ਮੰਤਰੀ ਸ਼ ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ ḔਸਾਈḔ ਨੂੰ ਦਿੱਤੇ ਹੁੰਦੇ ਤਾਂ ਉਹ ਵੀ ‘ਜਾਂਦੇ’ ਰਹਿਣੇ ਸਨ!
95 ਸਾਲਾਂ ਦਾ ਬਲਬੀਰ ਸਿੰਘ ਹੁਣ ‘ਗੋਲਡਨ ਗੋਲ’ ਦੇ ਦੌਰ ਵਿਚ ਹੈ। ਜੀਵਨ ਖੇਡ ਦੇ ਅੰਤਲੇ ਦੌਰ ਵਿਚ। 85 ਸਾਲ ਦੀ ਉਮਰ ਵਿਚ ਉਸ ਨੇ ਹਾਕੀ ਬਾਰੇ ‘ਦੀ ਗੋਲਡਨ ਯਾਰਡਸਟਿਕ’ ਪੁਸਤਕ ਲਿਖੀ ਸੀ। ਉਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਨੇ ਲਿਖਿਆ, “ਇਕ ਓਲੰਪੀਅਨ ਵਜੋਂ ਮੈਨੂੰ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖੁਸੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਟੀਮ ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਭਾਰਤ ਤੋਂ ਬਾਹਰ ਸਾਰੀ ਦੁਨੀਆਂ ਤਕ ਪੁਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜੁਆਨ ਉਸ ਦੇ ਵਿਖਾਏ ਖੇਡ ਮਾਰਗ ‘ਤੇ ਚੱਲਣਗੇ। ਓਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ, ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।”
ਏਧਰ ḔਸਾਈḔ ਦੇ ਸੈਕਟਰੀ ਤੇ ਐਨ. ਆਈ. ਐਸ਼ ਦੇ ਸਟਾਫ ਦਾ ‘ਕਾਰਨਾਮਾ’ ਵੇਖੋ ਕਿ ਅਗਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦੇਣ ਵਾਲੀਆਂ ਮਹਾਨ ਖਿਡਾਰੀ ਦੀਆਂ ਅਨਮੋਲ ਨਿਸ਼ਾਨੀਆਂ ਹੀ ‘ਗਾਇਬ’ ਕਰ ਦਿੱਤੀਆਂ। ਉਨ੍ਹਾਂ ਦੇ ‘ਗਾਇਬ’ ਹੋਣ ਦਾ ਪਤਾ ਤਦ ਲੱਗਾ ਜਦ 2012 ਵਿਚ ਲੰਡਨ ਓਲੰਪਿਕ ਦੇ ਮਿਊਜ਼ੀਅਮ ਲਈ ਬਲਬੀਰ ਸਿੰਘ ਦਾ 1956 ਵਾਲਾ ਬਲੇਜ਼ਰ ਮੰਗਵਾਇਆ ਗਿਆ। ਬਲੇਜ਼ਰ ਕੀ, ਉਹਦੀ ਕੋਈ ਵੀ ਨਿਸ਼ਾਨੀ ḔਸਾਈḔ ਕੋਲੋਂ ਨਹੀਂ ਮਿਲੀ। ਬਲਬੀਰ ਸਿੰਘ ਤੇ ਉਹਦਾ ਪਰਿਵਾਰ 6 ਸਾਲਾਂ ਤੋਂ ਉਨ੍ਹਾਂ ਖੇਡ ਨਿਸ਼ਾਨੀਆਂ ਦੀ ਭਾਲ ਵਿਚ ਭਟਕ ਰਿਹੈ। ਦਿੱਲੀ ਵਾਲੇ ਕਹਿ ਦਿੰਦੇ ਹਨ, ਪਟਿਆਲੇ ਭੇਜ ਦਿੱਤੀਆਂ ਸਨ ਪਰ ਪਟਿਆਲੇ ਵਾਲੇ ਕਹਿੰਦੇ ਹਨ, ਸਾਡੇ ਕੋਲ ਪੁੱਜੀਆਂ ਹੀ ਨਹੀਂ। ਆਖਰ ਉਹ ਹੈਨ ਕਿੱਥੇ? ਆਖਰ ਪਟਿਆਲਾ ਪੁਲਿਸ ਕੋਲ ਐਫ਼ ਆਈ. ਆਰ. ਦਰਜ ਕਰਵਾਈ ਹੈ।
ਪਿੱਛੇ ਜਿਹੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਬਲਬੀਰ ਸਿੰਘ ਨੂੰ ਭਾਰਤ ਰਤਨ ਅਵਾਰਡ ਦੇਣ ਦੀ ਸਿਫਾਰਸ਼ ਕੀਤੀ ਸੀ ਜਿਸ ਦਾ ਉਹ ਸਹੀ ਹੱਕਦਾਰ ਹੈ। ਉਸ ਦੀਆਂ ਪ੍ਰਾਪਤੀਆਂ ਹਾਕੀ ਦੇ ਜਾਦੂਗਰ ਧਿਆਨ ਚੰਦ ਤੋਂ ਵੀ ਬਿਹਤਰ ਹਨ। ਇਹ ਤੱਥ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਦੇ ਸਹਿਯੋਗ ਨਾਲ ਤਿੰਨ ਗੋਲਡ ਮੈਡਲ ਜਿੱਤੇ ਤੇ ਯੂਨੀਅਨ ਜੈਕ ਝੁਲਾਏ ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਤਿੰਨ ਗੋਲਡ ਮੈਡਲ ਜਿੱਤੇ ਤੇ ਤਿਰੰਗੇ ਲਹਿਰਾਏ। ਉਹ ਦੋ ਓਲੰਪਿਕਸ ਵਿਚ ਭਾਰਤੀ ਖੇਡ ਦਲਾਂ ਦਾ ਝੰਡਾਬਰਦਾਰ ਬਣਿਆ। ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂ ਬੋਲਦੈ।
ਓਲੰਪਿਕ ਖੇਡਾਂ ਵਿਚ ਤਿੰਨ ਗੋਲਡ ਮੈਡਲ ਤੇ ਏਸ਼ੀਆਈ ਖੇਡਾਂ ਵਿਚ ਇਕ ਸਿਲਵਰ ਮੈਡਲ ਜਿੱਤਣ ਤੋਂ ਬਿਨਾ ਬਲਬੀਰ ਸਿੰਘ ਨੇ ਭਾਰਤੀ ਟੀਮਾਂ ਦੇ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿੱਤਿਆ ਤੇ ਸੱਤ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਦੋ ਪੁਸਤਕਾਂ ਲਿਖੀਆਂ, ਜਿਨ੍ਹਾਂ ‘ਚ ਇਕ ਹਾਕੀ ਦੀ ਕੋਚਿੰਗ ਬਾਰੇ ਹੈ। ਮੇਜਰ ਧਿਆਨ ਚੰਦ ਬ੍ਰਿਟਿਸ਼ ਆਰਮੀ ਦੇ ਫੌਜੀ ਦਾ ਪੁੱਤਰ ਸੀ, ਬਲਬੀਰ ਸਿੰਘ ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਜੇਲ੍ਹਾਂ ਕੱਟਣ ਵਾਲੇ ਪਿਤਾ ਦਾ ਪੁੱਤਰ ਹੈ।
ਬਲਬੀਰ ਸਿੰਘ ਦੇ ਮੈਡਲ, ਬਲੇਜ਼ਰ ਤੇ ਫੋਟੋਗਰਾਫ ‘ਗਾਇਬ’ ਕਰਨ ਪਿੱਛੇ ਕਿਤੇ ਕੋਈ ਸਾਜ਼ਿਸ਼ ਤਾਂ ਨਹੀਂ? ਭਾਰਤ ਦੇ ਖੇਡ ਮੰਤਰੀ ਨੂੰ ਇਸ ਸਾਜ਼ਿਸ਼ ਦੀ ਪੂਰੀ ਪੜਤਾਲ ਕਰਵਾਉਣੀ ਚਾਹੀਦੀ ਹੈ। ਬਲਬੀਰ ਸਿੰਘ ਦਾ ਕਹਿਣਾ ਹੈ ਕਿ ਮੇਰੀਆਂ ਖੇਡ ਨਿਸ਼ਾਨੀਆਂ ‘ਗੁਆ’ ਦੇਣਾ ਮੇਰੇ ਸਭ ਤੋਂ ਨੇੜਲੇ ਰਿਸ਼ਤੇਦਾਰ/ਮਿੱਤਰ ਦੇ ਮਰ ਜਾਣ ਵਾਂਗ ਹੈ! ਕੀ ਭਾਰਤ ਦੇ ਲੋਕ, ਵਿਸ਼ਵ ਦੇ ਅੱਵਲ ਨੰਬਰ ਤੇ ਸਭ ਤੋਂ ਸੀਨੀਅਰ ਭਾਰਤੀ ਖਿਡਾਰੀ ਦਾ ਦੁੱਖ-ਦਰਦ ਮਹਿਸੂਸ ਕਰਦੇ ਹਨ?