ਕਿਰਤ ਨਾਲੋਂ ਟੁੱਟ ਰਹੇ ਨੇ ਕਿਰਤੀ ਕਿਸਾਨ

ਸਮਾਜਕ ਨਿਘਾਰ ਦੀ ਗੱਲ ਹੁਣ ਅਕਸਰ ਚੱਲਦੀ ਹੈ। ਕਿਸਾਨ ਭਾਈਚਾਰੇ, ਖਾਸ ਕਰਕੇ ਕੁਝ ਰੱਜੇ-ਪੁੱਜੇ ਕਿਸਾਨਾਂ ਅੰਦਰ ਕਿਰਤ ਸਭਿਆਚਾਰ ਖਤਮ ਹੋਣ ਕਾਰਨ ਇਸ ਨਿਘਾਰ ਵਿਚ ਹੋਰ ਤੇਜ਼ੀ ਆਈ ਹੈ। ਇਹ ਨਿਘਾਰ ਚੌਤਰਫਾ ਹੈ। ਇਸ ਲੇਖ ਵਿਚ ਡਾ. ਧਰਮ ਸਿੰਘ ਨੇ ਪੰਜਾਬੀਆਂ ਦੇ ਅਵੱਲੇ ਸ਼ੌਕਾਂ ਬਾਰੇ ਚਰਚਾ ਕਰਦਿਆਂ ਇਸ ਮਸਲੇ ਦੀ ਡੰਘੀ ਚੀਰ-ਫਾੜ ਕੀਤੀ ਹੈ।

-ਸੰਪਾਦਕ

ਡਾ. ਧਰਮ ਸਿੰਘ
ਫੋਨ: +91-98889-39808

ਕਿਸਾਨ ਅਤੇ ਜ਼ਿਮੀਂਦਾਰ ਵਿਚ ਸੂਖਮ ਅੰਤਰ ਸਮਝਦਿਆਂ ਹੋਇਆਂ ਮੈਂ ਕਿਸਾਨ ਦੀ ਪਰਿਭਾਸ਼ਾ ਇਹ ਮਿੱਥਦਾ ਹਾਂ ਜੋ ਹੱਥੀਂ ਕਾਸ਼ਤ ਕਰਦਾ ਹੈ ਅਤੇ ਜ਼ਿਮੀਂਦਾਰ ਤੋਂ ਭਾਵ ਭੂਮੀਪਤੀ ਹੈ। ਜ਼ਰੂਰੀ ਨਹੀਂ ਕਿ ਕਿਸਾਨ ਭੂਮੀਪਤੀ ਹੋਵੇ ਅਤੇ ਭੂਮੀਪਤੀ ਜ਼ਰੂਰੀ ਨਹੀਂ ਕਿ ਕਿਸਾਨ ਵੀ ਹੋਵੇ। ਕਿਸਾਨੀ ਦੇ ਮਸਲੇ ਲਾਂਭੇ ਰੱਖਦਿਆਂ ਕੇਵਲ ਪੰਜਾਬ ਵਿਚ ਭੂਮੀ ਦੀ ਮਾਲਕੀ ਦੀਆਂ ਸੰਭਾਵਨਾਵਾਂ ਬਾਰੇ ਹੀ ਗੱਲ ਕਰਨੀ ਚਾਹਾਗਾਂ।
ਪਿਛਲੇ ਕੁਝ ਸਮੇਂ ਤੋਂ ਉਹ ਭੂਮੀਪਤੀ ਜੋ ਕਿਸਾਨੀ ਵੀ ਕਰ ਰਹੇ ਹਨ, ਇਸ ਤੋਂ ਹੱਥ ਪਿੱਛੇ ਖਿੱਚ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਵਿਚਲਾ ਹਉਂ ਜਾਂ ਹਉਮੈ ਹੈ। ਕਿਸਾਨ ਜੋ ਵਧੇਰੇ ਕਰਕੇ ਸਿੱਖ ਭਾਈਚਾਰੇ ਨਾਲ ਸੰਬਧਿਤ ਹਨ, ਅੱਜ ਕੱਲ੍ਹ ਬਹੁਤ ਬੁਰੀ ਤਰ੍ਹਾਂ ਜਾਤ-ਪਾਤ ਦਾ ਸ਼ਿਕਾਰ ਹੋਏ ਪਏ ਹਨ। ਗੁਰਮਤਿ ਦਰਸ਼ਨ, ਅਥਵਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦਰਕਿਨਾਰ ਕਰ ਕੇ ਉਹ ਫੋਕੇ ਜਾਤੀਵਾਦ ਵਿਚ ਫਸ ਗਏ ਹਨ। ਤਕਰੀਬਨ ਸਾਰੀਆਂ ਰਾਜਨੀਤਕ ਪਾਰਟੀਆਂ ਵਿਚ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਅੱਗੇ ਆਉਣ ਕਰਕੇ ਸਾਧਾਰਨ ਜੱਟ ਵੀ ਹਉਮੈ ਦਾ ਸ਼ਿਕਾਰ ਹੋ ਗਿਆ ਹੈ। ਸ਼ਹਿਰਾਂ ਨਜ਼ਦੀਕ ਉਸਰ ਰਹੀਆਂ ਨਵੀਆਂ ਕਾਲੋਨੀਆਂ ਕਰਕੇ ਜ਼ਮੀਨਾਂ ਬਹੁਤ ਕੀਮਤੀ ਹੋ ਗਈਆਂ ਹਨ। ਕੀਮਤੀ ਜ਼ਮੀਨ ਵਿਕਣ ਕਰਕੇ ਪੈਸੇ ਦਾ ਬੋਲਬਾਲਾ ਹੋ ਗਿਆ ਹੈ, ਜਿਸ ਕਰਕੇ ਇਕ ਦੂਜੇ ਨੂੰ ਨੱਕ ਥੱਲੇ ਨਾ ਲਿਆਉਣ ਦਰੁਝਾਨ ਜ਼ੋਰ ਫੜ ਰਿਹਾ ਹੈ।
ਪਹਿਲਾਂ ਰੁਝਾਨ ਚਾਰ ਸਿਆੜ ਪਹਿਲੀ ਜ਼ਮੀਨ ਨਾਲ ਰਲਾਉਣ ਦੀ ਸੀ, ਹੁਣ ਉਨ੍ਹਾਂ ਚਾਰ ਸਿਆੜਾਂ ਨੂੰ ਵੇਚ ਕੇ ਵੱਡੀਆਂ ਕੋਠੀਆਂ ਪਾਉਣ, ਨਵੀਆਂ ਤੇ ਵੱਡੀਆਂ ਕਾਰਾਂ ਖਰੀਦਣ, ਮਹਿੰਗੇ ਫਰਨੀਚਰ ਨਾਲ ਘਰ ਸਜਾਉਣ ਅਤੇ ਹੋਰ ਵਿਲਾਸੀ ਵਸਤੂਆਂ ਇਕੱਠੀਆਂ ਕਰਨ ਦੀ ਹੈ। ਅਮੀਰ ਹੋ ਜਾਣ ਕਰਕੇ, ਭਾਵੇਂ ਕਿਸੇ ਵੀ ਤਰ੍ਹਾਂ, ਉਸ ਦੇ ਸ਼ੌਂਕ ਵੀ ਅਮੀਰਾਂ ਵਾਲੇ ਹੋ ਗਏ ਹਨ। ਹੁਣ ਜਿਹੜਾ ਨਵਾਂ ਸ਼ੌਕ ਜਾਗਿਆ ਹੈ, ਉਹ ਹੈ ਵਿਦੇਸ਼ੀ ਨਸਲ ਦੇ ਕੁੱਤੇ ਪਾਲਣ ਦਾ। ਵਿਦੇਸ਼ੀ ਨਸਲ ਦੇ ਕੁੱਤੇ ਨੂੰ ‘ਡੌਗ ਫੂਡ’ ਚਾਹੀਦਾ ਹੈ, ਸਿਖਲਾਈ ਵੀ ਲਾਜ਼ਮੀ ਹੈ ਅਤੇ ਸ਼ਾਮ ਨੂੰ ਸੋਟੀ ਫੜ ਕੇ ਕੁੱਤੇ ਨੂੰ ਘੁਮਾਉਣ ਜਾਣਾ ਵੀ ਆਮ ਹੀ ਵੇਖਣ ਨੂੰ ਮਿਲ ਰਿਹਾ ਹੈ। ਗਾਵਾਂ, ਮੱਝਾਂ ਦੀ ਥਾਂ ਕੁੱਤਿਆਂ ਨੇ ਲੈ ਲਈ ਹੈ।
ਸੱਤਾ ਦੇ ਸੁਪਨੇ ਅੱਖਾਂ ਵਿਚ ਲਟਕਣ ਨਾਲ ਭੂਮੀਪਤੀਆਂ ਨੇ ਸਿਆਸਤ ਨੂੰ ਵੀ ਵਧੇਰੇ ਮੂੰਹ ਮਾਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਸੱਤਾ ਸੇਵਾ ਲਈ ਸੀ, ਹੁਣ ਦੌਲਤ ਕਮਾਉਣ ਅਤੇ ਹਉਮੈ ਨੂੰ ਪੱਠੇ ਪਾਉਣ ਲਈ ਹੈ। ਸਰਪੰਚ, ਚੇਅਰਮੈਨ, ਪ੍ਰਧਾਨ, ਡਾਇਰੈਕਟਰ ਆਦਿ ਨਾਲ ‘ਸਾਹਿਬ’ ਸ਼ਬਦ ਲੁਆ ਕੇ ਭੂਮੀਪਤੀਆਂ ਨੂੰ ਸਕੂਨ ਮਿਲਦਾ ਹੈ। ਕਈਆਂ ਨੇ ਅਜਿਹੇ ਸੰਕੇਤਾਂ ਵਾਲੀਆਂ ਨੰਬਰ ਪਲੇਟਾਂ ਬਣਵਾ ਕੇ ਗੱਡੀਆਂ ਦੇ ਅੱਗੇ ਪਿੱਛੇ ਲਵਾ ਰੱਖੀਆਂ ਹਨ। ਕਿਰਤ ਸਭਿਆਚਾਰ ਲੋਪ ਹੋ ਰਿਹਾ ਹੈ ਜਾਂ ਵੱਧ ਤੋਂ ਵੱਧ ਖੇਤਾਂ ਵੱਲ ਮੋਟਰ ਗੱਡੀ ਉਪਰ ਚੜ੍ਹ ਕੇ ਗੇੜਾ ਮਾਰਨ ਤੱਕ ਹੀ ਹੈ। ਸੱਤਾ ਦੇ ਨੇੜੇ ਰਹਿ ਕੇ ਪੈਸਾ ਛੇਤੀ ਤੇ ਆਸਾਨੀ ਨਾਲ ਬਣ ਜਾਂਦਾ ਹੈ, ਇਸ ਲਈ ਬੋਰਡਾਂ, ਕਾਰਪੋਰੇਸ਼ਨਾਂ, ਕਮਿਸ਼ਨਾਂ ਆਦਿ ਦੇ ਮੈਂਬਰ ਜਾਂ ਚੇਅਰਮੈਨ ਬਣਨ ਦੀ ਦੌੜ ਲਈ ਭੂਮੀਪਤੀ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੇ ਹਨ।
ਸਰਮਾਏਦਾਰ ਭੂਮੀਪਤੀਆਂ ਨੂੰ ਅੱਜ ਕੱਲ੍ਹ ਇਕ ਹੋਰ ਨਵਾਂ ਸ਼ੌਕ ਚੰਬੜ ਗਿਆ ਹੈ, ਉਹ ਹੈ ਸੈਲੀਬਰਿਟੀ, ਸਟਾਰ ਜਾਂ ਵੀ.ਆਈ.ਪੀ. ਬਣਨ ਦਾ। ਜੋ ਸੱਤਾ ਵਾਲੇ ਪਾਸੇ ਨਹੀਂ ਗਏ, ਉਹ ਸ਼ੋਅ ਕਾਰੋਬਾਰ ਵਾਲੇ ਪਾਸੇ ਆ ਗਏ ਹਨ। ਪੰਜਾਬ ਵਿਚ ਓਨੇ ਪਿੰਡ ਨਹੀਂ, ਜਿੰਨੇ ਗਾਇਕ ਹਨ। ਲਗਦਾ ਹੈ, ਜਿਵੇਂ ਪੰਜਾਬ ਵਿਚ ਗਾਇਕਾਂ ਦੀ ਮੋਹਲੇਧਾਰ ਵਰਖਾ ਹੋਈ ਹੈ ਅਤੇ ਇਸ ਮੋਹਲੇਧਾਰ ਵਰਖਾ ਵਿਚ ਪੰਜਾਬ ਦਾ ਸਭਿਆਚਾਰ, ਕਲਾ, ਧਰਮ, ਸ਼ਰਮ, ਹਯਾ ਆਦਿ ਸਭ ਕੁਝ ਰੁੜ੍ਹ ਗਿਆ ਹੈ। ਦਿੱਖ ਨੂੰ ਸੁੰਦਰ ਬਣਾਉਣ ਦੇ ਭਰਮ ਵਿਚ ਇਹ ਗਾਇਕ ਸੇਹ ਦੇ ਤਕਲੇ ਵਾਂਗ ਖੜ੍ਹੇ ਕੀਤੇ ਵਾਲ, ਗਲਾਂ ਵਿਚ ਮੋਟੀਆਂ-ਮੋਟੀਆਂ ਜ਼ੰਜੀਰੀਆਂ, ਹੱਥਾਂ ਵਿਚ ਪਾਈਆਂ ਮੋਟੀਆਂ-ਮੋਟੀਆਂ ਅੰਗੂਠੀਆਂ ਅਤੇ ਹੋਰ ਪਤਾ ਨਹੀਂ ਕੀ-ਕੀ ਪਾ ਕੇ ਅਤੇ ਹੁਲਾਰੇ ਮਾਰ-ਮਾਰ ਕਮਲਿਆਂ ਵਾਂਗੂੰ ਹੱਥ-ਪੈਰ ਮਾਰ-ਮਾਰ ਵਿਖਾਉਂਦੇ ਹਨ। ਗਾਇਕੀ ਸੁਣਨ ਨਾਲੋਂ ਵੇਖਣ ਦੀ ਚੀਜ਼ ਵਧੇਰੇ ਬਣ ਗਈ ਹੈ। ਵਿਦੇਸ਼ਾਂ ਵਿਚ ਸ਼ੂਟਿੰਗ, ਮਹਿੰਗੇ ਸੈੱਟ, ਮਹਿੰਗੀਆਂ ਕਾਰਾਂ ਅਤੇ ਮਾਡਲਾਂ ਦੀਆਂ ਅਦਾਵਾਂ ਨੇ ਇਹ ਸਾਰਾ ਕੁਝ ਇੰਨਾ ਮਹਿੰਗਾ ਬਣਾ ਦਿੱਤਾ ਹੈ ਕਿ ਸੋਚਿਆ ਵੀ ਨਹੀਂ ਜਾ ਸਕਦਾ। ਗਲੈਮਰ ਦਾ ਤੜਕਾ ਲਾਉਣ ਲਈ ਦੇਸੀ ਮਾਡਲ ਛੱਡ ਕੇ ਗੋਰੀਆਂ ਮਾਡਲਾਂ ਨੂੰ ਲਿਆ ਜਾ ਰਿਹਾ ਹੈ। ਇਸ ਨਾਲ ਜੇ ਕੋਈ ਮਾੜੀ ਮੋਟੀ ਝਿਜਕ ਬਚੀ ਸੀ, ਉਹ ਵੀ ਜਾਂਦੀ ਰਹੀ ਹੈ। ਹੁਣ ਜੇ ਗਾਇਕੀ ਨੂੰ ਕਾਰੋਬਾਰ ਵੀ ਮੰਨ ਲਿਆ ਜਾਵੇ ਤਾਂ ਕਿੰਨੇ ਕੁ ਲੋਕ ਇਸ ਵਿਚ ਕਾਮਯਾਬ ਹੋਏ ਹਨ? ਕਈ ਗਾਇਕਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕਰ ਲਈ ਹੈ ਤੇ ਕਈਆਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਭੂਮੀਪਤੀ ਜ਼ਮੀਨਾਂ ਵੇਚ ਕੇ ਇੰਨੇ ਮਹਿੰਗੇ ਸ਼ੌਕ ਪਾਲ ਰਹੇ ਹਨ।
ਸ਼ੋਅ ਬਿਜ਼ਨੈਸ ਵਿਚ ਇਹ ਚਮਕ ਦਮਕ ਜ਼ਮੀਨਾਂ ਵੇਚ ਕੇ ਵੱਟੇ ਪੈਸੇ ਦੇ ਕ੍ਰਿਸ਼ਮੇ ਕਰਕੇ ਹੈ, ਕਮਾਈ ਕਰਕੇ ਨਹੀਂ। ਰੇਡੀਓ, ਟੀ.ਵੀ., ਇਸ਼ਤਿਹਾਰਬਾਜ਼ੀ ਅਤੇ ਹੋਰ ਸੰਚਾਰ ਦੇ ਮਾਧਿਅਮਾਂ ਵਿਚ ਹੋ ਰਹੇ ਖਰਚ ਨੂੰ ਦੇਖ ਕੇ ਲਗਦਾ ਕਿ ਹੁਣ ਜ਼ਮੀਨਾਂ ਛੇਤੀ ਹੀ ਰਿਕਾਰਡਿੰਗ ਤੇ ਫ਼ਿਲਮ ਕੰਪਨੀਆਂ, ਵੀਡੀਓਗ੍ਰਾਫ਼ਰਾਂ, ਆੜ੍ਹਤੀਆਂ, ਬੈਂਕਾਂ ਅਤੇ ਸੂਦਖੋਰਾਂ ਦੀ ਮਲਕੀਅਤ ਬਣ ਜਾਣਗੀਆਂ। ਪ੍ਰਤਿਭਾਸ਼ਾਲੀ ਬੰਦੇ ਇਸ ਸਾਰੇ ਜਲਵੇ ਤੋਂ ਬਿਨਾਂ ਪਹਿਲਾਂ ਵੀ ਕਾਮਯਾਬ ਹੁੰਦੇ ਆਏ ਸਨ, ਹੁਣ ਵੀ ਹੋ ਰਹੇ ਹਨ ਅਤੇ ਭਵਿਖ ਵਿਚ ਵੀ ਹੁੰਦੇ ਰਹਿਣਗੇ। ਘਰ ਫੂਕ ਤਮਾਸ਼ਾ ਵੇਖਣਾ ਕਿਸੇ ਵੀ ਤਰ੍ਹਾਂ ਦੀ ਦਾਨਿਸ਼ਮੰਦੀ ਨਹੀਂ।
ਭਾਸ਼ਾ ਅਤੇ ਸਭਿਆਚਾਰ ਦੀ ਸੇਵਾ ਵਾਲੇ ਦਾਅਵੇ ਵੀ ਖੋਖਲੇ ਹਨ। ਭੂਮੀਪਤੀਆਂ ਦਾ ਇਕ ਹੋਰ ਨਵਾਂ ਸ਼ੌਕ ਹੈ: ਟਰੈਕਟਰ ਟੋਚਨ ਮੁਕਾਬਲੇ। ਟਰੈਕਟਰ ਖੇਤੀ ਵਿਚ ਕੰਮ ਆਉਣ ਵਾਲੀ ਮਸ਼ੀਨਰੀ ਹੈ, ਤਾਕਤ ਦੀ ਪਰਖ ਜਾਂ ਘੱਟੋ ਘੱਟ ਟੋਚਨ ਮੁਕਾਬਲਿਆਂ ਲਈ ਤਾਂ ਬਿਲਕੁਲ ਨਹੀਂ ਬਣੀ। ਇਨ੍ਹਾਂ ਮੁਕਾਬਲਿਆਂ ਵਿਚ ਦੋ ਟਰੈਕਟਰਾਂ ਵਿਚਕਾਰ ਟੋਚਨ ਪਾ ਕੇ ਫਿਰ ਬੇਤਹਾਸ਼ਾ ਜ਼ੋਰ ਲਗਵਾ ਕੇ ਤਾਕਤ ਦੀ ਪਰਖ ਕੀਤੀ ਜਾਂਦੀ ਹੈ। ਛੋਟਾ ਟਰੈਕਟਰ ਵੱਡੇ ਦਾ ਮੁਕਾਬਲਾ ਕਤਈ ਨਹੀਂ ਕਰ ਸਕਦਾ, ਪਰ ਟੋਚਨ ਮੁਕਾਬਲਿਆਂ ਵਿਚ ਅਜਿਹੀ ਕੋਈ ਪਾਬੰਦੀ ਨਹੀਂ। ਜ਼ੋਰ ਅਜ਼ਮਾਈ ਵਿਚ ਟਰੈਕਟਰ ਕਈ-ਕਈ ਫੁੱੱਟ ਜ਼ਮੀਨ ਤੋਂ ਉਪਰ ਉਠਦਾ ਤੇ ਵਾਰ-ਵਾਰ ਥੱਲੇ ਡਿੱਗਦਾ ਹੈ। ਕਈ ਥਾਈਂ ਹਾਦਸੇ ਵੀ ਹੋਏ ਹਨ, ਜਿਨ੍ਹਾਂ ਵਿਚ ਜਾਨੀ ਨੁਕਸਾਨ ਹੋਇਆ ਵੀ ਹੈ। ਮਸ਼ੀਨਰੀ ਦਾ ਨੁਕਸਾਨ ਤਾਂ ਹੈ ਹੀ, ਪਰ ਸ਼ੌਕ ਵੀ ਤਾਂ ਪੂਰਾ ਕਰਨਾ ਹੈ, ਇਸ ਲਈ ਨੁਕਸਾਨ ਦੀ ਕਿਸ ਨੂੰ ਚਿੰਤਾ ਹੈ?
ਉਂਜ ਤਾਂ ਸਮੁੱਚੇ ਪੰਜਾਬੀ ਭਾਈਚਾਰੇ ਦੀ ਮਾਨਸਿਕਤਾ ਵਿਚ ਬਦਲਾਓ ਆ ਰਿਹਾ ਹੈ, ਪਰ ਭੂਮੀਪਤੀਆਂ ਵਿਚ ਇਹ ਵਧੇਰੇ ਹੈ। ਧਰਮ ਹੁਣ ਉਨ੍ਹਾਂ ਲਈ ਕੋਈ ਅਹਿਮੀਅਤ ਨਹੀਂ ਰੱਖਦਾ, ਇਸ ਲਈ ਧਰਮ ਦੀਆਂ ਸਿੱਖਿਆਵਾਂ ਅਰਥਾਤ ਸਾਦਗੀ, ਨਿਮਰਤਾ, ਦੂਜੇ ਦਾ ਦੁੱਖ ਦਰਦ ਵੰਡਾਉਣਾ, ਲੋੜਵੰਦਾਂ ਦੀ ਮਦਦ ਕਰਨੀ ਤੇ ਹੋਰ ਸਕਾਰਾਤਮਕ ਕੰਮ ਇਨ੍ਹਾਂ ਲਈ ਅਰਥਹੀਣ ਹਨ। ਸਿਰਫ਼ ਇਕੋ ਹੀ ਇੱਛਾ ਹੈ ਕਿ ਦੁਨੀਆ ਨਾਲੋਂ ਵੱਡਾ ਕਿਵੇਂ ਬਣਨਾ ਜਾਂ ਦਿਸਣਾ ਹੈ?
ਮੈਂ ਇਹ ਗੱਲ ਕਈ ਸਭਾਵਾਂ ਵਿਚ ਸੁਣੀ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਗਏ ਸਨ। ਰੇਲਵੇ ਫਾਟਕ ਬੰਦ ਹੋਇਆ ਤਾਂ ਉਨ੍ਹਾਂ ਦੀ ਕਾਰ ਦੇ ਬਰਾਬਰ ਆਣ ਕੇ ਕਾਰ ਰੁਕੀ। ਕਾਰ ਸਵਾਰ ਸ਼ਕਲ ਤੋਂ ਪੰਜਾਬੀ ਲੱਗ ਰਿਹਾ ਸੀ। ਗੱਲਬਾਤ ਆਰੰਭ ਹੋਈ ਤਾਂ ਉਸ ਨੇ ਦੱਸਿਆ ਕਿ ਉਹ ਉਸ ਇਲਾਕੇ ਦੀ ਮੁਸਲਿਮ ਲੀਗ ਦਾ ਪ੍ਰਧਾਨ ਹੈ ਤੇ ਪਿੱਛੋਂ ਵਿਰਕ ਜੱਟ ਹੈ। ਵਿਰਕ ਪੰਜਾਬੀ ਜੱਟ ਹੁੰਦੇ ਹਨ ਪਰ ਮੁਸਲਿਮ ਲੀਗ ਦਾ ਪ੍ਰਧਾਨ ਬਣਨ ਵਾਸਤੇ ਉਹ ਸਿੱਖੀ ਅਤੇ ਪੰਜਾਬੀਅਤ ਨੂੰ ਕਿੰਨਾ ਕੁ ਬਚਾ ਸਕਿਆ ਹੋਵੇਗਾ? ਪਤਾ ਨਹੀਂ। ਕਿਸੇ ਸਿੱਖ ਦਾ ਮੁਸਲਿਮ ਲੀਗ ਦਾ ਪ੍ਰਧਾਨ ਹੋਣਾ ਕਿੰਨੀ ਕੁ ਵਡਿਆਈ ਵਾਲੀ ਗੱਲ ਹੋਵੇਗੀ? ਪਾਠਕ ਖੁਦ ਅੰਦਾਜ਼ਾ ਲਾ ਲੈਣ ਪਰ ਮੈਨੂੰ ਇਹ ਸਭ ਕੁਝ ਅਸਾਧਾਰਨ ਜਿਹਾ ਲੱਗ ਰਿਹਾ ਹੈ। ਅਜਿਹੇ ਲੋਕਾਂ ਦਾ ਵਤੀਰਾ ਇਹ ਹੈ ਕਿ ਚੌਧਰ ਮਿਲਣੀ ਚਾਹੀਦੀ ਹੈ, ਭਾਵੇਂ ਇਸ ਲਈ ਕੋਈ ਵੀ ਕੀਮਤ ਕਿਉਂ ਨਾ ਤਾਰਨੀ ਪਵੇ।
ਧਰਮ ਦੀ ਸਿੱਖਿਆ ਵਿਚ ਇਕ ਹੈ, ਕਿਰਤ ਕਰਨੀ ਅਤੇ ਉਹ ਵੀ ਦਸਾਂ ਨਹੁੰਆਂ ਦੀ, ਕਿਉਂਕਿ ਕਿਰਤ ਹੀ ਮਨੁੱਖ ਦੇ ਸਵੈਮਾਣ ਅਤੇ ਪ੍ਰਤਿਸ਼ਠਾ ਦੀ ਜਾਮਨ ਹੈ। ਕਿਰਤ ਨਾਲ ਪੈਸਾ ਆਵੇਗਾ ਜਿਸ ਕਰਕੇ ਕਿਸੇ ਅੱਗੇ ਹੱਥ ਅੱਡਣ ਦੀ ਮੁਥਾਜੀ ਨਹੀਂ ਹੋਵੇਗੀ ਅਤੇ ਆਤਮ ਨਿਰਭਰ ਬਣਨ ਨਾਲ ਉਸ ਦਾ ਸਵੈਮਾਣ ਵਧੇਗਾ। ਅਨੇਕਾਂ ਭੂਮੀਪਤੀਆਂ ਨੇ ਆਪਣੇ ਕੰਮ ਆਪ ਕਰਨ ਦੀ ਬਜਾਏ ਨੌਕਰ ਰੱਖੇ ਹੋਏ ਹਨ ਅਤੇ ਕਮਾਈ ਦਾ ਵੱਡਾ ਹਿੱਸਾ ਨੌਕਰਾਂ ਕੋਲ ਚਲੇ ਜਾਂਦਾ ਹੈ। ਦੁਹਾਈ ਇਹ ਦਿੱਤੀ ਹਾ ਰਹੀ ਹੈ ਕਿ ਖੇਤੀ ਘਾਟੇਵੰਦਾ ਸੌਦਾ ਹੈ। ਕਿਰਤ ਤੋਂ ਮੂੰਹ ਮੋੜਨ ਵਾਲੇ ਲੱਖਾਂ ਤੋਂ ਕੱਖ ਹੁੰਦੇ ਜ਼ਮਾਨੇ ਨੇ ਵੇਖੇ ਹਨ। ਪੰਜਾਬੀਆਂ ਦੀ ਮਾਨਸਿਕਤਾ ਨਾਲ ਜੁੜੀ ਜੱਗਬੀਤੀ ਇਥੇ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਜਦ ਸਿਨੇਮਾ ਹੀ ਇਕੋ ਇਕ ਮੰਨੋਰੰਜਨ ਦਾ ਸਾਧਨ ਸੀ, ਤਾਂ ਮੇਰੇ ਪਿੰਡ ਦਾ ਇਕ ਭੂਮੀਪਤੀ, ਆਪਣੀ ਚਾਰਯਾਰੀ ਸਮੇਤ, ਫ਼ਿਲਮ ਦੇਖਣ ਚਲਾ ਗਿਆ। ਭੀੜ ਵਧੇਰੇ ਹੋਣ ਕਰਕੇ ਉਸ ਨੂੰ ਟਿਕਟ ਨਾ ਮਿਲੀ, ਨਮੋਸ਼ੀ ਝੱਲਣੀ ਪਈ ਤੇ ਚਾਰਯਾਰੀ ਨੇ ਖਿੱਲੀ ਵੀ ਉਡਾਈ। ਅਗਲੇ ਦਿਨ ਉਹ ਸਿਨੇਮਾ ਦੇ ਮੈਨੇਜਰ ਨੂੰ ਜਾ ਮਿਲਿਆ ਤੇ ਉਸ ਤੋਂ ਪੁੱਛਿਆ ਕਿ ਉਸ ਨੂੰ ਇਕ ਦਿਨ ਦੀ ਕਿੰਨੀ ਕੁ ਕਮਾਈ ਹੋ ਜਾਂਦੀ ਹੈ? ਮੈਨੇਜਰ ਨੇ ਸਾਰਾ ਹਿਸਾਬ ਕਿਤਾਬ ਲਗਾ ਕੇ ਉਸ ਨੂੰ ਦੱਸ ਦਿੱਤਾ। ਉਹ ਸਾਰਾ ਪੈਸਾ ਉਸ ਅੱਗੇ ਢੇਰੀ ਕਰਦਾ ਹੋਇਆ ਬੋਲਿਆ ਕਿ ਫਲਾਣੇ ਦਿਨ ਦਾ ਇਕ ਸ਼ੋਅ ਉਹ ਇਕੱਲਾ ਹੀ ਦੇਖੇਗਾ। ਉਸ ਦਿਨ ਟਿਕਟ ਖਿੜਕੀ ਖੁੱਲ੍ਹਣ ਤੋਂ ਪਹਿਲਾਂ ਹੀ ਹਾਊਸ ਫੁੱਲ ਦਾ ਬੋਰਡ ਵੇਖ ਕੇ ਲੋਕੀਂ ਪੁੱਛਣ ਲੱਗੇ ਕਿ ਖਿੜਕੀ ਤਾਂ ਖੁੱਲ੍ਹੀ ਨਹੀਂ, ਹਾਊਸ ਫੁੱਲ ਕਿਵੇਂ ਹੋ ਗਿਆ? ਜਦ ਪਤਾ ਲੱਗਾ ਕਿ ‘ਕਿਸੇ ਜ਼ਿਮੀਂਦਾਰ’ ਨੇ ਸਾਰਾ ਸ਼ੋਅ ਇਕੱਲੇ ਨੇ ਹੀ ਬੁੱਕ ਕਰ ਰੱਖਿਆ ਹੈ ਤਾਂ ਕਈਆਂ ਨੂੰ ਹੈਰਾਨੀ ਹੋਈ ਤੇ ਕਈ ਉਸ ਦੀ ਮੂਰਖਤਾ ਉਪਰ ਹੱਸਦੇ ਰਹੇ।
ਪੰਜਾਬੀਆਂ ਵਿਚ ਹਥਿਆਰਾਂ ਦਾ ਸ਼ੌਕ ਨਵਾਂ ਨਹੀਂ ਹੈ, ਪਰ ਅਜੋਕੇ ਸਮੇਂ ਵਿਚ ਇਹ ਕੁਝ ਵਧੇਰੇ ਹੀ ਹੈ। ਲਾਇਸੈਂਸਸ਼ੁਦਾ ਹਥਿਆਰਾਂ ਦਾ ਅਨੁਪਾਤ ਪਹਿਲਾਂ ਨਾਲੋਂ ਕੁਝ ਵਧ ਗਿਆ ਹੈ ਤੇ ਗੈਰ-ਲਾਇਸੈਂਸਸ਼ੁਦਾ ਦੀ ਤਾਂ ਕੋਈ ਗਿਣਤੀ ਹੀ ਨਹੀਂ। ਹਥਿਆਰਾਂ ਕਰਕੇ ਕਤਲ-ਓ-ਗਾਰਤ ਵਧ ਗਈ ਹੈ ਤੇ ਸਬਰ ਸੰਤੋਖ ਦੀ ਥਾਂ ਹਿੰਸਾ ਦਾ ਬੋਲਬਾਲਾ ਹੋ ਗਿਆ ਹੈ। ਬਿਨਾਂ ਕਿਸੇ ਗੱਲ ਲੜਾਈ ਝਗੜੇ ਹੋ ਰਹੇ ਹਨ। ਸੜਕ ਉਪਰ ਕਿਸੇ ਨੂੰ ਰਾਹ ਨਾ ਦੇਣ ਅਤੇ ਵਾਹਨ ਨੂੰ ਠੀਕ ਢੰਗ ਨਾਲ ਪਾਰਕ ਨਾ ਕਰਨ ਆਦਿ ਦੀਆਂ ਮਾਮੂਲੀ ਗੱਲਾਂ ਕਰਕੇ ਇਕ ਦੂਜੇ ਉਪਰ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਇਹ ਸਾਰਾ ਕੁਝ ਧਰਮ ਦੇ ਪ੍ਰਭਾਵ ਘੱਟ ਹੋਣ ਕਰਕੇ ਹੈ। ਬੇਸਬਰਾ ਤੇ ਹਉਮੈ ਗ੍ਰਸਤ ਮਨੁੱਖ ਕੋਰਟ ਕਚਹਿਰੀਆਂ ਤੋਂ ਵੀ ਨਹੀਂ ਡਰਦਾ। ਹਥਿਆਰਾਂ ਬਾਰੇ ਤਾਂ ਆਮ ਸਿੱਠ ਹੈ ਕਿ ਕੋਈ ਜਦ ਹਥਿਆਰ ਖਰੀਦਣ ਗਿਆ ਤਾਂ ਉਸ ਨੇ ਦੁਕਾਨਦਾਰ ਨੂੰ ਉਸ ਦਾ ਮੁੱਲ ਪੁੱਛਿਆ। ਦੁਕਾਨਦਾਰ ਨੇ ਅੱਗਿਓਂ ਹੱਸ ਕੇ ਕਿਹਾ ਕਿ ਇਸ ਦੇ ਮੁੱਲ ਦਾ ਤਾਂ ਉਦੋਂ ਪਤਾ ਲੱਗੇਗਾ, ਜਦੋਂ ਉਹ ਚੱਲੇਗਾ।
ਇਹ ਸਾਰੇ ਤੱਥ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਹੁਣ ਜ਼ਮੀਨਾਂ ਪਰੰਪਰਾਗਤ ਭੂਮੀਪਤੀਆਂ ਕੋਲ ਨਹੀਂ ਰਹਿਣੀਆਂ ਸਗੋਂ ਕਾਰੋਬਾਰੀ ਲੋਕਾਂ ਜਾਂ ਅਦਾਰਿਆਂ ਕੋਲ ਚਲੀਆਂ ਜਾਣੀਆਂ ਹਨ। ਅਜਿਹਾ ਹੀ ਵਰਤਾਰਾ ਅੱਜ ਤੋਂ ਕਰੀਬ ਸੌ ਕੁ ਸਾਲ ਪਹਿਲਾਂ ਵੀ ਵਾਪਰਿਆ ਸੀ, ਬੇਸ਼ੱਕ ਉਸ ਦੇ ਕਾਰਨ ਕੁਝ ਹੋਰ ਸਨ। ਕਹਾਵਤ ਹੈ ਕਿ ਇਤਿਹਾਸ ਆਪਣੇ-ਆਪ ਨੂੰ ਦੁਹਰਾਉਂਦਾ ਹੈ।