‘ਆਪ’ ਲੀਡਰਸ਼ਿਪ ਪੁਰਾਣੇ ਲੀਡਰਾਂ ਨੂੰ ਮਨਾਉਣ ਤੁਰੀ

ਛੋਟੇਪੁਰ ਤੇ ਗਾਂਧੀ ਨਾਲ ਤਾਲਮੇਲ ਦੇ ਯਤਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਆਖਰਕਾਰ ਬੀਤੇ ਸਮੇਂ ਵਿਚ ਕੀਤੀਆਂ ਭੁੱਲਾਂ ਉਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਇਹ ਸਭ ਭਾਵੇਂ ਅਣਸਰਦੀ ਲੋੜ ਲਈ ਕਰਨਾ ਪਿਆ ਹੈ ਪਰ ਪੰਜਾਬ ਵਿਚ ਤੀਜੇ ਬਦਲ ਦਾ ਦਮ ਭਰਦੀ ਇਸ ਧਿਰ ਲਈ ਇਹ ਸ਼ੁਭ ਸੰਕੇਤ ਹਨ। ਪੰਜਾਬ ਵਿਚ ਪਾਰਟੀ ਵਿਚੋਂ ਕੱਢੇ ਜਾਂ ਰੁੱਸੇ ਆਗੂਆਂ ਨੂੰ ਮਨਾਉਣ ਲਈ ਵੱਡੇ ਪੱਧਰ ਉਤੇ ਮੁਹਿੰਮ ਵਿੱਢੀ ਗਈ ਹੈ।

ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦੂਤ ਮੁਹਾਲੀ ਵਿਚ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਮਿਲੇ। ਉਸੇ ਦਿਨ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਪਟਿਆਲਾ ਵਿਚ ਬਾਗੀ ਐਮæਪੀæ ਡਾæ ਧਰਮਵੀਰ ਗਾਂਧੀ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਭਾਵੇਂ ਵਾਪਸੀ ਲਈ ਸਖਤ ਸ਼ਰਤਾਂ ਰੱਖੀਆਂ ਹਨ ਪਰ ਦਿੱਲੀ ਹਾਈਕਮਾਨ ਕੋਲ ਇਨ੍ਹਾਂ ਸ਼ਰਤਾਂ ਉਤੇ ਫੁੱਲ ਚੜ੍ਹਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਡਾæ ਗਾਂਧੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਹੈ ਕਿ ਉਹ ਆਪਣੇ ਸਟੈਂਡ ‘ਤੇ ਕਾਇਮ ਹਨ। ਜੇ ਉਨ੍ਹਾਂ ਦੀਆਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਹਨ; ਹਾਲਾਂਕਿ ਛੋਟੇਪੁਰ ਨੇ ਕੋਈ ਬਹੁਤਾ ਚੰਗਾ ਹੁੰਗਾਰਾ ਨਹੀਂ ਭਰਿਆ ਪਰ ਉਨ੍ਹਾਂ ਕੇਜਰੀਵਾਲ ‘ਤੇ ਸਾਰੀ ਨਾਰਾਜ਼ਗੀ ਸੁੱਟਦਿਆਂ ਇਹ ਜ਼ਰੂਰ ਕਿਹਾ ਹੈ ਕਿ ਜੇ ਉਹ (ਕੇਜਰੀਵਾਲ) ਉਨ੍ਹਾਂ ਨੂੰ ਮਿਲ ਕੇ ਸਾਰੀ ਸਥਿਤੀ ਸਪਸ਼ਟ ਕਰਦੇ ਹਨ ਤਾਂ ਗੱਲ ਬਣ ਸਕਦੀ ਹੈ। ਇਹ ਵੀ ਚਰਚਾ ਹੈ ਕਿ ਛੋਟੇਪੁਰ ਨੂੰ ਪੰਜਾਬ ਇਕਾਈ ਦਾ ਮੁੜ ਕਨਵੀਨਰ ਲਾਉਣ ਦੀ ਪੇਸ਼ਕਸ਼ ਕੀਤੀ ਗਈ ਹੈ। ਕੁੱਲ ਮਿਲਾ ਕੇ ਇਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿਚ ਇਹ ਆਗੂ ਵਾਪਸੀ ਕਰ ਸਕਦੇ ਹਨ।
ਉਧਰ, ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਾਰਟੀ ਦੀ ਮੁੜ ਏਕਤਾ ਲਈ ਪਾਰਟੀ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਨੂੰ ਛੱਡ ਕੇ ਉਹ ਬਾਕੀ ਨਾਰਾਜ਼ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਚਰਚਾ ਹੈ ਕਿ ਲੋਕ ਸਭ ਚੋਣਾਂ ਤੋਂ ਪਹਿਲਾਂ ਰੁੱਸੇ ਹੋਏ ਅਜਿਹੇ ਹੋਰ ਆਗੂਆਂ ਨੂੰ ਪਾਰਟੀ ਨਾਲ ਜੋੜਨ ਲਈ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਫਿਲਹਾਲ ਸੁਖਪਾਲ ਸਿੰਘ ਖਹਿਰਾ ਤੇ ਵਿਧਾਇਕ ਕੰਵਰ ਸੰਧੂ ਬਾਰੇ ਕੇਂਦਰੀ ਲੀਡਰਸ਼ਿਪ ਨੇ ਚੁੱਪ ਧਾਰੀ ਹੋਈ ਹੈ। ਦੱਸ ਦਈਏ ਕਿ ਵਿਰੋਧੀ ਧਿਰ ਦੇ ਅਹੁਦੇ ਤੋਂ ਲਾਂਭੇ ਕਰਨ ਪਿੱਛੋਂ ਖਹਿਰਾ ਨੇ ਬਗਾਵਤ ਦਾ ਝੰਡਾ ਚੁੱਕ ਲਿਆ ਸੀ ਅਤੇ ਕੁਝ ਵਿਧਾਇਕ ਵੀ ਉਨ੍ਹਾਂ ਨਾਲ ਜਾ ਮਿਲੇ ਸਨ। ਇਸ ਬਾਗੀ ਧੜੇ ਨੂੰ ਮਿਲੇ ਹੁੰਗਾਰੇ ਨੇ ਦਿੱਲੀ ਲੀਡਰਸ਼ਿਪ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਖਹਿਰਾ ਵੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀ ਬਠਿੰਡਾ ਕਨਵੈਨਸ਼ਨ ਵਿਚ ਹੋਏ ਇਕੱਠ ਨੇ ਦਿੱਲੀ ਵਾਲਿਆਂ ਦੀ ਅਕਲ ਟਿਕਾਣੇ ਲਿਆਂਦੀ ਹੈ। ਸੰਧੂ ਤੇ ਖਹਿਰਾ ਇਸ ਗੱਲ ਉਤੇ ਅੜੇ ਹੋਏ ਹਨ ਕਿ ਜੇ ਦਿੱਲੀ ਦੀ ਹਾਈਕਮਾਂਡ ਪਾਰਟੀ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ ਤਾਂ ਇਸ ਦਾ ਇਕੋ-ਇਕ ਹੱਲ ਪੰਜਾਬ ਇਕਾਈ ਦੀ ਖੁਦਮੁਖਤਾਰੀ ਹੈ। ਕੰਵਰ ਸੰਧੂ ਦਾ ਕਹਿਣਾ ਹੈ ਕਿ ਸਿਰਫ ਸੁੱਚਾ ਸਿੰਘ ਛੋਟੇਪੁਰ ਹੀ ਨਹੀਂ, ਜੇ ਦਿੱਲੀ ਵਾਲੇ ਖੁਦਮੁਖ਼ਤਾਰੀ ਦਿੰਦੇ ਹਨ ਤਾਂ ਧਰਮਵੀਰ ਗਾਂਧੀ ਤੇ ਬਾਕੀ ਲੀਡਰ ਵੀ ਪਾਰਟੀ ਵਿਚ ਵਾਪਸ ਆਉਣ ਲਈ ਤਿਆਰ ਹਨ।
ਯਾਦ ਰਹੇ ਕਿ ਪਾਰਟੀ ਨੂੰ ਸੂਬੇ ਵਿਚ ਸਫਲਤਾ ਨਾਲ ਚਲਾਉਣ ਲਈ ਹਾਈਕਮਾਂਡ ਨੂੰ ਕੋਈ ਵੀ ਚਿਹਰਾ ਨਹੀਂ ਮਿਲ ਰਿਹਾ, ਇਸ ਕਰਕੇ ਹਾਈਕਮਾਂਡ ਮੁੜ ਪੁਰਾਣੇ ਚਿਹਰਿਆਂ ਨੂੰ ਪਾਰਟੀ ਵਿਚ ਵੱਡੀਆਂ ਜ਼ਿੰਮੇਵਾਰੀਆਂ ਸੌਂਪਣ ਦਾ ਮਨ ਬਣਾ ਰਹੀ ਹੈ। ਹਾਈਕਮਾਂਡ ਇਸ ਗੱਲੋਂ ਪਰੇਸ਼ਾਨ ਹੈ ਕਿ ਭਗਵੰਤ ਮਾਨ ਪੰਜਾਬ ਦੀ ਪ੍ਰਧਾਨਗੀ ਸੰਭਾਲਣ ਲਈ ਤਿਆਰ ਨਹੀਂ ਹਨ ਅਤੇ ਸਹਿ-ਪ੍ਰਧਾਨ ਡਾæ ਬਲਬੀਰ ਸਿੰਘ ਆਪਣਾ ਚੁੰਬਕੀ ਪ੍ਰਭਾਵ ਦਿਖਾਉਣ ਵਿਚ ਸਫਲ ਨਹੀਂ ਹੋ ਰਹੇ; ਇਸ ਕਰਕੇ ਸੁੱਚਾ ਸਿੰਘ ਛੋਟੇਪੁਰ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪੱਕਾ ਹੋ ਗਿਆ ਸੀ ਕਿ ਸੁਖਦੇਵ ਸਿੰਘ ਭੌਰ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾ ਦਿੱਤਾ ਜਾਵੇ, ਪਰ ਸ੍ਰੀ ਭੌਰ ਨਾਲ ਦਲਿਤ ਭਾਈਚਾਰਾ ਕਾਫੀ ਖ਼ਫਾ ਹੋਣ ਤੋਂ ਬਾਅਦ ਇਹ ਸੋਚ ਤਿਆਗਣੀ ਪਈ।