ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਮੌਕੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਮਸਲੇ ਦਾ ਸਿਆਸੀਕਰਨ ਬੇਲੋੜਾ ਅਤੇ ਮੰਦਭਾਗਾ ਹੈ। ਸ਼ਰਧਾਲੂਆਂ ਦੀ ਸ਼ਰਧਾ ਤਾਂ ਸਰਹੱਦ ਉਤੇ ਖਲੋ ਕੇ ਦੂਰਬੀਨ ਰਾਹੀਂ ਦਰਸ਼ਨ ਤੋਂ ਹੀ ਭਲੀਭਾਂਤ ਹੋ ਜਾਂਦੀ ਹੈ ਪਰ ਸਿਆਸੀ ਰੱਸਾਕਸ਼ੀ ਨੇ ਬੇਵਜ੍ਹਾ ਹੀ ਬਾਤ ਦਾ ਬਤੰਗੜ ਬਣਾ ਲਿਆ ਹੈ। ਇਤਿਹਾਸ ਗਵਾਹ ਹੈ ਕਿ ਦੋਹਾਂ ਮੁਲਕਾਂ ਦੇ ਸਿਆਸੀ ਸੱਤਾਧਾਰੀ ਆਪੋ-ਆਪਣੀ ਸਿਆਸਤ ਮੁਤਾਬਕ ਇਕ-ਦੂਜੇ ਖਿਲਾਫ ਸਦਾ ਹੀ ਤਲਵਾਰਾਂ ਖਿੱਚਦੇ ਰਹੇ ਹਨ।
ਇਸੇ ਕਰਕੇ ਜਦੋਂ ਪਾਕਿਸਤਾਨ ਵਿਚ ਸੱਤਾ ਤਬਦੀਲੀ ਵੇਲੇ ਉਥੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੱਦੇ ਉਤੇ ਪੰਜਾਬ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਲਫਦਾਰੀ ਸਮਾਗਮ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਗਿਆ ਤਾਂ ਕੁਝ ਦੇਸ਼ਭਗਤ ਤਾਕਤਾਂ ਨੇ ਇਸ ਨੂੰ ਵਿਵਾਦ ਦੀ ਚਾਸ਼ਣੀ ਚੜ੍ਹਾ ਦਿੱਤੀ ਅਤੇ ਸਿੱਧੂ ਤੇ ਪਾਕਿਸਤਾਨੀ ਫੌਜ ਦੇ ਮੁਖੀ ਦੀ ਜੱਫੀ ਨੂੰ ਵੱਡਾ ਮਸਲਾ ਬਣਾ ਦਿੱਤਾ। ਇਹ ਵਿਵਾਦ ਉਨ੍ਹਾਂ ‘ਦੇਸ਼ਭਗਤ ਤਾਕਤਾਂ’ ਵਲੋਂ ਅਰੰਭ ਕੀਤਾ ਗਿਆ ਸੀ, ਜਿਨ੍ਹਾਂ ਨੇ ਅੰਗਰੇਜ਼ਾਂ ਖਿਲਾਫ ਕਦੀ ਆਪਣੀ ‘ਦੇਸ਼ਭਗਤੀ’ ਦਾ ਇਜ਼ਹਾਰ ਨਹੀਂ ਕੀਤਾ। ਇਮਰਾਨ ਖਾਨ ਨੇ ਆਪਣੀ ਜਿੱਤ ਤੋਂ ਤੁਰੰਤ ਬਾਅਦ ਸਪਸ਼ਟ ਆਖਿਆ ਕਿ ਜੇ ਭਾਰਤ ਇਕ ਕਦਮ ਅਗਾਂਹ ਵਧਾਏਗਾ ਤਾਂ ਪਾਕਿਸਤਾਨ ਦੋ ਕਦਮ ਪੁੱਟੇਗਾ। ਉਸ ਵਕਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਜਿੱਤ ਦੀ ਵਧਾਈ ਲਈ ਇਮਰਾਨ ਖਾਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਦੋਂ ਇਕ ਵਾਰ ਫਿਰ ਲੱਗਿਆ ਸੀ ਕਿ ਦੋਹਾਂ ਮੁਲਕਾਂ ਵਿਚਾਲੇ ਪੈਦਾ ਹੋਈ ਬੇਭਰੋਸਗੀ ਦਾ ਟੋਆ ਕੁਝ ਤਾਂ ਜ਼ਰੂਰ ਹੀ ਪੂਰਿਆ ਜਾਵੇਗਾ। ਗੌਰਤਲਬ ਹੈ ਕਿ ਇਸ ਟੋਏ ਦਾ ਸਭ ਤੋਂ ਵੱਧ ਨੁਕਸਾਨ ਦੋਹੀਂ ਪਾਸੀਂ ਵੱਸਦੇ ਪੰਜਾਬੀ ਹੀ ਝੱਲ ਰਹੇ ਹਨ। ਸੰਨ ਸੰਤਾਲੀ ਵਿਚ ਮੁਲਕ ਦੀ ਵੰਡ ਵੇਲੇ ਕਤਲ-ਓ-ਗਾਰਤ ਦੀ ਜੋ ਹਨੇਰੀ ਝੁੱਲੀ ਸੀ, ਉਸ ਦਾ ਖਮਿਆਜ਼ਾ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਭੁਗਤਿਆ ਸੀ ਅਤੇ ਅੱਜ ਵੀ ਭੁਗਤ ਰਹੇ ਹਨ। ਪਰ ਦੋਹਾਂ ਪ੍ਰਧਾਨ ਮੰਤਰੀਆਂ ਦੀਆਂ ਇਹ ਕਾਰਵਾਈਆਂ ਦੋ ਮੁਲਕਾਂ ਦੇ ਮੁਖੀਆਂ ਦੀਆਂ ਰਸਮੀ ਕਾਰਵਾਈ ਬਣ ਕੇ ਰਹਿ ਗਈਆਂ।
ਹੁਣ ਰਹਿੰਦੀ ਕਸਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੱਢ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸਰਕਾਰ ਬਦਲਣ ਦੇ ਬਾਵਜੂਦ ਇਸ ਦਾ ਭਾਰਤ ਪ੍ਰਤੀ ਰਵੱਈਆ ਬਦਲਿਆ ਨਹੀਂ ਹੈ। ਉਨ੍ਹਾਂ ਇਹ ਖਦਸ਼ਾ ਵੀ ਜਾਹਰ ਕੀਤਾ ਕਿ ਪਤਾ ਵੀ ਨਹੀਂ, ਇਸ ਰਵੱਈਏ ਵਿਚ ਕੋਈ ਤਬਦੀਲੀ ਆਵੇਗੀ ਜਾਂ ਨਹੀਂ। ਗ੍ਰਹਿ ਮੰਤਰੀ ਦੇ ਇਸ ਬਿਆਨ ਵਿਚ ਵਜ਼ਨ ਹੋ ਸਕਦਾ ਹੈ, ਕਿਉਂਕਿ ਪਾਕਿਸਤਾਨ ਵਿਚ ਫੌਜ ਦਾ ਸੱਤਾ ਉਤੇ ਪੂਰਾ ਕੰਟਰੋਲ ਹੈ ਅਤੇ ਉਥੇ ਇਮਰਾਨ ਖਾਨ ਦੀ ਸਰਕਾਰ ਪਾਕਿਸਤਾਨੀ ਫੌਜ ਦੀ ਮਰਜ਼ੀ ਨਾਲ ਹੀ ਬਣੀ ਹੈ, ਕਿਉਂਕਿ ਫੌਜ ਹਰ ਹਾਲ ਸ਼ਰੀਫ ਭਰਾਵਾਂ ਦੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨਾ ਚਾਹੁੰਦੀ ਸੀ। ਫੌਜ ਨੇ ਤਾਂ ਪੰਜਾਬ ਵਿਚ ਸ਼ਰੀਫ ਭਰਾਵਾਂ ਦਾ ਗੜ੍ਹ ਤੋੜਨ ਵਿਚ ਇਮਰਾਨ ਖਾਨ ਦੀ ਵੱਡੀ ਇਮਦਾਦ ਕੀਤੀ ਸੀ। ਹਾਲ ਹੀ ਵਿਚ ਫੌਜ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਵੀ ਖੜਕਾ ਕੇ ਆਖਿਆ ਹੈ ਕਿ ਮੁਲਕ ਦੀ ਸਰਹੱਦ ਉਤੇ ਡੁੱਲ੍ਹ ਰਹੇ ਖੂਨ ਦਾ ਕੋਈ ਕਤਰਾ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਇਸ ਬਿਆਨ ਵਿਚ ਸਿੱਧਾ ਇਸ਼ਾਰਾ ਭਾਰਤ ਵੱਲ ਹੀ ਹੈ। ਇਹੀ ਨਹੀਂ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿਸ ਢੰਗ ਨਾਲ ਆਪਣੇ ਮੁਲਕ ਦੀ ਖੁਫੀਆ ਏਜੰਸੀ ਆਈæ ਐਸ਼ ਆਈæ ਦੀ ਤਾਰੀਫ ਕੀਤੀ ਹੈ, ਉਸ ਤੋਂ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਫੌਜ ਦਾ ਨਵੀਂ ਸਰਕਾਰ ਉਤੇ ਕਿਸ ਕਦਰ ਪ੍ਰਭਾਵ ਹੈ। ਉਧਰ, ਹਾਲਾਤ ਇਹ ਹਨ ਕਿ ਅਗਲੇ ਸਾਲ ਭਾਰਤ ਵਿਚ ਲੋਕ ਸਭਾ ਚੋਣਾਂ ਆ ਰਹੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਦਾ ਚੋਣ ਪ੍ਰਚਾਰ ਪਾਕਿਸਤਾਨ ਬਾਰੇ ਚਰਚਾ ਤੋਂ ਬਿਨਾ ਅਧੂਰਾ ਹੀ ਰਹਿੰਦਾ ਹੈ। ਉਂਜ ਵੀ ਇਸ ਪਾਰਟੀ ਦੇ ਆਗੂ ਧਾਰਮਿਕ ਆਧਾਰ ਉਤੇ ਆਪਣੇ ਪੱਕੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਉਕਸਾਉਣ ਲਈ ਪਾਕਿਸਤਾਨ ਬਾਰੇ ਲਗਾਤਾਰ ਬਿਆਨ ਦਾਗਦੇ ਰਹਿੰਦੇ, ਜੋ ਅਕਸਰ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਦੇ ਹਨ। ਇਸ ਤੋਂ ਸਾਫ ਜਾਹਰ ਹੈ ਕਿ ਦੋਹਾਂ ਮੁਲਕਾਂ ਦੇ ਸੱਤਾਧਾਰੀ ਲੋਕ, ਆਵਾਮ ਦੀ ਥਾਂ ਆਪੋ-ਆਪਣੀ ਸਿਆਸਤ ਨੂੰ ਹੀ ਪਹਿਲ ਦਿੰਦੇ ਹਨ। ਸਿਟੇ ਵਜੋਂ ਸਰਹੱਦਾਂ ਉਤੇ ਤਣਾਅ ਅਤੇ ਮਾਰ-ਕਾਟ ਰੁਕਣ ਦਾ ਨਾਂ ਨਹੀਂ ਲੈ ਰਹੇ। ਪ੍ਰਧਾਨ ਮੰਤਰੀ ਮੋਦੀ ਤਾਂ ਆਪਣੇ ਸੀਨੇ ਦਾ ਨਾਪ ਦੱਸਦਿਆਂ ਕੂਕ ਕੂਕ ਕੇ ਵਾਰ ਵਾਰ ਕਹਿੰਦੇ ਰਹੇ ਹਨ ਕਿ ਗੱਲਬਾਤ ਅਤੇ ਗੋਲੀ ਨਾਲੋ-ਨਾਲ ਨਹੀਂ ਚੱਲ ਸਕਦੇ।
ਇਸ ਸਭ ਦੇ ਬਾਵਜੂਦ, ਤੱਥ ਇਹ ਹਨ ਕਿ ਦੋਵੇਂ ਗੁਆਂਢੀ ਮੁਲਕ ਹਨ। ਦੋਹਾਂ ਵਿਚਕਾਰ ਬਹੁਤ ਕੁਝ ਸਾਂਝਾ ਹੈ। ਇਹ ਵੀ ਤੱਥ ਹਨ ਕਿ ਦੋਹਾਂ ਮੁਲਕਾਂ, ਖਾਸ ਕਰਕੇ ਦੋਹਾਂ ਪੰਜਾਬਾਂ ਦਾ ਆਵਾਮ ਸਦਾ ਹੀ ਨਿੱਘੇ ਰਿਸ਼ਤਿਆਂ ਦੀ ਤਾਂਘ ਰੱਖਦਾ ਰਿਹਾ ਹੈ। ਮਾਹਿਰਾਂ ਮੁਤਾਬਕ ਜੇ ਦੋਵੇਂ ਮੁਲਕ ਕਾਰੋਬਾਰ ਨੂੰ ਹੁਲਾਰਾ ਦੇਣ ਤਾਂ ਦੋਹੀਂ ਪਾਸੀਂ ਨਫਾ ਖੱਟਿਆ ਜਾ ਸਕਦਾ ਹੈ ਪਰ ਇਸ ਪਾਸੇ ਲੀਹ ਅਜੇ ਤਕ ਕਿਸੇ ਢੰਗ-ਤਰੀਕੇ ਪਈ ਨਹੀਂ ਹੈ। ਬਿਨਾ ਸ਼ੱਕ, ਹੁਣ ਕਰਤਾਰਪੁਰ ਲਾਂਘੇ ਵਾਲਾ ਮਸਲਾ ਇਸ ਪਾਸੇ ਪਹਿਲਕਦਮੀ ਦਾ ਜ਼ਰੀਆ ਬਣ ਸਕਦਾ ਹੈ। ਮੰਦਭਾਗੀ ਗੱਲ ਇਹ ਹੈ ਕਿ ਅਜੇ ਤਕ ਇਸ ਬਾਬਤ ਵਿਵਾਦ ਹੀ ਸਾਹਮਣੇ ਆਇਆ ਹੈ। ਇਸ ਮਸਲੇ ‘ਤੇ ਅਗਾਂਹ ਵਧਣ ਲਈ ਨਾ ਭਾਰਤ ਅਤੇ ਨਾ ਹੀ ਪਾਕਿਸਤਾਨ ਨੇ ਪਹਿਲ ਕਰਨ ਦੀ ਕੋਸ਼ਿਸ਼ ਕੀਤੀ। ਹਾਂ, ਸਿਆਸਤ ਕਾਰਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਬਿਆਨਬਾਜ਼ੀ ਜ਼ਰੂਰ ਸਾਹਮਣੇ ਆ ਗਈ ਹੈ। ਅਸਲ ਵਿਚ, ਇਹ ਅਜਿਹਾ ਵਧੀਆ ਮੌਕਾ ਹੈ, ਜਿਸ ਰਾਹੀਂ ਦੋਹਾਂ ਮੁਲਕਾਂ ਵਿਚਕਾਰ ਪਿਆ ਪਾੜਾ ਘਟਾਉਣ ਵਿਚ ਮਦਦ ਮਿਲ ਸਕਦੀ ਹੈ। ਉਂਜ ਵੀ ਕਿਰਤ ਕਰਨ ਦਾ ਸੁਨੇਹਾ ਦੇਣ ਵਾਲੇ ਮਹਾਨ ਗੁਰੂ, ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਹਾੜੇ ਮੌਕੇ ਸਹੀ ਅਤੇ ਸੱਚੀ ਪਹੁੰਚ ਇਹੀ ਹੋਵੇਗੀ ਕਿ ਦੋਹਾਂ ਮੁਲਕਾਂ ਦੇ ਰਿਸ਼ਤਿਆਂ ਵਿਚਕਾਰ ਆਈ ਤਲਖੀ ਦੂਰ ਕਰਕੇ ਪਿਆਰ ਦੀਆਂ ਤੰਦਾਂ ਹੋਰ ਪੀਡੀਆਂ ਕੀਤੀ ਜਾਣ। ਗੁਰੂ ਨਾਨਕ ਵਲੋਂ ਦਿਖਾਏ ਰਾਹ ਦਾ ਸੱਚਾ ਸੁਨੇਹਾ ਇਹੀ ਹੋਵੇਗਾ।