ਜੇ. ਐਨ. ਯੂ. ਦੇ ਚੋਣ ਨਤੀਜੇ ਅਤੇ ਸੰਘ ਬ੍ਰਿਗੇਡ ਦੀ ਬੁਖਲਾਹਟ

ਬੂਟਾ ਸਿੰਘ
ਫੋਨ: 91-94634-74342
ਹਾਲ ਹੀ ਵਿਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.), ਦਿੱਲੀ ਦੀਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿਚ ਚਾਰ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਦੇ ਸਾਂਝੇ ਮੁਹਾਜ਼ ਦੇ ਉਮੀਦਵਾਰਾਂ ਵਲੋਂ ਹਾਸਲ ਕੀਤੀ ਹੂੰਝਾਫੇਰੂ ਜਿੱਤ ਗੌਰਤਲਬ ਪੇਸ਼ਕਦਮੀ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ), ਡੈਮੋਕਰੇਟਿਕ ਸਟੂਡੈਂਟਸ ਫਰੰਟ (ਡੀ. ਐਸ਼ ਐਫ਼), ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ਼ ਐਫ਼ ਆਈ.) ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ਼ਐਫ਼) ਵਲੋਂ ਹਿੰਦੂਤਵ ਫਾਸ਼ੀਵਾਦ ਦਾ ਮੁਕਾਬਲਾ ਕਰਨ ਲਈ ਸਾਂਝੇ ਤੌਰ ‘ਤੇ ਚੋਣ ਲੜੀ ਗਈ। ਆਇਸਾ ਦੇ ਉਮੀਦਵਾਰ ਐਨ. ਸਾਈ ਬਾਲਾਜੀ ਪ੍ਰਧਾਨ, ਡੀ. ਐਸ਼ ਐਫ਼ ਦੀ ਸਾਰਿਕਾ ਚੌਧਰੀ ਮੀਤ ਪ੍ਰਧਾਨ, ਐਸ਼ ਐਫ਼ ਆਈ. ਦੇ ਏਜ਼ਾਜ ਅਹਿਮਦ ਜਨਰਲ ਸਕੱਤਰ, ਏ.ਆਈ.ਐਸ਼ਐਫ਼ ਦੀ ਅਮੂਤਾ ਜੈਯਾਦੀਪ ਜਾਇੰਟ ਸਕੱਤਰ ਚੁਣੇ ਗਏ।

ਖੱਬੇਪੱਖੀ ਉਮੀਦਵਾਰਾਂ ਨੂੰ ਸੰਘੀਆਂ ਦੇ ਮੁਕਾਬਲੇ ਪ੍ਰਧਾਨ ਦੇ ਅਹੁਦੇ ਲਈ 1179, ਮੀਤ ਪ੍ਰਧਾਨ ਦੇ ਅਹੁਦੇ ਲਈ 1579, ਸਕੱਤਰ ਦੇ ਅਹੁਦੇ ਲਈ 1193 ਅਤੇ ਜਾਇੰਟ ਸਕੱਤਰ ਦੇ ਅਹੁਦੇ ਲਈ 753 ਵੋਟਾਂ ਵੱਧ ਪਈਆਂ। ਪਿਛਲੇ ਸਾਲ ਵੀ ਖੱਬੀ ਧਿਰ ਨੇ ਕੇਂਦਰੀ ਪੈਨਲ ਦੇ ਇਨ੍ਹਾਂ ਚਾਰ ਅਹੁਦਿਆਂ ਉਪਰ ਇਸੇ ਤਰ੍ਹਾਂ ਵੱਡੀ ਜਿੱਤ ਹਾਸਲ ਕੀਤੀ ਸੀ। ਇਹ ਵੱਕਾਰੀ ਜੇ. ਐਨ. ਯੂ. ਦੇ ਜਾਗਰੂਕ ਵਿਦਿਆਰਥੀਆਂ ਦਾ ਸੰਘ ਦੀ ਫਾਸ਼ੀਵਾਦੀ ਸਿਆਸਤ ਅਤੇ ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਐਨ.ਐਸ਼ਯੂ.ਆਈ. ਦੀ ਲੋਕ ਵਿਰੋਧੀ ਸਿਆਸਤ ਦੇ ਖਿਲਾਫ ਸਪਸ਼ਟ ਫਤਵਾ ਹੈ। ਬਾਪਸਾ (ਬਿਰਸਾ, ਅੰਬੇਡਕਰ, ਫੂਲੇ ਸਟੂਡੈਂਟਸ ਐਸੋਸੀਏਸ਼ਨ) ਨੂੰ ਵੀ ਬਹੁਤ ਘੱਟ ਵੋਟ ਮਿਲੇ ਜੋ ਦਲਿਤ ਵਿਦਿਆਰਥੀਆਂ ਦੀ ਨੁਮਾਇੰਦਗੀ ਲਈ ਬਣਾਈ ਅੰਬੇਡਕਰਵਾਦੀ ਜਥੇਬੰਦੀ ਹੈ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਪਛਾਣਾਂ ਦੀ ਸਿਆਸਤ ਨੂੰ ਵੀ ਵਿਦਿਆਰਥੀਆਂ ਨੇ ਸਵੀਕਾਰ ਨਹੀਂ ਕੀਤਾ। ਬਾਪਸਾ ਨੇ ਐਨ. ਸਾਈ ਬਾਲਾਜੀ ਦੇ ਮਾਪਿਆਂ ਦੇ ਅੰਤਰਜਾਤੀ ਵਿਆਹ ਦਾ ਮੁੱਦਾ ਉਛਾਲ ਕੇ ਹੋਛੀ ਸਿਆਸਤ ਖੇਡੀ ਅਤੇ ਬਾਲਾਜੀ ਨੂੰ ‘ਅਸ਼ੁੱਧ ਲਹੂ’ ਦੇ ਤੌਰ ‘ਤੇ ਭੰਡ ਕੇ ਜ਼ਲੀਲ ਅਤੇ ਅਲੱਗ-ਥਲੱਗ ਕਰਨਾ ਚਾਹਿਆ; ਲੇਕਿਨ ਵਿਦਿਆਰਥੀਆਂ ਨੇ ਇਸ ਚਾਲ ਦੇ ਝਾਂਸੇ ਵਿਚ ਆਉਣ ਦੀ ਬਜਾਏ ਇਸ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ।
ਇਹ ਜਿੱਤ ਇਸ ਕਰਕੇ ਵਧੇਰੇ ਮਹੱਤਵਪੂਰਨ ਹੈ ਕਿ ਆਰ.ਐਸ਼ਐਸ਼ ਅਤੇ ਇਸ ਦੀਆਂ ਫਰੰਟ ਜਥੇਬੰਦੀਆਂ ਨੇ ਮੋਦੀ ਸਰਕਾਰ ਦੀ ਰਾਜਕੀ ਪੁਸ਼ਤਪਨਾਹੀ ਤਹਿਤ ਮੁਲਕ ਦੀਆਂ ਕੇਂਦਰੀ ਯੂਨੀਵਰਸਿਟੀਆਂ ਦੇ ਅਗਾਂਹਵਧੂ ਜਮਹੂਰੀ ਮਾਹੌਲ ਨੂੰ ਖਤਮ ਕਰਨ ਲਈ ਅਤੇ ਆਪਣਾ ਹਿੰਦੂਤਵ ਦਾ ਏਜੰਡਾ ਥੋਪ ਕੇ ਇਨ੍ਹਾਂ ਨੂੰ ਭਗਵੇਂ ਸਾਂਚੇ ਵਿਚ ਢਾਲਣ ਲਈ ਮਈ 2014 ਤੋਂ ਲੈਕੇ ਜੰਗੀ ਪੈਮਾਨੇ ‘ਤੇ ਮੁਹਿੰਮ ਵਿੱਢੀ ਹੋਈ ਹੈ। ਸੰਘ ਨੂੰ ਸ਼ਾਇਦ ਭਰਮ ਸੀ ਕਿ ਰਾਸ਼ਟਰਵਾਦ ਦਾ ਮਖੌਟਾ ਪਾ ਕੇ ਉਹ ਆਪਣੀ ਲੋਕ ਦੁਸ਼ਮਣ ਅਤੇ ਮੁਲਕ ਦੇ ਹਿਤ ਕਾਰਪੋਰੇਟ ਨੂੰ ਵੇਚਣ ਵਾਲੀ ਦਲਾਲ ਖਸਲਤ ਨੂੰ ਲੁਕੋ ਲੈਣਗੇ। ਇਸੇ ਦੇ ਹਿੱਸੇ ਵਜੋਂ ਫਰਵਰੀ 2016 ਵਿਚ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਜੇ. ਐਨ. ਯੂ. ਨੂੰ ਨਿਸ਼ਾਨਾ ਬਣਾਇਆ ਗਿਆ। ਹਿੰਦੂਤਵਾਦੀਆਂ ਵਲੋਂ ਆਪਣਾ ਰਾਸ਼ਟਰਵਾਦ ਥੋਪਣ ਦੀ ਕੋਸ਼ਿਸ਼ ਕੀਤੀ ਗਈ ਜੋ ਜਾਅਲੀ ਦੇਸ਼ਭਗਤੀ ਅਤੇ ਅਸਹਿਮਤੀ ਨੂੰ ਦਬਾਉਣ ਲਈ ਪੁਲਿਸ ਤਾਕਤ ਦੇ ਬੇਦਰੇਗ ਇਸਤੇਮਾਲ ਦਾ ਫਾਸ਼ੀਵਾਦੀ ਮਿਸ਼ਰਨ ਸੀ। ਉਮਰ ਖਾਲਿਦ ਅਤੇ ਉਸ ਦੇ ਸਾਥੀਆਂ ਵਲੋਂ ਅਫਜ਼ਲ ਗੁਰੂ ਦੀ ਬਰਸੀ ਮਨਾਏ ਜਾਣ ਨੂੰ ਬਹਾਨਾ ਬਣਾ ਕੇ ਵਿਦਿਆਰਥੀਆਂ ਦੇ ਚੁਣੇ ਹੋਏ ਪ੍ਰਧਾਨ ਕਨ੍ਹੱਈਆ ਕੁਮਾਰ, ਉਮਰ ਖਾਲਿਦ ਅਤੇ ਅਨਿਰਬਨ ਭੱਟਾਚਾਰੀਆ ਨੂੰ ਗ੍ਰਿਫਤਾਰ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ। ਜੇ. ਐਨ. ਯੂ. ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ। ਕੈਂਪਸ ਦੀ ਦ੍ਰਿੜਤਾ ਅਤੇ ਪੂਰੇ ਮੁਲਕ ਅੰਦਰੋਂ ਜੇ. ਐਨ. ਯੂ. ਦੇ ਹੱਕ ਵਿਚ ਉਠੀ ਇਕਮੁੱਠਤਾ ਦੀ ਵਿਆਪਕ ਆਵਾਜ਼ ਨੇ ਸੰਘ ਬ੍ਰਿਗੇਡ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਦਰਅਸਲ, ਜਾਗਰੂਕ ਲੋਕਾਂ ਨੇ ਸਮਝ ਲਿਆ ਕਿ ਸੰਘ ਦਾ ਅਸਲ ਮਨੋਰਥ ਇਸ ਸੰਸਥਾ ਦੇ ਸੰਵਾਦ ਦੇ ਜਮਹੂਰੀ ਮਾਹੌਲ ਨੂੰ ਖਤਮ ਕਰਨਾ ਅਤੇ ਇਥੇ ਆਪਣੀ ਧੌਂਸ ਥੋਪ ਕੇ ਇਸ ਨੂੰ ਆਪਣੇ ਫਾਸ਼ੀਵਾਦੀ ਏਜੰਡੇ ਦੇ ਪ੍ਰਚਾਰ ਦਾ ਸਾਧਨ ਬਣਾਉਣਾ ਹੈ। ਇਸੇ ਤਰ੍ਹਾਂ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ, ਹੈਦਰਾਬਾਦ ਸੈਂਟਰਲ ਯੂਨੀਵਰਸਿਟੀ, ਯਾਦਵਪੁਰ ਯੂਨੀਵਰਸਿਟੀ ਕਲਕੱਤਾ, ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਵੀ ਜਾਗਰੂਕ ਵਿਦਿਆਰਥੀਆਂ ਨੂੰ ਦਬਾਉਣ ਲਈ ਹਰ ਹਰਬਾ ਇਸਤੇਮਾਲ ਕੀਤਾ ਗਿਆ; ਲੇਕਿਨ ਸੰਘ ਨੂੰ ਇਨ੍ਹਾਂ ਸੰਸਥਾਵਾਂ ਵਿਚ ਆਪਣੇ ਖਾਸ ਵਾਈਸ ਚਾਂਸਲਰ ਲਗਾ ਕੇ ਵੀ ਬਹੁਤੀ ਸਫਲਤਾ ਹਾਸਲ ਨਹੀਂ ਹੋਈ।
ਉਚੇਰੀਆਂ ਵਿਦਿਅਕ ਸੰਸਥਾਵਾਂ ਅੰਦਰ ਇਹ ਘਿਨਾਉਣੇ ਯਤਨ ਇਕ ਜਾਂ ਦੂਜੀ ਸ਼ਕਲ ਵਿਚ ਹੁਣ ਵੀ ਜਾਰੀ ਹਨ। ਵਿਦਿਆਰਥੀਆਂ ਨੂੰ ਚੁਣ-ਚੁਣ ਕੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਹਿੰਦੂਤਵੀ ਬੁਰਛਾਗਰਦਾਂ ਵਲੋਂ ਧਮਕੀਆਂ, ਹਮਲੇ, ਕੁੱਟਮਾਰ, ਵਿਦਿਆਰਥਣਾਂ ਨਾਲ ਛੇੜਛਾੜ, ਪੁਲਿਸ ਵਲੋਂ ਸੱਤਾਧਾਰੀ ਭਾਜਪਾ ਦੇ ਇਸ਼ਾਰੇ ਉਪਰ ਪੀੜਤ ਵਿਦਿਆਰਥੀਆਂ ਦੇ ਖਿਲਾਫ ਝੂਠੇ ਪਰਚੇ, ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਗਿਣ-ਮਿਥ ਕੇ ਜੁਰਮਾਨੇ ਤੇ ਮੁਅੱਤਲੀਆਂ ਆਦਿ ਤਰ੍ਹਾਂ-ਤਰ੍ਹਾਂ ਦੇ ਦਬਾਓ ਦੇ ਬਾਵਜੂਦ ਵੀ ਜਾਗਰੂਕ ਵਿਦਿਆਰਥੀ ਜਮਹੂਰੀ ਅਕਾਦਮਿਕ ਮਾਹੌਲ ਦੀ ਰਾਖੀ ਲਈ ਅਤੇ ਆਪਣੇ ਤਮਾਮ ਹੱਕਾਂ ਤੇ ਸਮਾਜੀ ਇਨਸਾਫ ਲਈ ਲੜ ਰਹੇ ਹਨ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵਿਦਿਆਰਥੀਆਂ ਨੇ ਸੱਤਾ ਦੀ ਸਰਪ੍ਰਸਤੀ ਵਾਲੇ ਟੋਲਿਆਂ ਅਤੇ ਸਥਾਪਤੀ ਪੱਖੀ ਸਿਆਸਤ ਨੂੰ ਹਰਾ ਕੇ ਲੋਕ ਸਰੋਕਾਰਾਂ ਦੀ ਸਿਆਸਤ ਦੀ ਝੰਡਾਬਰਦਾਰ ਉਮੀਦਵਾਰ ਕਨੂਪ੍ਰਿਯਾ ਨੂੰ ਪ੍ਰਧਾਨ ਚੁਣਿਆ। ਇਸ ਨਵੀਂ ਉਭਰੀ ਜਥੇਬੰਦੀ ਸਟੂਡੈਂਟਸ ਫਾਰ ਸੁਸਾਇਟੀ (ਐਸ਼ਐਫ਼ਐਸ਼) ਨੇ ਆਪਣੇ ਮੁੱਠੀ ਭਰ ਕਾਰਕੁਨਾਂ ਦੀ ਘਾਲਣਾ ਦੀ ਬਦੌਲਤ ਇਸ ਦਹਾਕੇ ਵਿਚ ਗੰਭੀਰ ਸਿਆਸਤ ਦਾ ਸੰਚਾਰ ਕਰਕੇ ਅਤੇ ਵਿਦਿਆਰਥੀਆਂ ਦੇ ਹਕੀਕੀ ਮੁੱਦਿਆਂ ਉਪਰ ਲਗਾਤਾਰ ਜੁਝਾਰੂ ਸੰਘਰਸ਼ ਕਰਕੇ ਆਪਣੀ ਥਾਂ ਬਣਾਈ ਅਤੇ ਨਵਾਂ ਇਤਿਹਾਸ ਰਚਿਆ ਹੈ।
ਚੋਣਾਂ ਅਗਵਾ ਕਰਨ ਵਿਚ ਸੰਘ ਦੀ ਪੂਰੀ ਮੁਹਾਰਤ ਹੈ। ਫਿਰ ਵੀ ਉਤਰਖੰਡ, ਮਹਾਂਰਾਸ਼ਟਰ, ਰਾਜਸਥਾਨ, ਕੇਰਲਾ ਵਿਚ ਏ.ਬੀ.ਵੀ.ਪੀ. ਨੂੰ ਜਿੱਤ ਹਾਸਲ ਨਹੀਂ ਹੋਈ। ਦਿੱਲੀ ਯੂਨੀਵਰਸਿਟੀ ਵਿਚ ਖੁੱਲ੍ਹੇਆਮ ਇਲਜ਼ਾਮ ਲੱਗ ਰਹੇ ਹਨ ਕਿ ਸੰਘ ਬ੍ਰਿਗੇਡ ਵਲੋਂ ਈ.ਵੀ.ਐਮ. ਘੁਟਾਲੇ ਰਾਹੀਂ ਹਾਲੀਆ ਚੋਣ ਜਿੱਤੀ ਗਈ। ਜੇ. ਐਨ. ਯੂ. ਵਿਚ ਇੰਜ ਕਰਨਾ ਸੰਭਵ ਨਹੀਂ ਸੀ। ਇਸ ਸੰਸਥਾ ਦੀ ਚੋਣ ਪ੍ਰਣਾਲੀ ਮੁਤਾਬਿਕ ਚੋਣਾਂ ਦੇ ਪਹਿਲੇ ਪੜਾਅ ਦੀ ਕੌਂਸਲਰ ਚੋਣ ਨੇ ਸੰਕੇਤ ਦੇ ਦਿੱਤਾ ਕਿ ਸੰਘ ਬ੍ਰਿਗੇਡ ਦੇ ਪੱਲੇ ਨਮੋਸ਼ੀ ਭਰੀ ਹਾਰ ਪਵੇਗੀ। ਇਸ ਤੋਂ ਬੁਖਲਾਹਟ ਵਿਚ ਆ ਕੇ ਸੰਘ ਦੇ ਕਾਰਿੰਦੇ ਸ਼ਰੇਆਮ ਗੁੰਡਾਗਰਦੀ ‘ਤੇ ਉਤਰ ਆਏ। ਚੋਣ ਕਮਿਸ਼ਨ ਉਪਰ ਪੱਖਪਾਤ ਦਾ ਇਲਜ਼ਾਮ ਲਗਾ ਕੇ ਇਨ੍ਹਾਂ ਨੇ ਚੋਣ ਅਮਲ ਵਿਚ ਖਲਲ ਪਾਇਆ। ਇਹ ਦਲੀਲ ਦੇ ਕੇ 14 ਘੰਟੇ ਵੋਟਾਂ ਦੀ ਗਿਣਤੀ ਨਹੀਂ ਹੋਣ ਦਿੱਤੀ ਕਿ ਏ.ਬੀ.ਵੀ.ਪੀ. ਦੇ ਉਮੀਦਵਾਰਾਂ ਨੂੰ ਗਿਣਤੀ ਸ਼ੁਰੂ ਮੌਕੇ ਹਾਜ਼ਰ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ। ਆਖਿਰ ਸ਼ਿਕਾਇਤ ਨਿਵਾਰਨ ਸੈਲ ਦੇ ਦੋ ਪ੍ਰੋਫੈਸਰਾਂ ਨੂੰ ਵੋਟਾਂ ਦੀ ਗਿਣਤੀ ਦੇ ਨਿਗਰਾਨ ਲਾਏ ਜਾਣ ਤੋਂ ਬਾਅਦ ਗਿਣਤੀ ਦੁਬਾਰਾ ਸ਼ੁਰੂ ਹੋਈ ਅਤੇ ਚੋਣ ਨਤੀਜਿਆਂ ਵਿਚ ਸੰਘੀਆਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਸੰਘ ਦੇ ਸਮੁੱਚੇ ਤੰਤਰ ਅਤੇ ਮੋਦੀ ਸਰਕਾਰ ਵਲੋਂ ਜੇ. ਐਨ. ਯੂ. ਉਪਰ ਕਬਜ਼ਾ ਕਰਨ ਲਈ ਪੂਰੀ ਤਾਕਤ ਝੋਕਣ ਦੇ ਬਾਵਜੂਦ ਏ.ਬੀ.ਵੀ.ਪੀ. ਨੂੰ ਵਧੇਰੇ ਨਮੋਸ਼ੀ ਇਹ ਝੱਲਣੀ ਪਈ ਕਿ ਕੈਂਪਸ ਦੇ ਪੰਜ ਹਜ਼ਾਰ ਤੋਂ ਵੱਧ (ਭਾਵ 67.8 ਫੀਸਦੀ) ਵਿਦਿਆਰਥੀਆਂ ਨੇ ਵੋਟਾਂ ਪਾਈਆਂ ਅਤੇ ਵੱਡੀ ਤਾਦਾਦ ਵਿਚ ਵਿਦਿਆਰਥੀਆਂ ਨੇ ਸੰਘ ਦੀ ਸਿਆਸਤ ਨੂੰ ਰੱਦ ਕਰ ਦਿੱਤਾ। ਇਸ ਤੋਂ ਬੁਖਲਾ ਕੇ ਏ.ਬੀ.ਵੀ.ਪੀ. ਦੇ ਗੁੰਡਿਆਂ ਨੇ ਆਪਣੇ ਮੁਖੀ ਸੌਰਵ ਸ਼ਰਮਾ ਦੀ ਅਗਵਾਈ ਵਿਚ ਅੱਧੀ ਰਾਤ ਨੂੰ ਕੈਂਪਸ ਵਿਚ ਅਗਾਂਹਵਧੂ ਵਿਦਿਆਰਥੀਆਂ ਉਪਰ ਲਾਠੀਆਂ ਨਾਲ ਹਮਲਾ ਕਰਕੇ ਦੋ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਸਾਬਕਾ ਪ੍ਰਧਾਨ ਗੀਤਾ ਕੁਮਾਰੀ ਨੇ ਨਵੇਂ ਚੁਣੇ ਗਏ ਪ੍ਰਧਾਨ ਐਨ. ਸਾਈ ਬਾਲਾਜੀ ਉਪਰ ਹਮਲੇ ਨੂੰ ਰੋਕਣਾ ਚਾਹਿਆ ਤਾਂ ਸੰਘੀ ਆਗੂ ਸੌਰਵ ਨੇ ਉਸ ਨੂੰ ਵੀ ਧੱਕਾ ਦੇ ਕੇ ਜ਼ਮੀਨ ਉਪਰ ਸੁੱਟ ਦਿੱਤਾ ਅਤੇ ਉਸ ਦਾ ਗਲ ਵੱਢਣ ਦੀ ਧਮਕੀ ਦਿੱਤੀ। ਜਦੋਂ ਚੁਣੇ ਹੋਏ ਨੁਮਾਇੰਦਿਆਂ ਨੇ ਥਾਣੇ ਰਿਪੋਰਟ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਵੀ ਉਨ੍ਹਾਂ ਉਪਰ ਹਮਲਾ ਕੀਤਾ ਗਿਆ।
ਇਹੀ ਨਹੀਂ, ਕੈਂਪਸ ਦੇ ਬਾਹਰ ਹਿੰਦੂਤਵੀ ਹਜੂਮ ਇਕੱਠੇ ਕਰਕੇ ਵਿਦਿਆਰਥੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ; ਲੇਕਿਨ ਆਗੂਆਂ ਨੇ ਸੰਘ ਦੀ ਸਾਜ਼ਿਸ਼ ਨੂੰ ਤਾੜ ਕੇ ਮਾਹੌਲ ਨੂੰ ਸ਼ਾਂਤਮਈ ਬਣਾਈ ਰੱਖਿਆ। ਸ਼ਾਮ ਨੂੰ ਹਜ਼ਾਰਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਇਨਸਾਫਪਸੰਦ ਲੋਕਾਂ ਨੇ ਇਕੱਠੇ ਹੋ ਕੇ ਅਤੇ ਕੈਂਪਸ ਵਿਚ ਮਾਰਚ ਕਰਕੇ ਸੰਘ ਦੇ ਇਸ ਫਾਸ਼ੀਵਾਦੀ ਹਮਲੇ ਦਾ ਡਟ ਕੇ ਵਿਰੋਧ ਕੀਤਾ। ਉਨ੍ਹਾਂ ਸੰਘੀਆਂ ਨੂੰ ਚੁਣੌਤੀ ਦਿੱਤੀ ਕਿ ਜੇ ਉਨ੍ਹਾਂ ਵਿਚ ਦਮ ਹੈ ਤਾਂ ਸੰਵਾਦ ਰਾਹੀਂ ਵਿਦਿਆਰਥੀਆਂ ਨੂੰ ਆਪਣੀ ਸਿਆਸਤ ਬਾਰੇ ਕਾਇਲ ਕਰਨ ਜੋ ਇਕ ਸੰਦੇਸ਼ ਹੈ ਕਿ ਜਾਗਰੂਕ ਵਿਦਿਆਰਥੀ ਮੋਦੀ-ਅਮਿਤ ਸ਼ਾਹ ਦੇ ਚੋਣ ਜੁਮਲਿਆਂ ਦੇ ਝਾਂਸੇ ਵਿਚ ਨਹੀਂ ਆਉਣਗੇ ਅਤੇ ਸੰਘ ਦੇ ਫਾਸ਼ੀਵਾਦ ਤੋਂ ਦਹਿਸ਼ਤਜ਼ਦਾ ਹੋ ਕੇ ਇਨ੍ਹਾਂ ਦੀ ਡੰਡੌਤ ਹਰਗਿਜ਼ ਨਹੀਂ ਕਰਨਗੇ। ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਸੰਘ ਬ੍ਰਿਗੇਡ ਦੀ ਗੁੰਡਾਗਰਦੀ ਸਮੇਂ ਮੂਕ ਦਰਸ਼ਕ ਬਣਿਆ ਰਿਹਾ ਜਦੋਂ ਇਸ ਦੇ ਵਿਰੋਧ ਵਿਚ ਹਜ਼ਾਰਾਂ ਵਿਦਿਆਰਥੀ ਤੇ ਅਧਿਆਪਕ ਸੜਕਾਂ ਉਪਰ ਆ ਨਿਕਲੇ ਤਾਂ ਕੈਂਪਸ ਅੰਦਰ ਰੈਲੀਆਂ ਮੁਜ਼ਾਹਰਿਆਂ ਉਪਰ ਪਾਬੰਦੀ ਲਗਾ ਦਿੱਤੀ ਗਈ।
ਸੰਘ ਦੀ ਅਸਲ ਖਸਲਤ ਇਸ ਦੇ ਦੋਹਰੇ ਮਿਆਰਾਂ ਤੋਂ ਸਪਸ਼ਟ ਹੋ ਜਾਂਦੀ ਹੈ। ਜਦੋਂ ਇਹ ਟੋਲਾ ਆਪ ਚੋਣਾਂ ਜਿੱਤਦਾ ਹੈ ਤਾਂ ਸੰਘ ਪਾੜ ਕੇ ਜਮਹੂਰੀਅਤ ਦਾ ਰਾਗ ਅਲਾਪਦਾ ਹੋਇਆ ਆਪਣੇ ਹੱਕ ਵਿਚ ਆਏ ਚੋਣ ਨਤੀਜਿਆਂ ਨੂੰ ਵੋਟਰਾਂ ਦਾ ਫਤਵਾ ਦੱਸਦਾ ਹੈ ਪਰ ਜਦੋਂ ਵੋਟਰ ਇਨ੍ਹਾਂ ਨੂੰ ਦੁਰਕਾਰ ਦਿੰਦੇ ਹਨ, ਉਦੋਂ ਇਸ ਦੀ ਬ੍ਰਾਹਮਣਵਾਦੀ ਹਊਮੈ ਆਪਣੀ ਹਾਰ ਨੂੰ ਵੋਟਰਾਂ ਦਾ ਫਤਵਾ ਮੰਨ ਕੇ ਸਵੀਕਾਰ ਨਹੀਂ ਕਰਦੀ। ਇਹ ਲੋਕ ਕਦੇ ਵੀ ਖੁੱਲ੍ਹੇ ਸੰਵਾਦ ਦੀ ਚੁਣੌਤੀ ਸਵੀਕਾਰ ਨਹੀਂ ਕਰਦੇ ਬਲਕਿ ਬੁਜ਼ਦਿਲ ਫਾਸ਼ੀਵਾਦੀਆਂ ਦੇ ਨਕਸ਼ੇ-ਕਦਮਾਂ ਉਪਰ ਚੱਲਦਿਆਂ ਹਮੇਸ਼ਾ ਸਾਜ਼ਿਸ਼ੀ ਚਾਲਾਂ ਨੂੰ ਅੰਜਾਮ ਦਿੰਦੇ ਹਨ। ਗੋਰਖਪੁਰ ਯੂਨੀਵਰਸਿਟੀ ਵਿਚ ਅਦਿਤਿਆਨਾਥ ਸਰਕਾਰ ਵਲੋਂ ਵਿਦਿਆਰਥੀ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ ਹਨ। ਇਹ ਸੰਘ ਬ੍ਰਿਗੇਡ ਦੀ ਲੀਡਰਸ਼ਿਪ ਅੰਦਰ ਅਗਲੀਆਂ ਚੋਣਾਂ ਨੂੰ ਲੈ ਕੇ ਉਭਰ ਰਹੇ ਤੌਖਲੇ ਦਾ ਸੰਕੇਤ ਹੈ ਜੋ ਦਾਅਵੇ ਤਾਂ 2019 ਦੀਆਂ ਚੋਣਾਂ ਜਿੱਤ ਕੇ ਲਗਾਤਾਰ ਪੰਜਾਹ ਸਾਲ ਰਾਜ ਕਰਨ ਦੇ ਕਰਦੇ ਹਨ ਪਰ ਅੰਦਰੋਂ ਬੁਰੀ ਤਰ੍ਹਾਂ ਹਿੱਲੇ ਹੋਏ ਹਨ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੰਘ ਬ੍ਰਿਗੇਡ ਆਪਣੀ ਮਾਯੂਸੀ ਵਿਚੋਂ ਫਿਰਕੂ ਪਾਲਾਬੰਦੀ ਵਧਾਉਣ ਅਤੇ ਆਪਣੇ ਹੱਕ ਵਿਚ ਉਚ ਜਾਤੀ ਹਿੰਦੂਆਂ ਦੀ ਹਮਦਰਦੀ ਬਟੋਰਨ ਲਈ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਅਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਸਕਦਾ ਹੈ।
ਚਾਹੇ ਇਨ੍ਹਾਂ ਚੋਣ ਨਤੀਜਿਆਂ ਦੀ ਦਨਦਨਾ ਰਹੇ ਹਿੰਦੂਤਵ ਫਾਸ਼ੀਵਾਦ ਨੂੰ ਰੋਕਣ ਵਿਚ ਕੋਈ ਫੈਸਲਾਕੁਨ ਭੂਮਿਕਾ ਤਾਂ ਨਹੀਂ, ਲੇਕਿਨ ਨਤੀਜੇ ਇਹ ਜ਼ਰੂਰ ਦਿਖਾਉਂਦੇ ਹਨ ਕਿ ਜੇ ਲੋਕ ਸੰਵਾਦ ਨੂੰ ਹਕੀਕੀ ਲੋਕ ਮੁੱਦਿਆਂ ਅਤੇ ਅਗਾਂਹਵਧੂ ਸਿਆਸਤ ਉਪਰ ਕੇਂਦਰਤ ਕਰਕੇ ਲਗਾਤਾਰ ਸੰਜੀਦਗੀ ਨਾਲ ਕੰਮ ਕੀਤਾ ਜਾਵੇ ਤਾਂ ਖੌਫਨਾਕ ਫਾਸ਼ੀਵਾਦੀ ਵਰਤਾਰੇ ਵਿਰੁਧ ਵੀ ਤਕੜੀ ਲੋਕ ਰਾਇ ਤਿਆਰ ਕੀਤੀ ਜਾ ਸਕਦੀ ਹੈ।