ਫੂਟੋ ਆਂਡਾ ਭਰਮ ਕਾ…

ਰਾਜਿੰਦਰ ਸਿੰਘ ਖਹਿਰਾ
ਫੋਨ: 559-267-3634
ਵਿਦਵਾਨ ਮਾਂ ਨੂੰ ਬੱਚੇ ਦਾ ਪਹਿਲਾ ਗੁਰੂ ਮੰਨਦੇ ਹਨ। ਮਾਂ ਤੋਂ ਹੀ ਬੱਚਾ ਜਿੰਦਗੀ ਦੀ ਮੁਢਲੀ ਜੀਵਨ-ਜਾਚ ਸਿੱਖਦਾ ਹੈ। ਵੇਦਾਂ-ਸ਼ਾਸਤਰਾਂ, ਧਰਮ ਗ੍ਰੰਥਾਂ ਵਿਚ ਤਾਂ ਇਥੋਂ ਤੱਕ ਲਿਖਿਆ ਹੈ ਕਿ ਮਾਂ ਦੇ ਗਰਭ ਵਿਚ ਹੀ ਬੱਚਾ ਮਾਂ ਦੇ ਸੰਸਕਾਰ ਕਬੂਲਦਾ ਹੈ। ਇਸ ਗੱਲ ਦੀ ਤਸਦੀਕ ਕਿਸੇ ਹੱਦ ਤੱਕ ਡਾਕਟਰ ਅਤੇ ਸਾਇੰਸਦਾਨ ਵੀ ਕਰਦੇ ਹਨ। ਇਤਿਹਾਸ-ਮਿਥਿਹਾਸ ਵਿਚ ਇਸ ਤਰ੍ਹਾਂ ਦੀਆਂ ਅਨੇਕਾਂ ਕਥਾਵਾਂ ਹਨ ਕਿ ਮਾਂ ਦੇ ਸੁਭਾਅ, ਮਾਂ ਦੀਆਂ ਗੱਲਾਂ ਦਾ ਅਸਰ ਪੇਟ ਵਿਚ ਪਲ ਰਹੇ ਬੱਚੇ ‘ਤੇ ਪੈਂਦਾ ਹੈ। ਮਹਾਭਾਰਤ ਦੇ ਪਾਤਰ ਅਭਿਮੰਨਿਊ ਦੇ ਜੀਵਨ ਦਾ ਅੰਤਲਾ ਹਿੱਸਾ ਵੀ ਮਾਂ ਦੇ ਗਰਭ ਵਿਚ ਸੁਣੀ ਇੱਕ ਕਹਾਣੀ ਨਾਲ ਸਬੰਧ ਰੱਖਦਾ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੇ ਬੱਚੇ ਜਿਹੋ ਜਿਹੇ ਮਾਹੌਲ ਵਿਚ ਪਲਣਗੇ, ਉਹੋ ਜਿਹੀ ਉਨ੍ਹਾਂ ਦੀ ਸ਼ਖਸੀਅਤ ਹੋਵੇਗੀ। ਬੱਚੇ ਦੇ ਮੁਢਲੇ ਦਿਨ ਘਰ ਦੀ ਚਾਰਦਵਾਰੀ ਵਿਚ ਦਾਦਾ-ਦਾਦੀ, ਨਾਨਾ-ਨਾਨੀ, ਮਾਤਾ-ਪਿਤਾ ਜਾਂ ਹੋਰ ਪਰਿਵਾਰਕ ਜੀਆਂ ਨਾਲ ਗੁਜਰਦੇ ਹਨ।
ਆਦਿ ਕਾਲ ਤੋਂ ਮਨੁੱਖ ਕੁਦਰਤ ਦੇ ਵਰਤਾਰਿਆਂ ਤੋਂ ਡਰਦਾ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ ਵਿਚ ਫਸਿਆ ਆ ਰਿਹਾ ਹੈ। ਸ਼ਾਇਦ ਇਸੇ ਕਰਕੇ ਇਸ ਨੇ ਕੁਦਰਤ ਦੇ ਵੱਖ ਵੱਖ ਸੋਮਿਆਂ ਨੂੰ ਦੇਵੀ-ਦੇਵਤੇ ਬਣਾ ਕੇ ਕਿਸੇ ਨਾ ਕਿਸੇ ਰੂਪ ਵਿਚ ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸਮਾਜ ਵਿਚ ਇੱਕ ਅਜਿਹੀ ਸ੍ਰੇਣੀ ਬਣ ਗਈ ਜੋ ਸਮਾਜ ਦੇ ਲੋਕਾਂ ਦੀਆਂ ਮਨੋਭਾਵਨਾਵਾਂ ਭਾਂਪ ਕੇ ਸਮੇਂ ਸਮੇਂ ਪੁਜਾਰੀਆਂ, ਬਾਬਿਆਂ, ਸੰਤਾਂ, ਸਿਆਣਿਆਂ, ਨਜੂਮੀਆਂ ਆਦਿ ਦੇ ਰੂਪ ਵਿਚ ਲੋਕਾਂ ਨੂੰ ਅੰਧਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦੀ ਕਮਾਈ ਲੁੱਟਦੀ ਆ ਰਹੀ ਹੈ।
ਸਾਡੇ ਸਮਾਜ ਵਿਚ ਤਕਰੀਬਨ ਹਰ ਕਿਸੇ ਨੂੰ ਦਾਦਾ-ਦਾਦੀ, ਨਾਨਾ-ਨਾਨੀ, ਭੂਆ-ਮਾਸੀ, ਚਾਚੀ-ਤਾਈ, ਮਾਤਾ-ਪਿਤਾ ਜਾਂ ਫਿਰ ਦੋਸਤਾਂ-ਮਿੱਤਰਾਂ, ਸਕੇ-ਸਬੰਧੀਆਂ ਰਾਹੀਂ ਅੰਧਵਿਸ਼ਵਾਸਾਂ, ਵਹਿਮਾਂ-ਭਰਮਾਂ ਦੀ ਗੁੜਤੀ ਪੀੜ੍ਹੀ ਦਰ ਪੀੜ੍ਹੀ ਮਿਲਦੀ ਆਈ ਹੈ। ਪੁਰਾਣੇ ਜ਼ਮਾਨੇ ਵਿਚ ਤਾਂ ਰਾਤ ਸਮੇਂ ਬੱਚਿਆਂ ਨੂੰ ਸੁਆਉਣ ਲਈ ਅਕਸਰ ਮਾਂਵਾਂ, ਦਾਦੀਆਂ, ਚਾਚੀਆਂ-ਤਾਈਆਂ ਕਹਿੰਦੀਆਂ ਸਨ, ‘ਬੱਚੇ ਸੌਂ ਜਾ ਨਹੀਂ ਤਾਂ ਭੂਤ ਆ ਜਾਵੇਗਾ।’ ਪੰਜਾਬ ਦੇ ਪਿੰਡਾਂ ਦੇ ਬਾਹਰ ਹਰ ਕੋਨੇ ਵਿਚ ਵੱਡੇ ਵਡੇਰਿਆਂ ਦੇ ਨਾਂ ‘ਤੇ ਬਣੀਆਂ ਸਮਾਧਾਂ ‘ਤੇ ਕੋਈ ਨਾ ਕੋਈ ਦੀਵਾ ਬੱਤੀ ਕਰਦਾ ਨਜ਼ਰ ਆਵੇਗਾ। ਪਿੰਡਾਂ ਵਿਚੋਂ ਪੜ੍ਹ ਲਿਖ ਕੇ ਲੋਕ ਸ਼ਹਿਰਾਂ ਵੱਲ ਹੋ ਤੁਰੇ, ਕੁਝ ਤੰਗੀ-ਤੁਰਸ਼ੀ ਕਰਕੇ ਜਾਂ ਬਿਹਤਰ ਜ਼ਿੰਦਗੀ ਦੀ ਆਸ ਰੱਖ ਕੇ ਵਿਦੇਸ਼ਾਂ ਵਿਚ ਆ ਵਸੇ ਪਰ ਅੰਧਵਿਸ਼ਵਾਸਾਂ ਦੀ ਮੈਲ ਤਨ ਦੇ ਕੱਪੜਿਆਂ ਦੀ ਤਰ੍ਹਾਂ ਸਾਡੇ ਨਾਲ ਹੀ ਤੁਰੀ ਆਈ ਹੈ। ਸਾਡੇ ਘਰਾਂ ਵਿਚ ਜੰਮਣ-ਮਰਨ, ਵਿਆਹ-ਸ਼ਾਦੀ ਅਤੇ ਹੋਰ ਸਮਾਜਿਕ ਰਸਮਾਂ ਸਮੇਂ ਅੰਧਵਿਸ਼ਵਾਸਾਂ ਅਧੀਨ ਕਰਮ-ਕਾਂਢ ਹੁੰਦੇ ਹਨ ਜੋ ਰੀਤੀ-ਰਿਵਾਜਾਂ ਦੇ ਨਾਂ ‘ਤੇ ਸਾਡੇ ਸਮਾਜ ਨਾਲ ਚੱਲ ਰਹੇ ਹਨ। ਕਈ ਲੋਕ ਇਨ੍ਹਾਂ ਦੀ ਪ੍ਰੋੜਤਾ ਕਰਦੇ ਹੋਏ ਕਹਿਣਗੇ ਕਿ ਇਹ ਸਾਡਾ ਵਿਰਸਾ ਹੈ। ਝੂਠ, ਅੰਧਵਿਸ਼ਵਾਸ ਜੇ ਸਾਡਾ ਵਿਰਸਾ ਹੈ ਤਾਂ ਇਸ ਵਿਰਸੇ ਦੀਆਂ ਤੰਦਾਂ ਕੱਚੀਆਂ ਹਨ, ਇੱਕ ਦਿਨ ਟੁੱਟ ਜਾਣਗੀਆਂ। ਜਰ੍ਹਾ ਸੋਚੋ? ਇਸ ਅੰਧਵਿਸ਼ਵਾਸ ਪਾਖੰਡੀ ਵਿਰਸੇ ਦੀਆਂ ਤੰਦਾਂ ਜਿਨ੍ਹਾਂ ਸੂਝਵਾਨ ਲੋਕਾਂ ਨੇ ਤੋੜ ਦਿੱਤੀਆਂ ਹਨ, ਉਨ੍ਹਾਂ ਦਾ ਕੀ ਘਟ ਗਿਆ? ਕੀ ਉਨ੍ਹਾਂ ਨੂੰ ਸਾਹ ਲੈਣ ਲਈ ਕੁਦਰਤ ਵਲੋਂ ਮਿਲ ਰਹੀ ਆਕਸੀਜਨ ਘਟ ਗਈ? ਕੀ ਉਨ੍ਹਾਂ ਦੇ ਘਰਾਂ ਦੇ ਵਿਹੜਿਆਂ ਵਿਚ ਸੂਰਜ ਨਹੀਂ ਚੜ੍ਹਦਾ? ਜਾਂ ਸੂਰਜ ਵਲੋਂ ਮਿਲ ਰਹੀ ਨਿੱਘ ਘਟ ਗਈ?
ਪਿੰਡਾਂ ਵਿਚ ਜਾਤਾਂ ਦੇ ਨਾਂ ‘ਤੇ ਬਣੇ ਗੁਰਦੁਆਰਿਆਂ ਦੀ ਤਰ੍ਹਾਂ ਹਰ ਅਖੌਤੀ ਉਚੀ-ਨੀਵੀਂ ਜਾਤ ਦੇ ਲੋਕਾਂ ਨੇ ਆਪੋ-ਆਪਣੀਆਂ ਸਤੀਆਂ, ਸਮਾਧਾਂ, ਜਠੇਰੇ, ਮੜੀਆਂ-ਮਸਾਣਾਂ, ਮੱਠ ਵੰਡੇ ਹੋਏ ਹਨ। ਉਚ ਜਾਤੀ ਦੇ ਲੋਕਾਂ ਦੀਆਂ ਸਮਾਧਾਂ ‘ਤੇ ਵੱਡਾ ਇਕੱਠ, ਹਰ ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਇਕਾਦਸ਼ੀ, ਮੰਗਲਵਾਰ, ਵੀਰਵਾਰ, ਦੁਸਹਿਰਾ-ਦੀਵਾਲੀ ਕਿਸੇ ਨਾ ਕਿਸੇ ਦਿਨ ਦੀਵੇ ਜਗਾ, ਖੀਰ-ਕੜਾਹ, ਪਤਾਸੇ ਲੱਡੂਆਂ ਦਾ ਮੱਥਾ ਟੇਕਿਆ ਜਾਂਦਾ ਹੈ। ਸਮਾਧਾਂ ਦੁਆਲੇ ਘੁੰਮ ਰਹੇ ਕੁੱਤੇ-ਬਿੱਲਿਆਂ ਅਤੇ ਹੋਰ ਜਾਨਵਰਾਂ ਦੀਆਂ ਮੌਜਾਂ ਹੀ ਮੌਜਾਂ ਹੁੰਦੀਆਂ ਹਨ। ਪੰਜਾਬ ਦੇ ਪਿੰਡਾਂ ਵਿਚ ਝਾੜ੍ਹਾ ਜਿਸ ਨੂੰ ਮਾਲਵੇ ਵਿਚ ਹੱਥੌਲਾ ਵੀ ਕਹਿੰਦੇ ਹਨ, ਕਰਨ ਵਾਲਾ ਕੋਈ ਨਾ ਮਿਲ ਜਾਵੇਗਾ ਜਿਸ ਨੂੰ ਲੋਕ ਸਿਆਣਾ ਆਖਦੇ ਹਨ। ਇਨ੍ਹਾਂ ਦੀਆਂ ਕਈ ਕਿਸਮਾਂ ਹਨ, ਕੰਮ ਕਰਨ ਦੇ ਢੰਗ ਵੀ ਵੱਖ ਹਨ। ਮੈਂ ਕੋਈ 13 ਕੁ ਸਾਲ ਦਾ ਹੋਵਾਂਗਾ, ਸਾਡੇ ਗੁਆਂਢ ਵਿਚ ਰੂੜਾ ਰਹਿੰਦਾ ਸੀ ਜਿਸ ਨੂੰ ਅਸੀਂ ਤਾਇਆ ਕਹਿੰਦੇ ਸੀ। ਉਹ ਅਕਸਰ ਅੰਧਵਿਸ਼ਵਾਸੀ ਲੋਕਾਂ ਦਾ ਜਾਦੂ-ਟੂਣਿਆਂ ਰਾਹੀਂ ਇਲਾਜ ਕਰਦਾ ਸੀ। ਇਲਾਜ ਦੇ ਇਵਜ ਵਿਚ ਉਹ ਆਪਣੇ ਗਾਹਕਾਂ ਤੋਂ ਕਾਲੇ ਰੰਗ ਦੀ ਮੁਰਗੀ ਅਤੇ ਸ਼ਰਾਬ ਦੀ ਬੋਤਲ ਲੈਂਦਾ। ਉਨ੍ਹਾਂ ਦੇ ਘਰ ਕਾਲੇ ਰੰਗ ਦੀਆਂ ਕਈ ਮੁਰਗੀਆਂ ਸਨ ਜਿਨ੍ਹਾਂ ਦੇ ਆਂਡੇ ਅਤੇ ਕਈ ਵਾਰੀ ਮੁਰਗੀਆਂ ਦਾ ਮੀਟ ਤਾਏ ਦੇ ਘਰ ਵਾਲੇ ਬੜੇ ਸੁਆਦ ਨਾਲ ਖਾਂਦੇ। ਦੀਵਾਲੀ ਦੇ ਦਿਨ ਖਾਸ ਚੜ੍ਹਾਵਾ ਚੜ੍ਹਦਾ। ਸਾਡੇ ਘਰ ਦੀ ਉਨ੍ਹਾਂ ਨਾਲ ਵਰਤੋਂ ਸੀ। ਮੇਰੀ ਦਾਦੀ ਨੇ ਦੀਵਾਲੀ ਦੀ ਰਾਤ ਪਲੇਟ ਵਿਚ ਕੁਝ ਮਿਠਾਈ ਪਾ ਕੇ ਮੈਨੂੰ ਕਿਹਾ ਕਿ ਤਾਏ ਦੇ ਘਰ ਦੇ ਆ। ਜਦੋਂ ਮੈਂ ਮਿਠਾਈ ਦੇਣ ਗਿਆ ਤਾਂ ਤਾਏ (ਸਿਆਣੇ) ਨੂੰ ਜਗ ਰਹੇ ਦੀਵਿਆਂ ਦੇ ਮੂਹਰੇ ਹੋਰ ਹੀ ਰੂਪ ਵਿਚ ਸਿਰ ਘੁਮਾਉਂਦੇ ਅਤੇ ਉਚੀ ਉਚੀ ਚੀਕਾਂ ਮਾਰਦੇ ਲਗਾਤਾਰ ਖੜ੍ਹਾ ਵੇਖਦਾ ਰਿਹਾ। ਘਰ ਆ ਕੇ ਦਾਦੀ ਅਤੇ ਮਾਂ ਨੂੰ ਦੱਸਿਆ। ਮਾਂ ਦਾਦੀ ਨੂੰ ਗੁੱਸੇ ਹੋਵੇ ਕਿ ਮੁੰਡੇ ਨੂੰ ਦੀਵਾਲੀ ਦੇ ਦਿਨ ਕਿਉਂ ਜਾਦੂ ਟੂਣੇ ਕਰਨ ਵਾਲਿਆਂ ਦੇ ਘਰ ਭੇਜਿਆ ਪਰ ਮੈਂ ਤਾਏ ਦੇ ਪਖੰਡ ਨੂੰ ਖੋਜ ਭਰੀਆਂ ਨਜ਼ਰਾਂ ਨਾਲ ਤੱਕ ਆਇਆ ਸਾਂ।
ਕੁਝ ਕੁ ਦਿਨਾਂ ਪਿਛੋਂ ਮੇਰੀ ਛੋਟੀ ਭੈਣ ਨੂੰ ਖਸਰਾ, ਜਿਸ ਨੂੰ ਲੋਕ ਮਾਤਾ ਕਹਿੰਦੇ ਹਨ, ਨਿਕਲ ਆਇਆ। (ਖਸਰਾ ਅਲਰਜੀ ਦਾ ਰੋਗ ਹੈ। ਇਸ ਨਾਲ ਸਰੀਰ ‘ਤੇ ਛੋਟੇ ਛੋਟੇ ਦਾਣੇ ਨਿਕਲ ਆਉਂਦੇ ਹਨ ਜੋ ਦੋ ਤਿੰਨ ਦਿਨਾਂ ਵਿਚ ਆਪਣੇ ਆਪ ਠੀਕ ਹੋ ਜਾਂਦੇ ਹਨ ਪਰ ਅੰਧਵਿਸ਼ਵਾਸੀ ਲੋਕ ਇਸ ਦਾ ਝਾੜ੍ਹੇ ਜਾਂ ਟੂਣੇ ਆਦਿ ਨਾਲ ਇਲਾਜ ਕਰਾਉਂਦੇ ਹਨ) ਦਾਦੀ ਮੇਰੀ ਭੈਣ ਦੇ ਨਿਕਲੇ ਖਸਰੇ ਦੇ ਦਾਣਿਆਂ ਨੂੰ ਮਾਤਾ ਸਮਝ ਰੂੜੇ ਤਾਏ ਤੋਂ ਹੱਥੌਲਾ ਕਰਾ ਲਿਆਈ। ਸ਼ਾਮ ਨੂੰ ਮੇਰੀ ਭੈਣ ਖਸਰੇ ਦੀ ਤਕਲੀਫ ਕਰਕੇ ਕੁਝ ਖਾਣ ਤੋਂ ਮਨ੍ਹਾਂ ਕਰੀ ਜਾਵੇ ਪਰ ਇਕਦਮ ਉਸ ਨੇ ਆਂਡਾ ਖਾਣ ਦੀ ਮੰਗ ਮਾਂ ਅੱਗੇ ਰੱਖ ਦਿੱਤੀ, ਦਾਦੀ ਨੇ ਮਾਂ ਨੂੰ ਕਿਹਾ ਠਹਿਰ! ਮੈਂ ਰੂੜੇ (ਸਿਆਣੇ) ਨੂੰ ਪੁੱਛ ਆਵਾਂ। ਦਾਦੀ ਨੂੰ ਰੂੜੇ ਤਾਏ ਨੇ ਕਿਹਾ ਕਿ ਆਂਡਾ ਮਾਤਾ ਮੰਗ ਰਹੀ ਹੈ ਕੁੜੀ ਦੇ ਹੱਥ ਲਗਾ ਕੇ ਦੋ ਆਂਡੇ ਪਿੰਡ ਦੀ ਫਿਰਨੀ ‘ਤੇ ਸੂਏ ਕਿਨਾਰੇ ਮੱਥਾ ਟੇਕ ਆਵੋ। ਦਾਦੀ ਨੇ ਮੈਨੂੰ ਦੁਕਾਨ ਤੋਂ ਆਂਡੇ ਖਰੀਦ ਕੇ ਲਿਆਉਣ ਲਈ ਕਿਹਾ ਅਤੇ  ਫਿਰਨੀ ‘ਤੇ ਸੂਏ ਕਿਨਾਰੇ ਆਂਡਿਆਂ ਦਾ ਮੱਥਾ ਟੇਕਣ ਦਾ ਹੁਕਮ ਚਾੜ੍ਹ ਦਿੱਤਾ। ਆਗਿਆ ਦਾ ਪਾਲਣ ਕਰਦਾ ਮੈਂ ਕੌਲੀ ਵਿਚ ਆਂਡੇ ਪਾ ਰੁਮਾਲ ਨਾਲ ਢੱਕ ਹੌਲੀ ਹੌਲੀ ਦਾਦੀ ਦੇ ਨਾਲ ਸੂਏ ਵੱਲ ਚੱਲ ਪਿਆ। ਮਨ ਹੀ ਮਨ ਸੋਚਣ ਲੱਗਾ ਕਿ ਮਾਤਾ ਇਹ ਆਂਡੇ ਕਿਵੇਂ ਖਾਵੇਗੀ? ਸੂਏ ਕਿਨਾਰੇ ਦਾਦੀ ਨੇ ਮੇਰੇ ਤੋਂ ਆਂਡੇ ਫੜ ਬਹੁਤ ਸ਼ਰਧਾ ਨਾਲ ਮੱਥਾ ਟੇਕਿਆ।
ਜਦੋਂ ਅਸੀਂ ਪਿਛੇ ਮੁੜੇ, ਕਾਂ ਝੱਟਪੱਟ ਆਂਡਿਆ ‘ਤੇ ਟੁੱਟ ਪਏ। ਘਰ ਮੇਰੀ ਭੈਣ ਨੇ ਕਲੇਸ਼ ਪਾਇਆ ਹੋਇਆ ਸੀ ਕਿ ਮੈਂ ਆਂਡੇ ਖਾਣੇ ਹਨ। ਉਹ ਜ਼ਿਦ ਕਰੀ ਜਾਵੇ ਤੇ ਮਾਂ ਉਸ ਨੂੰ ਟਾਲੀ ਜਾਵੇ ਕਿ ਆਂਡਿਆਂ ਦਾ ਮੱਥਾ ਟੇਕ ਕੇ ਹੁਣੇ ਦਾਦੀ ਵਾਪਸ ਘਰ ਆ ਆਵੇਗੀ ਅਤੇ ਮਾਤਾ ਕੋਲ ਆਂਡੇ ਪਹੁੰਚ ਜਾਣਗੇ। ਮੈਨੂੰ ਅਤੇ ਦਾਦੀ ਨੂੰ ਆAੁਂਦਿਆਂ ਵੇਖ ਮਾਂ ਖੁਸ਼ ਹੋਈ ਕਿ ਚਲੋ ਬਿਪਤਾ ਟੱਲ ਜਾਵੇਗੀ ਪਰ ਮੇਰੀ ਭੈਣ ਮੈਨੂੰ ਵੇਖ ਕੇ ਸਗੋਂ ਹੋਰ ਉਤਾਵਲੀ ਹੋ ਕੇ ਆਂਡਾ ਖਾਣ ਦੀ ਜ਼ਿਦ ਕਰਨ ਲੱਗੀ। ਦਾਦੀ ਨੇ ਮੋਰਚਾ ਸੰਭਾਲਦਿਆਂ ਭੈਣ ਦੇ ਮੂਹਰੇ ਹੱਥ ਜੋੜ ਕੇ ਕਿਹਾ ਕਿ ਅਸੀਂ ਆਂਡੇ ਤੈਨੂੰ ਦੇ ਦਿੱਤੇ ਹਨ, ਤੂੰ ਆਂਡੇ ਖਾ ਲਏ ਹਨ। ਮੇਰੀ ਭੈਣ ਗੁੱਸੇ ਵਿਚ ਕਹਿਣ ਲੱਗੀ, ਕਿਸ ਨੇ, ਕਦੋਂ ਮੈਨੂੰ ਆਂਡੇ ਖਾਣ ਨੂੰ ਦਿੱਤੇ ਹਨ? ਸਭ ਝੂਠ ਬੋਲਦੇ ਹੋ। ਫਿਰ ਉਹ ਰੋਣ ਲੱਗ ਪਈ।
ਮੈਂ ਸਾਰਾ ਕੁਝ ਸਮਝ ਗਿਆ, ਝੱਟ ਦੁਕਾਨ ਤੋਂ ਆਂਡੇ ਲਿਆ ਮਾਂ ਨੂੰ ਆਂਡੇ ਉਬਾਲ ਕੁੜੀ ਨੂੰ ਦੇਣ ਲਈ ਕਿਹਾ। ਦਾਦੀ ਬੁੜਬੁੜ ਕਰਦੀ ਬਾਹਰ ਨਿਕਲ ਗਈ। ਮੇਰੀ ਭੈਣ ਉਬਲੇ ਆਂਡੇ ਖਾ ਕੇ ਖੁਸ਼ ਹੋ ਗਈ। ਮੈਂ ਮਾਂ ਨੂੰ ਕਿਹਾ ਕਿ ਨਹਿਰ ਕਿਨਾਰੇ ਰੱਖੇ ਆਂਡੇ ਤਾਂ ਕਾਂ ਖਾ ਗਏ, ਉਹ ਭਲਾ ਕਿਵੇਂ ਭੈਣ ਦੇ ਢਿੱਡ ਵਿਚ ਪੈਂਦੇ? ਇਹ ਸਭ ਤਾਏ ਵਰਗੇ ਸਿਆਣਿਆ ਨੇ ਆਪ ਹਲਵਾ ਮੰਡਾ, ਆਂਡੇ, ਮੁਰਗੀਆਂ ਖਾਣ ਲਈ ਤੇ ਸ਼ਰਾਬਾਂ ਪੀਣ ਲਈ ਸਾਡੇ ਵਰਗੇ ਲੋਕਾਂ ਨੂੰ ਉਲੂ ਬਣਾਇਆ ਹੋਇਆ ਹੈ। ਘਰ ਦਾ ਮਾਹੌਲ ਇੱਕਦਮ ਕ੍ਰਾਂਤੀਕਾਰੀ ਅੰਦੋਲਨ ਵਾਂਗ ਬਣ ਗਿਆ। ਮੇਰੀਆਂ ਭੈਣਾਂ ਅਤੇ ਮਾਂ-ਪਿਓ ਨੇ ਮੇਰਾ ਸਾਥ ਦਿੱਤਾ, ਦਾਦੀ ਇਕੱਲੀ ਰਹਿ ਗਈ। ਸਿੱਖ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ ਪਹਿਲਾਂ ਹੀ ਘਰ ਵਿਚ ਸਨ। ਮੈਂ ਅਤੇ ਮੇਰੀਆਂ ਭੈਣਾਂ ਗੁਰਮਤਿ ਦੀਆਂ ਕਿਤਾਬਾਂ ਪੜ੍ਹ ਪੜ੍ਹ ਆਪਣੀ ਮਾਂ ਨੂੰ ਵਹਿਮਾਂ-ਭਰਮਾਂ ਤੋਂ ਗੁਰਬਾਣੀ ਅੁਨਸਾਰ ਸੁਚੇਤ ਕਰ ਰਹੇ ਸਾਂ। ਸਭ ਵਿਚ ਵਹਿਮਾਂ-ਭਰਮਾਂ ਵਿਰੁਧ ਨਫਰਤ ਭਰ ਗਈ। ਘਰ ਦਾ ਮਾਹੌਲ ਬਦਲ ਗਿਆ। ਅੱਜ ਤੱਕ ਘਰ ਵਿਚ ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦੀਵਾਲੀ ਦੇ ਦਿਨ ਮੜ੍ਹੀਆਂ-ਮਸਾਣਾਂ ‘ਤੇ ਦੀਵੇ ਜਗਾਉਣ, ਸ਼ਰਾਧ ਕਰਨ ਦੇ ਨਾਂ ‘ਤੇ ਅੰਧਵਿਸ਼ਵਾਸੀ ਕਾਰਜ ਬੰਦ ਹਨ। ਮੇਰੀਆਂ ਭੈਣਾਂ ਨੇ ਸਹੁਰੇ ਘਰੀਂ ਵੀ ਅੰਧਵਿਸ਼ਵਾਸੀ ਕੰਮ ਕਰਨੋਂ ਸਹੁਰੇ ਘਰ ਵਾਲਿਆਂ ਨੂੰ ਦਲੀਲਾਂ ਦੇ ਕੇ ਰੋਕ ਦਿੱਤਾ। ਮੈਂ ਕਈ ਵਾਰ ਸੋਚਦਾਂ ਕਿ ਜੇ ਮੇਰੀ ਦਾਦੀ ਮਾਤਾ ਦੇ ਨਾਂ ‘ਤੇ ਆਂਡੇ ਵਾਲਾ ਪਖੰਡ ਤਾਏ ਦੇ ਕਹਿਣ ‘ਤੇ ਨਾ ਕਰਦੀ ਤਾਂ ਹੋ ਸਕਦੈ ਸਾਡੇ ਮਨਾਂ ਵਿਚ ਵਸਿਆ ਭਰਮ ਦਾ ਆਂਡਾ ਨਾ ਟੁੱਟਦਾ। ਗੁਰੂ ਸਾਹਿਬ ਮਨੁੱਖਤਾ ਨੂੰ ਸੁਚੇਤ ਕਰਦਿਆਂ ਕਹਿੰਦੇ ਹਨ, ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥

Be the first to comment

Leave a Reply

Your email address will not be published.