ਮੋਦੀ ਸਰਕਾਰ ਹੁਣ ਡੇਰਾ ਸਿਰਸਾ ਉਤੇ ਮਿਹਰਬਾਨ

ਬਠਿੰਡਾ: ਕੇਂਦਰ ਦੀ ਭਾਜਪਾ ਸਰਕਾਰ ਆਗਾਮੀ ਚੋਣਾਂ ਕਾਰਨ ਡੇਰਾ ਸਿਰਸਾ ਉਤੇ ਮਿਹਰ ਦੀ ਨਜ਼ਰ ਰੱਖਣ ਲੱਗੀ ਹੈ। ਸੀ.ਬੀ.ਆਈ. ਦਾ ਬੇਅਦਬੀ ਮਾਮਲੇ ‘ਚ ਡੇਰਾ ਪੈਰੋਕਾਰਾਂ ਪ੍ਰਤੀ ਨਰਮ ਗੋਸ਼ਾ ਸਿਆਸੀ ਇਸ਼ਾਰੇ ਦੀ ਸ਼ਾਹਦੀ ਭਰਦਾ ਹੈ। ਬੇਅਦਬੀ ਮਾਮਲੇ ‘ਚ ਡੇਰੇ ਦੇ ਤਿੰਨ ਪੈਰੋਕਾਰਾਂ ਦੀ ਜ਼ਮਾਨਤ ਹੋ ਜਾਣ ਤੋਂ ਸਾਫ ਹੈ ਕਿ ਕੇਂਦਰ ਸਰਕਾਰ ਚੋਣਾਂ ਦੇ ਮੱਦੇਨਜ਼ਰ ਡੇਰਾ ਸਿਰਸਾ ‘ਤੇ ਨਰਮ ਪੈ ਗਈ ਹੈ।

ਡੇਰਾ ਮੁਖੀ ਦੇ ਜੇਲ੍ਹ ਜਾਣ ਦਾ ਡੇਰਾ ਪੈਰੋਕਾਰਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਤੀ ਵੱਡਾ ਰੋਸਾ ਹੈ। ਮੋਦੀ ਸਰਕਾਰ ਵੱਲੋਂ ਹੁਣ ਰੁਖ ‘ਚ ਕੀਤੀ ਤਬਦੀਲੀ ਦੇ ਚੋਗੇ ਨੂੰ ਡੇਰਾ ਕਿੰਨਾ ਕੁ ਚੁਗੇਗਾ ਇਹ Ḕਮਿਸ਼ਨ 2019’ ‘ਚ ਹੀ ਸਾਫ ਹੋਵੇਗਾ।
ਵੇਰਵਿਆਂ ਅਨੁਸਾਰ ਰਾਜਸਥਾਨ ਦੇ ਦਰਜਨਾਂ ਅਸੈਂਬਲੀ ਹਲਕਿਆਂ ‘ਚ ਡੇਰਾ ਪੈਰੋਕਾਰ ਰਹਿੰਦੇ ਹਨ ਤੇ ਉਥੋਂ ਦੀਆਂ ਅਸੈਂਬਲੀ ਚੋਣਾਂ ਸਿਰ ਉਤੇ ਹਨ। ਸੂਤਰ ਦੱਸਦੇ ਹਨ ਕਿ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਵੀ ਪਾਰਟੀ ਹਾਈ ਕਮਾਨ ਨੂੰ ਡੇਰੇ ਦੇ ਸਿਆਸੀ ਵਜ਼ਨ ਤੋਂ ਜਾਣੂ ਕਰਾਇਆ ਹੈ। ਇਸ ਵੇਲੇ ਜਦੋਂ ਪੰਜਾਬ ਵਿਚ ਬੇਅਦਬੀ ਮਾਮਲਾ ਪੂਰਾ ਭਖਿਆ ਹੋਇਆ ਹੈ, ਠੀਕ ਉਦੋਂ ਕੇਂਦਰ ਸਰਕਾਰ ਚੋਣ ਲਾਹੇ ਲਈ ਡੇਰਾ ਸਿਰਸਾ ਨਾਲ ਮੁੜ ਸਿਆਸੀ ਤਾਲਮੇਲ ਬਿਠਾ ਰਹੀ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫੋਂ ਬੇਅਦਬੀ ਮਾਮਲੇ ਦੀ Ḕਗੁਪਤ ਰਿਪੋਰਟ’ ਸੀ.ਬੀ.ਆਈ. ਨੂੰ ਸੌਂਪ ਦਿੱਤੀ ਗਈ ਸੀ। ਸਿੱਟ ਨੇ 11 ਜੂਨ ਨੂੰ ਫੜੇ 10 ਡੇਰਾ ਪੈਰੋਕਾਰਾਂ ਨੂੰ ਮੋਗਾ ਅਦਾਲਤ ਵਿਚ ਪੇਸ਼ ਕਰ ਦਿੱਤਾ ਸੀ। ਸੀ.ਬੀ.ਆਈ. ਨੇ ਫ਼ਰੀਦਕੋਟ ਜੇਲ੍ਹ ਵਿਚ ਬੰਦ ਇਨ੍ਹਾਂ ਡੇਰਾ ਪੈਰੋਕਾਰਾਂ ‘ਚੋਂ ਮੋਹਰੀ ਹਰਮਿੰਦਰ ਬਿੱਟੂ, ਸੁਖਜਿੰਦਰ ਸੰਨ੍ਹੀ ਅਤੇ ਸ਼ਕਤੀ ਸਿੰਘ ਦੀ 6 ਜੁਲਾਈ ਨੂੰ ਗ੍ਰਿਫਤਾਰੀ ਪਾਈ ਅਤੇ ਪੁੱਛਗਿੱਛ ਕੀਤੀ। ਹੁਣ ਇਹ ਨਾਭਾ ਜੇਲ੍ਹ ਵਿਚ ਬੰਦ ਹਨ। ਤਫਤੀਸ਼ੀ ਮਾਹਿਰਾਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਇਨ੍ਹਾਂ ਦਾ 6 ਸਤੰਬਰ ਤੱਕ ਅਦਾਲਤ ਵਿਚ ਚਲਾਨ ਪੇਸ਼ ਕਰਨਾ ਸੀ, ਜੋ ਸਮੇਂ ਸਿਰ ਨਾ ਕੀਤੇ ਜਾਣ ਕਾਰਨ ਅਦਾਲਤ ਨੇ ਉਨ੍ਹਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ।
ਪੰਜਾਬ ਦੀ ਸਿੱਟ ਦੇ ਅਧਿਕਾਰੀ ਇਸ ਤੋਂ ਹੈਰਾਨ ਹਨ ਅਤੇ ਕੈਪਟਨ ਸਰਕਾਰ ਨੂੰ ਵੀ ਇਹ ਵੱਡਾ ਝਟਕਾ ਹੈ। ਮਾਹਿਰਾਂ ਮੁਤਾਬਕ ਜੇ ਸੀ.ਬੀ.ਆਈ. ਦੀ ਤਫਤੀਸ਼ ਅਧੂਰੀ ਸੀ ਤਾਂ ਵੀ ਚਲਾਨ ਪੇਸ਼ ਕੀਤਾ ਜਾਣਾ ਚਾਹੀਦਾ ਸੀ ਤੇ ਮਗਰੋਂ ਸਪਲੀਮੈਂਟਰੀ ਚਲਾਨ ਦਿੱਤਾ ਜਾ ਸਕਦਾ ਸੀ। ਸੂਤਰਾਂ ਮੁਤਾਬਕ ਸਿੱਟ ਤਰਫੋਂ ਸੀ.ਬੀ.ਆਈ. ਨੂੰ Ḕਗੁਪਤ ਜਾਂਚ ਰਿਪੋਰਟ’ ਦੇਣ ਸਮੇਂ ਦੱਸਿਆ ਗਿਆ ਸੀ ਕਿ ਇਸ ਮਾਮਲੇ ‘ਚ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕਰਨਾ ਬਣਦਾ ਹੈ ਪਰ ਸੀ.ਬੀ.ਆਈ. ਅਜਿਹਾ ਨਹੀਂ ਕੀਤਾ। ਇੰਨਾ ਹੀ ਨਹੀਂ ਸੀ.ਬੀ.ਆਈ. ਨੇ ਡੇਰਾ ਮੁਖੀ ਦੇ ਪੀਏ ਰਾਕੇਸ਼ ਦਿੜ੍ਹਬਾ ਨੂੰ ਵੀ ਪੁੱਛਗਿੱਛ ਵਿਚ ਸ਼ਾਮਲ ਹੀ ਨਹੀਂ ਕੀਤਾ, ਜਿਸ ਦੀਆਂ ਹਦਾਇਤਾਂ ਉਤੇ ਬੇਅਦਬੀ ਕਾਂਡ ਨੂੰ ਅੰਜਾਮ ਦਿੱਤਾ ਗਿਆ।
ਰਾਕੇਸ਼ ਪੰਚਕੂਲਾ ਹਿੰਸਾ ਮਾਮਲੇ ਵਿਚ ਅੰਬਾਲਾ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਜਾ ਸਕਦਾ ਸੀ। ਸਿੱਟ ਦੀ ਜਾਂਚ ਤੋਂ ਪਹਿਲਾਂ ਵੀ ਸੀ.ਬੀ.ਆਈ. ਨੇ ਪੌਣੇ ਤਿੰਨ ਵਰ੍ਹੇ ਜਾਂਚ ਢਿੱਲੀ ਹੀ ਰੱਖੀ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਦਾ ਪ੍ਰਤੀਕਰਮ ਸੀ ਕਿ ਸੀ.ਬੀ.ਆਈ. ਨੇ ਬੇਅਦਬੀ ਮਾਮਲੇ ਦੀ ਜਾਂਚ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਸੀ.ਬੀ.ਆਈ. ਨੇ ਫਰੀਦਕੋਟ ਜੇਲ੍ਹ ਵਿਚ ਬੰਦ ਬਾਕੀ ਸੱਤ ਡੇਰਾ ਪੈਰੋਕਾਰਾਂ ਨੂੰ ਵੀ ਬੇਅਦਬੀ ਮਾਮਲੇ ਵਿਚ ਗ੍ਰਿਫਤਾਰੀ ਨਹੀਂ ਕੀਤਾ, ਜਿਨ੍ਹਾਂ ਨੂੰ ਸਿੱਟ ਨੇ ਬਰਾਬਰ ਦੋਸ਼ੀ ਮੰਨਿਆ ਸੀ। ਸੀ.ਬੀ.ਆਈ. ਨੇ ਇਨ੍ਹਾਂ ਤੋਂ ਰਸਮੀ ਪੁੱਛਗਿੱਛ ਕਰਕੇ ਪੱਲਾ ਝਾੜ ਲਿਆ। ਸਿੱਟ ਨੇ 10 ਡੇਰਾ ਪੈਰੋਕਾਰਾਂ ਨੂੰ ਮੋਗਾ ਦੇ ਜਿਸ ਪੁਰਾਣੇ ਕੇਸ ਵਿਚ ਗ੍ਰਿਫਤਾਰ ਕੀਤਾ ਸੀ, ਉਸ ਵਿਚ ਮੋਗਾ ਅਦਾਲਤ ‘ਚੋਂ ਕੁਝ ਪੈਰੋਕਾਰਾਂ ਦੀਆਂ ਜ਼ਮਾਨਤ ਦੀਆਂ ਦਰਖਾਸਤਾਂ ਰੱਦ ਹੋ ਚੁੱਕੀਆਂ ਹਨ। ਜਿਨ੍ਹਾਂ ਤਿੰਨ ਪ੍ਰੇਮੀਆਂ ਦੀ ਸੀ.ਬੀ.ਆਈ. ਦੀ ਢਿੱਲ-ਮੱਠ ਕਾਰਨ ਜ਼ਮਾਨਤ ਹੋਈ, ਉਨ੍ਹਾਂ ਨੂੰ ਵੀ ਪੁਰਾਣੇ ਕੇਸ ਕਾਰਨ ਹਾਲੇ ਜੇਲ੍ਹ ਵਿਚ ਰਹਿਣਾ ਪਵੇਗਾ।
______________________
ਅਕਾਲੀ ਚੱਲ ਰਹੇ ਨੇ ਚਾਲਾਂ: ਜਾਖੜ
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਿਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਆਪਣਾ ਰਸੂਖ਼ ਵਰਤ ਕੇ ਚਾਲਾਂ ਚੱਲ ਰਿਹਾ ਹੈ। ਕੇਂਦਰ ਦੀ ਬੇਅਦਬੀ ਮਾਮਲਿਆਂ ਵਿਚ ਭੂਮਿਕਾ ਨੇ ਲੋਕਾਂ ਦੇ ਖਦਸ਼ੇ ਸੱਚ ਕਰ ਦਿੱਤੇ ਹਨ ਪਰ ਕਾਂਗਰਸ ਸਰਕਾਰ ਬੇਅਦਬੀ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ੇਗੀ ਨਹੀਂ ਅਤੇ ਲੋਕਾਂ ਨਾਲ ਨਿਆਂ ਕੀਤਾ ਜਾਵੇਗਾ। ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਕੇਂਦਰ ਤੇ ਹਰਿਆਣਾ ਸਰਕਾਰਾਂ ਨੇ ਆਪਣੀ ਬਣਦੀ ਨਿਰਪੱਖ ਡਿਊਟੀ ਨਿਭਾਈ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਨੇ ਡੇਢ ਵਰ੍ਹੇ ਦੌਰਾਨ ਬੇਅਦਬੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਆਪਣੇ ਦਾਗ ਛੁਪਾਉਣ ਲਈ ਕਾਂਗਰਸੀ ਨੇਤਾ ਛਿੱਕੜ ਉਛਾਲੀ ਕਰ ਰਹੇ ਹਨ।
___________________________
ਨਿਪੁੰਸਕ ਮਾਮਲਾ: ਕੇਸ ਵਾਪਸ ਲੈਣ ਲਈ ਗਵਾਹ ਨੂੰ ਪੈਸਿਆਂ ਦੀ ਪੇਸ਼ਕਸ਼
ਟੋਹਾਣਾ: ਡੇਰਾ ਸਿਰਸਾ ਵਿਚ ਸ਼ਰਧਾਲੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾਣ ਵਾਲੇ ਹੰਸਰਾਜ ਉਰਫ ਹਕੀਕੀ ਹੰਸ ਨੇ ਡੇਰੇ ਦੇ ਇਕ ਪ੍ਰੇਮੀ ਰਾਜ ਕੁਮਾਰ ਵਾਸੀ ਕਲਿਆਣ ਨਗਰ ਸਿਰਸਾ ‘ਤੇ ਦੋਸ਼ ਲਾਇਆ ਹੈ ਕਿ ਮੁਲਜ਼ਮ ਨੇ ਬੀਤੇ ਦਿਨੀਂ ਉਸ ਦੇ ਘਰ ਆ ਕੇ ਉਸ ਨੂੰ ਬਿਆਨ ਬਦਲਣ ਜਾਂ ਕੇਸ ਵਾਪਸ ਲੈਣ ਲਈ ਦਬਾਅ ਪਾਇਆ, ਜਿਸ ਬਦਲੇ ਉਸ ਨੂੰ ਪੈਸੇ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ। ਟੋਹਾਣਾ ਸਿਟੀ ਪੁਲਿਸ ਨੇ ਹੰਸ ਰਾਜ ਹਕੀਕੀ ਦੀ ਸ਼ਿਕਾਇਤ ‘ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਵੀ ਡੇਰਾ ਮੁਖੀ ਨੂੰ ਸਜ਼ਾ ਹੋਣ ਦੀ ਸੰਭਾਵਨਾ ਹੈ।