ਸਖਤ ਕਾਨੂੰਨ ਵੀ ਨਾ ਰੋਕ ਸਕੇ ਕੁੜੀਆਂ ਨਾਲ ਵਧੀਕੀਆਂ

ਚੰਡੀਗੜ੍ਹ: ਭਾਰਤ ਵਿਚ ਔਰਤਾਂ ਨਾਲ ਹੁੰਦੇ ਅਪਰਾਧਾਂ ਸਬੰਧੀ ਸਖਤ ਕਾਨੂੰਨਾਂ ਦੇ ਬਾਵਜੂਦ ਅਜਿਹੇ ਅਪਰਾਧਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਹਰਿਆਣਾ ਦੇ ਸ਼ਹਿਰ ਰੇਵਾੜੀ ਨੇੜਲੇ ਪਿੰਡ ਦੀ ਸੀ.ਬੀ.ਐਸ਼ਈ. ਪ੍ਰੀਖਿਆ ਦੀ ਟੌਪਰ ਨਾਲ ਹੋਏ ਸਮੂਹਿਕ ਜਬਰ ਜਨਾਹ ਨੇ ਸਰਕਾਰ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਇਹ 19 ਸਾਲਾ ਲੜਕੀ 12 ਸਤੰਬਰ ਨੂੰ ਕੋਚਿੰਗ ਕਲਾਸ ਲਗਾ ਕੇ ਆ ਰਹੀ ਸੀ ਕਿ ਕਾਰ ਸਵਾਰਾਂ ਨੇ ਉਸ ਨੂੰ ਅਗਵਾ ਕਰ ਲਿਆ

ਅਤੇ ਜਬਰ ਜਨਾਹ ਤੋਂ ਬਾਅਦ ਲੜਕੀ ਦੇ ਘਰ ਵਾਲਿਆਂ ਨੂੰ ਧਮਕੀ ਦੇਣ ਦੀ ਹਿਮਾਕਤ ਵੀ ਕੀਤੀ ਕਿ ਪੁਲਿਸ ਤੱਕ ਪਹੁੰਚ ਕੀਤੀ ਤਾਂ ਲੜਕੀ ਦੀ ਜਾਨ ਵੀ ਲੈ ਲਈ ਜਾਵੇਗੀ। ਘਟਨਾ ਦਾ ਪਰੇਸ਼ਾਨ ਕਰਨ ਵਾਲਾ ਪਹਿਲੂ ਇਹ ਵੀ ਹੈ ਕਿ ਸ਼ੁਰੂਆਤੀ ਦੌਰ ਵਿਚ ਪੀੜਤ ਅਤੇ ਉਸ ਦੇ ਮਾਪਿਆਂ ਨੂੰ ਰਿਪੋਰਟ ਲਿਖਾਉਣ ਲਈ ਖੱਜਲ ਖੁਆਰ ਹੋਣਾ ਪਿਆ ਅਤੇ ਰਿਪੋਰਟ ਲਿਖਣ ਤੋਂ ਬਾਅਦ ਵੀ ਪੁਲਿਸ ਹਨੇਰੇ ਵਿਚ ਹੱਥ ਮਾਰਦੀ ਨਜ਼ਰ ਆਈ।
ਕੁੜੀਆਂ ਨਾਲ ਵਧੀਕੀਆਂ ਇਹ ਇਕੱਲਾ ਮਾਮਲਾ ਨਹੀਂ ਹੈ। ਦਿੱਲੀ ਵਿਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਲੜਕਾ ਬੁਰੀ ਤਰ੍ਹਾਂ ਇਕ ਲੜਕੀ ਦੀ ਕੁੱਟ-ਮਾਰ ਕਰ ਰਿਹਾ ਹੈ। ਇਸ ਦੀ ਵੀਡੀਓ ਸਾਹਮਣੇ ਆਉਣ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਘਟਨਾ ਦਾ ਸਖਤ ਨੋਟਿਸ ਲਿਆ। ਲੜਕੇ ਨੂੰ ਕਾਬੂ ਕਰ ਲਿਆ ਗਿਆ। ਪ੍ਰਭਾਵਿਤ ਲੜਕੀ ਨੇ ਜੋ ਗੱਲਾਂ ਦੱਸੀਆਂ ਉਹ ਪਰੇਸ਼ਾਨ ਕਰਨ ਵਾਲੀਆਂ ਹਨ। ਰੋਹਿਤ ਨਾਂ ਦੇ ਇਸ ਲੜਕੇ ਨੇ ਉਕਤ ਲੜਕੀ ਨੂੰ ਕਿਸੇ ਦੋਸਤ ਦੇ ਘਰ ਬੁਲਾਇਆ ਤੇ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਨੇ ਵਿਰੋਧ ਕੀਤਾ ਅਤੇ ਗੁੱਸਾ ਜ਼ਾਹਰ ਕੀਤਾ ਤਾਂ ਉਸ ਨੂੰ ਮਾਰਿਆ-ਕੁੱਟਿਆ। ਦੇਸ਼ ਦੇ ਹੋਰ ਪ੍ਰਾਂਤਾਂ ਵਾਂਗ ਹਰਿਆਣਾ ਵਿਚ ਜਬਰ ਜਨਾਹ, ਉਧਾਲਣ ਅਤੇ ਔਰਤਾਂ ਨਾਲ ਜ਼ਬਰਦਸਤੀ ਕਰਨ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਵਿਧਾਨ ਸਭਾ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ।
ਹਰਿਆਣਾ ਵਿਚ ਪਿਛਲੇ ਸਮੇਂ ਵਿਚ ਜਬਰ ਜਨਾਹ ਦੇ ਮਾਮਲਿਆਂ ਵਿਚ 47 ਫੀਸਦੀ ਅਤੇ ਔਰਤਾਂ ਨੂੰ ਉਧਾਲਣ ਦੇ ਮਾਮਲਿਆਂ ਵਿਚ 100 ਫੀਸਦੀ ਵਾਧਾ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਹਰਿਆਣਾ ਦੇ ਉਹ ਸ਼ਹਿਰ, ਜਿਨ੍ਹਾਂ ਵਿਚ ਹਰ ਤਰ੍ਹਾਂ ਦਾ ਵੱਡਾ ਵਿਕਾਸ ਹੋਇਆ ਹੈ, ਅਜਿਹੇ ਮਾਮਲਿਆਂ ਵਿਚ ਪਹਿਲੇ ਨੰਬਰ ‘ਤੇ ਆਏ। ਇਨ੍ਹਾਂ ਵਿਚ ਗੁੜਗਾਉਂ, ਫਰੀਦਾਬਾਦ ਅਤੇ ਪਾਣੀਪਤ ਆਦਿ ਸ਼ਹਿਰ ਸ਼ਾਮਲ ਹਨ। ਲਗਾਤਾਰ ਹੋ ਰਹੇ ਇਨ੍ਹਾਂ ਮਾਮਲਿਆਂ ਵਿਚ ਵਾਧੇ ਨੇ ਹਰਿਆਣਾ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਅਤੇ ਇਹ ਪ੍ਰਭਾਵ ਪੱਕਾ ਹੋਇਆ ਹੈ ਕਿ ਸਰਕਾਰ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਘਟਾਉਣ ਵਿਚ ਅਸਮਰੱਥ ਰਹੀ ਹੈ। ਫਿਕਰ ਵਾਲੀ ਗੱਲ ਇਹ ਹੈ ਕਿ ਹਾਲੇ ਤੱਕ ਤਜਵੀਜ਼ ਕੀਤੀਆਂ ਗਈਆਂ ਸਖਤ ਸਜ਼ਾਵਾਂ ਦੇ ਬਾਵਜੂਦ ਅਜਿਹੀਆਂ ਗ਼ੈਰ ਸਮਾਜਿਕ ਘਟਨਾਵਾਂ ਵਿਚ ਮੋੜਾ ਨਹੀਂ ਪਿਆ, ਪਰ ਹੁਣ ਜਿਸ ਤੇਜ਼ੀ ਨਾਲ ਅਜਿਹੇ ਕੇਸਾਂ ਸਬੰਧੀ ਪੁਲਿਸ ਰਿਪੋਰਟਾਂ ਦਾਖਲ ਹੋਣ ਲੱਗੀਆਂ ਹਨ।
_____________________
ਦਿੱਲੀ ‘ਚ ਮਹਿਲਾ ਸੁਰੱਖਿਆ ਅਜੇ ਵੀ ਵੱਡਾ ਸਵਾਲ
ਨਵੀਂ ਦਿੱਲੀ: ਦਿੱਲੀ ‘ਚ ਮਹਿਲਾ ਸੁਰੱਖਿਆ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਿੱਲੀ ‘ਚ ਅਜੇ ਵੀ ਲਗਭਗ 1956 ਖਤਰਨਾਕ ਡਾਰਕ ਸਪੌਟਸ ਮੌਜੂਦ ਹਨ। ਸਾਲ 2016 ‘ਚ ਸੇਫਟੀ ਪਿਨ ਨਾਂ ਦੀ ਐਨ.ਜੀ.ਓ. ਨੇ ਸਰਵੇ ਦੌਰਾਨ 7,428 ਡਾਰਕ ਸਪੌਟਸ ਲੱਭੇ ਸਨ। ਨਗਰ ਨਿਗਮ ਦੇ ਮਨ੍ਹਾ ਕਰਨ ਤੋਂ ਬਾਅਦ ਦਿੱਲੀ ਸਰਕਾਰ ਨੇ ਇਨ੍ਹਾਂ ਥਾਵਾਂ ‘ਤੇ ਸਟ੍ਰੀਟ ਲਾਇਟਸ ਲਾ ਕੇ ਨਗਰ ਨਿਗਮ ਨੂੰ ਹੈਂਡਓਵਰ ਦੀ ਜ਼ਿੰਮੇਵਾਰੀ ਦਿੱਤੀ ਸੀ। ਇਸ ਪ੍ਰੋਜੈਕਟ ਲਈ ਦਿੱਲੀ ਸਰਕਾਰ ਨੇ 22 ਕਰੋੜ ਦਾ ਬਜਟ ਪਾਸ ਕੀਤਾ ਸੀ।
25 ਮਹੀਨਿਆਂ ਤੋਂ ਜ਼ਿਆਦਾ ਸਮਾਂ ਬੀਤਣ ਤੋਂ ਬਾਅਦ ਵੀ ਇਹ ਪ੍ਰੋਜੈਕਟ ਅਜੇ 70 ਫੀਸਦੀ ਹੀ ਪੂਰਾ ਹੋਇਆ। ਯਾਨੀ ਅਜੇ 5,472 ਡਾਰਕ ਸਪੌਟਸ ‘ਤੇ ਹੀ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ ਜਦਕਿ 1,956 ਡਾਰਕ ਸਪੌਟਸ ਅਜੇ ਵੀ ਸ਼ਾਮ ਹੁੰਦਿਆਂ ਹੀ ਹਨੇਰੇ ‘ਚ ਡੁੱਬ ਜਾਂਦੇ ਹਨ।