ਹਵਾ ਦਾ ਰੁਖ ਮੋੜਨ ਲਈ ਅਕਾਲੀ ਲੀਡਰਸ਼ਿਪ ਦੀ ਹਰ ਬਾਜੀ ਪਈ ਪੁੱਠੀ

ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਹੋਣ ਤੋਂ ਬਾਅਦ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਘਟਨਾਵਾਂ ‘ਚ ਘਿਰੀ ਅਕਾਲੀ ਲੀਡਰਸ਼ਿਪ ਭਾਵੇਂ ਮੁੜ ਖੜ੍ਹੀ ਹੋਣ ਲਈ ਹੱਥ ਪੈਰ ਮਾਰ ਰਹੀ ਹੈ ਪਰ ਲੋਕ ਮਨਾਂ ਵਿਚ ਉਠੇ ਰੋਹ ਕਾਰਨ ਪੰਥਕ ਧਿਰ ਅਖਵਾਉਣ ਵਾਲੀ ਇਸ ਧਿਰ ਦਾ ਕਿਸੇ ਪਾਸਿਉਂ ਵੀ ਦਾਅ ਨਹੀਂ ਲੱਗ ਰਿਹਾ।

ਸਿੱਖ ਜਥੇਬੰਦੀਆਂ ਵੱਲੋਂ ਬਾਦਲਾਂ ਨੂੰ ਘੇਰਨ ਲਈ ਇਕ ਤੋਂ ਬਾਅਦ ਇਕ ਬਣਾਈਆਂ ਜਾ ਰਹੀਆਂ ਰਣਨੀਤੀਆਂ ਅੱਗੇ ਅਕਾਲੀ ਦਲ ਬੇਵੱਸ ਨਜ਼ਰ ਆ ਰਿਹਾ ਹੈ। ਭਾਵੇਂ ਅਕਾਲੀ ਦਲ ਨੇ ਪੂਰੇ ਪੰਜਾਬ ਵਿਚ ਰੈਲੀਆਂ ਕਰਕੇ ਬੇਅਦਬੀ ਕਾਂਡ ਵਿਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਤੇ ਕਾਂਗਰਸ ਦੀ ਪੋਲ ਖੋਲ੍ਹਣ ਲਈ ਮੁਹਿੰਮ ਸ਼ੁਰੂ ਕੀਤੀ ਸੀ ਪਰ ਇਹ ਵੀ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ। ਪੰਥਕ ਧਿਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖਿਲਾਫ਼ ਵਿੱਢੇ ਪ੍ਰਚਾਰ ਦਾ ਸਖਤ ਨੋਟਿਸ ਲਿਆ ਹੈ। ਪੰਥਕ ਆਗੂਆਂ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵਿਚ ਹਿੰਮਤ ਹੈ, ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਅਰਦਾਸ ਕਰਕੇ ਦਾਦੂਵਾਲ ‘ਤੇ ਇਲਜ਼ਾਮ ਲਾਉਣ। ਉਧਰ Ḕਦਰਬਾਰ ਏ ਖਾਲਸਾ’ ਵੱਲੋਂ 14 ਅਕਤੂਬਰ ਨੂੰ Ḕਲਾਹਨਤ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
Ḕਦਰਬਾਰ ਏ ਖਾਲਸਾ’ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਹੈ ਕਿ 14 ਅਕਤੂਬਰ ਦਾ ਦਿਨ ਸਿੱਖ ਕੌਮ ਲਈ ਨਾ ਭੁੱਲਣਯੋਗ ਹੈ। 13 ਅਕਤੂਬਰ 2015 ਨੂੰ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਟਕਪੁਰਾ ਚੌਕ ‘ਤੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ਉਤੇ 14 ਅਕਤੂਬਰ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਕਾਰਨ ਦੋ ਨੌਜਵਾਨ ਸ਼ਹੀਦ ਹੋ ਗਏ। 14 ਅਕਤੂਬਰ ਦਾ ਦਿਨ ਸਿੱਖਾਂ ਲਈ ਕਾਲਾ ਦਿਨ ਬਣ ਗਿਆ। ਦੱਸ ਦਈਏ ਕਿ ਅਕਤੂਬਰ 2015 ‘ਚ ਵਾਪਰੀਆਂ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਦੀਆਂ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆਂ ‘ਚ ਵਸਦੀ ਸਿੱਖ ਸੰਗਤ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਸਨ। ਅਕਾਲੀ ਲੀਡਰਸ਼ਿਪ ਸਾਹਮਣੇ ਉਸ ਸਮੇਂ ਵੀ ਇਨ੍ਹਾਂ ਘਟਨਾਵਾਂ ਬਾਰੇ ਉਪਜੇ ਪ੍ਰਤੀਕਰਮ ਨੇ ਵੱਡੀਆਂ ਚੁਣੌਤੀਆਂ ਪੇਸ਼ ਕੀਤੀਆਂ ਸਨ, ਪਰ ਅਕਾਲੀ ਲੀਡਰਸ਼ਿਪ ਤੇ ਬਾਦਲ ਸਰਕਾਰ ਇਨ੍ਹਾਂ ਚੁਣੌਤੀਆਂ ਨੂੰ ਹੱਲ ਕੀਤੇ ਬਗੈਰ ਹੀ ਆਖਰ ਫਰਵਰੀ 2017 ‘ਚ ਸਰਕਾਰੀ ਅਹੁਦਿਆਂ ਤੋਂ ਰੁਖਸਤ ਹੋ ਗਈ ਸੀ।
ਸਰਕਾਰ ਵੱਲੋਂ ਦਰਪੇਸ਼ ਮਸਲਿਆਂ ਦਾ ਹੱਲ ਨਾ ਹੋਣ ਕਾਰਨ ਹੀ ਉਨ੍ਹਾਂ ਮਸਲਿਆਂ ਨੇ ਅਕਾਲੀ ਲੀਡਰਸ਼ਿਪ ਨੂੰ ਮੁੜ ਫਿਰ ਤਿੰਨ ਸਾਲ ਬਾਅਦ ਉਹੋ ਜਿਹੇ ਘਮਸਾਨੀ ਸੰਕਟ ਦੇ ਮੂੰਹ ਪਾ ਦਿੱਤਾ ਹੈ। ਅਕਾਲੀ ਲੀਡਰਸ਼ਿਪ ਅਸਲ ਵਿਚ ਚੋਟੀ ਅਕਾਲੀ ਲੀਡਰਸ਼ਿਪ 2015 ਵਾਂਗ ਅੱਜ ਵੀ ਇਹ ਅਹਿਸਾਸ ਲੈ ਕੇ ਚੱਲ ਰਹੀ ਹੈ ਕਿ ਉਸ ਵੱਲੋਂ ਧਾਰਮਿਕ, ਰਾਜਸੀ ਤੇ ਪ੍ਰਸ਼ਾਸਨਿਕ ਖੇਤਰ ਵਿਚ ਕਦੇ ਕੋਈ ਅਜਿਹੀ ਗਲਤੀ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਕਟਹਿਰੇ ‘ਚ ਖੜ੍ਹਾ ਹੋਣਾ ਪਵੇ। ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਤੇ ਕਾਂਗਰਸ ਆਗੂਆਂ ਦੇ ਯਤਨ ਦੇ ਬਾਵਜੂਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਵੀ ਸਾਡੇ ਖਿਲਾਫ਼ ਕੋਈ ਗੰਭੀਰ ਦੋਸ਼ ਸਾਬਤ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਕਮਿਸ਼ਨ ਦੀ ਆੜ ਹੇਠ ਮੁਹਿੰਮ ਆਰੰਭ ਕੀਤੀ ਹੈ ਤੇ ਗਰਮਖ਼ਿਆਲੀ ਸਿੱਖ ਸੰਗਠਨਾਂ ਨੂੰ ਉਤਸ਼ਾਹ ਦੇ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਪਾਸੇ ਤੁਰਿਆ ਜਾ ਰਿਹਾ ਹੈ।
__________________
ਬਾਦਲ ਪਰਿਵਾਰ ਨੂੰ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦੀ ਮੰਗ
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਾਦਲ ਪਰਿਵਾਰ ਨੂੰ ਪੰਥਕ ਰਵਾਇਤਾਂ ਅਨੁਸਾਰ ਉਨ੍ਹਾਂ ਦੇ ਕੀਤੇ ਗਏ ਗੁਨਾਹਾਂ ਦੀ ਸਜ਼ਾ ਨਿਰਧਾਰਿਤ ਕਰਨ। ਉਨ੍ਹਾਂ ਕਿਹਾ ਕਿ ਭਾਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਾਦਲਾਂ ਨੂੰ ਕਸੂਰਵਾਰ ਮੰਨਿਆ ਹੈ ਪਰ ਖਾਲਸਾ ਪੰਥ ਇਸ ਘੋਰ ਅਪਰਾਧ ਲਈ ਬਾਦਲ ਪਰਿਵਾਰ ਦੀ ਸਜ਼ਾ ਆਪ ਨਿਰਧਾਰਤ ਕਰੇ।
___________________
ਅਮਨ ਲਈ ਸੁਖਬੀਰ ਦੀ ਕੁਰਬਾਨੀ ਦੇਣ ਲਈ ਤਿਆਰ: ਬਾਦਲ
ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਵਿਚ ਰੈਲੀ ਕੀਤੀ ਗਈ ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਮੁੱਚੀ ਸੀਨੀਅਰ ਲੀਡਰਸ਼ਿਪ ਹਾਜ਼ਰ ਰਹੀ। ਸਾਬਕਾ ਮੁੱਖ ਨੇ ਕਿਹਾ ਕਿ ਉਹ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਭਾਈਚਾਰੇ ਨੂੰ ਬਚਾਈ ਰੱਖਣ ਲਈ ਆਪਣੀ ਅਤੇ ਪੁੱਤਰ ਸੁਖਬੀਰ ਸਿੰਘ ਬਾਦਲ ਦੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕੱਟੜਪੰਥੀ ਉਨ੍ਹਾਂ ਨੂੰ ਰੈਲੀ ਵਿਚ ਮਾਰਨ ਲਈ ਆਏ ਸਨ ਅਤੇ ਸੂਚਨਾ ਮੁਤਾਬਕ ਇਕ ਵਿਅਕਤੀ ਨੂੰ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਅਜਿਹੀਆਂ ਰਿਪੋਰਟਾਂ ਜਾਂ ਧਮਕੀਆਂ ਤੋਂ ਉਹ ਡਰਨ ਤੇ ਘਬਰਾਉਣ ਵਾਲੇ ਨਹੀਂ ਹਨ।