ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਸੂਰਜ ਦੀ ਅੱਖ’ ਨੂੰ ਢਾਹਾਂ ਪੁਰਸਕਾਰ

ਚੰਡੀਗੜ੍ਹ: ਪੰਜਾਬ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਢਾਹਾਂ ਪੁਰਸਕਾਰਾਂ ਦਾ ਐਲਾਨ ਕੈਨੇਡਾ ਵਿਚ ਕਰ ਦਿੱਤਾ ਗਿਆ ਹੈ। ਬਲਦੇਵ ਸਿੰਘ ਸੜਕਨਾਮਾ ਦੇ ਨਾਵਲ Ḕਸੂਰਜ ਦੀ ਅੱਖ’ ਦੀ ਚੋਣ ਪਹਿਲੇ ਸਥਾਨ ਉਤੇ ਹੋਈ ਹੈ। ਉਨ੍ਹਾਂ ਨੂੰ 25 ਹਜ਼ਾਰ ਕੈਨੇਡੀਅਨ ਡਾਲਰ ਦਾ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪਾਕਿਸਤਾਨੀ ਲੇਖਕ ਨਾਸਿਰ ਬਲੋਚ ਦੀ ਰਚਨਾ Ḕਝੂਠਾ ਸੱਚਾ ਕੋਈ ਨਾ’ ਨੂੰ ਦੂਜਾ ਇਨਾਮ ਦਿੱਤਾ ਜਾਵੇਗਾ।

ਇਹ ਸ਼ਾਹਮੁਖੀ ਲਿੱਪੀ ਵਿਚ ਛਪਿਆ ਨਾਸਿਰ ਬਲੋਚ ਦੀਆਂ ਕਹਾਣੀਆਂ ਦਾ ਨਵਾਂ ਪਰਾਗਾ ਹੈ। ਇਸੇ ਤਰ੍ਹਾਂ ਹਰਪ੍ਰੀਤ ਸੇਖਾ ਸਰੀ ਨੂੰ ਵੀ ਦੂਜਾ ਇਨਾਮ ਦਿੱਤਾ ਜਾਵੇਗਾ। ਦੂਜੇ ਨੰਬਰ ‘ਤੇ ਆਉਣ ਵਾਲੀਆਂ ਰਚਨਾਵਾਂ ਨੂੰ 10-10 ਹਜ਼ਾਰ ਕੈਨੇਡੀਅਨ ਡਾਲਰ ਦਿੱਤੇ ਜਾਣਗੇ।
ਡਾ. ਰਘਬੀਰ ਸਿੰਘ ਸਿਰਜਣਾ ਨੇ ਦੱਸਿਆ ਕਿ Ḕਸੂਰਜ ਦੀ ਅੱਖ’ ਨਾਵਲ ਉਤੇ ਬਲਦੇਵ ਸਿੰਘ ਨੂੰ ਇਹ ਵੱਕਾਰੀ ਇਨਾਮ ਮਿਲਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੇ ਕਾਲ ਦੇ ਸਭ ਪੱਖਾਂ ‘ਤੇ ਝਾਤ ਪਾਉਣ ਵਾਲਾ ਸੜਕਨਾਮਾ ਦਾ ਇਹ ਸ਼ਾਹਕਾਰ ਨਾਵਲ ਹੈ। ਬਲਦੇਵ ਸਿੰਘ ਸੜਕਨਾਮਾ ਨੂੰ ਸਾਲ 2011 ਵਿਚ ਲੋਕ ਨਾਇਕ ਦੁੱਲਾ ਭੱਟੀ ਬਾਰੇ ਨਾਵਲ Ḕਢਾਹਵਾਂ ਦਿੱਲੀ ਦੇ ਕਿੰਗਰੇ’ ਲਈ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਚੁੱਕਿਆ ਹੈ। ਇਸ ਲੇਖਕ ਨੇ ਆਪਣਾ ਸਿਰਜਣਾਤਮਕ ਸਫਰ 1977 ਵਿਚ ਕਹਾਣੀ ਸੰਗ੍ਰਹਿ Ḕਗਿੱਲੀਆਂ ਛਿਟੀਆਂ ਦੀ ਅੱਗ’ ਨਾਲ ਸ਼ੁਰੂ ਕੀਤਾ ਸੀ। ਟਰੱਕ ਡਰਾਈਵਰ ਵਜੋਂ ਉਸ ਦਾ ਅਨੁਭਵ Ḕਸੜਕਨਾਮਾ’ ਲਿਖਣ ਲਈ ਪ੍ਰੇਰਨਾ ਸਰੋਤ ਬਣਿਆ, ਜੋ ਅੰਮ੍ਰਿਤਾ ਪ੍ਰੀਤਮ ਦੇ ਰਸਾਲੇ Ḕਨਾਗਮਣੀ’ ਵਿਚ ਬਾਕਾਇਦਾ ਕਾਲਮ ਵਜੋਂ ਛਪਦਾ ਰਿਹਾ। ਬਲਦੇਵ ਸਿੰਘ ਨੇ ਨਾਵਲ ਤੇ ਕਹਾਣੀ ਸਮੇਤ ਨਾਟਕ, ਵਾਰਤਕ, ਸਫ਼ਰਨਾਮਾ ਅਤੇ ਬਾਲ ਸਾਹਿਤ ਦੀ ਵੀ ਰਚਨਾ ਕੀਤੀ ਹੈ।
ਇਸੇ ਤਰ੍ਹਾਂ ਦੂਜੇ ਸਥਾਨ ਲਈ ਚੁਣੇ ਕਹਾਣੀਆਂ ਦੇ ਪਰਾਗੇ Ḕਝੂਠਾ ਸੱਚਾ ਕੋਈ ਨਾ’ ਦੀ ਰਚਨਾ ਨਾਸਿਰ ਬਲੋਚ, ਖੁਸ਼ਾਬ (ਪਾਕਿਸਤਾਨ) ਨੇ ਕੀਤੀ ਹੈ। ਬਲੋਚ, ਸੂਖਮ ਸੋਝੀ ਨਾਲ ਰਚੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹੀ ਕਹਾਣੀ ਦਾ ਸ਼ਾਹ-ਸਵਾਰ ਹੈ, ਜੋ ਆਪਣੀ ਰਚਨਾ ਵਿਚ ਭ੍ਰਿਸ਼ਟਾਚਾਰ, ਅੱਧੋਗਤੀ ਤੇ ਖੜੋਤ ਦੀ ਭਾਂਤ-ਸੁਭਾਂਤੀ ਦਲਦਲ ਵਿਚ ਧਸੇ ਸਮਕਾਲੀ ਸਮਾਜੀ ਨਿਜ਼ਾਮ ਦਾ ਪਰਦਾਫਾਸ਼ ਕਰਦਾ ਹੈ। ਡਾ. ਨਾਸਿਰ ਬਲੋਚ ਉਰਦੂ ਅਤੇ ਪੰਜਾਬੀ ਦੇ ਪ੍ਰੋਫੈਸਰ ਹਨ, ਜੋ ਇਸ ਸਮੇਂ ਮਿਨਹਾਜ਼ ਯੂਨੀਵਰਸਿਟੀ, ਲਾਹੌਰ ਵਿਚ ਪੜ੍ਹਾ ਰਹੇ ਹਨ। ਉਰਦੂ ਅਤੇ ਪੰਜਾਬੀ ਵਿਚ ਲਿਖੇ ਉਨ੍ਹਾਂ ਦੇ ਡਰਾਮਿਆਂ ਦੀ ਗਿਣਤੀ 150 ਤੱਕ ਹੈ, ਜਿਨ੍ਹਾਂ ਵਿਚੋਂ 16 ਲੜੀਵਾਰ ਵਜੋਂ ਟੀ.ਵੀ. ਉਤੇ ਵਿਖਾਏ ਗਏ ਹਨ। ਪਾਕਿਸਤਾਨ ਟੀ.ਵੀ. ਵੱਲੋਂ ਉਸ ਨੂੰ ਬਿਹਤਰੀਨ ਡਰਾਮਾ ਲੇਖਕ ਦਾ ਐਵਾਰਡ ਵੀ ਦਿੱਤਾ ਜਾ ਚੁੱਕਿਆ ਹੈ।
ਇਸੇ ਤਰ੍ਹਾਂ ਹਰਪ੍ਰੀਤ ਸੇਖਾ ਸਰੀ, ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਨੂੰ ਵੀ ਦੂਜੇ ਇਨਾਮ ਲਈ ਚੁਣਿਆ ਹੈ। ਦੂਜੇ ਸਥਾਨ ਲਈ ਚੁਣਿਆ Ḕਪ੍ਰਿਜ਼ਮ’ ਹਰਪ੍ਰੀਤ ਸੇਖਾ ਦੀਆਂ ਕਹਾਣੀਆਂ ਦਾ ਸੱਜਰਾ ਸੰਗ੍ਰਹਿ ਹੈ। ਹਰਪ੍ਰੀਤ ਸੇਖਾ ਸਰੀ ਵਾਸੀ ਕੈਨੇਡੀਅਨ-ਪੰਜਾਬੀ ਲੇਖਕ ਹੈ, ਜਿਸ ਨੇ 1988 ਵਿਚ ਆਪਣੇ ਮਾਪਿਆਂ ਨਾਲ ਕੈਨੇਡਾ ਪਰਵਾਸ ਕੀਤਾ ਸੀ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿਚ ਕਹਾਣੀ ਸੰਗ੍ਰਹਿ Ḕਬੀ ਜੀ ਮੁਸਕਰਾ ਪਏ’ (2006) ਅਤੇ Ḕਬਾਰਾਂ ਬੂਹੇ’ (2013) ਤੋਂ ਇਲਾਵਾ ਸਾਲ 2011 ਵਿਚ ਛਪੀ ਵਾਰਤਕ Ḕਟੈਕਸੀਨਾਮਾ’ ਵੀ ਸ਼ਾਮਲ ਹੈ। ਹਰਪ੍ਰੀਤ ਦੀਆਂ ਕਹਾਣੀਆਂ ਭਾਰਤ ਦੇ ਸਕੂਲ ਸਿੱਖਿਆ ਬੋਰਡਾਂ ਅਤੇ ਯੂਨੀਵਰਸਿਟੀਆਂ ਵਿਚ ਪਾਠ ਪੁਸਤਕਾਂ ਵਜੋਂ ਪੜ੍ਹਾਏ ਜਾਂਦੇ ਸੰਗ੍ਰਹਿਆਂ ਵਿਚ ਸ਼ਾਮਲ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਪੰਜਾਬੀ ਐਮਏ ਵਿਚ ਉਸ ਦੀ ਕਿਤਾਬ Ḕਟੈਕਸੀਨਾਮਾ’ ਸ਼ਾਮਲ ਰਹੀ ਹੈ।
ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਿਤਾਬ ਲਿਖਣ ਲਈ ਚਾਰ ਵਰ੍ਹੇ ਖੋਜ ਕੀਤੀ। ਇਸ ਨਾਵਲ ਬਾਰੇ ਹੋਏ ਵਾਦ-ਵਿਵਾਦ ਸਬੰਧੀ ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਾਡੇ ਨਾਇਕ ਸਨ, ਪਰ ਵੱਖ×ਵੱਖ ਲੇਖਕ ਤੇ ਵਿਦਵਾਨ ਆਪਣੇ ਨਾਇਕਾਂ ਨੂੰ ਵੱਖ-ਵੱਖ ਦ੍ਰਿਸ਼ਟੀ ਤੋਂ ਵੇਖਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਉਸਾਰੂ ਆਲੋਚਨਾ ਦਾ ਸਵਾਗਤ ਕੀਤਾ ਹੈ।
__________________
ਵਿਵਾਦਾਂ ‘ਚ ਘਿਰਿਆ ਰਿਹਾ ਸੀ ਨਾਵਲ
ਚੰਡੀਗੜ੍ਹ: ਸੜਕਨਾਮਾ ਦਾ ਨਾਵਲ Ḕਸੂਰਜ ਦੀ ਅੱਖ’ ਪਿਛਲੇ ਸਾਲ ਵਿਵਾਦਾਂ ਵਿਚ ਘਿਰਿਆ ਰਿਹਾ, ਜਿਸ ਕਾਰਨ ਪ੍ਰਕਾਸ਼ਕਾਂ ਨੇ ਇਸ ਦੀ ਵਿਕਰੀ ਵੀ ਬੰਦ ਕਰ ਦਿੱਤੀ ਸੀ। ਕੁਝ ਸਿੱਖ ਜਥੇਬੰਦੀਆਂ ਤੇ ਹੋਰਾਂ ਨੇ ਬਲਦੇਵ ਸਿੰਘ ਉਤੇ ਮਹਾਰਾਜਾ ਰਣਜੀਤ ਸਿੰੰਘ ਬਾਰੇ ਤੱਥ ਤੋੜ-ਮਰੋੜ ਕੇ ਪੇਸ਼ ਕਰਨ ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦੇ ਦੋਸ਼ ਲਾਏ ਸਨ। ਉਸ ਸਮੇਂ ਸੜਕਨਾਮਾ ਨੂੰ ਬੋਲ-ਕੁਬੋਲਾਂ ਤੋਂ ਇਲਾਵਾ ਧਮਕੀਆਂ ਭਰੀਆਂ ਫੋਨ ਕਾਲਾਂ ਤੇ ਕਾਨੂੰਨੀ ਨੋਟਿਸ ਦਾ ਵੀ ਸਾਹਮਣਾ ਕਰਨਾ ਪਿਆ ਸੀ।