ਹੁਣ ਜਥੇਦਾਰ ਵੇਦਾਂਤੀ ਨੇ ਖੋਲੇ ਰਾਮ ਰਹੀਮ ਨੂੰ ਮੁਆਫੀ ਦੇ ਰਾਜ

ਅੰਮ੍ਰਿਤਸਰ: ਬੇਅਦਬੀ ਕਾਂਡ ਰਿਪੋਰਟ ਤੋਂ ਬਾਅਦ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਵਿਰੁੱਧ ਫਿਰ ਤੋਂ ਉਠੀ ਆਲੋਚਨਾ ਲਹਿਰ ਨੇ ਪੰਥਕ ਅਦਾਰਿਆਂ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ। ਇਹ ਸਵਾਲ ਉਦੋਂ ਹੋਰ ਵੀ ਗੰਭੀਰ ਹੋ ਜਾਂਦੇ ਹਨ ਜਦ ਇਨ੍ਹਾਂ ਨੂੰ ਚੁੱਕਣ ਵਾਲੇ ਇਨ੍ਹਾਂ ਸਿਰਮੌਰ ਅਦਾਰਿਆਂ ਦੇ ਅਹੁਦੇਦਾਰ ਰਹਿ ਚੁੱਕੇ ਹੋਣ। ਗਿਆਨੀ ਗੁਰਬਚਨ ਸਿੰਘ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਤੇ ਫਿਰ ਰੱਦ ਕਰਨ ਦਾ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਵਿਚ ਖੁੱਲ੍ਹ ਕੇ ਵਿਰੋਧ ਕੀਤਾ। ਇਕ ਚੈਨਲ ਨੂੰ ਇੰਟਰਵਿਊ ਵਿਚ ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮੌਜੂਦਾ ਸਥਿਤੀ ਦੀ ਇਕ ਪੁਲਿਸ ਥਾਣੇ ਨਾਲ ਤੁਲਨਾ ਕਰਦਿਆਂ ਵੀ ਚਿੰਤਾ ਜ਼ਾਹਰ ਕੀਤੀ।

ਵੇਦਾਂਤੀ ਨੇ ਦੱਸਿਆ ਕਿ ਰਾਮ ਰਹੀਮ ਨੂੰ ਮਰਿਆਦਾ ਮੁਤਾਬਕ ਮੁਆਫੀ ਨਹੀਂ ਮਿਲ ਸਕਦੀ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ। ਉਨ੍ਹਾਂ ਮੁਆਫੀਨਾਮਾ ਜਾਰੀ ਕਰਨ ਵਾਲੇ ਜਥੇਦਾਰਾਂ ‘ਤੇ ਉਂਗਲ ਚੁੱਕਦਿਆਂ ਕਿਹਾ ਕਿ ਹੁਕਮਨਾਮੇ ਦੀ ਮਰਿਆਦਾ ਨਾਲ ਵੱਡਾ ਖਿਲਵਾੜ ਕੀਤਾ ਗਿਆ ਹੈ। ਇਸ ਲਈ ਪੰਥ ਦੀ ਬਿਹਤਰੀ ਲਈ ਅਕਾਲ ਤਖਤ ਦੇ ਜਥੇਦਾਰ ਆਪਣੇ ਅਹੁਦੇ ਤੋਂ ਹੱਟ ਜਾਣ। ਉਨ੍ਹਾਂ ਦੱਸਿਆ ਕਿ ਡੇਰਾ ਮੁਖੀ ਨੂੰ ਮੁਆਫੀ ਦੇਣਾ ਸਿਧਾਂਤਕ ਤੌਰ ‘ਤੇ ਹੀ ਸਹੀ ਨਹੀਂ, ਧਾਰਮਿਕ ਤੌਰ ‘ਤੇ ਤਾਂ ਕੀ ਸਹੀ ਹੋਣੀ ਸੀ। ਵੇਦਾਂਤੀ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਨਾ ਸਿਰਫ ਸੇਵਾ ਛੱਡ ਦੇਣੀ ਚਾਹੀਦੀ ਹੈ, ਬਲਕਿ ਉਨ੍ਹਾਂ ਨੂੰ ਆਪਣੀ ਭੁੱਲ ਵੀ ਬਖਸ਼ਾਉਣੀ ਚਾਹੀਦੀ ਹੈ। ਉਹ ਪੰਜ ਸਿੰਘ ਸਾਹਿਬਾਨ ਕੋਲ ਜਾ ਕੇ ਮੁਆਫੀ ਮੰਗਣ। ਸਾਬਕਾ ਜਥੇਦਾਰ ਨੇ ਕਿਹਾ ਕਿ ਧਾਰਮਿਕ ਬੰਦਿਆਂ ਦਾ ਬੋਲਿਆ Ḕਝੂਠ’ ਪੱਥਰ ‘ਤੇ ਲਕੀਰ ਵਾਂਗ ਹੁੰਦਾ ਹੈ ਜੋ ਕਦੇ ਨਹੀਂ ਮਿਟਦਾ।
ਮਈ 2007 ਵਿਚ ਗੁਰਮੀਤ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦਾ ਸਿੱਖਾਂ ਦੇ ਮਨਾਂ ਵਿਚ ਬੇਹੱਦ ਰੋਸ ਸੀ। ਉਦੋਂ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖਤ ਦੇ ਜਥੇਦਾਰ ਸਨ। ਵੇਦਾਂਤੀ ਨੇ ਆਪਣੇ ਕਾਰਜਕਾਲ ਦੌਰਾਨ ਡੇਰਾ ਮੁਖੀ ਨਾਲੋਂ ਸਿੱਖਾਂ ਨੂੰ ਹਰ ਕਿਸਮ ਦਾ ਨਾਤਾ ਤੋੜਨ ਲਈ ਹੁਕਮਨਾਮਾ ਜਾਰੀ ਕੀਤਾ ਸੀ। ਉਨ੍ਹਾਂ ਖੁਲਾਸਾ ਕੀਤਾ ਕਿ ਹੁਕਮਨਾਮਾ ਜਾਰੀ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਡੇਰਾ ਮੁਖੀ ਨੂੰ ਮੁਆਫੀ ਦੇਣ ਦੀ ਗੱਲ ਛਿੜਨ ਲੱਗ ਗਈ ਸੀ, ਪਰ ਮੈਂ ਡੇਰਾ ਮੁਖੀ ਨੂੰ ਮੁਆਫੀ ਦੀ ਗੱਲ ਪ੍ਰਵਾਨ ਨਹੀਂ ਸੀ ਕੀਤੀ।
ਵੇਦਾਂਤੀ ਨੇ ਦੱਸਿਆ ਕਿ ਉਦੋਂ ਆਰ.ਐਸ਼ਐਸ਼ ਦਾ ਦਬਾਅ ਵੀ ਸੀ ਪਰ ਮੈਂ ਹੁਕਮਨਾਮਾ ਨਹੀਂ ਸੀ ਬਦਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਅਡਵਾਨੀ ਹੁਕਮਨਾਮੇ ਤੋਂ ਨਾਰਾਜ਼ ਸਨ ਪਰ ਫਿਰ ਇਸ ਨੂੰ ਬਦਲਿਆ ਨਹੀਂ ਗਿਆ। ਉਨ੍ਹਾਂ ਖੁਲਾਸਾ ਕੀਤਾ ਕਿ ਸਵਾਮੀ ਅਗਨੀਵੇਸ਼ ਤੇ ਤਰਲੋਚਨ ਸਿੰਘ ਨੇ ਵੀ ਮੁਆਫੀ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਜਥੇਦਾਰ ਨੇ ਕਿਹਾ ਕਿ ਆਰ.ਐਸ਼ਐਸ਼ ਦੀਆਂ ਗਤੀਵਿਧੀਆਂ ਪੰਥ ਅਨੁਕੂਲ ਨਹੀਂ ਸਨ। ਫਿਰ ਉਨ੍ਹਾਂ ਵਿਰੁੱਧ ਮਾਹੌਲ ਖਰਾਬ ਹੋਣਾ ਸ਼ੁਰੂ ਹੋ ਗਿਆ ਤੇ ਅਸਤੀਫ਼ੇ ਦੀ ਗੱਲ ਉੱਠਣ ਲੱਗੀ। ਵੇਦਾਂਤੀ ਨੇ ਸਾਫ ਕੀਤਾ ਕਿ ਮੈਂ ਅਸਤੀਫਾ ਦਿੱਤਾ ਨਹੀਂ ਸਗੋਂ ਮੇਰੇ ਤੋਂ ਮੰਗਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਅਸਤੀਫਾ ਨਾ ਦੇਣ ‘ਤੇ ਹਟਾਉਣ ਦੇ ਸੰਕੇਤ ਦਿੱਤੇ ਗਏ ਸਨ।
ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਕਾਰਨ ਜਥੇਦਾਰਾਂ ਦਾ ਮਾਣ ਸਨਮਾਨ ਘਟਿਆ ਹੈ ਤੇ ਪੰਥਕ ਪਾਰਟੀ (ਅਕਾਲੀ ਦਲ) ਨੇ ਮੁਆਫੀ ਦੇ ਕੇ ਪੰਥ ਦੀ ਵੋਟ ਗਵਾਈ ਹੈ। ਡੇਰਾ ਮੁਖੀ ਨੂੰ ਮੁਆਫੀਨਾਮਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬਿਆਨ ਦੇਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਬਦਲਣ ਤੋਂ ਬਾਅਦ ਮੁੜ ਤੋਂ ਉਸੇ ਥਾਂ ‘ਤੇ ਬਹਾਲ ਕਰਨ ਵਾਲਿਆਂ ਨੂੰ ਵੇਦਾਂਤੀ ਨੇ Ḕਢੀਠ’ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੁਰਮੁਖ ਸਿੰਘ ਵਰਗੇ ਚਿੱਚੜ ਵਾਂਗ ਚਿੰਬੜੇ ਹੋਏ ਹਨ।