ਭਾਰਤ ਸ੍ਰੀਲੰਕਾ ਦੇ ਮਿਥਿਹਾਸਕ ਤੇ ਰਾਜਨੀਤਕ ਸਬੰਧ

ਗੁਲਜ਼ਾਰ ਸਿੰਘ ਸੰਧੂ
ਰਾਮਾਇਣ ਵਿਚ ਦਰਜ ਸੋਨੇ ਦੀ ਲੰਕਾ ਤੇ ਭਾਰਤ ਦੇ ਮਿਥਿਹਾਸਕ ਸਬੰਧ ਸ੍ਰੀਲੰਕਨ ਮੰਨਦੇ ਹੋਣ ਜਾਂ ਨਹੀਂ, ਭਾਰਤ ਵਾਸੀ ਇਨ੍ਹਾਂ ਨੂੰ ਹਰ ਸਾਲ ਦਸਹਿਰਾ ਮਨਾ ਕੇ ਚੇਤੇ ਕਰਦੇ ਹਨ। ਉਸ ਦਿਨ ਸ੍ਰੀਲੰਕਾ ਦੇ ਰਾਵਣ ਨੂੰ ਅੱਗ ਲਾ ਕੇ ਫੂਕਣ ਤੋਂ ਪਹਿਲਾਂ ਕਈ ਦਿਨ ਕਥਾਕਾਰ ਮਾਤਾ ਸੀਤਾ, ਭਗਵਾਨ ਰਾਮ, ਲਕਸ਼ਮਣ, ਹਨੂਮਾਨ ਤੇ ਉਸ ਦੀ ਬਾਨਰ ਸੈਨਾ ਦੀ ਵਡਿੱਤਣ ਦੇ ਗੁਣ ਗਾਉਂਦੇ ਹਨ। ਭਾਰਤ ਨੂੰ ਸ੍ਰੀਲੰਕਾ ਨਾਲ ਜੋੜਨ ਵਾਸਤੇ ਬਾਨਰ ਸੈਨਾ ਵਲੋਂ ਉਸਾਰੇ ਜਾਣ ਵਾਲੇ ਰਾਮ ਸੇਤੂ ਪੁਲ ਅਤੇ ਪੂਰੀ ਦੀ ਪੂਰੀ ਸ੍ਰੀਲੰਕਾ ਨੂੰ ਹਨੂਮਾਨ ਦੀ ਪੂਛ ਨੂੰ ਲੱਗੀ ਅੱਗ ਨਾਲ ਸਾੜਨ ਤੱਕ। ਦੋਨਾਂ ਦੇਸ਼ਾਂ ਵਿਚ ਸਮੇਂ ਸਮੇਂ ਹੋਂਦ ਵਿਚ ਆਈਆਂ ਸਰਕਾਰਾਂ ਦੀ ਪਹਿਲਕਦਮੀ ਦੇ ਬਾਵਜੂਦ ਇੱਟ ਖੜਿਕਾ ਅੱਜ ਤੱਕ ਜਾਰੀ ਹੈ। ਕਾਰਨ ਕੁਝ ਵੀ ਹੋਣ ਭਾਰਤ ਦੇ ਨੌਜਵਾਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਨੂੰ ਇਨ੍ਹਾਂ ਸਬੰਧਾਂ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਸਮੇਂ ਸਮੇਂ ਦੱਖਣੀ ਭਾਰਤ ਦੇ ਰਾਜਨੀਤੀਵਾਨ ਭੁਬੱਲ ਵਿਚ ਦੱਬੇ ਅੰਗਿਆਰਾਂ ਨੂੰ ਸੁਲਘਾ ਕੇ ਆਪਣੀਆਂ ਰਾਜਨੀਤਕ ਰੋਟੀਆਂ ਸੇਕਦੇ ਰਹਿੰਦੇ ਹਨ।
ਡੀ ਐਮ ਕੇ ਪਾਰਟੀ ਦੇ ਮੁਖੀ ਕਰੁਣਾਨਿਧੀ ਦੀ ਵਰਤਮਾਨ ਰਾਜਸੀ ਕਰੁਣਾ ਦਾ ਕਾਰਨ ਵੀ ਉਨ੍ਹਾਂ ਅੰਗਿਆਰਿਆਂ ਚੋਂ ਪੈਦਾ ਹੋਣ ਵਾਲੀਆਂ ਚਿਣਗਾਂ ਨਾਲ ਜੁੜਦਾ ਹੈ। ਸ੍ਰੀਲੰਕਾ ਵਿਚ ਰੋਜੀ ਰੋਟੀ ਲਈ ਜਾ ਵਸਣ ਵਾਲੇ ਤਾਮਿਲ ਉਸ ਦੇਸ਼ ਵਿਚ ਉਸੇ ਤਰ੍ਹਾਂ ਦੇ ਕਸ਼ਟ ਦੇ ਭਾਗੀ ਹਨ ਜਿਹੋ ਜਿਹਾ ਲੱਖਾਂ ਭਾਰਤੀ ਦਰਜਣਾਂ ਬਾਹਰਲੇ ਦੇਸ਼ਾਂ ਵਿਚ ਭੋਗ ਰਹੇ ਹਨ। ਭਾਰਤ ਵਾਸੀ ਉਨ੍ਹਾਂ ਦੇ ਹਮਦਰਦ ਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ। ਉਨ੍ਹਾਂ ਦੇਸ਼ਾਂ ਵਿਚ ਬੈਠੇ ਸਾਡੇ ਰਾਜਦੂਤਾਂ ਕੋਲ ਵੀ ਸ਼ਬਦਾਂ ਤੋਂ ਵੱਡੀ ਮਲ੍ਹਮ ਕੋਈ ਨਹੀਂ। ਲੋਕ ਸਭਾਵਾਂ ਤੇ ਵਿਧਾਨ ਸਭਾਵਾਂ ਦੇ ਸ਼ੋਰ ਸ਼ਰਾਬੇ ਵੀ ਸ਼ਬਦੀ ਮਲ੍ਹਮ ਦਾ ਹੀ ਦੂਜਾ ਰੂਪ ਹਨ। ਭਾਰਤ ਸਰਕਾਰ ਕਿਸੇ ਵੀ ਹੋਰ ਦੇਸ਼ ਦੀ ਸਰਕਾਰ ਵਲੋਂ ਕੀਤੀ ਕਿਸੇ ਕਾਰਵਾਈ ਦੇ ਹੱਕ ਜਾਂ ਵਿਰੋਧ ਵਿਚ ਮਤਾ ਪਾਸ ਕਰੇ, ਸੰਭਵ ਨਹੀਂ। ਇਹ ਓਨਾ ਹੀ ਬੇਲੋੜਾ ਹੋਵੇਗਾ ਜਿੰਨਾ ਪਾਕਿਸਤਾਨ ਦੀ ਸਰਕਾਰ ਵਲੋਂ ਭਾਰਤ ਵਿਚ ਕੀਤੀ ਕਿਸੇ ਅਫਜ਼ਲ ਗੁਰੂ ਬਾਰੇ ਇਹੋ ਜਿਹੀ ਕਾਰਵਾਈ ਦਾ। ਡੀæ ਐਮæ ਕੇæ ਦੇ ਮੁਖੀ ਦਾ ਰਾਜ ਪੱਧਰ ਉਤੇ ਰੌਲਾ ਰੱਪਾ ਪਾ ਕੇ ਉਥੋਂ ਦੇ ਤਾਮਿਲਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਇਥੋਂ ਦੇ ਤਾਮਿਲਾਂ ਵਾਸਤੇ ਮੋਹ ਮਾਇਆ ਦਾ ਜਾਲ ਵਿਛਾਉਣਾ ਤਾਂ ਸਮਝ ਆਉਂਦਾ ਹੈ, ਦੇਸ਼ ਦੀ ਵਿਦੇਸ਼ ਨੀਤੀ ਨੂੰ ਰਾਜ ਦੀ ਰਾਜਨੀਤੀ ਦਾ ਬੰਦੀ ਬਣਾਉਣਾ ਉਕਾ ਹੀ ਨਹੀਂ।
ਇਸ ਸਾਰੇ ਘਟਨਾਕ੍ਰਮ ਨੇ ਮੈਨੂੰ ਤੀਹ ਸਾਲ ਪਹਿਲਾਂ ਆਪਣੇ ਨਾਲ ਹੋਈ ਬੀਤੀ ਇਕ ਕਰੁਣਾਮਈ ਘਟਨਾ ਚੇਤੇ ਕਰਵਾ ਦਿੱਤੀ ਹੈ। ਯੂ ਐਨ ਓ ਅਧੀਨ ਸਥਾਪਤ ਏਸ਼ੀਆ ਤੇ ਪੈਸੇਫਿਕ ਦੇਸ਼ਾਂ ਦੇ ਵੱਡੇ ਸੈਂਟਰ ਵਲੋਂ ਅਗਸਤ 1983 ਵਿਚ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਖੇ ਗ੍ਰਾਮ ਵਿਕਾਸ ਵਿਚ ਸਹਿਕਾਰੀ ਸੰਸਥਾਵਾਂ ਦੇ ਯੋਗਦਾਨ ਸਬੰਧੀ ਇੱਕ ਵੱਡੀ ਕਾਨਫਰੰਸ ਕੀਤੀ ਗਈ। ਇਸ ਵਿਚ ਭਾਰਤ ਦੇ ਤਿੰਨ ਪ੍ਰਤੀਨਿਧਾਂ ਵਿਚ ਭਾਰਤ ਦੇ ਗ੍ਰਾਮ ਵਿਕਾਸ ਮੰਤਰਾਲੇ ਵਿਚ ਅਜਿਹੇ ਕਾਰਜਾਂ ਦਾ ਡਾਇਰੈਕਟਰ ਹੋਣ ਨਾਤੇ ਮੈਂ ਵੀ ਸ਼ਿਰਕਤ ਕਰਨੀ ਸੀ। ਮਦਰਾਸ ਸਕੂਲ ਆਫ ਸੋਸ਼ਲ ਵਰਕ, ਮੁੰਬਈ ਦੇ ਪ੍ਰਿੰਸੀਪਲ ਟੀ ਐਮ ਜਾਰਜ ਨੇ ਵੀ ਜਾਣਾ ਸੀ ਅਤੇ ਭਾਰਤੀ ਕਨਵੀਨਰ ਦੀ ਜ਼ਿੰਮੇਵਾਰੀ ਰਾਸ਼ਟਰੀ ਗ੍ਰਾਮ ਵਿਕਾਸ ਸੰਸਥਾ ਹੈਦਾਰਾਬਾਦ ਦੇ ਡਾਇਰੈਕਟਰ ਸ੍ਰੀ ਚਾਰਯੂਲੂ ਨੂੰ ਦਿੱਤੀ ਗਈ ਸੀ। ਭਾਰਤੀ ਸੰਸਥਾਵਾਂ ਦੇ ਯੋਗਦਾਨ ਦਾ ਲੇਖਾ ਜੋਖਾ ਦੇਣ ਵਾਲਾ ਭਾਸ਼ਣ ਅਸੀਂ ਤਿੰਨਾਂ ਨੇ ਰਲ ਕੇ ਤਿਆਰ ਕਰਨਾ ਸੀ। ਮੁਢਲਾ ਹਿੱਸਾ ਜਾਰਜ ਨੇ ਲਿਖਣਾ ਸੀ, ਵਿਚਕਾਰਲਾ ਮੈਂ ਤੇ ਅੰਤਲਾ ਚਾਰਯੂਲੂ ਨੇ। ਹੋਇਆ ਇਹ ਕਿ ਕਾਨਫ਼ਰੰਸ ਤੋਂ ਵੀਹ ਕੁ ਦਿਨ ਪਹਿਲਾਂ ਸ੍ਰੀਲੰਕਨਾਂ ਅਤੇ ਉਥੋਂ ਦੇ ਤਾਮਿਲਾਂ ਵਿਚਕਾਰ ਗੰਭੀਰ ਫਸਾਦ ਹੋ ਗਏ ਜਿਸ ਵਿਚ ਉਥੋਂ ਦੇ ਤਾਮਿਲ ਵਾਸੀਆਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ। ਉਹ ਕਿੰਨਾ ਗੰਭੀਰ ਸੀ ਮੈਨੂੰ ਉਥੇ ਜਾ ਕੇ ਦੇਖਣ ਤੋਂ ਪਿੱਛੋਂ ਪਤਾ ਲੱਗਿਆ।
ਚਾਰਯੂਲੂ ਤੇ ਜਾਰਜ ਦਾ ਮੂਲ ਤਾਮਿਲਨਾਡੂ ਸੀ। ਉਹ ਦੋਨੋਂ ਹਾਜ਼ਰ ਹੀ ਨਹੀਂ ਹੋਏ। ਉਨ੍ਹਾਂ ਦੀ ਗੈਰਹਾਜ਼ਰੀ ਕਾਰਨ ਭਾਰਤੀ ਭਾਸ਼ਣ ਦੀ ਸਮੁੱਚੀ ਜ਼ਿੰਮੇਵਾਰੀ ਮੇਰੇ ਉਤੇ ਆ ਪਈ। ਮੈਂ ਇੱਕ ਦਿਨ ਦੀ ਮੁਹਲਤ ਤੇ ਦੋ ਸਟੈਨੋ ਮੰਗ ਕੇ ਇਹ ਪੇਪਰ ਲਿਖਿਆ ਤੇ ਪੇਸ਼ ਕੀਤਾ। ਸ਼ਾਮ ਨੂੰ ਟੈਲੀਵਿਜ਼ਨ ਵੇਖਿਆ ਤਾਂ ਤਿੰਨ ਚੁਥਾਈ ਕਵਰੇਜ ਦਾੜ੍ਹੀ ਪਗੜੀ ਵਾਲੇ ਭਾਰਤੀ ਪ੍ਰਤੀਨਿਧ ਦਾਸ ਯਾਨਿ ਮੈਨੂੰ ਦਿੱਤੀ ਗਈ। ਇਹ ਦੱਸਣ ਲਈ ਕਿ ਭਾਰਤ ਹਾਜ਼ਰ ਹੈ। ਜਦੋਂ ਮੈਂ ਟੀ ਵੀ ਕਵਰੇਜ ਨੂੰ ਭਾਰਤੀ ਤਾਮਿਲਾਂ ਦੀਆਂ ਦੁਕਾਨਾਂ ਦੀ ਸਾੜ ਫੂਕ ਨਾਲ ਮੇਲ ਕੇ ਵੇਖਿਆ ਮੈਨੂੰ ਥੋੜ੍ਹੀ ਸ਼ਰਮ ਵੀ ਆਈ। ਪਰ ਕੀ ਕਰਦਾ ਮੈਂ ਸਮੁੱਚੀ ਭਾਰਤ ਸਰਕਾਰ ਦਾ ਪ੍ਰਤੀਨਿੱਧ ਸਾਂ ਤਾਮਿਲਨਾਡੂ ਦਾ ਨਹੀਂ।
ਮੈਂ ਆਪਣੀ ਸ਼ਰਮਿੰਦਗੀ ਧੋਣ ਲਈ ਕੋਲੰਬੋ ਸੀਤਾ ਵਾਟਿਕਾ ਦੇਖਣ ਗਿਆ ਜਿਹੜੀ ਸੀਤਾ ਮਾਤਾ ਦੇ ਸ਼ਰਧਾਲੂਆਂ ਨੇ ਉਸ ਦੇ ਸਤੀ-ਸਵਿਤਰੀ ਹੋਣ ਦੇ ਆਦਰ ਵਿਚ ਸਥਾਪਤ ਕਰ ਰੱਖੀ ਸੀ। ਘੜੀ ਦੀ ਘੜੀ ਮੈਂ ਸ੍ਰੀਲੰਕਾ ਭੂਮੀ ਦੇ ਤਾਂਬੇ ਵਰਗੇ ਰੰਗ ਨੂੰ ਵੀ ਨਿਹਾਰਿਆ ਜਿਸ ਨੂੰ ਹਨੂਮਾਨ ਦੀ ਪੂਛ ਨੂੰ ਲੱਗੀ ਅਗਨੀ ਨੇ ਨਿਖਾਰ ਕੇ ਸੋਨੇ ਰੰਗੀ ਕੀਤਾ ਹੋਵੇਗਾ। ਹਨੂਮਾਨ ਜੀ ਵਲੋਂ ਕੀਤੀ ਮਿਥਿਹਾਸਕ ਸਾੜ ਫੂਕ ਚੇਤੇ ਕਰਕੇ ਮੈਂ ਤਾਮਿਲ ਵਾਸੀਆਂ ਦੇ ਜ਼ਖਮਾਂ ਉਤੇ ਮਲ੍ਹਮ ਲਾਈ ਸੀ। ਡੀ ਐਮ ਕੇ ਦੇ ਢੰਗ ਅਪਣੇ ਹਨ।
ਗੁੜ ਮਹਿੰਗਾ ਤੇ ਖੰਡ ਸਸਤੀ
ਮੌਸਮ ਦੇ ਬਦਲਣ ਪਿੱਛੋਂ ਜਿਧਰ ਵੇਖੀਏ ਪੂਰਬੀਆਂ ਨੇ ਖੇਤਾਂ ਦੇ ਖੇਤ ਠੇਕੇ ਉਤੇ ਲੈ ਕੇ ਤੇ ਘਲਾੜੀਆਂ ਚਲਾ ਕੇ ਗੰਨੇ ਦਾ ਰਸ ਤੇ ਤਾਜ਼ਾ ਗੁੜ ਵੇਚਣ ਦਾ ਧੰਦਾ ਅਪਨਾ ਲਿਆ ਹੈ। ਇਸ ਗੁੜ ਵਿਚ ਕਣ ਵੀ ਹੈ ਤੇ ਸੁਆਦ ਵੀ। ਖਰੀਦਣ ਵਾਲਿਆਂ ਨੇ ਇਹ ਕਦੀ ਨਹੀਂ ਸੋਚਿਆ ਕਿ ਬਣਾਉਣ ਤੇ ਵੇਚਣ ਵਾਲਿਆਂ ਨੇ ਇਸ ਵਿਚ ਅੱਧ ਪਚੱਧ ਖੰਡ ਰਲਾਈ ਹੁੰਦੀ ਹੈ। ਖੰਡ ਚਾਲੀ ਰੁਪਏ ਕਿਲੋ ਮਿਲ ਜਾਂਦੀ ਹੈ ਤੇ ਗੁੜ ਸੱਠ ਰੁਪਏ ਕਿਲੋ ਵਿਕਦਾ ਹੈ। ਸਿਆਣੇ ਕਹਿੰਦੇ ਹਨ ਲੋੜ ਈਜਾਦ ਦੀ ਮਾਂ ਹੈ ਤੇ ਅਕਲਾਂ ਬਿਨਾਂ ਖੂਹ ਖਾਲੀ। ਇਥੇ ਦੋਵੇਂ ਅਖਾਣ ਬਰਾਬਰ ਢੁਕਦੇ ਹਨ।
ਅੰਤਿਕਾ:
ਜਗਦੀਪ ਕੌਰ (ਨਵੇਂ ਦੋਮਾਸਕ ਰਸਾਲੇ ‘ਬਾਲ ਪ੍ਰੀਤ’ ‘ਚੋਂ)
ਵਿਚ ਕਿਤਾਬਾਂ, ਵੇਖੋ ਚਿੜੀਆਂ ਚਹਿਕਦੀਆਂ,
ਰੁੱਤ ਬਸੰਤੀ ਫਸਲਾਂ ਕੀਕਣ ਮਹਿਕਦੀਆਂ।
ਵਿਚ ਕਿਤਾਬਾਂ, ਝਰਨੇ ਗੁਣ ਗੁਣਾਉਂਦੇ ਨੇ,
ਜ਼ਿਕਰ ਕਿਤਾਬਾਂ ਵਿਚ ਪਰੀਆਂ ਦੇ ਆਉਂਦੇ ਨੇ।
ਆਉ ਸਾਂਝ ਵਧਾਈਏ ਇਨ੍ਹਾਂ ਕਿਤਾਬਾਂ ਨਾਲ,
ਜੀਵਨ ਸਫਲ ਬਣਾਈਏ ਇਨ੍ਹਾਂ ਕਿਤਾਬਾਂ ਨਾਲ।

Be the first to comment

Leave a Reply

Your email address will not be published.