ਭਗੌੜੇ ਵਿਜੈ ਮਾਲਿਆ ਦੇ ਖੁਲਾਸੇ ਨੇ ਬੁਰੀ ਫਸਾਈ ਮੋਦੀ ਸਰਕਾਰ

ਨਵੀਂ ਦਿੱਲੀ: ਭਗੌੜੇ ਕਾਰੋਬਾਰੀ ਵਿਜੈ ਮਾਲਿਆ ਦੇ ਖੁਲਾਸਿਆਂ ਨੇ ਮੋਦੀ ਸਰਕਾਰ ਨੂੰ ਬੁਰਾ ਫਸਾ ਦਿੱਤਾ ਹੈ। ਮਾਲਿਆ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ ਭੱਜਣ ਤੋਂ ਪਹਿਲਾਂ ਉਹ ਸਰਕਾਰ ਦੇ ਸੰਪਰਕ ਵਿਚ ਸੀ। ਇਸ ਪਿੱਛੋਂ ਕਾਂਗਰਸ ਅਤੇ ਭਾਜਪਾ ਦੇ ਸਿੰਙ ਫਸ ਗਏ ਹਨ। ਦੋਵਾਂ ਪਾਰਟੀਆਂ ਵਿਚਕਾਰ ਤਿੱਖੀ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਾਲਿਆ ਵੱਲੋਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਬਿਆਨ ਬਾਅਦ ਕੇਂਦਰੀ ਮੰਤਰੀ ਤੋਂ ਅਸਤੀਫ਼ਾ ਮੰਗ ਲਿਆ ਹੈ।

ਇਸ ਤੋਂ ਬਾਅਦ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਾਂਗਰਸ ਉਤੇ ਮਾਲਿਆ ਦੀ ਹਵਾਬਾਜ਼ੀ ਕੰਪਨੀ ਕਿੰਗਫਿਸ਼ਰ ਨੂੰ ਨਿਯਮ ਛਿੱਕੇ ਟੰਗ ਕੇ ਕਰਜ਼ ਦੇਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ ਸ੍ਰੀ ਜੇਤਲੀ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ 2014 ਤੋਂ ਮਾਲਿਆ ਨੂੰ ਕਦੇ ਵੀ ਮਿਲਣ ਲਈ ਸਮਾਂ ਹੀ ਨਹੀਂ ਦਿੱਤਾ ਤੇ ਉਨ੍ਹਾਂ ਨੇ ਰਾਜ ਸਭਾ ਮੈਂਬਰ ਹੁੰਦਿਆਂ ਉਨ੍ਹਾਂ ਨੂੰ ਮਿਲਣ ਲਈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ। ਅਰਬਪਤੀ ਭਗੌੜੇ ਅਤੇ ਕਿੰਗਫਿਸ਼ਰ ਦੇ ਸਾਬਕਾ ਮਾਲਕ ਵਿਜੈ ਮਾਲਿਆ ਨੇ ਲੰਡਨ ਵਿਚ ਕਿਹਾ ਸੀ ਕਿ ਉਹ ਭਾਰਤ ਛੱਡਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀ ਅਤੇ ਵਿੱਤੀ ਦੇਣਦਾਰੀਆਂ ਦੇ ਮਾਮਲੇ ਨਿਬੇੜਨ ਦੀ ਅਪੀਲ ਕੀਤੀ ਸੀ।
ਇਸ ਬਿਆਨ ਨੂੰ ਵਿੱਤ ਮੰਤਰੀ ਨੇ ਝੂਠ ਕਹਿ ਕੇ ਰੱਦ ਕਰ ਦਿੱਤਾ ਹੈ। ਆਪਣੇ ਦਾਅਵੇ ਨੂੰ ਮਜ਼ਬੂਤ ਕਰਨ ਦੇ ਲਈ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਪੀ.ਐਲ ਪੂਨੀਆ ਨੇ ਜੇਤਲੀ ਨੂੰ ਸੰਸਦ ਦੇ ਕੇਂਦਰੀ ਹਾਲ ਵਿਚ ਪਹਿਲੀ ਮਾਰਚ 2016 ਨੂੰ ਬੈਠਿਆਂ ਦੇਖਿਆ ਸੀ ਤੇ ਉਨ੍ਹਾਂ ਦੇ ਹਾਵ-ਭਾਵ ਤੋਂ ਜਾਪਦਾ ਸੀ ਕਿ ਉਹ ਕੋਈ ਗੰਭੀਰ ਗੱਲਬਾਤ ਕਰ ਰਹੇ ਹਨ। ਸ੍ਰੀ ਪੂਨੀਆ ਨੇ ਕਿਹਾ ਕਿ ਤਿੰਨ ਮਾਰਚ ਨੂੰ ਉਨ੍ਹਾਂ ਖਬਰਾਂ ਵਿਚ ਸੁਣਿਆ ਕਿ ਮਾਲਿਆ ਦੋ ਮਾਰਚ ਨੂੰ ਦੇਸ਼ ਛੱਡ ਕੇ ਭੱਜ ਗਿਆ ਹੈ। ਉਨ੍ਹਾਂ ਆਪਣੇ ਦਾਅਵੇ ਨੂੰ ਮਜ਼ਬੂਤ ਕਰਦਿਆਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਸਕਦੀ ਹੈ, ਜੇ ਉਹ ਗਲਤ ਹੋਏ ਤਾਂ ਉਹ ਅਸਤੀਫਾ ਦੇ ਦੇਣਗੇ। ਰਾਹੁਲ ਨੇ ਜੇਤਲੀ ਉਤੇ ਹਮਲਾ ਤੇਜ਼ ਕਰਦਿਆਂ ਕਿਹਾ ਹੈ ਕਿ ਜੇਤਲੀ ਸੀ.ਸੀ.ਟੀ.ਵੀ. ਫੁਟੇਜ ਦੇਖ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਤਲੀ ਨੇ ਮਾਲਿਆ ਨੂੰ ਦੇਸ਼ ਵਿਚੋਂ ਬਚ ਨਿਕਲਣ ਲਈ ਰਸਤਾ ਦਿੱਤਾ ਹੈ।
ਦੱਸ ਦਈਏ ਕਿ ਢਾਈ ਕੁ ਸਾਲ ਪਹਿਲਾਂ ਮਾਲਿਆ ਇਸ ਕਰ ਕੇ ਇਕਦਮ ਦੇਸ਼ ‘ਚੋਂ ਭੱਜਿਆ ਸੀ ਕਿਉਂਕਿ ਉਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਹੁਣ ਉਸ ‘ਤੇ ਅਦਾਲਤਾਂ ਰਾਹੀਂ ਘੇਰਾ ਪੈਣ ਲੱਗਾ ਹੈ। ਉਸ ‘ਤੇ ਇੰਗਲੈਂਡ ਦੀ ਅਦਾਲਤ ‘ਚ ਇਸ ਸਬੰਧੀ ਮੁਕੱਦਮਾ ਚੱਲ ਰਿਹਾ ਹੈ। ਉਹ ਹਾਲੇ ਤੱਕ ਕਿਸੇ ਨਾ ਕਿਸੇ ਤਰ੍ਹਾਂ ਹਵਾਲਗੀ ਤੋਂ ਬਚਦਾ ਆ ਰਿਹਾ ਹੈ।
ਇਸ ਸਬੰਧੀ ਪਹਿਲਾਂ ਅਰੁਣ ਜੇਤਲੀ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉਹ ਪਾਰਲੀਮੈਂਟ ਦੇ ਸੰਸਦ ਹਾਲ ਵਿਚ ਥੋੜ੍ਹੇ ਜਿਹੇ ਸਮੇਂ ਲਈ ਜੇਤਲੀ ਨੂੰ ਮਿਲਿਆ ਸੀ। ਪਰ ਹੁਣ ਭਾਜਪਾ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਸੀਨੀਅਰ ਕਾਂਗਰਸੀ ਆਗੂ ਪੁਨੀਆ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਜਿਸ ਦਿਨ ਦੀ ਗੱਲ ਪੁਨੀਆ ਕਰ ਰਹੇ ਹਨ, ਉਸ ਦਿਨ ਅਰੁਣ ਜੇਤਲੀ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਗਏ ਹੀ ਨਹੀਂ ਸਨ।
_________________________
ਮਾਲਿਆ ਖਿਲਾਫ਼ ਦੋਸ਼ ਪੱਤਰ ਦਾਖਲ ਕਰਨ ਦੀ ਤਿਆਰੀ
ਨਵੀਂ ਦਿੱਲੀ: ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ਼ ਸੀ.ਬੀ.ਆਈ. ਇਕ ਮਹੀਨੇ ਦੇ ਅੰਦਰ ਦੋਸ਼ ਪੱਤਰ ਦਾਖਲ ਕਰ ਸਕਦੀ ਹੈ। ਸੂਤਰਾਂ ਮੁਤਾਬਕ ਕਿੰਗਫਿਸ਼ਰ ਏਅਰਲਾਈਨਜ਼ ਨੂੰ ਕਰਜ਼ਾ ਦੇਣ ਦੇ ਮਾਮਲੇ ਨਾਲ ਜੁੜੇ ਸੀਨੀਅਰ ਬੈਂਕ ਅਧਿਕਾਰੀਆਂ ਨੂੰ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਸਟੇਟ ਬੈਂਕ ਆਫ ਇੰਡੀਆ ਦੀ ਅਗਵਾਈ ਵਿਚ 17 ਬੈਂਕਾਂ ਵੱਲੋਂ ਏਅਰਲਾਈਨਜ਼ ਨੂੰ ਦਿੱਤੇ 6,000 ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ ਵਿਚ ਇਹ ਪਹਿਲੀ ਚਾਰਜਸ਼ੀਟ ਹੋਵੇਗੀ।