1965 ਦੀ ਭਾਰਤ-ਪਾਕ ਜੰਗ

1947 ਦੀ ਵੰਡ ਕਾਰਨ ਜਿੱਥੇ ਸਰਹੱਦ ਦੇ ਦੋਹੀਂ ਪਾਸੀਂ ਲੱਖਾਂ ਲੋਕਾਂ ਨੂੰ ਬਹੁਤ ਵੱਡੀ ਮਾਨਸਿਕ ਪੀੜਾ ਵਿਚੋਂ ਲੰਘਣਾ ਪਿਆ, ਉਥੇ ਹਿੰਦੁਸਤਾਨ ਤੇ ਪਾਕਿਸਤਾਨ ਵਿਚਾਲੇ ਦੁਸ਼ਮਣੀ ਦੀ ਪੱਕੀ ਲਕੀਰ ਖਿੱਚੀ ਗਈ। ਦੋਹਾਂ ਦੇਸ਼ਾਂ ਵਿਚਾਲੇ ਧੁਖ ਰਹੀ ਦੁਸ਼ਮਣੀ ਦੀ ਅੱਗ ਅਖੀਰ 1965 ਦੀ ਲੜਾਈ ਦੇ ਰੂਪ ਵਿਚ ਭਾਂਬੜ ਬਣ ਗਈ ਜਿਸ ਵਿਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ।

ਇਹ ਸਭ ਸਿਆਸਤਦਾਨਾਂ ਦੀ ਕਾਰਸਤਾਨੀ ਦਾ ਨਤੀਜਾ ਸੀ। ਹੁਣ ਜਦੋਂ ਇਸ ਜੰਗ ਨੂੰ 53 ਸਾਲ ਹੋ ਗਏ ਹਨ, ਤਾਂ ਇਸ ਲੇਖ ਵਿਚ ਲੇਖਕ ਹਰਮੋਹਿੰਦਰ ਚਾਹਲ ਨੇ ਜਿੱਥੇ ਇਸ ਜੰਗ ਦੇ ਕਾਰਨਾਂ ਤੇ ਨਤੀਜਿਆਂ ‘ਤੇ ਨਿਗ੍ਹਾ ਮਾਰੀ ਹੈ, ਉਥੇ ਆਵਾਮ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਸਿਆਸਤਦਾਨਾਂ ਦੀਆਂ ਚਾਲਾਂ ਨੂੰ ਠੱਲ੍ਹ ਪਾਉਣ ਲਈ ਹਿੰਮਤ ਕਰਨ। -ਸੰਪਾਦਕ

ਹਰਮੋਹਿੰਦਰ ਚਾਹਲ

ਅੱਜ ਤੋਂ ਤਰਵੰਜਾ ਵਰ੍ਹੇ ਪਹਿਲਾਂ ਇਸੇ ਮਹੀਨੇ ਯਾਨਿ ਸਤੰਬਰ 1965 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਜੰਗ ਦੋਹਾਂ ਮੁਲਕਾਂ ਦੀ ਦੂਸਰੀ ਵੱਡੀ ਜੰਗ ਸੀ। ਇਸ ਦਾ ਮੁੱਢ ਤਾਂ ਉਦੋਂ ਹੀ ਬੱਝ ਗਿਆ ਸੀ ਜਦੋਂ 1948 ‘ਚ ਕਸ਼ਮੀਰ ਘਾਟੀ ਦੀ ਪਹਿਲੀ ਲੜਾਈ ਖਤਮ ਹੋਈ। 1947 ਵਿਚ ਹਿੰਦੁਸਤਾਨ ਦੀ ਵੰਡ ਹੋ ਗਈ ਪਰ ਦੇਸੀ ਰਿਆਸਤਾਂ ਦਾ ਮਸਲਾ ਚੰਗੀ ਤਰ੍ਹਾਂ ਹੱਲ ਨਾ ਹੋਇਆ। ਬ੍ਰਿਟਿਸ਼ ਹਕੂਮਤ ਨੇ ਮੁਲਕ ਨੂੰ ਆਜਾਦੀ ਤਾਂ ਦੇ ਦਿੱਤੀ ਪਰ ਰਿਆਸਤਾਂ ਨੂੰ ਆਪਣੇ ਫੈਸਲੇ ਆਪ ਕਰਨ ਦਾ ਕਹਿ ਕੇ ਸੇਹ ਦਾ ਤੱਕਲਾ ਗੱਡ ਦਿੱਤਾ। ਆਪਣੇ ਇਸੇ ਅਧਿਕਾਰ ਦੀ ਵਰਤੋਂ ਕਰਦਿਆਂ ਕੁਝ ਰਿਆਸਤਾਂ ਆਜਾਦ ਰਹਿਣਾ ਚਾਹੁੰਦੀਆਂ ਸਨ ਪਰ ਭੁਗੋਲਿਕ ਹਾਲਾਤ ਨੇ ਅਜਿਹਾ ਨਾ ਹੋਣ ਦਿੱਤਾ। ਇਸ ਕਰਕੇ ਜੋ ਰਿਆਸਤਾਂ ਭਾਰਤ ਅੰਦਰ ਰਹਿ ਗਈਆਂ ਉਨ੍ਹਾਂ ਨੂੰ ਚਾਹਿਆਂ ਜਾਂ ਅਣਚਾਹਿਆਂ ਭਾਰਤ ਨਾਲ ਰਲਣਾ ਪਿਆ ਤੇ ਇਵੇਂ ਹੀ ਪਾਕਿਸਤਾਨ ਵਾਲੇ ਪਾਸੇ ਹੋਇਆ, ਪਰ ਕਸ਼ਮੀਰ ਇੱਕੋ ਇੱਕ ਅਜਿਹੀ ਰਿਆਸਤ ਸੀ, ਜਿਸ ਦੀ ਸਰਹੱਦ ਦੋਨਾਂ ਮੁਲਕਾਂ ਨਾਲ ਲੱਗਦੀ ਸੀ। ਅਜਿਹੇ ‘ਚ ਪਾਕਿਸਤਾਨ ਨੇ ਇਸ ਨੂੰ ਆਪਣੇ ਨਾਲ ਰਲਾਉਣਾ ਚਾਹਿਆ ਤੇ ਭਾਰਤ ਨੇ ਆਪਣੇ ਨਾਲ। ਦੋਹਾਂ ਦੇ ਦਾਅਵੇ ਆਪੋ ਆਪਣੇ ਸਨ।
ਉਧਰ ਰਿਆਸਤ ਦੇ ਮੁਖੀ, ਮਹਾਰਾਜਾ ਹਰੀ ਸਿੰਘ ਦਾ ਵਿਚਾਰ ਕਸ਼ਮੀਰ ਨੂੰ ਵੱਖਰਾ ਆਜਾਦ ਮੁਲਕ ਬਣਾਉਣ ਦਾ ਸੀ, ਪਰ ਉਹ ਤੁਰੰਤ ਕੋਈ ਫੈਸਲਾ ਨਾ ਕਰ ਸਕਿਆ। ਕਦੇ ਉਹ ਆਜਾਦ ਰਹਿਣ ਦਾ ਸੋਚਦਾ ਅਤੇ ਕਦੇ ਕਿਸੇ ਇਕ ਨਾਲ ਰਲੇਵੇਂ ਦਾ। ਉਸ ਦੀ ਇਸ ਜੱਕੋ-ਤੱਕੀ ਨੇ ਮਸਲੇ ਨੂੰ ਉਲਝਾ ਦਿੱਤਾ। ਫਿਰ ਉਸ ਨੇ ਸੋਚਣ ਵਿਚਾਰਨ ਲਈ ਵਕਤ ਲੈਂਦਿਆਂ ਦੋਨਾਂ ਧਿਰਾਂ ਨਾਲ ‘ਸਟੈਂਡ ਸਟਿੱਲ’ ਸਮਝੌਤਾ ਕਰ ਲਿਆ। ਇੱਥੇ ਪਾਕਿਸਤਾਨ ਜਲਦਬਾਜੀ ਕਰ ਗਿਆ। ਹਾਲਾਂਕਿ ਉਦੋਂ ਭਾਰਤ, ਕਸ਼ਮੀਰ ਨੂੰ ਆਪਣੇ ਨਾਲ ਰਲਾਉਣ ਦਾ ਬਹੁਤਾ ਇੱਛੁਕ ਨਹੀਂ ਸੀ।
ਪਾਕਿਸਤਾਨ ਨੇ ਕਾਹਲ ਕਰਦਿਆਂ ਐਕਸ਼ਨ ਕਰਨ ਦੀ ਸੋਚੀ। ਉਸ ਨੇ ਧਾੜਵੀ ਅਤੇ ਰੈਗੂਲਰ ਫੌਜ ਲੁਕਵੇਂ ਢੰਗ ਨਾਲ ਘਾਟੀ ਅੰਦਰ ਦਾਖਲ ਕਰ ਦਿੱਤੀ। ਪਾਕਿਸਤਾਨ ਧੱਕੇ ਨਾਲ ਕਸ਼ਮੀਰ ‘ਤੇ ਕਾਬਜ਼ ਹੋਣ ਦੀ ਸੋਚਦਿਆਂ, ਬਿਨਾਂ ਕਿਸੇ ਵਿਰੋਧ ਦੇ ਬਾਰਾਮੂਲਾ ਤੱਕ ਆ ਪਹੁੰਚਿਆ। ਸ੍ਰੀਨਗਰ ਕੁਝ ਹੀ ਦੂਰ ਰਹਿ ਗਿਆ ਸੀ ਪਰ ਧਾੜਵੀ ਅੱਗੇ ਵਧਣ ਦੀ ਥਾਂ ਲੁੱਟ-ਮਾਰ ‘ਚ ਰੁੱਝ ਗਏ। ਉਧਰ ਇਕਦਮ ਸਿਰ ‘ਤੇ ਪਈ ਬਿਪਤਾ ਦੇ ਇਨ੍ਹਾਂ ਹਾਲਾਤ ‘ਚ ਰਿਆਸਤ ਦੇ ਸਦਰ ਮਹਾਰਾਜਾ ਹਰੀ ਸਿੰਘ ਨੇ ਭਾਰਤ ਨੂੰ ਮੱਦਦ ਲਈ ਬੇਨਤੀ ਕੀਤੀ, ਪਰ ਭਾਰਤ ਨੇ ਇਹ ਕਹਿੰਦਿਆਂ ਜੁਆਬ ਦੇ ਦਿੱਤਾ ਕਿ ਜੇਕਰ ਉਹ ਚਾਹੁੰਦਾ ਹੈ ਬਈ ਕਸ਼ਮੀਰ ਨੂੰ ਪਾਕਿਸਤਾਨ ਤੋਂ ਬਚਾਇਆ ਜਾਵੇ ਤਾਂ ਉਸ ਨੂੰ ਭਾਰਤ ਨਾਲ ਰਲੇਵਾਂ ਕਰਨਾ ਪਵੇਗਾ। ਹਰੀ ਸਿੰਘ ਕੋਲ ਕੋਈ ਚਾਰਾ ਨਾ ਰਿਹਾ।
ਉਧਰ 26 ਅਕਤੂਬਰ 1947 ਦੇ ਦਿਨ ਜਿਨਾਹ ਰਾਵਲਪਿੰਡੀ ਵਿਚ ਇਸ ਜਿੱਤ ਦੇ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ ਕਿ ਉਸ ਕੋਲ ਖਬਰ ਪਹੁੰਚੀ ਕਿ ਹਰੀ ਸਿੰਘ ਨੇ ਭਾਰਤ ਨਾਲ ਰਲੇਵੇਂ ਦੇ ਦਸਤਾਵੇਜ ਉਪਰ ਦਸਤਖਤ ਕਰ ਦਿੱਤੇ ਹਨ। ਇਸ ਦਸਤਾਵੇਜ ਦੇ ਹੋਂਦ ‘ਚ ਆਉਂਦਿਆਂ ਹੀ ਭਾਰਤੀ ਫੌਜਾਂ ਨੇ ਘਾਟੀ ਵੱਲ ਕੂਚ ਕਰ ਦਿੱਤਾ। ਭਾਰਤੀ ਫੌਜ, ਪਾਕਿਸਤਾਨੀ ਫੌਜ ਨੂੰ ਪਿਛਾਂਹ ਧੱਕਦੀ ਤੁਰੀ ਗਈ। ਦੋਨਾਂ ਮੁਲਕਾਂ ਵਿਚਾਲੇ ਬਾਕਾਇਦਾ ਜੰਗ ਛਿੜ ਗਈ। ਉਦੋਂ ਨੂੰ ਯੂ. ਐਨ. ਓ. ਨੇ ਵਿਚ ਪੈਂਦਿਆਂ ਲੜਾਈ ਬੰਦ ਕਰਵਾ ਦਿੱਤੀ। ਦੋਨਾਂ ਮੁਲਕਾਂ ਨੂੰ ਕਿਹਾ ਗਿਆ ਕਿ ਅਗਲੇ ਫੈਸਲੇ ਤੱਕ ਉਹ ਜਿੱਥੇ ਕਿਤੇ ਹਨ, ਉਥੇ ਹੀ ਰੁਕ ਜਾਣ। ਪਾਕਿਸਤਾਨ ਵੱਲ ਦਾ ਇਲਾਕਾ ਆਜਾਦ ਕਸ਼ਮੀਰ ਬਣ ਗਿਆ ਤੇ ਇੱਧਰ ਦਾ ਜੇ. ਐਂਡ ਕੇ. ਯਾਨਿ ਜੰਮੂ ਅਤੇ ਕਸ਼ਮੀਰ।
ਦੋਹਾਂ ਮੁਲਕਾਂ ਵਿਚਕਾਰ ਆਰਜੀ ਕੰਟਰੋਲ ਰੇਖਾ ਯਾਨਿ ਲਾਈਨ ਆਫ ਕੰਟਰੋਲ ਬਣ ਗਈ। ਹੁਣ ਪਾਕਿਸਤਾਨ ਚਾਹੁੰਦਾ ਸੀ ਕਿ ਸਮੁੱਚਾ ਕਸ਼ਮੀਰ ਉਸ ਦੇ ਅਧਿਕਾਰ ਹੇਠ ਆਵੇ ਅਤੇ ਭਾਰਤ ਚਾਹੁੰਦਾ ਸੀ ਉਸ ਦੇ। ਇੱਥੇ ਆ ਕੇ ਇਹ ਅਣਖ ਦਾ ਸੁਆਲ ਬਣ ਗਿਆ। ਇਸ ਹਉਮੈ ਨੇ ਮਸਲੇ ਨੂੰ ਐਸਾ ਉਲਝਾਇਆ ਕਿ ਇਹ ਅੱਜ ਤੱਕ ਹੱਲ ਨਹੀਂ ਹੋ ਸਕਿਆ।
ਭਾਰਤ ਨੇ ਜਿੰਨਾ ਸੀ ਉਨੇ ਨਾਲ ਹੀ ਸਬਰ ਕਰ ਲਿਆ ਪਰ ਪਾਕਿਸਤਾਨ ਨੇ ਇਹ ਨੀਤੀ ਬਣਾ ਲਈ ਕਿ ਜਿਵੇਂ ਕਿਵੇਂ ਵੀ ਸਮੁੱਚਾ ਕਸ਼ਮੀਰ ਹਾਸਲ ਕਰਨਾ ਹੈ। ਇਸੇ ਨੀਤੀ ਤਹਿਤ ਉਹ ਲਗਾਤਾਰ ਲੁਕ ਛੁਪ ਕੇ ਕਰਾਵਾਈਆਂ ਕਰਦਾ ਰਿਹਾ। 1965 ਦੀ ਜੰਗ ਇਨ੍ਹਾਂ ਲੁਕਵੀਆਂ ਕਾਰਵਾਈਆਂ ‘ਚੋਂ ਹੀ ਉਭਰੀ ਸੀ। ਉਧਰ 1962 ਦੀ ਭਾਰਤ-ਚੀਨ ਜੰਗ ਵਿਚ ਭਾਰਤ ਬੁਰੀ ਤਰ੍ਹਾਂ ਹਾਰ ਚੁੱਕਿਆ ਸੀ ਅਤੇ ਉਸ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਹਾਰ ਤੋਂ ਸਬਕ ਸਿੱਖਦਿਆਂ ਭਾਰਤ ਨੇ ਤੁਰੰਤ ਆਪਣੇ ਆਪ ਨੂੰ ਫੌਜੀ ਤੌਰ ‘ਤੇ ਮਜਬੂਤ ਕਰਨ ਦੇ ਯਤਨ ਅਰੰਭ ਦਿੱਤੇ ਸਨ, ਪਰ ਪਾਕਿਸਤਾਨ ਨੇ ਭਾਰਤ-ਚੀਨ ਜੰਗ ਨੂੰ ਹੋਰ ਢੰਗ ਨਾਲ ਲਿਆ। ਉਸ ਨੂੰ ਲੱਗਾ ਕਿ ਭਾਰਤ ਚੀਨ ਵਾਲੀ ਜੰਗ ਵਿਚ ਬੁਰੀ ਤਰ੍ਹਾਂ ਹਾਰ ਗਿਆ ਹੈ ਅਤੇ ਉਸ ਦੀ ਫੌਜ ਵੀ ਕੋਈ ਬਹੁਤੀ ਤਾਕਤਵਰ ਨਹੀਂ ਰਹੀ ਅਤੇ ਇਹੀ ਮੌਕਾ ਹੈ ਕਿ ਕਸ਼ਮੀਰ ਅੰਦਰ ਫੌਜੀ ਕਾਰਵਾਈ ਕਰਦਿਆਂ ਇਸ ਨੂੰ ਹਾਸਲ ਕੀਤਾ ਜਾਵੇ। ਉਸ ਨੇ ਲੁਕਵੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਅਤੇ ਆਖਰੀ ਨਿਸ਼ਾਨਾ ਵੱਡੀ ਫੌਜੀ ਕਾਰਵਾਈ ਮਿੱਥ ਲਿਆ। ਇਹ ਵੱਡੀ ਕਾਰਵਾਈ ਕਰਨ ਲਈ ਉਸ ਨੂੰ 1965 ਦੇ ਚੜ੍ਹਦਿਆਂ ਹੀ ਹਾਲਾਤ ਸਾਜਗਾਰ ਜਾਪੇ।
1965 ਦਾ ਸਾਲ ਚੜਨ ਤੱਕ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਵਧ ਗਈ। ਫਰਵਰੀ ਮਹੀਨੇ ਪਾਕਿਸਤਾਨ ਨੇ ਬਿਨਾ ਕਿਸੇ ਕਾਰਨ ਰਣ-ਕੱਛ ਦੇ ਇਲਾਕੇ ਉਪਰ ਹਮਲਾ ਕਰ ਦਿੱਤਾ।
ਭਾਰਤ ਨੂੰ ਪਾਕਿਸਤਾਨ ਦੇ ਇਸ ਹਮਲੇ ਦੀ ਸਮਝ ਨਾ ਆਈ। ਪਰ ਇਸ ਦੇ ਜੁਆਬ ‘ਚ ਭਾਰਤ ਨੇ ਪੰਜਾਬ ਸਰਹੱਦ ਉਪਰ ਫੌਜ ਲਾ ਦਿੱਤੀ। ਕੁਝ ਇਸ ਦਬਾਅ ਕਾਰਨ ਅਤੇ ਕੁਝ ਸਾਂਝੇ ਦੋਸਤਾਂ ਦੀ ਵਿਚੋਲਗੀ ਨਾਲ ਦੋਨੋਂ ਮੁਲਕ ਗੱਲਬਾਤ ਲਈ ਮੰਨ ਗਏ। ਇਸ ਪਿੱਛੋਂ ਦੋਨਾਂ ਨੇ ਆਪਣੀਆਂ ਫੌਜਾਂ ਵਾਪਸ ਬੁਲਾ ਲਈਆਂ। ਭਾਰਤ ਨੇ ਸੋਚਿਆ ਕਿ ਮਸਲਾ ਸੁਲਝ ਗਿਆ ਹੈ ਪਰ ਵਿਚੋਂ ਗੱਲ ਕੋਈ ਹੋਰ ਸੀ। ਪਾਕਿਸਤਾਨ, ਭਾਰਤ ਨੂੰ ਕਿਸੇ ਹੋਰ ਪਾਸੇ ਉਲਝਾ ਕੇ ਇਸ ਦਾ ਕਸ਼ਮੀਰ ਵੱਲੋਂ ਧਿਆਨ ਹਟਾਉਣਾ ਚਾਹੁੰਦਾ ਸੀ ਤਾਂ ਕਿ ਮੌਕਾ ਮਿਲਦਿਆਂ ਹੀ ਉਹ ਉਧਰ ਕਾਰਵਾਈ ਕਰ ਦੇਵੇ। ਪਾਕਿਸਤਾਨ ਦਾ ਮਾਸਟਰ ਪਲੈਨ, ਕਸ਼ਮੀਰ ਸੀ। ਇਸੇ ਨੀਤੀ ਤਹਿਤ ਅਗਸਤ ਮਹੀਨੇ ਪਾਕਿਸਤਾਨ ਨੇ ਲੁਕਵੇਂ ਢੰਗ ਨਾਲ ਕਸ਼ਮੀਰ ਅੰਦਰ ਵੱਡੀ ਗਿਣਤੀ ‘ਚ ਘੁਸਪੈਠੀਏ ਦਾਖਲ ਕਰਨੇ ਸ਼ੁਰੂ ਕਰ ਦਿੱਤੇ। ਉਸ ਦੀ ਸਕੀਮ ਸੀ ਕਿ ਲੋਕਾਂ ਨੂੰ ਭੜਕਾ ਕੇ ਭਾਰਤ ਦੇ ਖਿਲਾਫ ਕੀਤਾ ਜਾਵੇ। ਫਿਰ ਪੁਲਿਸ ਥਾਣੇ, ਰੇਡੀਓ ਸਟੇਸ਼ਨ ਅਤੇ ਹੋਰ ਸਰਕਾਰੀ ਦਫਤਰਾਂ ਉਪਰ ਕਬਜ਼ਾ ਕਰਦਿਆਂ ਉਥੇ ਇਨਕਲਾਬੀ ਸਰਕਾਰ ਬਣਾ ਦਿੱਤੀ ਜਾਵੇ, ਜੋ ਪਿੱਛੋਂ ਦੂਸਰੇ ਮੁਲਕਾਂ ਤੋਂ ਆਜਾਦ ਹੋਣ ਲਈ ਮੱਦਦ ਮੰਗੇ। ਫਿਰ ਇਸੇ ਮੱਦਦ ਦੀ ਆੜ ‘ਚ ਪਾਕਿਸਤਾਨ ਆਪਣੀ ਫੌਜ ਨਾਲ ਜੰਮੂ ਕਸ਼ਮੀਰ ਅੰਦਰ ਦਾਖਲ ਹੋਵੇਗਾ। ਇਸ ਤਰ੍ਹਾਂ ਉਹ ਦੁਨੀਆਂ ਨੂੰ ਪ੍ਰਭਾਵ ਦੇਵੇਗਾ ਕਿ ਉਹ ਤਾਂ ਗੁਆਂਢੀ ਮੁਲਕ ਕਸ਼ਮੀਰ ਦੀ ਮੱਦਦ ਲਈ ਅੱਗੇ ਆਇਆ ਹੈ।
ਪਰ ਪਾਕਿਸਤਾਨ ਨੇ ਇਹ ਅੰਦਾਜ਼ਾ ਗਲਤ ਲਾ ਲਿਆ। ਉਸ ਨੂੰ ਸੀ ਕਿ ਕਸ਼ਮੀਰ ਦੇ ਲੋਕ ਉਸ ਦੇ ਮਗਰ ਲੱਗ ਤੁਰਨਗੇ ਪਰ ਲੋਕ ਇਸ ਗੱਲ ਲਈ ਤਿਆਰ ਨਹੀਂ ਸਨ। ਇਸ ਤੋਂ ਇਲਾਵਾ ਪਾਕਿਸਤਾਨ ਦਾ ਇਹ ਕਦਮ ਬੜੀ ਛੇਤੀ ਨੰਗਾ ਹੋ ਗਿਆ। ਸਿੱਟੇ ਵਜੋਂ ਭਾਰਤ ਨੇ ਆਪਣੀ ਕਾਰਵਾਈ ਅਰੰਭ ਦਿੱਤੀ। ਇਸ ਇਲਾਕੇ ਦੀ ਮਸ਼ਹੂਰ ਜਗ੍ਹਾ ਹਾਜੀ ਪੀਰ ਦੱਰੇ ਵਿਚੋਂ ਦੀ ਘੁਸਪੈਠੀਆਂ ਨੂੰ ਵੱਡੀ ਪੱਧਰ ‘ਤੇ ਸਪਲਾਈ ਆ ਰਹੀ ਸੀ। ਭਾਰਤ ਨੇ ਪੰਝੀ ਅਗਸਤ ਨੂੰ ਹਮਲਾ ਸ਼ੁਰੂ ਕੀਤਾ ਤੇ ਤੀਸਰੇ ਦਿਨ ਹਾਜੀ ਪੀਰ ਦੱਰਾ ਹਥਿਆ ਲਿਆ ਤੇ ਇਸ ਨਾਲ ਘੁਸਪੈਠੀਆਂ ਦੀ ਸਪਲਾਈ ਲਾਈਨ ਟੁੱਟ ਗਈ।
ਪਾਕਿਸਤਾਨ ਨੂੰ ਇਸ ਦੀ ਉਮੀਦ ਹੀ ਨਹੀਂ ਸੀ ਤੇ ਉਸ ਨੂੰ ਆਪਣੀ ਮਾਸਟਰ ਪਲੈਨ ਖਤਰੇ ‘ਚ ਪੈ ਗਈ ਜਾਪੀ। ਚਿੜ੍ਹ ਕੇ ਪਾਕਿਸਤਾਨ ਨੇ ਛੰਭ ਸੈਕਟਰ ਵੱਲ ਚੜ੍ਹਾਈ ਕਰ ਦਿੱਤੀ। ਪਹਿਲੀ ਸਤੰਬਰ 1965 ਨੂੰ ਜਦੋਂ ਪਾਕਿਸਤਾਨ ਨੇ ਛੰਭ ਸੈਕਟਰ ‘ਤੇ ਹਮਲਾ ਕੀਤਾ ਤਾਂ ਦੋਨਾਂ ਮੁਲਕਾਂ ਵਿਚਾਲੇ ਬਾਕਾਇਦਾ ਜੰਗ ਸ਼ੁਰੂ ਹੋ ਗਈ। ਉਂਜ ਪਾਕਿਸਤਾਨ ਦੀ ਚੁਸਤੀ ਇਹ ਸੀ ਕਿ ਉਹ ਇਸ ਲੜਾਈ ਨੂੰ ਭਾਰਤ ਨਾਲ ਵੱਡੀ ਜੰਗ ਨਹੀਂ ਬਣਨ ਦੇਣੀ ਚਾਹੁੰਦਾ ਸੀ। ਛੰਭ ਜਾਂ ਅਖਨੂਰ ਸੈਕਟਰ ਜੰਮੂ ਕਸ਼ਮੀਰ ਵਿਚ ਹੀ ਸਨ ਅਤੇ ਪਾਕਿਸਤਾਨ ਕਹਿ ਸਕਦਾ ਸੀ ਕਿ ਉਸ ਨੇ ਸਿਰਫ ਲਾਈਨ ਆਫ ਕੰਟਰੋਲ ਪਾਰ ਕੀਤੀ ਹੈ ਨਾ ਕਿ ਭਾਰਤ ਨਾਲ ਲੱਗਦਾ ਕੌਮਾਂਤਰੀ ਸਰਹੱਦ। ਇੱਥੇ ਪਾਕਿਸਤਾਨ ਫਾਇਦੇ ਵਿਚ ਸੀ, ਕਿਉਂਕਿ ਭਾਰਤ ਨੂੰ ਅੱਗੇ ਵਧਣ ਲਈ ਚਨਾਬ ਦਰਿਆ ਲੰਘਣਾ ਪੈਣਾ ਸੀ ਅਤੇ ਉਸ ਦੇ ਲਈ ਰਸਤਾ ਬੜਾ ਕੱਬਾ ਸੀ, ਜਾਂ ਫਿਰ ਭਾਰਤ ਕੌਮਾਂਤਰੀ ਸਰਹੱਦ ਲੰਘ ਕੇ ਆਉਂਦਾ ਜੋ ਕਿ ਉਹ ਕਰਨਾ ਨਹੀਂ ਸੀ ਚਾਹੁੰਦਾ। ਭਾਰਤ ਦੀ ਇਸੇ ਮਜ਼ਬੂਰੀ ਦਾ ਫਾਇਦਾ ਉਠਾਉਂਦਿਆਂ ਪਾਕਿਸਤਾਨ ਨੇ ਸੋਚਿਆ ਕਿ ਜਦੋਂ ਨੂੰ ਭਾਰਤ ਅੱਗੇ ਵਧ ਕੇ ਛੰਭ ਤੱਕ ਅੱਪੜੇਗਾ, ਉਦੋਂ ਨੂੰ ਉਹ ਜੰਮੂ ਕਸ਼ਮੀਰ ਦਾ ਜ਼ਮੀਨੀ ਰਸਤਾ ਬੰਦ ਕਰਦਿਆਂ ਇਸ ਨੂੰ ਭਾਰਤ ਨਾਲੋਂ ਤੋੜ ਦੇਵੇਗਾ।
ਇਸ ਲੜਾਈ ਦਾ ਮੈਦਾਨ ਪੱਛਮੀ ਸਰਹੱਦ ਸੀ। ਇਸ ਕਰਕੇ ਇਸ ਦੀ ਸਾਰੀ ਕਮਾਂਡ ਜਨਰਲ ਹਰਬਖਸ਼ ਸਿੰਘ ਦੇ ਹੱਥ ਸੀ, ਕਿਉਂਕਿ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਹੀ ਉਸ ਵੇਲੇ ਪੱਛਮੀ ਕਮਾਂਡ ਦਾ ਮੁਖੀ ਸੀ। ਉਸ ਨੇ ਦੂਜੀ ਸੰਸਾਰ ਜੰਗ ਵਿਚ ਹਿੱਸਾ ਲਿਆ ਸੀ ਅਤੇ ਬਾਅਦ ‘ਚ 1948 ਦੀ ਕਸ਼ਮੀਰ ਘਾਟੀ ਦੀ ਜੰਗ ਵਿਚ ਵੀ ਉਹ ਮੂਹਰੇ ਹੋ ਕੇ ਲੜਿਆ। ਉਹ ਬੜਾ ਸੁਲਝਿਆ ਹੋਇਆ ਤੇ ਤਜ਼ਰਬੇਕਾਰ ਫੌਜੀ ਜਨਰਲ ਸੀ। ਉਹ ਪਾਕਿਸਤਾਨ ਦੀ ਮਨਸ਼ਾ ਚੰਗੀ ਤਰ੍ਹਾਂ ਸਮਝਦਾ ਸੀ। ਉਸ ਨੂੰ ਪਤਾ ਸੀ ਕਿ ਪਾਕਿਸਤਾਨ, ਭਾਰਤ ਦੀ ਕੌਮਾਂਤਰੀ ਸਰਹੱਦ ਨਾ ਲੰਘਣ ਦੀ ਮਜਬੂਰੀ ਦਾ ਫਾਇਦਾ ਉਠਾ ਰਿਹਾ ਹੈ। ਉਸ ਦਾ ਮੰਨਣਾ ਸੀ ਕਿ ਜਿਸ ਤਰ੍ਹਾਂ ਪਾਕਿਸਤਾਨ ਨੇ ਪੂਰੀ ਵੱਡੀ ਫੌਜ ਨਾਲ ਛੰਭ ਸੈਕਟਰ ਵਿਚ ਹਮਲਾ ਬੋਲਿਆ ਹੈ, ਉਸ ਨੂੰ ਭਾਰਤ ਇਸ ਖੇਤਰ ‘ਚ ਨਾ ਹੀ ਰੋਕ ਸਕਦਾ ਹੈ ਤੇ ਨਾ ਹੀ ਮਾਤ ਦੇ ਸਕਦਾ ਹੈ। ਇਸ ਕਰਕੇ ਹੁਣ ਮੌਕਾ ਆ ਗਿਆ ਹੈ ਕਿ ਭਾਰਤ, ਪੰਜਾਬ ਵਾਲੇ ਪਾਸਿਓਂ ਪਾਕਿਸਤਾਨ ਉਪਰ ਹਮਲਾ ਬੋਲ ਦੇਵੇ।
ਹਰਬਖਸ਼ ਸਿੰਘ ਨੂੰ ਸ਼ੁਰੂ ਤੋਂ ਹੀ ਖਦਸ਼ਾ ਸੀ ਕਿ ਪਾਕਿਸਤਾਨ ਰੁਕੇਗਾ ਨਹੀਂ ਤੇ ਇਸ ਦੇ ਲਈ ਭਾਰਤ ਨੂੰ ਪੰਜਾਬ ਦਾ ਬਾਰਡਰ ਲੰਘਣਾ ਪਵੇਗਾ। ਇਸੇ ਕਰਕੇ ਉਹ ਅੰਦਰੇ-ਅੰਦਰ ਤਿਆਰੀਆਂ ਕਰਦਾ ਆ ਰਿਹਾ ਸੀ। ਉਸ ਦੇ ਸਭ ਅਫਸਰ ਤਿਆਰ-ਬਰ-ਤਿਆਰ ਸਨ। ਇਸ ਸੈਕਟਰ ਦੀ ਸਾਰੀ ਫੌਜ ਬੜੀ ਦੇਰ ਤੋਂ ਪਾਕਿਸਤਾਨ ਦੀਆਂ ਬਦਤਮੀਜ਼ੀਆਂ ਸਹਿੰਦੀ ਆ ਰਹੀ ਸੀ। ਉਹ ਪਾਕਿਸਤਾਨ ਵੱਲੋਂ ਖੜ੍ਹੇ ਕੀਤੇ ਜਾਂਦੇ ਨਿੱਤ ਦੇ ਪੰਗਿਆਂ ਤੋਂ ਅੱਕੀ ਪਈ ਸੀ। ਇਸ ਤੋਂ ਇਲਾਵਾ ਫੌਜ ਦੇ ਜਵਾਨਾਂ ਨੂੰ ਸਿਰਫ ਪੰਦਰਾਂ ਵਰ੍ਹੇ ਪਹਿਲਾਂ ਯਾਨਿ 1947 ਦੇ ਫਸਾਦ ਯਾਦ ਸਨ। ਉਦੋਂ ਦਾ ਗੁੱਸਾ ਇਕੱਠਾ ਹੁੰਦਾ ਆ ਰਿਹਾ ਸੀ। ਹੁਣ ਜਦੋਂ ਜਵਾਨਾਂ ਨੂੰ ਪਤਾ ਲੱਗਿਆ ਕਿ ਇੱਧਰੋਂ ਪਾਕਿਸਤਾਨ ‘ਤੇ ਚੜ੍ਹਾਈ ਕਰਨੀ ਹੈ ਤਾਂ ਉਨ੍ਹਾਂ ਦੇ ਹੌਂਸਲੇ ਬੁਲੰਦ ਹੋ ਗਏ। ਉਨ੍ਹਾਂ ਨੂੰ ਲੱਗਾ ਕਿ ਬਦਲਾ ਲੈਣ ਦਾ ਸਹੀ ਮੌਕਾ ਆ ਗਿਆ ਹੈ। ਸਰਕਾਰ ਤੋਂ ਇਜਾਜ਼ਤ ਮਿਲਦਿਆਂ ਹੀ ਫੌਜ ਨੇ ਪੂਰੀ ਨੀਤੀ ਉਲੀਕ ਲਈ। ਪੰਜ ਅਤੇ ਛੇ ਸਤੰਬਰ ਦੀ ਦਰਮਿਆਨੀ ਰਾਤ ਫੌਜੀ ਜਵਾਨਾਂ ਨੇ ਬੜੀ ਬੇਸਬਰੀ ਨਾਲ ਲੰਘਾਈ। ਅਗਲੇ ਦਿਨ ਸਵੇਰ ਦੇ ਚਾਰ ਵਜੇ ਜਦੋਂ ਜੰਗ ਦਾ ਬਿਗਲ ਵੱਜਿਆ ਤਾਂ ਫੌਜ ਬਾਜ ਦੀ ਤਰ੍ਹਾਂ ਝਪਟ ਪਈ। ਇਉਂ ਲੱਗਾ ਜਿਵੇਂ ਕਿਸੇ ਡੈਮ ਦੇ ਗੇਟ ਖੋਲ੍ਹ ਦਿੱਤੇ ਗਏ ਹੋਣ ਤੇ ਇਕੱਠਾ ਕੀਤਾ ਪਾਣੀ ਇਕ ਦਮ ਸੁਨਾਮੀ ਦੀ ਤਰ੍ਹਾਂ ਵਹਿ ਤੁਰਿਆ ਹੋਵੇ। ਪਾਕਿਸਤਾਨ ਨੂੰ ਤਾਂ ਉਦੋਂ ਪਤਾ ਲੱਗਾ, ਜਦੋਂ ਭਾਰਤੀ ਫੌਜ ਨੇ ਉਸ ਦੇ ਸੁੱਤੇ ਪਏ ਰੇਂਜਰਾਂ ਨੂੰ ਜਾ ਦਬੋਚਿਆ। ਜਦੋਂ ਤੱਕ ਉਸ ਨੇ ਜਲਦੀ ਨਾਲ ਹਮਲਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭਾਰਤੀ ਫੌਜ ਲਾਹੌਰ ਦੀ ਹੱਦ ਵਿਚ ਜਾ ਪਹੁੰਚੀ ਸੀ। ਭਾਰਤੀ ਫੌਜ ਦਾ ਨਿਸ਼ਾਨਾ ਇਚੋਗਿਲ ਨਹਿਰ ਤੱਕ ਪਹੁੰਚ ਕੇ ਦਮ ਲੈਣਾ ਸੀ।
ਛੇ ਸਤੰਬਰ ਸਵੇਰ ਦੇ ਦਸ ਵਜੇ ਨੂੰ ਭਾਰਤੀ ਜਵਾਨਾਂ ਨੇ ਇਹ ਨਿਸ਼ਾਨਾ ਸਰ ਕਰਦਿਆਂ ਇਚੋਗਿਲ ਨਹਿਰ ‘ਤੇ ਜਾ ਡੇਰੇ ਲਾਏ। ਇਕ ਪਾਸੇ ਤਾਂ ਭੈਣੀ ਢਿੱਲਵਾਂ ਵਾਲਾ ਪੁੱਲ ਵੀ ਕਬਜ਼ੇ ‘ਚ ਲੈ ਲਿਆ ਤੇ ਅੱਗੇ ਨਿਕਲ ਕੇ ਥਾਣਾ ਰਾਣੀਆਂ ਉਪਰ ਭਾਰਤੀ ਝੰਡਾ ਜਾ ਲਹਿਰਾਇਆ। ਇਸ ਨਾਲ ਲਾਹੌਰ ਸ਼ਹਿਰ ‘ਚ ਭੱਗਦੜ ਮੱਚ ਗਈ। ਇੱਥੋਂ ਤੱਕ ਕਿ ਯੂ. ਐਨ. ਓ. ਨੇ ਦੋਨਾਂ ਧਿਰਾਂ ਦਰਮਿਆਨ ਥੋੜ ਚਿਰੀ ਜੰਗਬੰਦੀ ਕਰਵਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਤਾਂ ਕਿ ਲਾਹੌਰ ਵਾਸੀਆਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਇਚੋਗਿਲ ਨਹਿਰ, ਪਾਕਿਸਤਾਨੀ ਫੌਜ ਦਾ ਪੱਕਾ ਮੋਰਚਾ ਹੈ ਜੋ ਕਿ ਲਾਹੌਰ ਦੀ ਹਿਫਾਜ਼ਤ ਲਈ ਚੜ੍ਹਦੇ ਵੱਲ ਭਾਰਤੀ ਸਰਹੱਦ ਵਾਲੇ ਪਾਸੇ ਬਣਾਈ ਗਈ ਸੀ।
ਹਮਲਾਵਰ ਫੌਜ ਹਮੇਸ਼ਾ ਫਾਇਦੇ ਵਿਚ ਰਹਿੰਦੀ ਹੈ, ਕਿਉਂਕਿ ਜੇ ਉਹ ਕਾਮਯਾਬ ਹੁੰਦੀ ਹੈ ਤਾਂ ਅੱਗੇ ਦੀ ਲੜਾਈ ਉਹ ਆਪਣੀ ਨੀਤੀ ਨਾਲ ਲੜਦੀ ਹੈ। ਭਾਰਤੀ ਫੌਜ ਨੂੰ ਇੱਥੇ ਇਹੀ ਫਾਇਦਾ ਰਿਹਾ। ਉਧਰ ਪਾਕਿਸਤਾਨ ਲਈ ਪੰਜਾਬ ਫਰੰਟ ਦਾ ਹਮਲਾ ਅਚਨਚੇਤ ਸੀ। ਉਸ ਨੇ ਨਹੀਂ ਸੋਚਿਆ ਸੀ ਕਿ ਭਾਰਤ ਕੌਮਾਂਤਰੀ ਹੱਦ ਪਾਰ ਕਰੇਗਾ। ਇਸ ਕਰਕੇ ਉਸ ਦੀ ਫੌਜ ‘ਚ ਹਫੜਾ-ਦਫੜੀ ਮੱਚ ਗਈ। ਕਾਹਲੀ ਨਾਲ ਲਾਹੌਰ ਛਾਉਣੀ ‘ਚੋਂ ਫੌਜ ਕੱਢ ਕੇ ਇਚੋਗਿਲ ਨਹਿਰ ਦੇ ਮੋਰਚੇ ਮੱਲੇ ਗਏ ਤਾਂ ਕਿ ਭਾਰਤੀ ਫੌਜ ਹੋਰ ਅੱਗੇ ਨਾ ਵਧ ਸਕੇ। ਉਸੇ ਸਵੇਰ ਪਾਕਿਸਤਾਨੀ ਸਦਰ ਅਯੂਬ ਖਾਨ ਨੇ ਰੇਡੀਓ ਉਪਰ ਕੌਮ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਨੇ ਇੱਧਰ ਜੰਗ ਛੇੜ ਕੇ ਬੜੀ ਗਲਤੀ ਕੀਤੀ ਹੈ ਅਤੇ ਉਸ ਦੀ ਇਸ ਗਲਤੀ ਦੀ ਸਜ਼ਾ ਪਾਕਿਸਤਾਨ ਬੜੀ ਢੁਕਵੀਂ ਦੇਵੇਗਾ। ਉਸ ਨੇ ਕਿਹਾ ਕਿ ਕੁਝ ਹੀ ਦੇਰ ਦੀ ਗੱਲ ਹੈ ਕਿ ਦਿੱਲੀ, ਪਾਕਿਸਤਾਨੀ ਫੌਜ ਦੇ ਕਬਜ਼ੇ ‘ਚ ਹੋਵੇਗੀ।
ਅਯੂਬ ਖਾਨ ਦਾ ਇਹ ਬਿਆਨ ਐਵੇਂ ਨਹੀਂ ਸੀ। ਉਸ ਕੋਲ ਦਰਅਸਲ ਰੰਗ ਦੇ ਦੋ ਪੱਤੇ ਸਨ, ਜਿਨ੍ਹਾਂ ਦੇ ਸਿਰ ‘ਤੇ ਉਸ ਨੇ ਇੱਡੀ ਵੱਡੀ ਫੜ੍ਹ ਮਾਰੀ ਸੀ। ਪਹਿਲਾ ਪੱਤਾ ਸੀ ਉਸ ਦੇ ਕਮਾਂਡੋ, ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਇਸ ਫਰੰਟ ਦੇ ਵੱਡੇ ਏਅਰਪੋਰਟ, ਪਠਾਨਕੋਟ, ਪਦਮਪੁਰ, ਹਲਵਾਰਾ ਅਤੇ ਅੰਬਾਲਾ ਵਗੈਰਾ ਉਤੇ ਛਾਤਿਆਂ ਨਾਲ ਉਤਾਰਿਆ ਗਿਆ ਤਾਂ ਕਿ ਉਹ ਇਨ੍ਹਾਂ ਏਅਰਪੋਰਟਾਂ ਨੂੰ ਨਕਾਰਾ ਕਰ ਸਕਣ। ਪਰ ਪਾਕਿਸਤਾਨ ਦੀ ਕਾਹਲੀ ਕਾਰਨ ਕੋਈ ਵੀ ਕਮਾਂਡੋ ਨਿਸ਼ਾਨੇ ‘ਤੇ ਨਾ ਪਹੁੰਚ ਸਕਿਆ। ਬਹੁਤਿਆਂ ਨੂੰ ਪੇਂਡੂ ਲੋਕਾਂ ਨੇ ਹੀ ਫੜ੍ਹ ਲਿਆ।
ਦੂਸਰਾ ਪੱਤਾ ਸੀ ਅਮਰੀਕਨ ਪੈਟਨ ਟੈਂਕ। ਇਹ ਉਸ ਵਕਤ ਦੇ ਬਹੁਤ ਕਾਮਯਾਬ ਅਤੇ ਮਾਰੂ ਟੈਂਕ ਸਨ, ਜਿਨ੍ਹਾਂ ਉਤੇ ਪਾਕਿਸਤਾਨ ਨੂੰ ਬੜਾ ਮਾਣ ਸੀ। ਇੱਧਰੋਂ ਇਚੋਗਿਲ ਨਹਿਰ ਵਾਲੇ ਪਾਸੇ ਪਾਕਿਸਤਾਨ ਨੇ ਭਾਰਤੀ ਫੌਜ ਨੂੰ ਪਿਛਾਂਹ ਧੱਕਣ ਦੀ ਥਾਂ ਇੱਥੇ ਹੀ ਪੱਕਾ ਡਿਫੈਂਸ ਬਣਾ ਕੇ ਅੱਗੇ ਦੀ ਨੀਤੀ ਕਿਸੇ ਹੋਰ ਪਾਸੇ ਬਣਾਈ। ਪਾਕਿਸਤਾਨ ਦੀ ਰਣਨੀਤੀ ਸੀ ਕਿ ਕਿਵੇਂ ਨਾ ਕਿਵੇਂ ਅੰਮ੍ਰਿਤਸਰ ਸ਼ਹਿਰ ਉਤੇ ਕਬਜ਼ਾ ਕੀਤਾ ਜਾਵੇ। ਜੇਕਰ ਉਹ ਅੰਮ੍ਰਿਤਸਰ ਕਬਜ਼ੇ ‘ਚ ਕਰ ਲੈਂਦਾ ਹੈ ਤਾਂ ਬਾਅਦ ‘ਚ ਆਪਣੇ ਢੰਗ ਨਾਲ ਮੰਗਾਂ ਮੰਨਵਾਏਗਾ। ਇਸ ਦੇ ਲਈ ਉਸ ਨੇ ਖੇਮਕਰਨ ਸੈਕਟਰ ‘ਚੋਂ ਲੰਘ ਕੇ ਅੱਗੇ ਬਿਆਸ ਦਰਿਆ ਮੱਲਣ ਦੀ ਮਨਸ਼ਾ ਬਣਾਈ। ਉਸ ਦੀ ਸੋਚ ਸੀ ਕਿ ਇਕ ਵਾਰ ਬਿਆਸ ਦਰਿਆ ਹੱਥ ਆ ਗਿਆ ਤਾਂ ਉਹ ਅੰਮ੍ਰਿਤਸਰ ਨੂੰ ਸਮੁੱਚੇ ਭਾਰਤ ਨਾਲੋਂ ਨਿਖੇੜ ਦੇਵੇਗਾ। ਇਸ ਲਈ ਪਾਕਿਸਤਾਨ ਨੇ ਆਪਣੇ ਪੈਟਨ ਟੈਂਕਾਂ ਦੀ ਪੂਰੀ ਡਿਵੀਜਨ ਨਾਲ ਖੇਮਕਰਨ ਸੈਕਟਰ ਵੱਲੋਂ ਭਰਵਾਂ ਹੱਲਾ ਬੋਲਿਆ।
ਇਹ ਹਮਲਾ ਇੰਨਾ ਜਬਰਦਸਤ ਸੀ ਕਿ ਭਾਰਤੀ ਫੌਜ ਨੂੰ ਪਿੱਛੇ ਹਟਣਾ ਪਿਆ। ਪਾਕਿਸਤਾਨ ਨੇ ਖੇਮਕਰਨ ‘ਤੇ ਕਾਬਜ਼ ਹੁੰਦਿਆਂ ਅੱਗੇ ਹੋਰ ਛੇ-ਸੱਤ ਮੀਲ ਦਾ ਇਲਾਕਾ ਕਬਜ਼ੇ ‘ਚ ਕਰ ਲਿਆ। ਇੱਥੋਂ ਪਾਕਿਸਤਾਨ ਦੀ ਨੀਤੀ ਬਿਆਸ ਦਰਿਆ ਵੱਲ ਵਧਣ ਦੀ ਸੀ। ਇਸ ਇਲਾਕੇ ਵਿਚ ਭਾਰਤੀ ਫੌਜ ਦੀ ਕਮਾਂਡ ਜਨਰਲ ਗੁਰਬਖਸ਼ ਸਿੰਘ ਕਰ ਰਿਹਾ ਸੀ ਜੋ ਕਿ ਹਰਬਖਸ਼ ਸਿੰਘ ਦਾ ਹੀ ਭਰਾ ਸੀ। ਉਹ ਵੀ ਬੜਾ ਨੀਤੀਵਾਨ ਕਮਾਂਡਰ ਸੀ। ਇੱਥੇ ਉਸ ਨੇ ਪਿਛਾਂਹ ਹਟਦਿਆਂ ਪਾਕਿਸਤਾਨੀ ਫੌਜ ਨੂੰ ਸੰਕੇਤ ਦਿੱਤਾ ਕਿ ਇੱਥੇ ਭਾਰਤੀ ਫੌਜ ਬਹੁਤ ਕਮਜ਼ੋਰ ਹੈ। ਪਾਕਿਸਤਾਨੀ ਫੌਜ ਇਸੇ ਭਰਮ ‘ਚ ਅੰਦਰ ਤੱਕ ਆ ਕੇ ਅਗਲੇ ਦਿਨ ਦੀ ਉਡੀਕ ਕਰਨ ਲੱਗੀ। ਇੱਥੇ ਭਾਰਤੀ ਫੌਜ ਨੇ ਬੜੀ ਸੁਲਝੀ ਹੋਈ ਨੀਤੀ ਬਣਾਈ। ਇਸ ਦੇ ਤਹਿਤ ਰਾਤ ਵੇਲੇ ਭਾਰਤੀ ਫੌਜ ਅਤੇ ਪਾਕਿਸਤਾਨੀ ਫੌਜ ਦੇ ਸੰਨ ਪੈਂਦੇ ਗੰਨੇ ਦੇ ਖੇਤਾਂ ‘ਚ ਪਾਣੀ ਛੱਡ ਦਿੱਤਾ। ਅਗਲੇ ਦਿਨ ਮੂੰਹ ਹਨੇਰੇ ਹੀ ਪਾਕਿਸਤਾਨੀ ਟੈਂਕਾਂ ਦੇ ਕਾਫਲੇ ਨੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਉਹ ਗੰਨੇ ਦੇ ਖੇਤਾਂ ‘ਚ ਖੁੱਭਣ ਲੱਗੇ। ਜਦੋਂ ਅਗਲੇ ਟੈਂਕ ਫਸ ਗਏ ਤਾਂ ਦੂਸਰੇ ਪਾਸਿਓਂ ਭਾਰਤੀ ਸ਼ਰਮਨ ਟੈਂਕ, ਜੋ ਪੈਟਨ ਟੈਂਕ ਦੇ ਮੁਕਾਬਲੇ ਕੁਝ ਵੀ ਨਹੀਂ ਸਨ, ਅੱਗੇ ਵਧਣ ਲੱਗੇ। ਪੈਟਨ ਟੈਂਕਾਂ ‘ਤੇ ਪਿੱਛੋਂ ਅੱਗੇ ਵਧਣ ਦਾ ਦਬਾ ਪੈ ਰਿਹਾ ਸੀ ਪਰ ਅਗਾਂਹ ਉਨ੍ਹਾਂ ਨੂੰ ਗਿੱਲੀ ਧਰਤੀ ਅਤੇ ਸ਼ਰਮਨ ਟੈਂਕਾਂ ਨੇ ਰੋਕ ਲਿਆ।
ਸ਼ਰਮਨ ਟੈਂਕ, ਅੱਗੋਂ ਆ ਰਹੇ ਪੈਟਨ ਟੈਕਾਂ ਨੂੰ ਤਬਾਹ ਕਰਨ ਲੱਗੇ। ਮੂਹਰਲੀ ਕਤਾਰ ਦੇ ਬਹੁਤੇ ਪੈਟਨ ਟੈਂਕਾਂ ਨੂੰ ਅੱਗ ਲੱਗ ਗਈ। ਇਸ ਤੋਂ ਡਰਦਿਆਂ ਪਿਛਲੇ ਬਹੁਤੇ ਟੈਂਕ ਅਫਸਰ ਆਤਮ-ਸਮੱਰਪਣ ਕਰ ਗਏ। ਦਿਨ ਛੁਪਣ ਤੱਕ ਪਾਕਿਸਤਾਨ ਦੇ ਸੌ ਦੇ ਕਰੀਬ ਟੈਂਕ ਜਾਂ ਨਕਾਰਾ ਹੋ ਚੁੱਕੇ ਸਨ ਜਾਂ ਭਾਰਤ ਦੁਆਰਾ ਹਥਿਆ ਲਏ ਗਏ ਸਨ। ਇਸ ਦੇ ਮੁਕਾਬਲੇ ਭਾਰਤ ਦੇ ਸਿਰਫ ਦਸ ਟੈਂਕ ਨੁਕਸਾਨੇ ਗਏ ਸਨ। ਉਸ ਦਿਨ ਇਸ ਜੰਗ ਦਾ ਹੀਰੋ ਹਵਾਲਦਾਰ ਅਬਦੁਲ ਹਮੀਦ ਸੀ। ਉਸ ਕੋਲ ਤਾਂ ਕੋਈ ਟੈਂਕ ਵੀ ਨਹੀਂ ਸੀ। ਉਸ ਨੇ ਆਪਣੀ ਜੀਪ ਉਪਰ ਹੀ ਐਂਟੀ ਟੈਂਕ ਗੰਨ ਬੰਨ ਕੇ ਪਾਕਿਸਤਾਨ ਦੇ ਸੱਤ ਪੈਟਨ ਟੈਂਕ ਤਬਾਹ ਕਰ ਦਿੱਤੇ। ਅਬਦੁਲ ਹਮੀਦ ਸ਼ਹੀਦ ਹੋ ਗਿਆ ਤੇ ਪਿੱਛੋਂ ਉਸ ਦਾ ਸਨਮਾਨ ਪਰਮਵੀਰ ਚੱਕਰ ਨਾਲ ਕੀਤਾ ਗਿਆ। ਉਸ ਦਿਨ ਯਾਨਿ ਬਾਰਾਂ ਸਤੰਬਰ ਨੂੰ ਦੁਨੀਆਂ ਨੇ ਬਹੁਤ ਵੱਡੀ ਟੈਂਕਾਂ ਦੀ ਲੜਾਈ ਵੇਖੀ। ਇਹ ਦੁਨੀਆਂ ਦੇ ਅੱਜ ਤੱਕ ਦੇ ਇਤਿਹਾਸ ਵਿਚ ਦੂਸਰੀ ਵੱਡੀ ਟੈਂਕ ਲੜਾਈ ਸੀ। ਇਸ ਤੋਂ ਪਹਿਲਾਂ ਦੂਸਰੇ ਮਹਾਂਯੁੱਧ ‘ਚ ਇਕੋ ਦਿਨ ਅੰਦਰ ਇੱਡੀ ਵੱਡੀ ਗਿਣਤੀ ‘ਚ ਟੈਂਕਾਂ ਦਾ ਨੁਕਸਾਨ ਹੋਇਆ ਸੀ। ਬਹੁਤ ਸਾਰੇ ਵਾਰ ਹਿਸਟੋਰੀਅਨ ਮੰਨਦੇ ਹਨ ਕਿ ਜਿਸ ਦਿਨ ਇੱਥੇ ਪਾਕਿਸਤਾਨ ਦੇ ਸੌ ਟੈਂਕ ਤਬਾਹ ਹੋ ਗਏ, ਸਮਝੋ ਉਸ ਦਿਨ ਹੀ ਉਸ ਦੀ ਹਾਰ ਨਿਸ਼ਚਤ ਹੋ ਗਈ ਸੀ। ਜਿਸ ਪਿੰਡ ਕੋਲ ਇਹ ਲੜਾਈ ਹੋਈ ਉਸ ਦਾ ਨਾਂ ‘ਆਸਲ ਉਤਾੜ’ ਸੀ, ਪਰ ਇਸ ਲੜਾਈ ਨੇ ਉਸ ਪਿੰਡ ਦਾ ਨਾਂ ਵੀ ਬਦਲ ਦਿੱਤਾ। ਮੁਕਾਮੀ ਲੋਕਾਂ ਨੇ ਇਸ ਦਾ ਨਾਂ ਅਸਲ ਉਤਰ ਰੱਖ ਦਿੱਤਾ। ਭਾਵ ਪਾਕਿਸਤਾਨ ਨੂੰ ਉਸ ਦੇ ਹਮਲੇ ਦਾ ਅਸਲ ਉਤਰ ਇਸ ਜਗ੍ਹਾ ਹੀ ਦਿੱਤਾ ਗਿਆ।
ਇਸ ਤੋਂ ਬਿਨਾ ਕੁਝ ਕੁ ਹੋਰ ਘਟਨਾਵਾਂ ਵੀ ਖੇਮਕਰਨ ਦੇ ਇਲਾਕੇ ਦੀ ਜੰਗ ਬਾਰੇ ਮਿਲਦੀਆਂ ਹਨ। ਇਕ ਇਹ ਹੈ ਕਿ ਉਸ ਵੇਲੇ ਦੇ ਭਾਰਤੀ ਆਰਮੀ ਚੀਫ ਮਿਸਟਰ ਚੌਧਰੀ ਨੇ ਡਰਦਿਆਂ ਹੋਇਆਂ ਜਨਰਲ ਹਰਬਖਸ਼ ਸਿੰਘ ਨੂੰ ਸੁਨੇਹਾ ਦਿੱਤਾ ਕਿ ਉਹ ਆਪਣੀਆਂ ਫੌਜਾਂ ਬਿਆਸ ਦਰਿਆ ਤੋਂ ਪਿੱਛੇ ਲੈ ਆਵੇ ਤਾਂ ਕਿ ਹੋਰ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਬਾਰੇ ਜਨਰਲ ਹਰਬਖਸ਼ ਸਿੰਘ ਆਪਣੀ ਸਵੈ-ਜੀਵਨੀ ਵਿਚ ਲਿਖਦਾ ਹੈ, “ਆਰਮੀ ਚੀਫ ਮਿਸਟਰ ਚੌਧਰੀ ਦਾ ਸੁਨੇਹਾ ਮਿਲਦਿਆਂ ਹੀ ਮੈਂ ਗੁੱਸੇ ‘ਚ ਆ ਗਿਆ। ਮੈਂ ਸੋਚਿਆ ਕਿ ਇਸ ਬੰਦੇ ਨੂੰ ਲੜਾਈ ਦੀ ਕੋਈ ਵੀ ਸਮਝ ਨਹੀਂ ਹੈ। ਮੈ ਉਸ ਨੂੰ ਤੁਰੰਤ ਸੁਨੇਹਾ ਭੇਜਿਆ ਕਿ ਉਹ, ਇਹ ਹੁਕਮ ਲਿਖਤੀ ਰੂਪ ‘ਚ ਭੇਜੇ। ਲਿਖਤੀ ਰੂਪ ‘ਚ ਮਿਸਟਰ ਚੌਧਰੀ ਇਹ ਮੂਰਖਤਾ ਭਰਿਆ ਹੁਕਮ ਦੇ ਨਹੀਂ ਸਕਦਾ ਸੀ। ਫਿਰ ਮੈਂ ਕਿਹਾ, ਕਿਉਂਕਿ ਇਹ ਇਕ ਟੈਕਨੀਕਲ ਆਰਡਰ ਹੈ, ਇਸ ਕਰਕੇ ਮੈਂ ਇਹ ਨਹੀਂ ਮੰਨ ਸਕਦਾ, ਜਾਂ ਫਿਰ ਉਹ ਆਪ ਮੈਦਾਨੇ ਜੰਗ ‘ਚ ਆ ਕੇ ਇਲਾਕੇ ਦਾ ਸਰਵੇਖਣ ਕਰੇ ਤੇ ਮੇਰੇ ਨਾਲ ਵਿਚਾਰ-ਵਟਾਂਦਰਾ ਕਰੇ ਅਤੇ ਫਿਰ ਕੋਈ ਅਜਿਹਾ ਹੁਕਮ ਦੇਵੇ। ਉਹ ਵਰ੍ਹਦੀਆਂ ਗੋਲੀਆਂ ‘ਚ ਆਉਣਾ ਨਹੀਂ ਸੀ ਚਾਹੁੰਦਾ, ਇਸ ਕਰਕੇ ਉਹ ਚੁੱਪ ਹੀ ਕਰ ਰਿਹਾ ਤੇ ਮੈਂ ਇਹ ਅਪਰੇਸ਼ਨ ਆਪਣੇ ਢੰਗ ਨਾਲ ਚਲਾਉਂਦਾ ਰਿਹਾ।”
ਜਨਰਲ ਹਰਬਖਸ਼ ਸਿੰਘ ਲਿਖਦਾ ਹੈ ਕਿ ਜੇ ਉਸ ਵੇਲੇ ਭਾਰਤੀ ਫੌਜਾਂ ਨੂੰ ਬਿਆਸ ਤੋਂ ਪਿੱਛੇ ਹਟਾ ਲਿਆ ਜਾਂਦਾ ਤਾਂ ਭਾਰਤ ਦੀ ਸ਼ਰਮਨਾਕ ਹਾਰ ਹੋਣੀ ਸੀ। ਇਸ ਗੱਲ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਇਕ ਕਿਤਾਬ ਵਿਚ ਕਰਦਾ ਹੈ ਕਿ ਜੇਕਰ ਆਰਮੀ ਚੀਫ ਚੌਧਰੀ ਦੀ ਮੰਨ ਲਈ ਜਾਂਦੀ ਤਾਂ ਸਮੁੱਚਾ ਪੰਜਾਬ ਹੀ ਪਾਕਿਸਤਾਨ ਦੇ ਹੱਥ ਚਲਾ ਜਾਂਦਾ। (ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਸ ਵੇਲੇ ਜਨਰਲ ਹਰਬਖਸ਼ ਸਿੰਘ ਦਾ ਏ. ਡੀ. ਸੀ. ਸੀ।)
ਓਧਰ ਛੰਭ ਸੈਕਟਰ ਵਿਚ ਪਾਕਿਸਤਾਨ ਦਾ ਹੱਥ ਅਜੇ ਵੀ ਉਪਰ ਸੀ। ਉਹ ਹਿਸਾਬ ਬਰਾਬਰ ਕਰਨ ਲਈ ਭਾਰਤ ਨੇ ਸਿਆਲਕੋਟ ‘ਤੇ ਹਮਲਾ ਕਰ ਦਿੱਤਾ ਅਤੇ ਬੜੀ ਛੇਤੀ ਉਸ ਇਲਾਕੇ ਦੇ ਮਸ਼ਹੂਰ ਪਿੰਡ ਫਿਲੌਰਾ ‘ਤੇ ਕਬਜ਼ਾ ਕਰਕੇ ਉਥੇ ਦੇ ਪੁਲਿਸ ਥਾਣੇ ‘ਤੇ ਤਿਰੰਗਾ ਲਹਿਰਾ ਦਿੱਤਾ।
ਹੁਣ ਤੱਕ ਦੋਨਾਂ ਮੁਲਕਾਂ ਦੀ ਬਹੁਤ ਬਰਬਾਦੀ ਹੋ ਚੁੱਕੀ ਸੀ। ਯੂ ਐਨ ਓ ਸ਼ੁਰੂ ਤੋਂ ਹੀ ਇਸ ਗੱਲ ‘ਤੇ ਲੱਗੀ ਹੋਈ ਸੀ ਕਿਵੇਂ ਨਾ ਕਿਵੇਂ ਇਹ ਜੰਗ ਬੰਦ ਹੋਵੇ। ਆਖਰ ਦੋਨੋਂ ਮੁਲਕ ਮੰਨ ਗਏ ਅਤੇ ਜੰਗਬੰਦੀ ਦੇ ਅਹਿਦਨਾਮੇ ਉਪਰ ਦਸਤਖਤ ਹੋ ਗਏ। ਇਸ ਤਰ੍ਹਾਂ ਇਹ ਜੰਗ ਕੁੱਲ 22 ਕੁ ਦਿਨ ਚੱਲ ਕੇ 23 ਸਤੰਬਰ 1965 ਦੇ ਸਵੇਰੇ ਸਾਢੇ ਤਿੰਨ ਵਜੇ ਬੰਦ ਹੋ ਗਈ। ਉਦੋਂ ਤੱਕ ਭਾਰਤ ਨੇ ਪਾਕਿਸਤਾਨ ਦਾ ਕਰੀਬ 1920 ਵਰਗ ਮੀਲ ਇਲਾਕਾ ਨੱਪ ਲਿਆ ਸੀ। ਪਾਕਿਸਤਾਨ ਨੇ ਵੀ ਭਾਰਤ ਦਾ ਸਾਢੇ ਪੰਜ ਸੌ ਮੀਲ ਵਰਗ ਦੇ ਕਰੀਬ ਇਲਾਕਾ ਕਬਜ਼ੇ ਹੇਠ ਕਰ ਲਿਆ ਸੀ। ਪਿੱਛੋਂ ਜਾ ਕੇ ਹੋਏ ਤਾਸ਼ਕੰਦ ਸਮਝੌਤੇ ਅਧੀਨ ਫੈਸਲਾ ਇਹ ਹੋਇਆ ਕਿ ਦੋਨਾਂ ਮੁਲਕਾਂ ਦੀਆਂ ਫੌਜਾਂ ਜਿਵੇਂ ਦੀ ਤਿਵੇਂ ਵਾਲੀ ਸਥਿਤੀ ਵਿਚ ਆ ਜਾਣ। ਭਾਵ ਜਿੱਥੇ ਦੋਨੋਂ ਮੁਲਕ ਲੜਾਈ ਤੋਂ ਪਹਿਲਾਂ ਸਨ, ਉਸੇ ਪੁਜੀਸ਼ਨ ‘ਤੇ ਆ ਜਾਣ।
ਸੁਆਲ ਹੈ ਕਿ ਫਿਰ ਇਸ ਇੱਡੀ ਵੱਡੀ ਲੜਾਈ ‘ਚੋਂ ਨਿਕਲਿਆ ਕੀ?
ਸਰਕਾਰੀ ਅੰਕੜਿਆਂ ਮੁਤਾਬਕ ਇਸ ਜੰਗ ਵਿਚ ਭਾਰਤ ਦੇ 2900 ਦੇ ਕਰੀਬ ਅਤੇ ਪਾਕਿਸਤਾਨ ਦੇ 5800 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਇਸ ਤੋਂ ਬਿਨਾ ਹਜ਼ਾਰਾਂ ਹੀ ਜ਼ਖਮੀ ਅਤੇ ਸਦਾ ਲਈ ਨਕਾਰਾ ਹੋ ਗਏ। ਜਿਹੜਾ ਅਰਬਾਂ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ, ਉਹ ਵਖਰਾ। ਪਾਕਿਸਤਾਨ ਨੇ ਇਹ ਲੜਾਈ ਸ਼ੁਰੂ ਕੀਤੀ ਸੀ, ਕਸ਼ਮੀਰ ਲੈਣ ਲਈ, ਪਰ ਕਸ਼ਮੀਰ ਉਸ ਨੂੰ ਨਾ ਮਿਲਿਆ। ਇਸ ਪਿੱਛੋਂ ਵੀ ਦੋਨਾਂ ਮੁਲਕਾਂ ਵਿਚਕਾਰ 1971 ਦੀ ਜੰਗ, ਸਿਆਚਿਨ ਅਤੇ ਫਿਰ ਕਾਰਗਿਲ ਦੀਆਂ ਜੰਗਾਂ ਹੋ ਚੁੱਕੀਆਂ ਹਨ। ਪਰ ਕਸ਼ਮੀਰ ਦਾ ਰੁਤਬਾ ਜੋ 1947-48 ਵੇਲੇ ਸੀ, ਉਹੋ ਹੈ। ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਕਸ਼ਮੀਰ ਮਸਲਾ ਕਿਸੇ ਜੰਗ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਬਲਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ।
ਇਹ ਗੱਲ ਸਮਝਦੇ ਤਾਂ ਦੋਨਾਂ ਪਾਸਿਆਂ ਦੇ ਸਿਆਸੀ ਲੋਕ ਵੀ ਹਨ ਪਰ ਕਿਉਂਕਿ ਉਨ੍ਹਾਂ ਦੇ ਜੰਗ ਵਾਲਾ ਪੈਂਤੜਾ ਠੀਕ ਬਹਿੰਦਾ ਹੈ, ਇਸ ਕਰਕੇ ਉਹ ਉਹੀ ਗੱਲ ਕਰਦੇ ਹਨ। ਦੋਨਾਂ ਮੁਲਕਾਂ ਦੇ ਕਰੋੜਾਂ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਪਰ ਉਨ੍ਹਾਂ ਦੀ ਲੋੜ ਕੋਈ ਪੂਰੀ ਨਹੀਂ ਕਰਦਾ। ਇੱਧਰ ਦੇ ਸਿਆਸਤਦਾਨ ਅਤੇ ਉਧਰ ਦੇ ਫੌਜੀ ਹੁਕਮਰਾਨ ਸਿਰਫ ਜੰਗ ਦੀ ਗੱਲ ਹੀ ਕਰਦੇ ਹਨ। ਜਦੋਂ ਹੀ ਕਿਤੇ ਸ਼ਾਂਤੀ ਹੋਣ ਲੱਗਦੀ ਹੈ ਤਾਂ ਲੀਡਰ ਡਰ ਜਾਂਦੇ ਹਨ ਕਿ ਹੁਣ ਲੋਕ ਸਾਵਧਾਨ ਹੋ ਜਾਣਗੇ ਅਤੇ ਫਿਰ ਸਾਡੇ ਕੋਲੋਂ ਹਿਸਾਬ ਮੰਗਣਗੇ। ਬੱਸ ਉਦੋਂ ਹੀ ਉਹ ਰਾਗ ਅਲਾਪਣਾ ਸ਼ੁਰੂ ਕਰ ਦਿੰਦੇ ਹਨ, ‘ਕਸ਼ਮੀਰ ਪਾਕਿਸਤਾਨ ਦਾ। ਉਹ ਇਸ ਨੂੰ ਲੈਣ ਲਈ ਆਖਰੀ ਦਮ ਤੱਕ ਲੜੇਗਾ।’ ਜਾਂ ‘ਕਸ਼ਮੀਰ ਭਾਰਤ ਦਾ ਅਨਿਖੜਵਾਂ ਅੰਗ, ਸਾਡੀਆਂ ਲਾਸ਼ਾਂ ਤੋਂ ਦੀ ਲੰਘ ਕੇ ਹੀ ਕੋਈ ਇਸ ਨੂੰ ਹਾਸਲ ਕਰ ਸਕਦਾ ਹੈ।’
ਇਹ ਸਿਰਫ ਰਾਜਨੀਤਕ ਨਾਅਰੇ ਹਨ ਜੋ ਕਿ ਲੋਕਾਂ ਨੂੰ ਵਰਗਲਾ ਰੱਖਦੇ ਹਨ। ਇਨ੍ਹਾਂ ਸਿਆਸਤਦਾਨਾਂ ਨੂੰ ਕੀ ਪਤਾ ਕਿ ਲਾਸ਼ ਤੋਂ ਲੰਘਣਾ ਕੀ ਹੁੰਦਾ ਹੈ। ਇਸ ਲਫਜ਼ ਦੀ ਪਰਿਭਾਸ਼ਾ ਉਨ੍ਹਾਂ ਲੋਕਾਂ ਨੂੰ ਪੁੱਛੋ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਜੰਗਾਂ ਦੀ ਬਲੀ ਚੜ੍ਹੇ। ਨਾਅਰੇ ਮਾਰਨੇ ਜਾਂ ਵੀਰਗਤੀ ਦੀਆਂ ਗਾਥਾਵਾਂ ਗਾਉਣੀਆਂ ਹੋਰ ਗੱਲ ਹੈ ਪਰ ਜਿਨ੍ਹਾਂ ਨੂੰ ਇਹ ਸ਼ਹੀਦੀਆਂ ਦੇਣੀਆਂ ਪੈਂਦੀਆਂ ਹਨ, ਉਨ੍ਹਾਂ ਦੇ ਸਬੰਧੀ ਹੀ ਜਾਣਦੇ ਹਨ ਕਿ ਪਿੱਛੋਂ ਪਰਿਵਾਰਾਂ ਦੀ ਦਸ਼ਾ ਕੀ ਹੁੰਦੀ ਹੈ? ਜੰਗ ਜਿੱਤਦਾ ਕੋਈ ਵੀ ਨਹੀਂ। ਸਭ ਜੰਗ ਹਾਰਦੇ ਹੀ ਹਨ। ਜਿਨ੍ਹਾਂ ਦੇ ਪੁੱਤ ਮਰਦੇ ਹਨ, ਉਹ ਭਾਵੇਂ ਜਿੱਤਣ ਵਾਲੇ ਪਾਸੇ ਹੋਣ ਜਾਂ ਹਾਰਨ ਵਾਲਿਆਂ ਵੱਲ ਹੋਣ, ਉਹ ਤਾਂ ਆਖਰ ‘ਚ ਹਾਰਦੇ ਹੀ ਹਨ। ਲੋੜ ਹੈ, ਜੰਗ ਵਿਰੁਧ ਆਵਾਜ਼ ਬੁਲੰਦ ਕਰਨ ਦੀ, ਇਕੱਠੇ ਹੋਣ ਦੀ। ਮੁਲਕਾਂ ਦੇ ਹੁਕਮਰਾਨਾਂ ਨੂੰ ਇਹ ਸਮਝਾਉਣ ਦੀ ਕਿ ਅਸੀਂ ਸੱਤਰ ਸਾਲਾਂ ਤੋਂ ‘ਜੰਗ ਜੰਗ’ ਸੁਣਦੇ ਆ ਰਹੇ ਹਾਂ। ਅਸੀਂ ਇਹ ਸਭ ਕੁਝ ਹੁਣ ਹੋਰ ਨਹੀਂ ਸਹਾਰ ਸਕਦੇ। ਜੇਕਰ ਕੁਝ ਦੇਣਾ ਹੀ ਹੈ ਤਾਂ ਸਾਨੂੰ ਸ਼ਾਂਤੀ ਨਾਲ ਰਹਿਣ ਵਾਲਾ ਵਾਤਾਵਰਣ ਦਿਉ। ਸਾਨੂੰ ਰੁਜਗਾਰ ਦਿਉ, ਸਿਹਤ ਸੇਵਾਵਾਂ ਦਿਉ, ਬੱਚਿਆਂ ਲਈ ਸਕੂਲ ਦਿਉ, ਤਾਂ ਕਿ ਅਸੀਂ ਇਕ ਦੂਜੇ ਨਾਲ ਲੜਾਈ ਰਾਹੀਂ ਮੁਕਾਬਲਾ ਕਰਨ ਦੀ ਥਾਂ ਸੁੱਖ ਆਰਾਮ ਨਾਲ ਰਹਿੰਦੇ ਹੋਏ ਇਕ ਦੂਜੇ ਦੇ ਖੈਰ-ਖੁਆਹ ਬਣੀਏ। ਇਕ ਦੂਜੇ ਦਾ ਹਥਿਆਰਾਂ ਨਾਲ ਨਹੀਂ ਸਗੋਂ ਪਿਆਰ ਭਰੀਆਂ ਗਲਵਕੜੀਆਂ ਨਾਲ ਸੁਆਗਤ ਕਰੀਏ।