ਕੇਂਦਰੀ ਸਿਆਸਤ ਦੇ ਚੌਖਟੇ ‘ਚ ਪੰਜਾਬ ਦੀ ਹੋਣੀ

-ਜਤਿੰਦਰ ਪਨੂੰ
ਪੰਜਾਬ ਦੀ ਰਾਜਨੀਤੀ ਦੀ ਤਾਣੀ ਉਲਝੀ ਪਈ ਹੈ, ਤੇ ਇਸ ਦੀ ਨਬਜ਼ ਵੇਖਣ ਦਾ ਦਾਅਵਾ ਕਰਨ ਵਾਲੇ ਬਹੁਤ ਸਾਰੇ ਵੱਡੇ ਮਾਹਰਾਂ ਦੀ ਆਸ ਤੋਂ ਵੀ ਵੱਧ ਉਲਝੀ ਪਈ ਹੈ। ਇਹ ਅੰਦਰੋ-ਅੰਦਰ ਉਬਲਦੀ ਵੀ ਪਈ ਹੈ। ਉਬਾਲੇ ਤੋਂ ਹਰ ਕੋਈ ਆਪਣੇ ਢੰਗ ਨਾਲ ਭਵਿੱਖ ਦੇ ਨਕਸ਼ ਪੜ੍ਹਨ ਦਾ ਯਤਨ ਕਰ ਰਿਹਾ ਹੈ, ਪਰ ਬਹੁਤਾ ਕੁਝ ਸਾਫ ਨਹੀਂ ਹੁੰਦਾ ਜਾਪਦਾ ਤੇ ਜੋ ਕੁਝ ਝਲਕ ਦਿੰਦਾ ਹੈ, ਉਸ ਉਤੇ ਛੇਤੀ ਕੀਤੇ ਯਕੀਨ ਕਰਨਾ ਔਖਾ ਹੈ।

ਜਦੋਂ ਅਗਲੀ ਪਾਰਲੀਮੈਂਟ ਚੋਣ ਦਾ ਸਮਾਂ ਆਉਣ ਵਿਚ ਅੱਧੇ ਸਾਲ ਨਾਲੋਂ ਕੁਝ ਦਿਨ ਉਪਰ-ਹੇਠਾਂ ਹੋਣ, ਉਸ ਵੇਲੇ ਅਜਿਹੀ ਸਥਿਤੀ ਹੋਣ ਨਾਲ ਪੰਜਾਬ ਦੇ ਲੋਕ ਹੀ ਨਹੀਂ, ਰਾਜਸੀ ਆਗੂ ਵੀ ਇਸ ਮੌਕੇ ਕੋਈ ਗੱਲ ਖੁੱਲ੍ਹ ਕੇ ਕਹਿਣ ਜੋਗੇ ਨਹੀਂ ਜਾਪਦੇ।
ਇਸ ਵਕਤ ਇੱਕ ਮੋਰਚਾ ਬਰਗਾੜੀ ਵਿਚ ਲੱਗਾ ਹੋਇਆ ਹੈ, ਜਿੱਥੇ ਬੈਠੇ ਕੁਝ ਸਿੱਖ ਆਗੂਆਂ ਦਾ ਬੋਲਣ ਦਾ ਢੰਗ ਏਦਾਂ ਦਾ ਹੈ, ਜਿਵੇਂ ਸਿੱਖੀ ਨਾਲ ਜੁੜੀ ਹੋਈ ਸਾਰੀ ਰਾਜਨੀਤੀ ਉਨ੍ਹਾਂ ਦੀ ਅੱਖ ਦਾ ਇਸ਼ਾਰਾ ਉਡੀਕਦੀ ਹੋਵੇ। ਓਦਾਂ ਸੱਚਾਈ ਇਹ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਜਣੇ ਆਪੋ-ਆਪਣੇ ਹਲਕੇ ਵਿਚ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵੀ ਲੜਨ ਜੋਗੇ ਨਹੀਂ ਤੇ ਜਦੋਂ ਕਦੀ ਉਨ੍ਹਾਂ ਵਿਚੋਂ ਕਿਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ, ਉਥੋਂ ਵੀ ਹਾਰ ਜਾਂਦੇ ਰਹੇ ਸਨ। ਜਿਸ ਪੜਾਅ ਉਤੇ ਉਨ੍ਹਾਂ ਨੇ ਆਪਣਾ ਮੋਰਚਾ ਪੁਚਾ ਲਿਆ ਹੈ, ਉਥੇ ਉਹ ਨਾ ਇਸ ਨੂੰ ਛੱਡ ਸਕਦੇ ਹਨ, ਨਾ ਬਹੁਤਾ ਚਿਰ ਚਲਾ ਸਕਦੇ ਹਨ। ਸਰਕਾਰ ਦੇ ਕੁਝ ਲੋਕਾਂ ਨੇ ਜਿੰਨੀ ਕੁ ਸ਼ਹਿ ਦਿੱਤੀ ਜਾਂ ਦੇਣ ਦਾ ਸੰਕੇਤ ਦਿੱਤਾ ਸੀ, ਉਹ ਉਨ੍ਹਾਂ ਦਾ ਭਲਾ ਕਰਨ ਵਾਲੀ ਸਾਬਤ ਨਹੀਂ ਹੋਈ। ਹਾਲਤ ਅਜ ‘ਮੈਂ ਤਾਂ ਕੰਬਲ ਨੂੰ ਛੱਡਦਾਂ, ਕੰਬਲ ਮੈਨੂੰ ਨਹੀਂ ਛੱਡਦਾ’ ਵਾਲੀ ਬਣੀ ਜਾਪਦੀ ਹੈ। ਫਿਰ ਵੀ ਕੁਝ ਲੋਕ ਸਰਕਾਰ-ਦਰਬਾਰ ਤੱਕ ਪਹੁੰਚ ਕਰਦੇ ਪਏ ਹਨ ਕਿ ਕੋਈ ਰਾਹ ਕੱਢਿਆ ਜਾਵੇ।
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ. ਐਸ਼ ਫੂਲਕਾ ਨੇ ਕਿਹਾ ਸੀ ਕਿ ਪੰਦਰਾਂ ਦਿਨਾਂ ਤੱਕ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਵਿਚ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਉਹ ਵਿਧਾਨ ਸਭਾ ਛੱਡ ਦੇਣਗੇ। ਕਾਰਵਾਈ ਕੀ ਹੋ ਸਕਦੀ ਹੈ, ਇਸ ਬਾਰੇ ਕਾਨੂੰਨੀ ਮਾਹਰ ਵੀ ਭੰਬਲਭੂਸੇ ਵਿਚ ਹਨ। ਜਿਹੜੀ ਗੱਲ ਸ਼ ਫੂਲਕਾ ਨੇ ਕਹੀ ਹੈ, ਉਹ ਬਾਕੀ ਕਾਨੂੰਨੀ ਮਾਹਰਾਂ ਦੇ ਸੰਘੋਂ ਨਹੀਂ ਉਤਰ ਰਹੀ। ਉਹ ਕਹਿੰਦੇ ਹਨ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਦੇ ਆਧਾਰ ਉਤੇ ਪੰਜਾਬ ਦੇ ਉਸ ਵਕਤ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਦੋਂ ਦੇ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਾਰਵਾਈ ਕਰਨ ਵੱਲ ਪੰਜਾਬ ਸਰਕਾਰ ਮੂੰਹ ਕਰੇ।
ਕਾਨੂੰਨੀ ਮਾਹਰ ਕਹਿੰਦੇ ਹਨ ਕਿ ਕੋਈ ਸ਼ਿਕਾਇਤਕਰਤਾ ਉਨ੍ਹਾਂ ਦੋਵਾਂ ਦੇ ਖਿਲਾਫ ਜਦੋਂ ਤੱਕ ਸਿੱਧਾ ਨਾਂ ਲੈ ਕੇ ਸ਼ਿਕਾਇਤ ਨਹੀਂ ਕਰਦਾ, ਇਹ ਕਾਰਵਾਈ ਕੀਤੀ ਨਹੀਂ ਜਾ ਸਕਦੀ ਤੇ ਜਾਂਚ ਕਮਿਸ਼ਨ ਦੀ ਸਾਰੀ ਰਿਪੋਰਟ ਇਸੇ ਤਰ੍ਹਾਂ ਦੇ ਸੰਕੇਤ ਕਰਦੀ ਹੈ। ਕਿਸੇ ਸ਼ਿਕਾਇਤਕਰਤਾ ਦਾ ਹਲਫੀਆ ਬਿਆਨ ਜਾਂ ਸਿੱਧਾ ਇਹ ਬਿਆਨ ਉਸ ਰਿਪੋਰਟ ਵਿਚ ਨਹੀਂ ਲਾਇਆ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਮੇਧ ਸਿੰਘ ਸੈਣੀ ਨੇ ਆਹ ਕੀਤਾ ਜਾਂ ਕਰਵਾਇਆ ਸੀ। ਇਸ ਆਧਾਰ ਉਤੇ ਕਾਰਵਾਈ ਸ਼ੁਰੂ ਹੁੰਦੇ ਸਾਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿਚ ਬਰੇਕਾਂ ਲੱਗ ਜਾਣਗੀਆਂ। ਪੰਜਾਬ ਦੀ ਮੌਜੂਦਾ ਸਰਕਾਰ ਚਲਾਉਣ ਵਾਲਿਆਂ ਦੀ ਇਸ ਮੋਰਚੇ ਵੱਲ ਅਗਲੇ ਕਦਮ ਦੀ ਕਿਸੇ ਦਿਸ਼ਾ ਦੀ ਸਪੱਸ਼ਟਤਾ ਵੀ ਦਿਖਾਈ ਨਹੀਂ ਦੇ ਰਹੀ ਤੇ ਕਾਨੂੰਨ ਦੀਆਂ ਏਜੰਸੀਆਂ ਵੀ ਇਸ ਬਾਰੇ ਬੁਰੀ ਤਰ੍ਹਾਂ ਵੰਡੀਆਂ ਪਈਆਂ ਹਨ।
ਪੰਜਾਬ ਵਿਚ ਹਾਲੇ ਤੱਕ ਮੁੱਖ ਤੌਰ ‘ਤੇ ਦੋ ਸਿਆਸੀ ਧਿਰਾਂ ਹੁੰਦੀਆਂ ਸਨ, ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇੱਕ ਤੀਸਰੀ ਧਿਰ ਉਭਰੀ ਤੇ ਅਕਾਲੀ ਦਲ ਨੂੰ ਪਛਾੜ ਕੇ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਗਈ। ਵਿਰੋਧ ਦੀ ਮੁੱਖ ਧਿਰ ਦਾ ਇਹੋ ਦਰਜਾ ਉਸ ਤੀਸਰੀ ਧਿਰ ਦੇ ਜੜ੍ਹੀਂ ਬੈਠਾ ਤੇ ਅੱਜ ਉਹ ਧਿਰ ਬੁਰੀ ਤਰ੍ਹਾਂ ਵੰਡੀ ਪਈ ਹੈ। ਅਗਲੀਆਂ ਚੋਣਾਂ ਤੱਕ ਇਕੱਠੇ ਹੋਣ ਦਾ ਕੋਈ ਸੰਕੇਤ ਨਹੀਂ ਮਿਲਦਾ ਤੇ ਪਾਟਕ ਦੀਆਂ ਗੱਲਾਂ ਸੁਖਪਾਲ ਸਿੰਘ ਖਹਿਰੇ ਨੂੰ ਲੁਧਿਆਣੇ ਦੇ ਬੈਂਸਾਂ ਨਾਲ ਹੱਥ ਮਿਲਾ ਕੇ ਇੱਕ ਚੌਥੀ ਧਿਰ ਖੜ੍ਹੀ ਕਰਨ ਤੱਕ ਪੁਚਾ ਰਹੀਆਂ ਜਾਪਦੀਆਂ ਹਨ। ਇਸ ਪਿੱਛੋਂ ਕਈ ਲੋਕ ਇਹ ਕਹਿਣ ਲੱਗੇ ਹਨ ਕਿ ਫਿਰ ਕਾਂਗਰਸ ਤੇ ਅਕਾਲੀਆਂ ਦੇ ਸਿੱਧੇ ਆਪਸੀ ਪੇਚੇ ਦਾ ਮਾਹੌਲ ਬਣ ਸਕਦਾ ਹੈ।
ਇਹ ਸਾਰਾ ਪ੍ਰਭਾਵ ਰਾਜਨੀਤੀ ਦੇ ਉਪਰਲੇ ਵਹਿਣ ਵਾਲਾ ਹੈ। ਇਸ ਦੇ ਹੇਠਾਂ ਹੋਰ ਵੀ ਕਈ ਕੁਝ ਵਗਦਾ ਹੋਣ ਦੇ ਸੰਕੇਤ ਮਿਲਦੇ ਪਏ ਹਨ ਤੇ ਉਹ ਸੰਕੇਤ ਕਾਂਗਰਸ ਅਤੇ ਅਕਾਲੀ ਦਲ-ਦੋਵਾਂ ਲਈ ਭਲੇ ਭਵਿੱਖ ਵਾਲੇ ਨਹੀਂ।
ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਯਾਦ ਨਹੀਂ ਰਹੀ ਕਿ ਜਦੋਂ ਪਿਛਲੀ ਵਾਰੀ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਅਤੇ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੀ ਹਾਰ ਹੋਈ ਸੀ, ਉਸ ਦੇ ਬਾਅਦ ਕੁਝ ਦਿਨ ਅਕਾਲੀ ਦਲ ਤੇ ਭਾਜਪਾ ਦੇ ਆਗੂਆਂ ਦੀ ਆਪਸੀ ਖਹਿਬਾਜ਼ੀ ਦਾ ਦੌਰ ਚੱਲਦਾ ਰਿਹਾ ਸੀ। ਉਸੇ ਖਹਿਬਾਜ਼ੀ ਕਾਰਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅਕਾਲੀਆਂ ਨੂੰ ਅੱਖਾਂ ਵਿਖਾਈਆਂ ਅਤੇ ਫਿਰ ਅੰਮ੍ਰਿਤਸਰ ਵਿਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਮੁੱਦਾ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੂੰ ਬਣਾਇਆ ਸੀ। ਇਸ ਤੋਂ ਚਿੜੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਆਉਂਦੇ ਹਨ ਤੇ ਕੇਂਦਰੀ ਫੋਰਸਾਂ ਉਸ ਦੀ ਰੋਕ ਲਈ ਕੁਝ ਨਹੀਂ ਕਰਦੀਆਂ, ਇਸ ਲਈ ਅਕਾਲੀ ਦਲ ਪਾਕਿਸਤਾਨ ਨਾਲ ਜੋੜਦੇ ਲਾਂਘਿਆਂ ਉਤੇ ਰੈਲੀਆਂ ਕਰ ਕੇ ਆਪਣੀ ਗੱਲ ਪੰਜਾਬ ਦੇ ਲੋਕਾਂ ਸਾਹਮਣੇ ਰੱਖੇਗਾ।
ਅਗਲੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਕਿ ਅਮਿਤ ਸ਼ਾਹ ਦੀ ਰੈਲੀ ਦੇ ਦਿਨ ਹੀ ਅੰਮ੍ਰਿਤਸਰ ਵਿਚ ਮੈਂ ਵੀ ਰੈਲੀ ਕਰਾਂਗਾ ਤੇ ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ ਤਾਂ ਅਮਿਤ ਸ਼ਾਹ ਆਪਣੀ ਰੈਲੀ ਰੱਦ ਕਰਨ ਲਈ ਮਜਬੂਰ ਹੋ ਗਿਆ ਸੀ। ਇਸ ਦੇ ਬਾਵਜੂਦ ਅਕਾਲੀ ਦਲ ਦੀਆਂ ਰੈਲੀਆਂ ਹੋਈਆਂ ਸਨ ਤੇ ਭਾਜਪਾ ਉਨ੍ਹਾਂ ਰੈਲੀਆਂ ਤੋਂ ਨਾ ਸਿਰਫ ਲਾਂਭੇ ਰਹੀ, ਸਗੋਂ ਇਹ ਕਹਿੰਦੀ ਰਹੀ ਕਿ ਇਹ ਰੈਲੀਆਂ ਸਾਡੇ ਪ੍ਰਧਾਨ ਅਮਿਤ ਸ਼ਾਹ ਵਿਰੁਧ ਕੀਤੀਆਂ ਜਾ ਰਹੀਆਂ ਹਨ। ਉਦੋਂ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅੰਦਰੋਂ ਚਿੜੀ ਹੋਈ ਹੈ।
ਅੱਜ ਦੇ ਹਾਲਾਤ ਵਿਚ ਜੋ ਕੁਝ ਦਿੱਲੀ ਤੋਂ ਸੁਣਨ ਨੂੰ ਮਿਲ ਰਿਹਾ ਹੈ, ਉਹ ਇਹ ਹੈ ਕਿ ਅਕਾਲੀ ਦਲ ਦੇ ਆਗੂਆਂ ਨੂੰ ਦਿੱਲੀ ਗਿਆਂ ਨੂੰ ਬਹੁਤਾ ਮੋਹ ਨਹੀਂ ਮਿਲਦਾ ਤੇ ਬਹੁਤੀ ਵਾਰੀ ਖਾਲੀ ਹੱਥ ਮੁੜ ਕੇ ਇਹ ਬਿਆਨ ਦੇਣ ਲੱਗ ਜਾਂਦੇ ਹਨ ਕਿ ਕੇਂਦਰ ਦੇ ਫਲਾਣੇ-ਫਲਾਣੇ ਆਗੂ ਨਾਲ ਸਾਡੀ ਬੜੀ ਲਾਹੇਵੰਦੀ ਗੱਲਬਾਤ ਹੋਈ ਹੈ। ਅੰਦਰੋਂ ਭਾਜਪਾ ਲੀਡਰਸ਼ਿਪ ਨੇ ਆਪਣੇ ਦੂਤ ਪੰਜਾਬ ਵਿਚ ਇਹ ਘੋਖਣ ਲਈ ਤੋਰੇ ਹੋਏ ਹਨ ਕਿ ਅਕਾਲੀ ਦਲ ਤੋਂ ਕਿਨਾਰਾ ਕਰਨ ਤੇ ਕਿਸੇ ਤੀਜੀ ਧਿਰ ਨਾਲ ਹੱਥ ਮਿਲਾ ਲੈਣ ਦਾ ਲਾਭ ਜਾਂ ਨੁਕਸਾਨ ਕਿੰਨਾ ਕੁ ਹੋਵੇਗਾ? ਇਸ ਪੱਖੋਂ ਪਿਛਲੀਆਂ ਚੋਣਾਂ ਵਿਚ ਉਭਰੀ ਤੇ ਫਿਰ ਪਾਟਦੀ ਗਈ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਦਾ ਜਨਤਕ ਆਧਾਰ ਵੀ ਟੋਹਿਆ ਜਾ ਰਿਹਾ ਹੈ।
ਇੱਕ ਖਬਰ ਇਹ ਵੀ ਸੁਣੀ ਜਾ ਰਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਦੇ ਜਲਸਿਆਂ ਵਿਚ ਹਾਜ਼ਰੀ ਉਤੇ ਭਾਜਪਾ ਦੇ ਸ਼ਹਿਰੀ ਆਗੂ ਚੋਖੀ ਦਿਲਚਸਪੀ ਨਾਲ ਅੱਖ ਰੱਖ ਰਹੇ ਹਨ ਤੇ ਇਸ ਵਿਚੋਂ ਕਈ ਤਰ੍ਹਾਂ ਦੇ ਅੰਦਾਜ਼ੇ ਵੀ ਲੱਗੇ ਸੁਣੇ ਜਾ ਰਹੇ ਹਨ। ਭਾਜਪਾ ਨੇ ਹਰਿਆਣੇ ਵਿਚ ਕਦੇ ਚੌਧਰੀ ਦੇਵੀ ਲਾਲ ਅਤੇ ਉਸ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨਾਲ ਤੇ ਕਦੀ ਉਨ੍ਹਾਂ ਦੇ ਪੱਕੇ ਵਿਰੋਧੀ ਚੌਧਰੀ ਬੰਸੀ ਲਾਲ ਨਾਲ ਗੱਠਜੋੜ ਕਰਦੇ-ਤੋੜਦੇ ਹੋਏ ਆਪਣੇ ਪੈਰ ਜਮਾਏ ਸਨ। ਇਸ ਵਕਤ ਉਸ ਦੀ ਨਜ਼ਰ ਪੰਜਾਬ ਉਤੇ ਹੈ।
ਅਕਾਲੀ ਆਗੂਆਂ ਬਾਰੇ ਪੰਜਾਬ ਵਿਚ ਇਸ ਵੇਲੇ ਜਿੱਦਾਂ ਦਾ ਮਾਹੌਲ ਹੈ, ਭਾਜਪਾ ਇਸ ਦੌਰਾਨ ਬਾਦਲ ਪਰਿਵਾਰ ਦੇ ਪੱਖ ਜਾਂ ਵਿਰੋਧ ਲਈ ਕੁਝ ਵੀ ਕਹਿਣ ਤੋਂ ਗੁਰੇਜ਼ ਕਰਦੀ ਹੋਈ ਬਿਆਸ ਤੋਂ ਨੂਰਮਹਿਲ ਤੱਕ ਦੇ ਡੇਰਿਆਂ ਨਾਲ ਤਾਰਾਂ ਜੋੜਨ ਤੇ ਸਿਆਸਤ ਦੇ ਨਵੇਂ ਫਾਰਮੂਲੇ ਅਜ਼ਮਾਉਣ ਦੀ ਸਰਗਰਮੀ ਕਰਦੀ ਦੱਸੀ ਜਾਂਦੀ ਹੈ। ਅੱਗੇ ਪੰਜਾਬ ਵਿਚ ਭਾਜਪਾ ਵਾਲੇ ਅਕਾਲੀਆਂ ਮਗਰ ਫਿਰਦੇ ਹੁੰਦੇ ਸਨ, ਅੱਜ-ਕੱਲ੍ਹ ਭਾਜਪਾ ਦਾ ਕੋਈ ਲੀਡਰ ਦਿੱਲੀ ਤੋਂ ਆਵੇ ਤਾਂ ਅਕਾਲੀ ਉਸ ਦੇ ਗੋਡੀਂ ਹੱਥ ਲਾਉਣ ਦਾ ਬਹਾਨਾ ਭਾਲਦੇ ਸੁਣੇ ਜਾਣ ਲੱਗ ਪਏ ਹਨ। ਦਿੱਲੀ ਵਿਚ ਭਾਜਪਾ ਨਾਲ ਮਿਲ ਕੇ ਚੱਲਣ ਵਾਲੇ ਦੋ ਅਕਾਲੀ ਲੀਡਰ ਵੀ ਇਸ ਵਕਤ ਪੰਜਾਬ ਵਿਚ ਚੋਖੇ ਸਰਗਰਮ ਹੋਏ ਸੁਣੇ ਜਾ ਰਹੇ ਹਨ ਤੇ ਇਹ ਸਰਗਰਮੀ ਕਿਸੇ ਖਾਸ ਮਕਸਦ ਲਈ ਹੈ।
ਇਹੋ ਜਿਹੀ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿ ਇਸ ਉਲਝਣ ਦੀ ਸਥਿਤੀ ਵਿਚ ਕੋਈ ਭਵਿੱਖ ਨਕਸ਼ਾ ਜਲਦੀ ਦਿਖਾਈ ਦੇਣ ਲੱਗ ਜਾਵੇਗਾ। ਇਸ ਵਿਚ ਹਾਲੇ ਸਮਾਂ ਲੱਗ ਸਕਦਾ ਹੈ, ਪਰ ਜੇ ਹਾਲਾਤ ਦਾ ਵਹਿਣ ਇਸੇ ਤਰ੍ਹਾਂ ਵਗਣ ਲੱਗਾ ਰਿਹਾ ਤਾਂ ਕੁਝ ਅਜਿਹਾ ਨਵਾਂ ਪੇਸ਼ ਹੋ ਸਕਦਾ ਹੈ, ਜਿਸ ਦਾ ਹਾਲ ਦੀ ਘੜੀ ਕਿਸੇ ਨੂੰ ਸੁਫਨਾ ਨਹੀਂ ਆਇਆ। ਜਿਹੜੇ ਹਾਲਾਤ ਬਣੀ ਜਾ ਰਹੇ ਹਨ, ਉਨ੍ਹਾਂ ਵਿਚ ਕਿਸੇ ਪਲ ਕੁਝ ਵੀ ਨਵਾਂ ਵਾਪਰਨ ਦੀ ਆਸ ਰੱਖੀ ਜਾ ਸਕਦੀ ਹੈ ਤੇ ਉਸ ਨਵੀਂ ਬਣਤਰ ਲਈ ਬਾਦਲਪੁਰੇ ਦੀ ਥਾਂ ਭਾਜਪਾ ਆਗੂਆਂ ਦੀਆਂ ਕਾਰਾਂ ਭੁਲੱਥ ਵੱਲ ਵੀ ਦੌੜ ਸਕਦੀਆਂ ਹਨ। ਹੈ ਨਾ ਹੈਰਾਨੀ ਵਾਲੀ ਗੱਲ, ਪਰ ਦਿੱਲੀ ਜੋ ਕੁਝ ਸੋਚਦੀ-ਗੁੰਦਦੀ ਪਈ ਹੈ, ਉਸ ਦੇ ਚੌਖਟੇ ਵਿਚ ਇਹ ਸਭ ਕੁਝ ਹੋ ਸਕਦਾ ਹੈ।