ਮੁਸਕਰਾਹਟ ਦੀ ਮਹਿੰਦੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਭੁਲੇਖਾ ਪੈਂਦਾ ਹੈ ਕਿ ਵਾਰਤਕ ਹੈ ਜਾਂ ਕਵਿਤਾ। ਡਾ. ਭੰਡਾਲ ਨੇ ਇਸ ਨਵੀਂ ਲੇਖ ਲੜੀ ਦੇ ਪਹਿਲੇ ਲੇਖ ਵਿਚ ਮੁਸਕਰਾਹਟ ਦੀਆਂ ਨਿਆਮਤਾਂ ਦੱਸੀਆਂ ਹਨ।

ਉਹ ਲਿਖਦੇ ਹਨ, “ਮੁਸਕਰਾਹਟ, ਸਰੀਰ ਦੇ ਅੰਗ-ਅੰਗ ਦਾ ਵਜਦ ਵਿਚ ਆਉਣਾ, ਪੂਰਨਤਾ ਦੀ ਲਗਨ ਦਾ ਗੁਣਗੁਣਾਉਣਾ ਅਤੇ ਸੁਖਦ-ਨਾਦ ਨੂੰ ਜੀਵਨ-ਧਰਾਤਲ ‘ਚ ਉਪਜਾਉਣਾ।…ਮੁਸਕਰਾਹਟ ਨੂੰ ਮੁਖੜੇ ਤੋਂ ਮਨਫੀ ਕਰਕੇ, ਅਸੀਂ ਸਾਹਾਂ ਨੂੰ ਸੂਲੀ ‘ਤੇ ਟੰਗਣ ਅਤੇ ਖੁਦ ਦੀ ਅਰਥੀ ਢੋਣ ਤੋਂ ਇਲਾਵਾ ਕੁਝ ਨਹੀਂ ਕੀਤਾ।” ਉਹ ਕਹਿੰਦੇ ਹਨ, “ਮੁਸਕਰਾਹਟ, ਟੁੱਟਦੇ ਸਾਹਾਂ ਲਈ ਜੀਵਨ ਦਾਨ, ਪੀੜ-ਪਰੁੱਚੇ ਰੋਗੀ ਨੂੰ ਅਰੋਗਤਾ ਦਾ ਵਰਦਾਨ, ਸੁਪਨਹੀਣ ਨੈਣਾਂ ਵਿਚ ਕਿਰਨ ਦਾ ਝਲਕਾਰਾ ਅਤੇ ਦਰ ਵੰਨੀਂ ਝਾਕਦੀਆਂ ਤੇ ਪਥਰਾਈਆਂ ਅੱਖਾਂ ‘ਚ ਪਰਦੇਸੀ ਦਾ ਪਿੰਡ ਪਰਤਣ ਦਾ ਝਉਲਾ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮੁਸਕਰਾਹਟ, ਚਾਵਾਂ ਦੀ ਫੁੱਟ ਰਹੀ ਕਰੂੰਬਲ, ਬਨੇਰੇ ‘ਤੇ ਉਗ ਰਹੀ ਸਰਘੀ, ਸੁਪਨੇ ਦੀ ਅੱਖ ਵਿਚ ਸੰਧੂਰੀ ਰੰਗਤ ਦਾ ਉਤਰਨਾ ਅਤੇ ਆਸ-ਦਰ ‘ਤੇ ਪੂਰਨਤਾ ਦੀ ਦਸਤਕ।
ਮੁਸਕਰਾਹਟ, ਮੁਖੜੇ ਦੀ ਸੰਦਲੀ ਭਾਅ, ਬੁੱਲਾਂ ‘ਤੇ ਮਿੰਨੇ ਮਿੰਨੇ ਪਲਾਂ ਦੀ ਰੁਮਕਣੀ, ਨੈਣਾਂ ‘ਚ ਪੂਰਨਤਾ ਦੀ ਚਮਕ, ਮੱਥੇ ‘ਤੇ ਚੰਨ-ਟਿੱਕੇ ਦੀ ਲਿਸ਼ਕੋਰ ਅਤੇ ਮਿੱਠੇ ਮਿੱਠੇ ਬੋਲਾਂ ਵਿਚ ਪਨਪ ਰਹੀ ਲੋਰ।
ਮੁਸਕਰਾਹਟ, ਮਨ ਦੀਆਂ ਮੁਰਾਦਾਂ ਦੀ ਮਾਨਤਾ, ਮਾਨਵੀ ਸੱਧਰਾਂ ਦੀ ਪੂਰਤੀ ਦਾ ਹਰਸ਼ ਅਤੇ ਵਕਤ-ਦਹਿਲੀਜ਼ ‘ਤੇ ਲੋਰਮਈ ਪੈੜ ਦਾ ਸੰਗੀਤ।
ਮੁਸਕਰਾਹਟ, ਸਰੀਰ ਦੇ ਅੰਗ-ਅੰਗ ਦਾ ਵਜਦ ਵਿਚ ਆਉਣਾ, ਪੂਰਨਤਾ ਦੀ ਲਗਨ ਦਾ ਗੁਣਗੁਣਾਉਣਾ ਅਤੇ ਸੁਖਦ-ਨਾਦ ਨੂੰ ਜੀਵਨ-ਧਰਾਤਲ ‘ਚ ਉਪਜਾਉਣਾ।
ਮੁਸਕਰਾਹਟ, ਮਨ ਦੀ ਮੌਜ, ਇਲਹਾਮੀ ਆਲਮ, ਮਾਨਸਿਕਤਾ ਦਾ ਬਿੰਬ, ਮਨ-ਮੰਦਿਰ ਦੀ ਅਰਾਧਨਾ ਦਾ ਪ੍ਰਗਟਾਅ ਅਤੇ ਮਨ ‘ਚ ਮਚਲਦੇ ਵਿਚਾਰਾਂ ਦਾ ਪ੍ਰਵਾਹ।
ਮੁਸਕਰਾਹਟ, ਪੱਬਾਂ ਵਿਚ ਪੈਂਡਿਆਂ ਨੂੰ ਸਰ ਕਰਨ ਦੀ ਤਮੰਨਾ, ਹੱਥਾਂ ਵਿਚ ਹਰੇਕ ਕਾਰਜ ਨੂੰ ਸੰਪੂਰਨ ਕਰਨ ਦੀ ਕਾਰਜ-ਕੁਸ਼ਲਤਾ ਅਤੇ ਕਲਮ ‘ਚੋਂ ਚੰਨ-ਤਾਰਿਆਂ ਨੂੰ ਵਰਕੇ ‘ਤੇ ਉਗਾਉਣ ਦਾ ਹੁਨਰ।
ਮੁਸਕਰਾਹਟ, ਹਰਫਾਂ ਵਿਚ ਉਗ ਰਹੀ ਅਰਥ-ਸੰਵੇਦਨਾ ਦੀ ਸੁੰਦਰਤਾ, ਬੋਲਾਂ ਵਿਚ ਯੋਗ ਭਾਵਨਾ ਦਾ ਅਦਬ ਅਤੇ ਕਾਰਜ-ਸ਼ੈਲੀ ਵਿਚ ਅਗੰਮੀ ਨਾਦ ਦਾ ਸੁਰਬੱਧ ਹੋਣਾ।
ਮੁਸਕਰਾਹਟ, ਖੁਦ ਦਾ ਖੁਦ ‘ਚੋਂ ਹੋਇਆ ਵਿਸਥਾਰ, ਖੁਦ ਵਿਚੋਂ ਉਦੈ ਹੁੰਦਾ ਸੰਚਾਰ ਅਤੇ ਇਸ ‘ਚੋਂ ਖੁਦ-ਬ-ਖੁਦ ਪ੍ਰਗਟ ਹੁੰਦਾ ਚਾਨਣ-ਸੰਸਾਰ।
ਮੁਸਕਰਾਹਟ, ਜੀਵਨ-ਰਾਹ ‘ਤੇ ਚਾਨਣੀ ਦਾ ਉਗਮਣਾ, ਇਬਾਰਤ ‘ਚੋਂ ਇਬਾਦਤ ਦੀ ਰੁਮਕਣੀ, ਸੋਚ-ਦਰਗਾਹ ਵਿਚੋਂ ਖੁਦਾਈ ਦਾ ਦਰਿਆ, ਜਿਸ ਵਿਚ ਝਿਲਮਿਲ ਕਰਦਾ ਸੂਰਜੀ ਰਮਤਾ ਵਾਲਾ ਅੱਗ ਦਾ ਗੋਲਾ।
ਮੁਸਕਰਾਹਟ, ਦੁਰਲੱਭ ਅਨੁਭਵ, ਮਨੁੱਖੀ ਸੋਚ ਵਿਚਲੀ ਸਾਕਾਰਾਤਮਕਤਾ। ਪਰ ਅਜੋਕੇ ਸਮਿਆਂ ਵਿਚ ਇਹ ਸਰੋਕਾਰਾਂ ਵਿਚੋਂ ਅਲੋਪ, ਕਰਮ-ਜਾਚਨਾ ਵਿਚ ਇਸ ਦੀ ਗੁੰਮਸ਼ੁਦਗੀ ਦਾ ਹਉਕਾ, ਬੋਲ-ਬੰਦਗੀ ਵਿਚ ਇਸ ਦਾ ਹੂਕ-ਹੁੰਗਾਰਾ, ਸ਼ਬਦ-ਸਾਧਨਾ ‘ਚੋਂ ਜਲਾਵਤਨੀ, ਮਨੁੱਖੀ ਸਬੰਧਾਂ ਅਤੇ ਸਮਾਜਕ ਤਾਣੇ-ਬਾਣੇ ਵਿਚ ਇਸ ਦੀਆਂ ਤੰਦਾਂ ਨੂੰ ਜ਼ਰਜਰੀ ਹੋਣ ਦਾ ਸੰਤਾਪ ਅਤੇ ਮਨੁੱਖੀ ਰਿਸ਼ਤਿਆਂ ਵਿਚੋਂ ਇਸ ਦੀ ਅਣਹੋਂਦ ਬਹੁਤ ਸਾਰੇ ਪ੍ਰਸ਼ਨ ਸੰਵੇਦਨਾ ਵਿਚ ਧਰ ਜਾਂਦੀ। ਪਰ ਵਿਰਲੇ ਹੀ ਸੰਵੇਦਨਾ-ਦਹਿਲੀਜ਼ ਟੱਪ, ਹਰ ਪਲ ਜਿਉਣ ਲਈ ਪ੍ਰੇਰਿਤ ਹੁੰਦੇ।
ਮੁਸਕਰਾਹਟ, ਬੌਰਿਆਂ ਹਾਰ ਵਾਲ ਖਿਲਾਰੀ, ਆਪਣੀ ਹੋਂਦ ਅਤੇ ਹਾਸਲ ਦਾ ਵਿਰਲਾਪ ਕਰਦੀ, ਅਮੁੱਲ ਸੌਗਾਤ ਮਨੁੱਖੀ ਝੋਲੀ ਵਿਚ ਪਾਉਣ ਲਈ ਕਾਹਲੀ। ਪਰ ਮਨੁੱਖ ਇਸ ਦੀ ਪੈੜਚਾਲ ਅਤੇ ਅਬੋਲਤਾ ਤੋਂ ਸੱਖਣਾ, ਖੁਦੀ ਦੇ ਸੰਤਾਪ ਵਿਚੋਂ ਹੀ ਸਾਹਾਂ ਦਾ ਵਣਜ ਕਰਦਾ।
ਮੁਸਕਰਾਹਟ, ਅਮੁੱਲ, ਅਨੰਦਦਾਇਕ, ਸੂਖਮ ਭਾਵਨਾ ਅਤੇ ਅੰਤਰੀਵ ਦੀਆਂ ਅਗੰਮੀ ਲਹਿਰਾਂ ਨਾਲ ਮਨੁੱਖ ਨੂੰ ਬਖਸ਼ਿਸ਼ਾਂ ਸੰਗ ਭਰਨ ਲਈ ਤਤਪਰ। ਪਰ ਇਸ ਦਾ ਚਾਹਵਾਨ ਹੀ ਕੋਈ ਨਹੀਂ।
ਮੁਸਕਰਾਹਟ, ਕੜਵਾਹਟ ਭਰੇ ਸੰਵਾਦ ‘ਚ ਸਹਿਮੀ, ਕੁਰਖਤ ਬੋਲਾਂ ‘ਚ ਕਰੁਣਾ ਬਣ, ਆਪਣੀ ਹੋਂਦ ਤੋਂ ਮੁਨਕਰੀ ਦਾ ਰਾਗ ਅਲਾਪਣ ਲਈ ਮਜਬੂਰ। ਮੁਸਕਰਾਹਟ ਨੂੰ ਮੁਖੜੇ ਤੋਂ ਮਨਫੀ ਕਰਕੇ, ਅਸੀਂ ਸਾਹਾਂ ਨੂੰ ਸੂਲੀ ‘ਤੇ ਟੰਗਣ ਅਤੇ ਖੁਦ ਦੀ ਅਰਥੀ ਢੋਣ ਤੋਂ ਇਲਾਵਾ ਕੁਝ ਨਹੀਂ ਕੀਤਾ। ਯਾਦ ਰੱਖਣਾ! ਮਨੁੱਖਾ ਜੀਵਨ ਸੂਲੀ ਲਟਕਦੇ ਪਲ ਨਹੀਂ ਹੁੰਦਾ। ਸਗੋਂ ਇਹ ਤਾਂ ਹਰ ਸਾਹ ਨਾਲ ਜ਼ਿੰਦਗੀ ਦੇ ਦੀਦਾਰੇ ਕਰਨ ਅਤੇ ਮੁਖੜੇ ‘ਤੇ ਸਰਘੀ ਉਗਾਉਣ ਦਾ ਨਾਮ ਹੁੰਦਾ।
ਮੁਸਕਰਾਹਟ ਦੀ ਕੇਹੀ ਤ੍ਰਾਸਦੀ ਏ ਕਿ ਇਹ ਮਨੁੱਖੀ ਕਮੀਨਗੀਆਂ, ਕੁਹਜਾਂ, ਕੁਕਰਮਾਂ ਅਤੇ ਕਾਲਖੀ ਵਰਤਾਰਿਆਂ ਵਿਚ ਵਾਸ ਕਰਦੀ, ਆਪਣੀ ਅਲੋਪਤਾ ਨੂੰ ਵੀ ਜਗ-ਜਾਹਰ ਕਰਨ ਤੋਂ ਡਰਦੀ, ਤਿੱਲ ਤਿੱਲ ਮਰਦੀ, ਖੁਦ ਨੂੰ ਅਗਨ-ਕੁੰਡ ਵਿਚ ਤਪਾਉਂਦੀ, ਸਾਹਾਂ ਦੀ ਤੰਦ ਸੋਗ ਦੇ ਤੱਕਲੇ ‘ਤੇ ਪਾਉਂਦੀ ਏ।
ਮੁਸਕਰਾਹਟ, ਆਧੁਨਿਕ ਜੀਵਨ-ਸ਼ੈਲੀ ‘ਚੋਂ ਵਿਸਾਰ, ਦੁਰਕਾਰ ਅਤੇ ਲਤਾੜ ਕੇ, ਕਬਰ ਨੂੰ ਪੁੱਟ ਰਿਹਾ ਮਨੁੱਖ, ਆਪਣਾ ਆਖਰੀ ਫਾਤਿਹਾ ਪੜ੍ਹਨ ਲਈ ਕਾਹਲਾ।
ਮੁਸਕਰਾਹਟ, ਟੁੱਟਦੇ ਸਾਹਾਂ ਲਈ ਜੀਵਨ ਦਾਨ, ਪੀੜ-ਪਰੁੱਚੇ ਰੋਗੀ ਨੂੰ ਅਰੋਗਤਾ ਦਾ ਵਰਦਾਨ, ਸੁਪਨਹੀਣ ਨੈਣਾਂ ਵਿਚ ਕਿਰਨ ਦਾ ਝਲਕਾਰਾ ਅਤੇ ਦਰ ਵੰਨੀਂ ਝਾਕਦੀਆਂ ਤੇ ਪਥਰਾਈਆਂ ਅੱਖਾਂ ‘ਚ ਪਰਦੇਸੀ ਦਾ ਪਿੰਡ ਪਰਤਣ ਦਾ ਝਉਲਾ।
ਮੁਸਕਰਾਹਟ ਵੰਡਣ ਵਾਲੇ ਚਿਹਰਿਆਂ ‘ਤੇ ਨੂਰ ਬਰਸਦਾ, ਨੈਣਾਂ ਵਿਚ ਸੁਪਨਿਆਂ ਦੀ ਸੰਪੂਰਨਤਾ ਦਾ ਜਲੌਅ, ਬੋਲਾਂ ਵਿਚ ਖੇੜਿਆਂ ਅਤੇ ਖੁਸ਼ੀਆਂ ਦਾ ਵਗਦਾ ਦਰਿਆ, ਕਦਮਾਂ ਵਿਚ ਮੰਜ਼ਿਲਾਂ ਨੂੰ ਸਰ ਕਰਨ ਦਾ ਹਠ ਅਤੇ ਉਨ੍ਹਾਂ ਦੀ ਹਰਫ-ਸਾਧਨਾ ਵਿਚ ਖੁਦੀ ਤੋਂ ਖੁਦਾ ਵੱਲ ਜਾਂਦਾ ਤਪ।
ਮੁਸਕਰਾਹਟ ਵੰਡਣਾ, ਵਿਰਲਿਆਂ ਦੀ ਕਰਮ-ਯੋਗਤਾ, ਉਨ੍ਹਾਂ ਲਈ ਵੰਡਣ ਵਿਚੋਂ ਅਸੀਮ ਖੁਸ਼ੀ ਅਤੇ ਤ੍ਰਿਪਤੀ ਦਾ ਹਾਸਲ। ਉਹ ਮਹਿਲਾਂ ਦੇ ਭਰੇ ਭੰਡਾਰਾਂ ਨੂੰ ਹੋਰ ਭਰਨ ਦੀ ਥਾਂ ਝੁੱਗੀਆਂ ਨੂੰ ਮੁਖਾਤਬ ਹੋ, ਅਰਥਹੀਣ ਬਚਪਨੇ ਨੂੰ ਸੁਯੋਗ ਮਾਰਗ ਪਾ, ਉਨ੍ਹਾਂ ਦੇ ਮੋਢਿਆਂ ‘ਤੇ ਬਸਤੇ ਧਰ ਅਤੇ ਭੁੱਖੇ ਪੇਟ ਲਈ ਰਿਜਕ ਦਾ ਸਬੱਬ ਹੁੰਦੇ। ਉਨ੍ਹਾਂ ਦਾ ਸੋਚ-ਮਾਰਗ, ਨੀਵੇਂ ਦਰਾਂ ਜਾਂ ਦਰਹੀਣ ਘਰਾਂ ਨੂੰ ਜਾਂਦਾ, ਜਿਨ੍ਹਾਂ ਦੇ ਵਿਹੜਿਆਂ ਨੂੰ ਗਰੀਬੀ ਅਤੇ ਤੰਗਦਸਤੀ ਨੇ ਹੀਣ-ਭਾਵਨਾ ਦਾ ਮੁਥਾਜ ਬਣਾ ਦਿੱਤਾ ਹੁੰਦਾ।
ਮੁਸਕਰਾਹਟ, ਅਸੀਮ, ਅਪਾਰ, ਅੰਤਰੀਵਤਾ, ਅਰਾਧਨਾ ਅਤੇ ਅਰਪਣ ਦੇ ਅਰਘ ਵਿਚੋਂ ਉਦੈ ਹੁੰਦੀ। ਮਸਤਕ-ਅੰਬਰ ਨੂੰ ਚੌਦਵੀਂ ਦੇ ਚੰਨ ਦਾ ਸ਼ਗਨ ਪਾ, ਕਿਰਮਚੀ ਕਿਰਨਾਂ ਦਾ ਕਾਫਲਾ ਬਣਦਾ।
ਮੁਸਕਰਹਾਟ ਦੀ ਮਹੱਤਤਾ ਨੂੰ ਸਮਝਣ ਲਈ, ਜਿੰ.ਦਗੀ ਦੇ ਅਰਥਾਂ ਨੂੰ ਵਿਸ਼ਾਲਣਾ ਪਵੇਗਾ। ਵਿਦੇਸ਼ ਵਿਚ ਵਿਚਰਦਿਆਂ ਹਰੇਕ ਵਿਅਕਤੀ ਮੁਸਕਰਾਉਂਦੇ ਚਿਹਰੇ ਨਾਲ ਤੁਹਾਡਾ ਸੁਆਗਤ ਕਰਦਾ, ਤੁਹਾਡੀ ਆਮਦ ਨੂੰ ਧੰਨਭਾਗੀ ਬਣਾਉਂਦਾ। ਅੱਧਾ ਰੋਗ ਤਾਂ ਮੁਸਕਰਾਹਟਾਂ ਬਿਖੇਰਦੀ ਨਰਸ ਜਾਂ ਡਾਕਟਰ ਦੀ ਮੁਸਕਰਾਹਟ ਹੀ ਕੱਟ ਦਿੰਦੀ। ਕਿਸੇ ਵੀ ਦਫਤਰ ਵਿਚ ਜਾਓ, ਮੁਸਕਰਾਹਟ ਰੱਤੇ ਚਿਹਰੇ ਤੁਹਾਡੀ ਰੂਹ ਨੂੰ ਖੇੜਿਆਂ-ਰੱਤੀ ਕਰ ਦੇਣਗੇ। ਵਿਦਿਆਰਥੀਆਂ ਦੀ ਮੁਸਕਰਾਹਟ ਤੁਹਾਨੂੰ ਤਰੰਗਤ ਕਰ, ਤੁਹਾਡੇ ਜੀਵਨ ਮੱਥੇ ‘ਤੇ ਉਚਮ ਅਤੇ ਸੁੱਚਮ ਮਕਸਦ ਦੀ ਮਹਿੰਦੀ ਲਾ, ਤੁਹਾਡੀ ਤਰਜ਼ੀਹਾਂ ਅਤੇ ਤਸ਼ਬੀਹਾਂ ਨੂੰ ਸੁਪਨਗੋਈ ਕਰਦੀ ਨਵੀਆਂ ਪੈੜਾਂ ਦਾ ਮਾਰਗੀ ਬਣਾ ਦਿੰਦੀ ਹੈ। ਸੈਰ ਕਰਦਿਆਂ ਮਿਲਣ ਵਾਲੇ ਦੀ ਮੁਸਕਰਾਹਟ ਫਿਜ਼ਾ ਨੂੰ ਮਾਨਵੀ-ਮਹਿਕ ਨਾਲ ਲਬਰੇਜ਼ ਕਰਦੀ। ਘੁੱਟੇ-ਵੱਟੇ ਚਿਹਰੇ ਅਤੇ ਮੱਥੇ ਦੀਆਂ ਤਿਉੜੀਆਂ ਨਾਲ ਮਿਲਣ ਜਾਂ ਮਿਲਣ ‘ਤੇ ਮੂੰਹ ਭੁਵਾ ਕੇ ਪਾਸਾ ਵੱਟਣ ਦੇ ਕੀ ਅਰਥ ਹੋ ਸਕਦੇ ਨੇ? ਇਹ ਕਿਹੜੀ ਤਹਿਜ਼ੀਬ ਦਾ ਆਧਾਰ ਕਹੇ ਜਾ ਸਕਦੇ ਨੇ? ਨਵੀਂ ਤਹਿਰੀਕ, ਤਹਿਜ਼ੀਬ ਅਤੇ ਤਰਜ-ਏ-ਜ਼ਿੰਦਗੀ ‘ਚ ਆ ਕੇ ਨਵਾਂ ਸਿੱਖਣ ਦੇ ਚਾਹਵਾਨ ਜ਼ਿੰਦਗੀ ਨੂੰ ਸੱਜਰੀਆਂ ਪੈੜਾਂ ਨਾਲ ਵਿਸ਼ਾਲਦੇ, ਨਵੀਆਂ ਕਿਰਤ-ਕਾਮਨਾਵਾਂ ਨੂੰ ਕੀਰਤੀਯੋਗ ਬਣਾਉਂਦੇ ਨੇ।
ਮੁਸਕਰਾਹਟ, ਮਨੁੱਖ ਦਾ ਉਹ ਮਾਨਵੀ ਗੁਣ ਜੋ ਮਨੁੱਖੀ ਸ਼ਖਸੀਅਤ ਨੂੰ ਮਹਾਤਮ ਬਖਸ਼, ਇਸ ਦੀਆਂ ਬਰਕਤਾਂ ਵਿਚੋਂ ਮਾਨਵਤਾ ਦਾ ਮੁਹਾਂਦਰਾ ਲਿਸ਼ਕਾਣ ਅਤੇ ਬੰਦਿਆਈ ਦਾ ਮਾਰਗੀ ਬਣਾਉਣ ਲਈ ਬਹੁਤ ਕੁਝ ਬਖਸ਼ਦਾ।
ਮੁਸਕਰਾਹਟ, ਨਿਆਮਤਾਂ ਵਿਚੋਂ ਸਭ ਤੋਂ ਮਹਿੰਗੀ ਪਰ ਵੰਡਣ ਲਈ ਸਭ ਤੋਂ ਸਸਤੀ। ਕੁਝ ਨਹੀਂ ਖਰਚ ਹੁੰਦਾ ਪਰ ਪ੍ਰਾਪਤ ਕਰਨ ਵਾਲਾ ਇਸ ਨਾਲ ਮਾਲਾਮਾਲ ਹੋ, ਜ਼ਿੰਦਗੀ ਦੀ ਅਸੀਸ, ਅਸ਼ੀਰਵਾਦ, ਆਸਥਾ ਅਤੇ ਅਰਾਧਨਾ ਰਾਹੀਂ ਨਵੀਆਂ ਧਰਾਤਲਾਂ ਅਤੇ ਅਸੀਮ ਸੰਭਾਵਨਾਵਾਂ ਤਲਾਸ਼ਦਾ।
ਮੁਸਕਰਾਹਟ ਵੰਡਣਾ, ਕਰਮਯੋਗੀਆਂ ਦੀ ਬੰਦਨਾ। ਕਿਸੇ ਨੂੰ ਵੀ ਮਿਲਣ ‘ਤੇ ਅਸੀਂ ਮੁਸਕਰਾਹਟ ਵੰਡ ਸਕਦੇ ਹਾਂ ਜਾਂ ਉਸ ਦੀ ਝੋਲੀ ਹੰਝੂਆਂ ਨਾਲ ਭਰ ਸਕਦੇ ਹਾਂ। ਇਹ ਮਨੁੱਖ ‘ਤੇ ਨਿਰਭਰ ਕਰਦਾ ਕਿ ਉਸ ਨੇ ਮਿਲਣ ਵਾਲੇ ਨੂੰ ਮੁਸਕਰਾਹਟ ਨਾਲ ਲਬਾ-ਲੱਬ ਕਰਨਾ ਜਾਂ ਉਸ ਦੇ ਸਾਹਾਂ ਨੂੰ ਹੰਝੂਆਂ ਦੇ ਖਾਰੇਪਣ ਨਾਲ ਗਾਲਣਾ ਏ।
ਮੁਸਕਰਾਹਟ, ਆਸ ਵੀ ਤੇ ਵਿਸ਼ਵਾਸ ਵੀ, ਚਾਅ ਦੀ ਚਹਿਕਣੀ ਵੀ ਤੇ ਉਮਾਹ ਦੀ ਉਮੰਗ ਵੀ, ਭਾਵਨਾਵਾਂ ਦੀ ਭਰਪੂਰਤਾ ਵੀ ਤੇ ਕਾਮਨਾਵਾਂ ਦੀ ਕਿਰਮਚੀ ਕਿਰਨ ਵੀ, ਪੁਰਨਤਾ ਦੀ ਲਗਨ ਵੀ ਤੇ ਸੁਪਨਿਆਂ ਦਾ ਸੰਦਲੀ ਸਫਰਨਾਮਾ ਵੀ, ਰਿਸ਼ਤਿਆਂ ਵਿਚਲੀ ਸੁਗੰਧ ਵੀ ਤੇ ਸਬੰਧਾਂ ਵਿਚਲਾ ਖੁਲਾਸਪੁਣਾ ਵੀ, ਖਿੜੀ ਗੁਲਜ਼ਾਰ ਵੀ ਅਤੇ ਨਵੀਆਂ ਲਗਰਾਂ ਦਾ ਕੂਲਾ ਸੰਸਾਰ ਵੀ, ਬਿਰਖ-ਬਾਬਿਆਂ ਦੇ ਮੁੱਖ ‘ਤੇ ਨਵੀਆਂ ਪਿਰਤਾਂ ਤੇ ਪਗਡੰਡੀਆਂ ਦਾ ਪ੍ਰਗਟਾਅ ਵੀ ਅਤੇ ਹੋਰ ਚੰਗੇਰੇ ਰਾਹਾਂ ਨੂੰ ਅਪਨਾਉਣ ਦਾ ਚਾਅ ਵੀ।
ਮੁਸਕਰਾਹਟ ਵੰਡਣ ਵਾਲੇ ਲੋਕ, ਧੰਨਤਾ ਦੇ ਵਾਰਸ। ਉਹ ਸ਼ਬਦ ਲੰਗਰ ਲਾਉਂਦੇ, ਹਰਿਆਲੀ-ਹਮਜੋਲਤਾ ਉਪਜਾਉਂਦੇ, ਜੋਤਹੀਣ ਨੈਣਾਂ ਵਿਚ ਚਾਨਣ ਦਾ ਜਾਗ ਲਾਉਂਦੇ, ਕਿਰਤ-ਕਰਮ ਦੀ ਜਾਚਨਾ ਨੂੰ ਸਮਿਆਂ ਦੇ ਨਾਮ ਲਾਉਂਦੇ।
ਮੁਸਕਰਾਹਟ, ਮਹਾਨ ਵਿਅਕਤੀਆਂ ਦਾ ਸੁੱਚਾ ਹਾਸਲ। ਉਨ੍ਹਾਂ ਦੇ ਦਗਦੇ ਚਿਹਰੇ ਦਾ ਜਲਾਲ, ਨਿਮੀ ਨਿਮੀ ਮੁਸਕਰਾਹਟ ਦਾ ਕਮਾਲ। ਉਨ੍ਹਾਂ ਦੇ ਬੋਲਾਂ ਤੋਂ ਕਿਰਦੇ ਫੁੱਲਾਂ ਦੀ ਸੁਗੰਧੀ ਚੌਗਿਰਦੇ ਨੂੰ ਹਾਂ-ਪੱਖੀ ਭਾਵਨਾ ਨਾਲ ਲਬਰੇਜ਼ ਕਰ, ਉਤਮ ਖਿਆਲਾਂ, ਸੋਚਾਂ ਨੂੰ ਜੀਵਨ ਰੰਗ ਦੇ ਨਾਮ ਕਰ ਜਾਂਦੀ। ਇਸੇ ਲਈ ਮਹਾਂ ਪੁਰਖਾਂ ਦੀ ਸੰਗਤ ਵਿਚੋਂ ਕੁਝ ਪ੍ਰਾਪਤ ਕਰਨ ਦੇ ਚਾਹਵਾਨ ਆਪਣੀਆਂ ਝੋਲੀਆਂ ਭਰ, ਇਕ ਸੰਤੁਲਤ ਅਤੇ ਸੋਹਣਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਹੁੰਦੇ। ਉਨ੍ਹਾਂ ਦੀ ਆਭਾ ਵਿਚ ਧੁਆਂਖੀ ਸੋਚ, ਮੁਰਝਾਏ ਮੁਖੜੇ, ਸਾਹਸੱਤਹੀਣ ਪੱਬ, ਅਲਸਾਏ ਹੱਥ ਅਤੇ ਸੁਪਨਹੀਣ ਨੇਤਰਾਂ ਨੂੰ ਨਵੀਂ ਦੁਨੀਆਂ, ਨਵੀਂ ਸੁਪਨ-ਸਾਜ਼ੀ ਅਤੇ ਨਵੀਆਂ ਸੱਚ-ਸੰਭਾਵਨਾਵਾਂ ਪ੍ਰਤੀ ਸਮਰਪਣ ਹੋਣ ਦਾ ਸ਼ਰਫ ਹਾਸਲ ਹੁੰਦਾ।
ਮੁਸਕਰਾਹਟ ਵਿਚੋਂ ਹੀ ਪੈਦਾ ਹੁੰਦਾ ਮਨੁੱਖੀ ਸੋਚ ਵਿਚ ਕੁਝ ਚੰਗੇਰਾ ਕਰਨ ਦਾ ਵਿਚਾਰ, ਵਰਕਿਆਂ ਨੂੰ ਦੀਵਿਆਂ ਦੀ ਸਰਜ਼ਮੀਂ ਬਣਾਉਣ ਦਾ ਆਧਾਰ ਅਤੇ ਘਰ ਹੀਣ ਘਰਾਂ ਨੂੰ ਫਿਰ ਤੋਂ ਘਰ ਬਣਾਉਣ ਦਾ ਸੁਘੜ-ਜੁਗਾੜ। ਘਰ, ਘਰ ਹੀ ਨਹੀਂ ਰਹਿੰਦਾ ਜਦ ਘਰ ‘ਚੋਂ ਮੁਸਕਰਾਹਟ ਨੂੰ ਬੇਵਾ ਕਰ ਦਿੱਤਾ ਜਾਵੇ ਅਤੇ ਇਸ ਦੀ ਰੂਹ ਨੂੰ ਖਿਝ, ਕੜਵਾਹਟ ਅਤੇ ਕੂੜ-ਕਬਾੜੇ ਨਾਲ ਭਰ ਦਿੱਤਾ ਜਾਵੇ। ਮੁਸਕਰਾਹਟ ਲਈ ਦਰ-ਦਰਵਾਜਿਆਂ ‘ਤੇ ਪਾਣੀ ਡੋਲੋ ਅਤੇ ਚੁਗਾਠ ‘ਤੇ ਸੁ.ਭ-ਆਮਦ ਦਾ ਤੇਲ ਚੋਵੋ, ਜ਼ਿੰਦਗੀ ਨੂੰ ਨਵੇਂ ਅਰਥਾਂ ਦਾ ਅਹਿਸਾਸ ਅਤੇ ਅਭਾਸ ਹੋਵੇਗਾ।
ਮੁਸਕਰਾਹਟ, ਸਮਿਆਂ ਦੀ ਵਹਿੰਗੀ ਦਾ ਗਹਿਣਾ। ਇਸ ਦੀ ਜੂਹੇ ਸੋਚ ਦਾ ਉਗਣਾ ਅਤੇ ਵਿਹੜੇ ਚਾਨਣ ਦੀ ਨੈਂਅ ਵਹਿਣਾ। ਇਸ ਦੇ ਸੁਗਮ-ਸੁਨੇਹੇ ਜਦ ਹੋਠਾਂ ਦੀ ਲੈਂਦੇ ਸਾਰ ਤਾਂ ਜੀਵਨ ਦਿਸਹੱਦਿਆਂ ਦਾ ਹੁੰਦਾ ਅਸੀਮਤ ਵਿਸਥਾਰ। ਮੁਸਕਰਾਹਟ ਦੀ ਮਮਤਾ ਦਿੰਦੀ, ਹਾਸੇ, ਠੱਠੇ ਤੇ ਖੇੜੇ। ਇਸ ਦੀ ਆਮਦ ਕਰਦੀ ਵੱਸਦੇ, ਉਜੜੇ ਹੋਏ ਵਿਹੜੇ। ਇਸ ਦੀ ਬੋਲੀ ਜਦ ਕੋਈ ਰਸੀਆ ਸਮਝੇ ਤੇ ਅਪਨਾਵੇ, ਤਾਂ ਉਹ ਜ਼ਿੰਦਗੀ ਦੇ ਭਵ-ਸਾਗਰ ਵਿਚੋਂ ਤਰੇ ਤੇ ਲੋਕ ਤਰਾਵੇ। ਇਕ ਮੁਸਕਰਾਹਟ ਦਾ ਹਾਣੀ ਜਿਹੜਾ ਧਨ-ਅੰਬਾਰ ਬਣਾਵੇ, ਉਹ ਜੀਵਨ ਰਹਿਮਤਾਂ ਦਾ ਚਿਰਾਗ ਜਗਾਵੇ।
ਮੁਸਕਰਾਹਟ ਦੀ ਮਹਿੰਦੀ ਜਦ ਤੁਹਾਡੀ ਸੋਚ, ਕਰਮ ਅਤੇ ਜੀਵਨ ਸ਼ੈਲੀ ਦੀਆਂ ਤਲੀਆਂ ਨੂੰ ਸ਼ਿੰਗਾਰਦੀ ਤਾਂ ਆਦਮ-ਝੋਲੀ ਵਿਚ ਸੱਤੇ ਖੈਰਾਂ ਪੈਂਦੀਆਂ ਅਤੇ ਜ਼ਿੰਦਗੀ ਨੂੰ ਯੁੱਗ ਜਿਉਣ ਦਾ ਵਰ ਮਿਲਦਾ।
ਜਦ ਕੋਈ ਮੁਸਕਾਨ, ਮਕਾਣ ਦਾ ਰੂਪ ਵਟਾਵੇ ਤਾਂ ਸਮਿਆਂ ਦਾ ਸੰਤਾਪ ਬਣ ਜਾਵੇ। ਜਦ ਕੋਈ ਮੁਸਕਾਨ, ਹਉਕੇ ਦੀ ਸੱਦ ਬਣ ਜਾਵੇ ਤਾਂ ਘਰਾਂ ਦੀ ਤਾਮੀਰਦਾਰੀ ਵਿਚ ਸਿਉਂਕ ਉਪਜਾਵੇ। ਜਦ ਆਪਣਾ ਹੀ ਮੁਸਕਾਨ ਨੂੰ ਵੈਣਾਂ ਦੀ ਵਹਿੰਗੀ ਬਣਾਵੇ ਤਾਂ ਜ਼ਿੰਦਗੀ ਦੇ ਅਰਥਾਂ ਦਾ ਅਨਰਥ ਹੋ ਜਾਵੇ। ਜਦ ਮੁਕਸਾਨ ਦੇ ਹੋਠਾਂ ‘ਤੇ ਕੋਈ ਚੁੱਪ ਦਾ ਜੰਦਰਾ ਲਾਵੇ ਤਾਂ ਬੋਲਾਂ ਦੀ ਰੂਹ ਅਣਿਆਈ ਮੌਤੇ ਮਰ ਜਾਵੇ।
ਮੁਸਕਾਨ ਕੁਦਰਤ ਦਾ ਅਨਮੋਲ ਤੋਹਫਾ ਜੋ ਵੰਡਣ ‘ਤੇ ਵਧਦਾ, ਸੀਮਤ ਹੁੰਦਿਆਂ ਵੀ ਅਸੀਮਤਾ ਦਾ ਅਹਿਸਾਸ ਮਨੁੱਖੀ ਮਨ ਵਿਚ ਪੈਦਾ ਕਰਦਾ। ਇਸ ਦੀ ਦੁਰਲੱਭਤਾ ਨੂੰ ਲੱਭਤਾ ਵਿਚ ਤਬਦੀਲ ਕਰਨਾ, ਮਨੁੱਖ ਦੇ ਵੱਸ।
ਮੁਸਕਾਨ, ਨਿਆਸਰਿਆਂ ਨੂੰ ਆਸ, ਹਾਰਿਆਂ ਲਈ ਜਿੱਤ-ਵਿਸ਼ਵਾਸ, ਅਸਾਧ ਰੋਗਾਂ ਲਈ ਦੁਆ ਤੇ ਦਵਾ ਅਤੇ ਨਿਤਾਣਿਆਂ ਦੇ ਨੈਣਾਂ ਵਿਚ ਜਿਉਣ ਦਾ ਚਾਅ।
ਮੁਸਕਰਾਹਟ, ਕਈ ਵਾਰ ਉਦਾਸੀ ਦੀ ਪਰਤ ਵਿਚੋਂ ਵੀ ਝਲਕਦੀ। ਪਰ ਇਸ ਉਦਾਸੀ ਨੂੰ ਸਿਰਫ ਦਿਲਾਂ ਦੀ ਜਾਣਨ ਵਾਲੇ ਹੀ ਜਾਣ ਸਕਦੇ। ਕਿੰਨੇ ਕਰੀਬ ਹੁੰਦੇ ਨੇ ਉਹ ਦਿਲਬਰ ਜੋ ਤੁਹਾਡੀ ਉਦਾਸੀ ਨੂੰ ਮੁਸਕਾਨ ਦਾ ਨਾਮ ਦਿੰਦੇ। ਪਰ ਸਭ ਤੋਂ ਅਜ਼ੀਮ ਹੁੰਦੇ ਨੇ ਉਹ ਕਰੀਬੀ ਜੋ ਤੁਹਾਡੀ ਮੁਸਕਰਾਹਟ ਵਿਚੋਂ ਹੀ ਉਦਾਸੀ ਦੀਆਂ ਪਰਤਾਂ ਫਰੋਲਦੇ ਤੁਹਾਡੀ ਤਲੀ ‘ਤੇ ਚਾਅ-ਚਿਰਾਗ ਧਰ ਜਾਂਦੇ।
ਮੁਸਕਰਾਹਟ, ਦੁਆ, ਅਸੀਸ ਅਤੇ ਹੱਲਾਸ਼ੇਰੀ ਜਿਹੇ ਵਰਦਾਨ, ਜੋ ਵੰਡਦਿਆਂ ਵੀ ਭਰੇ ਭੰਡਾਰਿਆਂ ਦਾ ਅਹਿਸਾਸ, ਮਨੁੱਖੀ ਤਰਜੀਹ ਬਣਿਆ ਰਹਿੰਦਾ।
ਮੁਸਕਰਾਉਣ ਦੀ ਆਦਤ ਪਾ ਸੱਜਣਾ, ਜੀਵਨ ਨੂੰ ਸਾਰਥਕ ਬਣਾ ਸੱਜਣਾ। ਕਦੇ ਸ਼ੀਸ਼ੇ ‘ਚ ਖੁਦ ਨੂੰ ਨਿਹਾਰ ਸੱਜਣਾ ਅਤੇ ਚਿਹਰੇ ‘ਤੇ ਆਈ ਮੁਸਕਾਨ ਵਿਸਥਾਰ ਸੱਜਣਾ। ਸਵੇਰੇ ਉਠ ਕੇ ਆਰਸੀ ਵਿਚ ਆਪਣਾ ਮੁਸਕਰਾਉਂਦਾ ਚਿਹਰਾ ਦੇਖੋ। ਹੱਸਦੇ ਚਿਹਰੇ ਨਾਲ ਦਿਨ ਦੇ ਹਰ ਰੰਗ ਨੂੰ ਮਾਣੋ। ਫਿਰ ਰਾਤ ਨੂੰ ਮੁਸਕਰਾਉਂਦੇ ਚਿਹਰੇ ਨਾਲ ਦਿਨ ਨੂੰ ਅਲਵਿਦਾ ਅਤੇ ਰਾਤ ਨੂੰ ਖੁਸ਼ਆਮਦੀਦ ਕਹੋ, ਚਿਹਰੇ ਦਾ ਤਣਾਅ ਗਾਇਬ ਹੋ ਜਾਵੇਗਾ। ਇਸ ਦੀ ਤਾਜ਼ਗੀ ਅਤੇ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ। ਇਸ ਚਮਕ ਵਿਚੋਂ ਹੀ ਤਾਰਿਆਂ ਦੀ ਤ੍ਰਿਸ਼ਨਾ ਤੁਹਾਡੀ ਤਮੰਨਾ ਬਣ ਜਾਵੇਗੀ।
ਮੁਸਕਰਾਹਟ, ਕਈਆਂ ਲਈ ਜ਼ਿੰਦਾਦਿਲੀ ਪਰ ਕਈਆਂ ਦੀ ਮਜਬੂਰੀ। ਕੁਝ ਲਈ ਮਖੌਟਾ ਅਤੇ ਕੁਝ ਲਈ ਕਸਤੂਰੀ। ਕੁਝ ਲਈ ਗਲ ਦਾ ਗਹਿਣਾ ਪਰ ਕੁਝ ਲਈ ਗਲ ਪਈ ਜੰਜੀਰ। ਕੁਝ ਲਈ ਹੇਰਵੇ ਦਾ ਰੁਦਨ ਪਰ ਕੁਝ ਲਈ ਉਚ ਦਾ ਪੀਰ। ਇਹ ਹਰੇਕ ਵਿਅਕਤੀ ਦੇ ਨਜ਼ਰੀਏ ‘ਤੇ ਨਿਰਭਰ।
ਮੁਸਕਰਾਹਟ ਜਦ ਮੁਸੀਬਤਾਂ ਵਿਚ ਜ਼ਿੰਦਗੀ ਦਾ ਸਾਥ ਬਣਦੀ, ਤਿੜਕੇ ਸੁਪਨਿਆਂ ਲਈ ਢਾਰਸ ਅਤੇ ਚੌਰਸਤੇ ਦੇ ਧੁੰਦਲਕੇ ‘ਚ ਰਾਹਾਂ ਲਈ ਚਾਨਣ ਸਿਰਨਾਵਾਂ ਬਣਦੀ ਤਾਂ ਮੁਸਕਰਾਹਟ ਕਰਮ-ਕਾਮਨਾ ਦਾ ਕਮਾਲ ਬਣਦੀ।
ਮੁਸਕਰਾਹਟ ਜ਼ਿੰਦਗੀ ਦਾ ਅਜਿਹਾ ਮੋੜ ਜੋ ਤੁਹਾਡੀ ਜ਼ਿੰਦਗੀ ਨੂੰ ਸਪੱਸ਼ਟਤਾ, ਸਮਰਪਣ ਅਤੇ ਸਫਲਤਾ ਬਖਸ਼ ਮਾਨਵੀ ਸਰੋਕਾਰਾਂ ਨਾਲ ਓਤਪੋਤ ਕਰਦਾ।
ਮੁਸਕਰਾਹਟ, ਜਦ ਜ਼ਿੰਦਗੀ ਤੋਂ ਹਾਰੇ ਮਨੁੱਖ, ਸੁਪਨਿਆਂ ਦੀ ਤਿੜਕਣ ਹੰਢਾ ਰਹੇ ਦੀਦਿਆਂ ਜਾਂ ਬੇਆਸਰਿਆਂ ਦਾ ਮੁਹਾਂਦਰਾ ਚਮਕਾਉਂਦੀ ਤਾਂ ਨਵੀਆਂ ਮੰਜ਼ਿਲਾਂ ਤੇ ਨਵੇਂ ਉਦਮਾਂ ਦਾ ਸੂਰਜ, ਚੇਤਨਾ ਵਿਚ ਅੰਗੜਾਈ ਲੈਂਦਾ ਅਤੇ ਸਫਲਤਾਵਾਂ ਅਜਿਹੇ ਵਿਅਕਤੀਆਂ ਦੇ ਕਦਮਾਂ ਵਿਚ ਵਿਛਦੀਆਂ।
ਮੁਸਕਰਾਹਟ, ਮਾਂਗਵੀ ਨਾ ਹੋਵੇ ਸਗੋਂ ਸੱਚੀ ਸੁੱਚੀ ਹੋਵੇ। ਇਸ ਦੀ ਆਭਾ ਨੂੰ ਜ਼ਿੰਦਗੀ ਦਾ ਹਾਸਲ ਹੋਵੇ ਅਤੇ ਇਸ ਦੀਆਂ ਸੰਭਾਵਨਾਵਾਂ ਵਿਚੋਂ ਸੁੱਚਮ ਅਤੇ ਸਿਦਕ-ਭਾਵਨਾ ਨੂੰ ਸਲਾਮ।
ਮੁਸਕਰਾਹਟ ਨੂੰ ਮਾਣੋ। ਇਸ ਵਿਚੋਂ ਹੀ ਜੀਵਨ ਦੇ ਸੁਰਖ ਰੰਗਾਂ ਨੂੰ ਜਾਣੋ। ਇਨ੍ਹਾਂ ਵਿਚੋਂ ਛਣ ਕੇ ਆਉਂਦੀ ਰੌਸ਼ਨੀ ‘ਚ ਅੰਤਰੀਵ ਨੂੰ ਪਛਾਣੋ, ਤੁਹਾਨੂੰ ਖੁਦ ‘ਤੇ ਹੀ ਨਾਜ਼ ਹੋਵੇਗਾ।
ਮੁਸਕਰਾਹਟ ਵੰਡੋ, ਇਸ ਦੀ ਅਸੀਮ ਕਰਤਾਰੀ ਸ਼ਕਤੀ ਸਮਿਆਂ ਨੂੰ ਸੰਭਾਵਨਾਵਾਂ, ਸੁੱਚਮਤਾ ਅਤੇ ਸੁਪਨਿਆਂ ਨਾਲ ਭਰ ਦੇਵੇਗੀ। ਤੁਸੀਂ ਆਪਣੀ ਸੋਚ-ਜੂਹ ਨੂੰ ਮੁਸਕਰਾਹਟ ਦਾ ਖਜਾਨਾ ਬਣਾਉਣਾ ਏ ਜਾਂ ਹੰਝੂਆਂ ਦੀ ਝੀਲ ਦਾ ਰੂਪ ਦੇਣਾ ਏ, ਇਹ ਤਾਂ ਨਿੱਜ ‘ਤੇ ਨਿਰਭਰ ਪਰ ਮੁਸਕਰਾਹਟ ਦੀ ਫਸਲ ਵਿਚੋਂ ਹੀ ਖੁਸ਼ੀਆਂ ਅਤੇ ਖੇੜਿਆਂ ਦੇ ਭੜੋਲੇ ਭਰ ਜਾਂਦੇ ਨੇ, ਜਿਨ੍ਹਾਂ ਦੀ ਹਾਜਰੀ ਹੀ ਬੰਦੇ ਨੂੰ ਜਿਉਣ ਜੋਗਾ ਕਰ ਜਾਂਦੀ ਏ।