ਸਾਹਿਬੁ ਰਹਿਆ ਭਰਪੂਰਿ

ਬਲਜੀਤ ਬਾਸੀ
ਸਾਹਿਬ ਸ਼ਬਦ ਭਾਰਤ ਦੀਆਂ ਲਗਭਗ ਸਾਰੀਆਂ ਆਰਿਆਈ ਤੇ ਗੈਰਆਰਿਆਈ ਭਾਸ਼ਾਵਾਂ ਵਿਚ ਮਿਲਦਾ ਹੈ। ਮੈਂ ਤਾਂ ਕਹਾਂਗਾ ਕਿ ਬਹੁਤ ਸਾਰੀਆਂ ਏਸ਼ਿਆਈ, ਅਫਰੀਕੀ ਤੇ ਯੂਰਪੀ ਭਾਸ਼ਾਵਾਂ ਵਿਚ ਵੀ ਇਸ ਸ਼ਬਦ ਨੇ ਮਾਰ ਕੀਤੀ ਹੈ। ਕੁਝ ਇਕ ਵਿਚ ਇਸ ਦੇ ਲਿਖਤੀ ਰੂਪ ਹਨ: ਬੰਗਲਾ: ਸਾਹੀਬ; ਤਾਮਿਲ: ਸਾਹੀਪ; ਗੁਜਰਾਤੀ: ਸਾਹੇਬ; ਮਲਿਆਲਮ: ਸਾਹੀਬਾ; ਸਿੰਧੀ: ਸਾਹਾਬ; ਸਿੰਨਹਾਲੀ: ਹਾਯਬ। ਉਚਾਰਣ ਵਜੋਂ ਪੰਜਾਬੀ ਵਿਚ ਇਸ ਦੇ ਕੁਝ ਭੇਦ ਸਾਅਬ, ਸਾਬ, ਸੈਹਬ, ਸਾਹਾਬ, ਸਾਬਜੀ ਹਨ ਪਰ ਸਭ ਤੋਂ ਪ੍ਰਚਲਿਤ ਉਚਾਰਣ ਸਾਅਬ ਹੀ ਹੈ।

ਇਹ ਸ਼ਬਦ ਸਦੀਆਂ ਤੋਂ ਇਨ੍ਹਾਂ ਭਾਸ਼ਾਵਾਂ ਵਿਚ ਚਲਦਾ ਰਿਹਾ ਹੈ। ਤੇਰ੍ਹਵੀਂ ਸਦੀ ਦੇ ਪੰਜਾਬੀ ਕਵੀ ਬਾਬਾ ਫਰੀਦ ਦੇ ਸਲੋਕਾਂ ਵਿਚ ਇਸ ਦੀ ਮੌਜੂਦਗੀ ਹੈ, ‘ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ’, ‘ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ’ ਆਦਿ। ਇਸ ਪਿਛੋਂ ਭਗਤ ਕਬੀਰ ਅਤੇ ਭਗਤ ਨਾਮਦੇਵ ਦੀਆਂ ਬਾਣੀਆਂ ਵਿਚ ਵੀ ਇਹ ਸਾਹਿਬ ਸੁਣਾਈ ਦਿੰਦਾ ਹੈ, Ḕਸੋ ਸਾਹਿਬੁ ਰਹਿਆ ਭਰਪੂਰਿ ਸਦਾ ਸੰਗਿ ਨਾਹੀ ਹਰਿ ਦੂਰਿ॥ (ਭਗਤ ਕਬੀਰ) ਅਤੇ ‘ਸਾਹਿਬੁ ਸੰਕਟਵੈ ਸੇਵਕੁ ਭਜੈ ਨਾਮਦੇਵ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ॥Ḕ ਗੁਰੂ ਨਾਨਕ ਸਮੇਤ ਲਗਭਗ ਸਾਰੇ ਗੁਰੂਆਂ ਨੇ ਸਾਹਿਬ ਦੀ ਟੇਕ ਲਈ ਹੈ।
ਸਾਹਿਬ ਸ਼ਬਦ ਆਮ ਤੌਰ ‘ਤੇ ਮਾਲਕ, ਸਵਾਮੀ, ਸਾਂਈਂ ਜਿਹੇ ਅਰਥਾਂ ਵਿਚ ਵਰਤਿਆ ਮਿਲਦਾ ਹੈ। ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਵੀ ਇਹ ਵਧੇਰੇ ਤੌਰ ‘ਤੇ ਕਿਸੇ ਸਨਮਾਨਯੋਗ ਵਿਅਕਤੀ, ਵੱਡੇ ਅਫਸਰ, ਹਾਕਮ, ਪਦਅਧਿਕਾਰੀ ਲਈ ਸੰਬੋਧਕ ਦੇ ਤੌਰ ‘ਤੇ ਵਰਤਿਆ ਜਾਂਦਾ ਹੈ, ਸਮਝੋ Ḕਸ਼੍ਰੀਮਾਨ ਜੀḔ, ḔਜਨਾਬḔ ਜਿਹੇ ਭਾਵਾਂ ਨਾਲ। ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਘਰ ਦਾ ਸਾਹਿਬ ਹੈ, ਭਾਵੇਂ ਉਸ ਦਾ ਨੌਕਰ ਜਾਂ ਬੀਵੀ ਉਸ ਨੂੰ ਸਾਹਿਬ ਜਾਂ ਸਾਹਿਬ ਜੀ ਕਹਿ ਕੇ ਪੁਕਾਰਨ। ਸਾਹਿਬ ਸ਼ਬਦ ਦੀ ਦੂਸਰੀ ਵਰਤੋਂ ਕਿਸੇ ਸਨਮਾਨਯੋਗ ਜਾਂ ਪੂਜਣਯੋਗ ਵਿਅਕਤੀ ਦੇ ਨਾਂ ਅੱਗੇ ਪਿਛੇਤਰ ਵਜੋਂ ਹੈ।
ਸਾਹਿਬ ਅਰਬੀ ਅਸਲੇ ਦਾ ਲਫਜ਼ ਹੈ, ਜਿੱਥੋਂ ਇਹ ਫਾਰਸੀ ਵਿਚ ਗਿਆ ਤੇ ਸ਼ਾਇਦ ਉਥੋਂ ਸਾਡੀਆਂ ਭਾਸ਼ਾਵਾਂ ਵਿਚ ਆਇਆ। ਗੌਰਤਲਬ ਹੈ ਕਿ ਅਰਬੀ ਵਿਚ ਸਾਹਿਬ ਦਾ ਮੁੱਖ ਅਰਥ ਸਾਥੀ, ਸੰਗੀ, ਦੋਸਤ, ਮਿੱਤਰ, ਸਹਿਯੋਗੀ ਅਤੇ ਨਾਲ ਹੀ, ਚੇਲਾ, ਪਿਛਲੱਗ, ਅਨੁਯਾਈ, ਅਨੁਗਾਮੀ ਆਦਿ ਹੈ। ਇਹ ਖਾਸ ਤੌਰ ‘ਤੇ ਹਜ਼ਰਤ ਮੁਹੰਮਦ ਦਾ ਸਾਥ ਦਿੰਦੇ ‘ਚਾਰ ਯਾਰਾਂ’-ਅਬੂ ਬਕਰ, ਉਮਰ, ਉਸਮਾਨ ਅਤੇ ਅਲੀ ਲਈ ਵਰਤਿਆ ਜਾਂਦਾ ਹੈ, ਜੋ ਬਾਅਦ ਵਿਚ ਉਸ ਦੇ ਉਤਰਾਧਿਕਾਰੀ (ਖਲੀਫੇ) ਬਣੇ।
ਅਲਫਲੈਲਾ ਵਿਚ ਵਜ਼ੀਰ ਲਈ ਸਾਹਿਬ ਨਾਂਮਾਤਰ ਵਰਤਿਆ ਗਿਆ ਹੈ। ਸਾਹਿਬ ਸ਼ਬਦ ਵਿਚ ਮਾਲਕ, ਸੁਆਮੀ, ਧਾਰਕ, ਵਾਲਾ, ਰੱਖਣ ਵਾਲਾ, ਕਰਤਾ, ਆਦਿ ਦੇ ਅਰਥ ਇਸ ਅੱਗੇ ਕੋਈ ਹੋਰ ਸਬੰਧਸੂਚਕ ਸ਼ਬਦ ਲੱਗ ਕੇ ਹੀ ਆਉਂਦੇ ਹਨ। ਅਰਬੀ ਭਾਸ਼ਾ ਵਿਚ ਇਸ ਦੀ ਵਰਤੋਂ ਦੀਆਂ ਕੁਝ ਮਿਸਾਲਾਂ ਲੈਂਦੇ ਹਾਂ, ਸਾਹਿਬ-ਅਲਅਮਰ ਹੁੰਦਾ ਹੈ ਹਾਕਮ, ਮਾਲਿਕ, ਸੁਆਮੀ, ਨਿਰੰਕੁਸ਼; ਸਾਹਿਬ-ਅਲ-ਬੋਖਾਰ ਹੁੰਦਾ ਹੈ, ਜਹਾਜ਼ ਮਾਲਿਕ। ਇਸ ਤੋਂ ਅੱਗੇ ਇਹ ਸ਼ਬਦ ਕੋਈ ਗੁਣ ਰੱਖਣ ਵਾਲਾ ਅਰਥਾਤ ਧਾਰਕ ਦਾ ਅਰਥ ਵੀ ਦਿੰਦਾ ਹੈ।
ਸਾਹਿਬ ਸ਼ਬਦ ḔਸਹਬḔ (ਸੁਆਦ ਹੇ ਦਾਲ) ਤੋਂ ਬਣਿਆ ਹੈ ਜਿਸ ਵਿਚ ਸੰਗੀ ਹੋਣ, ਨਾਲ ਜੁੜਨ ਆਦਿ ਦੇ ਭਾਵ ਹਨ। ਸੰਗੀ ਤੁਹਾਡੇ ਨਾਲ ਦਾ ਵੀ ਹੈ, ਤੁਹਾਡੇ ਅੱਗੇ ਦਾ ਵੀ ਹੈ ਤੇ ਪਿਛੇ ਦਾ ਵੀ। ਅਕਸਰ ਸਾਡਾ ਪ੍ਰਛਾਵਾਂ ਸਾਡੇ ਨਾਲ ਵੀ ਹੁੰਦਾ ਹੈ, ਅੱਗੇ ਵੀ ਹੁੰਦਾ ਹੈ ਤੇ ਪਿਛੇ ਵੀ ਪਰ ਹਮੇਸ਼ਾ ਸਾਡੇ ਨਾਲ ਜੁੜਿਆ ਹੁੰਦਾ ਹੈ। ਸਾਹਿਬ ਕੁਝ ਇਸ ਤਰ੍ਹਾਂ ਹੀ ਹੈ। ਤੁਹਾਡਾ ਸੰਗੀ ਤੁਹਾਡਾ ਸਹਾਈ ਹੈ, ਇਸ ਲਈ ਤੁਹਾਡਾ ਦੋਸਤ ਵੀ ਹੈ, ਤੁਹਾਡੇ ਅੱਗੇ ਪਿੱਛੇ ਚੱਲਣ ਵਾਲਾ ਵੀ ਤੇ ਉਦਾਤ ਰੂਪ ਵਿਚ ਤੁਹਾਡਾ ਮਾਲਕ, ਸਾਈਂ ਵੀ। ਸੰਗੀ ਹੋਣ ਤੋਂ ਸਾਹਿਬ ਦਾ ਅਰਥ ਰੱਖਣ ਵਾਲਾ, ਵਾਲਾ, ਪਾਤਰ, ਧਾਰੀ, ਦਾਰ ਖਾਸ ਤੌਰ ‘ਤੇ ਕੋਈ ਪਦਧਾਰੀ ਵੀ ਹੋ ਜਾਂਦਾ ਹੈ, ਮਿਸਾਲ ਵਜੋਂ ਪ੍ਰਧਾਨ ਮੰਤਰੀ ਨੂੰ ਸਾਹਿਬ ਅਲਦੌਲਾ (ਦੌਲਾ=ਦੇਸ਼) ਕਿਹਾ ਜਾਂਦਾ ਹੈ; ਸਾਹਿਬ ਅਲਮਾਲੀ ਕੈਬਨਿਟ ਦਾ ਮੰਤਰੀ; ਸਾਹਿਬ ਅਲ ਸ਼ਬੂਹਤ ਸ਼ੱਕੀ ਆਦਮੀ; ਸਾਹਿਬ ਅਲਫਿਕਰਹ ਕਿਸੇ ਵਿਚਾਰ ਦੇ ਮੋਢੀ ਹੁੰਦੇ ਹਨ।
ਅਰਬੀ ਵਿਚ ਸਾਹਿਬ ਦਾ ਇਸਤਰੀ ਲਿੰਗ ਸਾਹਿਬਾ ਜਾਂ ਸਵਾਹਿਬ ਹੈ। ਸਾਹਿਬਾ ਦਾ ਬਹੁਵਚਨ ਸਾਹਿਬਤ ਅਤੇ ਸਵਾਹਬ ਹੈ। ਮਿਸਾਲ ਵਜੋਂ ‘ਸਾਹਿਬਾ ਅਲਜਲਾਲ’ ਸ਼੍ਰੀਮਤੀ ਹੈ; ‘ਸਾਹਿਬਾ ਅਲਇਸਮਾ’ ਵੱਡੇ ਨਾਂ ਵਾਲੀ ਇਸਤਰੀ ਹੈ। ਸਾਹਿਬ ਤੋਂ ਬਣੇ ਮਸਹੂਬ ਦਾ ਅਰਥ ਹੈ ਸੰਗ ਚੱਲ ਰਹੇ, ਜੋਟੀਦਾਰ, ਨਾਲ ਜੁੜੇ ਆਦਿ।
ਫਾਰਸੀ ਵਿਚ ਇਸ ਸ਼ਬਦ ਦੇ ਅਰਥ ਲਗਭਗ ਅਰਬੀ ਵਾਲੇ ਹੀ ਰਹਿੰਦੇ ਹਨ ਪਰ ਇਸ ਦੀ ਵਰਤੋਂ ਵਧੇਰੇ ਤੌਰ ‘ਤੇ ਮਾਲਕ, ਸੁਆਮੀ ਦੇ ਤੌਰ ‘ਤੇ ਹੋ ਜਾਂਦੀ ਹੈ, ਜਿਸ ਨੂੰ ਅਸੀਂ ਪੰਜਾਬੀ ਵਿਚ ਵਾਲਾ, ਦਾਰ ਜਾਂ ਧਾਰੀ ਆਦਿ ਪਿਛੇਤਰ ਲਾ ਕੇ ਪ੍ਰਗਟਾਉਂਦੇ ਹਾਂ। ਮਿਸਾਲ ਵਜੋਂ ਗੁਣਧਾਰਕ ਦੇ ਅਰਥ ਵਜੋਂ ‘ਸਾਹਬੇ ਸਲੀਕਾ’ ਅਰਥਾਤ ਸਲੀਕੇਦਾਰ; ‘ਸਾਹਬੇ ਇਤਬਾਰ’, ਇਤਬਾਰੀ, ਇਤਬਾਰ ਵਾਲਾ, ‘ਸਾਹਿਬੇ ਜਮਾਲ’ ਖੂਬਸੂਰਤ, ਹੁਸਨ ਵਾਲਾ, ‘ਸਾਹਬੇ ਖ਼ੈਰ’ ਖਰਾਇਤੀ, ਦਾਨੀ, ‘ਸਾਹਬੇ ਗ਼ਰਜ਼’, ਗ਼ਰਜ਼ ਵਾਲਾ, ਸੁਆਰਥੀ, ‘ਸਾਹਬੇ ਤਸਦੀਕ’ ਤਸਦੀਕ ਕਰਨ ਵਾਲਾ, ‘ਸਾਹਬੇ ਸਰਮਾਇਆ’ ਸਰਮਾਏਦਾਰ, ‘ਸਾਹਬ ਖ਼ਾਨਹ’ ਘਰ ਦਾ ਮਾਲਿਕ, ਘਰਵਾਲਾ, ਸਾਹਬਜ਼ਾਦਾ, ਪਿਆਰ ਸਤਿਕਾਰ ਨਾਲ ਸਪੁੱਤਰ। ਸਾਹਬਜ਼ਾਦਾ ਦਾ ਮਤਲਬ ‘ਸਾਹਬ ਦਾ ਪੁਤਰ’ ਨਹੀਂ ਬਲਕਿ ਅਜਿਹਾ ਜ਼ਾਦਾ (ਜਾਇਆ) ਜਿਸ ਨੂੰ ਪਿਆਰ ਸਤਿਕਾਰ ਵਜੋਂ ਸਾਹਿਬ ਕਿਹਾ ਗਿਆ ਹੈ।
ਪੰਜਾਬੀ ਵਿਚ ਸਾਹਿਬ ਸ਼ਬਦ ਬਹੁਤਾ ਮਾਲਕ, ਧਾਰਕ, ਵਾਲਾ ਆਦਿ ਵਾਂਗੂੰ ਦੂਜੇ ਸ਼ਬਦ ਦੇ ਨਾਲ ਇੱਕ ਪਿਛੇਤਰ ਵਾਂਗ ਨਹੀਂ ਲਗਦਾ ਸਿਵਾਏ ਕੁਝ ਉਨ੍ਹਾਂ ਸ਼ਬਦਾਂ ਦੇ, ਜੋ ਸਿਧੇ ਫਾਰਸੀ ਤੋਂ ਪੰਜਾਬੀ ਵਿਚ ਅਪਨਾ ਲਏ ਗਏ ਹੋਣ। ਮਿਸਾਲ ਵਜੋਂ ਗੁਰੂ ਗੋਬਿੰਦ ਸਿੰਘ ਨੂੰ ‘ਸਾਹਿਬੇ ਕਮਾਲ’ (ਸੰਪੂਰਨ ਗੁਣਾਂ ਵਾਲਾ) ਕਿਹਾ ਜਾਂਦਾ ਹੈ। ਇਸੇ ਤਰ੍ਹਾਂ ‘ਸਾਹਿਬੇ ਹੈਸੀਅਤ’ ਹੈ ਜਿਸ ਦਾ ਅਰਥ ਹੋਇਆ ਹੈਸੀਅਤ ਵਾਲਾ ਅਰਥਾਤ ਕਹਿੰਦਾ ਕਹਾਉਂਦਾ, ਪਤਵੰਤਾ।
ਇੰਜ ਲਗਦਾ ਹੈ ਕਿ ਸਿੱਖੀ ਵਿਚ ਸਾਹਿਬ ਘਰ ਹੀ ਕਰ ਚੁਕਾ ਹੈ। ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਨਾਲ ਭਰਪੂਰ ਹੋਇਆ ਪਿਆ ਹੈ। ਸਭ ਗੁਰੂਆਂ, ਕਈ ਭਗਤਾਂ ਅਤੇ ਭੱਟਾਂ ਨੇ ਸਾਹਿਬ ਨੂੰ ਬਹੁਤ ਚੁੱਕਿਆ ਹੈ। ਕਹਿਣ ਦਾ ਮਤਲਬ ਕਿ ਗੁਰਬਾਣੀ ਵਿਚ ਸਾਹਿਬ ਪ੍ਰਭੂ-ਪਰਮਾਤਮਾ ਦਾ ਰੁਤਬਾ ਹਾਸਿਲ ਕਰ ਗਿਆ ਕਿਉਂਕਿ ਪਰਮਾਤਮਾ ਨੂੰ ਇਕ ਮਾਲਿਕ ਦੇ ਤੌਰ ‘ਤੇ ਕਲਪਿਆ ਗਿਆ ਹੈ। ਗੁਰੂਆਂ ਭਗਤਾਂ ਨੇ ਅਨੇਕਾਂ ਵਾਰੀ ਇਸ ਦੀ ਵਰਤੋਂ ਸੱਚਾ/ਸਾਚਾ ਸਾਹਿਬ, ਸਾਹਿਬ ਸੱਚਾ, ਵੱਡਾ ਸਾਹਿਬ, ਨਿਰਮਲ ਸਾਹਿਬ, ਮੇਰਾ ਸਾਹਿਬ ਆਦਿ ਸ਼ਬਦ-ਜੁੱਟਾਂ ਵਜੋਂ ਕੀਤੀ ਹੈ, ‘ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ॥’ (ਗੁਰੂ ਨਾਨਕ)। ਇਕ ਜਗਹ ਪਾਤਿਸਾਹਬੁ ਵਜੋਂ ਹੋਈ ਇਸ ਦੀ ਵਰਤੋਂ ਅਦੁੱਤੀ ਹੈ। ਸੰਬੋਧਕ ਵਜੋਂ ਸਾਹਿਬਾ ਸ਼ਬਦ ਵੀ ਮਿਲਦਾ ਹੈ, ‘ਸਚੇ ਦੀਨ ਦਇਆਲ ਮੇਰੇ ਸਾਹਿਬਾ ਸਚੇ ਮਨੁ ਪਤੀਆਵਣਿਆ॥’ (ਗੁਰੂ ਨਾਨਕ)। ‘ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ’ ਵਿਚ ਭਾਵੇਂ ਅਰਥ ਪਤੀ ਵਾਲਾ ਹੈ ਪਰ ਭਾਵਅਰਥ ਮਾਲਿਕ ਹੀ ਹੈ। ਭੱਟਾਂ ਨੇ ਸਾਹਿਬ ਸ਼ਬਦ ਗੁਰੂਆਂ ਦੀ ਵਡਿਆਈ ਵਿਚ ਵਰਤ ਕੇ ਉਨ੍ਹਾਂ ਨੂੰ ਖੁਦਾ ਬਣਾ ਦਿੱਤਾ, ‘ਸਿਰੀ ਗੁਰੂ ਸਾਹਿਬੁ ਸਭ ਊਪਰਿ॥’ ਭਗਤ ਕਬੀਰ ਨੇ ḔਸਾਹਿਬੀḔ ਸ਼ਬਦ ਸਰਦਾਰੀ ਦੇ ਅਰਥਾਂ ਵਿਚ ਲਿਆ ਹੈ, ‘ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ॥’
ਗੁਰੂ ਕਾਲ ਪਿਛੋਂ ਸਿੱਖ ਸੰਦਰਭ ਵਿਚ ਸਾਹਿਬ ਸ਼ਬਦ ਨੇ ਹੋਰ ਪਸਾਰਾ ਕੀਤਾ ਹੈ। ਇਸ ਦੌਰਾਨ ਇਹ ਗੁਰੂਆਂ ਦੇ ਨਾਂਵਾਂ ਅੱਗੇ ਜਿਵੇਂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ; ਬਾਣੀਆਂ ਦੇ ਨਾਂ ਅੱਗੇ ਜਿਵੇਂ ਜਪੁਜੀ ਸਾਹਿਬ, ਸੁਖਮਣੀ ਸਾਹਿਬ, ਚੌਪਈ ਸਾਹਿਬ; ਗੁਰਦੁਆਰਿਆਂ ਦੇ ਨਾਂਵਾਂ ਅੱਗੇ ਜਿਵੇਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਬ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ, ਦਾਤਣ ਸਾਹਿਬ, ਇਥੋਂ ਤੱਕ ਕਿ ਕਿਸੇ ਵੀ ਗੁਰਦੁਆਰੇ ਨੂੰ ਗੁਰਦੁਆਰਾ ਸਾਹਿਬ ਕਿਹਾ ਜਾਣ ਲੱਗਾ।
ਗੁਰੂਆਂ ਨਾਲ ਸਬੰਧਤ ਇਤਿਹਾਸਕ-ਮਿਥਿਹਾਸਕ ਥਾਂਵਾਂ ਦੇ ਨਾਂਵਾਂ ਪਿਛੇ ਵੀ ਸਤਿਕਾਰ ਤੇ ਸ਼ਰਧਾ ਵਜੋਂ ਇਹ ਸ਼ਬਦ ਜੋੜਿਆ ਗਿਆ ਹੈ ਜਿਵੇਂ ਅਨੰਦਪੁਰ ਸਾਹਿਬ, ਨਨਕਾਣਾ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ, ਚੋਹਲਾ ਸਾਹਿਬ, ਹੇਮਕੁੰਟ ਸਾਹਿਬ, ਮਨੀਕਰਨ ਸਾਹਿਬ ਆਦਿ। ਵਿਅਕਤੀ ਨਾਂ ਵੀ ਸਾਹਿਬ ਹੁੰਦੇ ਹਨ ਜਿਵੇਂ ‘ਸੌ ਸਾਖੀ’ ਦਾ ਲਿਖਣ ਵਾਲਾ ਸਾਹਿਬ ਸਿੰਘ। ਗੁਰੂ ਗੋਬਿੰਦ ਸਿੰਘ ਦੇ ਸਪੁੱਤਰਾਂ ਨੂੰ ਸਾਹਿਬਜ਼ਾਦੇ ਕਿਹਾ ਜਾਣ ਲੱਗਾ।
ਪੰਜਾਬੀ ਦੇ ਕਿੱਸਾ ਅਤੇ ਸੂਫੀ ਸਾਹਿਤ ਵਿਚ ਸਾਹਿਬ ਸ਼ਬਦ ਦੀ ਵਰਤੋਂ ਮਿਲਦੀ ਹੈ। ਬੁੱਲੇ ਸ਼ਾਹ ਫੁਰਮਾਉਂਦੇ ਹਨ, ‘ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ।’ ਪਰ ਵਾਰਿਸ ਸ਼ਾਹ ਨੇ ਸਾਹਿਬ ਦੇ ਬਹੁਵਚਨ ਅਸਹਾਬ ਦਾ ਦੂਹਰਾ ਬਹੁਵਚਨ ਬਣਾ ਦਿੱਤਾ,
ਮਾਅਸ਼ੂਕ ਨੂੰ ਬੇਪਰਵਾਹ ਕਰਕੇ
ਵਾਏ ਆਸ਼ਕਾਂ ਰਾਤ ਬੇਖਾਬੀਆਂ ਜੀ।
ਅਲੀ ਜੇਹਿਆਂ ਨੂੰ ਕਤਲ ਗੁਲਾਮ ਕੀਤਾ
ਖਬਰ ਹੋਈ ਨਾ ਮੂਲ ਅਸਹਾਬੀਆਂ ਜੀ।
ਸ਼ਾਹ ਮੁਹੰਮਦ ਨੇ ਸੰਗੀ ਸਾਥੀ, ਦਰਬਾਰੀ ਆਦਿ ਦੇ ਅਰਥਾਂ ਵਾਲਾ ਮੁਸਾਹਿਬ ਸ਼ਬਦ ਵਰਤਿਆ ਹੈ,
ਪਿੱਛੇ ਰਾਜ ਬੈਠੀ ਰਾਣੀ ਚੰਦ ਕੌਰਾਂ
ਦੇਂਦੇ ਆਇ ਮੁਸਾਹਿਬ ਦਲੇਰੀਆਂ ਨੀ।
ਤੇ ਨਜਾਬਤ ਨੇ ਵੀ,
ਮੁਸਾਹਬ ਤੇ ਚੋਰ ਕਚਹਿਰੀਆਂ,
ਲਾ ਬਹਿਣ ਦਿਵਾਨਾ।
ਰਲ ਸਿਫਲੇ ਕਰਨ ਮਜਲਸਾਂ
ਅਦਲ ਇਨਸਾਫ ਗਿਆ ਸੁਲਤਾਨਾ।
ਫਾਰਸੀ ਸ੍ਰੋਤਾਂ ਅਨੁਸਾਰ ਫਾਰਸੀ ਵਿਚ ਗੋਰੇ ਫਰੰਗੀਆਂ ਪ੍ਰਤੀ ਅਧੀਨਗੀ ਅਤੇ ਖੁਸ਼ਾਮਦੀ ਸਤਿਕਾਰ ਵਜੋਂ ਸਾਹਿਬ ਸ਼ਬਦ ਦੀ ਵਰਤੋਂ ਹੋਣ ਲੱਗ ਪਈ ਸੀ। ਪੰਜਾਬੀ ਵਿਚ ਏਹੀ ਪਰੰਪਰਾ ਅੱਗੇ ਚੱਲੀ। ਇਸ ਗੱਲ ਦਾ ਸੰਕੇਤ ਸ਼ਾਹ ਮੁਹੰਮਦ ਦੇ ਜੰਗਨਾਮੇ ਤੋਂ ਭਲੀ ਭਾਂਤ ਮਿਲਦਾ ਹੈ,
ਟੁੰਡੇ ਲਾਟ ਨੇ ਚੁਕਿਆ ਆਣ ਬੀੜਾ
ਹਮੀਂ ਜਾਇ ਕੇ ਸੀਖ ਸੇ ਅੜੇਗਾ ਜੀ।
ਘੰਟੇ ਤੀਨ ਮੇਂ ਜਾਇ ਲਾਹੌਰ ਮਾਰਾਂ
ਏਸ ਬਾਤ ਮੇਂ ਫਰਕ ਨਾ ਪੜੇਗਾ ਜੀ।
ਸ਼ਾਹ ਮੁਹੰਮਦਾ ਫਗਣੋਂ ਤੇਰ੍ਹਵੀਂ ਨੂੰ
ਸਾਹਿਬ ਜਾਇ ਲਾਹੌਰ ਵਿਚ ਵੜੇਗਾ ਜੀ।
ਗੋਰੇ ਲੋਕਾਂ ਲਈ ਸਾਹਿਬ ਸ਼ਬਦ ਦੀ ਵਰਤੋਂ ਕੰਪਨੀ ਰਾਜ ਸਮੇਂ ਤੋਂ ਹੀ ਹੋਣ ਲੱਗ ਪਈ ਸੀ। ਐਂਗਲੋ-ਇੰਡੀਅਨ ਸ਼ਬਦਾਂ ਦੇ ਕੋਸ਼ ‘ਹੌਬਸਨ ਜੌਬਸਨ’ ਨੇ 1673 ਅਤੇ 1689 ਵਿਚ ਅੰਗਰੇਜ਼ੀ ਵਿਚ ਸਾਹਿਬ ਸ਼ਬਦ ਦੇ ਪ੍ਰਯੋਗ ਦਾ ਹਵਾਲਾ ਦਿੱਤਾ ਹੈ। ਦਿਲਚਸਪੀ ਲਈ ਸਬੰਧਤ ਟੂਕਾਂ ਦੇਖੋ: 1673। – “।।।ਠੋ ੱਹਚਿਹ ਟਹe ਸੁਬਟਲe ੍ਹeਅਟਹeਨ ਰeਪਲਇਦ, ੰਅਹਅਬ (।ਿe। ੰਰਿ), ੱਹੇ ੱਲਿਲ ੁ ਦੋ ਮੋਰe ਟਹਅਨ ਟਹe ਛਰeਅਟੋਰ ਮeਅਨਟ?” – ਾਂਰੇeਰ, 417।
1689। – “ਠਹੁਸ ਟਹe ਦਸਿਟਰਅਚਟeਦ ੍ਹੁਸਬਅਨਦ ਨਿ ਹਸਿ ੀਨਦਅਿਨ ਓਨਗਲਸਿਹ ਚੋਨਾeਸਟ, ਓਨਗਲਸਿਹ ਾਅਸਹਿਨ, ੰਅਬ, ਬeਸਟ ਾਅਸਹਿਨ, ਹਅਵe ੋਨe ੱਿe ਬeਸਟ ੋਰ ੋਨe ੍ਹੁਸਬਅਨਦ।” – ੌਵਨਿਗਟੋਨ, 326।
ਕਿਸੇ ਵੀ ਅੰਗਰੇਜ਼ ਅਫਸਰ ਨੂੰ ਸੰਬੋਧਨ ਵਜੋਂ ਉਸ ਦੇ ਨਾਂ ਜਾਂ ਪਦਵੀ ਅੱਗੇ ਸਾਹਿਬ ਲਾ ਕੇ ਪੁਕਾਰਿਆ ਜਾਣ ਲੱਗਾ ਜਿਵੇਂ ਕਰਨਲ ਸਾਹਿਬ, ਲਾਟ ਸਾਹਿਬ, ਸਾਹਿਬ ਬਹਾਦਰ। ਇਥੋਂ ਤੱਕ ਕਿ ‘ਸਾਹਿਬ’ ਜਾਂ ‘ਸਾਹਿਬ-ਲੋਕ’ ਸ਼ਬਦ ਹੀ ਅੰਗਰੇਜ਼ਾਂ ਲਈ ਰੂੜ ਹੋ ਗਏ। ਗੋਰੀਆਂ ਔਰਤਾਂ ‘ਮੇਮ ਸਾਹਿਬ’ ਕਹਾਉਣ ਲੱਗ ਪਈਆਂ। ਰੀਸੋ ਰੀਸੀ ਵੱਡੇ ਰੁਤਬੇ ਵਾਲੇ ਹਿੰਦੂਆਂ-ਮੁਸਲਮਾਨਾਂ ਲਈ ਵੀ ਸਾਹਿਬ ਨੇ ਆਪਣੇ ਆਪ ਨੂੰ ਪੇਸ਼ ਕੀਤਾ ਜਿਵੇਂ ਖਾਨ ਸਾਹਿਬ, ਨਵਾਬ ਸਾਹਿਬ, ਸਰਦਾਰ ਸਾਹਿਬ, ਪਟੇਲ ਸਾਹਿਬ, ਰਾਜਾ ਸਾਹਿਬ, ਹੋਰ ਹਲੀਮੀ ਦਿਖਾਉਣੀ ਹੋਵੇ ਤਾਂ ਸਾਹਿਬ ਜੀ ਵੀ ਪੇਸ਼ ਪੇਸ਼ ਹੈ। ਹੁਣ ਤਾਂ ਥਾਣੇਦਾਰ ਸਾਹਿਬ, ਸਰਪੰਚ ਸਾਹਿਬ, ਪੰਚ ਸਾਹਿਬ, ਭਾਈ ਸਾਹਿਬ ਵੀ ਮਾਣ ਨਹੀਂ। ਕਈ ਇਸਤਰੀਆਂ ਆਪਣੇ ਪਤੀ ਨੂੰ ਸਾਹਿਬ ਕਹਿ ਕੇ ਬੁਲਾਉਂਦੀਆਂ ਹਨ। ਸ਼ਾਇਦ ਇਸ ਪਿਛੇ ਅਸਲੀ ਕਾਰਨ ਇਹ ਹੈ ਕਿ ਉਹ ਆਪਣੇ ਪਤੀ ਨੂੰ ਕੋਈ ਵੱਡੇ ਰੁਤਬੇ ਵਾਲਾ ਖਿਆਲ ਕਰਦੀਆਂ ਹਨ। ਵਿਚਾਰ ਹੈ ਕਿ ਸਿੱਖ ਗੁਰੂਆਂ, ਥਾਂਵਾਂ, ਗੁਰਦੁਆਰਿਆਂ ਅਤੇ ਬਾਣੀਆਂ ਲਈ ਸਾਹਿਬ ਸ਼ਬਦ ਅੰਗਰੇਜ਼ਾਂ ਵੇਲੇ ਤੋਂ ਹੀ ਸ਼ੁਰੂ ਹੋਇਆ ਹੋਵੇਗਾ।