ਭਾਰਤ ਤੋਂ ਅਮਰੀਕਾ ਤੱਕ ਕਬੱਡੀ ਦਾ ਸੁਪਰ ਸਟਾਰ ਸ਼ਿਵਦੇਵ ਸਿੰਘ

ਇਕਬਾਲ ਸਿੰਘ ਜੱਬੋਵਾਲੀਆ
ਜਦੋਂ ਕਬੱਡੀ ਦੀ ਗੱਲ ਚਲਦੀ ਹੈ ਤਾਂ ਸ਼ਿਵਦੇਵ ਸਿੰਘ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ। ਮਾਂ-ਖੇਡ ਕਬੱਡੀ ਦਾ ਉਹ ਬੀਬਾ ਪੁੱਤ ਬਣਿਆ। ਹਰ ਦਮ ਗਰਾਊਂਡ ‘ਚ ਵੜੇ ਰਹਿਣਾ। ਮੀਂਹ, ਹਨੇਰੀ, ਝੱਖੜ, ਗਰਮੀ-ਸਰਦੀ ਦੀ ਕਦੇ ਪ੍ਰਵਾਹ ਨਾ ਕਰਨੀ। ਕਬੱਡੀ ਦਾ ਜਨੂੰਨ ਹਮੇਸ਼ਾ ਸਿਰ ‘ਤੇ ਚੜ੍ਹਿਆ ਰਹਿੰਦਾ। ਆਪ ਮਿਹਨਤ ਕਰਨੀ ਤੇ ਸਾਥੀ ਖਿਡਾਰੀਆਂ ਨੂੰ ਕਰਾਉਣੀ। ਉਨ੍ਹੇ ਨੈਸ਼ਨਲ ਸਟਾਈਲ, ਪੰਜਾਬ ਸਟਾਈਲ ਤੇ ਢੇਰੀ ਵਾਲੀ (ਚਪੇੜਾਂ ਵਾਲੀ) ਕਬੱਡੀ ਖੇਡੀ।

ਪਿਤਾ ਸ਼ ਪਾਲਾ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ 10 ਫਰਵਰੀ 1955 ਨੂੰ ਫਤਿਹਗੜ੍ਹ (ਨੇੜੇ ਬੇਗੋਵਾਲ) ਜਿਲ੍ਹਾ ਕਪੂਰਥਲਾ ‘ਚ ਜਨਮੇ ਸ਼ਿਵਦੇਵ ਸਿੰਘ ਪ੍ਰਾਇਮਰੀ ਦੀ ਪੜ੍ਹਾਈ ਪਿੰਡੋਂ ਕਰਕੇ ਹਾਈ ਸਕੂਲ ਦੀ ਪੜ੍ਹਾਈ ਲਈ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ, ਬੇਗੋਵਾਲ ਜਾ ਦਾਖਲ ਹੋਇਆ। ਸਕੂਲ ਵਿਚ ਕਬੱਡੀ ਦੀ ਸਿੱਖਲਾਈ ਕਰਨੈਲ ਸਿੰਘ ਜਾਤੀਕੇ ਭੰਡਾਲ ਦਿੰਦੇ ਸਨ। ਕਬੱਡੀ ਦਾ ਸ਼ੌਕ ਹੋਣ ਕਰਕੇ ਸਪੋਰਟਸ ਸਕੂਲ, ਜਲੰਧਰ ਚਲਾ ਗਿਆ। ਚੰਗਾ ਖਿਡਾਰੀ ਹੋਣ ਕਰਕੇ ਥੋੜ੍ਹੇ ਮਹੀਨਿਆਂ ਬਾਅਦ ਹੀ ਬੇਗੋਵਾਲ ਹਾਈ ਸਕੂਲ ਦੇ ਹੈਡਮਾਸਟਰ ਨਿਰੰਜਨ ਸਿੰਘ ਸਪੋਰਟਸ ਸਕੂਲ ਤੋਂ ਮੁੜ ਬੇਗੋਵਾਲ ਲੈ ਗਏ ਜਿਥੇ ਉਹ ਸਕੂਲ ਦੀ ਟੀਮ ਦਾ ਕਪਤਾਨ ਬਣਿਆ।
ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਹੁਸ਼ਿਆਰ ਰਿਹਾ। ਦਸਵੀਂ ਤੱਕ ਜਮਾਤ ਦਾ ਮੋਨੀਟਰ ਬਣਦਾ ਰਿਹਾ। ਅੱਠਵੀਂ ਵਿਚ ਪੰਜਾਬ ‘ਚੋਂ ਮੈਰਿਟ ਹਾਸਲ ਕੀਤੀ, ਜਿਸ ਕਰਕੇ ਪੰਜਾਬ ਸਿੱਖਿਆ ਵਿਭਾਗ ਵਲੋਂ ਦਸਵੀਂ ਜਮਾਤ ਤੱਕ ਵਜ਼ੀਫਾ ਮਿਲਦਾ ਰਿਹਾ।
ਮੈਟ੍ਰਿਕ ਪਿਛੋਂ ਸਪੋਰਟਸ ਕਾਲਜ ਜਲੰਧਰ ਚਲੇ ਗਿਆ। ਤਿੰਨ ਕੁ ਮਹੀਨੇ ਸਪੋਰਟਸ ਕਾਲਜ ਲਾਏ, ਫਿਰ ਬੇਗੋਵਾਲ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਨਵਾਂ ਖੁਲ੍ਹਣ ਕਰਕੇ ਬੇਗੋਵਾਲ ਵਾਲੇ ਲੈ ਗਏ। ਤਕੜੇ ਖਿਡਾਰੀ ਕਰਕੇ ਬੇਗੋਵਾਲ ਨੂੰ ਸੈਂਟਰ ਬਣਾਇਆ ਗਿਆ। ਸਠਿਆਲੇ ਦਾ ਅਜੀਤ ਬੱਲ ਕੋਚ ਹੁੰਦਾ ਸੀ। ਜੋ ਸਵੇਰੇ ਪੌਣੇ ਸੱਤ ਵਜੇ ਗਰਾਊਂਡ ‘ਚ ਪੁੱਜਾ ਹੁੰਦਾ ਤੇ ਖਿਡਾਰੀਆਂ ਨੂੰ ਪਿਲਾਉਣ ਲਈ ਪੀਪਾ ਦੁੱਧ ਦਾ ਰੱਖਿਆ ਹੁੰਦਾ। ਪਿੰ੍ਰਸੀਪਲ ਦੇਵਦੱਤ ਨੂੰ ਵੀ ਖੇਡਾਂ ਦਾ ਸ਼ੌਕ ਸੀ ਤੇ ਉਸ ਨੇ ਵੀ ਬੜਾ ਸਾਥ ਦਿੱਤਾ। ਦਿਲਬਾਗ ਬਾਘਾ ਡੀ. ਪੀ. ਈ. ਹੁੰਦਾ ਸੀ, ਜੋ ਬਾਘਾ ਕਪੂਰਥਲਾ ਟੀਮ ਦਾ ਤਕੜਾ ਖਿਡਾਰੀ ਸੀ। ਸ਼ਿਵਦੇਵ ਨੇ ਬੇਗੋਵਾਲ ਦੋ ਸਾਲ ਪੜ੍ਹਾਈ ਕੀਤੀ ਤੇ ਟੀਮ ਦੀ ਕਪਤਾਨੀ ਕੀਤੀ।
1973-74 ‘ਚ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ, ਨਡਾਲੇ ਚਲੇ ਗਿਆ। ਦੋ ਸਾਲ ਪੜ੍ਹਾਈ ਕੀਤੀ ਤੇ ਕਾਲਜ ਟੀਮ ਦਾ ਕਪਤਾਨ ਬਣਿਆ। ਨੈਸ਼ਨਲ ਪੱਧਰ ‘ਤੇ ਪੰਜਾਬ ਖੇਡਿਆ ਅਤੇ 1975 ‘ਚ ਪੰਜਾਬ ਦੀ ਟੀਮ ਦਾ ਕਪਤਾਨ ਬਣਿਆ। ਉਨ੍ਹਾਂ ਦੀ ਟੀਮ ਤਕੜੀ ਸੀ। ਉਹ ਖੇਡਦੇ ‘ਬੀ-ਜੋਨ’ ਵਲੋਂ ਹੁੰਦੇ ਪਰ ਮੁਕਾਬਲੇ ਦੀ ਹੋਰ ਕੋਈ ਟੀਮ ਨਾ ਹੋਣ ਕਰਕੇ ‘ਏ-ਜੋਨ’ ਨਾਲ ਖੇਡਣ ਲੱਗੇ। ਜ਼ਿਆਦਾਤਰ ਉਨ੍ਹਾਂ ਦਾ ਮੁਕਾਬਲਾ ਲਾਇਲਪੁਰ ਖਾਲਸਾ ਕਾਲਜ ਨਾਲ ਹੁੰਦਾ, ਕਦੇ ਕਦੇ ਨਕੋਦਰ ਕਾਲਜ ਨਾਲ ਵੀ ਭੇੜ ਹੋ ਜਾਂਦਾ। ਉਥੇ ਡੱਟ ਕੇ ਕਬੱਡੀ ਖੇਡੀ ਤੇ ਗਰੈਜੂਏਸ਼ਨ ਵੀ ਗੁਰੂ ਨਾਨਕ ਕਰਮਸਰ ਕਾਲਜ, ਨਡਾਲੇ ਤੋਂ ਕੀਤੀ।
ਗਰੈਜੂਏਸ਼ਨ ਪਿਛੋਂ ਉਹ ਪੰਜਾਬ ਪੁਲਿਸ ‘ਚ ਭਰਤੀ ਹੋ ਗਿਆ। ਉਦੋਂ ਕਬੱਡੀ ‘ਚ ਪੰਜਾਬ ਪੁਲਿਸ ਦੀ ਕੋਈ ਖਾਸ ਪ੍ਰਾਪਤੀ ਨਹੀਂ ਸੀ ਹੁੰਦੀ। ਸ਼ਿਵਦੇਵ ਨੇ ਅਫਸਰਾਂ ਨਾਲ ਸਲਾਹ ਕੀਤੀ ਤੇ ਮਨ ‘ਚ ਧਾਰ ਲਈ ਕਿ ਪੁਲਿਸ ਮਹਿਕਮੇ ਲਈ ਮੈਡਲ ਜਿੱਤਣੇ ਹਨ। ਤਿੰਨ ਤਿੰਨ ਘੰਟੇ ਸਵੇਰੇ-ਸ਼ਾਮ ਗਰਾਊਂਡ ‘ਚ ਸਖਤ ਮਿਹਨਤ ਕਰਦਾ। ਉਹ ਸਭ ਤੋਂ ਪਹਿਲਾਂ ਗਰਾਊਂਡ ‘ਚ ਪਹੁੰਚਿਆ ਹੁੰਦਾ।
ਜਿਲ੍ਹਾ ਕਪੂਰਥਲਾ ਦੇ ਸਕੂਲਾਂ ਦੇ ਸਿਖਲਾਈ ਕੈਪਾਂ ਵਿਚ ਕੋਚ ਸਰਬਣ ਸਿੰਘ ਬੱਲ ਕਬੱਡੀ ਦੇ ਦਾਅ-ਪੇਚ ਦੱਸਦੇ ਸਨ। ਬੇਗੋਵਾਲ ਕਾਲਜ ਵਿਚ ਤਕੜੇ ਖਿਡਾਰੀ ਹੋਣ ਕਰਕੇ ਅਜੀਤ ਸਿੰਘ ਬੱਲ ਵਲੋਂ ਆਪਣਾ ਸਿਖਲਾਈ ਕੇਂਦਰ ਬਣਾ ਕੇ ਵਧੀਆ ਢੰਗ ਨਾਲ ਤਿਆਰੀ ਕਰਵਾਈ ਜਾਂਦੀ ਤੇ ਸਾਰਾ ਸਾਲ ਸ਼ਿਵਦੇਵ ਤਿਆਰੀ ਕਰਦਾ ਤੇ ਕਰਾਉਂਦਾ। ਜਦੋਂ ਪੰਜਾਬ ਦੀ ਟੀਮ ਰਾਸ਼ਟਰੀ ਚੈਂਪੀਅਨਸ਼ਿਪ ਖੇਡਣ ਜਾਂਦੀ ਤਾਂ ਸਰਬਣ ਸਿੰਘ ਬੱਲ ਖੇਡ ਵਿਭਾਗ ਦੇ ਕੋਚ ਹੋਣ ਕਰਕੇ ਕੈਂਪ ਵਿਚ ਸਿੱਖਲਾਈ ਦਿੰਦੇ। ਕਈ ਵਾਰ ਅਜੀਤ ਸਿੰਘ ਬੱਲ ਵੀ ਪੰਜਾਬ ਟੀਮ ਨਾਲ ਬਤੌਰ ਕੋਚ ਜਾਂਦੇ।
ਬਰਸਾਤਾਂ ਦੇ ਦਿਨੀਂ ਜਾਂ ਮੈਚ ਖਤਮ ਹੋ ਜਾਣ ਪਿਛੋਂ ਵੀ ਖਿਡਾਰੀਆਂ ਨੂੰ ਵਿਹਲੇ ਨਹੀਂ ਸੀ ਬੈਠਣ ਦਿੱਤਾ ਜਾਂਦਾ। ਉਨ੍ਹਾਂ ਦੀ 20 ਕਿਲੋਮੀਟਰ ਦੀ ਕਰਾਸ-ਕੰਟਰੀ ਲੁਆਈ ਜਾਂਦੀ ਤੇ ਹੋਰ ਤਾਕਤ ਵਧਾਉਣ ਲਈ ਸਵੇਰੇ-ਸ਼ਾਮ ਵੇਟ-ਟਰੇਨਿੰਗ ਕਰਵਾਈ ਜਾਂਦੀ। 14-15 ਸਾਲ ਉਨ੍ਹਾਂ ਦੂਜੀਆਂ ਟੀਮਾਂ ਨੂੰ ਬਿਪਤਾ ਪਾਈ ਰੱਖੀ। ਉਨ੍ਹਾਂ ਕਈ ਮੈਡਲ ਜਿੱਤੇ ਅਤੇ ਕਈ ਸਾਲ ਚੈਂਪੀਅਨਸ਼ਿਪ ਦੇ ਦਾਅਵੇਦਾਰ ਬਣਦੇ ਰਹੇ, ਤੇ ਪੰਜਾਬ ਪੁਲਿਸ ਦੇ ਮਾਣ ਵਿਚ ਵਾਧਾ ਕੀਤਾ। ਬਲਵਿੰਦਰ ਫਿੱਡੂ, ਮਹਿੰਦਰ ਮੋਹਣ, ਅਮਰਜੀਤ, ਸਤਨਾਮ, ਸੁਖਵਿੰਦਰ ਜੂਨੀਅਰ, ਸੁਖਵਿੰਦਰ ਸੀਨੀਅਰ, ਸੁਖ, ਹਰਵਿੰਦਰ ਡੱਲੀ, ਅਵਤਾਰ, ਸੁਰਜੀਤ ਗੱਛਾ, ਮਾਸਟਰ ਮੂਰਤਾ ਸਿੰਘ ਤੇ ਪ੍ਰਧਾਨ ਸਿੰਘ ਸ਼ਿਵਦੇਵ ਦੇ ਸਾਥੀ ਖਿਡਾਰੀ ਹੁੰਦੇ ਸਨ। ਪੰਜਾਬ ਪੁਲਿਸ ਟੀਮ ਦਾ ਉਹ ਕੋਚ, ਕੈਪਟਨ ਤੇ ਇੰਚਾਰਜ ਸੀ। ਆਲ ਇੰਡੀਆ ਪੁਲਿਸ ਵਿਚ 17-18 ਸਾਲ ਮੈਡਲ ਜਿੱਤੇ। ਉਨ੍ਹਾਂ ਦੇ ਬਹੁਤੇ ਮੁਕਾਬਲੇ ਸੀ. ਆਰ. ਪੀ. ਅਤੇ ਬੀ. ਐਸ਼ ਐਫ਼ ਨਾਲ ਹੁੰਦੇ। ਉਦੋਂ ਪੰਜਾਬ ਪੁਲਿਸ ਦੇ ਖਿਡਾਰੀਆਂ ਤੋਂ ਬਿਨਾ ਪ੍ਰੀਤਮ ਪ੍ਰੀਤਾ, ਦਿਲਬਾਗ ਬਾਘਾ, ਬੋਲਾ ਪੱਤੜ, ਸੁਰਜੀਤ ਗੱਛਾ, ਮਾਸਟਰ ਮੂਰਤ ਸਿੰਘ ਤੇ ਹਰਭਜਨ ਭੱਜੀ ਕਪੂਰਥਲਾ ਦੇ ਤਕੜੇ ਖਿਡਾਰੀ ਸਨ।
ਸਟੈਮਿਨਾ ਵਧਾਉਣ ਤੇ ਹੋਰ ਤਾਕਤ ਪਾਉਣ ਲਈ ਖਿਡਾਰੀ ਵੰਡ ਕੇ 40-40 ਮਿੰਟ ਦੇ ਆਪਸ ਵਿਚ ਤਿੰਨ ਮੈਚ ਲਗਾਤਾਰ ਲਾਏ ਜਾਂਦੇ। ਇਕ ਪਾਸੇ ਫਿੱਡੂ ਦੀ ਟੀਮ ਹੁੰਦੀ ਤੇ ਦੂਜੇ ਪਾਸੇ ਸ਼ਿਵਦੇਵ ਦੀ। ਖੁਰਾਕ ਵਿਚ ਮੀਟ, ਮੱਛੀ, ਮੁਰਗਾ, ਘਿਓ ਤੇ ਫਰੂਟ ਵਗੈਰਾ ਪੱਲਿਓਂ ਖਾਂਦੇ। ਤਨਖਾਹ ਮੁੱਕ ਜਾਂਦੀ ਤਾਂ ਘਰਦਿਆਂ ਤੋਂ ਮੰਗਦੇ।
1974 ‘ਚ ਉਹਦੇ ਮਨ ਨੂੰ ਬੜੀ ਸੱਟ ਵੱਜੀ ਜਦੋਂ ਇੰਗਲੈਂਡ ਟੀਮ ਲਿਜਾਣ ਵਾਸਤੇ ਸਪੋਰਟਸ ਕਾਲਜ ਕੈਂਪ ਲੱਗਾ ਤਾਂ ਉਹਦੀ ਜਗ੍ਹਾ ਕਿਸੇ ਹੋਰ ਸਿਫਾਰਸ਼ੀ ਖਿਡਾਰੀ ਨੂੰ ਪਾ ਲਿਆ ਤੇ ਉਹਨੂੰ ਛੱਡ ਗਏ।
1975 ‘ਚ ਅਨੰਦਪੁਰ ਸਾਹਿਬ ਮੇਲੇ ‘ਤੇ ਫਾਈਨਲ ਮੈਚ ਸਮੇਂ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਖਿਡਾਰੀਆਂ ਨਾਲ ਹੱਥ ਮਿਲਾ ਰਹੇ ਸਨ ਤਾਂ ਸ਼ਿਵਦੇਵ ਕੋਲ ਆ ਕੇ ਕਹਿਣ ਲੱਗੇ, “ਸ਼ਿਵਦੇਵ ਕੀ ਹਾਲ ਐ ਤੇਰਾ?” ਇਹ ਗੱਲ ਮਾਣਕ ਢੇਰੀ ਵਾਲੇ ਰਾਵਲ ਨੇ ਦੱਸੀ, ਜੋ ਸ਼ਿਵਦੇਵ ਦੇ ਬਿਲਕੁਲ ਨਾਲ ਖਿਡਾਰੀਆਂ ‘ਚ ਖੜ੍ਹਾ ਸੀ।
ਸ਼ਿਵਦੇਵ ਕਪੂਰਥਲੇ ਵਲੋਂ ਖੇਡਦਾ ਅਤੇ ਰਾਵਲ ਤੇ ਅਵਤਾਰ ਤਾਰੀ ਹੁਸ਼ਿਆਰਪੁਰ ਵਲੋਂ ਖੇਡਦੇ। ਦੋਹਾਂ ਜਿਲ੍ਹਿਆਂ ਦੀਆਂ ਟੀਮਾਂ ਜ਼ਬਰਦਸਤ ਸਨ। ਅਨੰਦਪੁਰ ਸਾਹਿਬ ਮੇਲੇ ‘ਤੇ ਤਿੰਨ ਸਾਲ (1974 ਤੋਂ 1973) ਕਦੇ ਕਪੂਰਥਲਾ ਜਿੱਤ ਜਾਂਦਾ ਤੇ ਕਦੇ ਹੁਸ਼ਿਆਰਪੁਰ। ਦੋਹਾਂ ਜਿਲ੍ਹਿਆਂ ਨੇ ਚੁਣ ਚੁਣ ਕੇ ਖਿਡਾਰੀ ਲਿਆਂਦੇ ਹੁੰਦੇ।
ਸ਼ਿਵਦੇਵ ਸਿੰਘ 1974 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਦਾ ਕਪਤਾਨ ਬਣਿਆ। ਟੀਮ ਦੀ ਚੋਣ ਸਮੇਂ ਖੇਡ ਸਕੱਤਰ ਸ਼ ਐਮ. ਐਸ਼ ਰੰਧਾਵਾ ਸ਼ਿਵਦੇਵ ਕੋਲੋਂ ਚੋਣ ਕਰਵਾਉਂਦੇ ਸਨ। 1975 ‘ਚ ਇੰਗਲੈਂਡ ਖੇਡਣ ਜਾਣਾ ਸੀ। ਐਮਰਜੈਂਸੀ ਲੱਗਣ ਕਰਕੇ ਟੂਰ ਕੈਂਸਲ ਹੋ ਗਿਆ। ਸਪੋਰਟਸ ਕਾਲਜ ਕੈਂਪ ਲੱਗਾ ਸੀ। ਚਾਰ ਪੱਕੇ ਸਟਾਪਰ ਸ਼ੰਕਰੀਆ ਘੁੱਗਾ ਸੱਜੇ, ਰਾਵਲ ਖੱਬੇ, ਲੁਧਿਆਣੇ ਵਾਲਾ ਦਰਬਾਰਾ ਬੋਲਾ ਤੇ ਸ਼ਿਵਦੇਵ ਵਿਚਾਲੇ ਖੜ੍ਹੇ ਸਨ। ਚੌਹਾਂ ਧੱਕੜ ਜਾਫੀਆਂ ਨੇ ਵੱਡੇ ਵੱਡੇ ਰੇਡਰ ਥੰਮੇ। ਰਾਵਲ ਫੁਰਤੀ ਨਾਲ ਖੁਰ ਪੁੱਟਣ ਦਾ ਮਾਹਰ ਸੀ।
1977 ‘ਚ ਇੰਗਲੈਂਡ ਟੀਮ ਵਾਸਤੇ ਮੁੜ ਚੁਣਿਆ ਗਿਆ। ਉਥੇ ਜਾ ਕੇ 6 ਮੈਚ ਖੇਡੇ ਤੇ ਸਾਰੇ ਜਿੱਤੇ। ਕੋਚ ਸਰਬਣ ਬੱਲ ਵੀ ਉਸ ਵੇਲੇ ਨਾਲ ਸੀ। ਪੰਜਾਬ ‘ਚ ਸਰਕਲ ਸਟਾਈਲ ਦੇ ਬੜੇ ਮੈਚ ਖੇਡੇ। ਤਕੜੀਆਂ ਤਕੜੀਆਂ ਟੀਮਾਂ ਨੂੰ ਹਰਾਇਆ। ਉਹ ਹਮੇਸ਼ਾ ਠੰਡਾ ਰਹਿ ਕੇ ਤਕਨੀਕ ਨਾਲ ਅਤੇ ਜ਼ਾਬਤੇ ਵਿਚ ਖੇਡਦਾ ਤੇ ਸਾਥੀ ਖਿਡਾਰੀਆਂ ਨੂੰ ਖਿਡਾਉਂਦਾ। ਪੰਜਾਬ ਤੋਂ ਬਾਹਰ ਦੂਜੇ ਰਾਜਾਂ ਵਿਚ ਵੀ ਖੇਡਣ ਜਾਂਦੇ।
ਇਕ ਵਾਰ ਉਹ ਗੋਆ ਚੈਂਪੀਅਨਸ਼ਿਪ ਖੇਡਣ ਗਏ। ਸੈਮੀ ਫਾਈਨਲ ‘ਚ ਪੰਜਾਬ ਤੇ ਮਹਾਰਾਸ਼ਟਰ ਦੀ ਟੀਮ ਦਾ ਦਸਤਪੰਜਾ ਪੈ ਗਿਆ। ਕੋਚ ਅਜੀਤ ਬੱਲ, ਅਜੀਤ ਮਾਲੜੀ, ਤੇਜ਼ਾ ਸਿੰਘ ਤੇ ਸਤਨਾਮ ਸਿੰਘ ਸੱਤਾ ਨਾਲ ਸਨ। ਕੋਚ ਚਿੰਤਤ ਹੋ ਗਏ ਕਿਉਂਕਿ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਦੇ ਖੇਡ ਮੈਦਾਨਾਂ ਵਿਚ ਬਾਰੀਕ ਰੋੜੀਆਂ ਹੁੰਦੀਆਂ ਸਨ, ਜਿਸ ਕਰਕੇ ਖਿਡਾਰੀਆਂ ਦੇ ਪੈਰ ਫਟ ਜਾਂਦੇ। ਸ਼ਿਵਦੇਵ ਦੇ ਦੱਸਣ ਅਨੁਸਾਰ ਮਰਹੱਟੇ ਖਿਡਾਰੀ ਰੋੜੀ ਵਾਲੀਆਂ ਗਰਾਊਂਡਾਂ ਵਿਚ ਖੇਡਣ ਦੇ ਮਾਹਰ ਸਨ। ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਪੰਜਾਬ ਪੁਲਿਸ ਦੀ ਟੀਮ ਨੂੰ ਲਾਅਨ-ਟੈਨਿਸ ਦੀ ਕੰਕਰੀਟ ਵਾਲੀ ਗਰਾਊਂਡ ਵਿਚ ਤਿੰਨ ਮਹੀਨੇ ਤਿਆਰੀ ਕਰਵਾਈ ਤਾਂ ਖਿਡਾਰੀਆਂ ਦੇ ਪੈਰ ਪੱਕ ਗਏ। ਇਹ ਵੀ ਦੱਸਿਆ ਕਿ ਆਪਣੇ ਸੱਟ ਲੱਗਣ ਤੋਂ ਬੱਚਣਾ ਤੇ ਰੇਡਰ ਨੂੰ ਥੱਲੇ ਨਹੀਂ ਡਿੱਗਣ ਦੇਣਾ। ਹਵਾ ਵਿਚ ਹੀ ਚੁੱਕਣਾ ਹੈ। ਕੋਚਾਂ ਨੂੰ ਕਿਹਾ, ਘਬਰਾਉਣ ਦੀ ਲੋੜ ਨਹੀਂ, ਉਹ ਪੰਜਾਬ ਪੁਲਿਸ ਦੇ ਸ਼ੇਰ ਨੇ, ਖੰਡਾ ਖੜਕਾ ਦੇਣਗੇ। ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ, ਜਿਹੜਾ ਆਵੇ, ਉਪਰੇ ਉਪਰ ਹਵਾ ‘ਚ ਚੁੱਕੀ ਗਏ। 30 ਹਜ਼ਾਰ ਦਰਸ਼ਕਾਂ ਦੇ ‘ਕੱਠ ਵਿਚ ਧੰਨ ਧੰਨ ਹੋ ਗਈ ਉਥੇ। ਉਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਨੇ ਆਲ ਇੰਡੀਆ ਓਪਨ ਟੂਰਨਾਮੈਂਟ ਖੇਡੇ ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।
ਆਲ ਇੰਡੀਆ ਕਬੱਡੀ ਫੈਡਰੇਸ਼ਨ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਨੂੰ 6 ਸਾਲ ਕਿਸੇ ਕਾਰਨ ਕਰਕੇ ਰਾਸ਼ਟਰੀ ਕਬੱਡੀ ਫੈਡਰੇਸ਼ਨ ਵਿਚੋਂ ਮੁਅੱਤਲ ਕਰੀ ਰੱਖਿਆ। ਫਿਰ ਪੰਜਾਬ ਓਲੰਪਿਕ ਫੈਡਰੇਸ਼ਨ ਨੇ ਕਮਾਂਡ ਸੰਭਾਲੀ ਤੇ ਸ਼ਿਵਦੇਵ ਸਿੰਘ 6 ਸਾਲ ਪੰਜਾਬ ਪੁਲਿਸ ਵਲੋਂ ਟੀਮ ਲੈ ਕੇ ਜਾਂਦਾ ਰਿਹਾ। ਉਨ੍ਹਾਂ ਦੀ ਟੀਮ ਨੇ ਗੋਲਡ ਤੇ ਸਿਲਵਰ ਮੈਡਲ ਪੰਜਾਬ ਦੀ ਝੋਲੀ ਪਾਏ। ਪੰਜਾਬ ਪੁਲਿਸ ਨੇ ਬਹੁਤ ਵਾਰ ਕਪੂਰਥਲਾ ਦੀਆਂ ਸਟੇਟ ਚੈਂਪੀਅਨਸ਼ਿਪਾਂ ਜਿੱਤੀਆਂ।
ਸ਼ਿਵਦੇਵ ਅਨੁਸਾਰ ਜਿਲ੍ਹਾ ਕਪੂਰਥਲਾ ਦੀ ਟੀਮ ਦਾ ਉਨ੍ਹਾਂ ਦਾ ਆਪਣਾ ਤਕੜਾ ਸੈਟ ਸੀ। ਜ਼ਿਆਦਾ ਕਰਕੇ ਉਨ੍ਹਾਂ ਦਾ ਲੁਧਿਆਣਾ ਤੇ ਫਰੀਦਕੋਟ ਜਿਲ੍ਹਿਆਂ ਨਾਲ ਮੁਕਾਬਲਾ ਹੁੰਦਾ। ਜਲੰਧਰ ਤੇ ਅੰਮ੍ਰਿਤਸਰ ਜਿਲ੍ਹਿਆਂ ਦੀਆਂ ਟੀਮਾਂ ਵੀ ਤਕੜੀਆਂ ਸਨ ਤੇ ਕਦੇ ਕਦੇ ਉਨ੍ਹਾਂ ਨਾਲ ਵੀ ਪੰਜਾ ਪੈ ਜਾਂਦਾ।
ਪੰਜਾਬ ਤੇ ਯੂਨੀਵਰਸਿਟੀ ਮੁਕਾਬਲਿਆਂ ਲਈ ਪੰਜਾਬ ਵਲੋਂ ਉਹ ਤੇ ਸ਼ੰਕਰੀਆ ਪਾਲਾ (ਕਬੱਡੀ ਖਿਡਾਰੀ, ਪਹਿਲਵਾਨ ਤੇ ਬਾਕਸਰ) ‘ਕੱਠਿਆਂ ਖੇਡਣ ਜਾਂਦੇ ਰਹੇ। ਪੰਜਾਬ ਵਲੋਂ ਜੈਪੁਰ ਤੇ ਆਸਨਸੋਲ ‘ਕੱਠਿਆਂ ਨੈਸ਼ਨਲ ਸਟਾਈਲ ਕਬੱਡੀ ਖੇਡੀ। ਨਡਾਲੇ ਵਾਲਾ ਪ੍ਰੀਤਾ ਕਪਤਾਨ ਸੀ। ਪਿੰਡਾਂ ਦੇ ਸ਼ੋਅ ਮੈਚਾਂ ਜਾਂ ਚੈਂਪੀਅਨਸ਼ਿਪਾਂ ਵਿਚ ਪੱਤੜੀਆ ਬੋਲਾ ਵੀ ਨਾਲ ਹੁੰਦਾ, ਜਦਕਿ ਹੁਸ਼ਿਆਰਪੁਰ ਵਲੋਂ ਰਾਵਲ ਮਾਣਕ ਢੇਰੀ ਤੇ ਤੀਰਥ ਹੋਰੀਂ ਖੇਡਦੇ। ਸ਼ਿਵਦੇਵ ਨੇ ਕਬੱਡੀ ਖਿਡਾਰੀ ਤੋਖੀ ਮਾਨਗੜ੍ਹੀਏ ਦੇ ਬੇਟੇ ਯਾਦਵੀਰ ਦੀ ਕੈਨੇਡਾ ‘ਚ ਕਾਰ ਹਾਦਸੇ ‘ਚ ਮੌਤ ‘ਤੇ ਡਾਢਾ ਦੁਖ ਮੰਨਿਆ, ਕਿਉਂਕਿ ਉਹ ਉਹਨੂੰ ਚੰਗਾ ਖਿਡਾਰੀ ਬਣਾਉਣ ਲਈ ਰੂਹ ਨਾਲ ਤਿਆਰੀ ਕਰਵਾਉਂਦਾ ਹੁੰਦਾ ਸੀ।
1980 ‘ਚ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਪਤਾਨ ਬਣਿਆ। 1982 ‘ਚ ਕਬੱਡੀ ਨੂੰ ਏਸ਼ੀਅਨ ਗੇਮਾਂ ‘ਚ ਸ਼ਾਮਲ ਕਰਵਾਉਣ ਦਾ ਮੁੱਢ ਬੰਨਣ ਲਈ ਇੰਡੀਆ ਦੀਆਂ ਦੋ ਟੀਮਾਂ ਤਿਆਰ ਕੀਤੀਆਂ ਅਤੇ ਦਿੱਲੀ ‘ਚ ਪ੍ਰਦਰਸ਼ਨ ਕੀਤਾ, ਤੇ ਕਬੱਡੀ ਨੂੰ ਏਸ਼ੀਅਨ ਗੇਮਾਂ ‘ਚ ਸ਼ਾਮਲ ਕਰਾ ਕੇ ਸਾਹ ਲਿਆ। 1984 ‘ਚ ਬੰਬੇ ਇੰਟਰਨੈਸ਼ਨਲ ਕਬੱਡੀ ਟੂਰਨਾਮੈਂਟ ਵਿਚ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ। 1987 ‘ਚ ਏਸ਼ੀਅਨ ਫੈਡਰੇਸ਼ਨ ਗੇਮਜ਼ ਦਾ ਕਪਤਾਨ ਬਣਿਆ। ਰੂਸ ਵਿਚ ਪ੍ਰਦਰਸ਼ਨੀ ਮੈਚ ਖੇਡੇ। ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਤੇ ਗੋਲਡ ਮੈਡਲ ਜਿੱਤਿਆ। 1988 ‘ਚ ਭਾਰਤੀ ਟੀਮ ਵਲੋਂ ਇੰਗਲੈਂਡ ਖੇਡਣ ਜਾਣ ਦਾ ਮੌਕਾ ਮਿਲਿਆ।
ਖੰਨੇ ਤੋਂ ਅਮਲੋਹ ਵਾਲੇ ਪਾਸੇ ਚਨਾਰਥਲ ‘ਚ ਤਿੰਨ ਸਾਲ ਲਗਾਤਾਰ ਖੇਡਣ ਜਾਂਦੇ ਰਹੇ, ਤੇ ਤਿੰਨੇ ਸਾਲ ਜਿੱਤਦੇ ਰਹੇ। ਫਾਈਨਲ ਵਿਚ ਉਨ੍ਹਾਂ ਦੀ ਟੀਮ ਨੂੰ ਹਰਾਉਣ ਲਈ ਉਥੋਂ ਦੀ ਕਮੇਟੀ ਨੇ ਹਰਿਆਣੇ ਦੀ ਟੀਮ ਮੂਹਰੇ ਲਿਆ ਖੜ੍ਹੀ ਕੀਤੀ। ਪੰਜਾਬ ਪੁਲਿਸ ਦੇ ਸ਼ੇਰਾਂ ਨੇ ਹਰਿਆਣੇ ਦੀ ਟੀਮ ਨੂੰ ਹਰਾ ਕੇ 6 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ, ਜੋ ਉਦੋਂ ਵੱਡੀ ਰਕਮ ਸੀ।
ਨੈਸ਼ਨਲ ਗੇਮਾਂ ਵਿਚੋਂ ਉਨ੍ਹੀਂ 2 ਗੋਲਡ ਮੈਡਲ ਜਿੱਤੇ। ਪਹਿਲਾ 1985 ‘ਚ ਦਿੱਲੀ ਤੋਂ ਅਤੇ ਦੂਜਾ 1987 ‘ਚ ਕੇਰਲਾ ਦੇ ਸ਼ਹਿਰ ਕੈਲਾਨੋਰ ‘ਚੋਂ। ਇੰਗਲੈਂਡ ਦੇ ਟੀ. ਵੀ. ਚੈਨਲ-4 ਨੇ ਭਾਰਤ ਵਿਚ ਕਲਕੱਤਾ ਅਤੇ ਦਿੱਲੀ ਵਿਖੇ 2 ਟੂਰਨਾਮੈਂਟ ਕਰਵਾਏ, ਜਿਸ ‘ਚ ਦੇਸ਼ ਦੀਆਂ 8 ਉਚਕੋਟੀ ਦੀਆਂ ਟੀਮਾਂ ਖੇਡੀਆਂ। ਪੰਜਾਬ ਦੇ ਸ਼ੇਰਾਂ ਨੇ ਉਹ ਦੋਵੇਂ ਟੂਰਨਾਮੈਂਟ ਜਿੱਤੇ। ਇਹ ਮੈਚ ਕਈ ਚਿਰ ਇੰਗਲੈਂਡ ਵਿਚ ਚੈਨਲ ‘ਤੇ ਚਲਦਾ ਰਿਹਾ।
ਸ਼ਿਵਦੇਵ ਨੇ ਓਪਨ ਨੈਸ਼ਨਲ ਚੈਂਪੀਅਨਸ਼ਿਪ ਵਿਚ 4 ਵਾਰ ਗੋਲਡ, 7 ਵਾਰ ਸਿਲਵਰ ਤੇ 4 ਵਾਰ ਤਾਂਬੇ ਦੇ ਮੈਡਲ ਜਿੱਤੇ। ਬਿਹਤਰੀਨ ਪ੍ਰਾਪਤੀਆਂ ਕਰਕੇ 1977 ਵਿਚ ਸਬ ਇੰਸਪੈਕਟਰ, 1986 ‘ਚ ਇੰਸਪੈਕਟਰ, 1993 ‘ਚ ਡੀ. ਐਸ਼ ਪੀ. ਅਤੇ 2002 ‘ਚ ਐਸ਼ ਪੀ. ਦਾ ਅਹੁਦਾ ਸੰਭਾਲਿਆ। ਸ਼ਿਵਦੇਵ ਨੂੰ ਪੰਜਾਬ ਪੁਲਿਸ ਦੀਆਂ ਖੇਡਾਂ ਦਾ 8 ਸਾਲ ਸਕੱਤਰ ਬਣਨ ਦਾ ਮਾਣ ਪ੍ਰਾਪਤ ਹੋਇਆ। ਸਾਲ 2011 ‘ਚ ਵੱਖ ਵੱਖ ਬਟਾਲੀਅਨਾਂ ਦਾ ਕਮਾਂਡੈਂਟ (ਐਸ਼ ਐਸ਼ ਪੀ.) ਬਣਿਆ।
ਸ਼ਿਵਦੇਵ ਸਿੰਘ 39 ਸਾਲ 5 ਮਹੀਨੇ ਦੀ ਨੌਕਰੀ ਕਰਨ ਪਿਛੋਂ 28 ਫਰਵਰੀ 2015 ‘ਚ 60 ਸਾਲ ਦੀ ਉਮਰੇ ਰਿਟਾਇਰ ਹੋਏ। ਈਮਾਨਦਾਰੀ ਨਾਲ ਬੇਦਾਗ ਨੌਕਰੀ ਕੀਤੀ ਤੇ ਕਬੱਡੀ ਨੂੰ ਉਸਾਰੂ ਲੀਹਾਂ ‘ਤੇ ਲਿਆ ਕੇ ਮਿਸਾਲ ਪੈਦਾ ਕੀਤੀ। ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਉਸ ਵੇਲੇ ਦੇ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਨੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ। ਉਹ ਆਪਣੇ ਕੋਚਾਂ-ਸਰਬਣ ਬੱਲ ਤੇ ਅਜੀਤ ਬੱਲ ਨੂੰ ਕਦੇ ਨਹੀਂ ਭੁੱਲਦਾ, ਜਿਨ੍ਹਾਂ ਦੀ ਕੋਚਿੰਗ ਸਦਕਾ ਚੰਗਾ ਖਿਡਾਰੀ ਬਣਿਆ। ਅਜੀਤ ਬੱਲ ਉਸ ਨੂੰ ਸਾਊ ਅਤੇ ਈਮਾਨਦਾਰ ਖਿਡਾਰੀ ਤੇ ਪੁਲਿਸ ਅਫਸਰ ਮੰਨਦਾ ਹੈ।
ਕਬੱਡੀ ਖੇਡਣ ਦੇ ਨਾਲ ਨਾਲ ਸ਼ਿਵਦੇਵ ਪਹਿਲਵਾਨਾਂ ਦੀਆਂ ਪਕੜਾਂ ਵੇਖਣ ਦਾ ਸ਼ੌਕੀਨ ਸੀ। ਪਹਿਲਵਾਨੀ ‘ਚ ਉਹ ਬੁੱਧ ਸਿੰਘ ਨੂੰ ਆਪਣੇ ਸਮਿਆਂ ਦਾ ਭਾਰਤ ਦਾ ਬਿਹਤਰੀਨ ਪਹਿਲਵਾਨ ਸਮਝਦਾ ਹੈ। ਜਲੰਧਰ ਉਨ੍ਹੇ ਬੁੱਧ ਸਿੰਘ ਦੀ ਇਰਾਨੀ ਪਹਿਲਵਾਨ ਨਾਲ ਕੁਸ਼ਤੀ ਵੇਖੀ। ਬੁੱਧ ਸਿੰਘ ਦੀ ਚੁਸਤੀ-ਫੁਰਤੀ ਤੇ ਭਲਵਾਨੀ ਨੂੰ ਉਹ ਅੱਜ ਵੀ ਯਾਦ ਕਰਦਾ ਹੈ। ਚੰਗੇ ਖਿਡਾਰੀਆਂ ਤੇ ਪਹਿਲਵਾਨਾਂ ਦੀ ਕਦਰ ਕਰਨ ਦੇ ਨਾਲ ਨਾਲ ਕਲਾਸੀਕਲ ਸੰਗੀਤ ਦਾ ਵੀ ਸ਼ੌਕੀਨ ਹੈ।
ਸ਼ਿਵਦੇਵ ਸਿੰਘ ਨੂੰ ਵਿਸ਼ਵ ਕਬੱਡੀ ਕੱਪਾਂ ‘ਚ 5 ਸਾਲ ਟੈਕਨੀਕਲ ਡਾਇਰੈਕਟਰ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ। 2014 ਵਿਚ ਪਹਿਲੀ ਵਿਸ਼ਵ ਕਬੱਡੀ ਲੀਗ ਵਿਚ ਟੈਕਨੀਕਲ ਡਾਇਰੈਕਟਰ ਦੀ ਸੇਵਾ ਨਿਭਾਈ ਅਤੇ ਲੀਗ ਖੇਡ ਰਹੀਆਂ ਟੀਮਾਂ ਨੂੰ ਇੰਗਲੈਂਡ ਵਿਚ ਵੀ ਮੈਚ ਖਿਡਾਏ। 2015 ਤੋਂ ਪੱਕੇ ਤੌਰ ‘ਤੇ ਉਹ ਨਿਊ ਯਾਰਕ ‘ਚ ਪਰਿਵਾਰ ਸਮੇਤ ਰਹਿ ਰਿਹਾ ਹੈ। ਨਿਊ ਯਾਰਕ ਰਹਿੰਦੇ ਪਰਮ ਮਿੱਤਰ ਸੁਰਮੀਤ ਸਿੰਘ ਸਹੋਤਾ ਨਾਲ ਦਿਲੀ ਪਿਆਰ ਹੈ।
ਟੂਰਨਾਮੈਟਾਂ, ਸਭਿਆਚਾਰਕ ਪ੍ਰੋਗਰਾਮਾਂ, ਵਿਆਹ-ਸ਼ਾਦੀਆਂ ਜਾਂ ਜਿਥੇ ਵੀ ਉਹਨੂੰ ਕੋਈ ਯਾਦ ਕਰਦਾ ਹੈ, ਜਰੂਰ ਪਹੁੰਚਦਾ ਹੈ। ਉਹ ਖੁਸ਼ਮਿਜਾਜ ਸ਼ਖਸੀਅਤ ਦਾ ਮਾਲਕ ਹੈ। ਸਾਥੀ ਖਿਡਾਰੀਆਂ ਅਨੁਸਾਰ ਉਹ ਖੇਡਦੇ ਸਮੇਂ ਵੀ ਖੁਸ਼ ਰਹਿੰਦਾ ਸੀ। ਵੱਡੇ ਖਿਡਾਰੀ ਹੋਣ ਅਤੇ ਉਚੇ ਰੁਤਬੇ ‘ਤੇ ਰਹਿਣ ਦਾ ਕਦੇ ਮਾਣ ਨਹੀਂ ਕੀਤਾ। ਜੁਆਨੀ ‘ਚ ਖੇਡਦੇ ਸਮੇਂ ਮੀਟ ਵਗੈਰਾ ਖਾ ਲੈਂਦਾ ਸੀ, ਹੁਣ ਨਹੀਂ। ਦਾਰੂ ਕਦੇ ਪੀਤੀ ਨਹੀਂ, ਨਸ਼ਾ ਤਾਂ ਉਹਨੂੰ ਖੇਡ ਦਾ ਹੀ ਚੜ੍ਹਿਆ ਰਹਿੰਦਾ ਸੀ। ਨਿਊ ਯਾਰਕ ‘ਚ ਪੰਜਾਬੀ ਵਿਰਸਾ ਸਪੋਰਟਸ ਕਲੱਬ ਤੇ ਬੇਗੋਵਾਲ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਵਲੋਂ ਸਾਂਝੇ ਤੌਰ ‘ਤੇ ਕਰਵਾਏ ਜਾਂਦੇ ਕਬੱਡੀ ਮੈਚਾਂ ‘ਚ ਟੈਕਨੀਕਲ ਡਾਇਰੈਕਟਰ ਦੀ ਸੇਵਾ ਨਿਭਾਉਂਦਾ ਹੈ।
ਸਖਤ ਮਿਹਨਤ ਨਾਲ ਸ਼ਿਵਦੇਵ ਨੇ ਬੇ-ਸ਼ੁਮਾਰ ਪ੍ਰਾਪਤੀਆਂ ਕੀਤੀਆਂ ਅਤੇ ਮੁਕਾਬਲਿਆਂ ਦੀ ਭੱਠੀ ‘ਚ ਤਪ ਕੇ ਸੋਨਾ ਬਣਿਆ। ਸਫਲਤਾ ਦੀਆਂ ਪੌੜੀਆਂ ਚੜ੍ਹਦਾ ਚੜ੍ਹਦਾ ਟੀਸੀ ‘ਤੇ ਜਾ ਬੈਠਾ। ਸ਼ਿਵਦੇਵ ਦਾ ਕਹਿਣਾ ਹੈ ਕਿ ਖੇਡ ਪ੍ਰੇਮੀਆਂ ਤੇ ਚਹੇਤਿਆਂ ਨੇ ਉਸ ਨੂੰ ਜ਼ਿੰਦਗੀ ਭਰ ਹੱਥੀਂ ਛਾਂਵਾਂ ਕੀਤੀਆਂ, ਜਿਨ੍ਹਾਂ ਦਾ ਉਹ ਰਿਣੀ ਹੈ। ਉਹ ਜਿਸ ਮੁਕਾਮ ‘ਤੇ ਪਹੁੰਚਿਆ ਹੈ, ਉਸ ਲਈ ਪਰਮਾਤਮਾ ਦੀ ਕਿਰਪਾ, ਸੰਤ ਕਸ਼ਮੀਰਾ ਸਿੰਘ ਦਾ ਆਸ਼ੀਰਵਾਦ ਅਤੇ ਲੋਕਾਂ ਦਾ ਪਿਆਰ ਤੇ ਸ਼ੁਭ-ਇੱਛਾਵਾਂ ਸਮਝਦਾ ਹੈ।
ਸ਼ਿਵਦੇਵ ਸਿੰਘ ਨਾਲ ਸੰਪਰਕ ਫੋਨ: 347-285-0226 ਰਾਹੀਂ ਕੀਤਾ ਜਾ ਸਕਦਾ ਹੈ।