ਵਿਤਕਰਿਆਂ ਦੇ ਗਲੋਬਲ ਪਸਾਰਾਂ ‘ਤੇ ਗਹਿਰ ਗੰਭੀਰ ਚਰਚਾ

ਅਵਤਾਰ ਗੋਂਦਾਰਾ
ਫੋਨ: 559-375-2589
ਫਰਿਜ਼ਨੋ: ਸਥਾਨਕ ਸੰਸਥਾ ਇੰਡੋ ਯੂ. ਐਸ਼ ਹੈਰੀਟੇਜ ਐਸੋਸੀਏਸ਼ਨ ਵਲੋਂ Ḕਨਸਲੀ ਵਿਤਕਰੇ ਦੇ ਵਧ ਰਹੇ ਰੁਝਾਨḔ ਵਿਸ਼ੇ ‘ਤੇ ਹਾਲ ਹੀ ਵਿਚ ਹੋਏ ਸੈਮੀਨਾਰ ਵਿਚ ਹਰ ਤਰ੍ਹਾਂ ਦੇ ਵਿਤਕਰੇ ਨੂੰ ਹੰਗਾਲਿਆ ਗਿਆ। ਸੰਸਥਾ ਦੇ ਪ੍ਰਧਾਨ ਗੁਰਨੇਕ ਰਾਏ ਦੀ ਦੇਖ ਰੇਖ ਵਿਚ ਹੋਏ ਇਸ ਸਮਾਗਮ ਵਿਚ ਸੈਂਟਰਲ ਵੈਲੀ ਦੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ, ਕਾਰੋਬਾਰੀਆਂ ਅਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ। ਲਾਸ ਏਂਜਲਸ ਤੋਂ ਆਏ ਸੀਨੀਅਰ ਪੱਤਰਕਾਰ ਸਿੱਧੂ ਦਮਦਮੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਨਸਲੀ ਵਿਤਕਰੇ ਦੇ ਵਰਤਾਰੇ ਦੇ ਆਰਥਕ, ਸਿਆਸੀ, ਸਮਾਜਕ ਅਤੇ ਡੈਮੋਗ੍ਰਾਫਿਕ ਕਾਰਣਾਂ ਦੇ ਹਵਾਲੇ ਨਾਲ ਸੰਸਥਾ ਦੇ ਸਕੱਤਰ ਨਿੰਦੂ ਸੰਧੂ ਨੇ ਇਸ ਚਰਚਾ ਦਾ ਆਗਾਜ ਕੀਤਾ। ਉਸ ਨੇ ਕਿਹਾ ਕਿ ਆਬਾਦੀ ਦੇ ਤਬਾਦਲੇ ਨਾਲ, ਦੁਨੀਆਂ ਦੇ ਹਰ ਖਿੱਤੇ ਵਿਚ ਨਸਲੀ ਅਨੁਪਾਤ ਦੇ ਵਿਗਾੜ ਨੂੰ ਭਾਰੂ ਧਿਰਾਂ ਵਲੋਂ ਵਰਤਿਆ ਜਾ ਰਿਹਾ ਹੈ। ਪੰਜਾਬ ਵਿਚਲੇ ਨਾਮਧਾਰੀ, ਰਾਧਾਸੁਆਮੀ, ਨਿਰੰਕਾਰੀ ਅਤੇ ਸੱਚਾ ਸੌਦਾ ਡੇਰੇ ਦੇ ਹਵਾਲੇ ਨਾਲ ਉਨ੍ਹਾਂ ਕਿਹਾ, ਕਈ ਵਾਰ ਇੱਕੋ ਨਸਲ ਦੇ ਲੋਕ ਵੀ ਅਣਉਪਜਾਊ ਟਕਰਾਵਾਂ ਵਿਚ ਉਲਝ ਜਾਂਦੇ ਹਨ, ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਆਪਣੇ ਕਾਵਿਕ ਅੰਦਾਜ ਵਿਚ ਚਰਚਾ ਦਾ ਸੰਚਾਲਨ ਕਰਦਿਆਂ ਰੇਡੀਓ ਹੋਸਟ ਸੰਤੋਖ ਮਿਨਹਾਸ ਨੇ ਹਾਜਰ ਬੁਲਾਰਿਆਂ ਨੂੰ ਵਿਤਕਰੇ ਦੇ ਵੱਖ ਵੱਖ ਪਹਿਲੂਆਂ ਤੇ ਆਪੋ ਆਪਣੇ ਅਨੁਭਵ ਸਾਂਝੇ ਕਰਨ ਦਾ ਸੱਦਾ ਦਿੱਤਾ। ਉਸ ਨੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਮੀਡੀਏ ਦੀਆਂ ਮੁੱਖ ਸੁਰਖੀਆਂ ਕਿਸੇ ਨਾ ਕਿਸੇ ਵਿਤਕਰੇ ਨਾਲ ਜੁੜੀਆਂ ਹੁੰਦੀਆਂ ਹਨ, ਉਹ ਭਾਵੇਂ ਹਿੰਦੁਸਤਾਨ ਵਿਚ ਹੋਣ ਜਾਂ ਦੁਨੀਆਂ ਦੇ ਕਿਸੇ ਹੋਰ ਹਿੱਸੇ ਵਿਚ। ਸਭ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਸੱਦਾ ਦਿੰਦਿਆਂ, ਉਸ ਕਿਹਾ ਕਿ ਸਾਡੀ ਵਿਦਿਆ ਅਤੇ ਪਰਵਰਿਸ਼ ਸਾਡੇ ਬੱਚਿਆਂ ਨੂੰ ਵਧੀਆ ਇਨਸਾਨ ਤੇ ਸ਼ਹਿਰੀ ਬਣਾਉਣ ਦੀ ਥਾਂ ਡਾਕਟਰ, ਇੰਜੀਨੀਅਰ, ਟਰੱਕ ਜਾਂ ਸਟੋਰ ਮਾਲਕ ਬਣਾਉਣ ਤੱਕ ਸੀਮਿਤ ਰਹਿੰਦੀ ਹੈ, ਜੋ ਵੱਡੇ ਹੋ ਕੇ ਨਸਲੀ ਉਨਮਾਦ ਦਾ ਸੌਖਿਆਂ ਸ਼ਿਕਾਰ ਹੋ ਜਾਂਦੇ ਹਨ। ਆਰਥਕ ਪਾੜੇ ਵੱਲ ਇਸ਼ਾਰਾ ਕਰਦਿਆਂ ਉਸ ਕਿਹਾ ਕਿ ਦੁਨੀਆਂ ਭਰ ਵਿਚ ਸੱਤਾਧਾਰੀ ਸੱਤਾ ਵਿਚ ਰਹਿਣ ਲਈ ਆਪੋ ਆਪਣੇ ਵੋਟ ਬੈਂਕ ਦੀ ਪਾਲਾਬੰਦੀ ਕਰਦਿਆਂ, ਹਰ ਤਰ੍ਹਾਂ ਦੇ ਵਿਤਕਰੇ ਨੂੰ ਵਰਤਦੇ ਰਹਿਣਗੇ। ਮਾਨਵਵਾਦੀ ਧਿਰਾਂ ਦਾ ਫਰਜ ਬਣਦਾ ਹੈ ਕਿ ਉਹ ਇਸ ਬਾਰੇ ਚੌਕਸ ਰਹਿਣ ਅਤੇ ਇਸ ਦੀ ਮਾਰ ਵਿਚ ਨਾ ਆਉਣ।
ਖੇਤੀ ਵਿਗਿਆਨੀ ਡਾ. ਅਰਜਨ ਜੋਸਨ ਨੇ ਕਿਹਾ ਕਿ ਅੱਜ ਦੁਨੀਆਂ ਗਲੋਬਲ ਪਿੰਡ ਬਣਦੀ ਜਾ ਰਹੀ ਹੈ ਅਤੇ ਇਸ ਵਿਚ ਕਿਸੇ ਵੀ ਨਸਲੀ ਜਾਂ ਹੋਰ ਵਿਤਕਰੇ ਲਈ ਕੋਈ ਥਾਂ ਨਹੀਂ। ਹਰ ਤਰ੍ਹਾਂ ਦਾ ਵਿਤਕਰਾ ਖਤਮ ਕਰਨ ਲਈ ਜਿੱਥੇ ਬਾਹਰਮੁੱਖੀ ਹਾਲਤਾਂ ਸਾਜਗਾਰ ਹੋ ਰਹੀਆਂ ਹਨ, ਉਥੇ ਭੁੱਬਲ ਵਿਚ ਦੱਬੀ ਹੋਈ ਅੱਗ ਨੂੰ ਫੁਕਾਂ ਮਾਰਨ ਵਾਲੀਆਂ ਧਿਰਾਂ ਵੀ ਸਰਗਰਮ ਹਨ। ਪਰ ਇਨ੍ਹਾਂ ਟਕਰਾਵਾਂ ਦੇ ਖਤਮ ਹੋਣ ਦੇ ਆਸਾਰ ਕਾਫੀ ਹਨ। ਉਦਾਸੀਆਂ ਦੌਰਾਨ ਗੋਸ਼ਟ ਦੀ ਰਵਾਇਤ ਦਾ ਹਵਾਲਾ ਦਿੰਦਿਆਂ, ਡਾ. ਜੋਸਨ ਨੇ ਵੱਖ ਵੱਖ ਭਾਈਚਾਰਿਆਂ ਅਤੇ ਧਿਰਾਂ ਵਿਚ ਸਿਮਟ ਰਹੇ ਸੰਵਾਦ ਨੂੰ ਚਾਲੂ ਰੱਖਣ ਦਾ ਹੋਕਾ ਦਿੱਤਾ।
ਬਿਜਨਸਮੈਨ ਅਜੀਤ ਗਿੱਲ ਨੇ ਕਿਹਾ ਕਿ ਚਰਚਾ ਦੇ ਨਾਲ ਨਾਲ ਸਾਨੂੰ ਅਮਲੀ ਕੋਸ਼ਿਸ਼ਾਂ ਵੀ ਕਰਨੀਆਂ ਚਾਹੀਦੀਆਂ ਹਨ। ਦੂਜਿਆਂ ਨੂੰ ਛੁਟਿਆਉਣ ਦੀ ਥਾਂ ਸਾਨੂੰ ਖੁਦ ਮਿਸਾਲ ਬਣਨਾ ਚਾਹੀਦਾ ਹੈ, ਜਿਸ ਵਿਚ ਅਸੀਂ ਪੱਛੜ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਵਿਚ ਪਹਿਲਾਂ ਵਾਲੀ ਸੱਦਭਾਵਨਾ ਨਹੀਂ ਰਹੀ, ਬੱਚਿਆਂ Ḕਚ ਸਹਿਣਸ਼ੀਲਤਾ ਖਤਮ ਹੋ ਰਹੀ ਹੈ। ਦੂਜੇ ਭਾਈਚਾਰਿਆਂ ਦੇ ਨੇੜੇ ਹੋਣ ਦੀ ਥਾਂ, ਅਸੀਂ ਆਪਣੇ ਬੱਚਿਆਂ ਤੋਂ ਵੀ ਦੂਰ ਹੋ ਰਹੇ ਹਾਂ, ਜਿਸ ਬਾਰੇ ਸੋਚਣ ਦੀ ਲੋੜ ਹੈ। ਮਹਿੰਦਰ ਸਿੰਘ ਸੰਧਾਵਾਲੀਆ ਨੇ ਵੀ ਚਰਚਾ Ḕਚ ਹਿੱਸਾ ਲਿਆ।
ਕੁੰਦਨ ਸਿੰਘ ਧਾਮੀ ਨੇ ਵਿਤਕਰੇ ਨੂੰ ਮਾਨਸਿਕ ਰੋਗ ਦਸਦਿਆਂ ਕਿਹਾ ਕਿ ਜਾਣੇ-ਅਣਜਾਣੇ ਬਹੁਤੇ ਬੰਦੇ ਤੁਅਸਬ ਦਾ ਸ਼ਿਕਾਰ ਹੋਈ ਜਾਂਦੇ ਹਨ। ਬਹੁਤੇ ਅਮਰੀਕੀ ਤਾਂ ਕੀ, ਦੱਖਣੀ ਭਾਰਤ ਦੇ ਵਾਸੀ ਵੀ ਸਿੱਖਾਂ ਬਾਰੇ ਨਹੀਂ ਜਾਣਦੇ। ਨਿੱਜੀ ਅਨੁਭਵ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਈਰਖਾ ਵੀ ਨਸਲੀ ਵਿਤਕਰੇ ਨੂੰ ਹਵਾ ਦਿੰਦੀ ਹੈ। ਬਹੁਤੇ ਵਿਹਲੜ ਤੇ ਮੁਕਾਮੀ ਲੋਕਾਂ ਲਈ ਪਰਵਾਸੀਆਂ ਦੀ ਚੜ੍ਹਤ ਤੇ ਤਰੱਕੀ ਨੂੰ ਹਜਮ ਕਰਨਾ ਔਖਾ ਹੈ। Ḕਮਾਣਸ ਦੀ ਏਕ ਜਾਤḔ ਦਾ ਨਾਹਰਾ ਜੇ ਲਾਗੂ ਹੋ ਸਕੇ ਤਾਂ ਮਸਲਾ ਹੱਲ ਹੋ ਸਕਦਾ ਹੈ, ਪਰ ਇਹ ਹੋ ਨਹੀਂ ਰਿਹਾ।
ਚਰਚਾ ਨੂੰ ਅੱਗੇ ਤੋਰਦਿਆਂ ਮੈਡਮ ਸੁਰਿੰਦਰ ਗੋਂਦਾਰਾ ਨੇ ਕਿਹਾ ਕਿ ਇਹ ਮਸਲਾ ਗੁੰਝਲਦਾਰ ਹੈ, ਨਸਲਪ੍ਰਸਤੀ ਸਾਡੇ ਖੂਨ ਵਿਚ ਰਲੀ ਹੋਈ ਹੈ, ਜਿਸ ਵਿਚੋਂ ਨਿਕਲਣਾ ਆਸਾਨ ਨਹੀਂ। ਜਿੱਥੇ ਭਾਰਤ ਵਿਚ ਸਰਕਾਰੀ ਦਫਤਰਾਂ ਵਿਚ ਪਹਿਲੇ, ਦੂਜੇ, ਤੀਜੇ ਅਤੇ ਚੌਥਾ ਦਰਜਾ ਮੁਲਾਜਮਾਂ ਚ ਵੱਡਾ ਪਾੜਾ ਸੀ। ਚੌਥਾ ਦਰਜਾ ਮੁਲਾਜਮ ਦੂਜਿਆਂ ਦੇ ਬਰਾਬਰ ਬਹਿਣ ਦਾ ਹੀਆ ਨਹੀਂ ਸੀ ਕਰ ਸਕਦਾ, ਉਥੇ ਅਮਰੀਕਾ ਵਿਚ ਇਹ ਪਾੜਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਵਿਤਕਰੇ ਦਾ ਰੂਪ ਵਿਅਕਤੀਗਤ ਹੈ, ਸਮੂਹਿਕ ਨਹੀਂ। ਹਿੰਦੁਸਤਾਨ ਵਿਚ ਵਿਗੜ ਰਹੇ ਹਾਲਾਤ ਦਾ ਹਵਾਲਾ ਦਿੰਦਿਆਂ ਮੈਡਮ ਗੋਂਦਾਰਾ ਨੇ ਕਿਹਾ ਕਿ ਸਾਨੂੰ ਉਥੇ ਹਰ ਤਰ੍ਹਾਂ ਦੇ ਵਿਤਕਰਿਆਂ ਖਿਲਾਫ ਲੜ ਰਹੇ ਕਾਰਕੁਨਾਂ ਅਤੇ ਬੁੱਧੀਜੀਵੀਆਂ ਦੇ ਨਾਲ ਖੜਨਾ ਚਾਹੀਦਾ ਹੈ। ਸਿਆਸੀ ਪਾਲਬੰਦੀ ਲਈ ਵਿਤਕਰਿਆਂ ਦੇ ਖੇਡੇ ਜਾ ਰਹੇ ਪੱਤਿਆਂ ਬਾਰੇ ਚੌਕਸ ਰਹਿਣ ਲਈ ਵੀ ਕਿਹਾ।
ਸੁਤੰਤਰਤਾ ਸੰਗਾਰਮੀ ਪਰਿਵਾਰ ਨਾਲ ਜੁੜੇ ਕਰਨਲ ਹਰਦੇਵ ਗਿੱਲ ਨੇ ਕਿਹਾ ਕਿ ਨਸਲੀ ਵਿਤਕਰੇ ਦਾ ਉਸਾਰ, ਜਾਤ, ਰੰਗ, ਧਰਮ, ਸੰਵਾਦ ਦੀ ਘਾਟ, ਅਸਿਹਣਸ਼ੀਲਤਾ, ਸਿਆਸਤ ਅਤੇ ਤੁਅੱਸਬ ਦੀਆਂ ਨੀਂਹਾਂ ਤੇ ਟਿਕਿਆ ਹੋਇਆ ਹੈ। ਇਸ ਵਰਤਾਰੇ ਨੂੰ ਵਿਕਾਸਵਾਦ ਨਾਲ ਜੋੜਦਿਆਂ ਉਨ੍ਹਾਂ ਕਿਹਾ ਕਿ ਇਨਸਾਨ ਦੇ ਦੁਨੀਆਂ ਵਿਚ ਆਗਮਨ ਤੋਂ ਹੀ ਹਿੰਸਾ ਉਸ ਦੇ ਸੁਭਾਅ ਦਾ ਅੰਗ ਬਣੀ ਹੋਈ ਹੈ। ਇਸ ਨੂੰ ਰੋਕਣ ਲਈ ਜਿੱਥੇ ਕਾਨੂੰਨ ਬਣੇ, ਉਥੇ ਧਰਮ ਨੇ ḔਪਾਪḔ ਦਾ ਸੰਕਲਪ ਲਿਆਂਦਾ। ਕਰਨਲ ਗਿੱਲ ਨੇ ਕਿਹਾ ਕਿ ਵਿਦਿਆ ਦੇ ਜੋਰ ਨਾਲ ਇਸ ਨੂੰ ਘਟਾਇਆ ਜਾ ਸਕਦਾ ਹੈ। ਆਪਸੀ ਬੇਵਸਾਹੀ ਅਤੇ ਸ਼ੰਕੇ ਘਟਾਉਣ ਲਈ ਦੂਜਿਆਂ ਬਾਰੇ ਜਾਣੀਏ ਤੇ ਆਪਣੇ ਬਾਰੇ ਦੱਸੀਏ। ਉਨ੍ਹਾਂ ਆਪਣੇ ਆਪ ਨੂੰ ਆਪਣੇ ਧਾਰਮਿਕ ਸਥਾਨਾਂ ਤੱਕ ਸੀਮਿਤ ਕਰਨ ਦੀ ਥਾਂ ਹੋਰਨਾਂ ਨਾਲ ਸਮਾਜਕ, ਸੱਭਿਆਚਾਰਕ ਸਾਂਝ ਵਧਾਉਣ ਦੀ ਲੋੜ ‘ਤੇ ਜੋਰ ਦਿੱਤਾ।
ਕਾਰੋਬਾਰੀ ਪਾਲ ਸਹੋਤਾ ਨੇ ਆਪਣੇ ਅੰਦਰ ਝਾਤੀ ਮਾਰਨ ‘ਤੇ ਜੋਰ ਦਿੰਦਿਆਂ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰੀਏ। ਉਸ ਦੀ ਪ੍ਰੋੜਤਾ ਕਰਦਿਆਂ ਸੰਸਥਾ ਦੇ ਸਰਗਰਮ ਮੈਂਬਰ ਗੁਰਦੀਪ ਨਿੱਝਰ ਨੇ ਕਿਹਾ ਕਿ ਜੇ ਅਸੀਂ ਹਰ ਤਰ੍ਹਾਂ ਦੇ ਵਿਤਕਰੇ ਤੋਂ ਸਾਫ ਹਾਂ, ਤਾਂ ਦੂਜਿਆਂ ਲਈ ਵਿਤਕਰੇ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ। ਕਹਾਣੀਕਾਰ ਤ੍ਰਿਲੋਕ ਮਿਨਹਾਸ ਦਾ ਕਹਿਣਾ ਸੀ ਕਿ ਅਮਰੀਕੀ ਕਾਨੂੰਨ ਨਫਰਤ ਨੂੰ ਗੁਨਾਹ ਨਹੀਂ ਮੰਨਦਾ, ਜਿੰਨਾ ਚਿਰ ਇਸ ਨਫਰਤ ਦੇ ਆਧਾਰ ‘ਤੇ ਕੋਈ ਕਿਸੇ ਦਾ ਜਿਸਮਾਨੀ ਜਾਂ ਆਰਥਕ ਨੁਕਸਾਨ ਨਹੀਂ ਕਰਦਾ। ਉਸ ਦੀ ਧਾਰਨਾ ਸੀ ਕਿ ਬਦਲੇ ਦੀ ਭਾਵਨਾ, ਈਰਖਾ, ਵੰਡਣ ਵਾਲੀ ਸਿਆਸਤ, ਸਮਾਜਾਂ ਵਿਚ ਵਿਆਪਤ ਨਾ-ਬਰਾਬਰੀ ਕਰਕੇ ਹੈ।
ਅਜਿਹੇ ਸਮਾਗਮਾਂ ਵਿਚ ਦੂਜੇ ਭਾਈਚਾਰਿਆਂ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ‘ਤੇ ਜੋਰ ਦਿੰਦਿਆਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਹਰਜਿੰਦਰ ਕੰਗ ਨੇ ਕਿਹਾ ਆਪਣੇ ਅੰਦਰਲੀ ਇਨਸਾਨੀਅਤ ਨੂੰ ਅੱਗੇ ਲਿਆਉਣ ਦੀ ਲੋੜ ਹੈ। ਵੱਖ ਵੱਖ ਧੜਿਆਂ ਵਿਚ ਵੰਡੇ ਭਾਈਚਾਰੇ ਦਾ ਜਿਕਰ ਕਰਦਿਆਂ ਕਿਹਾ ਕਿ ਸਭ ਦਾ ਜੋਰ ਆਪੋ ਆਪਣੀ ਪਛਾਣ ਬਣਾਉਣ ਤੇ ਲੱਗਿਆ ਹੋਇਆ ਹੈ, ਨਾ ਕਿ ਇਕ ਦੂਜੇ ਦੇ ਨੇੜੇ ਹੋਣ ਉਤੇ। ਉਨ੍ਹਾਂ ਆਪਣੀਆਂ ਕਮੀਆਂ ਨੂੰ ਅੰਗਦਿਆਂ ਆਪਣੀ ਭੂਮਿਕਾ ਬਾਰੇ ਜਾਗਰੂਕ ਹੋਣ ਦੀ ਲੋੜ ‘ਤੇ ਜੋਰ ਦਿੱਤਾ। ਪੋਸਟਰਾਂ, ਫਿਲਮਾਂ, ਨਗਰ ਕੀਰਤਨਾਂ ਨਾਲ ਪਛਾਣ ਗੂੜੀ ਕਰਨ ਦੀਆਂ ਕੋਸ਼ਿਸ਼ਾਂ ਸੰਬੰਧੀ ਭੁਲੇਖੇ ‘ਚੋਂ ਨਿਕਲਣ ਦਾ ਸੱਦਾ ਦਿੰਦਿਆਂ Ḕਯੂਨਾਈਟਡ ਸ਼ੇਡਜ ਆਫ ਅਮਰੀਕਾḔ ਨਾਮੀ ਦਸਤਾਵੇਜੀ ਫਿਲਮ ਦਾ ਹਵਾਲਾ ਦਿੱਤਾ, ਜਿਸ ਵਿਚ ਦਿਖਾਇਆ ਗਿਆ ਹੈ ਕਿ ਆਮ ਅਮਰੀਕੀਆਂ ਨੂੰ ਸਿੱਖਾਂ ਜਾ ਪੰਜਾਬੀਆਂ ਬਾਰੇ ਕੋਈ ਇਲਮ ਨਹੀਂ ਹੈ। ਹਰਜਿੰਦਰ ਕੰਗ ਨੇ ਅੰਤਰ ਭਾਈਚਾਰਕ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਲਈ ਗੁਰਦੁਆਰਿਆਂ ਵਿਚ ਦੂਜੇ ਭਾਈਚਾਰੇ ਦੇ ਵਿਦਿਅਰਥੀਆਂ ਦੀ ਬਕਾਇਦਾ ਸ਼ਮੂਲੀਅਤ ‘ਤੇ ਜੋਰ ਦਿੱਤਾ। ਉਨ੍ਹਾਂ ਆਖਿਆ ਕਿ ਆਰਥਿਕਤਾ, ਰੁਜਗਾਰ ਦਾ ਮਿਲਣਾ-ਖੁਸਣਾ ਬੁਨਿਆਦੀ ਮਸਲੇ ਹਨ, ਜਿਨ੍ਹਾਂ ਦੇ ਅਸਲੀ ਕਾਰਨਾਂ ਨੂੰ ਸੰਬੋਧਿਤ ਹੋਣ ਦੀ ਥਾਂ ਬਹਾਨਿਆਂ ਨੂੰ ਅੱਗੇ ਲਿਆਂਦਾ ਜਾਂਦਾ ਹੈ। ਨਸਲਵਾਦ ਉਨ੍ਹਾਂ ‘ਚੋਂ ਇੱਕ ਹੈ।
ਚਰਚਾ ਨੂੰ ਸਮੇਟਦਿਆਂ ਸਿੱਧੂ ਦਮਦਮੀ ਨੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕਿਸਮ ਦੀਆਂ ਗੋਸ਼ਟਾਂ ਵਿਚੋਂ ਕੁਝ ਨਾ ਕੁਝ ਸਾਰਥਕ ਨਿਕਲਦਾ ਹੈ। ਅਮਰੀਕਾ ਵਿਚਲੇ ਭਾਰਤੀ ਪਰਵਾਸੀਆਂ ਨਾਲ ਹੁੰਦੇ ਰਹੇ ਹਿੰਸਕ ਵਿਤਕਰੇ ਦਾ ਹਵਾਲਾ ਦਿੰਦਿਆ ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਸੋਮਿਆਂ ਦੀ ਬਹੁਲਤਾ ਹੈ, ਟਕਰਾਓ ਦੱਬਿਆ ਰਹਿੰਦਾ ਹੈ। ਘਟਣ ਦੀ ਹਾਲਤ ਵਿਚ, ਸ਼ਰੀਕੇਬਾਜੀ ਨਸਲੀ ਜਾਂ ਧਾਰਮਕ ਟਕਰਾਓ ਦਾ ਰੂਪ ਅਖਤਿਆਰ ਕਰ ਲੈਂਦੀ ਹੈ। ਨਸਲਵਾਦ ਸਿਆਸੀ ਪਾਲਬੰਦੀ ਲਈ ਸਭ ਤੋਂ ਸਾਜਗਾਰ ਪੱਤਾ ਹੈ, ਜੋ ਹਿਟਲਰ ਨੇ ਜਰਮਨੀ ਚḔ ਖੇਡਿਆ ਅਤੇ ਮੋਦੀ ਭਾਰਤ ਵਿਚ ਇਹੀ ਵਰਤ ਰਿਹਾ ਹੈ। ਨਸਲਵਾਦ ਦੀਆਂ ਜੜਾਂ ਬੇਸ਼ਕ ਮਨੁੱਖੀ ਸੁਭਾ ਵਿਚ ਪਈਆਂ ਹਨ, ਪਰ ਇਸ ਨਾਲ ਮੁਨੱਖਵਾਦ ਦੇ ਪੈਂਤੜੇ ਤੋਂ ਨਜਿੱਠਿਆ ਜਾ ਸਕਦਾ ਹੈ।
ਸੰਸਥਾ ਦੇ ਚੇਅਰਮੈਨ ਪ੍ਰਿੰ ਪ੍ਰੀਤਮ ਸਿੰਘ ਨਾਹਲ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਅਜਿਹੇ ਸੈਮੀਨਾਰਾਂ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਇਆ। ਅੰਤਰ ਭਾਈਚਾਰਕ ਆਦਾਨ ਪ੍ਰਦਾਨ ਬਾਰੇ ਆਏ ਸੁਝਾਵਾਂ ਦੀ ਪ੍ਰੋੜਤਾ ਕਰਦਿਆਂ ਪ੍ਰਧਾਨ ਹਰਨੇਕ ਰਾਏ ਨੇ ਕਿਹਾ ਜੱਥੇਬੰਦੀ ਸਾਰੇ ਧਾਰਮਕ ਅਸਥਾਨਾਂ ਅਤੇ ਸਮਾਜਕ ਜਥੇਬੰਦੀਆਂ ਤੱਕ ਰਸਾਈ ਕਰੇਗੀ ਤਾਂ ਜੋ ਦੂਜੇ ਭਾਈਚਾਰਿਆਂ ਦੇ ਵਿਦਿਆਰਥੀਆਂ, ਆਗੂਆਂ ਨੂੰ ਬਕਾਇਦਾ ਤੌਰ ਤੇ ਸਮੇਂ ਸਮੇਂ ਬੁਲਾਉਣ ਦੀ ਪਿਰਤ ਪਾਈ ਜਾ ਸਕੇ। ਉਸ ਨੇ ਨਸਲੀ ਜਾਂ ਹੋਰ ਵਿਤਕਰਿਆਂ ਦੀ ਮਾਰ ਨੂੰ ਖੁੰਡਾ ਕਰਨ ਲਈ Ḕਗੋਸ਼ਟḔ ਦੀ ਰਵਾਇਤ ਨੂੰ ਮੁੜ ਸ਼ੁਰੂ ਕਰਦਿਆਂ, ਵਾਤਾਵਰਣ, ਮਨੁੱਖੀ ਹੱਕਾਂ ਅਤੇ ਹੋਰ ਸਾਂਝੇ ਮੁੱਦਿਆਂ ਤੇ ਸਰਵ ਸਾਂਝੇ ਸਮਾਗਮਾਂ ‘ਤੇ ਜੋਰ ਦਿੱਤਾ।
ਸਮਾਗਮ ਦੀ ਕਾਮਯਾਬੀ ਲਈ ਸਰਬਜੀਤ ਸਿੰਘ ਸਠਿਆਲਾ, ਸੁਖਜੀਤ ਭੁੱਲਰ, ਗੁਰਨੇਕ ਸਿੰਘ ਨਾਗਰਾ, ਪ੍ਰੇਮ ਮੋਹਨ ਸਿੰਘ ਚਾਹਲ, ਸੁਖਜਿੰਦਰ ਸਿੰਘ ਬਾਲਾ, ਸਿਕੰਦਰ ਸਿੰਘ ਧਾਲੀਵਾਲ, ਸੁਖਪਾਲ ਸਿੰਘ ਧਾਲੀਵਾਲ, ਪਾਲ ਸਹੋਤਾ, ਚਰਨਜੀਤ ਸਹੋਤਾ, ਮਹਿੰਦਰ ਸੰਧਾਵਾਲੀਆ, ਮੋਹਨ ਨਿੱਝਰ, ਗਾਇਕ ਰਾਜ ਬਰਾੜ, ਗੁਰਦੀਪ ਸੰਧੂ, ਅਮਰੀਕ ਸੰਧੂ, ਸੁਰਿੰਦਰ ਸਿੰਘ, ਟਹਿਲ ਸਿੰਘ ਪੰਨੂੰ, ਭੁਪਿੰਦਰ ਸਿੰਘ ਔਜਲਾ, ਕਰਨੈਲ ਸਿੰਧਰ, ਅਜੀਤ ਗਿੱਲ, ਚਰਨਜੀਤ ਭੰਗੂ, ਅਮਰੀਕ ਵਿਰਕ, ਰੇਸ਼ਮ ਸਿੰਘ ਟਕਰ, ਬਲਵਿੰਦਰ ਸੰਧੂ, ਦੀਪ ਮੋਹਨ, ਪਾਲ ਸਿੰਘ ਕੈਲੇ, ਪਾਲ ਮਾਹਲ ਆਦਿ ਨੇ ਨੁਮਾਇਆ ਰੋਲ ਨਿਭਾਇਆ।