ਪੌਂਡਾਂ ਦੀ ਜੰਗ

ਗੁਰਦੀਪ ਸਿੰਘ ਪੁਰੀ
ਮੈਂ ਉਸ ਨੂੰ ਅਚਾਨਕ ਹੀ ਪੁੱਛ ਬੈਠਾ, “ਇੰਡੀਆ ਗਿਆਂ ਨੂੰ ਕਿੰਨੇ ਕੁ ਸਾਲ ਹੋ ਗਏ?”
“ਤੁਹਾਨੂੰ ਇੰਡੀਆ ਤੋਂ ਆਇਆਂ ਨੂੰ ਕਿੰਨੇ ਸਾਲ ਹੋ ਗਏ?” ਉਸ ਜੁਆਬ ਦੇਣ ਦੀ ਥਾਂ ਸੁਆਲ ਦਾ ਤੀਰ ਮੇਰੇ ਵੱਲ ਸਿੱਧਾ ਕਰ ਦਿੱਤਾ।

“ਬਹੁਤ ਚਿਰ ਹੋ ਗਿਆ। ਇੰਨਾ ਲੰਮਾ ਵਕਫਾ ਤਾਂ ਮੈਂ ਕਦੇ ਕਿਆਸਿਆ ਵੀ ਨਹੀਂ ਸੀ। ਜਦੋਂ ਇੰਡੀਆ ਤੋਂ ਤੁਰਿਆ ਸਾਂ ਤਾਂ ਸੋਚਿਆ ਸੀ, ਹਰ ਸਾਲ ਚੱਕਰ ਮਾਰਿਆ ਕਰਾਂਗਾ, ਪਰ ਇਥੇ ਐਵੇਂ ਉਠਣ-ਬੈਠਣ ਦੇ ਆਹਰ ਵਿਚ ਹੀ ਚਾਰ ਸਾਲ ਲੰਘ ਗਏ।”
“ਬਸ ਚਾਰ ਸਾਲਾਂ ਵਿਚ ਹੀ ਉਦਾਸੇ ਗਏ।”
“ਚਾਰ ਸਾਲਾਂ ਦਾ ਵਕਫਾ ਕਿਤੇ ਥੋੜ੍ਹਾ ਹੁੰਦੈ। ਸੱਚ ਪੁੱਛੇਂ ਤਾਂ ਮੈਂ ਇੱਥੇ ਮਾਨਸਿਕ ਤੌਰ ‘ਤੇ ਚਾਰ ਦਿਨ ਵੀ ਨਹੀਂ ਰਿਹਾ। ਸੋਚਿਆ ਕੀ ਸੀ, ਵੇਖਿਆ ਕੀ ਹੈ-ਜਾਪਦੈ ਇਥੋਂ ਦਾ ਨਰਕ ਵੇਖਦਿਆਂ ਵੇਖਦਿਆਂ ਘਰਾਂ ਦੀਆਂ ਮੰਮਟੀਆਂ ਢਹਿ ਢੇਰੀ ਹੋ ਜਾਣਗੀਆਂ।”
“ਬੜੀ ਗੰਭੀਰ ਗੱਲ ਕਹਿ ਦਿੱਤੀ ਹੈ ਤੁਸਾਂ, ਜਾਪਦੈ ਸਾਹਿਤ ਦੇ ਸ਼ੌਕੀਨ ਹੋ।”
“ਸ਼ੌਕੀਨ ਹੀ ਨਹੀਂ, ਸਾਹਿਤ ਲਿਖਦਾ ਵੀ ਹਾਂ।”
“ਕੀ ਲਿਖਦੇ ਹੋ?”
“ਕਵਿਤਾ, ਕਹਾਣੀ ਅਤੇ ਕਲਾ ਨਾਲ ਸਬੰਧਤ ਹਰ ਚੀਜ਼ ‘ਤੇ ਕਲਮ ਅਜ਼ਮਾ ਲਈਦੀ ਹੈ।”
“ਮੈਂ ਵੀ ਕਾਲਜ ਵਿਚ ਬਹੁਤ ਲਿਖਦੀ ਹੁੰਦੀ ਸੀ। ਉਡਣ ਪਰੀ ਸੀ ਮੈਂ ਕਾਲਜ ਦੀ। ਹਰ ਖੇਤਰ ਵਿਚ ਮੋਹਰੇ। ਡਰਾਮਾ, ਗੀਤ, ਸੰਗੀਤ, ਖੇਡਾਂ, ਐਨ. ਸੀ. ਸੀ., ਗਿੱਧਾ-ਬਸ ਪੁੱਛੋ ਨਾ! ਮਾਂ-ਬਾਪ ਦੀ ਬੜੀ ਲਾਡਲੀ ਧੀ ਸੀ। ਪੜ੍ਹਾਈ ਵਿਚ ਵੀ ਉਂਗਲਾਂ ‘ਤੇ ਗਿਣੀ ਜਾਂਦੀ ਸਾਂ।”
“ਉਂਗਲਾਂ ‘ਤੇ ਤਾਂ ਤੁਸੀਂ ਹੁਣ ਵੀ ਗਿਣੇ ਜਾਂਦੇ ਹੋ।”
“ਹੁਣ ਕੌਣ ਗਿਣਦੈ!”
“ਹੀਰੇ ਦੀ ਪਰਖ ਕੋਈ ਪਾਰਖੂ ਹੀ ਕਰ ਸਕਦੈ।”
“ਜਾਪਦੈ ਮਸਤਕ ਦੀ ਅਜੇ ਤੀਜੀ ਅੱਖ ਕੰਮ ਕਰਦੀ ਹੈ।”
“ਅਜੇ ਮੈਨੂੰ ਇਥੋਂ ਦੇ ‘ਪੌਂਡਾਂ ਦੀ ਜੰਗ’ ਨਹੀਂ ਲੱਗੀ ਸ਼ਾਇਦ ਇਸ ਕਰਕੇ ਅਜੇ ਕੁਝ ਸੋਚਿਆ, ਕੁਝ ਪਰਖਿਆ ਜਾ ਸਕਦੈ।”
“ਤੇਰੇ ਲਈ ਮੈਂ ਇਕ ਦੁਆ ਕਰਦੀ ਆਂ।”
“ਦੁਆ…ਮੇਰੇ ਲਈ।”
“ਹਾਂ।”
“ਕੇਹੀ ਦੁਆ?”
“ਰੱਬ ਕਰੇ, ਤੈਨੂੰ ਇਥੋਂ ਦੇ ‘ਪੌਂਡਾ ਦੀ ਜੰਗ’ ਲੱਗੇ ਵੀ ਨਾ।”
…ਤੇ ਉਹ ਗੰਭੀਰ ਹੋ ਗਈ। ਮੈਂ ਉਸ ਨੂੰ ਮੁੜ ਬੁਲਾਉਣਾ ਚਾਹੁੰਦਾ ਸੀ, ਪਰ ਹਿੰਮਤ ਜਿਹੀ ਨਾ ਹੋਈ। ਮੇਰੇ ਲਈ ਉਸ ਇਹ ਦੁਆ ਕਾਹਤੋਂ ਮੰਗੀ। ਲੋਕ ਤਾਂ ਪੌਂਡ ਇਕੱਠੇ ਕਰਨ ਲਈ ਸਭ ਕੁਝ ਦਾਅ ‘ਤੇ ਲਾ ਦਿੰਦੇ ਹਨ ਤੇ ਫਿਰ ਅੱਜ ਦੇ ਯੁੱਗ ਵਿਚ ਇਕੋ ਹੀ ਤਾਂ ਦੌੜ ਹੈ-ਪੈਸੇ ਦੀ ਦੌੜ। ਪਰ ਇਹ ਮੇਰੇ ਲਈ ਦੁਆ ਮੰਗ ਰਹੀ ਹੈ, “ਰੱਬ ਕਰੇ, ਤੈਨੂੰ ਇਥੋਂ ਦੇ ‘ਪੌਂਡਾਂ ਦੀ ਜੰਗ’ ਲੱਗੇ ਵੀ ਨਾ।”
ਦਰਅਸਲ ਇਥੇ ਮੈਨੂੰ ਕੰਮ ਕਰਦਿਆਂ ਨੂੰ ਅਜੇ ਕੁਝ ਹਫਤੇ ਹੀ ਹੋਏ ਹਨ। ਮੈਂ ਬਹੁਤਾ ਗੋਰਿਆਂ ਨਾਲ ਡੀਲ ਕਰਦਾ (ਵਰਤਦਾ) ਹਾਂ। ਇਹ ਤਾਂ ਮੇਰੀ ਕੁਲੀਗ ਹੈ, ਸੱਬੀ, ਜੋ ਬੱਸ 2-3 ਘੰਟੇ ਮੇਰੇ ਨਾਲ ਹੱਥ ਵਟਾਉਣ ਆਉਂਦੀ ਹੈ। ਰਸ਼ ਕੱਢੀ ਜਾਂਦੀ ਹੈ ਤੇ ਫੇਰ ਮੈਨੂੰ ਇਕੱਲੇ ਨੂੰ ਛੱਡ ਦੁਕਾਨ ਦੇ ਦੂਸਰੇ ਹਿੱਸੇ ਵਿਚ ਸਾਮਾਨ ਲਿਆਉਣ, ਟਿਕਾਉਣ ਤੇ ਸ਼ੈਲਫਾਂ ਭਰਨ ਵਿਚ ਜੁੱਟ ਜਾਂਦੀ ਹੈ। ਮੈਂ ਇਸ ਨੂੰ ਕਦੀ ਵਿਹਲੀ ਖੜ੍ਹੀ ਨਹੀਂ ਦੇਖਿਆ, ਕਦੇ ਵਿਹਲੀ ਬੈਠੀ ਨਹੀਂ ਦੇਖਿਆ। ਸਵੇਰ ਤੋਂ ਸ਼ਾਮ ਤੱਕ ਭੰਬੀਰੀ ਬਣੀ ਰਹਿੰਦੀ ਹੈ। ਪਤਾ ਨਹੀਂ ਰੱਬ ਨੇ ਇਸ ਨੂੰ ਕੇਹੀ ਮਿੱਟੀ ਦਾ ਬਣਾਇਆ ਹੈ, ਥੱਕਦੀ ਹੀ ਨਹੀਂ!
ਸੱਬੀ ਦਾ ਅਸਲ ਨਾਂ ਸਰਬਜੀਤ ਹੈ। ਭਰ ਜੁਆਨ ਹੈ। ਦੋ ਬੱਚਿਆਂ ਦੀ ਮਾਂ ਹੈ। ਪਤੀ ਅਲੱਗ ਦੁਕਾਨ ਕਰਦਾ ਹੈ। ਬੱਸ ਸਵੇਰੇ ਘਰੋਂ ਇਕੱਠੇ ਨਿਕਲਦੇ ਹਨ ਤੇ ਰਾਤੀਂ ਇਕੱਠੇ ਘਰ ਚਲੇ ਜਾਂਦੇ ਹਨ। ਸਿਰਫ ਰਾਤ ਕੱਟਣ ਹੀ ਘਰ ਜਾਂਦੇ ਹਨ। ਹਫਤੇ ਦੇ ਸੱਤੇ ਦਿਨ, ਸਾਲ ਦੇ 365 ਦਿਨ ਬਸ ਦੁਕਾਨਾਂ ਵਿਚ ਕੰਮ ਕਰਦੇ ਹਨ। ਬੱਚੇ ਘਰੋਂ ਸਕੂਲ, ਸਕੂਲ ਤੋਂ ਦੁਕਾਨ ਤੇ ਫਿਰ ਦੁਕਾਨ ਤੋਂ ਮਾਂ-ਬਾਪ ਨਾਲ ਘਰ। ਇਹ ਹੈ ਉਨ੍ਹਾਂ ਦੀ ਰੁਟੀਨ। ਛੁੱਟੀ ਵਾਲੇ ਦਿਨ ਵੀ ਬੱਚੇ ਦੁਕਾਨ ‘ਤੇ। ਮੈਨੂੰ ਉਸ ਦੇ ਘੁੰਗਰਾਲੇ ਵਾਲ ਬਹੁਤ ਪਸੰਦ ਹਨ, ਪਰ ਉਹ ਲੰਮੇ ਵਾਲ ਪਸੰਦ ਕਰਦੀ ਹੈ। ਜਿਸ ਦਿਨ ਉਹ ਰਤਾ ਕੁ ਵਾਲਾਂ ਨੂੰ ਖਿਲਾਰ ਲੈਂਦੀ ਹੈ ਤਾਂ ਸਾਈਂ ਬਾਬੇ ਵਾਂਗ ਉਸ ਦਾ ਸਿਰ ਵਾਲਾਂ ਨਾਲ ਲੱਦਿਆ ਜਾਪਦਾ ਹੈ। ਉਂਜ ਬਹੁਤ ਸੋਹਣੀ ਵੀ ਨਹੀਂ, ਪਰ ਸ਼ਕਲ ਸੂਰਤ ਇਕਦਮ ਵੇਖਦਿਆਂ ਹੀ ਅਪੀਲ ਕਰ ਜਾਂਦੀ ਹੈ। ਭੀੜ ‘ਚੋਂ ਅਲੱਗ ਪਛਾਣੀ ਜਾਣ ਵਾਲੀ ਚੀਜ਼ ਹੈ, ਇਹ ਸੱਬੀ। ਠਹਿਰੀ ਹੋਈ ਔਰਤ ਹੈ-ਮਿਲਾਪੜੀ ਜਿਹੀ, ਪਿਆਰੀ ਜਿਹੀ।
ਅਗਲੇ ਦਿਨ ਜਦ ਉਹ ਕੰਮ ‘ਤੇ ਮੇਰੇ ਨਾਲ ਹੱਥ ਵਟਾਉਣ ਆਈ ਤਾਂ ਰਸ਼ ਮੱਠਾ ਜਿਹਾ ਦੇਖ ਕੇ ਬੋਲੀ, “ਜਦੋਂ ਮੈਨੂੰ ਪਤਾ ਲੱਗਾ ਕਿ ਆਫਿਸ ਵਿਚ ਇਕ ਇੰਡੀਅਨ ਮੁੰਡਾ ਕੰਮ ਸ਼ੁਰੂ ਕਰਨ ਲੱਗਾ ਹੈ ਤਾਂ ਮੈਂ ਡਰ ਗਈ।”
“ਕਿਉਂ?”
“ਮੈਨੂੰ ਸੋਲ੍ਹਾਂ ਸਾਲ ਹੋ ਗਏ ਨੇ ਗੋਰਿਆਂ ਨਾਲ ਕੰਮ ਕਰਦਿਆਂ ਨੂੰ, ਉਨ੍ਹਾਂ ਵਿਚ ਵਿਚਰਦਿਆਂ ਨੂੰ। ਕਿੰਨਾ ਅਜੀਬ ਲੱਗਦਾ ਹੈ ਕਿ ਜਦੋਂ ਕੋਈ ਆਪਣਾ ਨਾਲ ਕੰਮ ਕਰੇ। ਇੰਡੀਆ ਦੀ ਗੱਲ ਵੱਖਰੀ ਹੈ, ਉਥੇ ਸਭ ਆਪਣੇ ਹੁੰਦੇ ਨੇ।”
“ਤੁਸੀਂ ਕੀਹਦੀ ਗੱਲ ਕਰ ਰਹੇ ਹੋ?”
“ਮੈਂ ਤੁਹਾਡੀ ਗੱਲ ਕਰ ਰਹੀ ਹਾਂ।”
“ਹੁਣ ਕਿੱਦਾਂ ਫੀਲ ਹੁੰਦਾ ਹੈ?”
“ਹੁਣ ਚੰਗਾ ਲੱਗਦਾ ਹੈ।”
“ਕਿਉਂ?”
“ਤੁਹਾਡੀ ਨੇਚਰ ਬਹੁਤ ਚੰਗੀ ਹੈ।”
“ਪਰ ਮੇਰੀ ਕਿਸਮਤ ਚੰਗੀ ਨਹੀਂ।”
“ਉਹ ਕਿੱਦਾਂ?”
“ਮੈਂ ਜਿਸ ਚੀਜ਼ ਨੂੰ ਚਾਹਿਆ ਹੈ, ਉਹ ਮੈਨੂੰ ਕਦੀ ਨਹੀਂ ਮਿਲੀ, ਪਰ ਜੋ ਮਿਲੀ, ਉਹ ਚਾਹੁਣ ਤੋਂ ਵੀ ਕਿਤੇ ਵਧ ਮਿਲੀ, ਪਰ ਮਾਨਸਿਕ ਤ੍ਰਿਪਤੀ ਕਦੇ ਨਹੀਂ ਹੋਈ।”
“ਤੁਸੀਂ ਫਿਰ ਵੀ ਮੇਰੇ ਤੋਂ ਚੰਗੇ ਹੋ?”
“ਉਹ ਕਿੱਦਾਂ?”
“ਜੋ ਮਿਲਿਆ, ਚਾਹੁਣ ਤੋਂ ਤਾਂ ਕਿਤੇ ਵੱਧ ਮਿਲਿਆ।”
“ਪਰ ਉਸ ਵਿਚ ਮੇਰੀ ਦਿਲਚਸਸਪੀ ਕਦੇ ਨਹੀਂ ਸੀ।”
“ਪਰ ਮੈਂ ਤਾਂ ਸਾਗਰ ਦੇ ਕੰਢੇ ‘ਤੇ ਰਹਿੰਦਿਆਂ ਵੀ ਪਿਆਸੀ ਹਾਂ। ਇਕ ਜ਼ਿੰਦਾ ਲਾਸ਼ ਹਾਂ। ਸਮਝੌਤੇ ਕਰ ਕਰ ਥੱਕ ਚੁਕੀ ਹਾਂ, ਆਪਣੇ ਆਪ ਨਾਲ। ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਪਰ ਇਥੇ ਇਕੋ ਹੱਦ ਹੈ ਤੇ ਉਹ ਹੱਦ ਹੈ, ਤੁਹਾਡਾ ਕੰਮ ਤੋਂ ਸਿੱਧਾ ‘ਬਕਸੇ’ ਵਿਚ ਪੈ ਜਾਣਾ। ਦੈਟ’ਸ ਦਾ ਲਾਈਫ ਐਂਡ ਦੈਟ’ਸ ਇੱਟ।”
ਉਹ ਫਿਰ ਉਦਾਸ ਹੋ ਬਾਹਰ ਚਲੀ ਗਈ। ਮੈਨੂੰ ਕਿਚਨ ਵਿਚੋਂ ਕੁਝ ਖੜਕਣ ਦੀ ਆਵਾਜ਼ ਆਈ। ਥੋੜ੍ਹੀ ਦੇਰ ਬਾਅਦ ਉਹ ਦੋ ਕਪ ਕੌਫੀ ਦੇ ਲੈ ਆਈ।
“ਲਓ! ਕੌਫੀ ਪੀਓ। ਓ ਸੌਰੀ। ਮੇਰਾ ਗਾਈਡ ਅੱਜ ਮੇਰੇ ਕੋਲ ਨਹੀਂ ਹੈ। ਲਿਆਓ ਛੱਡੋ, ਮੈਂ ਚਾਹ ਬਣਾ ਲਿਆਉਂਦੀ ਹਾਂ।”
“ਚਲੋ ਛੱਡੋ ਪਰ੍ਹਾਂ, ਅੱਜ ਕੌਫੀ ਹੀ ਸਹੀ।”
“ਡੂ ਯੂ…?”
“ਆਈ! ਡੌਂਟ ਵਰੀ, ਆਈ ਵਿੱਲ ਡਰਿੰਕ ਇੱਟ। ਜੇ ਤੁਸੀਂ ਗੁੱਸਾ ਨਹੀਂ ਕਰਦੇ ਤਾਂ ਕੀ ਮੈਂ ਤੁਹਾਨੂੰ ਤੁਹਾਡਾ ਨਾਂ ਲੈ ਕੇ ਬੁਲਾ ਸਕਦਾਂ? ਮੈਨੂੰ ਵਾਰ-ਵਾਰ ਗੋਰਿਆਂ ਵਾਂਗ ਮਿਸਿਜ਼ ਸਿੰਘ, ਮਿਸਿਜ਼ ਸਿੰਘ ਕਹਿਣਾ ਚੰਗਾ ਨਹੀਂ ਲੱਗਦਾ।”
“ਬੁਲਾ ਲਿਆ ਕਰੋ, ਇਹਦੇ ਵਿਚ ਹਰਜ ਹੀ ਕੀ ਐ। ਇਥੇ ਬੱਚੇ ਆਪਣੇ ਟੀਚਰਾਂ ਨੂੰ ਉਨ੍ਹਾਂ ਦੇ ਸੈਕਿੰਡ ਨਾਂ ਲੈ ਕੇ ਬੁਲਾਉਂਦੇ ਐ।”
“ਸੱਬੀ! ਮੈਂ ਤੁਹਾਨੂੰ ਇਕ ਸੁਆਲ ਪੁੱਛਿਆ ਸੀ?”
“ਕਿਹੜਾ ਭਲਾ?”
“ਇੰਡੀਆ ਗਿਆਂ ਨੂੰ ਕਿੰਨੇ ਕੁ ਸਾਲ ਹੋ ਗਏ ਹਨ?”
“ਤੁਸੀਂ ਹੀ ਜੁਆਬ ਦਿੱਤਾ ਸੀ ਜਦ ਮੈਂ ਪੁੱਛਿਆ ਸੀ, “ਤੁਹਾਨੂੰ ਇੰਡੀਆ ਤੋਂ ਆਇਆਂ ਨੂੰ ਕਿੰਨੇ ਸਾਲ ਹੋ ਗਏ ਹਨ?”
“ਚਾਰ।”
“ਬਸ ਚਾਰ ਹੀ, ਚਾਰਾਂ ਨਾਲ ਜਰਬ ਕਰ ਲਓ ਤੇ ਜੁਆਬ ਤੁਹਾਡੇ ਕੋਲ ਹੋਵੇਗਾ।”
“ਸੋਲ੍ਹਾਂ ਸਾਲ ਹੋ ਗਏ ਹਨ, ਇੰਡੀਆ ਤੋਂ ਆਇਆਂ ਨੂੰ। ਮਾਈ ਗਾਡ, ਤੁਹਾਡੀ ਪੰਜਾਬੀ ਅਜੇ ਵੀ ਬਹੁਤ ਵਧੀਆ ਹੈ। ਇੰਡੀਆ ਦੇ ਕਿੰਨੇ ਚੱਕਰ ਲਾ ਚੁਕੇ ਹੋ, ਸੋਲ੍ਹਾਂ ਸਾਲਾਂ ਵਿਚ?”
“ਜੇ ਚੱਕਰਾਂ ਦੀ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਚਾਰ ਨੂੰ ਚਾਰਾਂ ਨਾਲ ਜਰਬ ਦੇਣ ਨੂੰ ਥੋੜ੍ਹਾ ਕਹਿਣਾ ਸੀ। ਜਦੋਂ ਦੇ ਆਏ ਹਾਂ, ਬਸ ਆਏ ਹੀ ਹਾਂ, ਗਏ ਨਹੀਂ।
“ਮਾਈ ਗਾਡ।” ਤੇ ਮੈਂ ਸਿਰ ਫੜ੍ਹ ਕੇ ਬੈਠ ਗਿਆ।
“ਇਕ ਗੱਲ ਕਹਾਂ, ਸੱਬੀ…।”
“ਕਹੋ।”
“ਚੌਦਾਂ ਸਾਲਾਂ ਦਾ ਬਨਵਾਸ ਤਾਂ ਇੰਡੀਆ ਵਿਚ ਸੁਣਿਆ ਸੀ, ਪਰ ਸੋਲ੍ਹਾਂ ਦਾ ਨਹੀਂ ਸੀ ਸੁਣਿਆ।”
“ਇਹ ਵਲੈਤ ਹੈ। ਤਰੱਕੀ ‘ਤੇ ਹੈ ਤੇ ਬਨਵਾਸ ਦੀ ਉਮਰ ਵੀ ਇਥੇ ਇੰਡੀਆ ਤੋਂ ਤਰੱਕੀ ‘ਤੇ ਹੀ ਹੋਣੀ ਚਾਹੀਦੀ ਹੈ।”
ਫਿਰ ਉਹ ਗੰਭੀਰ ਹੋ ਗਈ। ਗਾਹਕਾਂ ਦਾ ਰਸ਼ ਪੈ ਗਿਆ। ਕਿੰਨੀ ਦੇਰ ਤੱਕ ਸਾਡੇ ਤੋਂ ‘ਕਿਉਂ’ ਨਾ ਟੁੱਟਾ। ਹਰ ਗਾਹਕ ਨੂੰ ‘ਸਰਵ’ ਕਰਦੀ ਤੋਂ ਇਹ ਸਾਫ ਲੱਗ ਰਿਹਾ ਸੀ ਕਿ ਉਸ ਦੇ ਬੋਲ ਭਾਰੇ ਹੁੰਦੇ ਜਾ ਰਹੇ ਹਨ, ਅੰਤ ਮੈਂ ਉਹਦੀਆਂ ਅੱਖਾਂ ਵਿਚੋਂ ਅੱਥਰੂ ਛਲਕਦੇ ਉਸ ਵੇਲੇ ਵੇਖੇ, ਜਦ ਇਕ ਗੋਰੀ ਨੇ ਉਸ ਨੂੰ ਪੁੱਛਿਆ,
“ਵੱਟ’ਸ ਰੌਂਗ ਵਿਦ ਯੂ, ਮਿਸਿਜ਼ ਸਿੰਘ।”
“ਨਥਿੰਗ।” ਬਸ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਕੋਈ ਚੀਜ਼ ਉਸ ਦੀ ਅੱਖ ਵਿਚ ਪੈ ਗਈ ਸੀ, ਪਰ ਬਾਹਰ ਹਨੇਰੀ ਵੀ ਨਹੀਂ ਸੀ ਚੱਲ ਰਹੀ ਕਿ ਕੋਈ ਚੀਜ਼ ਉਡ ਕੇ ਅੱਖ ਵਿਚ ਪੈ ਸਕਦੀ। ਹੁਣ ਮੈਂ ਸਮਝ ਚੁਕਾ ਸਾਂ ਕਿ ਇਕ ਹਨੇਰੀ ਮਿਸਿਜ਼ ਸਿੰਘ ਦੇ ਅੰਦਰ ਚਲ ਰਹੀ ਹੈ, ਜਿਸ ਨੂੰ ਸਮਝਣ ਦੀ ਲੋੜ ਹੈ। ਮੈਂ ਆਏ ਦਿਨ ਉਸ ਨੂੰ ਕਈ ਸੁਆਲ ਕਰਦਾ ਰਿਹਾ, ਪਰ ਉਹ ਹਰ ਵਾਰੀ ਝਕਾਨੀ ਦੇ ਕੇ ਨਿਕਲ ਜਾਂਦੀ ਰਹੀ। ਮੇਰੇ ਪੁੱਛੇ ਸੁਆਲਾਂ ਦਾ ਉਸ ਕੋਈ ਲੜ ਸਿਰਾ ਨਾ ਫੜ੍ਹਾਇਆ।
ਕਦੇ ਕਦੇ ਮੈਨੂੰ ਉਸ ‘ਤੇ ਗੁੱਸਾ ਵੀ ਆਉਂਦਾ। ਹਿਰਖ ਵੀ ਚੜ੍ਹਦਾ। ਜਦ ਕਦੀ ਇੰਡੀਆ ਦੀ ਕੋਈ ਗੱਲ ਚੱਲਦੀ ਤਾਂ ਸੱਬੀ ਵੀ ਉਸ ਨੂੰ ਉਸੇ ਨਜ਼ਰ ਤੋਂ ਵੇਖਦੀ ਜੋ ਨਜ਼ਰ ਉਹ ਅੱਜ ਤੋਂ ਸੋਲ੍ਹਾਂ ਸਾਲ ਪਹਿਲਾਂ ਇਥੇ ਲੈ ਕੇ ਆਈ ਸੀ। ਮੈਂ ਆਪਣੀ ਮਿੱਟੀ ਦੀ ਆਲੋਚਨਾ ਤਾਂ ਬਰਦਾਸ਼ਤ ਕਰ ਸਕਦਾ ਹਾਂ, ਮੈਂ ਆਪਣੀ ਮਿੱਟੀ ਨੂੰ ਖੁਦ ਕੋਸ ਸਕਦਾ ਹਾਂ, ਮੈਂ ਆਪਣੀ ਮਿੱਟੀ ਵਾਲਿਆਂ ਨੂੰ ਲਲਕਾਰ ਸਕਦਾ ਹਾਂ, ਉਨ੍ਹਾਂ ਦੀਆਂ ਖੁਦਗਰਜ਼ੀਆਂ ‘ਤੇ ਹੱਸ ਸਕਦਾ ਹਾਂ, ਉਨ੍ਹਾਂ ਨੂੰ ਝੰਜੋੜ ਸਕਦਾ ਹਾਂ, ਪਰ ਆਪਣੀ ਮਿੱਟੀ ਦੀ ਤੌਹੀਨ ਹੁੰਦੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਉਹ ਵੀ ਤਦ, ਜਦ ਉਸ ਮਿੱਟੀ ਦਾ ਜੰਮਿਆ ਹੀ ਉਸ ਦੀ ਤੌਹੀਨ ਕਰੇ। ਮੈਨੂੰ ਲੱਗਦਾ ਹੈ, ਜਿਵੇਂ ਕੋਈ ਆਪਣੀ ਮਾਂ ਨੂੰ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ। ….ਤੇ ਸੱਬੀ ਵੀ ਕਦੀ ਕਦੀ ਅਜਿਹੀ ਬੇਵਕੂਫੀ ਕਰ ਜਾਂਦੀ ਹੈ। ਤਦ ਮੈਂ ਉਸ ਨੂੰ ਕਹਿੰਦਾ ਹਾਂ ਕਿ ਇੰਡੀਆ ਜਾ ਕੇ ਆਪਣੀ ਨਜ਼ਰ ਦੇ ਸ਼ੀਸ਼ੇ ਬਦਲਾਓ, ਫਿਰ ਵੇਖੋ ਇੰਡੀਆ ਨੂੰ। ਇੰਡੀਆ ਦੇ ਲੋਕ ਤੁਹਾਥੋਂ ਫਿਰ ਵੀ ਚੰਗੇ ਹਨ। ਉਥੇ ਫਿਕਰ ਹੈ ਤਾਂ ਇਕ ਪੈਸੇ ਦਾ। ਇਥੇ ਪੈਸੇ ਤੋਂ ਬਿਨਾ ਦੁਨੀਆਂ ਦੇ ਸਾਰੇ ਹੀ ਫਿਕਰ ਨੇ। ਨਰਕ ਹੈ ਨਰਕ ਇਹ। ਮਿੱਠੀ ਜੇਲ੍ਹ ਦੇ ਕੈਦੀਓ। ਫੌਜੀ ਨੂੰ ਵੀ ਦੋ ਸਾਲਾਂ ਬਾਅਦ ਘਰ ਆਉਣ ਦੀ ਛੁੱਟੀ ਮਿਲ ਜਾਂਦੀ ਹੈ, ਤੁਹਾਨੂੰ ਤਾਂ ਸੋਲ੍ਹਾਂ ਸਾਲ ਲੰਘ ਗਏ ਨੇ, ਆਪਣੇ ਘਰ ਜਾਣ ਦੀ ਕਦ ਛੁੱਟੀ ਮਿਲਣੀ ਹੈ? ਜਾਪਦੈ ਤੁਹਾਨੂੰ ਉਮਰ ਕੈਦ ਦੀ ਸਜ਼ਾ ਮਿਲੀ ਹੋਈ ਹੈ, ਉਹ ਵੀ ਬਾ-ਮੁਸ਼ੱਕਤ।
…ਤੇ ਉਸ ਦਿਨ ਪਤਾ ਨਹੀਂ ਮੈਂ ਉਸ ਨੂੰ ਕੀ ਕੀ ਕਹਿ ਗਿਆ ਸਾਂ। ਅਗਲੇ ਦਿਨ ਜਦ ਉਹ ਮੇਰੇ ਨਾਲ ਹੱਥ ਵਟਾਉਣ ਦਫਤਰ ਦੇ ਕਮਰੇ ਅੰਦਰ ਦਾਖਲ ਹੋਈ ਤਾਂ ਮੈਂ ਬੜੇ ਨਰਮ ਜਿਹੇ ਲਹਿਜੇ ਵਿਚ ਮਾਫੀ ਮੰਗਦਿਆਂ ਕਿਹਾ, “ਸੱਬੀ, ਆਈ ਐਮ ਸੌਰੀ।”
“ਦੈਟ’ਸ ਓ. ਕੇ. ਤੁਸੀਂ ਵੀ ਹੋਰਾਂ ਵਾਂਗ ਮੈਨੂੰ ਦੋਸ਼ੀ ਠਹਿਰਾਉਂਦੇ ਜਾਓ। ਇਸ ਮੁਲਖ ਵਿਚ ਹਰ ਘਰ ਦੀ ਆਪਣੀ ਕਹਾਣੀ ਹੈ, ਆਪਣੀਆਂ ਮੁਸ਼ਕਿਲਾਂ ਹਨ। ਆਪਣੇ ਰੁਝੇਵੇਂ ਹਨ, ਆਪਣੀਆਂ ਉਦਾਸੀਆਂ ਹਨ, ਆਪਣੀਆਂ ਤਲਖੀਆਂ ਹਨ। ਇਥੇ ਹਰ ਇਕ ਨੂੰ ਤੇਜਵੰਤ ਮਾਨ ਦੀ ਆਲੋਚਨਾ ਵਾਂਗ ਇੱਕੋ ਦਾਇਰੇ ਵਿਚੋਂ ਨਹੀਂ ਲੰਘਾਇਆ ਜਾ ਸਕਦਾ।”
ਉਸ ਦੇ ਅੰਤਲੇ ਫਿਕਰੇ ਨੇ ਮੈਨੂੰ ਸਾਬਤ ਕਰ ਦਿੱਤਾ ਕਿ ਉਹ ਅਜੇ ਤੱਕ ਵੀ ਸਾਹਿਤ ਪੜ੍ਹਦੀ ਹੈ। ਸਾਹਿਤ ਬਾਰੇ ਜਾਣਦੀ ਹੈ। ਕਦੋਂ ਪੜ੍ਹਦੀ ਹੈ, ਕਦੋਂ ਵਿਹਲ ਕੱਢਦੀ ਹੈ? ਇਸ ਦਾ ਮੈਨੂੰ ਇਲਮ ਨਹੀਂ, ਪਰ ਉਹ ਸਾਹਿਤ ਨਾਲ ਪੂਰੀ ਦੀ ਪੂਰੀ ਜੁੜੀ ਹੋਈ ਹੈ, ਇਹ ਇਕ ਹਕੀਕਤ ਹੈ। ਉਸ ਬਾਰੇ ਡੂੰਘਾਈ ਨਾਲ ਜਾਣਨ ਦੀ ਮੇਰੀ ਇੱਛਾ ਤੇਜ਼ ਹੁੰਦੀ ਗਈ।
ਇਕ ਦਿਨ ਅਚਾਨਕ ਲੰਚ ਵੇਲੇ ਮੌਸਮ ਖਰਾਬ ਹੋ ਗਿਆ। ਚੰਗੀ ਭਲੀ ਧੁੱਪ ਨਿਕਲੀ ਹੋਈ ਸੀ, ਪਰ ਅਚਾਨਕ ਬੱਦਲ ਛਾ ਗਏ ਤੇ ਫਿਰ ਬਰਫ ਪੈਣ ਲੱਗ ਪਈ। ਜਿੱਥੇ ਮੈਂ ਰਹਿੰਦਾ ਹਾਂ, ਚਾਰੇ ਮੌਸਮ ਇਕੋ ਦਿਨ ਵਿਚ ਵੇਖੇ ਜਾ ਸਕਦੇ ਹਨ। ਅੱਜ ਇਕੋ ਦਿਨ ਵਿਚ ਤੀਸਰਾ ਮੌਸਮ ਸੀ। ਮੈਂ ਲੰਚ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਤੇ ਘਰ ਨਾ ਆਉਣ ਬਾਬਤ ਫੋਨ ਕਰ ਦਿੱਤਾ। ਮੈਂ ਸੱਬੀ ਦੇ ਟਿੱਲ ਕੋਲ ਪਏ ਇਕ ਬਂੈਚ ‘ਤੇ ਬੈਠ ਗਿਆ। ਉਹ ਵੀ ਨਿੱਕੇ ਜਿਹੇ ਸਟੂਲ ‘ਤੇ ਬੈਠ ਕੋਕ ਦਾ ਕੈਨ ਖੋਲ੍ਹਦੀ ਮੇਰੇ ਵੱਲ ਵੇਖ ਕੇ ਮੁਸਕਰਾਈ। ਜੂਸ ਦਾ ਘੁੱਟ ਭਰਦਿਆਂ ਮੈਂ ਕਿਹਾ, “ਸੱਬੀ ਅੱਜ ਤਾਂ ਬੜੀ ਸੋਹਣੀ ਲੱਗ ਰਹੀ ਏਂ। ਇਸ ਮੌਸਮ ਵਿਚ ਤਾਂ ਬੰਦੇ ਨੂੰ ਹਰ ਔਰਤ ਹੀ ਸੋਹਣੀ ਲੱਗਦੀ ਹੈ, ਪਰ ਆਪ ਜਿਹੀ ਜੋ ਹੈ ਹੀ ਖੂਬਸੂਰਤ, ਫਿਰ ਖੂਬਸੂਰਤ ਤਾਂ ਲਗਣੀ ਹੀ ਹੋਈ ਨਾ।”
“ਅੱਜ ਤੁਹਾਨੂੰ ਗਾਲ੍ਹਾਂ ਕੱਢਣ ਦਾ ਸ਼ੌਕ ਕਿਵੇਂ ਜਾਗਿਆ?”
“ਬਈ ਗੁਲਾਬ ਨੂੰ ਗੁਲਾਬ ਕਹਿਣਾ ਕੀ ਕੋਈ ਗਾਲ੍ਹ ਹੈ?”
“ਇਸ ਮੁਲਖ ਵਿਚ ਹੈ। ਇੱਥੇ ਈਮੋਸ਼ਨ ਦੀ ਕੋਈ ਕਦਰ ਨਹੀਂ ਹੈ। ਸਬਰ ਨਾਂ ਦੀ ਕੋਈ ਚੀਜ਼ ਨਹੀਂ। ਇਥੇ ਸਭ ਕੁਝ ‘ਚੀਜ਼ ਛਕੋ ਅਤੇ ਭੁੱਲ ਜਾਓ’ ਉਤੇ ਨਿਰਭਰ ਹੈ।
“ਕੀ ਮਤਲਬ?”
“ਜੇ ਤੁਸੀਂ ਇਸ ਮੁਲਖ ਵਿਚ ਆ ਕੇ ਇਸ ਮੁਲਖ ਵਰਗੇ ਨਹੀਂ ਬਣ ਸਕਦੇ ਤਾਂ ਫਿਰ ਇਹ ਮੁਲਖ ਤੁਹਾਡੇ ਲਈ ਨਰਕ ਹੈ।”
“ਉਹ ਕਿੱਦਾਂ?”
“ਤੁਸੀਂ ਕੁਝ ਨਾ ਕੁਝ ਸੋਚਦੇ ਰਹਿਣਾ ਹੈ, ਮੇਰੇ ਵਾਂਗ। ਤੇ ਜਿੱਦਾਂ ਇਕ ਸਮਝਦਾਰ ਬੰਦੇ ਨੂੰ ਉਸ ਦੀ ਸਮਝ ਹੀ ਲੈ ਬੈਠਦੀ ਹੈ, ਬਸ ਇੱਦਾਂ ਹੀ! ਤੁਸੀਂ ਉਦਣ ਮੈਨੂੰ ਮਿੱਠੀ ਜੇਲ੍ਹ ਦੇ ਕੈਦੀ ਕਿਹਾ ਸੀ ਨਾ। ਤੁਸਾਂ ਠੀਕ ਹੀ ਕਿਹਾ ਸੀ, ਪਰ ਮੇਰਾ ਕੀ ਕਸੂਰ? ਕਸੂਰ ਤਾਂ ਮੇਰੇ ਮਾਪਿਆਂ ਦਾ ਹੈ, ਜਿਨ੍ਹਾਂ ਮੈਨੂੰ ਇਸ ਜੇਲ੍ਹ ਵਿਚ ਭੇਜਿਆ। ਮੈਂ ਤਾਂ ਇਕ ਖੂਬਸੂਰਤ ਤਿੱਤਲੀ ਸਾਂ।”
ਉਹ ਖੁੱਲ੍ਹ ਰਹੀ ਸੀ। ਬਾਹਰ ਬਰਫ ਪੂਰੇ ਜ਼ੋਰਾਂ ਨਾਲ ਪੈ ਰਹੀ ਸੀ। ਕਿਸੇ ਗਾਹਕ ਦੇ ਇਸ ਮੌਸਮ ਵਿਚ ਆਉਣ ਦੀ ਸੰਭਾਵਨਾ ਘਟ ਹੀ ਸੀ। ਫਿਰ ਲੰਚ ਟਾਈਮ ਵੀ ਸੀ।
“ਮੇਰੇ ਬਾਪ ਨੇ ਇਕ ਵਾਰੀ ਇੰਗਲੈਂਡ ਰਹਿੰਦੇ ਆਪਣੇ ਭਾਈ ਨੂੰ ਚਿੱਠੀ ਪਾਈ ਅਖੇ ਕਿਤੇ ਸਾਨੂੰ ਵੀ ਵਲੈਤ ਵਿਖਾ ਦਿਓ। ਚਾਚੇ ਦਾ ਜੁਆਬ ਆਇਆ, “ਪਹਿਲਾਂ ਵਲੈਤ ਵਿਚ ਆਉਣ ਵਾਲੇ ਬਣ ਕੇ ਤਾਂ ਵਿਖਾਓ। ਖਾਣਾ-ਪੀਣਾ ਥੋਨੂੰ ਨਹੀਂ ਆਉਂਦਾ। ਪਹਿਨਣਾ ਥੋਨੂੰ ਨਹੀਂ ਆਉਂਦਾ। ਅਖੇ ਸਾਨੂੰ ਵੀ ਵਲੈਤ ਵਿਖਾ ਦਿਓ। ਪਹਿਲਾਂ ਜਾ ਕੇ ਬਠਿੰਡੇ ਦਾ ਥਰਮਲ ਪਲਾਂਟ ਤਾਂ ਵੇਖ ਕੇ ਆਓ।”
“ਬਸ ਫਿਰ ਕੀ ਸੀ। ਇਸ ਚਿੱਠੀ ਨੇ ਮੇਰੇ ਪਿਓ ਦੀ ਜਿਵੇਂ ਪੱਗ ਨੂੰ ਹੱਥ ਪਾ ਲਿਆ ਹੁੰਦਾ ਹੈ, ਹੁਣ ਉਹ ਸਭ ਕਰਨ ਦੀ ਸਹੁੰ ਖਾ ਬੈਠਾ। ਉਸ ਸਾਨੂੰ ਪੜ੍ਹਾਇਆ ਲਿਖਾਇਆ। ਇਸ ਕਰਕੇ ਨਹੀਂ ਕਿ ਉਹ ਸਾਨੂੰ ਪ੍ਰੋਫੈਸਰ, ਡਾਕਟਰ ਜਾਂ ਵਕੀਲ ਬਣਾਉਣਾ ਚਾਹੁੰਦਾ ਸੀ, ਇਸ ਕਰਕੇ ਕਿ ਉਹ ਸਾਨੂੰ ਸਿਰਫ ਤੇ ਸਿਰਫ ਵਲੈਤ ਭੇਜਣਾ ਚਾਹੁੰਦਾ ਸੀ ਤੇ ਆਪਣੇ ਭਾਈ ਨੂੰ ਵਿਖਾਉਣਾ ਚਾਹੁੰਦਾ ਸੀ।
“ਵੇਖ ਓਏ ਸ਼ਰੀਕਾ, ਤੈਨੂੰ ਵਲੈਤ ਵਿਚ ਚਲਣਾ ਹੀ ਨਹੀਂ, ਸਗੋਂ ਅਸੀਂ ਤੈਨੂੰ ਹੁਣ ਮਟਕ ਕੇ ਚਲਣਾ ਵੀ ਵਿਖਾਵਾਂਗੇ। ਤੇ ਤੈਨੂੰ ਇਸ ਹੱਦ ਤੱਕ ਜਲਾਵਾਂਗੇ ਕਿ ਤੇਰੀਆਂ ਸੱਤ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਵਧਾਵਾ ਸਿੰਘ ਨਾਲ ਵਾਧਾ ਕਿਵੇਂ ਕਰੀਦਾ ਹੈ।”
“ਬਾਪ ਦੀ ਬਸ ਇਕੋ ਜ਼ਿੱਦ ਸੀ, ਸਾਨੂੰ ਵਲੈਤ ਘੱਲਣ ਦੀ। ਅਸੀਂ ਭੈਣ-ਭਾਈ ਕਿਸ ਖੂਹ ਖਾਤੇ ਡਿੱਗਦੇ ਹਾਂ, ਇਸ ਦੀ ਉਸ ਨੂੰ ਰਤਾ ਵੀ ਪਰਵਾਹ ਨਹੀਂ ਸੀ। ਬਸ ਜਿਹੜਾ ਰਿਸ਼ਤਾ ਵਲੈਤ ਦਾ ਆਇਆ, ਉਸ ‘ਹਾਂ’ ਕਰ ਦਿੱਤੀ ਤੇ ਚਾਰ ਭੁਆਟਣੀਆਂ ਦੇ ਸਾਨੂੰ ਸਭ ਨੂੰ ਉਨ੍ਹਾਂ ਦੇ ਹੱਥ ਮੜ੍ਹ ਦਿੱਤਾ।…ਮੇਰੀਆਂ ਦੋ ਭੈਣਾਂ ਲੰਡਨ ਹਨ। ਇਕ ਭਰਾ ਲੈਸਟਰ ਹੈ ਤੇ ਇਕ ਮੈਂ ਇੱਥੇ ਹਾਂ। ਇਕ ਰਹਿੰਦੀ ਸੀ, ਉਹ ਵੀ ਤਿੰਨ ਕੁ ਸਾਲ ਹੋਏ ਕੈਨੇਡਾ ਤੋਰ ਦਿੱਤੀ।…ਹੁਣ ਬੁੱਢੇ ਰੁੱਖ ਪੰਛੀ ਭਾਲਦੇ ਨੇ। ਜਦ ਰੁੱਖਾਂ ‘ਤੇ ਟਾਹਣੀ ਹੀ ਕੋਈ ਨਾ ਰਹਿਣ ਦਿੱਤੀ, ਪੰਛੀਆਂ ਦੇ ਬੈਠਣ ਲਈ, ਆਲ੍ਹਣੇ ਬਣਾਉਣ ਲਈ ਫਿਰ ਭਲਾ ਇਨ੍ਹਾਂ ਬੁੱਢੇ ਰੁੱਖਾਂ ‘ਤੇ ਪੰਛੀ ਕਿੱਥੋਂ ਆਉਣ? ਹੁਣ ਮੇਰਾ ਬਾਪ ਸੋਚਦਾ ਹੈ ਕਿ ਭਾਈ ਨੇ ਇਹ ਚਿੱਠੀ ਕਿਉਂ ਲਿਖੀ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸ ਦੇ ਧੀਆਂ ਪੁੱਤਰ ਪੜ੍ਹ ਕੇ ਇੰਡੀਆ ਰਹਿਣ। ਚੰਗੀਆਂ ਨੌਕਰੀਆਂ ‘ਤੇ ਲੱਗਣ, ਮੌਜਾਂ ਕਰਨ। ਉਸ ਤਾਂ ਮੇਰੇ ਬਾਪ ਨੂੰ ਨਿਹੱਥਾ ਕਰਨ ਲਈ ਇੰਜ ਚਿੱਠੀ ਲਿਖੀ ਸੀ, ਕਿਉਂਕਿ ਉਹ ਮੇਰੇ ਬਾਪ ਦਾ ਸੁਭਾਅ ਜਾਣਦਾ ਸੀ। ਅਸੀਂ ਸਭ ਭੈਣ-ਭਰਾ ਆਪੋ ਆਪਣੀ ਥਾਂ ਦੁਖੀ ਹਾਂ। ਕੋਈ ਵੀ ਸੁਖੀ ਨਹੀਂ।”
“ਜਿਸ ਦਿਨ ਦੀ ਮੈਂ ਆਈ ਹਾਂ। ਬਸ ਦੁਕਾਨ ‘ਤੇ ਖੜ੍ਹੀ ਹਾਂ। ਏਅਰਪੋਰਟ ‘ਤੇ ਸਹੁਰਾ ਤੇ ਇਹ ਲੈਣ ਆਏ ਸਨ। ਏਅਰਪੋਰਟ ਤੋਂ ਦੁਕਾਨ ਦਾ ਸਫਰ 35 ਕੁ ਮਿੰਟਾਂ ਦਾ ਹੈ। ਬਸ ਪੰਜ ਕੁ ਮਿੰਟ ਮੇਰੇ ਨਾਲ ਦੋਹਾਂ ਨੇ ਸਾਂਝੀ ਗੱਲਬਾਤ ਕੀਤੀ ਤੇ ਬਾਕੀ ਤੀਹ ਮਿੰਟ ਕੈਸ਼ ਐਂਡ ਕੈਰੀ ਦੀਆਂ ਗੱਲਾਂ ਹੁੰਦੀਆਂ ਰਹੀਆਂ ਤੇ ਲਿਆਉਣ ਵਾਲੇ ਸਾਮਾਨ ਦੀ ਲਿਸਟ ਬਣਦੀ ਰਹੀ। ਦੁਕਾਨ ਦੇ ਮੂਹਰੇ ਵੈਨ ਖੜ੍ਹੀ ਕਰਕੇ ਮੇਰਾ ਪਤੀ ਕੈਸ਼ ਐਂਡ ਕੈਰੀ ਚਲਾ ਗਿਆ। ਮੈਂ ਸਹੁਰੇ ਨਾਲ ਦੁਕਾਨ ‘ਤੇ ਆ ਗਈ। ਗੋਰੀਆਂ ਮੈਨੂੰ ਹੈਲੋ ਹੈਲੋ ਕੀਤੀ। ਸਹੁਰੇ ਨੇ ਇਕ ਗੋਰੀ ਨੂੰ ਦੋ ਕੱਪ ਕੌਫੀ ਬਣਾਉਣ ਲਈ ਕਿਹਾ। ਇਕ ਵਿਚ ਨੋ ਸ਼ੂਗਰ ਨੋ ਮਿਲਕ।
ਮੈਂ ਸੋਚ ਰਹੀ ਸਾਂ ਕਿ ਉਹ ਕੌਫੀ ਵੀ ਕੀ ਕੌਫੀ ਹੋਵੇਗੀ, ਜਿਸ ਵਿਚ ਮਿੱਠਾ ਨਾ ਦੁੱਧ ਹੋਵੇਗਾ। ਅਸੀਂ ਤਾਂ ਇੰਡੀਆ ਦੁੱਧ ਵਿਚ ਕੌਫੀ ਪਾ ਕੇ, ਕੌਫੀ ਬਣਾਉਂਦੇ ਹੁੰਦੇ ਸਾਂ। ਬਸ ਜਦ ਕੌਫੀ ਬਣ ਕੇ ਆਈ, ਸੱਚ ਪੁੱਛੋ ਤਾਂ ਸ਼ਾਇਦ ਇੰਡੀਆ ਤੋਂ ਆਏ ਬੰਦੇ ਨੂੰ ਭੋਰਾ ਜ਼ਹਿਰ ਵੀ ਸੁਆਦ ਲੱਗੇ, ਕੌਫੀ ਨੇ ਤਾਂ ਲੱਗਣਾ ਹੀ ਕੀ ਸੀ। ਬਸ ਉਸ ਦਿਨ ਦੀ ਮੈਂ ਵੀ ਸਹੁਰੇ ਵਾਂਗ ਜ਼ਿੰਦਗੀ ਦੀ ਕੌਫੀ ਪੀ ਰਹੀ ਹਾਂ, ਜਿਸ ਵਿਚ ਨਾ ਮਿੱਠਾ ਹੈ, ਨਾ ਦੁੱਧ।”
“ਸੋਲ੍ਹਾਂ ਸਾਲ ਲੰਘ ਗਏ। ਇਸ ਦੁਕਾਨ ਵਿਚ ਕੰਮ ਨਹੀਂ ਮੁੱਕਿਆ। ਰੁਝੇਵੇਂ ਨਹੀਂ ਮੁੱਕੇ। ਬੱਚੇ ਜੰਮੇ ਤਦ ਵੀ ਹਸਪਤਾਲ ਇਸ ਦੁਕਾਨ ਵਿਚੋਂ ਹੀ ਐਂਬੂਲੈਂਸ ਚੁੱਕ ਕੇ ਲੈ ਗਈ। ਘਰ ਵਾਲੇ ਨੂੰ ਸਿਵਾਏ ਦੁਕਾਨ ਦੇ ਫਿਕਰਾਂ ਦੇ, ਹੋਰ ਕੋਈ ਫਿਕਰ ਨਹੀਂ ਹੈ। ਬੱਸ ਜਿਸ ਦਿਨ ਦੀ ਆਈ ਹਾਂ, ਪੈਗ ਦੇ ਨਾਲ ਨਾਲ ਕੁੱਕੜ ਦੀ ਲੱਤ ਮਰੋੜ ਲੈਂਦਾ ਹੈ। ਜੇ ਸੁਰਤ ਵਿਚ ਰਿਹਾ ਤਾਂ ਠੀਕ ਨਹੀਂ ਤਾਂ ਸੁੱਤੀ ਨੂੰ ਛੱਡ ਦੁਕਾਨ ‘ਤੇ ਆ ਪੁੱਜਦਾ ਹੈ, ਸਵੇਰੇ ਛੇ ਵਜੇ ਪੇਪਰ ਚੁੱਕਣੇ ਹੁੰਦੇ ਹਨ। ਸਭ ਕਾਸੇ ਨਾਲੋਂ ਦੁਕਾਨ ਪਿਆਰੀ ਹੈ।”
“ਜਿਸ ਕਿਸੇ ਰਾਤ ਇਹ ਜ਼ਿਆਦਾ ਪੀ ਕੇ ਘੁਰਾੜੇ ਮਾਰਨ ਲੱਗਦੇ ਹਨ, ਉਹ ਰਾਤ ਮੇਰੇ ਲਈ ਬੜੀ ਭਾਗਾਂ ਭਰੀ ਹੁੰਦੀ ਹੈ। ਮੈਂ ਗਈ ਰਾਤ ਤੱਕ ਆਪਣੇ ਮਨ ਨਾਲ ਗੱਲਾਂ ਕਰਦੀ ਹਾਂ। ਕੁਝ ਲਿਖਦੀ ਹਾਂ, ਕੁਝ ਪੜ੍ਹਦੀ ਹਾਂ। ਮੈਂ ਇੰਡੀਆ ਤੋਂ ਕਈ ਰਸਾਲੇ ਲਵਾਏ ਹੋਏ ਹਨ। ਮੇਰੀ ਹਫਤੇ ਵਿਚ ਦੋ ਵਾਰੀ ਇਹ ਪ੍ਰਾਰਥਨਾ ਹੁੰਦੀ ਹੈ ਕਿ ਅੱਜ ਇਹ ਜ਼ਿਆਦਾ ਪੀ ਕੇ ਸੌਂ ਜਾਣ ਤਾਂ ਕਿ ਮੈਂ ਆਏ ਪੇਪਰਾਂ ‘ਤੇ ਨਜ਼ਰ ਮਾਰ ਸਕਾਂ। ਇਨ੍ਹਾਂ ਨੂੰ ਕੋਈ ਸ਼ੌਕ ਨਹੀਂ ਹੈ, ਪੌਂਡ ਇਕੱਠੇ ਕਰਨ ਤੋਂ ਇਲਾਵਾ। ਨਾ ਬੱਚਿਆਂ ਨਾਲ ਮੋਹ ਹੈ, ਨਾ ਮੇਰੇ ਨਾਲ ਪਿਆਰ ਹੈ। ਬਸ ਬਰਥ ਡੇਅ ‘ਤੇ ਮਹਿੰਗੇ ਮਹਿੰਗੇ ਖਿਡੌਣੇ ਲੈ ਕੇ ਦੇਣਾ ਹੀ ਆਪਣੀ ਵਡਿੱਤਣ ਸਮਝਦੇ ਹਨ ਜਾਂ ਮਹਿੰਗੀਆਂ ਕਾਰਾਂ ਰੱਖਣੀਆਂ। ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਨ੍ਹਾਂ ਲਈ ਇਹ ਸਭ ਕੁਝ ਕਰਦੇ ਪਏ ਹੋ, ਕੀ ਕਦੇ ਉਨ੍ਹਾਂ ਨੂੰ ਵੀ ਪੁੱਛਿਆ, Ḕਤੁਸੀਂ ਜ਼ਿੰਦਾ ਵੀ ਹੋ ਜਾਂ ਨਹੀਂ?Ḕ ਅਸੀਂ ਤਾਂ ਤੁਰਦੀਆਂ ਫਿਰਦੀਆਂ ਲੋਥਾਂ ਹਾਂ।” ਬੱਸ ਮੈਂ ਇਸ ਕਰਕੇ ਉਸ ਦਿਨ ਇਹ ਦੁਆ ਮੰਗੀ ਸੀ ਕਿ ‘ਰੱਬ ਕਰੇ, ਤੈਨੂੰ ਇਥੋਂ ਦੇ ਪੌਂਡਾਂ ਦੀ ਜੰਗ ਲੱਗੇ ਵੀ ਨਾ…।”
“ਇਸ ਸਭ ਦਾ ਭਾਵ ਹੋਇਆ ਕਿ ਤੂੰ ਪਤੀ ਤੋਂ ਡਰਦੀ ਏਂ? ਜੇ ਇਹ ਗੱਲ ਨਾ ਹੋਵੇ ਤਾਂ ਤੂੰ ਕਈ ਮਸਲਿਆਂ ‘ਤੇ ਅੜ੍ਹ ਸਕਦੀ ਸੀ। ਆਪਣਾ ਆਪ ਸੰਵਾਰ ਸਕਦੀ ਸੀ। ਆਪਣੀ ਜ਼ਿੰਦਗੀ ਨੂੰ ਸੌਖਿਆਂ ਬਣਾ ਸਕਦੀ ਸੀ।”
“ਕਹਿਣਾ ਬਹੁਤ ਅਸਾਨ ਹੈ। ਇਸ ਮੁਲਖ ਵਿਚ ਜ਼ਿੰਦਗੀ ਸੌਖੀ ਹੈ ਹੀ ਨਹੀਂ, ਫਿਰ ਕਿੱਦਾਂ ਬਣਾ ਲੈਂਦੀ ਸੌਖਿਆਂ। ਇਥੇ ਲਿਵਿੰਗ ਕਿੰਨੀ ਮਹਿੰਗੀ ਹੈ, ਕਦੇ ਕਿਆਸ ਕੀਤਾ? ਇਥੇ ਹਰ ਘਰ ਇਕ ਛੱਪੜ ਹੈ ਤੇ ਉਸ ਘਰ ਦੇ ਜੀਵ ਉਸ ਛੱਪੜ ਵਿਚ ਰਹਿੰਦੇ ਹਨ। ਸਿਰਫ ਉਸ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਹੈ ਕਿ ਸਾਡਾ ਇਹ ਛੱਪੜ ਕਿੰਨਾ ਕੁ ਡੂੰਘਾ ਹੈ। ਤੂੰ ਤਾਂ ਇਕੱਲਾ ਹੈਂ ਅਜੇ, ਇਸ ਕਰਕੇ ਅਜਿਹੀਆਂ ਗੱਲਾਂ ਦਾ ਅਹਿਸਾਸ ਵੀ ਘੱਟ ਹੀ ਹੋਵੇਗਾ।”
“ਮੈਂ ਤੇਰੀ ਹਰ ਦਲੀਲ ਨਾਲ ਸਹਿਮਤ ਹਾਂ। ਪਰ ਫਿਰ ਵੀ ਕਹਿੰਦਾ ਹਾਂ ਕਿ ਤੂੰ ਜੇ ਚਾਹੁੰਦੀ, ਆਪਣੀ ਜ਼ਿੰਦਗੀ ਨੂੰ ਇੱਕ ਵੱਖਰਾ ਮੋੜ ਦੇ ਸਕਦੀ ਸੀ।”
“ਕਿਸ ਦੇ ਸਹਾਰੇ-ਉਸ ਬਾਪ ਦੇ ਸਹਾਰੇ, ਜਿਸ ਨੇ ਇਕ ਜ਼ਿੱਦ ਪਾਲਣ ਲਈ ਸਾਨੂੰ ਕੰਜਕਾਂ ਵਰਗੀਆਂ ਨੂੰ ਘਰੋਂ ਬੇਘਰ ਕਰ ਦਿੱਤਾ। ਸੱਤ ਸਮੁੰਦਰ ਪਾਰ ਭੇਜ ਦਿੱਤਾ। ਸਫਰ ਤਾਂ ਸੱਤ ਮੀਲਾਂ ਦਾ ਮਾਣ ਨਹੀਂ ਹੁੰਦਾ। ਚੰਦਰਿਆ, ਇਹ ਤਾਂ ਸੱਤ ਸਮੁੰਦਰਾਂ ਦਾ ਪੈਂਡਾ ਹੈ। ਕਿੱਦਾਂ, ਕਿਸ ਦੇ ਸਹਾਰੇ ਪਾਰ ਕਰ ਲੈਂਦੀ?”
“ਮੈਂ ਮੰਨਦਾ ਹਾਂ, ਪਰ ਇਸ ਮੁਲਖ ਵਿਚ ਤੇ ਇਸ ਵਰਗੇ ਹੋਰਾਂ ਮੁਲਖਾਂ ਵਿਚ ਵੀ ਔਰਤਾਂ ਇੰਜ ਹੀ ਨਰਕ ਭੋਗਦੀਆਂ ਰਹਿਣਗੀਆਂ? ਇੰਜ ਹੀ ਦੁਖੜੇ ਸਹਿੰਦੀਆਂ ਰਹਿਣਗੀਆਂ?
“ਪਰ ਯਾਰ ਤੂੰ ਫਿਰ ਵੀ ਕੁਝ ਕਰ ਸਕਦੀ ਸੀ। ਬੰਦਾ ਚਾਹੇ ਤਾਂ ਸਹਾਰਾ ਵੀ ਕਿਤੋਂ ਨਾ ਕਿਤੋਂ ਲੱਭ ਪੈਂਦੈ। ਇੱਛਾ ਤੇ ਸਿਰੜ ਹੋਵੇ ਭਲਾ, ਕੀ ਨਹੀਂ ਹੋ ਸਕਦਾ?”
“ਬੜੀ ਮਜ਼ੇਦਾਰ ਗੱਲ ਕਹੀ ਹੈ। ਸੁਣ ਕੇ ਜਾਪਦੈ ਜਿਵੇਂ ਉਮਰਾਂ ਦੀ ਸਾਰੀ ਥਕਾਵਟ ਲੱਥ ਗਈ ਹੋਵੇ। ਅੰਮ੍ਰਿਤਾ ਯਾਦ ਆ ਰਹੀ ਹੈ, “ਰਲ ਗਈ ਸੀ ਇਸ ‘ਚ ਇਕ ਬੂੰਦ ਤੇਰੇ ਇਸ਼ਕ ਦੀ…।”
“ਵੇਖਿਆ, ਅਜੇ ਤਾਂ ਗੱਲ ਹੀ ਕਹੀ ਸੀ, ਕਿੱਦਾਂ ਫੀਲ ਕਰਨ ਲੱਗ ਪਈ ਏਂ, ਜੇ ਕਿਤੇ ਸਹਾਰਾ ਲੱਭ ਲੈਂਦੀ ਤਾਂ ਹੁਣ ਨੂੰ ਆਲੀਸ਼ਾਨ ਜ਼ਿੰਦਗੀ ਨਾ ਜਿਉਂਦੀ ਹੁੰਦੀ?”
“ਤੂੰ ਫਿਰ ਸਹਾਰੇ ਦੀ ਗੱਲ ਕਹੀ ਹੈ। ਮੈਨੂੰ ਤੇਰੀਆਂ ਤੇ ਤੈਨੂੰ ਮੇਰੀਆਂ ਸਭ ਗੱਲਾਂ ਸਮਝ ਪੈਂਦੀਆਂ ਨੇ। ਮੈਂ ਇਸ ਨਰਕ ਵਿਚੋਂ ਨਿਕਲਣ ਨੂੰ ਤਿਆਰ ਹਾਂ ਤੂੰ ਬੜਾ ਸਮਝਦਾਰ ਅਤੇ ਸਿਆਣਾ ਏਂ। ਕੀ ਤੂੰ ਸਹਾਰਾ ਦੇਵੇਂਗਾ? ਸਹਾਰਾ ਤਾਂ ਕੀ, ਬੋਲ ਜ਼ਿੰਦਗੀ ਭਰ ਦਾ ਸਾਥ ਦੇਵੇਂਗਾ।”
ਉਸ ਦੀ ਗੱਲ ਸੁਣ ਕੇ ਮੈਂ ਠਠੰਬਰ ਜਿਹਾ ਗਿਆ। ਉਹ ਮੇਰੇ ਚਿਹਰੇ ਨੂੰ ਭਾਂਪਦੀ ਫਿਰ ਬੋਲੀ, “ਕੀ ਸੋਚੀਂ ਪੈ ਗਿਆ ਏਂ। ਮੈਂ ਨਰਕ ਵਿਚੋਂ ਨਿਕਲਣ ਨੂੰ ਤਿਆਰ ਹਾਂ। ਗਿਵ ਮੀ ਏ ਹੈਂਡ।”
“ਸਿਆਣੇ ਕਹਿੰਦੇ ਨੇ, ਅੱਜ ਦਾ ਕੰਮ, ਕੱਲ੍ਹ ਤੇ ਨਹੀਂ ਛੱਡੀਦਾ ਅਤੇ ਫਿਰ ਗੁਰਬਾਣੀ ਵੀ ਤਾਂ ਕਹਿੰਦੀ ਏ, “ਸੋਚੇ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ॥”
ਮੈਂ ਫਿਰ ਵੀ ਚੁੱਪ ਹੀ ਰਿਹਾ। ਕੁਝ ਨਾ ਬੋਲਿਆ। ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਮੈਨੂੰ ਬਰਫ ਵਿਚ ਲਾ ਦਿੱਤਾ ਹੋਵੇ। ਉਹ ਫਿਰ ਬੋਲੀ, “ਮੈਂ ਸਭ ਸਮਝ ਗਈ ਹਾਂ। ਉਂਜ ਤੇਰੇ ਲਈ ਅੱਜ ਮੈਂ ਫਿਰ ਦੁਆ ਕਰਾਂਗੀ।”
ਮੈਂ ਤ੍ਰਬਕਿਆ, “ਕੇਹੀ ਦੁਆ?”
“ਰੱਬ ਕਰੇ। ਤੈਨੂੰ ਵੀ ਹੁਣ ਇਥੋਂ ਦੇ ਪੌਂਡਾਂ ਦੀ ਜੰਗ ਲੱਗ ਜਾਵੇ।”