ਸੁਰੀਲਾ ਤੇ ਹਿੱਕ ਦੇ ਜ਼ੋਰ ਗਾਉਣ ਵਾਲਾ ਸੁਖਵਿੰਦਰ ਪੰਛੀ

ਆਸ਼ੂ ਸਿਮਰ
ਫੋਨ: 91-98150-94402
ਮੰਜ਼ਿਲ ‘ਤੇ ਪਹੁੰਚਣ ਲਈ ਹਰ ਕੋਈ ਸੁਪਨੇ ਵੇਖਦਾ ਹੈ ਪਰ ਸੁਪਨੇ ਪੂਰੇ ਕਰਨ ਲਈ ਸਖਤ ਮਿਹਨਤ ਕੋਈ ਟਾਵਾਂ-ਟਾਵਾਂ ਹੀ ਕਰਦਾ ਹੈ। ਕਹਿੰਦੇ ਨੇ, ਆਪਣੇ ਉਹ ਹੁੰਦੇ ਨੇ ਜੋ ਕਦੇ ਰੋਣ ਨਹੀਂ ਦਿੰਦੇ ਤੇ ਸੁਪਨੇ ਉਹ ਹੁੰਦੇ ਨੇ ਜੋ ਕਦੇ ਸੌਣ ਨਹੀਂ ਦਿੰਦੇ। ਖੁੱਲ੍ਹੀਆਂ ਅੱਖਾਂ ਨਾਲ ਵੇਖੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੀਂਦਾਂ ਗਵਾਉਣੀਆਂ ਪੈਂਦੀਆਂ ਹਨ। ਤੱਤੀਆਂ ਹਵਾਵਾਂ, ਰਾਹਵਾਂ ਦੇ ਪੱਥਰ, ਕੰਡੇ, ਥਿਰਕਦੇ ਕਦਮ ਤੇ ਹਲਕੇ ਇਰਾਦੇ ਇਨਸਾਨ ਨੂੰ ਡਾਵਾਂਡੋਲ ਕਰ ਦਿੰਦੇ ਹਨ

ਪਰ ਜੋ ਬਿਨਾ ਹਿੰਮਤ ਹਾਰਿਆਂ ਇਸ ਪੈਂਡੇ ‘ਤੇ ਚਲਦੇ ਰਹਿੰਦੇ ਹਨ, ਇੱਕ ਦਿਨ ਰਾਹ ਉਨ੍ਹਾਂ ਦੇ ਵਾਕਿਫ ਹੋ ਜਾਂਦੇ ਹਨ, ਤੱਤੀਆਂ ਹਵਾਵਾਂ ਸਾਹਾਂ ਵਿਚ ਸਾਹ ਬਣ ਕੇ ਘੁਲਣ ਲੱਗਦੀਆਂ ਹਨ, ਕੰਡਿਆਂ ਦੇ ਨਾਲ-ਨਾਲ ਫੁੱਲ ਵੀ ਵਿਖਾਈ ਦੇਣ ਲੱਗਦੇ ਹਨ, ਪੱਥਰ ਮਜ਼ਬੂਤ ਇਰਾਦੇ ਬਣਾਉਣ ਵਿਚ ਸਹਾਈ ਹੋਣ ਲੱਗਦੇ ਹਨ, ਥਿਰਕਦੇ ਕਦਮ ਸੰਭਲਣ ਲੱਗਦੇ ਹਨ ਤੇ ਰਫਤਾਰ ਤੇਜ਼ ਹੋ ਜਾਂਦੀ ਹੈ। ਇੱਕ ਦਿਨ ਅਜਿਹਾ ਆਉਂਦਾ ਹੈ ਕਿ ਮੰਜ਼ਿਲ ਆਪਣੀਆਂ ਬਾਹਾਂ ਖੋਲ੍ਹ ਕੇ ਜੀ ਆਇਆਂ ਕਹਿੰਦੀ ਤੁਹਾਡਾ ਨਿੱਘਾ ਸੁਆਗਤ ਕਰਦੀ ਹੈ। ਬਾਬਾ ਨਜ਼ਮੀ ਦੀ ਇਹ ਗੱਲ ਉਕਾ ਹੀ ਨਹੀਂ ਝੁਠਲਾਈ ਜਾ ਸਕਦੀ:
ਬੇਹਿੰਮਤੇ ਨੇ ਜਿਹੜੇ, ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ।
ਉਗਣ ਵਾਲੇ ਉਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ।
ਪੰਜਾਬੀ ਸੰਗੀਤ ਦੀ ਦੁਨੀਆਂ ਵਿਚ ਕਈ ਨਾਂ ਅਜਿਹੇ ਹਨ, ਜਿਨ੍ਹਾਂ ਮੁਕੱਦਰਾਂ ਦੇ ਸਹਾਰੇ ਨਾ ਬੈਠ ਕੇ ਆਪਣੇ ਮੁਕੱਦਰ ਆਪ ਲਿਖੇ, ਜਿਨ੍ਹਾਂ ਆਪਣੇ ਮੁਕਾਮ ਨੂੰ ਹਾਸਲ ਕਰਨ ਲਈ ਦਿਨ-ਰਾਤ ਸੰਘਰਸ਼ ਕੀਤਾ ਤੇ ਇਹ ਸੰਘਰਸ਼ ਅਜੇ ਵੀ ਜਾਰੀ ਹੈ। ਅਜਿਹੇ ਫਨਕਾਰਾਂ ਵਿਚੋਂ ਇੱਕ ਹੈ-ਸੁਖਵਿੰਦਰ ਪੰਛੀ। ਮਾਤਾ ਸ੍ਰੀਮਤੀ ਹਰਬੰਸ ਕੌਰ ਤੇ ਪਿਤਾ ਸ੍ਰੀ ਰੁਲਦੂ ਰਾਮ ਦੇ ਹੋਣਹਾਰ ਪੁੱਤਰ ਸੁਖਵਿੰਦਰ ਪੰਛੀ ਦਾ ਜਨਮ ਪਿੰਡ ਸਰੀਂਹ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿਚ ਹੋਇਆ।
ਪੰਛੀ ਨੇ 10-11 ਸਾਲ ਦੀ ਉਮਰ ਵਿਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣੀ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਸੰਗੀਤ ਦੀਆਂ ਬਾਰੀਕੀਆਂ ਸਿੱਖਣ ਲਈ ਉਸ ਨੇ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਉਸਤਾਦ ਧਾਰਿਆ ਤੇ ਕੋਈ 10 ਸਾਲ ਮਾਣਕ ਦੀ ਸੰਗਤ ਮਾਣੀ।
ਪੰਛੀ ਦੇ ਹੁਣ ਤਕ ਸੈਂਕੜੇ ਗੀਤ ਰਿਕਾਰਡ ਹੋ ਚੁਕੇ ਹਨ। ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਬੀ. ਐਸ਼ ਪਰਵਾਨਾ ਦੇ ਸੰਗੀਤ ਨਾਲ ਸਜੀ ਧਾਰਮਿਕ ਐਲਬਮ ‘ਸ਼ਾਨ ਖਾਲਸੇ ਦੀ’ ਨਾਲ ਕੀਤੀ। ਫਿਰ ਉਸ ਦੀ ਐਲਬਮ ‘ਵਿਆਹ ਤੋਂ ਪਹਿਲਾਂ’ (ਸੰਗੀਤਕਾਰ ਵਰਿੰਦਰ ਬਚਨ) ਤੇ ਸਰਦੂਲ ਸਿਕੰਦਰ ਦੇ ਸੰਗੀਤ ਵਿਚ ‘ਹੀਰੇ ਨੀ ਧੋਖੇਬਾਜ਼ ਨਿਕਲੀ’ ਮਾਰਕਿਟ ਵਿਚ ਆਈ। ‘ਛੱਲੇ-ਮੁੰਦੀਆਂ’, ‘ਤਵੀਤੜੀ’, ‘ਸਾਡੀ ਮੁੰਦਰੀ ਸੱਜਣਾ’, ‘ਇਸ਼ਕ ਨਚਾਵੇ ਗਲੀ-ਗਲੀ’, ‘ਕਰ ਲੈ ਪਿਆਰ ਸੋਹਣੀਏ’, ‘ਚੰਨ ਜਿਹਾ ਯਾਰ’, ‘ਮੁੰਡਾ ਦਿਲ ਦਾ ਨਹੀਂ ਮਾੜਾ’, ‘ਸੂਰਮੇ ਮਰਦੇ ਨਹੀਂ’, ‘ਸ਼ਾਹਾਂ ਦੀਏ ਕੁੜੀਏ’, ‘ਚੀਚੀ ਵਾਲਾ ਛੱਲਾ’, ‘ਪੰਗਾ ਪੈਣਾ ਈ ਪੈਣਾ’, ‘ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ’ ਤੇ ਹੋਰ ਕਈ ਐਲਬਮਾਂ ਨਾਲ ਪੰਛੀ ਨੇ ਲੋਕ ਦਿਲਾਂ ਵਿਚ ਆਪਣੀ ਥਾਂ ਕਾਇਮ ਕੀਤੀ। ‘ਛੱਲੇ-ਮੁੰਦੀਆਂ’ ਪੰਛੀ ਦਾ ਅਜਿਹਾ ਗੀਤ ਸੀ ਜੋ ਲੰਮਾ ਸਮਾਂ ਹਰ ਵਰਗ ਦੀ ਪਹਿਲੀ ਪਸੰਦ ਬਣਿਆ ਰਿਹਾ ਤੇ ਅੱਜ ਵੀ ਸਰੋਤੇ ਉਸ ਸਦਾਬਹਾਰ ਗੀਤ ਨੂੰ ਸੁਣ ਕੇ ਪੁਰਾਣੇ ਸਮਿਆਂ ‘ਚ ਗੁਆਚਣਾ ਪਸੰਦ ਕਰਦੇ ਹਨ।
‘ਜੱਟ ਪੰਜਾਬ ਦਾ’, ‘ਰੰਗਲਾ ਪੰਜਾਬ’, ‘ਕਬਜ਼ਾ’, ‘ਦੁੱਲਾ-ਭੱਟੀ’, ‘ਨੈਣ ਪ੍ਰੀਤੋ ਦੇ’, ‘ਦਹਿਸ਼ਤ’ ਤੇ ‘ਵਾਰਿਸ’ ਵਰਗੀਆਂ ਪੰਜਾਬੀ ਫਿਲਮਾਂ ਵਿਚ ਵੀ ਪੰਛੀ ਨੇ ਗੀਤ ਗਾਏ।
ਪਿੱਛੇ ਜਿਹੇ ਮਨੀ ਸੰਧੂ ਦੇ ਸੰਗੀਤ ਵਿਚ ਉਸ ਦਾ ਸਿੰਗਲ ਟ੍ਰੈਕ ‘ਗੱਭਰੂ’ ਆਇਆ ਤੇ ਹੁਣ ਨਾਮੀ ਕੰਪਨੀ ‘ਜ਼ੀ ਮਿਊਜ਼ਿਕ’ ਵਿਚ ਪ੍ਰਸਿੱਧ ਗੀਤਕਾਰ ਮਿੰਟੂ ਹੇਅਰ ਦਾ ਲਿਖਿਆ ਗੀਤ ‘ਟਾਊਨ’ ਚੱਲ ਰਿਹਾ ਹੈ, ਜਿਸ ਦਾ ਸੰਗੀਤ ਏ2, ਈਸ਼ਵਰ ਦੀਪ ਸਿੰਘ ਤੇ ਗਗਨ ਦੀਪ ਸਿੰਘ ਨੇ ਦਿੱਤਾ ਹੈ। ਵੀਡੀਓ ਡਾਇਰੈਕਟਰ ਰੌਕੀ ਸਿੰਘ ਤੇ ਏ2 ਨੇ ਇਸ ਗੀਤ ਦਾ ਫਿਲਮਾਂਕਣ ਅਮਰੀਕਾ ਦੀਆਂ ਵੱਖ-ਵੱਖ ਥਾਂਵਾਂ ‘ਤੇ ਕੀਤਾ।
ਪੰਛੀ ਹੁਣ ਤਕ ਨਾਮੀ ਗੀਤਕਾਰਾਂ-ਦੇਵ ਥਰੀਕੇ ਵਾਲਾ, ਝਲਮਣ ਸਿੰਘ ਢੰਡਾ, ਗਿੱਲ ਜੱਗੋਮਾਜਰਾ, ਦੇਬੀ ਮਖਸੂਸਪੁਰੀ, ਗੁਰਮਿੰਦਰ ਕੈਂਡੋਵਾਲ, ਜਸਵੀਰ ਗੁਣਾਚੌਰ, ਅਲਮਸਤ ਦੇਸਰਪੁਰੀ, ਸ਼ਾਰੀ ਬੋਇਲ, ਐਸ਼ ਅਸ਼ੋਕ ਭੌਰਾ, ਸੇਵਾ ਸਿੰਘ ਨੌਰਥ, ਰਾਣਾ ਵੇਂਡਲ ਵਾਲਾ, ਸੱਤੀ ਚੌਹਾਨ ਯੂ. ਐਸ਼ ਏ., ਰਣਜੀਤ ਢਿੱਲੋਂ ਕੈਨੇਡਾ ਤੇ ਮਿੰਟੂ ਹੇਅਰ ਦੇ ਗੀਤ ਪ੍ਰਸਿੱਧ ਸੰਗੀਤਕਾਰਾਂ-ਵਰਿੰਦਰ ਬਚਨ, ਸੁਰਿੰਦਰ ਬਚਨ, ਅਤੁਲ ਸ਼ਰਮਾ, ਸਰਦੂਲ ਸਿਕੰਦਰ, ਨਿਰਮਲ ਸਿੱਧੂ, ਕੁਲਜੀਤ ਸਿੰਘ, ਅਨੂ-ਮਨੂ ਤੇ ਜੀਤੀ ਸਿੰਘ ਦੇ ਸੰਗੀਤ ਵਿਚ ਰਿਕਾਰਡ ਕਰਵਾ ਚੁਕਾ ਹੈ, ਜਿਨ੍ਹਾਂ ਨੂੰ ਦਰਸ਼ਕਾਂ ਨੇ ਮਣਾ-ਮੂੰਹੀਂ ਪਿਆਰ ਦਿੱਤਾ। ਪੰਜਾਬ ਤੋਂ ਇਲਾਵਾ ਪੰਛੀ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹਾਂਗਕਾਂਗ ਦੀ ਧਰਤੀ ‘ਤੇ ਆਪਣੇ ਸਫਲ ਸ਼ੋਅ ਕਰ ਕੇ ਮਾਣ-ਸਨਮਾਨ ਖੱਟ ਚੁਕਾ ਹੈ।
ਪੰਛੀ ਨੇ ਦੱਸਿਆ ਕਿ ਕੋਈ ਸਮਾਂ ਸੀ ਜਦੋਂ ਸਾਰੇ ਕਲਾਕਾਰਾਂ ਦੇ ਦਫਤਰ ਸਿਰਫ ਲੁਧਿਆਣੇ ਹੀ ਹੁੰਦੇ ਸਨ ਤੇ ਉਨ੍ਹਾਂ ਨੂੰ ਬੁੱਕ ਕਰਨ ਲਈ ਉਥੇ ਹੀ ਜਾਣਾ ਪੈਂਦਾ ਸੀ ਪਰ ਉਸ ਨੇ ਜਲੰਧਰ ਵਿਚ ਦਫਤਰ ਖੋਲ੍ਹ ਕੇ ਪਹਿਲਕਦਮੀਂ ਕੀਤੀ ਤੇ ਫਿਰ ਸਾਰੇ ਕਲਾਕਾਰਾਂ ਨੇ ਇੱਥੇ ਹੀ ਆਪਣੇ ਦਫਤਰ ਖੋਲ੍ਹ ਲਏ। ਪਹਿਲਾਂ ਸਾਰੇ ਕਲਾਕਾਰ ਆਪਣੇ ਨਾਂ ਦੇ ਪਿੱਛੇ ‘ਐਂਡ ਪਾਰਟੀ’ ਲਾਉਂਦੇ ਸਨ ਪਰ ਨਾਂ ਪਿੱਛੇ ‘ਮਿਊਜ਼ੀਕਲ ਗਰੁਪ’ ਲਾਉਣ ਦੀ ਪਿਰਤ ਵੀ ਪੰਛੀ ਨੇ ਹੀ ਪਾਈ।
ਪੰਛੀ ਨੇ ਕਿਹਾ ਕਿ ਉਸ ਦੇ ਰਾਹਵਾਂ ਵਿਚ ਆਪਣੇ-ਬੇਗਾਨਿਆਂ ਨੇ ਬਹੁਤ ਟੋਏ ਪੁੱਟੇ ਪਰ ਉਹ ਹਮੇਸ਼ਾ ਮਾਲਕ ਦੀ ਰਜ਼ਾ ‘ਚ ਰਾਜ਼ੀ ਰਿਹਾ। ਕਈਆਂ ਨੇ ਉਸ ਦਾ ਸਾਥ ਦਿੱਤਾ ਤੇ ਬਹੁਤਿਆਂ ਨੇ ਉਸ ਤੋਂ ਪਾਸਾ ਵੱਟਿਆ ਪਰ ਉਹ ਸ਼ੁਕਰਗੁਜ਼ਾਰ ਹੈ, ਆਪਣੇ ਰੱਬ ਵਰਗੇ ਸਰੋਤਿਆਂ ਦਾ, ਜੋ ਅੱਜ ਵੀ ਉਸ ਨੂੰ ਰੱਜਵਾਂ ਪਿਆਰ ਦੇ ਰਹੇ ਹਨ। ਜਲਦ ਹੀ ਉਸ ਦੇ ਗੀਤ ਪੰਜਾਬੀ ਤੇ ਹਿੰਦੀ ਫਿਲਮਾਂ ‘ਚ ਸੁਣਨ ਨੂੰ ਮਿਲਣਗੇ। ਇਸ ਸਮੇਂ ਪੰਛੀ ਆਪਣੀ ਧਰਮ ਪਤਨੀ ਪ੍ਰਸਿੱਧ ਅਦਾਕਾਰਾ ਰਾਜਿੰਦਰ ਰੂਬੀ ਤੇ ਪੁੱਤਰਾਂ-ਜਗਜੋਤ ਸਿੰਘ ਤੇ ਨਵਜੋਤ ਸਿੰਘ ਨਾਲ ਆਪਣੇ ਪਿੰਡ ਵਿਚ ਹੀ ਖੁਸ਼ਹਾਲ ਜੀਵਨ ਬਸਰ ਕਰ ਰਿਹਾ ਹੈ। ਸੁਖਵਿੰਦਰ ਪੰਛੀ ਨਾਲ ਸੰਪਰਕ ਫੋਨ: 91-76961-47624 ਰਾਹੀਂ ਕੀਤਾ ਜਾ ਸਕਦਾ ਹੈ।