ਬੋਨ ਮੈਰੋ ਟਰਾਂਸਪਲਾਂਟ ਪਿਛੋਂ ਨਵਾਂ ਜਨਮ

ਪ੍ਰੋ. ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਵੇਖ)
ਅਗਲੇ ਦਿਨ ਮੈਨੂੰ ਬੋਨ ਮੈਰੋ ਟਰਾਂਸਪਲਾਂਟ ਵਾਸਤੇ ਬੀ. ਐਮ. ਟੀ. ਯੂਨਿਟ ਦੇ ਕਮਰਾ ਨੰਬਰ 307 ‘ਚ ਸ਼ਿਫਟ ਕਰ ਦਿੱਤਾ ਗਿਆ। ਇਹ ਉਹੀ ਕਮਰਾ ਸੀ, ਜਿਸ ਵਿਚੋਂ ਅਸੀਂ ਇਕ ਲਾਸ਼ ਬਾਹਰ ਆਉਂਦੀ ਦੇਖੀ ਸੀ। ਹੋ ਸਕਦਾ ਉਸ ਕਮਰੇ ਵਿਚੋਂ ਬਹੁਤ ਸਾਰੇ ਜ਼ਿੰਦਗੀ ਦੀ ਦਾਤ ਲੈ ਕੇ ਨਿਕਲੇ ਹੋਣ ਤੇ ਕੁਝ ਇਕ ਕੈਂਸਰ ਦੀ ਮਾਰ ਨਾ ਸਹਾਰਦਿਆਂ ਅਤਿਅੰਤ ਦੁੱਖਾਂ ਵਿਚੋਂ ਸ਼ਾਂਤ ਹੁੰਦੇ ਪਰਮਾਨੰਦ ਨੂੰ ਪ੍ਰਾਪਤ ਹੋ ਗਏ ਹੋਣ।

ਮੈਨੂੰ ਤਾਂ ਕੈਂਸਰ ਦੀ ਹਾਲਤ ਵਿਚ ਦੋਵੇਂ ਗੱਲਾਂ ਹੀ ਠੀਕ ਲੱਗਦੀਆਂ ਨੇ। ਜੀਅ ਲੈਣਾ ਇਸ ਕਰਕੇ ਕਿ ਕੈਂਸਰ ਵਿਚ ਨਵੇਂ ਅਰਥਾਂ ਵਾਲੀ ਜ਼ਿੰਦਗੀ ਮਿਲਦੀ ਹੈ, ਤੁਰ ਜਾਣਾ ਇਸ ਲਈ ਕਿ ਕੈਂਸਰ ਦਾ ਪੂਰਨ ਇਲਾਜ ਇਸ ਸਰੀਰ ਨੂੰ ਅਲਵਿਦਾ ਕਹਿ ਕੇ ਸਪੁਰਦ-ਏ-ਖਾਕ ਕਰਨ ਵਿਚ ਹੀ ਹੁੰਦਾ ਹੈ।
ਅਗਲਾ ਦਿਨ ਸੀ, ਹਾਈ ਡੋਜ਼ ਕੀਮੋ ਦੇਣ ਦਾ। ਭਾਵ ਸਿਹਤ ਦੇ ਹਿਸਾਬ ਨਾਲ ਆਮ ਕੀਮੋਥੈਰੇਪੀ ਤੋਂ 10 ਗੁਣਾ ਡੋਜ਼ ਇਕੋ ਸਮੇਂ ਦੇ ਦੇਣੀ ਤਾਂ ਕਿ ਅੰਦਰੋਂ ਸਾਰੇ ਦਾ ਸਾਰਾ ਬੋਨ ਮੈਰੋ ਤਬਾਹ ਕਰਕੇ ਨਵੀਂ ਧਰਤੀ, ਨਵੇਂ ਸਿਆੜ ਬਣਾ ਕੇ ਜ਼ਿੰਦਗੀ ਦੇ ਨਵੇਂ ਬੀਜਾਂ ਦਾ ਛੱਟਾ ਦਿੱਤਾ ਜਾਵੇ। ਸਵੇਰੇ 6 ਵਜੇ ਤੋਂ ਹਾਈ ਡੋਜ਼ ਕੀਮੋਥੈਰੇਪੀ ਦੇ ਟੀਕੇ ਲੱਗਣੇ ਸ਼ੁਰੂ ਹੋਏ, ਜੋ ਬਾਅਦ ਦੁਪਹਿਰ 2 ਵਜੇ ਮੁਕੰਮਲ ਹੋਏ। ਇਕਦਮ ਤਾਂ ਉਸ ਦਾ ਕੋਈ ਪਤਾ ਨਾ ਲੱਗਾ। ਸਧਾਰਨ ਵਾਂਗ ਅੰਨ-ਜਲ ਛਕਿਆ, ਸੌਂ ਗਿਆ। ਰਾਤ ਨੂੰ ਬੜੀ ਤਲਖੀ ਹੋਈ, ਵਾਰ ਵਾਰ ਪਾਣੀ ਨੂੰ ਮਨ ਕੀਤਾ, ਤੇਜ਼ ਦਰਦਾਂ ਹੋਈਆਂ-ਜਾਨ ਨਿਕਲਣ ਵਰਗਾ ਅਹਿਸਾਸ। ਇੰਨੀ ਬੈਚੇਨੀ ਕਿ ਉਸਲਵੱਟਿਆਂ ‘ਚ ਵਾਲ ਖੁੱਲ੍ਹ ਕੇ ਉਲਝਣਾਂ ਪੈ ਗਈਆਂ।
ਦਿਨ ਚੜ੍ਹਿਆ, ਮੈਂ ਸੋਫੇ ‘ਤੇ ਪਈ ਹਰਵਿੰਦਰ ਨੂੰ ਬੁਲਾਇਆ ਕਿ ਮੇਰੇ ਕੇਸ ਬੰਨ੍ਹ ਦੇਵੇ। ਉਸ ਜਦੋਂ ਮੇਰੇ ਵਾਲ ਹੱਥਾਂ ‘ਚ ਫੜ੍ਹੇ ਤਾਂ ਵਾਲਾਂ ਦਾ ਰੁੱਗ ਹੱਥਾਂ ‘ਚ ਆ ਗਿਆ। ਉਹ ਬੁਰੀ ਤਰ੍ਹਾਂ ਡਡਿਆ ਕੇ ਰੋ ਪਈ। ਉਸ ਦੀ ਭਿਆਨਕ ਚੀਕ ਦੀ ਆਵਾਜ਼ ਸੁਣ ਕੇ ਮੈਂ ਡਰ ਗਿਆ। ਪਹਿਲਾਂ ਜਦੋਂ ਮੈਂ ਉਸ ਨੂੰ ਵਾਲ ਬੰਨ੍ਹਣ ਲਈ ਕਹਿਣ ਦਾ ਖਿਆਲ ਕਰ ਰਿਹਾ ਸਾਂ ਤਾਂ ਉਸ ਹਾਲਤ ਵਿਚ ਵੀ ਰੋਮਾਂਚਿਤ ਹੁੰਦਾ ਲੋਕ-ਗੀਤ ਦੀਆਂ ਸਤਰਾਂ ਖਿਆਲ ਕਰ ਰਿਹਾ ਸਾਂ, ਜਿਵੇਂ ਵਾਲ ਬੰਨ੍ਹਣ ਲੱਗਿਆਂ ਕੋਈ ਕਹਿ ਰਹੀ ਹੋਵੇ, “ਮੇਰੇ ਨਿੱਤ ਦੇ ਸ਼ਰਾਬੀਆ ਯਾਰਾ, ਲਿਆ ਮੈਂ ਤੇਰੇ ਕੇਸ ਬੰਨ੍ਹ ਦਿਆਂ।” ਪਰ ਪਲ ਦੀ ਪਲ ਮੈਂ ਵੀ ਭੈਅਭੀਤ ਹੋ ਗਿਆ। ਇੰਨੇ ਨੂੰ ਚੀਕ ਸੁਣ ਕੇ ਹਸਪਤਾਲ ਦਾ ਸਟਾਫ ਭੱਜਾ ਆਇਆ, ਉਨ੍ਹਾਂ ਕੋਲ ਇਹ ਸਿਲਸਿਲਾ ਆਮ ਹੁੰਦਾ ਹੋਣ ਕਰਕੇ, ਉਨ੍ਹਾਂ ਸਮਝਾ ਦਿੱਤਾ। ਜਦ ਮੈਂ ਆਪਣਾ ਸਿਰ ਸ਼ੀਸ਼ੇ ‘ਚ ਦੇਖਿਆ ਤਾਂ ਮੇਰਾ ਮੁੰਡਨ ਹੋਇਆ ਜਾਪਿਆ।
ਅਗਲੇ ਦਿਨ ਇਕ ਸੈਂਪਲ ਖੂਨ ਦਾ ਲਿਆ ਗਿਆ, ਜਿਸ ਦੀ ਰਿਪੋਰਟ ਜਲਦੀ ਹੀ ਆ ਗਈ ਤੇ ਮੇਰੇ ਸਾਹਮਣੇ ਕੰਧ ‘ਤੇ ਇਕ ਏ-4 ਸਾਇਜ਼ ਦਾ ਕਾਗਜ਼ ਚਿਪਕਾ ਦਿੱਤਾ ਗਿਆ, ਜਿਸ ਉਤੇ ਲਿਖਿਆ ਸੀ, ਜ਼ੀਰੋ ਡੇਅ। ਮੈਨੂੰ ਪਤਾ ਨਾ ਲੱਗਾ ਕਿ ਜ਼ੀਰੋ ਡੇਅ ਕਿਸ ਦਾ ਹੈ, ਤਾਂ ਸਮਝਾਇਆ ਕਿ ਮੇਰੇ ਸਰੀਰ ਦਾ ਸੁਰੱਖਿਆ ਪ੍ਰਬੰਧ ਬਿਲਕੁਲ ਨਕਾਰਾ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਹੁਣ ਮੇਰੇ ਅੰਦਰ ਜ਼ਿੰਦਗੀ ਦੇ ਆਧਾਰ ਟੀ. ਐਲ਼ ਸੀ. ਨੂੰ ਜ਼ੀਰੋ ਕਰ ਦਿੱਤਾ ਗਿਆ ਹੈ, ਜਿਸ ਦੀ ਰੇਂਜ 4400 ਤੋਂ 11000 ਹੁੰਦੀ ਹੈ। ਮਸਲਨ ਮੇਰੇ ਅੰਦਰੋਂ ਕੈਂਸਰ ਕੱਢਣ ਲਈ ਕਿਲ੍ਹਾ ਇਸ ਵਕਤ ਖਾਲੀ ਕਰ ਦਿੱਤਾ ਗਿਆ ਹੈ ਭਾਵ ਟੀ. ਐਲ਼ ਸੀ. ਜ਼ੀਰੋ। ਹਾਈ ਡੋਜ਼ ਕੀਮੋਥੈਰੇਪੀ ਨੇ ਇਕੱਲੇ ਕੈਂਸਰ ਸੈਲ ਹੀ ਨਹੀਂ ਮਾਰੇ ਸਗੋਂ ਸਮੁੱਚਾ ਬੋਨ ਮੈਰੋ ਹੀ ਖਤਮ ਕਰ ਦਿੱਤਾ ਸੀ।
ਖੌਫਜ਼ਦਾ ਹੋਏ ਸਾਰਾ ਮਾਜ਼ਰਾ ਦੇਖ ਜਗਤ ਤਮਾਸ਼ੇ ਦੀ ਨਜ਼ਰਸਾਨੀ ਕਰਦੇ ਨੂੰ ਅਗਲਾ ਦਿਨ ਚੜ੍ਹ ਗਿਆ ਤੇ ਹਸਪਤਾਲ ਸਟਾਫ ਨੇ ਡੇਅ ਵਨ ਦਾ ਨਵਾਂ ਕਾਗਜ਼ ਚਿਪਕਾ ਦਿੱਤਾ। ਪਹਿਲਾ ਦਿਨ ਬੜਾ ਚੰਗਾ ਲੱਗਾ ਕਿ ਮੇਰੀ ਨਵੀਂ ਜ਼ਿੰਦਗੀ ਦਾ ਪਹਿਲਾ ਦਿਨ, ਜਦੋਂ ਜਨਮ ਹੁੰਦਾ ਹੈ ਤਾਂ ਅਹਿਸਾਸ ਨਹੀਂ ਹੁੰਦਾ, ਇਥੇ ਡਾਕਟਰੀ ਵਿਗਿਆਨ ਦੀ ਇਮਦਾਦ ਨਾਲ ਮੈਂ ਨੂੰ ਮੈਂ ਜਨਮ ਦੇ ਰਿਹਾ ਸਾਂ।
ਪਹਿਲੇ ਦਿਨ ਡਾਕਟਰਾਂ ਦੀ ਟੀਮ ਆਈ। ਬੋਨ ਮੈਰੋ ਟਰਾਂਸਪਲਾਂਟ ਦੇ ਆਧਾਰ ਠੀਕ ਦੇਖਦਿਆਂ, ਜੋ ਸਟੈਮ ਸੈਲ ਮੇਰੇ ਅੰਦਰੋਂ ਕੱਢ ਕੇ ਰੱਖੇ ਸਨ, ਉਨ੍ਹਾਂ ਦਾ ਪੈਕਟ ਆ ਗਿਆ ਤੇ ਦੇਖ ਕੇ ਲੱਗਾ, ਇਹ ਮੇਰੀ ਜ਼ਿੰਦਗੀ ਦੇ ਬੀਜਾਂ ਦੀਆਂ ਬੋਰੀਆਂ ਹਨ। ਹੁਣ ਇਹ ਬੀਜ ਰੂਪੀ ਜ਼ਿੰਦਗੀ ਮੇਰੇ ਅੰਦਰ ਪਾਈ ਜਾਵੇਗੀ। ਡਾਕਟਰ ਨੇ 50 ਮਿਲੀਲਿਟਰ ਵਾਲੀ ਵੱਡੀ ਸਰਿੰਜ ਲਿਆਂਦੀ, ਭਰੀ ਤੇ ਛਾਤੀ ਦੇ ਸੱਜੇ ਪਾਸੇ ਲੱਗੇ ਥ੍ਰੀ ਵੇਅ ਕੈਥੇਟਰ ਦੇ ਇਕ ਸਿਰੇ ਨਾਲ ਜੋੜੀ ਤੇ ਜ਼ੋਰ ਨਾਲ ਪਿਚਕਾਰੀ ਧੱਕਦਿਆਂ, ਮੇਰੇ ਅੰਦਰ ਭੇਜ ਦਿੱਤੀ। ਇਕ ਪਿਛੋਂ ਇਕ ਕੋਈ 10 ਵੱਡੀਆਂ ਸਰਿੰਜਾਂ ਭਰ ਕੇ ਮੇਰੇ ਅੰਦਰ ਪਾ ਦਿੱਤੀਆਂ ਜਿਵੇਂ ਕੱਚੀ ਮਿੱਟੀ ਵਿਚ ਖਾਦ ਪਦਾਰਥ ਅਤੇ ਬੀਜ ਪਾ ਦਿੱਤੇ ਜਾਂਦੇ ਹਨ। ਲਖਬੀਰ ਦੇ ਬੀਜ ਲਖਬੀਰ ਦੀ ਮਿੱਟੀ ‘ਚ ਬੀਜ ਕੇ ਲਖਬੀਰ ਨੂੰ ਹੀ ਕੁਦਰਤ ਬਣਾ ਦਿੱਤਾ। ਸਟੈਮ ਸੈਲ ਦੀ ਪ੍ਰਕ੍ਰਿਆ ਪਿਛੋਂ ਮੇਰੇ ਕਮਰੇ ਦੇ ਬਾਹਰ ਨੋ ਐਂਟਰੀ ਦੀ ਤਖਤੀ ਲਾ ਦਿੱਤੀ ਤੇ ਸਿਵਾਏ ਡਾਕਟਰਾਂ ਜਾਂ ਹਰਵਿੰਦਰ ਦੇ, ਕਮਰੇ ‘ਚ ਹੋਰ ਕੋਈ ਦਾਖਲ ਨਹੀਂ ਸੀ ਹੋ ਸਕਦਾ। ਬਾਹਰੀ ਇਨਫੈਕਸ਼ਨ ਤੋਂ ਬਚਣ ਲਈ ਕਈ ਦਿਨ ਪਹਿਲਾਂ ਤੋਂ ਹੀ ਇਕ ਅਮਲ ਸ਼ੁਰੂ ਕੀਤਾ ਹੋਇਆ ਸੀ ਕਿ ਸਾਰੀਆਂ ਇੰਦਰੀਆਂ ਨੱਕ, ਕੰਨ, ਮੂੰਹ ਤੇ ਹੇਠਾਂ ਨਿਕਾਸ ਇੰਦਰੀਆਂ ਦੇ ਰਸਤੇ ਦਿਨ ਵਿਚ ਕਈ ਵਾਰ ਲਾਗ ਮੁਕਤ ਕੀਤੇ ਜਾਂਦੇ ਸਨ। ਉਪਰਲੀਆਂ ਇੰਦਰੀਆਂ ਤਾਂ ਸੌਖੀਆਂ ਹੀ ਬਿਸਤਰ ‘ਤੇ ਸਾਫ ਹੋ ਜਾਂਦੀਆਂ ਪਰ ਹੇਠਲੀਆਂ ਖਾਤਰ ਮੈਨੂੰ ਗਰਮ ਪਾਣੀ ਦੇ ਟੱਬ ਵਿਚ ਵੁਜੂ ਕਰਨ ਵਾਂਗ ਬਿਠਾਇਆ ਜਾਂਦਾ।
ਜ਼ਿੰਦਗੀ ਨੂੰ ਸੁਰੱਖਿਆ ਤਾਂ ਮਿਲਦੀ ਰਹੀ ਪਰ ਡਰ ਵੀ ਨਾਲ ਸਨ। ਇੱਕ ਇੱਕ ਦਿਨ ਇਕ ਪੂਰਨ ਜ਼ਿੰਦਗੀ ਲਗਦਾ ਸੀ। ਸਰੀਰ ਅੰਦਰ ਅੰਤਾਂ ਦਾ ਸੇਕ, ਮੂੰਹ ‘ਚ ਛਾਲੇ, ਖਾਣਾ-ਪੀਣਾ ਬੰਦ, ਪਾਣੀ ਦਾ ਇਕ ਚਮਚ ਤਾਂ ਕੀ ਤੁਪਕਾ ਵੀ ਅੰਦਰ ਨਹੀਂ ਲਿਜਾ ਸਕਦਾ ਸਾਂ, ਲੇਕਿਨ ਸਮਾਂ ਬੜਾ ਨਾਜ਼ੁਕ ਤੇ ਅਹਿਮ, ਜ਼ਿੰਦਗੀ ਦੇ ਗਹਿਰੇ ਅਹਿਸਾਸ ਵਾਲਾ ਬੀਤ ਰਿਹਾ ਸੀ, ਸੁਪਨਿਆਂ ਵਾਲਾ ਲੰਘ ਰਿਹਾ ਸੀ। ਡਾਕਟਰਾਂ ਦਾ ਅਨੁਮਾਨ ਸੀ ਕਿ ਚੌਥੇ-ਪੰਜਵੇਂ ਦਿਨ ਤੱਕ ਨਵੀਆਂ ਕੋਪਲਾਂ ਜ਼ਿੰਦਗੀ ਦੀਆਂ ਫੁੱਟ ਪੈਣਗੀਆਂ, ਪਰ ਐਸਾ ਨਾ ਹੋਇਆ। ਸ਼ਾਮ ਨੂੰ ਡਾਕਟਰ ਨਿਰਾਸ਼ ਜਿਹੇ ਵਾਪਿਸ ਆਏ, ਇਹ ਹਾਲਤ ਦੇਖ ਅਸੀਂ ਵੀ ਭੈਅਭੀਤ ਹੋ ਗਏ ਸਾਂ। ਛੇਵੇਂ ਦਿਨ ਸਵੇਰੇ 6-7 ਵਜੇ ਸਰੀਰ ਦੇ ਹੇਠਲੇ ਪਾਸਿਉਂ ਮਰਨ ਵਰਗਾ ਅਹਿਸਾਸ ਹੋਣ ਲੱਗਾ, ਸਰੀਰ ਠੰਡਾ ਅਤੇ ਸਥਿਰ ਹੁੰਦਾ ਜਾ ਰਿਹਾ ਸੀ, ਨੀਮ ਮਦਹੋਸ਼ੀ ਵਰਗਾ ਆਲਮ ਸੀ।
ਹਰਵਿੰਦਰ ਨੇ ਦੇਖਿਆ ਤਾਂ ਉਸ ਨੇ ਆਪਣੀ ਦੁਨੀਆਂ ਲੁੱਟਦੀ ਦੇਖੀ। ਉਹ ਚੀਕ ਮਾਰ ਕੇ ਬਾਹਰ ਨਿਕਲ ਗਈ, ਫਿਰ ਇਕਦਮ ਵਾਪਸ ਮੇਰੇ ਪਾਸ ਆ ਗਈ। ਇੰਨੇ ਨੂੰ ਨਰਸਾਂ ਵੀ ਆ ਗਈਆਂ, ਇਕਦਮ ਸਟਾਫ ਦਾ ਇਕੱਠ ਦੇਖ ਕੇ ਮੈਂ ਡੌਰ ਭੌਰ ਹੋ ਗਿਆ ਕਿ ਕੀ ਹੋ ਗਿਆ। ਬੜੀ ਹਿੰਮਤ ਇਕੱਠੀ ਕਰਕੇ ਖੱਬਾ ਹੱਥ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਬੋਲਿਆ, “ਇਹ ਪਲ ਵੀ ਨਿਕਲ ਜਾਵੇਗਾ।”
ਅੱਧੇ ਘੰਟੇ ਬਾਅਦ ਖੂਨ ਦਾ ਸੈਂਪਲ ਲਿਆ ਤੇ ਟੀ. ਐਲ਼ ਸੀ. 400 ਆ ਗਏ। ਮੈਂ ਹਸਪਤਾਲ ਸਟਾਫ ਦੇ ਚਿਹਰੇ ਦੀ ਰੌਣਕ ਤੋਂ ਭਾਂਪ ਲਿਆ ਕਿ ਕੁਝ ਚੰਗਾ ਵਾਪਰ ਗਿਆ ਹੈ, ਜ਼ਿੰਦਗੀ ਦੀਆਂ ਨਵੀਆਂ ਕੋਪਲਾਂ ਫੁੱਟ ਪਈਆਂ ਸਨ। ਮੈਂ ਮਰਦਾ ਮਰਦਾ ਜੀਣਾ ਸ਼ੁਰੂ ਹੋ ਗਿਆ। ਮੌਤ ਪੈਰਾਂ ਵਲੋਂ ਦਿਲੋ-ਦਿਮਾਗ ਵੱਲ ਵਧ ਰਹੀ ਸੀ ਲੇਕਿਨ ਦਿਲੋ-ਦਿਮਾਗ ਅੰਦਰਲੀ ਜ਼ਿੰਦਗੀ ਨੇ ਮੌਤ ਨੂੰ ਪਰ੍ਹੇ ਵਗਾਹ ਮਾਰਿਆ। ਫਿਰ ਕੀ ਸੀ ਇਕ ਪਲ ਹੋਰ, ਅਗਲੇ ਪਲ ਹੋਰ। ਨਵੀਂ ਜੰਮੀ ਜ਼ਿੰਦਗੀ ਨੇ ਇਕ ਪਿਛੋਂ ਇਕ ਕੋਪਲਾਂ ਕੱਢੀਆਂ ਤੇ ਮੇਰਾ ਤਨ ਜੀਵਨ ਅਮਲ ਨਾਲ ਭਰ ਗਿਆ। ਜ਼ਿੰਦਗੀ ਦੇ ਅਰਥ ਹੀ ਬਦਲ ਗਏ। ਛੁੱਟੀ, ਆਰਾਮ, ਉਦਾਸੀ, ਨਿਰਾਸ਼ਾ, ਖੌਫ, ਬੇਗਾਨਗੀ, ਜਾਤ-ਪਾਤ, ਰੰਗ-ਨਸਲ, ਧਰਮ, ਉਚ-ਨੀਚ, ਗਰੀਬ-ਅਮੀਰ, ਕਾਲਾ-ਗੋਰਾ, ਆਦਮੀ ਔਰਤ-ਗੱਲ ਕੀ ਸਭ ਤਰ੍ਹਾਂ ਦੇ ਭੇਦ ਹੀ ਖਤਮ ਹੋ ਗਏ। ਜ਼ਿੰਦਗੀ ਦਾ ਫਲਸਫਾ ਰਗ ਰਗ ‘ਚ ਹੈ, ਕਿਉਂ ਨਾ ਗਾਵਾਂ ਜ਼ਿੰਦਗੀ ਹੀ ਜ਼ਿੰਦਗੀ। ਨੂਰ ਮਿਲਿਆ ਹੈ ਜੋ ਮੇਰੀ ਖਾਕ ਨੂੰ, ਕਿਉਂ ਨਾ ਦੇਵਾਂ ਰੌਸ਼ਨੀ ਹੀ ਰੌਸ਼ਨੀ।
ਜ਼ਿੰਦਗੀ ਦੇ ਅਸਲ ਮਾਅਨੇ ਸਮਝ ਆ ਗਏ ਅਤੇ ਜੀਣਾ ਸ਼ੁਰੂ ਕਰ ਦਿੱਤਾ। 15 ਦਿਨ ਖਾਣ-ਪੀਣ ਪੂਰਨ ਭਾਂਤ ਬੰਦ ਰਿਹਾ। ਫਿਰ ਖਾਣ-ਪੀਣ ਦਾ ਦੌਰ ਸ਼ੁਰੂ ਹੋਇਆ। ਪਹਿਲੇ ਦਿਨ ਇਕ ਬਿਸਕਿਟ ਦਾ ਅੱਧਾ ਹਿੱਸਾ ਜਦ ਖਾਧਾ ਤਾਂ ਮੁੜ ਤੋਂ ਖਾਣਾ ਸ਼ੁਰੂ ਕਰਨ ਦੀ ਅੰਤਾਂ ਦੀ ਖੁਸ਼ੀ ਸੀ। ਇਹ ਖੁਸ਼ੀ ਸੀ ਨਵੀਂ ਜ਼ਿੰਦਗੀ ਦੀ, ਜੀਵਨ ਸੈਲਾਂ ਦੇ ਪੁੰਗਰ ਕੇ ਮੁੜ ਜ਼ਿੰਦਗੀ ਦਾ ਰੁੱਖ ਬਣ ਜਾਣ ਦੀ, ਸਾਹਾਂ ਦੀ ਲੜੀ ਚਲਦੇ ਰਹਿਣ ਦੀ, ਕਥਨੀ ਤੇ ਕਰਨੀ ਵਿਚਲੇ ਖੱਪੇ ਦੇ ਪੂਰੇ ਹੋਣ ਦੀ।
ਦਵਾਈਆਂ ਘੱਟ ਹੋਈਆਂ ਅਤੇ ਦਰਵਾਜੇ ‘ਤੇ ਲੱਗੀ ਨੋ ਐਂਟਰੀ ਦੀ ਤਖਤੀ ਉਤਰ ਗਈ। ਜਿਸ ਦਿਨ ਟੀ. ਐਲ਼ ਸੀ. ਦੀ ਗਿਣਤੀ ਖਤਰੇ ਦੀ ਹੱਦ ਪਾਰ ਕਰਨ ਕਰ ਕੇ ਸੁਰੱਖਿਆ ਜੋਨ ਵਿਚ ਪਹੁੰਚ ਗਈ ਤਾਂ ਹਸਪਤਾਲੋਂ ਛੁੱਟੀ ਬਾਰੇ ਚਰਚਾ ਹੋਣ ਲੱਗੀ। ਆਮ ਤੌਰ ‘ਤੇ 22 ਤੋਂ 28 ਦਿਨਾਂ ਵਿਚ ਛੁੱਟੀ ਮਿਲ ਜਾਂਦੀ ਹੈ, ਪਰ ਮੇਰਾ ਕੇਸ ਜ਼ਿਆਦਾ ਗੰਭੀਰ ਤੇ ਨਾਜ਼ੁਕ ਹੋਣ ਕਰਕੇ ਵਧੇਰੇ ਦਿਨ ਲੱਗ ਗਏ।
ਜੂਨ 2007 ਦੇ ਪਹਿਲੇ ਹਫਤੇ ਪਿਛੋਂ ਹਸਪਤਾਲੋਂ ਛੁੱਟੀ ਮਿਲੀ। ਸਰੀਰ ਤੇ ਰੀੜ੍ਹ ਦੀ ਹੱਡੀ ਦੀ ਹਾਲਤ ਦੇਖਦਿਆਂ ਕੁਝ ਦਿਨ ਚਾਚੀ ਹਰਜੀਤ ਕੌਰ ਧੀਰ ਦੇ ਘਰ ਵਸੰਤ ਕੁੰਜ, ਦਿੱਲੀ ਵਿਚ ਹੀ ਰਹਿਣਾ ਵਾਜਬ ਸਮਝਿਆ। ਬੱਚੇ ਅਮਰੀਕਾ ਵਿਚ ਚਲੇ ਜਾਣ ਕਾਰਨ ਵੱਡੇ ਘਰ ਵਿਚ ਚਾਚੀ ਇਕੱਲੇ ਹੀ ਰਹਿੰਦੇ ਹਨ। ਉਨ੍ਹਾਂ ਦੀ ਰਹਿਣੀ-ਬਹਿਣੀ ਨਮੂਨਾ ਮਾਤਰ ਹੈ, ਘਰ ਦੀ ਸਫਾਈ, ਚੀਜ਼ਾਂ ਦੀ ਸੰਭਾਲ, ਚੀਜਾਂ ਦਾ ਥਾਂ ਸਿਰ ਰੱਖਣਾ ਕਾਬਲ-ਏ-ਤਾਰੀਫ ਹੈ। ਮੇਰੀ ਸਰੀਰਕ ਹਾਲਤ ਅਤੇ ਵਾਰ ਵਾਰ ਉਨ੍ਹਾਂ ਦੇ ਹੀ ਘਰ ਜਾਣ ਤੇ ਰਹਿਣ ਕਰਕੇ ਉਹ ਬਿਨਾ ਅਹਿਦ ਤੇ ਗੱਲ ਕੀਤਿਆਂ, ਮੇਰੀ ਮਾਂ ਹੀ ਬਣ ਗਏ। ਮੈਂ ਉਥੋਂ ਹੀ ਆਖਰੀ ਵਾਰ ਬੋਨ ਮੈਰੋ ਟਰਾਂਸਪਲਾਂਟ ਲਈ ਏਮਜ਼ ਆਇਆ ਸਾਂ ਅਤੇ ਟਰਾਂਸਪਲਾਂਟ ਕਰਾ ਕੇ ਮੁੜ ਉਸੇ ਘਰ ਜ਼ਿੰਦਗੀ ਨਵਿਆ ਕੇ ਗਿਆ। ਕੈਂਸਰ ਦੇ ਦੈਂਤ ਨੂੰ ਮਾਰ ਆਪਣੀ ਜਾਨ ਬਚਾ ਘਰ ਪਹੁੰਚਾ ਸਾਂ। ਸਾਰੇ ਕਹਿੰਦੇ ਜੰਗ ਜਿੱਤੀ ਗਈ ਤੇ ਮੈਨੂੰ ਵੀ ਜੰਗ ਜਿੱਤਣ ਵਰਗਾ ਅਹਿਸਾਸ ਹੋ ਰਿਹਾ ਸੀ। ਅਸਲ ‘ਚ ਇਹ ਜੰਗ ਜਿੱਤ ਕੇ ਅੱਗੋਂ ਵੀ ਜੰਗ ਹੀ ਸ਼ੁਰੂ ਕਰਨੀ ਸੀ। ਕੈਂਸਰ ਹੀ ਐਸਾ ਸੀ ਕਿ ਜਿੱਤ ਕੇ ਜਿੱਤਿਆ ਰਹਿਣ ਲਈ ਸੰਘਰਸ਼ ਕਰਨ ਦੀ ਲੋੜ ਰਹਿਣੀ ਸੀ। ਮੇਰਾ ਉਠਣਾ-ਬੈਠਣਾ, ਤੁਰਨਾ-ਫਿਰਨਾ ਮੁਸ਼ਕਿਲ ਸੀ, ਬਾਵਜੂਦ ਰੀੜ੍ਹ ਦੀ ਹੱਡੀ ‘ਤੇ ਲੱਗੀ ਟੇਲਰਜ਼ ਬ੍ਰੇਸ ਦੇ। ਜ਼ਿੰਦਗੀ ਦਾ ਤੱਸਵਰ ਹੀ ਬਦਲ ਰਿਹਾ ਸੀ।
ਹਸਪਤਾਲ ਤੋਂ ਬਾਹਰ ਚਾਚੀ ਦੇ ਘਰ ਟਿਕਿਆਂ ਚੌਥੇ ਦਿਨ ਤੱਕ ਜਦੋਂ ਸਾਰੀਆਂ ਕ੍ਰਿਆਵਾਂ ਬੜੀਆਂ ਔਖੀਆਂ ਹੋ ਗਈਆਂ ਤਾਂ ਖਦਸ਼ਾ ਪੈਦਾ ਹੋ ਗਿਆ ਕਿ ਸ਼ਾਇਦ ਰੀੜ੍ਹ ਦੀ ਹੱਡੀ ਸਾਥ ਨਹੀਂ ਦੇ ਰਹੀ। ਇਸ ਗੱਲ ਦਾ ਮੁਆਇਨਾ ਕਰਨ ਤੇ ਰਾਹ ਲੱਭਣ ਲਈ ਮੈਕਸ ਹੈਲਥ ਕੇਅਰ ਸਾਕੇਤ, ਦਿੱਲੀ ਦੇ ਮਾਹਿਰ ਨਿਊਰੋ ਸਰਜਨ ਡਾ. ਵਾਲੀਆ ਕੋਲ ਪਹੁੰਚੇ। ਉਨ੍ਹਾਂ ਮੇਰੀ ਐਮ. ਆਰ. ਆਈ. ਰਿਪੋਰਟ ਸਾਹਮਣੇ ਰੱਖੀ ਤੇ ਆਸ ਦੀ ਕਿਰਨ ਜਗਾਈ ਕਿ ਰੀੜ੍ਹ ਦੀ ਹੱਡੀ ਨੂੰ ਪਿਛਿਓਂ ਖੋਲ੍ਹ ਕੇ ਟੁੱਟੇ ਮਣਕਿਆਂ ਦੀ ਥਾਂ ਇਕ ਵਿਸ਼ੇਸ਼ ਸੀਮੈਂਟ ਦੇ ਮਣਕੇ ਬਣਾ ਕੇ ਉਨ੍ਹਾਂ ਦੇ ਵਿਚਕਾਰ ਕੁਸ਼ਨ ਲਾ ਕੇ ਬੰਦ ਕਰ ਦਿਆਂਗੇ। ਮੈਂ ਕਿਹਾ, ਡਾਕਟਰ ਸਾਹਿਬ! ਤੁਸੀਂ ਇਸ ਨਿਮਾਣੇ ਦੀਆਂ ਰੀੜ੍ਹ ਦੀ ਹੱਡੀ ਦੀਆਂ ਫੋਟੋਆਂ ਦੇਖ ਕੇ ਗੱਲ ਕਰ ਰਹੇ ਹੋ, ਪਰ ਕੀ ਤੁਸੀਂ ਜਾਣਦੇ ਹੋ ਕਿ ਕਰੀਬ ਇਕ ਹਫਤਾ ਪਹਿਲਾਂ ਮੈਂ ਬੋਨ ਮੈਰੋ ਟਰਾਂਸਪਲਾਂਟ ਪਿਛੋਂ ਏਮਜ਼ ਤੋਂ ਫਾਰਗ ਹੋਇਆ ਹਾਂ। ਬੀ. ਐਮ. ਟੀ. ਦੇ ਸਹਿਮ ਦਾ ਮਾਹੌਲ ਤੇ ਸਾਇਆ ਮੇਰੇ ਅਤੇ ਪਰਿਵਾਰ ਅੰਦਰ ਅਜੇ ਪੂਰਾ ਭਰਿਆ ਹੋਇਆ ਹੈ, ਅੱਗੋਂ ਤੁਸੀਂ ਉਸੇ ਤਰ੍ਹਾਂ ਦਾ ਖੌਫਨਾਕ ਤੇ ਵੱਡਾ ਆਪਰੇਸ਼ਨ ਹੋਰ ਸੁਝਾ ਰਹੇ ਹੋ।
ਮੈਨੂੰ ਰਾਕਫੈਲਰ ਯੂਨੀਵਰਸਿਟੀ ਦੇ ਬਾਇਓਲੋਜੀ ਦੇ ਪ੍ਰੋਫੈਸਰ ਰੈਨੇ ਡੁਬੋਸ ਦਾ ਕਥਨ ਯਾਦ ਆ ਗਿਆ ਕਿ ਵਿਗਿਆਨਕ ਦਵਾਈ ਤੇ ਇਲਾਜ ‘ਚ ਇਕ ਵੱਡੀ ਘਾਟ ਇਹ ਹੈ ਕਿ ਇਹ ਪੂਰਨ ਵਿਗਿਆਨਕ ਨਹੀਂ। ਆਧੁਨਿਕ ਦਵਾਈ ਅਸਲ ਵਿਚ ਉਦੋਂ ਵਿਗਿਆਨਕ ਬਣ ਜਾਵੇਗੀ ਜਦੋਂ ਡਾਕਟਰ ਤੇ ਉਨ੍ਹਾਂ ਦੇ ਮਰੀਜ਼ ਕੁਦਰਤ ਦੀਆਂ ਠੀਕ ਕਰਨ ਦੀਆਂ ਤਾਕਤਾਂ ਨੂੰ ਇੱਕਠਿਆਂ ਜਾਣਨ ਦਾ ਪ੍ਰਬੰਧ ਕਰਨਗੇ ਅਤੇ ਇਲਾਜ ਵੇਲੇ ਸਰੀਰ ਤੇ ਮਨ-ਦੋਹਾਂ ਦਾ ਧਿਆਨ ਰੱਖਣਗੇ। ਮੈਂ ਸੋਚਣ ਲੱਗਾ, ਇਸ ਤੋਂ ਬਿਹਤਰ ਹੈ ਕਿ ਮੈਂ ਕਿਸੇ ਵੱਡੇ ਖੋਜਕਾਰ ਸੰਸਥਾਨ ਨੂੰ ਦੇਹ ਦਾਨ ਕਰ ਦੇਵਾਂ।
ਖੈਰ! ਡਾਕਟਰ ਹੈਰਾਨ ਹੋ ਕੇ ਮੇਰੇ ਵੱਲ ਦੇਖਣ ਲੱਗਾ ਤੇ ਮੈਂ ਟੇਲਰਜ਼ ਬ੍ਰੇਸ ਉਤਾਰਦਿਆਂ ਬੋਲਿਆ, “ਤੁਹਾਡੀਆਂ ਗੱਲਾਂ ਨੂੰ ਚੁਣੌਤੀ ਜਾਣ ਅੱਜ ਤੋਂ ਬਾਅਦ ਲੱਗਦੀ ਵਾਹ ਮੈਂ ਸਪਾਈਨਲ ਟੇਲਰਜ਼ ਬ੍ਰੇਸ ਨਹੀਂ ਲਾਵਾਂਗਾ ਤੇ ਦੇਖਾਂਗਾ ਕਿ ਇਹ ਰੀੜ੍ਹ ਦੀ ਹੱਡੀ ਕਿਵੇਂ ਕੰਮ ਨਹੀਂ ਕਰਦੀ।” ਮੈਂ ਇੰਜ ਹੀ ਕੀਤਾ, ਰੀੜ੍ਹ ਦੀ ਹੱਡੀ ਦਾ ਕੋਈ ਆਪਰੇਸ਼ਨ ਨਾ ਕਰਾਇਆ, ਡਾਕਟਰਾਂ ਤੋਂ ਮਿਲੀਆਂ ਕੇਵਲ ਦਰਦ ਨਿਵਾਰਕ ਦਵਾਈਆਂ ਖਾਧੀਆਂ। ਇੰਜ ਘਰ ਨੂੰ ਕੂਚ ਕਰਨ ਦਾ ਜੁਗਾੜ ਕੀਤਾ। ਮਨ ਦਾ ਬੜਾ ਅਜੀਬੋ-ਗਰੀਬ ਆਲਮ, ਘਰਵਾਲੀ ਦੇ ਅਹਿਸਾਨ, ਚੌਗਿਰਦੇ ਦਾ ਸਰਵੇਖਣ, ਪਰਿਵਾਰ ਦੀ ਸੋਚ, ਇਕ ਨਵੀਂ ਦੁਨੀਆਂ ਲੈ ਕੇ, ਜਿਸ ਵਿਚ ਖੁਦ ਨੂੰ ਤਕਨੀਕੀ ਪੱਖੋਂ ਜ਼ੀਰੋ ਹੁੰਦੇ ਦੇਖਿਆ ਸੀ, ਵੱਡੀਆਂ ਆਸਾਂ ਲੈ ਕੇ ਜਲੰਧਰ ਵੱਲ ਨੂੰ ਜਾ ਰਿਹਾ ਸੀ।
ਜਲੰਧਰੋਂ ਮੈਨੂੰ ਲੈਣ ਸਪੈਸ਼ਲ ਗੱਡੀ ਆਈ ਜੋ ਐਂਬੂਲੈਂਸ ਤਾਂ ਨਹੀਂ ਸੀ ਪਰ ਉਸ ਵਿਚ ਸਫਰ ਦੀਆਂ ਸਭ ਸੁੱਖ ਸੁਵਿਧਾਵਾਂ ਸਨ। ਰਸਤੇ ‘ਚ ਕਰਨਾਲ ਹਵੇਲੀ, ਰੰਗਲਾ ਪੰਜਾਬ ਢਾਬੇ ‘ਤੇ ਕੁਝ ਖਾਣਾ-ਪੀਣਾ ਚਾਹਿਆ। ਕੀ ਦੇਖਦਾ ਹਾਂ, ਰੰਗ ਬਿਰੰਗੇ ਵਸਤਰਾਂ ‘ਚ ਸਜੇ ਲੋਕ ਸ਼ੋਖ ਰੰਗਾਂ ਦੇ ਸੂਟਾਂ ‘ਚ ਸੱਜੀਆਂ ਸੰਵਰੀਆਂ ਨਾਰਾਂ ਤੇ ਰੰਗ ਬਿਰੰਗੀਆਂ ਪੱਗਾਂ ‘ਚ ਜਚਦੇ ਗੱਭਰੂ ਤੇ ਲੋਕ ਬੜਾ ਰੰਗੀਨ ਨਜ਼ਾਰਾ ਬੰਨ੍ਹ ਰਹੇ ਸਨ। ਮੈਂ ਤਾਂ ਪਿਛਲੇ ਡੇਢ ਮਹੀਨੇ ਤੋਂ ਡਾਕਟਰਾਂ, ਨਰਸਾਂ ਤੇ ਮਰੀਜ਼ਾਂ ਨੂੰ ਇਕੋ ਸਫੈਦ ਰੰਗ ਦੇ ਵਸਤਰਾਂ ਵਿਚ ਦੇਖਿਆ ਸੀ। ਸਫੈਦ ਰੰਗ ਦੇ ਮਾਹੌਲ ‘ਚੋਂ ਬਾਹਰ ਨਿਕਲਦਿਆਂ ਇਹ ਰੰਗ ਮੈਨੂੰ ਹੋਰ ਵੀ ਦਿਲਕਸ਼ ਲੱਗ ਰਹੇ ਸਨ। ਮੇਰੇ ਮਨ ਵਿਚ ਵੀ ਫਿਰ ਤੋਂ ਇਸ ਤਰ੍ਹਾਂ ਦੀ ਰੰਗੀਨ ਮਿਜ਼ਾਜ ਜ਼ਿੰਦਗੀ ਜੀਣ ਦੀ ਤਮੰਨਾ ਹੋਰ ਪ੍ਰਬਲ ਹੋਈ, ਹਾਲਾਂਕਿ ਹਾਈ ਡੋਜ਼ ਕੀਮੋਥੈਰੇਪੀ ਨਾਲ ਗੰਜਮਗੰਜਾ ਸਿਰ ਤੇ ਸਮੁੱਚੇ ਸਰੀਰ ‘ਤੇ ਫੈਲੀ ਸੋਜਿਸ਼ ਅਤੇ ਸਰੀਰਕ ਨਾਕਾਮੀ ਤੋਂ ਬਾਹਰ ਨਿਕਲ ਕੇ ਆਮ ਸਿਹਤ-ਹਾਲਾਤ ਵਿਚ ਦਾਖਲ ਹੋਣਾ ਇਕ ਲੰਬਾ ਮੋਰਚਾ ਸੀ।
ਖੈਰ! ਖਾਣਾ ਖਾਧਾ ਤੇ ਆਪਣੀ ਮੰਜ਼ਿਲ ਵੱਲ ਚੱਲ ਪਏ। ਸ਼ਾਮ ਪਏ ਘਰ ਪਹੁੰਚੇ। ਮਾਪਿਆਂ ਤੇ ਹੋਰ ਨੇੜਲਿਆਂ ਨਵੀਂ ਜ਼ਿੰਦਗੀ ਲੈ ਘਰ ਪਹੁੰਚਣ ‘ਤੇ ਬੜਾ ਸਵਾਗਤ ਕੀਤਾ। ਸਭ ਦੇ ਚਿਹਰਿਆਂ ‘ਤੇ ਪਸਰੀ ਖੁਸ਼ੀ ਮੇਰੇ ਸਵਾਗਤ ਦਾ ਸੰਦੇਸ਼ ਦੇ ਰਹੀ ਸੀ। ਹਾਲਾਂਕਿ ਮੇਰੀ ਪਛਾਣ ਬਦਲ ਚੁਕੀ ਸੀ। ਢਾਂਚਾ ਭਾਵੇਂ ਉਹੀ ਸੀ, ਬਲ ਨਾ ਰਹਿਣ ਕਰਕੇ ਕੁਝ ਬਦਲਿਆ ਹੋਇਆ ਜ਼ਰੂਰ ਸੀ, ਲੇਕਿਨ ਰੂਹ ਨਵਿਆ ਗਈ, ਜੋ ਪਹਿਲਾਂ ਨਾਲੋਂ ਵੱਧ ਜੋਸ਼ੀਲੀ, ਸੁਪਨੀਲੀ ਅਤੇ ਦੂਰ-ਅੰਦੇਸ਼ੀ ਹੋ ਗਈ। ਕਰੀਬ ਸਵਾ ਮਹੀਨਾ ਜਣੇਪਾ ਕੱਟਣ ਵਾਂਗ ਦਿੱਲੀ ਵਿਚ ਬਿਤਾ ਕੇ ਮੁੜ ਘਰ ਪਰਤੇ ਸਾਂ, ਪਹਿਲੇ ਸਮਿਆਂ ਵਾਂਗ ਇਹ ਸਮਾਂ ਵੀ ਅਸੀਂ ਦੋਹਾਂ ਜੀਆਂ ਇੱਕਲਿਆਂ ਹੀ ਦਿੱਲੀ ਦੇ ਏਮਜ਼ ਵਿਚ ਕੱਟਿਆ। ਘਰ, ਪਰਿਵਾਰ, ਬੱਚੇ ਸਭ ਨੂੰ ਅਤੇ ਸਭ ਦੀ ਚਿੰਤਾ ਨੂੰ ਇਕ ਪਾਸੇ ਰੱਖ ਕੇ ਕੇਵਲ ਤੇ ਕੇਵਲ ਆਪਣੀ ਜ਼ਿੰਦਗੀ ਦੀ ਜੰਗ ਲੜ ਕੇ ਵਾਪਸ ਪਰਤੇ ਸਾਂ।
ਘਰੋਂ 7 ਮਈ 2007 ਨੂੰ ਜਾ ਕੇ 14 ਜੂਨ 2007 ਨੂੰ ਮੁੜ ਘਰ ਪਰਤੇ ਸਾਂ। ਮੇਰਾ ਜਨਮ ਮੇਰੇ ਸਾਰੇ ਸਰਟੀਫਿਕੇਟਾਂ ਵਿਚ 14 ਜੂਨ 1962 ਦਰਜ ਹੈ ਜਦਕਿ ਮਾਤਾ ਜੀ ਦਾ ਕਹਿਣਾ ਹੈ ਕਿ ਮੇਰਾ ਜਨਮ ਕੱਤਕ ਦੀ ਪੂਰਨਮਾਸ਼ੀ ਤੋਂ ਤਿੰਨ ਦਿਨ ਪਹਿਲਾਂ ਦਾ ਹੈ। ਜ਼ੀਰੋ ਸਮੇਂ ਤੋਂ ਸ਼ੁਰੂ ਕਰਕੇ ਵਾਪਿਸ ਆਉਣ ਨਾਲ ਮੇਰਾ ਜਨਮ 14 ਜੂਨ ਹੀ ਤਸਦੀਕ ਹੋ ਗਿਆ। ਇਹ ਮੇਰਾ ਦੂਜਾ ਜਨਮ ਸੀ, ਜਿਸ ਦਾ ਪਲ ਪਲ ਮੈਂ ਸਾਖਸ਼ੀ ਸਾਂ।
ਮੇਰੀ ਬਦਲੀ ਸੂਰਤ ਨੂੰ ਸਾਰੇ ਬਦਲੀਆਂ ਨਜ਼ਰਾਂ ਨਾਲ ਤੱਕ ਰਹੇ ਸਨ, ਇਕ ਤਾਂ ਸਿਰ ਤੇ ਦਾਹੜੀ ਦੇ ਵਾਲ ਪੂਰੀ ਤਰ੍ਹਾਂ ਸਫਾਚੱਟ ਹੋ ਗਏ ਸਨ, ਦੂਸਰਾ ਸੋਜਿਸ਼ ਨੇ ਹੁਲੀਆ ਵਿਗਾੜਿਆ ਹੋਇਆ ਸੀ। ਇਕ ਦਿਨ ਮੇਰੇ ਜਗੀਰੋ ਭੂਆ ਜੀ ਮੇਰੀ ਖਬਰ ਲੈਣ ਆਏ, ਅੰਦਰ ਆ ਕੇ ਮਾਤਾ ਜੀ ਕੋਲ ਬੈਠ ਗਏ। ਸਾਹਮਣੇ ਮੈਂ ਬੈਠਾ ਸਾਂ, ਆਰਾਮ ਕੁਰਸੀ ਉਤੇ। ਉਨ੍ਹਾਂ ਮੈਨੂੰ ਨਾ ਪਛਾਣਿਆ ਤੇ ਨਾ ਹੀ ਬੁਲਾਇਆ। ਮਾਤਾ ਜੀ ਨੂੰ ਪੁੱਛਦੇ, ਲਖਬੀਰ ਕਿੱਥੇ ਹੈ? ਉਹ ਕਹਿੰਦੇ ਸਾਹਮਣੇ ਕਮਰੇ ‘ਚ ਨਹੀਂ ਬੈਠਾ! ਭੂਆ ਜੀ ਕਹਿੰਦੇ, “ਨਹੀਂ, ਉਥੇ ਤਾਂ ਕੋਈ ਹੋਰ ਭਾਈ ਬੈਠਾ ਹੈ।”
ਸਰੀਰ ਦਾ ਸੁਰੱਖਿਆ ਪ੍ਰਬੰਧ ਬਹੁਤ ਕਮਜ਼ੋਰ ਹੋਣ ਕਰਕੇ ਆਮ ਮੇਲ-ਜੋਲ ਦੀ ਮਨਾਹੀ ਸੀ। ਸਵੇਰੇ-ਸ਼ਾਮ ਇਕੱਲੇ ਕੁਝ ਸਮੇਂ ਲਈ ਬਾਹਰ ਨਿਕਲਦਾ ਸਾਂ, ਮੂੰਹ ‘ਤੇ ਪੱਟੀ, ਸਾਹ ਪੁਣ ਕੇ ਲੈਣਾ। ਪਾਣੀ ਉਬਾਲ ਕੇ ਤੇ ਪੁਣ-ਛਾਣ ਕੇ ਪੀਣਾ। ਖਾਣ ਦੀਆਂ ਵਸਤਾਂ ਦਾ ਖਾਸ ਜ਼ਾਬਤਾ ਪਾਲਣਾ। ਜ਼ਿੰਦਗੀ ਦੇ ਬਦਲਾਅ ਕਾਰਨ ਸਮਾਂ ਔਖਾ-ਔਖਾ ਲਗਦਾ ਸੀ। ਜਲਦੀ ਆਮ ਵਰਗਾ ਹੋਣ ਲਈ ਮੈਂ ਖੁਰਾਕ ਪੱਖੋਂ ਨਾ ਅਣਗਹਿਲੀ ਕਰਦਾ ਤੇ ਨਾ ਹੀ ਸੁਆਦਾਂ ਪਿਛੇ ਜਾਂਦਾ।
ਸਤੰਬਰ ‘ਚ ਮੁੜ ਕੇ ਏਮਜ਼ ਰੀਵਿਊ ਲਈ ਗਿਆ। ਸੂਖਮ ਟੈਸਟ ਹੋਏ। ਡਾਕਟਰਾਂ ਨੇ ਰਿਪੋਰਟਾਂ ਦੇਖਣ ਪਿਛੋਂ ਖੁਸ਼ਖਬਰੀ ਸੁਣਾਈ ਕਿ ਬੋਨ ਮੈਰੋ ਟਰਾਂਸਪਲਾਂਟ ਦੇ ਨਤੀਜੇ ਵਜੋਂ ਮੈਨੂੰ 100 ਪ੍ਰਤੀਸ਼ਤ ਰੀਮਿਸ਼ਨ ਮਿਲ ਗਈ ਭਾਵ ਕੈਂਸਰ ਸਰੀਰ ਵਿਚੋਂ ਖਤਮ ਹੋ ਗਿਆ। ਇਹ ਸਾਡੇ ਸਭ ਲਈ ਖੁਸ਼ੀ ਦੀ ਖਬਰ ਸੀ। ਡਾਕਟਰਾਂ ਨੇ ਕਿਹਾ ਕਿ ਕੈਂਸਰ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਚੌਥਾ ਹਿੱਸਾ ਦਵਾਈਆਂ ਜਾਰੀ ਹੀ ਰੱਖਣੀਆਂ ਹੋਣਗੀਆਂ। ਦਿੱਲੀ ਤੋਂ ਵਾਪਸ ਆ ਕੇ ਦਵਾਈਆਂ, ਖਾਣ-ਪੀਣ ਤੇ ਰੱਖ-ਰਖਾਓ ਪ੍ਰਤੀ ਖਾਸ ਖਿਆਲ ਰੱਖਦਿਆਂ ਮੈਂ ਸਾਰਾ ਕੰਮ ਕਾਰ ਸ਼ੁਰੂ ਕਰ ਦਿਤਾ। ਸਤੰਬਰ 2007 ਤੱਕ ਸਿਰ ਅਤੇ ਦਾੜ੍ਹੀ ਦੇ ਵਾਲ ਫਿਰ ਤੋਂ ਆਉਣੇ ਸ਼ੁਰੂ ਹੋ ਗਏ।
(ਚਲਦਾ)