ਪੰਜਾਬ ਦਾ ਅਜੋਕਾ ਸੰਕਟ ਤੇ ਇਸ ਦਾ ਹੱਲ

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ (ਕੈਲੀਫੋਰਨੀਆ)
ਫੋਨ: 510-516-5971
ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ। ਇਥੋਂ ਦੇ ਲੋਕ ਬਹਾਦਰ ਅਤੇ ਅਣਖੀ ਹਨ। ਇਥੇ ਹੀ ਰਾਜਾ ਪੋਰਸ ਅਤੇ ਦੁੱਲੇ ਭੱਟੀ ਵਰਗੇ ਯੋਧੇ ਪੈਦਾ ਹੋਏ ਜਿਨ੍ਹਾਂ ਨੇ ਪੰਜਾਬੀਅਤ ਵਾਸਤੇ ਲੋਹਾ ਲਿਆ। ਇਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਸੇ ਧਰਤੀ ‘ਤੇ ਇਨ੍ਹਾਂ ਮਹਾਂਪੁਰਸ਼ਾਂ ਨੇ ਜ਼ੁਲਮ ਵਿਰੁਧ ਆਵਾਜ਼ ਉਠਾਈ, ਬਾਬਰ ਨੂੰ ਜਾਬਰ ਕਿਹਾ ਅਤੇ ਰੱਬ ਨੂੰ ਵੀ ਵੰਗਾਰਿਆ। ਇਸੇ ਧਰਤੀ ਤੋਂ ਦਸਵੇਂ ਪਾਤਸ਼ਾਹ ਨੇ ਅਨੰਦਪੁਰ ਦੀ ਧਰਤੀ ਛੱਡ ਕੇ, ਪਰਿਵਾਰ ਵਾਰ ਕੇ, ਜ਼ਾਲਮ ਔਰੰਗਜ਼ੇਬ ਨੂੰ ‘ਜ਼ਫਰਨਾਮਾ’ (ਫਤਿਹ ਦੀ ਚਿੱਠੀ) ਲਿਖੀ। ਸੱਚੀ ਗੱਲ ਵਿਚ ਬੜੀ ਤਾਕਤ ਹੁੰਦੀ ਹੈ, ਕਹਿੰਦੇ ਹਨ ਕਿ ਮਨੋਵਿਗਿਆਨਕ ਤੌਰ ‘ਤੇ ਔਰੰਗਜ਼ੇਬ ਦੇ ਮਨ ‘ਤੇ ਜ਼ਫਰਨਾਮੇ ਦਾ ਅਜਿਹਾ ਅਸਰ ਹੋਇਆ ਕਿ ਉਹ ਗੁਰੂ ਜੀ ਨੂੰ ਮਿਲਣ ਲਈ ਚੱਲ ਪਿਆ, ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ।

ਇਸੇ ਧਰਤੀ ‘ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ। ਉਹ ਬੇਘਰ ਹੋ ਕੇ ਵੀ ਸੱਚ ‘ਤੇ ਅਡੋਲ ਰਹੇ ਕਿਉਂਕਿ ਉਨ੍ਹਾਂ ਦਾ ਆਚਰਨ ਬਹੁਤ ਉਚਾ ਸੀ। ਉਹ ਜ਼ੁਲਮ ਅੱਗੇ ਨਾ ਝੁਕੇ। ਕੁਰਬਾਨੀਆਂ-ਦਰ-ਕੁਰਬਾਨੀਆਂ ਕਰਦੇ ਰਹੇ। ਕੁਰਬਾਨੀਆਂ ਰੰਗ ਲਿਆਈਆਂ। ਜਿਨ੍ਹਾਂ ਬੇਘਰ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਉਨ੍ਹਾਂ ਸਿੱਖਾਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਸਿਰ ‘ਤੇ ਸਿੱਖਾਂ (ਪੰਜਾਬੀਆਂ) ਨੇ ਤਾਜ ਪਹਿਨਾਇਆ। ਜਿਨ੍ਹਾਂ ਤੋਂ ਲੜ ਕੇ ਰਾਜ ਖੋਹਿਆ ਸੀ, ਉਨ੍ਹਾਂ ਨੂੰ ਵੀ ਨਾਲ ਲੈ ਕੇ ਰਾਜ ਭਾਗ ਦਾ ਹਿੱਸੇਦਾਰ ਬਣਾਇਆ ਅਤੇ 40 ਸਾਲ ਬਿਨਾ ਕਿਸੇ ਵਿਤਕਰੇ ਦੇ ਇਨਸਾਫ ਦਾ ਰਾਜ ਕੀਤਾ। ਸ਼ ਹਰੀ ਸਿੰਘ ਨਲੂਏ ਵਰਗੇ ਜਰਨੈਲ ਤੇ ਅਕਾਲੀ ਫੂਲਾ ਸਿੰਘ ਵਰਗੇ ਅਕਾਲ ਤਖਤ ਦੇ ਜਥੇਦਾਰ ਬਣੇ ਜਿਨ੍ਹਾਂ ਨੇ ਅਕਾਲ ਤਖਤ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਪੰਜਾਬ ਦੇ ਬਾਦਸ਼ਾਹ ਨੂੰ ਦਰਖਤ ਨਾਲ ਬੰਨ੍ਹ ਕੇ ਸ਼ਰ੍ਹੇਆਮ ਕੋੜੇ ਮਰਵਾਏ।
ਇਹ ਇਨਸਾਫ ਵਾਲਾ ਰਾਜ ਸਰਦਾਰਾਂ ਦੀ ਗੱਦੀ ਦੀ ਭੁੱਖ ਅਤੇ ਡੋਗਰਿਆਂ ਦੀ ਗੱਦਾਰੀ ਕਾਰਨ 1849 ਵਿਚ ਅੰਗਰੇਜ਼ ਹਕੂਮਤ ਦੇ ਅਧੀਨ ਆ ਗਿਆ। ਪੂਰੇ 98 ਸਾਲ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਪਰ ਆਜ਼ਾਦੀ ਤੋਂ ਬਾਅਦ ਸਾਡੇ ਲੀਡਰਾਂ ਦੀ ਨਾਲਾਇਕੀ ਕਾਰਨ ਪੰਜਾਬ ਵੰਡਿਆ ਗਿਆ। ਕੌਮੀ ਲੀਡਰਾਂ ਨੇ ਆਜ਼ਾਦੀ ਤੋਂ ਪਹਿਲਾਂ ਪੰਜਾਬੀਆਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਯਾਦ ਕਰਵਾਉਣ ‘ਤੇ ਜਵਾਬ ਮਿਲਿਆ ਕਿ ਹੁਣ ਹਾਲਾਤ ਬਦਲ ਗਏ।
ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇਣਾ, ਸ਼ ਕਪੂਰ ਸਿੰਘ (ਆਈ. ਸੀ. ਐਸ਼) ਵੱਲੋਂ ਵਿਰੋਧ ਕਰਨ ‘ਤੇ ਉਸ ਨੂੰ ਨੌਕਰੀ ਤੋਂ ਲਾਹੁਣਾ, ਪੰਜਾਬੀ ਸੂਬੇ ਦਾ ਮੋਰਚਾ ਲਗਣਾ, ਅਧੂਰੇ ਪੰਜਾਬੀ ਸੂਬੇ ਦਾ ਬਣਨਾ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਹੋਰ ਇਲਾਕੇ ਪੰਜਾਬ ਵਿਚ ਸ਼ਾਮਲ ਕਰਵਾਉਣ ਲਈ ਮੋਰਚੇ ਲਗਣੇ, ਅਜੋਕੇ ਲੀਡਰਾਂ ਦਾ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਬਲਦੀ ਦੇ ਬੂਥੇ ਦੇਣਾ, ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਅਤੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਦਾ ਕਤਲੇਆਮ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਆਦਿ ਦੇ ਮਸਲੇ ਜਿਉਂ ਦੇ ਤਿਉਂ ਹਨ। ਹੁਣ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ, ਨੌਜਵਾਨੀ ਦਾ ਨਸ਼ਿਆਂ ਦੇ ਦਰਿਆ ਵਿਚ ਰੁੜ੍ਹਨਾ ਤੇ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਲੁਟਾਉਣਾ ਆਦਿ ਲਈ ਰਾਜ ਕਰਨ ਵਾਲੀਆਂ ਪਾਰਟੀਆਂ ਸੌ ਫੀਸਦ ਦੋਸ਼ੀ ਹਨ।
ਹਰ ਪਾਰਟੀ ਦੇ ਸਿਆਸੀ ਲੀਡਰਾਂ ਨੇ ਆਪਣੀਆਂ ਗੱਦੀਆਂ ਲਈ ਵੋਟਰਾਂ ਨੂੰ ਗਲਤ ਰਸਤੇ ਤੋਰਿਆ ਹੈ। ਲੋਕਾਂ ਨੂੰ ਸ਼ਰਾਬ ਅਤੇ ਹੋਰ ਲਾਲਚ ਦੇ ਕੇ ਕੁਰਾਹੇ ਪਾਇਆ ਹੈ। ਵੋਟਰ ਵੀ ਇਸ ਦਾ ਸ਼ਿਕਾਰ ਹੋਇਆ ਹੈ। ਉਸ ਨੇ ਨਿੱਕੀਆਂ ਨਿੱਕੀਆਂ ਆਰਜ਼ੀ ਸਹੂਲਤਾਂ ਲਈ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਹਨੇਰਾ ਕਰ ਲਿਆ। ਮੁਫਤ ਵਿਚ ਵੰਡੇ ਜਾਂਦੇ ਇਸ ਨਸ਼ੇ ਨੇ ਮਾਪਿਆਂ ਅਤੇ ਬੱਚਿਆਂ ਨੂੰ ਭਿਆਨਕ ਨਸ਼ਿਆਂ ਦੀ ਦਲਦਲ ਵਿਚ ਸੁੱਟ ਦਿੱਤਾ। ਨਸ਼ਿਆਂ ਵਿਚ ਗਲਤਾਨ ਹੋ ਕੇ ਉਨ੍ਹਾਂ ਬਾਬੇ ਨਾਨਕ ਦੇ ‘ਕਿਰਤ ਕਰੋ’ ਦੇ ਉਪਦੇਸ਼ ਨੂੰ ਤਿਲਾਂਜਲੀ ਦੇ ਦਿੱਤੀ। ਜਿਸ ਘਰ ਵਿਚ ਨਸ਼ੇ ਵੜ ਜਾਣ, ਉਸ ਦੀ ਆਰਥਕ ਦਸ਼ਾ ਕਮਜ਼ੋਰ ਹੋਣੀ ਲਾਜ਼ਮੀ ਹੈ। ਮਾਪਿਆਂ ਸਿਰ ਲੱਖਾਂ ਰੁਪਿਆਂ ਦੇ ਕਰਜ਼ੇ ਚੜ੍ਹ ਗਏ ਜਿਸ ਕਾਰਨ ਹੁਣ ਉਹ ਨਿਰਾਸ਼ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਪਿਉ ਪੁੱਤ ਨੂੰ ਮਾਰ ਰਿਹਾ ਹੈ ਜਾਂ ਪੁੱਤ ਪਿਉ ਨੂੰ।
ਜਦ ਗੁਰੂ ਨਾਨਕ ਇਸ ਦੁਨੀਆਂ ‘ਤੇ ਆਏ ਤਾਂ ਹਿੰਦੁਸਤਾਨ ਦੀਆਂ ਦੋ ਵੱਡੀਆਂ ਕੌਮਾਂ ਆਪਸ ਵਿਚ ਲੜ ਰਹੀਆਂ ਸਨ। ਅੱਜ ਵਾਂਗ ਰਾਜਨੀਤਕ, ਧਾਰਮਿਕ ਤੇ ਸਮਾਜਕ ਲੀਡਰਾਂ ਨੇ ਸੱਜਣ ਠੱਗ ਦਾ ਰੂਪ ਧਾਰਿਆ ਹੋਇਆ ਸੀ। ਗੁਰੂ ਨਾਨਕ ਨੇ ਆਪਣੀ ਬਾਣੀ ਰਾਹੀਂ ਇਨ੍ਹਾਂ ਪਾਖੰਡੀਆਂ ਨੂੰ ਨੰਗਾ ਕੀਤਾ। ਲੋਕਾਂ ਦੀ ਸੋਚ ਨੂੰ ਸਹੀ ਦਸ਼ਾ ਦੇਣ ਲਈ ਚਾਰ ਉਦਾਸੀਆਂ ਕੀਤੀਆਂ। ਧਾਰਮਿਕ ਸਥਾਨਾਂ ‘ਤੇ ਗਏ, ਦਲੀਲ ਨਾਲ ਲੋਕਾਂ ਨੂੰ ਸਮਝਾਇਆ। ਬਾਬਰ ਵਰਗੇ ਬਾਦਸ਼ਾਹ ਨੂੰ ਦਲੀਲ ਨਾਲ ਕਾਇਲ ਕੀਤਾ। ਦੁਨੀਆਂ ਛੱਡ ਕੇ ਪਰਬਤੀਂ ਚੜ੍ਹੇ ਸਿੱਧਾਂ ਨੂੰ ਵੰਗਾਰਿਆ ਕਿ ਜੇ ਕਹਿੰਦੇ ਹੋ, ਗ੍ਰਹਿਸਥ ਛੱਡ ਦਿੱਤੀ ਹੈ ਤਾਂ ਫਿਰ ਗ੍ਰਹਿਸਥੀਆਂ ਤੋਂ ਮੰਗ ਕੇ ਕਿਉਂ ਖਾਂਦੇ ਹੋ?
ਪ੍ਰਸਿੱਧ ਢਾਡੀ ਪਿਆਰਾ ਸਿੰਘ ‘ਪੰਛੀḔ ਨੇ ਲਿਖਿਆ ਹੈ, “ਬਾਬੇ ਨਾਨਕ ਨੇ ਜਦੋਂ ਹਾਲਤ ਵੇਖੀ ਦੁਨੀਆਂ ਦੀ, ਚੇਤੇ ਭੁੱਲ ਗਏ ਉਹਨੂੰ ਪਹਿਨ-ਖਾਣ ਹੰਢਾਉਣ ਦੇ।” ਕੀ ਕੋਈ ਲੀਡਰ, ਜੋ ਗੱਦੀ ਪ੍ਰਾਪਤ ਕਰਕੇ ਮਾਇਆ ਇਕੱਠੀ ਕਰਕੇ ਮਲਕ ਭਾਗੋ ਬਣ ਚੁਕਾ ਹੈ, ਲੋਕਾਂ ਦੀਆਂ ਤਕਲੀਫਾਂ ਦੂਰ ਕਰਨ ਵਾਸਤੇ ਬਾਬੇ ਨਾਨਕ ਵਰਗਾ ਰਸਤਾ ਅਖਤਿਆਰ ਕਰੇਗਾ? ਕਦੀ ਵੀ ਨਹੀਂ।
ਗੁਰੂ ਗੋਬਿੰਦ ਸਿੰਘ ਸਾਨੂੰ 1708 ਵਿਚ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਹਟਾ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ। ਅੱਜ ਲੋਕਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਨ ਲਈ ‘ਸੰਤ’ ਆਪੋ-ਆਪਣੇ ਡੇਰੇ ਚਲਾ ਰਹੇ ਹਨ। ਇਹ ਪਖੰਡੀ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਗਿਆਨਕ ਸੋਚ ਦੇ ਉਲਟ ਭੋਲੇ ਭਾਲੇ ਅਨਪੜ੍ਹ ਸ਼ਰਧਾਲੂਆਂ ਨੂੰ ਵਰ, ਸਰਾਪ ਤੇ ਕਰਾਮਾਤਾਂ ਦੀਆਂ ਮਨੋਕਲਪਿਤ ਸਾਖੀਆਂ ਸੁਣਾ ਕੇ ਅੰਧਵਿਸ਼ਵਾਸ ਫੈਲਾ ਕੇ ਆਰਥਕ ਸ਼ੋਸ਼ਣ ਕਰ ਰਹੇ ਹਨ। ਅੱਜ ਕੱਲ੍ਹ ਦੇ ਅਜਿਹੇ ਬਲਾਤਕਾਰੀ ਬਾਬੇ (ਰਾਮ ਰਹੀਮ, ਆਸਾ ਰਾਮ) ਅੱਜ ਜੇਲ੍ਹ ਦੀ ਹਵਾ ਖਾ ਰਹੇ ਹਨ। ਲੋੜ ਹੈ, ਪਖੰਡੀਆਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ‘ਤੇ ਚੱਲਣ ਦੀ। ਦੇਹਧਾਰੀ ਅੰਦਰ ਹਰ ਉਹ ਐਬ ਹੁੰਦਾ ਹੈ ਜੋ ਆਮ ਗ੍ਰਹਿਸਥੀ ਆਦਮੀ ਵਿਚ ਹੁੰਦਾ ਹੈ।
ਸਿਆਸਤ ਦਾ ਸ਼ਬਦੀ ਅਰਥ ਹੈ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਹਲ ਕਰਨਾ ਹੈ, ਇਨ੍ਹਾਂ ਦਾ ਜੀਵਨ ਪੱਧਰ ਕਿਵੇਂ ਉਚਾ ਕਰਨਾ ਹੈ। ਅੱਜ ਹਰ ਪਾਰਟੀ ਦਾ ਸਿਆਸਤਦਾਨ ਆਪਣੇ ਘਰ ਭਰਨ ਵਿਚ ਲੱਗਾ ਹੋਇਆ ਹੈ। ਉਸ ਅਤੇ ਸਰਕਾਰ ਨੇ ਲੋਕਾਂ ਦੀ ਗੱਲ ਛੱਡ ਕੇ ਨਿੱਜ ਨੂੰ ਪਹਿਲ ਦਿਤੀ ਹੈ। ਗਿਆਨੀ ਸੋਹਣ ਸਿੰਘ ਸੀਤਲ ਨੇ ਇਨ੍ਹਾਂ ਲੀਡਰਾਂ ਦੀ ਤਰਜਮਾਨੀ ਕਲੀ ਦੀ ਇਕ ਲਾਈਨ ਵਿਚ ਹੀ ਕਰ ਦਿੱਤੀ ਹੈ:
ਹਾਕਮ ਥਾਪੇ ਗਏ ਸੀ ਪਰਜਾ ਪਾਲਣ ਵਾਸਤੇ,
ਪਰਜਾ ਖਾਣ ਦੀ ਨੀਤੀ ਬਣ ਗਈ ਹੈ ਸਰਕਾਰ ਦੀ।
ਇਹ ਲਾਈਨ ਅਜ ਦੇ ਸਿਆਸੀ ਲੀਡਰਾਂ ‘ਤੇ ਇੰਨ-ਬਿੰਨ ਢੁਕਦੀ ਹੈ। ਦੁੱਧ ਢੋਣ ਅਤੇ ਮਜ਼ਦੂਰੀ ਕਰਨ ਵਾਲੇ ਲੀਡਰ ਅੱਜ ਪਰਜਾ ਨੂੰ ਲੁੱਟ ਕੇ ਅਰਬਾਂ-ਖਰਬਾਂਪਤੀ ਬਣ ਗਏ ਹਨ। ਕਿਵੇਂ ਅਤੇ ਕਿਉਂ? ਵੋਟਰਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ। ਸੋਚੋ ਜ਼ਰਾ, ਕਿਸੇ ਵਿਚ ਲੀਡਰਾਂ ਨੂੰ ਪੁਛਣ ਦੀ ਜੁਰਅਤ ਹੈ?
ਅੱਜ ਸਾਡੀ ਜਵਾਨੀ ਅੱਗੇ ਨੰਗੇਜ਼ਵਾਦ, ਅਸ਼ਲੀਲਤਾ ਤੇ ਕਾਮ-ਉਕਸਾਊ ਲੱਚਰ ਗੀਤ ਪੇਸ਼ ਕਰਕੇ ਸਾਡੇ ਗੀਤਕਾਰਾਂ, ਗਾਇਕ, ਗਾਇਕਾਵਾਂ ਨੇ ਹਰ ਮੁੰਡੇ-ਕੁੜੀ ਨੂੰ ਮਿਰਜ਼ਾ ਸਾਹਿਬਾਂ ਬਣਾ ਦਿੱਤਾ ਹੈ। ਇਸੇ ਕਾਰਨ ਅੱਜ ਪ੍ਰੇਮੀ ਜੋੜੇ ਖੁਦਕੁਸ਼ੀਆਂ ਕਰ ਰਹੇ ਹਨ ਤੇ ਮਾਪਿਆਂ ਦੀ ਇੱਜਤ ਰੋਲ ਕੇ ਘਰਾਂ ਤੋਂ ਭੱਜ ਰਹੇ ਹਨ। ਇਸੇ ਲਈ ਅਣਖ ਖਾਤਰ ਕਤਲ ਹੋ ਰਹੇ ਹਨ। ਪੰਜਾਬ ਵਾਸੀਆਂ ਨੂੰ ਇਨ੍ਹਾਂ ਗੀਤਾਂ ਦਾ ਬਾਈਕਾਟ ਕਰਕੇ ਚੰਗੇ ਪੜ੍ਹੇ-ਲਿਖੇ ਵਿਗਿਆਨਕ ਸੋਚ ਵਾਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਨੂੰ ਸਮਰਪਿਤ ਰਾਗੀਆਂ, ਢਾਡੀਆਂ ਤੇ ਕਵੀਸ਼ਰਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਅਮੀਰ ਸਿੱਖ ਵਿਰਸੇ ਬਾਰੇ ਨੌਜਵਾਨ ਪੀੜ੍ਹੀ ਨੂੰ ਦੱਸਣ। ਇਉਂ ਨਵੀਂ ਪੀੜ੍ਹੀ ਨੂੰ ਨਰੋਈ ਸੇਧ ਮਿਲ ਸਕਦੀ ਹੈ।
ਅੱਜ ਦੀਆਂ ਸਮੱਸਿਆਵਾਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਬੇਇਨਸਾਫੀ, ਪ੍ਰਦੂਸ਼ਣ, ਪਾਣੀ ਦਾ ਸੰਕਟ, ਨੌਜਵਾਨਾਂ ਅੰਦਰ ਸ਼ੁਕਰਾਣੂਆਂ ਦਾ ਘਟਣਾ ਬਾਰੇ ਜਾਗਰੂਕਤਾ ਫੈਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਦਵਾਨ, ਢਾਡੀਆਂ ਆਦਿ ਦੀ ਸਰਪ੍ਰਸਤੀ ਕਰਨੀ ਚਾਹੀਦੀ ਹੈ। ਸਰਕਾਰ ਨੂੰ ਪਿੰਡਾਂ ਦੀ ਵਿਦਿਆ ਨੂੰ ਸੁਧਾਰਨ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਪਿੰਡਾਂ ਵਿਚ ਲੋੜਵੰਦਾਂ ਵਾਸਤੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਤਕ ਵਿਦਿਆ ਅਤੇ ਇਲਾਜ ਵਾਸਤੇ ਹਰ ਇਲਾਕੇ ਵਿਚ ਹਸਪਤਾਲ ਖੋਲ੍ਹਣੇ ਚਾਹੀਦੇ ਹਨ। ਇਉਂ ਲੋੜਵੰਦਾਂ ਵਿਚ ਸਿੱਖ ਧਰਮ ਦੀ ਵਿਗਿਆਨਕ ਸੋਚ ਦਾ ਅਮਲੀ ਰੂਪ ਵਿਚ ਪ੍ਰਚਾਰ ਵੀ ਹੋਵੇਗਾ ਤੇ ਵਿਦਿਆ ਪ੍ਰਾਪਤ ਕਰ ਸਕਣਗੇ। ਅੱਜ ਪੜ੍ਹਾਈ, ਵਾਹੀ ਤੇ ਦਵਾਈ ਬਹੁਤ ਮਹਿੰਗੀ ਹੋ ਗਈ ਹੈ। ਸ਼੍ਰੋਮਣੀ ਕਮੇਟੀ ਕੋਲ ਅਰਬਾਂ ਦਾ ਬਜਟ ਹੈ, ਇਸ ਨੂੰ ਸਾਰਥਕ ਕੰਮਾਂ ‘ਤੇ ਖਰਚਣ ਦੀ ਲੋੜ ਹੈ। ਸਰਕਾਰ ਵੀ ਸਕੂਲ ਬਿਲਡਿੰਗ, ਚਾਰਦੀਵਾਰੀ ਤੇ ਫਰਨੀਚਰ ਦਾ ਪ੍ਰਬੰਧ ਕਰ ਕੇ ਸਕੂਲਾਂ ਵਿਚ ਯੋਗ ਅਧਿਆਪਕ ਭਰਤੀ ਕਰੇ ਜੋ ਵਿਸ਼ੇ ਵਿਚ ਮਾਹਿਰ ਹੋਣ ਅਤੇ ਪੜ੍ਹਾਈ ਕਰਵਾਉਣ ਨੂੰ ਸਮਰਪਿਤ ਹੋਣ।
ਪਿਛੇ ਜਿਹੇ ਜੰਮੂ ਕਸ਼ਮੀਰ ਤੋਂ 95 ਪ੍ਰਤੀਸ਼ਤ ਤੋਂ ਉਪਰ ਜਾਅਲੀ ਨੰਬਰ ਲੈਣ ਵਾਲੇ ਚੁਣੇ ਗਏ ਜਿਨ੍ਹਾਂ ਨੂੰ ਸ਼ੁੱਧ ਪੰਜਾਬੀ ਲਿਖਣੀ ਨਹੀਂ ਸੀ ਆਉਂਦੀ ਅਤੇ ਯੋਗ ਉਮੀਦਵਾਰ ਰਹਿ ਗਏ। ਫਰਾਂਸ ਵਿਚ 1789 ਵਿਚ ਅਧਿਆਪਕਾਂ ਨੇ ਲੋਕਾਂ ਨੂੰ ਵਿਦਿਆ ਰਾਹੀਂ ਜਾਗਰੂਕ ਕਰਕੇ ਇਨਕਲਾਬ ਲਿਆਂਦਾ ਸੀ। ਮੈਨੂੰ ਅਧਿਆਪਕ ਹੋਣ ਦੇ ਨਾਤੇ ਸਾਹਿਤ ਪੜ੍ਹਨ ਦਾ ਸ਼ੌਕ ਸੀ। ਮੈਂ ਸਕੂਲ ਵਿਚ ‘ਪ੍ਰੀਤ ਲੜੀ’ ਤੇ ‘ਬਾਲ ਸੰਦੇਸ਼’ ਪਰਚੇ ਲਵਾਏ ਹੋਏ ਸਨ। ‘ਬਾਲ ਸੰਦੇਸ਼’ ਵਿਚੋਂ ਹਰ ਰੋਜ਼ ਪ੍ਰਾਰਥਨਾ ਵੇਲੇ ਬੱਚਿਆਂ ਨੂੰ ਬਾਲ ਕਹਾਣੀਆਂ, ਕਵਿਤਾਵਾਂ, ਵਿਗਿਆਨਕ ਲੇਖ, ਚੁਟਕਲੇ ਆਦਿ ਸੁਣਾਉਣੇ। ਬੱਚੇ ਬੜੀ ਦਿਲਚਸਪੀ ਨਾਲ ਸੁਣਦੇ। ‘ਬਾਲ ਸੰਦੇਸ਼’ ਪੜ੍ਹ ਕੇ ਮੇਰੇ ਵਿਦਿਆਰਥੀ ਰਾਜਬੀਰ ਅਤੇ ਗੁਰਸੇਵਕ ਸਿੰਘ ਪੱਧਰੀ ਕਵਿਤਾ ਲਿਖਣ ਲੱਗ ਪਏ। ਗੁਰਸੇਵਕ ਸਿੰਘ ਪੱਧਰੀ ਤਾਂ ਅੱਜ ਕੱਲ੍ਹ ਨਾਮਵਰ ਕਵੀਸ਼ਰ ਬਣਿਆ ਹੋਇਆ ਹੈ। ਇਹ ਸਭ ਸਾਹਿਤਕ ਮਾਹੌਲ ਕਰਕੇ ਸੰਭਵ ਹੋ ਸਕਿਆ।
ਮੈਂ 1962 ਤੋਂ ‘ਪ੍ਰੀਤ ਲੜੀ’ ਪੜ੍ਹਨਾ ਸ਼ੁਰੂ ਕੀਤਾ ਜਿਸ ਨੇ ਮੈਨੂੰ ਜਾਦੂ-ਟੂਣਿਆਂ, ਅੰਧਵਿਸ਼ਵਾਸਾਂ ਤੇ ਵਹਿਮਾਂ-ਭਰਮਾਂ ਵਿਚੋਂ ਕੱਢਿਆ। ਸਾਧਾਂ ਦੇ ਦੱਸੇ ਅਨੁਸਾਰ, ਅੰਧਵਿਸ਼ਵਾਸੀ ਭਗਤਾਂ ਨੇ ਕੁੱਕੜ ਕਿਸੇ ਬੇ-ਆਬਾਦ ਜਗ੍ਹਾ ‘ਤੇ ਬੰਨ੍ਹ ਜਾਣਾ। ਮੈਂ ਆਪਣੇ ਵਿਦਿਆਰਥੀਆਂ ਨੂੰ ਕਿਹਾ ਹੋਇਆ ਸੀ ਕਿ ਉਹ ਕੁੱਕੜ ਫੜ੍ਹ ਕੇ ਮੈਨੂੰ ਲਿਆ ਦੇਣ। ਅਜਿਹੇ ਕਈ ਕੁੱਕੜਾਂ ਨੂੰ ਮੈਂ ਤੜਕੇ ਲਾਏ। ਅੱਜ ਅੱਸੀ ਸਾਲ ਦੀ ਉਮਰ ਵਿਚ ਸਿਹਤ ਪੱਖੋਂ ਠੀਕ ਠਾਕ ਹਾਂ। ਇਹ ਪਖੰਡੀ ਸਾਧ, ਸਮਾਜ ਦੇ ਜ਼ਖਮ ਵਿਚ ਕੀੜੇ ਹਨ। ਜ਼ਖਮ ਨੂੰ ਠੀਕ ਕਰਨ ਵਾਸਤੇ ਵਿਗਿਆਨਕ ਸੋਚ ਵਾਲੀ ਵਿਦਿਆ ਰੂਪੀ ਟੀਕਾ ਨਾ ਲੱਗਿਆ ਤਾਂ ਇਹ ਕੀੜੇ ਕਦੇ ਖਤਮ ਨਹੀਂ ਹੋਣਗੇ। ਅੰਧਵਿਸ਼ਵਾਸੀ, ਵਹਿਮੀ ਅਤੇ ਜਾਦੂ-ਟੂਣੇ ਨੂੰ ਮੰਨਣ ਵਾਲਾ ਸਮਾਜ, ਇਨ੍ਹਾਂ ਸਾਧਾਂ ਦੀ ਜਰਖੇਜ਼ ਜਮੀਨ ਹੈ। ਇਹ ਇਨਸਾਨੀਅਤ ਦੇ ਦੁਸ਼ਮਣ ਹਨ।
ਸਾਨੂੰ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ। ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਬਜ਼ੁਰਗਾਂ ਦੇ ਭੋਗਾਂ ਅਤੇ ਵਿਆਹ-ਸ਼ਾਦੀਆਂ ‘ਤੇ ਫਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ; ਜਿਵੇਂ ਕਿਸੇ ਕਵੀ ਨੇ ਕਿਹਾ ਹੈ: ਸਾਦੇ ਵਿਆਹ ਤੇ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਸਾਨੂੰ ਦੋ ਨੰਬਰ ਦੀ ਕਮਾਈ ਵਾਲੇ ਅਮੀਰਾਂ ਦੀ ਰੀਸ ਨਹੀਂ ਕਰਨੀ ਚਾਹੀਦੀ।
ਬੱਚਾ ਚਿੱਟੀ ਚਾਦਰ ਵਾਂਗ ਹੁੰਦਾ ਹੈ। ਪ੍ਰਿੰਸੀਪਲ ਜਗਦੀਸ਼ ਸਿੰਘ ਜੋ ਮਨੋਵਿਗਿਆਨ ਦੀ ਐਮ. ਏ. ਸਨ ਤੇ ਐਫ਼ ਸੀ. ਕਾਲਜ, ਲਾਹੌਰ ਪੜ੍ਹਾਉਂਦੇ ਸਨ, ਨੂੰ ਪ੍ਰੀਤ ਨਗਰ ਦੇ ਐਕਟਿਵਿਟੀ ਸਕੂਲ ਵਿਚ ਪ੍ਰਿੰਸੀਪਲ ਲਾ ਦਿੱਤਾ ਗਿਆ। ਉਨ੍ਹਾਂ ਕਿਤਾਬ ਲਿਖੀ: ਬੱਚੇ ਦੇ ਪਹਿਲੇ ਪੰਜ ਸਾਲ। ਇਸ ਵਿਚ ਉਨ੍ਹਾਂ ਆਲੇ-ਦੁਆਲੇ ‘ਤੇ ਬੜਾ ਜ਼ੋਰ ਦਿੱਤਾ ਹੈ। ਅਧਿਆਪਕ ਅਤੇ ਮਾਪੇ ਖੁਦ ਨਸ਼ੇ ਨਾ ਪੀਣ। ‘ਜਿਹੀ ਸੰਗਤ ਤਿਹੀ ਰੰਗਤ’ ਵਾਲਾ ਮੁਹਾਵਰਾ ਇਸੇ ਕਰਕੇ ਹੀ ਬਣਿਆ ਹੈ। ਵਿਆਹਾਂ, ਸ਼ਾਦੀਆਂ ਵਿਚ ਸ਼ਰਾਬ ਦੀ ਵਰਤੋਂ ਨਾ ਕੀਤੀ ਜਾਵੇ। ਬੱਚਿਆਂ ਨੂੰ ਮਾਪੇ ਅਤੇ ਅਧਿਆਪਕ ਨਸ਼ਿਆਂ ਦੇ ਨੁਕਸਾਨਾਂ ਬਾਰੇ ਦੱਸਣ। ਉਨ੍ਹਾਂ ਨੂੰ ਫਿਲਮਾਂ ਵਿਚ ਸ਼ਰਾਬ ਪੀਣ ਵਾਲੇ ਦ੍ਰਿਸ਼ ਨਾ ਦਿਖਾਏ ਜਾਣ। ਬੱਚਿਆਂ ਨੂੰ ਨਰੋਆ ਸਾਹਿਤ ਪੜ੍ਹਨ ਦੀ ਲਗਨ ਲਾਈ ਜਾਵੇ। ਨੌਜਵਾਨ ਪੀੜ੍ਹੀ ਤਾਂ ਹੀ ਨਸ਼ਿਆਂ ਤੋਂ ਬਚਾਈ ਜਾ ਸਕਦੀ ਹੈ।
ਪਿੰਡ ਦੇ ਪੰਚ ਤੋਂ ਲੈ ਕੇ ਐਮ. ਪੀ. ਤਕ ਦੀ ਚੋਣ ਲੜਨ ਵਾਲੇ ਲੀਡਰ ਚੋਣਾਂ ਵਿਚ ਨਸ਼ਿਆਂ ਦੀ ਵਰਤੋਂ ਨਾ ਕਰਨ। ਵੋਟਰਾਂ ਨੂੰ ਵੀ ਵੋਟ ਪਾਉਣ ਲਈ ‘ਲੈਗ ਤੇ ਪੈਗ’ ਤੋਂ ਬਚਣਾ ਚਾਹੀਦਾ ਹੈ। ਯੋਗ ਅਤੇ ਇਮਾਨਦਾਰ ਲੀਡਰਾਂ ਨੂੰ ਬਿਨਾ ਲਾਲਚ ਵੋਟਾਂ ਪਾਈਆਂ ਜਾਣ। ਪਿੰਡ ਦੀ ਪੰਚਾਇਤ ਚੋਣ ਵੇਲੇ ਸਾਨੂੰ ਕਿਸੇ ਲਾਲਚ ਵਿਚ ਆ ਕੇ ਵੋਟ ਨਹੀਂ ਪਾਉਣੀ ਚਾਹੀਦੀ। ਜਿਨ੍ਹਾਂ ਨੇ ਤੁਹਾਨੂੰ ਸ਼ਰਾਬ ਪਿਆਉਣੀ ਹੈ, ਉਨ੍ਹਾਂ ਨੇ ਮਾਂ ਦਾ ਸੂਤ ਨਹੀਂ ਵੇਚਿਆ। ਪੱਲਿਓਂ ਲੱਖਾਂ ਲਾਉਣ ਵਾਲਿਆਂ ਨੇ ਫਿਰ ਸੈਕਟਰੀ ਅਤੇ ਬੀ. ਡੀ. ਓ. ਨਾਲ ਮਿਲ ਕੇ ਫੰਡ ਹੀ ਖਾਣੇ ਹਨ, ਪਿੰਡ ਦਾ ਵਿਕਾਸ ਨਹੀਂ ਕਰਨਾ।
ਅੱਜ ਸਾਡਾ ਹਾਲ ਇਹ ਹੋ ਗਿਆ ਹੈ ਕਿ ਅਸੀਂ ਯੋਗ ਬੰਦੇ ਨੂੰ ਪੰਚ ਅਤੇ ਸਰਪੰਚ ਚੁਣਦੇ ਹੀ ਨਹੀਂ। ਸਾਡੀ ਜ਼ਮੀਰ ਮਰ ਗਈ ਹੈ। ਪਿੰਡ ਵਿਚ ਕੋਈ ਪੜ੍ਹਿਆ-ਲਿਖਿਆ, ਸੂਝਵਾਨ ਤੇ ਇਮਾਨਦਾਰ ਬੰਦਾ ਸਰਪੰਚੀ ਲਈ ਖੜ੍ਹਾ ਕਰ ਦਿਉ, ਜੋ ਸ਼ਰਾਬ ਨਾ ਪਿਆਵੇ। ਉਸ ਦੇ ਮੁਕਾਬਲੇ ਅਨਪੜ੍ਹ, ਜਾਹਲ ਤੇ ਬੇਈਮਾਨ ਸ਼ਰਾਬ ਪਿਆਉਣ ਵਾਲਾ ਖੜ੍ਹਾ ਕਰ ਦਿਉ। ਪੜ੍ਹੇ-ਲਿਖੇ, ਇਮਾਨਦਾਰ ਤੇ ਸੂਝਵਾਨ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਸਾਡੇ ਸਮਾਜ ਨੂੰ ਸੱਤਰ ਸਾਲਾਂ ਵਿਚ ਲੀਡਰਾਂ ਵਲੋਂ ਕਿਹੋ ਜਿਹੀ ਅਗਵਾਈ ਮਿਲੀ ਹੈ? ‘ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ’ ਵਾਲੀ ਗੱਲ ਹੋਈ ਪਈ ਹੈ।
ਸਾਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਪਵੇਗੀ ਅਤੇ ਆਪਣਾ ਆਪ ਪਛਾਣਨਾ ਪਵੇਗਾ; ਜਿਵੇਂ ਗੁਰਬਾਣੀ ਵਿਚ ਲਿਖਿਆ ਹੈ: ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ॥ ਅਸਾਂ ਆਪਣੇ ਸਵੈਮਾਣ ਨੂੰ ਸਿਆਸੀ ਲੀਡਰਾਂ ਦੇ ਪੈਰਾਂ ਵਿਚ ਰੋਲ ਦਿੱਤਾ ਹੈ। ਮੈਂ ਆਪਣੇ ਦੋਸਤ ਦੇ ਲੜਕੇ ਦੀ ਰਿਸੈਪਸ਼ਨ ‘ਤੇ ਗਿਆ। ਉਸ ਨੇ ਇਲਾਕੇ ਦੇ ਵਜ਼ੀਰ ਨੂੰ ਸੱਦਿਆ ਹੋਇਆ ਸੀ। ਵਜ਼ੀਰ ਨੇ ਆਪਣੀ ਜਗ੍ਹਾ ਆਪਣੇ ਲੜਕੇ ਨੂੰ ਭੇਜ ਦਿੱਤਾ ਜਿਸ ਨੂੰ ਉਹ ਆਪਣਾ ਰਾਜਨੀਤਕ ਵਾਰਸ ਬਣਾਉਣ ਲਈ ਦਾਅ-ਪੇਚਾਂ ਦੀ ਸਿਖਲਾਈ ਦੇ ਰਿਹਾ ਸੀ। ਜਿਉਂ ਹੀ ਵਜ਼ੀਰ ਦੇ ਲੜਕੇ ਨੇ ਗੇਟ ਵਿਚ ਪਰਵੇਸ਼ ਕੀਤਾ, ਭੂੰਡਾਂ ਦੇ ਖੱਖਰ ਵਾਂਗ ਧੌਲੀਆਂ ਦਾੜ੍ਹੀਆਂ ਵਾਲੇ ਡਿਗਦੇ-ਢਹਿੰਦੇ ਤੀਹ-ਬੱਤੀ ਸਾਲ ਦੇ ਉਸ ਮੁੰਡੇ ਦੇ ਗੋਡੀਂ ਹੱਥ ਲਾਈ ਜਾਣ। ਲਾਹਨਤ ਹੈ, ਆਪ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਇਆ, ਆਪ ਹੀ ਉਸ ਦੇ ਗੋਡੀਂ ਹੱਥ ਲਾ ਰਹੇ ਸਨ। ਕੁਰਸੀ ‘ਤੇ ਬੈਠਾ ਸੋਚ ਰਿਹਾ ਸੀ ਕਿ ਕੋਈ ਬੁੱਤ-ਘਾੜਾ ਆਪ ਹੀ ਪੱਥਰ ਵਿਚੋਂ ਮੂਰਤੀ ਘੜ ਕੇ, ਆਪ ਹੀ ਉਸ ਨੂੰ ਕਿਸੇ ਧਰਮ ਸਥਾਨ ‘ਤੇ ਰੱਖ ਕੇ ਤੇਲ ਪਾਈ ਜਾਂਦਾ ਹੈ ਤੇ ਧੂਫ-ਬੱਤੀਆਂ ਧੁਖਾਈ ਜਾਂਦਾ ਹੈ।
ਉਪਰੋਕਤ ਵਿਚਾਰੇ ਕਾਰਨਾਂ ਕਰਕੇ ਹੀ ਸਾਡਾ ਪੰਜਾਬ ਅੱਜ ਸੰਕਟ ਵਿਚ ਘਿਰਿਆ ਹੋਇਆ ਹੈ। ਬਹਾਦਰ ਅਤੇ ਅਣਖੀ ਪੰਜਾਬੀਆਂ ਨੂੰ ਇਨ੍ਹਾਂ ਕਾਰਨਾਂ ਨੂੰ ਦੂਰ ਕਰਕੇ ਪਿਆਰੇ ਪੰਜਾਬ ਨੂੰ ਇਸ ਭਿਆਨਕ ਸੰਕਟ ਵਿਚੋਂ ਕੱਢਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਪੰਜਾਬੀਆਂ ਵਿਚੋਂ ਹੀ ਕੋਈ ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਜ਼ਰੂਰ ਪੈਦਾ ਹੋਵੇਗਾ। ਆਮੀਨ!