ਮਨੁਖੀ ਅਧਿਕਾਰ ਆਗੂਆਂ ਦੀ ਗ੍ਰਿਫਤਾਰੀ ਤੇ 2019 ਦੀਆਂ ਪਾਰਲੀਮਾਨੀ ਚੋਣਾਂ

ਗੁਰਬਚਨ ਸਿੰਘ
ਫੋਨ: 91-98156-98451
ਹਿੰਦੂਤਵੀ ਸ਼ਕਤੀਆਂ ਦੇ ਉਭਾਰ ਬਾਰੇ ਚਰਚਿਤ ਇਤਿਹਾਸਕਾਰ ਰਾਮ ਚੰਦਰ ਗੂਹਾ ਨਾਲ ਹੁਣੇ ਜਿਹੇ ਗੱਲਬਾਤ ਕਰਦਿਆਂ ਬੈਲਜੀਅਨ ਮੂਲ ਦੇ ਚਿੰਤਕ ਜੌਹਨ ਡਰੀਜ ਨੇ ਕਿਹਾ ਹੈ, “ਮੋਦੀ ਸਰਕਾਰ ਆਰ. ਐਸ਼ ਐਸ਼ ਦੀ ਪੈਦਾਇਸ਼ ਹੈ। ਆਰ. ਐਸ਼ ਐਸ਼ ਦਾ ਐਲਾਨੀਆ ਸਿਧਾਂਤ ਹਿੰਦੂ ਰਾਸ਼ਟਰਵਾਦ ਹੈ, ਜਿਸ ਦੇ ਸਿਧਾਂਤਕਾਰ ਵੀਰ ਸਾਵਰਕਰ ਤੇ ਗੁਰੂ ਗੋਲਵਾਲਕਰ ਹਨ। ਮੋਦੀ ਇਨ੍ਹਾਂ ਦੋਵਾਂ ਦਾ ਬਹੁਤ ਪ੍ਰਸੰ.ਸਕ ਹੈ।

ਹਿੰਦੂਤਵ ਦਾ ਉਭਾਰ ਯਕੀਨੀ ਤੌਰ ‘ਤੇ ਜਮਹੂਰੀਅਤ ਦੀ ਇਕ ਲਾਜ਼ਮੀ ਲੋੜ-ਹਰ ਤਰ੍ਹਾਂ ਦੀ ਬਰਾਬਰੀ-ਦੇ ਵਿਰੁਧ ਉਚ-ਜਾਤੀਆਂ ਦਾ ਇਕ ਪ੍ਰਤੀਕਰਮ ਹੈ, ਜਿਸ ਦਾ ਮੁਖ ਨਿਸ਼ਾਨਾ ਸਿਰਫ ਮੁਸਲਮਾਨ ਨਹੀਂ, ਸਗੋਂ ਇਸਾਈ, ਸਿੱਖ, ਦਲਿਤ, ਆਦਿਵਾਸੀ, ਕਮਿਊਨਿਸਟ, ਧਰਮ ਨਿਰਪਖ, ਤਰਕਸ਼ੀਲ, ਔਰਤ ਪੱਖੀ-ਭਾਵ ਸੰਖੇਪ ਵਿਚ ਉਹ ਸਾਰੇ ਲੋਗ ਸ਼ਾਮਿਲ ਹਨ, ਜਿਹੜੇ ਉਚ ਜਾਤੀਆਂ ਦੀ ਉਚਤਾ ਨੂੰ ਮੰਨਣ ਵਾਲੇ ਬ੍ਰਾਹਮਣਵਾਦੀ ਸਾਮਾਜਿਕ ਢਾਂਚੇ ਦੀ ਮੁੜ ਬਹਾਲੀ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਹ ਬਹੁਗਿਣਤੀ ਦੀ ਲਹਿਰ ਹੈ, ਪਰ ਅਸਲ ਵਿਚ ਇਹ ਜ਼ਾਬਰ ਘਟ ਗਿਣਤੀ ਦੀ ਲਹਿਰ ਹੈ, ਜਿਸ ਦੇ ਰਾਹ ਵਿਚ ਵਿਧਾਨ ਰੁਕਾਵਟ ਬਣਦਾ ਹੈ, ਪਰ ਇਹ ਰੁਕਾਵਟ ਜਿਆਦਾ ਦੇਰ ਨਹੀਂ ਰਹਿ ਸਕਦੀ। ਮੋਦੀ ਸਰਕਾਰ ਉਤੇ ਆਰ. ਐਸ਼ ਐਸ਼ ਦੀ ਪਕੜ ਇਸ ਜ਼ਾਬਰ ਘਟਗਿਣਤੀ ਤੇ ਇਸ ਦੇ ਹਥਿਆਰਬੰਦ ਗ੍ਰੋਹਾਂ ਨੂੰ ਦਲੇਰੀ ਬਖਸ਼ ਰਹੀ ਹੈ। ਪਿਛਲੇ ਸਾਲਾਂ ਵਿਚ ਹਿੰਦੂਤਵ ਦੇ ਕਲਪਿਤ ਦੁਸ਼ਮਣਾਂ ਉਤੇ ਹਮਲਿਆਂ ਵਿਚ ਬੜੀ ਤੇਜੀ ਆਈ ਹੈ, ਪਰ ਇਨ੍ਹਾਂ ਹਮਲਿਆਂ ਦੇ ਵਧੇਰੇ ਸ਼ਿਕਾਰ ਹੋ ਰਹੇ ਤਬਕਿਆਂ ਦੀਆਂ ਅੱਖਾਂ ਵੀ ਖੁਲ੍ਹ ਰਹੀਆ ਹਨ। ਇਸ ਲਈ ਆਸ ਹੈ ਕਿ ਇਹ ਲੋਕ ਅਗਲੇ ਸਾਲ ਹੋਣ ਵਾਲੀ ਪਾਰਲੀਮਾਨੀ ਚੋਣ ਵਿਚ ਇਸ ਦਾ ਠੋਕਵਾਂ ਜੁਆਬ ਦੇਣਗੇ।”
ਅਗਲੇ ਸਾਲ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਜਿਤਣ ਲਈ ਆਰ. ਐਸ਼ ਐਸ਼ ਤੇ ਮੋਦੀ-ਅਮਿਤ ਸ਼ਾਹ ਜੋੜੀ ਕਿਸ ਕਿਸਮ ਦੀ ਰਾਜਨੀਤੀ ਲੈ ਕੇ ਅਗੇ ਆ ਰਹੀ ਹੈ, ਇਸ ਦੀ ਜਾਣਕਾਰੀ ਹਿੰਦੂਤਵੀ ਰਾਜਨੀਤੀ ਦੇ ਪੈਰੋਕਾਰ ਸ਼ੇਖਰ ਗੁਪਤਾ ਨੇ ਆਪਣੇ ਆਨਲਾਈਨ ਪਰਚੇ ‘ਦ ਪਰਿੰਟ’ ਵਿਚ ਮਨੁਖੀ ਅਧਿਕਾਰ ਆਗੂਆਂ ਦੀ ਗ੍ਰਿਫਤਾਰੀ ਦੇ ਕਾਰਨ ਬਿਆਨ ਕਰਦਿਆਂ ਦਿਤੀ ਹੈ, “ਉਹ ਸ਼ਹਿਰੀ ਨਕਸਲੀ ਹਨ ਜਾਂ ਨਹੀਂ ਪਰ ਸਬੂਤ ਇਹੀ ਸਾਹਮਣੇ ਆ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਤੇ ਆਰ. ਐਸ਼ ਐਸ਼ ਉਨ੍ਹਾਂ ਨੂੰ ਠੀਕ ਹੀ ਆਪਣੇ ਲਈ ਲਾਹੇਵੰਦ ਮੂਰਖ ਸਮਝ ਰਹੀ ਹੈ। ਸ਼ਹਿਰੀ ਜਾਂ ਪੇਡੂੰ ਵਰਗੀ ਕੋਈ ਗੱਲ ਨਹੀਂ। ਨਕਸਲੀ, ਨਕਸਲੀ ਹੁੰਦਾ ਹੈ ਅਤੇ ਮਾਓਵਾਦੀ ਵੀ। ਦੋਵਾਂ ਵਿਚੋਂ ਕੁਝ ਵੀ ਹੋਣਾ ਅਪਰਾਧ ਨਹੀਂ,” ਪਰ “ਭਾਰਤੀ ਜਨਤਾ ਪਾਰਟੀ ਦੀ ਮੁਸ਼ਕਿਲ ਹੋਰ ਹੈ। ਉਹ ਦਾਅਵਾ ਜੋ ਮਰਜੀ ਕਰੇ ਪਰ ‘ਵਿਕਾਸ ਅਤੇ ਦੇਸ਼. ਦੇ ਸਵੈਮਾਣ’ ਦਾ ਏਜੰਡਾ ਦੂਜੇ ਦਰਜੇ ਉਤੇ ਚਲਾ ਗਿਆ ਹੈ। ਹੁਣ ਉਸ ਨੂੰ ‘ਕੋਈ’ ਅਸਲੀ ਖਤਰਨਾਕ ਦੁਸ਼ਮਣ ਚਾਹੀਦਾ ਹੈ, ਤਾਂ ਕਿ ਲੋਕ ਉਸ ਦੀ ਨਾਕਾਮੀ ਭੁਲਾ ਕੇ ਰਾਸ਼ਟਰ ਦੀ ਖਾਤਰ ਉਸ ਨੂੰ ਵੋਟ ਦੇਣ। ਜਿਵੇਂ 1984 ਵਿਚ ਨਾਹਰਾ ਸੀ, ‘ਰਾਜੀਵ ਗਾਂਧੀ ਦਾ ਐਲਾਨ, ਨਹੀਂ ਬਣੇਗਾ ਖਾਲਿਸਤਾਨ।’ ਹੁਣ ਮੁਸਲਮਾਨਾਂ ਨੂੰ ਦੁਸ਼ਮਣ ਬਣਾਉਣ ਵਾਲਾ ਮੂਲ ਫਾਰਮੂਲਾ ਘਸ ਚੁਕਿਆ ਹੈ। ਉਹ ਤਾਂ ਹੀ ਸੰਭਵ ਹੋਣਾ ਸੀ, ਜੇ ਮੁਸਲਮਾਨ ਭਾਵ ਪਾਕਿਸਤਾਨੀ ਭਾਵ ਕਸ਼ਮੀਰੀ ਵਖਵਾਦੀ ਭਾਵ ਦਹਿਸ਼ਤਗਰਦ ਭਾਵ ਲਸ਼ਕਰ, ਅਲਕਾਇਦਾ, ਆਈ. ਐਸ਼ ਆਈ. ਵਾਲਾ ਸਮੀਕਰਣ ਬਣਿਆ ਰਹਿੰਦਾ, ਪਰ ਇਹ ਸਮੀਕਰਣ ਬਣਿਆ ਨਹੀਂ, ਕਿਉਂਕਿ ਭਾਰਤ ਦੀ ਮੁਖ ਭੂਮੀ ਉਤੇ ਮੁਸਲਮਾਨ (ਸਾਰੀ ਭੜਕਾਹਟ ਦੇ ਬਾਵਜੂਦ) ਸ਼ਾਂਤ ਰਹੇ। ਸਾਰੇ ਹਿੰਦੂ ਮੁਸਲਮਾਨਾਂ ਤੋਂ ਏਨੇ ਡਰੇ ਹੋਏ ਨਹੀਂ ਕਿ ਉਹ ਆਪਣੀ ਪਛਾਣ ਦੇ ਹੋਰਨਾਂ ਕਾਰਕਾਂ, ਖਾਸ ਕਰਕੇ ਜਾਤੀ ਦੀ ਅਣਦੇਖੀ ਕਰ ਦੇਣ। ਲਗਾਤਾਰ ਤਣਾਅ ਬਣਾਈ ਰਖਣ ਲਈ ਹੱਦਾਂ ਉਤੇ ਨਿਰੰਤਰ ਗੋਲੀਬਾਰੀ ਚਲਣੀ ਜਰੂਰੀ ਹੈ, ਜਿਸ ਦਾ ਵਡੇ ਸਰਜੀਕਲ ਸਟ੍ਰਾਈਕ ਨਾਲ ਸ਼ਾਨਦਾਰ ਅੰਤ ਹੋਵੇ। ਪਰ ਚੀਨ ਨੇ (ਡੋਕਲਾਮ ਵਿਚ) ਦਸ ਦਿਤਾ ਹੈ ਕਿ ਉਹ ਆਪਣੇ ਦੋਸਤ ਦੇ ਖਿਲਾਫ ਕਿਸੇ ਅਜਿਹੀ ਕਾਰਵਾਈ ਨੂੰ ਅਣਦੇਖਿਆ ਨਹੀਂ ਕਰੇਗਾ। ਟਰੰਪ ਦੇ ਅਮਰੀਕਾ ਉਤੇ ਕੋਈ ਭਰੋਸਾ ਨਹੀਂ ਕਰ ਸਕਦਾ।”
ਇਹ ਜਾਣਕਾਰੀ ਦੇ ਕੇ ਸ਼ੇਖਰ ਗੁਪਤਾ ਲਿਖਦਾ ਹੈ, “ਇਸ ਲਈ ਭਾਰਤ ਦੇ ਵਜੂਦ ਲਈ ਖਤਰਾ ਬਣਿਆ ਕੋਈ ਨਵਾਂ ਦੁਸ਼ਮਣ ਚਾਹੀਦਾ ਹੈ, ਜਿਸ ਦਾ ਪ੍ਰਚਾਰ ਕਰਕੇ ਵੋਟਾਂ ਲਈਆਂ ਜਾ ਸਕਣ; ਕਿਹਾ ਜਾ ਸਕੇ ਕਿ ਬਾਹਰੀ ਤੇ ਅੰਦਰੂਨੀ-ਸਾਰੀਆਂ ਦੁਸ਼ਟ ਸ਼ਕਤੀਆਂ ਭਾਰਤ ਨੂੰ ਨਸ਼ਟ ਕਰਨ ਦੀ ਸਾਜਿਸ਼ ਵਿਚ ਲਗੀਆਂ ਹੋਈਆਂ ਹਨ ਅਤੇ ਤੁਹਾਨੂੰ ਨੌਕਰੀਆਂ ਦੀ ਪਈ ਹੈ? ਤੁਹਾਡੀ ਦੇਸ਼ ਭਗਤੀ ਕਿਥੇ ਗਈ? ਤੁਸੀਂ ਇਸ ਨੂੰ ਕਿਸੇ ਵੀ ਵਾਦ ਦਾ ਨਾਂ ਦਿਉ, ਪਰ ਜੋ ਹੋ ਰਿਹਾ ਹੈ ਇਹ ਸ਼ੁਧ ਰਾਜਨੀਤੀ ਹੈ। ਭਾਰਤੀ ਜਨਤਾ ਪਾਰਟੀ ਤੇ ਆਰ. ਐਸ਼ ਐਸ਼ ਧਰਮ ਦੀ ਵਰਤੋਂ ਕਰਕੇ ਵੋਟਰਾਂ ਨੂੰ ਇਕ ਜੁਟ ਨਹੀਂ ਕਰ ਸਕਦੀਆਂ, ਕਿਉਂਕਿ ਉਨ੍ਹਾਂ ਨੂੰ ਜਾਤੀ ਨੇ ਵੰਡਿਆ ਹੋਇਆ ਹੈ? ਅਡਵਾਨੀ ਨੇ ਅਯੁਧਿਆ ਵਿਚ ਇਹ ਏਕਤਾ ਹਾਸਲ ਕੀਤੀ ਸੀ ਪਰ 2004 ਵਿਚ ਉਸ ਦਾ ਅਸਰ ਖਤਮ ਹੋ ਗਿਆ। ਨਰਿੰਦਰ ਮੋਦੀ ਨੇ ਬੇਹਤਰ ਕੀਤਾ। ਉਸ ਦਾ (ਮੁਸਲਮਾਨ ਵਿਰੋਧੀ) ਨਿਜੀ ਰਿਕਾਰਡ ਹਿੰਦੂ ਵੋਟਰ ਲਈ ਚੁੰਬਕ ਸਾਬਤ ਹੋਇਆ। ਇਸ ਵਿਚ ਮਜਬੂਤ ਸਰਕਾਰ ਤੇ ਆਰਥਿਕ ਵਿਕਾਸ ਦੇ ਵਾਅਦੇ ਜੁੜਦਿਆਂ ਹੀ ਵਿਰੋਧੀ ਧਿਰ ਦਾ ਸਫਾਇਆ ਹੋ ਗਿਆ, ਪਰ ਹੁਣ ਆਪਣੀ ਨਾਕਾਮੀ ਦਾ ਰਿਪੋਰਟ ਕਾਰਡ ਲੈ ਕੇ ਵੋਟਰਾਂ ਕੋਲ ਜਾਣ ਦਾ ਖਤਰਾ ਮੋਦੀ ਨਹੀਂ ਸਹੇੜ ਸਕਦਾ। ਜੇ ਮੁਸਲਮਾਨਾਂ ਨਾਲ ਮਾਓਵਾਦੀ ਜੋੜ ਦਿਓ, ਤਾਂ ਟੁਕੜੇ-ਟੁਕੜੇ ਧਾਗਾ ਬਹੁਤ ਚੰਗੀ ਤਰ੍ਹਾਂ ਬੁਣਿਆ ਜਾ ਸਕੇਗਾ। 2019 ਦੀਆਂ ਗਰਮੀਆਂ ਤਕ ‘ਰਾਸ਼ਟਰ ਗੰਭੀਰ ਖਤਰੇ ਵਿਚ ਹੈ’ ਦੀ ਕਹਾਣੀ ਸਾਹਮਣੇ ਆ ਸਕਦੀ ਹੈ। ਸਿਰਫ ਮਾਓਵਾਦੀਆਂ ਦਾ ਡਰ ਪੈਦਾ ਕਰਨ ਦੀ ਆਪਣੀ ਸੀਮਾ ਹੈ। ਅਸੀਂ ਕਈ ਮਾਓਵਾਦੀ ਵੇਖੇ ਨੇ ਜਿਹੜੇ ਕਾਲਜਾਂ ਵਿਚ ਬਿਲਕੁਲ ਸਾਊ ਲਗਦੇ ਨੇ। ਨਕਸਲੀ ਜਿਆਦਾ ਖਤਰਨਾਕ ਲਗਦੇ ਨੇ, ਕਿਉਂਕਿ ਉਨ੍ਹਾਂ ਕੋਲ ਹਥਿਆਰ ਹੁੰਦੇ ਨੇ, ਪਰ ਉਹ ਆਮ ਲੋਕਾਂ ਦੀ ਨਜ਼ਰ ਅਤੇ ਮਨ ਦੇ ਦਾਇਰੇ ਤੋਂ ਬਾਹਰ ਨੇ। ਉਹ ਟੀ. ਵੀ. ਦੇ ਪਰਦੇ ਤੇ ਟਵਿਟਰ ਉਤੇ ਵੀ ਨਹੀਂ ਹਨ। ਉਨ੍ਹਾਂ ਦੇ ਨਾਂ ਉਤੇ ਮਹਾਂਰਾਸ਼ਟਰ ਜਾਂ ਮਧਪ੍ਰਦੇਸ਼ ਦਾ ਇਕ ਵੀ ਵੋਟਰ ਨਹੀਂ ਡਰਾਇਆ ਜਾ ਸਕਦਾ। ਇਥੇ ਹੀ ਸ਼ਹਿਰੀ ਨਕਸਲੀ ਆਉਂਦੇ ਹਨ।”
ਫਿਰ ਸ਼ੇਖਰ ਗੁਪਤਾ ਇਹ ਦਿਲਚਸਪ ਜਾਣਕਾਰੀ ਦਿੰਦਾ ਹੈ, “ਇਸ ਫਿਲਮ ਨੂੰ ਪਿਛੇ ਚਲਾਈਏ ਤਾਂ ਇਹ ਟੁਕੜੇ-ਟੁਕੜੇ ਸਮੱਗਰੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਉਭਰਦੀ ਹੈ। ਕਸ਼ਮੀਰ ਦੇ ਲੋਕਾਂ ਨਾਲ ਇਕਮੁਠਤਾ ਜਤਾਉਣ ਦਾ ਇਹ ਪ੍ਰੋਗਰਾਮ ਸੀ। ਪਹਿਲਾਂ ਅਜਿਹੇ ਪਰਚੇ ਸਾਹਮਣੇ ਆਏ ਕਿ ਇਹ ਕਸ਼ਮੀਰ ਦੀ ਆਜਾਦੀ ਬਾਰੇ ਬਹਿਸ ਕਰਨ ਅਤੇ ਉਸ ਦੀ ਹਮਾਇਤ ਦਾ ਪ੍ਰੋਗਰਾਮ ਹੈ। ਫਿਰ ਵੀਡੀਓ ਸਾਹਮਣੇ ਆਇਆ ‘ਭਾਰਤ ਤੇਰੇ ਟੁਕੜੇ ਹੋਂਗੇ-ਇੰਸ਼ਾ ਅਲਹ-ਇੰਸ਼ਾ ਅਲਹ’। ਦੋ ਖਬੇ ਪਖੀ ਤੇ ਇਕ ਮੁਸਲਮਾਨ ਵਿਦਿਆਰਥੀ ਨੂੰ ਦੇਸ਼ ਧ੍ਰੋਹ ਦੇ ਫਰਜੀ ਮਾਮਲੇ ਵਿਚ ਦੋਸ਼ੀ ਬਣਾਇਆ ਗਿਆ। ਹੋਰ ਵੀਡੀਓ ਸਾਹਮਣੇ ਆਏ। ਜੇ ਐਨ ਯੂ ਚੌਂਕ ਵਿਚ ਆਜਾਦੀ ਦੀ ਕਸ਼ਮੀਰੀ ਮੰਗ ਨੂੰ ਉਚਿਤ ਸਾਬਤ ਕਰਦੀ ਪ੍ਰਫੈਸਰ ਦੀ ਤਕਰੀਰ ਤੇ ਤਾੜੀਆਂ ਵਜਾਉਂਦੇ ਵਿਦਿਆਰਥੀ। ਨਵੀਂ ਕਹਾਣੀ ਤਿਆਰ ਹੋ ਗਈ। ‘ਸ਼ਹਿਰੀ ਨਕਸਲੀ’ ਤੇ ਵਖਵਾਦੀ ਮੁਸਲਮਾਨ-ਕਸ਼ਮੀਰ ਅਤੇ ਬਸਤਰ ਦੇ ਦੂਰ ਦੁਰਾਡੇ ਦੇ ਖਤਰੇ ਨੂੰ ਨਵੀਂ ਦਿੱਲੀ, ਹੈਦਰਾਬਾਦ, ਮੁੰਬਈ ਅਤੇ ਪੁਣੇ ਲਿਆਉਣ ਲਈ ਹੱਥ ਮਿਲਾ ਰਹੇ ਹਨ। ਜੇ ਐਨ ਯੂ ਤਾਂ ‘ਬਦਮਾਸ਼ਾਂ ਦਾ ਅੱਡਾ’ ਹੈ। ਕਸ਼ਮੀਰੀ ਵਖਵਾਦੀਆਂ ਨਾਲ ਸੁਰ ਮਿਲਾ ਕੇ ਅਧਾ ਕੰਮ ਕੱਟੜ ਖੱਬੇ ਪੱਖੀ ਬੁਧੀਜੀਵੀਆਂ ਨੇ ਕਰ ਦਿਤਾ ਤੇ ਬਾਕੀ ਅਧਾ ਕੰਮ ਮੋਦੀ ਤੇ ਸ਼ਾਹ ਨੇ ਮਿੱਤਰ ਟੀ ਵੀ ਚੈਨਲਾਂ ਨਾਲ ਮਿਲ ਕੇ ਕਰ ਲਿਆ। ਰਾਸ਼ਟਰ ਖਤਰੇ ਵਿਚ ਹੈ, ਦਾ ਨਵਾਂ ਭਰਮ ਪੈਦਾ ਕੀਤਾ ਜਾ ਰਿਹਾ ਹੈ।”
ਇਸ ਸਾਰੇ ਕੁਝ ਬਾਰੇ ਸ਼ੇਖਰ ਗੁਪਤਾ ਦੀ ਟਿਪਣੀ ਹੈ, “ਭਾਰਤ ਚੀਨੀ ਮਿਟੀ ਦਾ ਬਣਿਆ ਹੋਇਆ ਨਹੀਂ ਕਿ ਨਾਹਰਿਆਂ, ਲੇਖਾਂ, ਕਵਿਤਾਵਾਂ ਅਤੇ ਦੇਸ਼ ਦੇ ਅੰਦਰੂਨੀ ਭਾਗਾਂ ਤੇ ਕਸ਼ਮੀਰ ਵਿਚ ਬੰਦੂਕਾਂ ਲਈ ਮੁਠੀ ਭਰ ਲੋਕਾਂ ਨਾਲ ਟੁਟ ਜਾਏਗਾ, ਪਰ ਜੋ ਵੋਟਰ ਕਿਸੇ ਪਖ ਨਾਲ ਜੁੜੇ ਹੋਏ ਨਹੀਂ, ਉਨ੍ਹਾਂ ਦੀ ਇਸ ਵਿਚ ਰੁਚੀ ਹੋ ਸਕਦੀ ਹੈ। ਧੜਿਆਂ ਵਿਚ ਵੰਡੇ ਮਾਹੌਲ ਵਿਚ ਕੁਝ ਫੀ ਸਦੀ ਵੋਟਰਾਂ ਦਾ ਝੁਕਾਅ ਵੀ ਅਹਿਮ ਹੁੰਦਾ ਹੈ।”
ਸ਼ੇਖਰ ਗੁਪਤਾ ਅਗੇ ਲਿਖਦਾ ਹੈ, “ਅਦਾਲਤਾਂ ਵਿਚ ਮਨੁੱਖੀ ਅਧਿਕਾਰ ਆਗੂਆਂ ਨੂੰ ਉਚਿਤ ਹੀ ਰਾਹਤ ਮਿਲੇਗੀ। ਮੋਦੀ ਸਰਕਾਰ ਨਿਸ਼ਚਿਤ ਹੀ ਕਾਨੂੰਨੀ ਤੇ ਇਖਲਾਕੀ ਲੜਾਈ ਹਾਰ ਜਾਏਗੀ, ਪਰ ਉਹ ਪ੍ਰਵਾਹ ਨਹੀਂ ਕਰੇਗੀ।” ਕਿਉਂਕਿ ਉਹ ਹਰ ਢੰਗ ਵਰਤ ਕੇ ਚੋਣਾਂ ਜਿੱਤਣ ਦਾ ਯਤਨ ਕਰੇਗੀ। ਚੋਣਾਂ ਜਿੱਤ ਕੇ ਉਹ ਸਿਧ ਕਰ ਦੇਵੇਗੀ ਕਿ ਜਨ ਮਤ ਉਸ ਦੇ ਨਾਲ ਹੈ। ਭਾਵ ਮੋਦੀ ਸਰਕਾਰ ਵਾਸਤੇ ਕਾਨੂੰਨ ਤੇ ਇਖਲਾਕ ਦੀ ਕੋਈ ਅਹਿਮੀਅਤ ਨਹੀਂ, ਸਿਰਫ ਕੁਝ ਫੀਸਦੀ ਵੋਟਰਾਂ ਨੂੰ ਭਰਮਾਉਣ ਲਈ ਕੁਝ ਵੀ ਕਰਨਾ ਜਰੂਰੀ ਹੈ। ਤੁਸੀਂ ਹਥਿਆਰਬੰਦ ਸੰਘਰਸ਼ ਦੇ ਹਮਾਇਤੀ ਹੋ ਜਾਂ ਨਹੀਂ, ਤੁਹਾਨੂੰ ਧੱਕੇ ਨਾਲ ਹਥਿਆਰਬੰਦ ਸੰਘਰਸ਼ ਨਾਲ ਜੋੜਿਆ ਜਾਏਗਾ। ਸਾਰੇ ਸਰਕਾਰੀ ਸਾਧਨ ਤੇ ਬੇਬਹਾ ਪੈਸੇ ਦੀ ਦੁਰਵਰਤੋਂ ਕਰਕੇ ਸਮਾਜ ਦੇ ਇਕ ਵਰਗ ਨੂੰ ਬਦਨਾਮ ਕੀਤਾ ਜਾਏਗਾ ਤੇ ਉਸ ਦੇ ਵਿਰੋਧ ਵਿਚ ਸਮਾਜ ਦੇ ਦੂਜੇ ਵਰਗ ਨੂੰ ਭਰਮਾ ਕੇ ਉਨ੍ਹਾਂ ਦੀਆਂ ਵੋਟਾਂ ਬਟੋਰੀਆਂ ਜਾਣਗੀਆਂ। ਇਹ ਹੈ 2019 ਦੀਆਂ ਪਾਰਲੀਮਾਨੀ ਚੋਣਾਂ ਜਿਤਣ ਦੀ ਭਾਜਪਾ-ਆਰ. ਐਸ਼ ਐਸ਼ ਮਾਰਕਾ ਨਵੀਂ ਰਾਜਨੀਤੀ।
ਭਾਵ ਜਿਵੇਂ ਕਿ ਜੌਹਨ ਡਰੀਜ ਨੇ ਕਿਹਾ ਹੈ ਕਿ ਹਿੰਦੂਤਵ ਦਾ ਮੁਖ ਨਿਸ਼ਾਨਾ ਸਿਰਫ ਮੁਸਲਮਾਨ ਨਹੀਂ, ਸਗੋਂ ਇਸਾਈ, ਸਿੱਖ, ਦਲਿਤ, ਆਦਿਵਾਸੀ, ਕਮਿਊਨਿਸਟ, ਧਰਮ ਨਿਰਪੇਖ, ਤਰਕਸ਼ੀਲ, ਔਰਤ ਪੱਖੀ, ਭਾਵ ਸੰਖੇਪ ਵਿਚ ਉਹ ਸਾਰੇ ਲੋਕ ਸ਼ਾਮਿਲ ਹਨ, ਜਿਹੜੇ ਉਚ ਜਾਤੀਆਂ ਦੀ ਉਚਤਾ ਨੂੰ ਮੰਨਣ ਵਾਲੇ ਬ੍ਰਾਹਮਣਵਾਦੀ ਸਾਮਾਜਿਕ ਢਾਂਚੇ ਦੀ ਮੁੜ ਬਹਾਲੀ ਦੇ ਰਾਹ ਵਿਚ ਰੁਕਾਵਟ ਬਣਦੇ ਹਨ। ਜੌਹਨ ਡਰੀਜ ਦਾ ਇਹ ਕਹਿਣਾ ਵੀ ਠੀਕ ਹੈ ਕਿ ਮੋਦੀ ਸਰਕਾਰ ਉਤੇ ਆਰ. ਐਸ਼ ਐਸ਼ ਦੀ ਬਣੀ ਪਕੜ, ਇਸ ਦੇ ਹਥਿਆਰਬੰਦ ਗ੍ਰੋਹਾਂ ਨੂੰ ਮਿਲੀ ਤਾਕਤ ਤੇ ਪਿਛਲੇ ਸਾਲਾਂ ਵਿਚ ਹਿੰਦੂਤਵ ਦੇ ਕਲਪਿਤ ਦੁਸ਼ਮਣਾਂ ਉਤੇ ਵਧੇ ਹਮਲਿਆਂ ਤੇ ਇਨ੍ਹਾਂ ਦਾ ਸ਼ਿਕਾਰ ਹੋ ਰਹੇ ਤਬਕੇ ਜਰੂਰ ਹੀ ਅਗਲੇ ਸਾਲ ਹੋਣ ਵਾਲੀ ਪਾਰਲੀਮਾਨੀ ਚੋਣ ਵਿਚ ਇਸ ਦਾ ਠੋਕਵਾਂ ਜੁਆਬ ਦੇਣਗੇ। ਸ਼ੇਖਰ ਗੁਪਤਾ ਦੀ ਇਸ ਲਿਖਤ ਵਿਚੋਂ ਵੀ ਆਰ. ਐਸ਼ ਐਸ਼ ਤੇ ਮੋਦੀ ਸਰਕਾਰ ਦੀ ਨਿਰਾਸ਼ਾ, ਬਦਹਵਾਸੀ ਤੇ ਪ੍ਰੇਸ਼ਾਨੀ ਸਪਸ਼ਟ ਨਜਰ ਆ ਰਹੀ ਹੈ। ਹਰ ਹੀਲੇ ਚੋਣਾਂ ਜਿਤਣ ਦੇ ਯਤਨ, ਉਸ ਕੋਲੋਂ ਅਨੇਕ ਅਜਿਹੇ ਗਲਤ ਕੰਮ ਕਰਵਾਉਣਗੇ, ਜਿਹੜੇ ਉਸ ਦੇ ਵਿਰੁਧ ਲੋਕਾਂ ਨੂੰ ਵਡੀ ਪਧਰ ਉਤੇ ਇਕ ਜੁਟ ਕਰਨਗੇ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਸਮਾਜ ਨੂੰ ਸਮਰਪਿਤ ਵਿਦਿਆਰਥੀ ਜਥੇਬੰਦੀ (ਸਟੂਡੈਂਟਸ ਫਾਰ ਸੁਸਾਇਟੀ) ਦੀ ਹੋਈ ਜਿਤ ਨੇ ਵਿਖਾ ਦਿਤਾ ਹੈ ਕਿ ਜੇ ਕੋਈ ਲੋਕਪੱਖੀ ਧਿਰ ਪੂਰੀ ਦ੍ਰਿੜਤਾ, ਸਿਆਣਪ ਤੇ ਦੂਰਅੰਦੇਸ਼ੀ ਨਾਲ ਹਕੂਮਤੀ ਧਿਰ ਦੇ ਹੱਥਕੰਡਿਆਂ ਦਾ ਮੁਕਾਬਲਾ ਕਰਦੀ ਹੈ ਤਾਂ ਨਾ ਸਿਰਫ ਉਹ ਚੋਣ ਜਿੱਤ ਸਕਦੀ ਹੈ, ਸਗੋਂ ਪੈਸੇ ਤੇ ਧੌਂਸ ਦੀ ਰਾਜਨੀਤੀ ਨਾਲੋਂ ਤੋੜ ਵਿਛੋੜਾ ਕਰਕੇ ਚੰਗੀਆਂ ਪਿਰਤਾਂ ਵੀ ਪਾ ਸਕਦੀ ਹੈ। ਇਸ ਜਿੱਤ ਨੇ ਇਹ ਵੀ ਵਿਖਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ 2019 ਦੀਆਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਜਿੱਤ ਦਾ ਪਾਇਆ ਜਾ ਰਿਹਾ ਰੌਲਾ ਥੋਥਾ ਹੈ ਅਤੇ ਜੇ ਅਗਾਂਹਵਧੂ ਧਿਰਾਂ ਆਪਣੀ ਸੀਮਤ ਸਮਰਥਾ ਦੇ ਬਾਵਜੂਦ ਆਰ. ਐਸ਼ ਐਸ਼ ਤੇ ਭਾਰਤੀ ਜਨਤਾ ਪਾਰਟੀ ਦੀਆਂ ਵੰਡ-ਪਾਊ ਨੀਤੀਆਂ ਉਤੇ ਦ੍ਰਿੜ ਰਾਜਨੀਤਕ ਹਮਲਾ ਵਿਢਦੀਆਂ ਹਨ ਤਾਂ ਇਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ।