ਜ਼ਾਲਮਾਂ ਦੇ ਜੋਟੀਦਾਰੋ ਚੁੱਕੋ ਕੜਛੇ!

ਤਰਲੋਚਨ ਸਿੰਘ ਦੁਪਾਲਪੁਰ
ਬਿਨਾ ਇਸ ਬਹਿਸ ਵਿਚ ਪਏ ਕਿ ਗੁਰੂ ਅਰਜਨ ਦੇਵ ਜੀ ਨੂੰ ਘੋਰ ਤਸੀਹੇ ਦੇ ਕੇ ਸ਼ਹੀਦ ਕਰਨ ਵਿਚ ਚੰਦੂ ਦੀਵਾਨ ਦਾ ਕਿੰਨਾ ਕੁ ਹੱਥ ਸੀ, ਆਪਾਂ ਇਸ ਦੁਸ਼ਟ ਦੇ ਅੰਤਿਮ ਸਮੇਂ ਦਾ ਹਾਲ ਪੜ੍ਹ ਲਈਏ। ਗੁਰੂ ਪਾਤਸ਼ਾਹ ਦੀ ਅਦੁੱਤੀ ਸ਼ਹਾਦਤ ਪਿਛੋਂ ਹਾਲਾਤ ਕੁਝ ਐਸੇ ਬਣ ਗਏ ਕਿ ਜਹਾਂਗੀਰ ਬਾਦਸ਼ਾਹ, ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦਾ ਮੁਰੀਦ ਹੋ ਗਿਆ। ਉਸ ਸਮੇਂ ਦੇ ਚਲਦੇ ਕਾਨੂੰਨ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਦੇ ਕਹਿਣ ‘ਤੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਗਿਆ।

ਉਸ ਦੇ ਗੁਰੂਕਿਆਂ ਦੀ ਗ੍ਰਿਫਤ ਵਿਚ ਆਉਣ ਦੇ ਸਮੇਂ ਦਾ ਦ੍ਰਿਸ਼ ਗਿਆਨੀ ਗਿਆਨ ਸਿੰਘ ‘ਪੰਥ ਪ੍ਰਕਾਸ਼’ ਵਿਚ ਇਉਂ ਬਿਆਨ ਕਰਦੇ ਹਨ:
ਖਰੋ ਕਰਯੋ ਸਿਰ ਪਾਗ ਉਤਾਰੀ
ਗਾਢੀ ਮੁਸ਼ਕਾਂ ਦੇ ਤਿਸ ਬਾਰੀ।
ਨਗਨ ਸੀਸ ਚੰਦੂ ਕੋ ਕਰ ਕੈ,
ਡਾਰੀ ਖਾਕ ਮੁਸ਼ਟਿ ਭਰਿ ਭਰਿ ਕੇ!
ਨੰਗੇ ਸਿਰ ਅਤੇ ਮੂੰਹ-ਸਿਰ ਮਿੱਟੀ ਨਾਲ ਭਰ ਕੇ ਉਸ ਨੂੰ ਲਾਹੌਰ ਲਿਜਾਇਆ ਗਿਆ। ਕਹਿੰਦੇ ਨੇ, ਗੁਰੂ ਮਹਾਰਾਜ ਨੇ ਲਾਹੌਰ ਦੀ ਸੰਗਤ ਨੂੰ ਆਦੇਸ਼ ਦਿੱਤਾ ਕਿ ਹਰ ਗੁਰੂ ਨਾਨਕ ਨਾਮ ਲੇਵਾ ਮਾਈ-ਭਾਈ ਲੰਘਦਾ-ਵੜਦਾ ਇਸ ਦੁਸ਼ਟ ਦੇ ਪੰਜ ਜੁੱਤੀਆਂ ਜ਼ਰੂਰ ਮਾਰ ਕੇ ਜਾਵੇ:
ਜੋ ਸਤਿਗੁਰ ਕੇ ਸਿੱਖ ਕਹਾਵੈਂ,
ਪਨਹੀ (ਜੁੱਤੀ) ਪੰਚ ਦੁਸ਼ਟ ਕੋ ਲਾਵੈਂ। (ਪੰਥ ਪ੍ਰਕਾਸ਼)
ਸਵਰਗੀ ਢਾਡੀ ਗਿਆਨੀ ਦਯਾ ਸਿੰਘ ਦਿਲਬਰ ਇਹ ਪ੍ਰਸੰਗ ਸੁਣਾਉਂਦਿਆਂ ਇਸ ਵਿਚ ਵਿਅੰਗ-ਰਸ ਭਰ ਕੇ ਕਹਿੰਦੇ ਹੁੰਦੇ ਸਨ ਕਿ ਖਾਲਸਾ ਜੀ, ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕਿਸੇ ਗੁਨਾਹਗਾਰ ਦੀ ਛਿੱਤਰ ਪਰੇਡ ਕਰਨ ਲਈ ਸਾਡੇ ਭਾਈਚਾਰੇ ਨੂੰ ਕਿੰਨਾ ਚਾਅ ਚੜ੍ਹ ਜਾਂਦਾ ਹੁੰਦਾ ਐ! ਗੁਨਾਹਗਾਰ ਵੀ ਜੇ ਕਿਤੇ ਗੁਰੂ-ਦ੍ਰੋਹੀ ਜਾਂ ਪੰਥ-ਦੋਖੀ ਹੋਵੇ, ਫਿਰ ਤਾਂ ਸਾਡਾ ਜੋਸ਼ ਹੋਰ ਵੀ ਦੂਣ-ਸਵਾਇਆ ਵਧ ਜਾਂਦਾ ਹੈ। ਅਜਿਹਾ ਹੀ ਜਲਾਲ ਚੰਦੂ ਪ੍ਰਤੀ ਗੁਰੂ ਹੁਕਮ ਸੁਣ ਕੇ ਸਿੱਖ ਸੰਗਤਾਂ ਵਿਚ ਦੇਖਣ ਨੂੰ ਮਿਲਿਆ।
ਕੋਈ ਚੰਦੂ ਦੇ ਨੰਗੇ ਸਿਰ ਵਿਚ ‘ਤਾੜ ਤਾੜ’ ਕਰਕੇ ਪੰਜ ਜੁੱਤੀਆਂ ਮਾਰਨ ਪਿਛੋਂ ਗਿਣਤੀ ਭੁੱਲ ਜਾਣ ਦਾ ਬਹਾਨਾ ਮਾਰ ਕੇ ਤੱਤੇ ਘਾਹ ਦੋ-ਚਾਰ ਹੋਰ ਲਾ ਦਿਆ ਕਰੇ। ਕੋਈ ਜਣਾ ਸਵੇਰੇ ਸਵੇਰੇ ਇਹ ‘ਡਿਊਟੀ’ ਭੁਗਤਾ ਕੇ ਦੁਪਹਿਰ ਜਾਂ ਸ਼ਾਮ ਜਿਹੇ ਨੂੰ ਫੇਰ ਆ ਗੱਜੇ ਕਿ ਮਹਾਰਾਜ ਮੈਂ ਤਾਂ ਹੁਣੇ ਈ ਆਪ ਦਾ ਹੁਕਮ ਸੁਣਿਆ ਐ।
ਗਿਆਨੀ ਗਿਆਨ ਸਿੰਘ ਚੰਦੂ ਦੇ ਹੋਏ ਹਸ਼ਰ ਬਾਰੇ ‘ਤਵਾਰੀਖ ਗੁਰੂ ਖਾਲਸਾ’ ਵਿਚ ਇੰਜ ਬਿਆਨ ਕਰਦੇ ਹਨ:
“ਭਾਈ ਬਿਧੀਆ ਤੇ ਜੇਠਾ, ਚੰਦੂ ਨੂੰ ਲਾਹੌਰ ਦੇ ਬਾਜ਼ਾਰਾਂ ਵਿਚ ਲੈ ਗਏ। ਹੱਟੀ ਹੱਟੀ ਘੁਮਾ ਕੇ ਉਸ ਤੋਂ ਕੌਡੀਆਂ ਮੰਗਾਈਆਂ…ਸਭ ਲੋਕ ਉਸ ਨੂੰ ਗੁਰੂ-ਦ੍ਰੋਹੀ ਜਾਣ ਕੇ ਤ੍ਰਿਸਕਾਰ ਕਰਦੇ ਸੇ।…ਗਲੀ ਕੂਚਦੇ ਫੇਰਦੇ ਹੋਏ ਜਦ ਉਹ ਗੁਰਦਿੱਤੇ ਭੜਭੂੰਜੇ ਦੇ ਮੱਠ ਉਤੇ ਪਹੁੰਚੇ (ਯਾਦ ਰਹੇ ਇਹ ਗੁਰਦਿੱਤਾ ਭੜਭੂੰਜਾ ਉਹ ਸ਼ਖਸ ਸੀ, ਜਿਸ ਨੇ ਜ਼ਾਲਮ ਚੰਦੂ ਦਾ ਜੋਟੀਦਾਰ ਬਣ ਕੇ, ਪੰਜਵੇਂ ਗੁਰੂ ਦੇ ਸੀਸ ਉਤੇ ਰੇਤ ਗਰਮ ਕਰ ਕਰ ਕੇ ਪਾਈ ਸੀ) ਤਾਂ ਉਸ ਨੇ ਤੱਤੀ ਰੇਤ ਦੇ ਕੜਛੇ ਚੰਦੂ ਦੇ ਸਿਰ ਵਿਚ ਪਾ ਕੇ, ਇਕ ਕੜਛਾ ਉਹਦੇ ਐਸਾ ਮਾਰਿਆ ਕਿ ਤੜਫ ਤੜਫ ਕੇ ਉਸ ਦੇ ਪ੍ਰਾਣ ਨਿਕਲ ਗਏ।… ਤਾਂ ਦਰਿਆ ਕਿਨਾਰੇ ਉਸ ਦੀ (ਚੰਦੂ ਦੀ) ਦੇਹ ਕੁੱਤਿਆਂ ਨੂੰ ਪਾਈ ਗਈ।”
ਸਿੱਖ ਇਤਿਹਾਸ ਦਾ ਇਹ ਟੋਟਾ ਇਸ ਮੌਕੇ ਸੁਣਾਉਣ-ਪੜ੍ਹਾਉਣ ਦਾ ਤਾਤਪਰਜ ਇਹ ਹੈ ਕਿ ਬੇਸ਼ਕ ਗੁਰਦਿੱਤਾ ਭੜਭੂੰਜਾ ਵੀ ਗੁਰੂ ਅਰਜਨ ਦੇਵ ਜੀ ‘ਤੇ ਜਬਰ ਜ਼ੁਲਮ ਢਾਹੁਣ ਵਾਲਿਆਂ ਦਾ ਇਕ ਜੋਟੀਦਾਰ ਹੀ ਸੀ, ਪਰ ਰਾਜ-ਮਦੁ ਦੇ ਨਸ਼ੇ ‘ਚ ਚੂਰ ਹੋ ਕੇ ਉਹਨੂੰ ਪਾਪ ਦਾ ਭਾਗੀਦਾਰ ਬਣਾਉਣ ਵਾਲੇ ਚੰਦੂ ਦੇ ਨੱਕ ‘ਚ ਨਕੇਲ ਅਤੇ ਉਸ ਦੇ ‘ਠਾਹ ਠਾਹ’ ਜੁੱਤੀਆਂ ਵੱਜਦੀਆਂ ਦੇਖ ਕੇ ਭੜਭੂੰਜੇ ਨੂੰ ਅਹਿਸਾਸ ਹੋਇਆ ਕਿ ਉਹ ਕਿੱਡੇ ਜਾਲਮ ਦੀਵਾਨ ਦਾ ਸਾਥੀ ਬਣਿਆ ਸੀ।
ਮਤਲਬ ਕਿ ਕਿਸੇ ਕਾਰਨ ਵੱਸ ਜਬਰ-ਜ਼ੁਲਮ ਕਰਨ ਵਾਲੇ ਦਾ ਸਾਥ ਦਿੰਦੇ ਰਹੇ ਭੱਦਰਪੁਰਸ਼ਾਂ ਨੂੰ ਆਪਣੇ ਕੀਤੇ ‘ਤੇ ਪਛਤਾਵਾ ਤਾਂ ਹੋਵੇ, ਪਰ ਏਨਾ ਕੁ ਗੁੱਸਾ ਵੀ ਚੜ੍ਹੇ ਕਿ ਉਹ ‘ਚੰਦੂਆਂ’ ਦੇ ਸਿਰ ਵਿਚ ਕੜਛਾ ਮਾਰ ਕੇ ਉਨ੍ਹਾਂ ਨੂੰ ਦਿਨੇ ਤਾਰੇ ਵੀ ਵਿਖਾ ਦੇਣ। ਆਮੀਨ!