ਗਲੀ ਦੇ ਮੋੜ ‘ਤੇ

ਐਸ਼ ਸਾਕੀ
ਪਾਰਵਤੀ ਨੇ ਲੋਹੇ ਦਾ ਟਰੰਕ ਖੋਲ੍ਹਿਆ। ਉਹਦੇ ਸਾਹਮਣੇ ਉਹਦਾ ਉਹ ਵੈਡਿੰਗ ਗਾਊਨ ਸੀ ਜੋ ਸੱਸ ਜੂਲੀਆ ਨੇ ਪੰਜਾਹ ਵਰ੍ਹੇ ਪਹਿਲਾਂ ਉਸ ਨੂੰ ਦਿੱਤਾ ਸੀ। ਇਹੋ ਗਾਊਨ ਫੇਰ ਅੰਜਲੀ ਨੇ ਆਪਣੀ ਸੱਸ ਜੂਲੀਆ ਕੋਲੋਂ ਲਿਆ ਸੀ। ਪਰ ਪਾਰਵਤੀ ਫੇਰ ਇਹ ਨਾ ਪੁੱਛ ਸਕੀ ਕਿ ਜੂਲੀਆ ਨੂੰ ਇਹ ਗਾਊਨ ਕਿਸ ਨੇ ਦਿੱਤਾ ਸੀ। ਵੈਡਿੰਗ ਗਾਊਨ ‘ਤੇ ਉਹ ਇਓਂ ਹੱਥ ਫੇਰਨ ਲੱਗੀ ਜਿਵੇਂ ਉਸ ਨੂੰ ਪਿਆਰ ਕਰ ਰਹੀ ਹੋਵੇ ਜਾਂ ਸਲਾਹੁਣ ਲੱਗੀ ਹੋਵੇ। ਟੁੱਟੇ-ਟੁੱਟੇ ਤੇ ਬਿਖਰੇ-ਬਿਖਰੇ ਸ਼ਬਦ ਉਹਦੇ ਮਨ ਵਿਚ ਆਉਣ ਲੱਗੇ ਜਿਹੜੇ ਫੇਰ ਗੱਲ ਬਣ ਗਏ।

ਏਸ ਦੇ ਨਾਲ ਹੀ ਫੇਰ ਸ਼ਬਦਾਂ ਦੀ ਇੱਕ ਕੜੀ ਜਿਹੀ ਉਸ ਦੇ ਸਾਹਮਣੇ ਆ ਗਈ ਜੋ ਹੌਲੀ ਹੌਲੀ ਜੁੜਦੀ ਜਿਵੇਂ ਇੱਕ ਲੰਬੀ ਕਹਾਣੀ ਬਣ ਗਈ।
ਜਦੋਂ ਦੀ ਇਹ ਗੱਲ ਹੈ, ਤਦ ਬਹੁਤ ਘੱਟ ਬੱਚੇ ਬਾਹਰ ਦੇ ਮੁਲਕਾਂ ‘ਚ ਪੜ੍ਹਨ ਜਾਇਆ ਕਰਦੇ ਸਨ। ਫੇਰ ਕੁੜੀ ਤਾਂ ਕੋਈ ਵੀ ਨਹੀਂ। ਭਾਵੇਂ ਪਾਰਵਤੀ ਦੇ ਘਰ ਵਾਲੇ ਬਾਹਰ ਭੇਜਣ ਦੇ ਹੱਕ ਵਿਚ ਨਹੀਂ ਸਨ ਪਰ ਤਾਂ ਵੀ ਕਿਵੇਂ ਨਾ ਕਿਵੇਂ ਕਰ ਕਰਾ ਕੇ ਪਾਰਵਤੀ ਨੇ ਏਸ ਲਈ ਆਪਣੇ ਘਰਵਾਲਿਆਂ ਨੂੰ ਰਾਜ਼ੀ ਕਰ ਲਿਆ ਸੀ। ਉਨ੍ਹਾਂ ਨੂੰ ਮਨਾ ਲਿਆ ਸੀ। ਬ੍ਰਾਹਮਣ ਪਰਿਵਾਰ ਦੀ ਕੁੜੀ ਸੀ, ਘਰਦਿਆਂ ਉਸ ਅੱਗੇ ਕਈ ਸ਼ਰਤਾਂ ਰੱਖ ਦਿੱਤੀਆਂ, “ਬਾਹਰ ਦੇ ਮੁਲਕ ਜਾ ਮਾਸ ਨਹੀਂ ਖਾਣਾ, ਆਪਣਾ ਧਰਮ ਨਹੀਂ ਛੱਡਣਾ, ਪਰਾਏ ਮਰਦ ਵੱਲ ਅੱਖ ਚੁੱਕ ਕੇ ਨਹੀਂ ਵੇਖਣਾ।
“ਜੇ ਤੂੰ ਇਨ੍ਹਾਂ ਵਿਚੋਂ ਕੁਝ ਵੀ ਕੀਤਾ ਤਾਂ ਸਾਡੇ ਘਰ ਦੇ ਬੂਹੇ ਤੇਰੇ ਲਈ ਹਮੇਸ਼ਾ ਵਾਸਤੇ ਬੰਦ ਹੋ ਜਾਣਗੇ। ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ। ਕੋਈ ਸਬੰਧ ਨਹੀਂ ਰਹੇਗਾ।”
ਗੱਲਾਂ ਦੀ ਕੜੀ ਜੋੜਦੇ ਜੋੜਦੇ ਪਾਰਵਤੀ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ, ਜਿਵੇਂ ਉਸ ਨੂੰ ਆਪਣਾ ਘਰ ਛੱਡਦੇ ਵੇਲੇ ਦੁੱਖ ਹੋਇਆ ਸੀ, ਤਕਲੀਫ ਹੋਈ ਸੀ।
ਆਸਟ੍ਰੇਲੀਆ ਆਹ ਹੁਣ ਤੋਂ ਨਹੀਂ ਸਗੋਂ ਬਹੁਤ ਪਹਿਲਾਂ ਤੋਂ ਜਿਹੜੇ ਵਿਦਿਆਰਥੀ ਇੱਥੇ ਪੜ੍ਹਨ ਲਈ ਆਉਂਦੇ ਨੇ, ਉਨ੍ਹਾਂ ਨੂੰ ਆਪਣੇ ਰਹਿਣ ਲਈ, ਆਪਣੇ ਖਾਣ-ਪੀਣ ਲਈ, ਆਪਣੀ ਯੂਨੀਵਰਸਿਟੀ ਫੀਸ ਦਾ ਆਪ ਪ੍ਰਬੰਧ ਕਰਨਾ ਪੈਂਦੈ। ਪਾਰਵਤੀ ਨੂੰ ਏਸ ਲਈ ਫੇਰ ਨੌਕਰੀ ਕਰਨੀ ਪਈ। ਉਸ ਨੇ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਕੰਪਨੀ ਬਨਿੰਗ ਦੇ ਇੱਕ ਵੇਅਰਹਾਊਸ ਵਿਚ ਨੌਕਰੀ ਕਰ ਲਈ। ਕੰਮ ਏਨਾ ਸੌਖਾ ਨਹੀਂ ਸੀ। ਭਾਰੀ ਸਮਾਨ ਟਰਾਲੀ ‘ਤੇ ਰੱਖ ਧੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਪੈਂਦਾ ਸੀ। ਫੇਰ ਲਾਹ ਕੇ ਰੈਕ ਵਿਚ ਸੈਟ ਕਰਨਾ ਪੈਂਦਾ। ਪਾਰਵਤੀ ਭਾਵੇਂ ਜੁੱਸੇ ਦੀ ਤਕੜੀ ਸੀ ਪਰ ਤਾਂ ਵੀ ਇਹ ਕੰਮ ਏਨਾ ਸੌਖਾ ਨਹੀਂ ਸੀ। ਉਸ ਲਈ ਤਾਂ ਬਹੁਤ ਔਖਾ ਸੀ।
ਉਸੇ ਬਨਿੰਗ ਵੇਅਰਹਾਊਸ ਵਿਚ ਵਿਲੀਅਮ ਨਾਂ ਦਾ ਇੱਕ ਮੁੰਡਾ ਵੀ ਜਾਬ ਕਰਦਾ ਸੀ, ਜੋ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਇੰਜੀਨੀਅਰਿੰਗ ਕਰਨ ਆਇਆ ਸੀ। ਉਹ ਆਪਣੀ ਮਾਂ ਨਾਲ ਆਪਣੇ ਛੋਟੇ ਜਿਹੇ ਘਰ ਵਿਚ ਰਹਿੰਦਾ ਸੀ। ਸ਼ੁਰੂ ਵਿਚ ਔਖਾ ਕੰਮ ਦੇਖ ਉਹ ਪਾਰਵਤੀ ਦੀ ਕਈ ਵਾਰੀ ਮਦਦ ਵੀ ਕਰ ਦਿੰਦਾ।
ਫਿਰ ਹੌਲੀ ਹੌਲੀ ਮਦਦ ਜਾਣ-ਪਛਾਣ ਵਿਚ ਬਦਲ ਗਈ। ਭਾਵੇਂ ਪਾਰਵਤੀ ਨੂੰ ਇੱਕ ਵਾਰੀ ਆਪਣੇ ਘਰ ਦੇ ਵੱਡਿਆਂ ਦੀਆਂ ਸ਼ਰਤਾਂ ਚੇਤੇ ਆਈਆਂ, ਪਰ ਤਾਂ ਵੀ ਉਹ ਆਪਣੇ ਆਪ ਨੂੰ ਰੋਕ ਨਾ ਸਕੀ। ਆਪਣੇ ਆਪ ਨੂੰ ਸਮਝਾ ਨਾ ਸਕੀ। ਅਖੀਰ ਪਾਰਵਤੀ ਦਾ ਵਿਲੀਅਮ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ।
ਵਿਲੀਅਮ ਦੀ ਮਾਂ ਨੂੰ ਪੁੱਤ ਦੀ ਚੁਣੀ ਕੁੜੀ ਪਸੰਦ ਆ ਗਈ। ਉਸ ਨੇ ਪਾਰਵਤੀ ਨੂੰ ਵਿਆਹ ਲਈ ਉਹ ਗਾਊਨ ਦੇ ਦਿੱਤਾ ਜੋ ਪੰਜਾਹ ਵਰ੍ਹੇ ਪਹਿਲਾਂ ਉਸ ਦੀ ਸੱਸ ਨੇ ਉਸ ਨੂੰ ਦਿੱਤਾ ਸੀ। ਪਾਰਵਤੀ ਉਹ ਵੈਡਿੰਗ ਗਾਊਨ ਪਹਿਨ ਚਰਚ ਵਿਚ ਵਿਆਹ ਕਰਵਾ ਸਹੁਰੇ ਘਰ ਆ ਗਈ। ਮਾਪਿਆਂ ਤੋਂ ਉਹ ਹਮੇਸ਼ਾ ਲਈ ਟੁੱਟ ਗਈ। ਉਹ ਉਨ੍ਹਾਂ ਦੀਆਂ ਸ਼ਰਤਾਂ ‘ਤੇ ਪੂਰੀ ਜੋ ਨਾ ਉਤਰ ਸਕੀ। ਵਕਤ ਲੰਘ ਗਿਆ। ਫੇਰ ਨਾ ਉਨ੍ਹਾਂ ਕਦੇ ਪਾਰਵਤੀ ਨਾਲ ਰਿਸ਼ਤਾ ਰੱਖਿਆ, ਨਾ ਪਾਰਵਤੀ ਉਨ੍ਹਾਂ ਨੂੰ ਮਿਲਣ ਲਈ ਗਈ। ਉਹ ਤਾਂ ਹਮੇਸ਼ਾ ਲਈ ਉਨ੍ਹਾਂ ਤੋਂ ਅਲੱਗ ਹੋ ਗਈ!
ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿਚ ਇਹ ਪ੍ਰਥਾ ਬਣੀ ਹੋਈ ਹੈ, ਇਹ ਸੋਚ ਹੈ ਕਿ ਬਾਹਰ ਦੇ ਮੁਲਕਾਂ ਦੇ ਮਰਦ ਜਦੋਂ ਠੀਕ ਲੱਗੇ ਪਹਿਲੀ ਪਤਨੀ ਬਦਲ ਲੈਂਦੇ ਨੇ, ਪਰ ਆਸਟ੍ਰੇਲੀਆ ਵਿਚ ਇਸ ਤਰ੍ਹਾਂ ਨਹੀਂ ਹੁੰਦਾ। ਇਹ ਤਾਂ ਬੱਸ ਸਾਡਾ ਖਿਆਲ ਹੈ। ਪਾਰਵਤੀ ਰੋਜ਼ ਵੇਖਦੀ ਕਿਤਨੇ ਹੀ ਉਮਰ ਦਰਾਜ਼ ਮਰਦ ਆਪਣੀ ਬਿਮਾਰ ਪਤਨੀ ਨੂੰ ਵ੍ਹੀਲ ਚੇਅਰ ਵਿਚ ਲੈ ਜਾਂਦੇ ਦਿਸਦੇ। ਫੇਰ ਜੇ ਕੋਈ ਉਮਰ ਦਰਾਜ਼ ਮਰਦ ਵ੍ਹੀਲ ਚੇਅਰ ਵਿਚ ਹੁੰਦਾ ਤਾਂ ਉਸ ਦੀ ਪਤਨੀ ਉਸ ਨੂੰ ਧੱਕਾ ਲਾਉਂਦੀ ਦਿਸਦੀ। ਇਸੇ ਤਰ੍ਹਾਂ ਜੇ ਉਮਰ ਦਰਾਜ਼ ਪਤਨੀ ਕੋਲੋਂ ਟੁਰਿਆ ਨਾ ਜਾਂਦਾ ਹੁੰਦਾ ਤਾਂ ਮਰਦ ਨੇ ਉਸ ਨੂੰ ਸਹਾਰਾ ਦਿੱਤਾ ਹੁੰਦਾ।
ਫੇਰ ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿਚ ਇਹ ਸੋਚ ਵੀ ਬਣੀ ਹੋਈ ਹੈ ਕਿ ਉਨ੍ਹਾਂ ਦੇ ਆਪਣੇ ਸੁੱਖ ਲਈ ਉਨ੍ਹਾਂ ਦੇ ਬੱਚੇ ਰੁਲ ਜਾਂਦੇ ਨੇ। ਮਾਪੇ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ। ਪਾਰਵਤੀ ਕਈ ਵਾਰ ਵੇਖਦੀ ਕਿ ਮਰਦ ਆਪਣੇ ਬੱਚਿਆਂ ਨੂੰ ਆਪਣੇ ਮੋਢੇ ‘ਤੇ ਬਿਠਾ ਇਵੇਂ ਦਿਖਦੇ ਜਿਵੇਂ ਸਾਡੇ ਇੱਥੇ ਕਈ ਮਾਪੇ ਆਪਣੇ ਬੱਚੇ ਨੂੰ ਮੋਢੇ ‘ਤੇ ਬਿਠਾ ਮੇਲਾ ਵੇਖਣ ਜਾਂਦੇ ਹਨ।
ਇੱਕ ਵਰ੍ਹੇ ਤੱਕ ਪਾਰਵਤੀ ਵਿਲੀਅਮ ਨਾਲ ਵੱਡੀ ਕੰਪਨੀ ਬਨਿੰਗ ਵੇਅਰ ਹਾਊਸ ਵਿਚ ਕੰਮ ਕਰਦੀ ਰਹੀ, ਫੇਰ ਉਹ ਬੱਚੇ ਦੀ ਆਸ ਨਾਲ ਹੋ ਗਈ। ਇਸੇ ਦੌਰਾਨ ਉਸ ਦੀ ਸੱਸ ਸੁਰਗਵਾਸ ਹੋ ਗਈ। ਉਹ ਆਉਣ ਵਾਲੇ ਬੱਚੇ ਦੀ ਸ਼ਕਲ ਤੀਕ ਨਾ ਵੇਖ ਸਕੀ। ਪਾਰਵਤੀ ਨੇ ਪੁੱਤ ਨੂੰ ਜਨਮ ਦਿੱਤਾ। ਵਿਲੀਅਮ ਨੇ ਉਸ ਦੀ ਨੌਕਰੀ ਛੁਡਾ ਦਿੱਤੀ ਅਤੇ ਉਹ ਬੱਚੇ ਨੂੰ ਪਾਲਣ ਲੱਗੀ। ਉਸ ਵਿਚ ਉਹ ਸਾਰੇ ਸੰਸਕਾਰ ਭਰ ਦੇਣਾ ਚਾਹੁੰਦੀ ਸੀ ਜੋ ਮਾਪਿਆਂ ਨੇ ਉਸ ਵਿਚ ਭਰੇ ਸਨ, ਉਸ ਨੂੰ ਦਿੱਤੇ ਸਨ। ਪਰ ਇਸ ਤਰ੍ਹਾਂ ਨਾ ਹੋਇਆ। ਪੁੱਤ ਸਟੀਵ ਉਸ ਤਰ੍ਹਾਂ ਦਾ ਨਾ ਬਣਿਆ, ਜਿਸ ਤਰ੍ਹਾਂ ਦਾ ਪਾਰਵਤੀ ਚਾਹੁੰਦੀ ਸੀ। ਸਕੂਲ ਪਾਸ ਕਰ ਕੇ ਉਹ ਆਸਟ੍ਰੇਲੀਆ ਦੇ ਦੂਜੇ ਬੱਚਿਆਂ ਵਾਂਗ ਵਿਲੀਅਮ ਤੇ ਪਾਰਵਤੀ ਨਾਲੋਂ ਅੱਡ ਹੋ ਗਿਆ। ਫੇਰ ਇੱਕ ਦਿਨ ਉਹ ਕਿਸੇ ਕੁੜੀ ਨੂੰ ਨਾਲ ਲੈ ਆਇਆ।
“ਮੱਮ ਇਹ ਮੇਰੀ ਗਰਲ ਫਰੈਂਡ ਹੈ, ਮੈਂ ਇਸ ਨਾਲ ਚਰਚ ਵਿਚ ਵਿਆਹ ਕਰਵਾ ਰਿਹਾਂ।”
ਪਾਰਵਤੀ ਦਾ ਮਨ ਸੀ ਕਿ ਉਹ ਚਰਚ ਵਿਚ ਉਹੀ ਵੈਡਿੰਗ ਗਾਊਨ ਪਹਿਨੇ ਜੋ ਪੰਜਾਹ ਵਰ੍ਹੇ ਪਹਿਲਾਂ ਉਸ ਨੂੰ ਸੱਸ ਜੂਲੀਆ ਨੇ ਦਿੱਤਾ ਸੀ। ਟਰੰਕ ‘ਚੋਂ ਗਾਊਨ ਕੱਢ ਉਹ ਜਿਵੇਂ ਉਸ ਨੂੰ ਪਿਆਰ ਕਰਨ ਲੱਗੀ। ਪਰ ਇੱਕ ਸਟੀਵ, ਉਸ ਨੇ ਤਾਂ ਚਰਚ ਵਿਚ ਵਿਆਹ ਵੇਲੇ ਨਾ ਮਾਂ ਨੂੰ ਸੱਦਿਆ ਤੇ ਨਾ ਪਿਓ ਨੂੰ। ਫੇਰ ਉਸ ਦੀ ਪਤਨੀ ਨੇ ਉਹ ਪੰਜਾਹ ਵਰ੍ਹੇ ਪਹਿਲਾਂ ਦਾ ਪਾਰਵਤੀ ਦਾ ਸਾਂਭਿਆ ਗਾਊਨ ਕੀ ਪਹਿਨਣਾ ਸੀ! ਉਹ ਤਾਂ ਬੱਸ ਵਿਆਹ ਕਰਵਾ ਕੇ ਸਿੱਧਾ ਘਰ ਆ ਗਈ। ਇਹ ਸਭ ਹੋਣਾ ਫੇਰ ਪਾਰਵਤੀ ਤੇ ਵਿਲੀਅਮ ਨੂੰ ਚੰਗਾ ਨਾ ਲੱਗਾ। ਉਨ੍ਹਾਂ ਨੂੰ ਬਹੁਤ ਦੁੱਖ ਹੋਇਆ।
ਫੇਰ ਕਦੇ ਕਦੇ ਸਟੀਵ ਉਸ ਕੁੜੀ ਨੂੰ ਨਾਲ ਲੈ ਉਨ੍ਹਾਂ ਨੂੰ ਮਿਲਣ ਆ ਜਾਂਦਾ। ਸਟੀਵ ਦੇ ਜਾਣ ਬਾਅਦ ਪਾਰਵਤੀ ਤੇ ਵਿਲੀਅਮ ਇਕੱਲੇ ਇਕੱਲੇ ਰਹਿ ਗਏ। ਪਾਰਵਤੀ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲ ਗਈ।
ਆਸਟ੍ਰੇਲੀਆ ਵਿਚ ਬਹੁਤ ਸਾਰੇ ਕਈ ਅਜਿਹੇ ਉਮਰ ਦਰਾਜ਼ ਬੰਦੇ ਹੁੰਦੇ ਨੇ, ਜੋ ਆਪਣੀ ਆਖਰੀ ਉਮਰ ਵਿਚ ਇਕੱਲੇ ਰਹਿ ਜਾਂਦੇ ਨੇ। ਸਭ ਉਨ੍ਹਾਂ ਦਾ ਸਾਥ ਛੱਡ ਜਾਂਦੇ ਨੇ। ਉਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ। ਫੇਰ ਮਰਨ ਤੋਂ ਪਹਿਲਾਂ ਉਹ ਕਿਸੇ ਫਿਊਨਰਲ ਕੰਪਨੀ ਦੇ ਸੰਪਰਕ ਵਿਚ ਆ ਉਨ੍ਹਾਂ ਕੋਲ ਆਪਣੇ ਕਫਨ-ਦਫਨ ਦੇ ਪੈਸੇ ਜਮ੍ਹਾਂ ਕਰਵਾ ਦਿੰਦੇ ਨੇ ਤਾਂਕਿ ਉਨ੍ਹਾਂ ਦੇ ਮਰਨ ਦੇ ਬਾਅਦ ਕਬਰਾਂ ਵਿਚ ਉਹ ਠੀਕ ਥਾਂ ਲੱਭ ਸਕਣ। ਉਨ੍ਹਾਂ ਦੇ ਕਫਨ ਨੂੰ ਕੋਈ ਸਾਂਭਣ ਵਾਲਾ ਤਾਂ ਹੋਵੇ। ਉਹ ਕਿਤੇ ਰੁਲਣ ਨਾ।
ਵਿਲੀਅਮ ਨੇ ਇੱਕ ਫਿਊਨਰਲ ਕੰਪਨੀ ਦੇ ਸੰਪਰਕ ਵਿਚ ਆ ਆਪਣੇ ਅੰਤਿਮ ਸੰਸਕਾਰ ਦੇ ਪੈਸਿਆਂ ਬਾਰੇ ਪੁੱਛਿਆ ਤਾਂ ਕਿ ਪਾਰਵਤੀ ਤੇ ਵਿਲੀਅਮ ਦੇ ਮਰਨ ਬਾਅਦ ਕੋਈ ਉਨ੍ਹਾਂ ਦੇ ਕਫਨ ਨੂੰ ਸਾਂਭਣ ਵਾਲਾ ਤਾਂ ਹੋਵੇ। ਪੁੱਤ ਕੋਲੋਂ ਤਾਂ ਉਨ੍ਹਾਂ ਨੂੰ ਕੋਈ ਆਸ ਨਹੀਂ ਸੀ। ਵਿਲੀਅਮ ਉਨ੍ਹਾਂ ਨੂੰ ਪੁੱਛ ਆਇਆ ਸੀ ਕਿ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਣਗੇ। ਫਿਊਨਰਲ ਕੰਪਨੀ ਵਾਲਿਆਂ ਇੱਕ ਜਣੇ ਦੇ ਪੰਦਰਾਂ ਸੌ ਡਾਲਰ ਦੱਸੇ। ਵਿਲੀਅਮ ਦੇ ਮਨ ਵਿਚ ਆਇਆ ਕਿ ਉਹ ਵੀ ਤਦੋਂ ਤੀਕ ਨੌਕਰੀ ਕਰੇਗਾ ਜਦੋਂ ਤੀਕ ਤਿੰਨ ਹਜ਼ਾਰ ਡਾਲਰ ਨਹੀਂ ਜੁੜ ਜਾਂਦੇ। ਇਹ ਕੰਮ ਪੂਰਾ ਹੋਣ ‘ਤੇ ਉਹ ਵੀ ਨੌਕਰੀ ਛੱਡ ਦੇਵੇਗਾ। ਪਾਰਵਤੀ ਤੇ ਉਸ ਨੂੰ ਜਿਹੜੀ ਪੈਨਸ਼ਨ ਮਿਲੇਗੀ, ਉਸ ਨਾਲ ਉਹ ਸੁਖਾਲੀ ਰੋਟੀ ਖਾਂਦੇ ਰਹਿਣਗੇ।
ਫੇਰ ਸਵੇਰੇ ਹੀ ਵਿਲੀਅਮ ਲੰਚ ਬਾਕਸ ਲੈ ਕੰਮ ‘ਤੇ ਨਿਕਲ ਜਾਂਦਾ। ਉਸ ਦੇ ਘਰੋਂ ਬਾਹਰ ਆਉਣ ਤੋਂ ਪਹਿਲਾਂ ਪਾਰਵਤੀ ਬਗੀਚੇ ਦੇ ਵਾਂਸ ਦੇ ਬਣੇ ਗੇਟ ਦੇ ਕਿਸੇ ਵੀ ਵਾਂਸ ਨੂੰ ਫੜ੍ਹ ਖੜ੍ਹੀ ਹੋ ਜਾਂਦੀ ਅਤੇ ਪਤੀ ਦੀ ਉਡੀਕ ਕਰਨ ਲੱਗਦੀ। ਪਤੀ ਘਰੋਂ ਬਾਹਰ ਨਿਕਲਦਾ ਅਤੇ ਹੌਲੀ ਹੌਲੀ ਟੁਰਿਆ ਜਾਂਦਾ ਦਿਸਦਾ। ਪਾਰਵਤੀ ਉਦੋਂ ਤੀਕ ਉਹਦੀ ਪਿੱਠ ਵੱਲ ਤੱਕਦੀ ਜਦੋਂ ਤੀਕ ਕਿ ਉਹ ਗਲੀ ਦੇ ਛੇ-ਸੱਤ ਘਰ ਟੱਪ ਸੱਜੇ ਪਾਸੇ ਮੁੜਨ ਵਾਲੀ ਥਾਂ ਤੀਕ ਨਾ ਪਹੁੰਚ ਜਾਂਦਾ। ਸੱਜੇ ਪਾਸੇ ਮੁੜਨ ਤੋਂ ਪਹਿਲਾਂ ਉਹ ਇੱਕ ਖਾਸ ਥਾਂ ‘ਤੇ ਖੜ੍ਹਾ ਹੋ ਪਾਰਵਤੀ ਵੱਲ ਵੇਖਦਾ। ਭਾਵੇਂ ਇਸ ਤਰ੍ਹਾਂ ਹੋਣ ‘ਤੇ ਪਾਰਵਤੀ ਪਤੀ ਦੇ ਚਿਹਰੇ ਦੇ ਹਾਵਭਾਵ ਤਾਂ ਨਾ ਪੜ੍ਹ ਪਾਉਂਦੀ, ਉਸ ਦੇ ਜਜ਼ਬਾਤ ਦਾ ਵੀ ਉਸ ਨੂੰ ਕੁਝ ਪਤਾ ਨਾ ਲਗਦਾ, ਪਰ ਪਾਰਵਤੀ ਨੂੰ ਇਹ ਸਭ ਚੰਗਾ ਜ਼ਰੂਰ ਲੱਗਦਾ। ਪਾਰਵਤੀ ਕੁਝ ਚਿਰ ਉਸ ਥਾਂ ਖੜ੍ਹੀ ਰਹਿੰਦੀ। ਫੇਰ ਉਹ ਗੇਟ ਦੇ ਵਾਂਸ ਨੂੰ ਛੱਡ ਘਰ ਅੰਦਰ ਆ ਸੰਝ ਹੋਣ ਤੀਕ ਪਤੀ ਦੀ ਉਡੀਕ ਕਰਨ ਲੱਗਦੀ।
ਹੌਲੀ ਹੌਲੀ ਵਿਲੀਅਮ ਅਤੇ ਪਾਰਵਤੀ ਨੇ ਫਿਊਨਰਲ ਲਈ ਤਿੰਨ ਹਜ਼ਾਰ ਡਾਲਰ ਇਕੱਠੇ ਕਰ ਲਏ। ਉਹ ਦੋਵੇਂ ਬਹੁਤ ਖੁਸ਼ ਸਨ। ਚਾਅ ਜਿਹੇ ਨਾਲ ਭਰੇ ਹੋਏ ਸਨ। ਅੱਜ ਉਨ੍ਹਾਂ ਦੀ ਮੈਰਿਜ ਐਨੀਵਰਸਰੀ ਵੀ ਸੀ। ਵਿਲੀਅਮ ਨੇ ਜਾਣ ਤੋਂ ਪਹਿਲਾਂ ਪਾਰਵਤੀ ਨੂੰ ਅੱਜ ਉਹੀ ਗਾਊਨ ਪਹਿਨਣ ਤੇ ਸ਼ਾਮੀਂ ਤਿਆਰ ਹੋਣ ਲਈ ਆਖਿਆ, ਜੋ ਉਨ੍ਹਾਂ ਪੰਜਾਹ ਵਰ੍ਹੇ ਪਹਿਲਾਂ ਪਹਿਨ ਚਰਚ ਵਿਚ ਵਿਆਹ ਕਰਵਾਇਆ ਸੀ ਤਾਂ ਕਿ ਅੱਜ ਉਹ ਕੰਪਨੀ ਨੂੰ ਤਿੰਨ ਹਜ਼ਾਰ ਡਾਲਰ ਦੇ ਕੇ ਕਫਨ ਲਈ ਆਪਣੀ ਥਾਂ ਪੱਕੀ ਕਰਵਾ ਸਕੇ ਅਤੇ ਹਮੇਸ਼ਾ ਲਈ ਨੌਕਰੀ ਛੱਡ ਦੇਵੇ।
ਪਤੀ ਦੇ ਸ਼ਾਮੀਂ ਮੁੜ ਆਉਣ ਤੋਂ ਪਹਿਲਾਂ ਪਾਰਵਤੀ ਨੇ ਉਹ ਵੈਡਿੰਗ ਗਾਊਨ ਪਹਿਨ ਲਿਆ। ਉਹ ਤਾਂ ਮਾਰਕਿਟ ਤੋਂ ਇੱਕ ਛੋਟਾ ਜਿਹਾ ਕੇਕ ਵੀ ਖਰੀਦ ਲਿਆਈ। ਉਸ ਨੇ ਇੱਕ ਵਾਰੀ ਆਪਣੇ ਆਪ ਨੂੰ ਸ਼ੀਸ਼ੇ ਵਿਚ ਵੇਖਿਆ। ਉਮਰ ਦਰਾਜ਼ ਹੋਣ ‘ਤੇ ਵੀ ਉਹ ਗਾਊਨ ਵਿਚ ਬਹੁਤ ਸੁਹਣੀ ਦਿਸ ਰਹੀ ਸੀ, ਬਹੁਤ ਪਿਆਰੀ ਲੱਗਦੀ ਸੀ। ਉਹ ਬਹੁਤ ਖੁਸ਼ ਵੀ ਸੀ।
ਪਰ ਆਹ ਕੀ? ਵਿਲੀਅਮ ਬਾਹਰੋਂ ਘਰ ਆਇਆ। ਉਸ ਨਾਲ ਕੋਈ ਗੱਲ ਨਾ ਕੀਤੀ। ਉਸ ਨਾਲ ਬੋਲਿਆ ਤੀਕ ਨਹੀਂ। ਉਹ ਤਾਂ ਸਿੱਧਾ ਬੈਡਰੂਮ ‘ਚ ਜਾ ਬਿਸਤਰ ‘ਤੇ ਲੰਮਾ ਪੈ ਗਿਆ। ਪਾਰਵਤੀ ਨੂੰ ਕੁਝ ਸਮਝ ਨਾ ਆਈ। ਉਹ ਤਾਂ ਉਵੇਂ ਹੀ ਸਜੀ ਹੋਈ ਵਿਲੀਅਮ ਕੋਲ ਆ ਉਸ ਵੱਲ ਵੇਖਣ ਲੱਗੀ।
ਬਹੁਤ ਕੁਝ ਕਹਿਣਾ ਚਾਹੁੰਦਿਆਂ ਵੀ ਉਹ ਕੁਝ ਨਾ ਕਹਿ ਸਕੀ। ਪਰ ਜਦੋਂ ਵਿਲੀਅਮ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਵੀ ਕੁਝ ਨਾ ਬੋਲੀ। ਜਦੋਂ ਵਿਲੀਅਮ ਤਿੰਨ ਹਜ਼ਾਰ ਡਾਲਰ ਕੰਪਨੀ ਅੱਗੇ ਜਮ੍ਹਾਂ ਕਰਵਾਉਣ ਗਿਆ ਤਾਂ ਉਸ ਨੇ ਕੰਪਨੀ ਅੱਗੇ ਇੱਕ ਸ਼ਰਤ ਰੱਖ ਦਿੱਤੀ ਕਿ ਉਨ੍ਹਾਂ ਦੋਹਾਂ ਦੇ ਕਫਨ ਨਾਲ ਨਾਲ ਜੋੜ ਕੇ ਦਫਨ ਕੀਤੇ ਜਾਣ ਤਾਂਕਿ ਜਦੋਂ ਵੀ ਉਨ੍ਹਾਂ ਦਾ ਮਨ ਕਰੇ ਉਹ ਇੱਕ ਦੂਜੇ ਨਾਲ ਮਿਲ ਲੈਣ, ਜਦੋਂ ਉਨ੍ਹਾਂ ਦਾ ਮਨ ਕਰੇ ਇੱਕ ਦੂਜੇ ਨਾਲ ਗੱਲਾਂ ਕਰ ਲੈਣ, ਜਦੋਂ ਮਨ ਕਰੇ ਇੱਕ ਦੂਜੇ ਨੂੰ ਛੋਹ ਕੇ ਵੇਖ ਲੈਣ।
ਪਰ ਇਸ ਖਾਤਰ ਵਿਲੀਅਮ ਨੂੰ ਕੰਪਨੀ ਨੇ ਤਿੰਨ ਸੌ ਡਾਲਰ ਵੱਧ ਦੇਣ ਲਈ ਆਖਿਆ। ਉਹ ਫੇਰ ਆਪਣੀ ਮੈਰਿਜ ਐਨਿਵਰਸਰੀ ਨਹੀਂ ਮਨਾ ਸਕੇ। ਉਨ੍ਹਾਂ ਦੇ ਮਨ ਦੀਆਂ ਗੱਲਾਂ, ਉਨ੍ਹਾਂ ਦੇ ਸਾਰੇ ਚਾਅ ਧਰੇ ਹੀ ਰਹਿ ਗਏ ਕਿਉਂਕਿ ਵਿਲੀਅਮ ਨੂੰ ਹੁਣ ਤਿੰਨ ਸੌ ਡਾਲਰ ਹੋਰ ਕਮਾਉਣ ਲਈ ਮੁੜ ਪੰਦਰਾਂ ਦਿਨ ਕੰਮ ‘ਤੇ ਹੋਰ ਜਾਣਾ ਪਏਗਾ।
ਅਗਲੀ ਸਵੇਰ ਜਦੋਂ ਵਿਲੀਅਮ ਕੰਮ ‘ਤੇ ਜਾਣ ਨੂੰ ਤਿਆਰ ਹੋਇਆ ਤਾਂ ਪਾਰਵਤੀ ਪਹਿਲਾਂ ਵਾਂਗ ਬਾਹਰ ਆ ਬਗੀਚੇ ਦੇ ਵਾਂਸ ਵਾਲੇ ਗੇਟ ਨੂੰ ਫੜ੍ਹ ਖੜ੍ਹੀ ਹੋ ਗਈ। ਉਸ ਨੇ ਵੇਖਿਆ, ਵਿਲੀਅਮ ਰੋਜ਼ ਵਾਂਗ ਆਪਣਾ ਲੰਚ ਬਾਕਸ ਫੜ੍ਹੀ ਟੁਰਿਆ ਜਾ ਰਿਹਾ ਸੀ। ਹੌਲੀ ਹੌਲੀ ਟੁਰਦਾ ਉਹ ਛੇ ਸੱਤ ਘਰ ਪਾਰ ਕਰ ਗਿਆ। ਪਾਰਵਤੀ ਦੀ ਨਜ਼ਰ ਉਸ ਦੇ ਟੁਰੇ ਜਾਂਦੇ ਦਾ ਪਿੱਛਾ ਕਰ ਰਹੀ ਸੀ। ਵਿਲੀਅਮ ਉਹ ਸਾਰੇ ਘਰ ਪਾਰ ਕਰਦਾ ਉਸ ਥਾਂ ‘ਤੇ ਪਹੁੰਚ ਗਿਆ ਜਿੱਥੇ ਗਲੀ ਦਾ ਮੋੜ ਮੁੜਨ ਤੋਂ ਪਹਿਲਾਂ ਉਹ ਕੁਝ ਚਿਰ ਰੁਕਦਾ ਸੀ, ਤੇ ਪਾਰਵਤੀ ਵੱਲ ਵੇਖਦਾ ਸੀ। ਤਦ ਉਹਦੇ ਚਿਹਰੇ ਦੇ ਭਾਵ ਨਹੀਂ ਦਿਸਦੇ ਸਨ, ਪਰ ਅੱਜ ਇਸ ਤਰ੍ਹਾਂ ਨਾ ਹੋਇਆ। ਮੋੜ ‘ਤੇ ਪਹੁੰਚ ਵਿਲੀਅਮ ਨੇ ਪਾਰਵਤੀ ਵੱਲ ਵੇਖਿਆ ਤੀਕ ਨਾ ਸਗੋਂ ਉਹ ਤਾਂ ਸੱਜੇ ਪਾਸੇ ਮੁੜ ਅੱਖਾਂ ਤੋਂ ਓਝਲ ਹੋ ਗਿਆ। ਪਾਰਵਤੀ ਵੱਲ ਵੇਖੇ ਬਿਨਾ ਅੱਖਾਂ ਤੋਂ ਓਹਲੇ ਹੋ ਗਿਆ।
ਪਾਰਵਤੀ ਖਾਸਾ ਚਿਰ ਬਗੀਚੇ ਦੇ ਵਾਂਸ ਵਾਲੇ ਗੇਟ ਨੂੰ ਫੜ੍ਹੀ ਖੜ੍ਹੀ ਰਹੀ ਅਤੇ ਫੇਰ ਚੁੱਪਚਾਪ ਘਰ ਅੰਦਰ ਆ ਸੰਝ ਹੋਣ ਦਾ ਇੰਤਜ਼ਾਰ ਕਰਨ ਲੱਗੀ, ਜਦੋਂ ਉਸ ਦੇ ਪਤੀ ਨੇ ਕੰਮ ਤੋਂ ਮੁੜਨਾ ਸੀ।