ਖੁਸ਼ੀ ਦੀ ਖਬਰ

ਪ੍ਰੋ. ਲਖਬੀਰ ਸਿੰਘ
ਫੋਨ: 91-98148-66230
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮਾਰਚ 2007 ਵਿਚ ਜਦੋਂ ਪਹਿਲੇ ਪੜਾਅ ਦਾ ਇਲਾਜ ਮੁਕੰਮਲ ਹੋ ਗਿਆ ਤਾਂ ਸਾਰੇ ਟੈਸਟ ਮੁੜ ਕੀਤੇ ਗਏ ਤਾਂ ਜੋ ਬੀਮਾਰੀ ਨੂੰ ਸਮਝ ਕੇ ਅਗਲੇ ਪੜਾਅ ਦਾ ਇਲਾਜ ਸ਼ੁਰੂ ਹੋ ਸਕੇ। ਅਪਰੈਲ 2007 ਵਿਚ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਦੇ ਦੌਰ ਦੀ ਜਾਂਚ ਹੋਈ। ਟੈਸਟਾਂ ਦੀਆਂ ਰਿਪੋਰਟਾਂ ਬੜੀਆਂ ਹੌਸਲਾ ਵਧਾਊ ਆਈਆਂ ਸਨ। ਕੈਂਸਰ 80 ਪ੍ਰਤੀਸ਼ਤ ਹਾਰ ਗਿਆ ਤੇ ਡਾਕਟਰ ਕਹਿੰਦੇ, ਵਕਤੀ ਤੌਰ Ḕਤੇ ਬੀਮਾਰੀ ਘਟ ਗਈ ਹੈ। ਕੈਂਸਰ ਦੀ ਹਾਲਤ ਵਿਚ ਰੀਮਿਸ਼ਨ ਸ਼ਬਦ ਵਰਤਿਆ ਜਾਂਦਾ ਹੈ। ਇਲਾਜ ਕੰਮ ਨਾ ਕਰੇ ਤਾਂ ਨੋ ਰੀਮਿਸ਼ਨ, ਘੱਟ ਕਰੇ ਤਾਂ ਪੂਅਰ ਰੀਮਿਸ਼ਨ।

ਬੀਮਾਰੀ ਖਤਮ ਹੋ ਜਾਵੇ ਤਾਂ ਡਾਕਟਰ ਅਤੇ ਮੈਡੀਕਲ ਸਾਇੰਸ ਗੁੱਡ ਰੀਮਿਸ਼ਨ ਦਾ ਦਰਜਾ ਦਿੰਦੀ ਹੈ। ਕੀਮੋਥੈਰੇਪੀ ਤੇ ਰੇਡੀਓਥੈਰੇਪੀ ਦੇ ਚੰਗੇ ਅਸਰ ਨੇ ਮੇਰੀ ਇੱਛਾ ਸ਼ਕਤੀ, ਹਿੰਮਤ ਅਤੇ ਹੌਂਸਲਾ ਹੋਰ ਵਧਾਏ। ਲਗਾਤਾਰ ਰੇਡੀਓਥੈਰੇਪੀ ਦੇ ਮਾਰੂ ਅਸਰਾਂ ਅਤੇ ਕੀਮੋਥੈਰੇਪੀ ਨੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ ਤੇ ਸਰੀਰ ‘ਤੇ ਸੋਜਿਸ਼ ਆ ਗਈ, ਪਰ ਬਿਸਤਰ ਤੋਂ ਉਠ ਬਹਾਰ ਨਿਕਲਣ ਅਤੇ ਕੰਮ ਕਰਨ ਦੀ ਹਿੰਮਤ ਬਰਕਰਾਰ ਸੀ।
ਅਪਰੈਲ ‘ਚ ਵਿਸ਼ਵ ਸਿਹਤ ਦਿਵਸ ਹੁੰਦਾ ਹੈ। ਸਰਕਾਰੀ ਹਸਪਤਾਲ ਚਿੱਠੀ ਭੇਜ ਕੇ ‘ਪਹਿਲ’ ਵੱਲੋਂ ਸਰਕਾਰੀ ਸੈਕੰਡਰੀ ਸਕੂਲ, ਮਕਸੂਦਾਂ ‘ਚ ਡਾਕਟਰੀ ਜਾਂਚ ਕੈਂਪ ਲਾਇਆ ਗਿਆ। ਹਲਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਮੁੱਖ ਮਹਿਮਾਨ ਸਨ। ਸਿਵਲ ਹਸਪਤਾਲ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਵਕਤ ਸਿਰ ਕੈਂਪ ਵਿਚ ਪਹੁੰਚ ਗਏ। ਮੈਂ ਖੁਦ ਤਿਆਰ ਹੋ ਕੇ, ਪਿੱਠ ਨੂੰ ਸਹਾਇਤਾ ਦੇਣ ਲਈ ਟੇਲਰਜ਼ ਬਰੇਸ ਲਾ ਕੇ ਡਾਕਟਰਾਂ ਦੀਆਂ ਟੀਮਾਂ ਤੋਂ ਪਹਿਲਾਂ ਕੈਂਪ ਵਾਲੀ ਥਾਂ ਸਭ ਦੇ ਸਵਾਗਤ ਲਈ ਖੜ੍ਹਾ ਸਾਂ। ਮੈਂ ਪੂਰਾ ਸਮਾਂ ਕੈਂਪ ਵਿਚ ਰਿਹਾ ਤੇ ਲੋੜਵੰਦ ਬਾਲਾਂ ਨੂੰ ਹੱਥੀਂ ਦੰਦ ਬ੍ਰਸ਼ ਤੇ ਟੁਥ ਪੇਸਟ ਦਿੱਤੇ। ਇਨ੍ਹੀਂ ਦਿਨੀਂ ਵਿਸ਼ਵ ਵਿਰਾਸਤ ਦਿਵਸ ਸੀ। ਜੀ. ਟੀ. ਰੋਡ ‘ਤੇ ਜਾ ਕੇ ਖੁਦ Ḕਪਹਿਲ’ ਦਾ ਇਕ ਗਰੁਪ ਸਾਹਿਤਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਵਸਾਏ ਪਿੰਡ ਪ੍ਰੀਤ ਨਗਰ ਦੀ ਯਾਤਰਾ ਲਈ ਰਵਾਨਾ ਕੀਤਾ। ਇੰਜ ਮੈਂ ਸਮਾਜਕ ਕੰਮਾਂ ਦੀ ਫਿਰ ਤੋਂ ਸ਼ੁਰੂਆਤ ਕਰ ਦਿੱਤੀ।
ਜ਼ਿੰਦਗੀ ਮੌਤ ਦਾ ਸਵਾਲ: ਕਈ ਡਾਕਟਰਾਂ ਨੇ ਬੋਨ ਮੈਰੋ ਟਰਾਂਸਪਲਾਂਟ ਦੀ ਸਲਾਹ ਦਿੱਤੀ। ਇਹ ਇਲਾਜ ਦਾ ਅਗਲਾ ਪੜਾਅ ਸੀ-ਆਟੋਲੋਗਸ ਸਟੈਮ ਸੈਲ ਟਰਾਂਸਪਲਾਂਟ। ਬੋਨ ਮੈਰੋ ਟਰਾਂਸਪਲਾਂਟ ਕਈ ਕਿਸਮ ਦਾ ਹੈ। ਸਭ ਤੋਂ ਵੱਧ ਅਸਰਦਾਰ ਆਟੋਲੋਗਸ ਸਟੈਮ ਸੈਲ ਟਰਾਂਸਪਲਾਂਟ ਹੈ। ਮੈਂ ਇਸ ਬਾਰੇ ਅਮਰੀਕਾ ਦੀ ਇਕ ਸੰਸਥਾ ਇੰਟਰਨੈਸ਼ਨਲ ਮਾਈਲੋਮਾ ਫਾਊਂਡੇਸ਼ਨ ਵਲੋਂ ਆਏ ਸਾਹਿਤ ਵਿਚੋਂ ਵਿਸਥਾਰ ਨਾਲ ਪੜ੍ਹਿਆ ਹੋਣ ਕਰਕੇ ਕੁਝ ਡਰਦਾ ਸਾਂ, ਕਿਉਂਕਿ ਮੈਨੂੰ ਇਹ ਬਹੁਤ ਔਖਾ ਲੱਗਦਾ ਸੀ। ਹਰਵਿੰਦਰ ਅਤੇ ਹੋਰ ਨਜ਼ਦੀਕੀ ਕਹਿੰਦੇ ਤਾਂ ਮੈਂ ਟਾਲਦਾ ਸਾਂ। ਹੋਰ ਪੜ੍ਹ ਕੇ ਇਸ ਫੈਸਲੇ Ḕਤੇ ਪਹੁੰਚਿਆ ਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ। ਇਹ ਸੂਖਮ ਅਤੇ ਵਿਸਤ੍ਰਿਤ ਜਾਣਕਾਰੀ ਹਰਵਿੰਦਰ ਨੂੰ ਪੜ੍ਹਾਈ। ਉਹ ਡਰ ਗਈ।
ਦਿੱਲੀ ਏਮਜ਼ ਤੋਂ ਬੋਨ ਮੈਰੋ ਟਰਾਂਸਪਲਾਂਟ ਕਰਾਉਣ ਦਾ ਫੈਸਲਾ ਇਸ ਕਰਕੇ ਲਿਆ ਕਿਉਂਕਿ ਉਨ੍ਹੀਂ ਸਾਲੀਂ ਭਾਰਤ ਵਿਚ 6 ਵੱਡੇ ਹਸਪਤਾਲਾਂ ਵਿਚ ਹੀ ਟਰਾਂਸਪਲਾਂਟ ਹੁੰਦਾ ਸੀ। ਉਥੇ ਬਾਹਰੋਂ ਹੋਏ ਟੈਸਟਾਂ ਦੀਆਂ ਰਿਪੋਰਟਾਂ ‘ਤੇ ਵਿਸ਼ਵਾਸ ਨਹੀਂ ਸੀ ਕੀਤਾ ਜਾਂਦਾ, ਸਾਰੇ ਟੈਸਟ ਏਮਜ਼ ਵਿਚ ਹੀ ਕੀਤੇ ਜਾਂਦੇ। ਮੈਂ ਅਪਰੈਲ 2007 ਵਿਚ ਸਾਰੇ ਟੈਸਟ ਕਰਾ ਲਏ। ਮਨਸੂਬਾ ਇਹ ਬਣਿਆ ਕਿ ਮੈਂ 8 ਮਈ 2007 ਨੂੰ ਦਿੱਲੀ ਰਵਾਨਾ ਹੋਵਾਂਗਾ। ਡਾਕਟਰਾਂ ਨਾਲ ਗੱਲਬਾਤ ਹੋ ਚੁਕੀ ਸੀ, ਸ਼ਰਤ ਇਹ ਕਿ ਦਾਖਲ ਖੁਦ ਦੇ ਯਤਨਾਂ ਨਾਲ ਹੋਣਾ ਹੈ ਤੇ ਟਰਾਂਸਪਲਾਂਟ ਡਾਕਟਰ ਕਰ ਦੇਣਗੇ।
8 ਮਈ ਵਿਸ਼ਵ ਰੈਡ ਕਰਾਸ ਦਿਵਸ ਹੁੰਦਾ ਹੈ, ਜੋ Ḕਪਹਿਲ’ ਹਰ ਸਾਲ ਮਨਾਉਂਦੀ ਹੈ। ਮੈਂ ਇਕ ਦਿਨ ਪਹਿਲਾਂ ਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਸ਼ਮੀ ਮਿੱਤਲ ਨੂੰ ਮਿਲ ਕੇ 7 ਮਈ ਨੂੰ ਵਿਸ਼ਵ ਰੈਡ ਕਰਾਸ ਦਿਵਸ ਮਨਾਉਣ ਦਾ ਪ੍ਰੋਗਰਾਮ ਬਣਾ ਲਿਆ। ਵਿਦਿਆਰਥੀਆਂ ਦੇ ਖਚਾਖਚ ਭਰੇ ਹਾਲ ਵਿਚ ਪ੍ਰੇਰਨਾ ਭਾਸ਼ਣ ਦਿੱਤਾ। ਜਦ ਘਰ ਪੁੱਜਾ ਤਾਂ ਘਰ ਦੀ ਲਾਬੀ ਰੀਕਾਰਡਿੰਗ ਸਟੂਡੀਓ ਬਣੀ ਹੋਈ-ਲਾਈਟਾਂ, ਪਰਦੇ ਤੇ ਵਿਸ਼ੇਸ਼ ਸੈਟ। ਉਨ੍ਹੀਂ ਦਿਨੀਂ ਇੰਗਲੈਂਡ ਦਾ ਇਕ ਚੈਨਲ Ḕਰੰਗਲਾ ਪੰਜਾਬ’ ਪ੍ਰੋਗਰਾਮ ਪੇਸ਼ ਕਰਦਾ ਸੀ ਤੇ ਉਸ ਵਿਚ ਹਫਤਾਵਾਰੀ ਕੱਟ ਹੁੰਦਾ ਸੀ, Ḕਸ਼ਾਨ ਪੰਜਾਬ ਦੀ।’ ਇਸ ਪ੍ਰੋਗਰਾਮ ਵਿਚ ਪੰਜਾਬ ਦੀ ਕਿਸੇ ਹਸਤੀ ਨੂੰ ਪੇਸ਼ ਕੀਤਾ ਜਾਂਦਾ ਸੀ। ਇਸ ਪ੍ਰੋਗਰਾਮ ਲਈ ਮੇਰੀ ਚੋਣ ਹੋਈ ਅਤੇ ਉਸੇ ਦਿਨ ਇਸ ਵਾਸਤੇ ਮੈਨੂੰ ਰੀਕਾਰਡ ਕੀਤਾ ਜਾਣਾ ਸੀ। ਐਂਕਰ ਸਨ, ਕੌਮਾਂਤਰੀ ਪ੍ਰਸਿੱਧੀ ਵਾਲੇ ਜੋਅ ਬਾਠ, 6 ਫੁੱਟ ਤੋਂ ਕਿਤੇ ਵੱਧ ਕੱਦ ਤੇ ਵੱਡਾ ਜੁੱਸਾ।
ਦੂਜੇ ਪਾਸੇ ਜ਼ਿੰਦਗੀ ਤੇ ਮੌਤ ਦੇ ਵੱਡੇ ਫੈਸਲੇ ਬਾਰੇ ਅੰਤਿਮ ਨਿਰਣਾ, ਬਹੁਤ ਸਾਰੇ ਕੰਮ, ਘਰ-ਘਾਟ, ਬਾਲ-ਬੱਚੇ, ਆਰ-ਪਰਿਵਾਰ ਸਭ ਕੁਝ ਛੱਡ ਬੜੀ ਖੌਫਨਾਕ ਪ੍ਰਕ੍ਰਿਆ ਬੋਨ ਮੈਰੋ ਟਰਾਂਸਪਲਾਂਟ ਲਈ ਦਿੱਲੀ ਵੱਲ ਕੂਚ, ਜਿਸ ਦੇ ਸਿੱਟੇ ਨਾਜ਼ੁਕ ਤੇ ਖਤਰਨਾਕ ਹੋਣ ਦੀ ਸੰਭਾਵਨਾ ਵੀ ਸੀ, ਤੇ ਜੇਤੂ ਬਣ ਨਵੀਂ ਜ਼ਿੰਦਗੀ ਲੈ ਵਾਪਸ ਆਉਣ ਦੀ ਸੰਭਾਵਨਾ ਵੀ।
ਸੁਨਹਿਰੀ ਦਿਲ ਵਾਲਾ ਡਾਕਟਰ: ਇਕ ਵੱਡਾ ਕਾਰਨ ਮਾਹਿਰ ਡਾਕਟਰ ਲਲਿਤ ਕੁਮਾਰ, ਜੋ ਅਤਿ ਜਹੀਨ-ਤਰੀਨ ਸ਼ਖਸੀਅਤ, ਹਰ ਕਿਸੇ ਦੀ ਸੁਣਨ ਵਾਲਾ, ਦਿਲ-ਦਿਮਾਗ ਨਾਲ ਇਲਾਜ ਲਈ ਜੁਟਿਆ। ਸਮਾਂ, ਤਨਖਾਹ ਉਨ੍ਹਾਂ ਲਈ ਅਹਿਮ ਨਹੀਂ ਸੀ, ਬਸ ਕੰਮ ਦੀ ਲਗਨ ਅਤੇ ਕੰਮ ਵਿਚੋਂ ਖੁਸ਼ੀਆਂ। ਡਾ. ਲਲਿਤ ਬਿਨਾ ਕਿਸੇ ਭਿੰਨ-ਭੇਦ ਦੇ ਹਰ ਕਿਸੇ ਮਰੀਜ਼ ਨੂੰ ਇਕੋ ਜਿਹੀ ਤਵੱਜੋ ਦਿੰਦੇ। ਇਕ ਹੋਰ ਵੱਡੀ ਗੱਲ ਉਨ੍ਹਾਂ ਵਿਚ ਇਹ ਸੀ ਕਿ ਉਸ ਵਕਤ ਤੱਕ, ਸ਼ਾਇਦ ਅੱਜ ਤੱਕ ਵੀ, ਸਭ ਤੋਂ ਵੱਧ ਬੋਨ ਮੈਰੋ ਟਰਾਂਸਪਲਾਂਟ ਕਰਨ ਦਾ ਤਜ਼ਰਬਾ ਡਾ. ਲਲਿਤ ਕੋਲ ਸੀ। ਉਨ੍ਹਾਂ ਦੀ ਸਮੁੱਚੀ ਸਿਖਿਆ, ਖੋਜ ਇਸ ਤੱਥ ‘ਤੇ ਨਿਰਭਰ ਰਹੀ ਕਿ ਕੈਂਸਰ ਦਾ ਘੱਟ ਖਰਚ ਨਾਲ ਇਲਾਜ ਕਿਵੇਂ ਹੋ ਸਕਦਾ ਹੈ।
ਮੈਂ ਬਿਨਾ ਅਪੁਆਇੰਟਮੈਂਟ ਲਏ, ਘਰਵਾਲੀ ਤੇ ਉਸ ਦੇ ਭਾਈ ਸਮੇਤ ਅਪਰੈਲ 2007 ਦੇ ਇਕ ਦਿਨ ਭੀਮ ਰਾਓ ਅੰਬੇਦਕਰ ਅੰਤਰਰਾਸ਼ਟਰੀ ਰੋਟਰੀ ਕੈਂਸਰ ਏਮਜ਼ ਹਸਪਤਾਲ, ਦਿੱਲੀ ਪਹੁੰਚ ਗਿਆ। ਉਂਜ ਹੀ ਕਿਸੇ ਵਿਅਕਤੀ ਨੂੰ ਏਮਜ਼ ਵਿਚ ਕਿਸੇ ਡਾਕਟਰ ਨੂੰ ਮਿਲਣ ਬਾਰੇ ਪੁੱਛਿਆ ਤੇ ਅੱਗੋਂ ਖਚਰੀ ਹਾਸੀ ਵਾਲਾ ਜੁਆਬ ਮਿਲਿਆ, “ਏਮਜ਼, ਤੇ ਬਿਨਾ ਅਪੁਆਇੰਟਮੈਂਟ?” ਤੇ ਉਹ ਮੇਰੀ ਨਾਦਾਨੀ ਨੂੰ ਦੰਦ ਚਿੜਾਉਂਦਾ ਚਲਦਾ ਬਣਿਆ। ਮੈਂ ਇਕ ਸਿਸਟਰ ਨੂੰ ਪੁੱਛਿਆ ਕਿ ਕੋਈ ਐਸਾ ਡਾਕਟਰ ਜੋ ਤੁਰਿਆ ਜਾਂਦਾ ਗੱਲ ਸੁਣ ਲੈਂਦਾ ਹੈ? ਹਵਾਲਾ ਦੂਹਰਾ ਹੋ ਗਿਆ, ਡਾ. ਲਲਿਤ ਕੁਮਾਰ। ਮੈਂ ਕਮਰਾ ਪੁੱਛ ਕੇ ਪਹੁੰਚ ਗਿਆ ਤੇ ਅੰਦਰ ਖੋਜ-ਕਾਰਜ ਵਿਚ ਖੁੱਭੀ ਬੈਠੀ ਸੰਭਾਵੀ ਡਾਕਟਰ ਨੂੰ ਪੁੱਛਿਆ, ਕਹਿੰਦੀ ਸਰ ਕਲਾਸ ਖਤਮ ਕਰਕੇ ਇਥੇ ਆਉਣਗੇ। ਇਕ ਜੈਂਟਲਮੈਨ ਕਮਰੇ Ḕਚ ਦਾਖਲ ਹੁੰਦਾ ਦੇਖ ਝੱਟ ਦੇਣੀ ਮਗਰ ਚਲਾ ਗਿਆ। ਡਾ. ਲਲਿਤ ਕੁਮਾਰ ਉਸ ਲੜਕੀ ਨੂੰ ਕਹਿੰਦੇ ਕਿ ਇਨ੍ਹਾਂ ਨੂੰ ਮੇਰੇ ਬੋਰਡ ਰੂਮ Ḕਚ ਬਿਠਾ ਦਿਓ। 10 ਮਿੰਟ ਬਾਅਦ ਹੱਥ Ḕਚ ਇਕ ਪੈਡ ਫੜ੍ਹੀ ਮੇਰੇ ਕੋਲ ਆਏ। ਮਲਟੀਪਲ ਮਾਈਲੋਮਾ ਕੈਂਸਰ ਬਾਰੇ ਸਾਰੀ ਵਾਕਫੀ 45 ਮਿੰਟ ਦੇ ਇਕ ਪੀਰੀਅਡ ਜਿੰਨੇ ਸਮੇਂ Ḕਚ ਮੇਰੇ ਖਾਨੇ Ḕਚ ਪਾਈ। ਮੈਂ ਕਿਹਾ, ਡਾ. ਸਾਹਿਬ ਮੇਰਾ ਇਲਾਜ ਹੁਣ ਤੁਸਾਂ ਹੀ ਕਰਨਾ ਹੈ। ਕਹਿੰਦੇ, “ਮੈਂ ਪਹਿਲਾਂ ਹੀ ਲੋੜ ਤੋਂ ਵੱਧ ਮਰੀਜ਼ ਆਪਣੇ ਕੋਲ ਦਾਖਲ ਕੀਤੇ ਹੋਏ ਹਨ। ਹੋਰ ਕਰ ਹੀ ਨਹੀਂ ਸਕਦਾ। ਹਾਂ, ਤੁਸੀਂ ਦਾਖਲ ਹੋ ਜਾਓ, ਮੈਂ ਤੁਹਾਡਾ ਇਲਾਜ (ਬੋਨ ਮੈਰੋ ਟਰਾਂਸਪਲਾਂਟ) ਕਰ ਦਿਆਂਗਾ।”
ਓ. ਪੀ. ਡੀ. ਸਲਿਪ ਬਣਾ ਕੇ ਮੈਂ ਘਰੋਂ ਜਾ ਕੇ ਦੋ ਹਫਤਿਆਂ ਵਿਚ ਆਪਣੀ ਪ੍ਰੋਗਨੋਸਿਸ ਰਿਪੋਰਟ ਤਿਆਰ ਕਰਾ ਲਈ ਤੇ ਇੰਜ ਬੋਨ ਮੈਰੋ ਟਰਾਂਸਪਲਾਂਟ ਲਈ ਪਿਠਭੂਮੀ ਤਿਆਰ ਹੋ ਗਈ। ਡਾ. ਲਲਿਤ ਕੁਮਾਰ ਨਾਲ ਪਹਿਲੀ ਮੁਲਾਕਾਤ ਦਾ ਪਿਆ ਪ੍ਰਭਾਵ ਦਿਨ-ਬ-ਦਿਨ ਗਹਿਰਾ ਹੀ ਹੁੰਦਾ ਗਿਆ। ਟਰਾਂਸਪਲਾਂਟ ਦੌਰਾਨ ਉਨ੍ਹਾਂ ਵਧੇਰੇ ਸਮਾਂ ਮੇਰੇ ਕਮਰੇ ਵਿਚ ਬਿਤਾਉਣਾ। ਉਹ ਕਦੇ ਕਦਾਈਂ ਸਾਹਿਤਕ ਵੇਰਵੇ ਵੀ ਦਿੰਦੇ, ਖਾਸ ਕਰ ਮਾਨਵਵਾਦੀ ਸਾਹਿਤ ਦੇ। ਉਨ੍ਹਾਂ ਦੀ ਸ਼ਖਸੀਅਤ ਮੈਨੂੰ ਬੜਾ ਪ੍ਰਭਾਵਿਤ ਕਰਦੀ।
ਇਮਤਿਹਾਨ ਦਰ ਇਮਤਿਹਾਨ: ਬੋਨ ਮੈਰੋ ਟਰਾਂਸਪਲਾਂਟ ਵਿਚ ਬੰਦੇ ਨੂੰ ਇਕ ਵਾਰ ਜ਼ੀਰੋ ਕਰਕੇ ਮੁੜ ਜੀਣ ਯੋਗ ਬਣਾਇਆ ਜਾਂਦਾ ਹੈ। ਇੰਨਾ ਵੱਡਾ ਕ੍ਰਿਸ਼ਮਾ ਕਰਨ ਲਈ ਬੰਦੇ ਦੀਆਂ ਖਾਹਿਸ਼ਾਂ ਪੁੱਛੀਆਂ ਜਾਂਦੀਆਂ ਹਨ। ਜਦੋਂ ਮੇਰੀ ਪ੍ਰੋਗਨੋਸਿਸ ਰਿਪੋਰਟ ਤਿਆਰ ਹੋ ਗਈ ਤਾਂ ਦਾਖਲ ਹੋਣ ਤੋਂ ਵੀ ਪਹਿਲਾਂ ਟਰਾਂਸਪਲਾਂਟ ਕਰਨ ਦਾ ਫੈਸਲਾ ਅੰਤਿਮ ਹਾਂ-ਪੱਖੀ ਹੋ ਗਿਆ ਸੀ। ਡਾਕਟਰ ਨਾਲ ਹਰ ਪੱਧਰ ਦੇ ਜ਼ਿੰਦਗੀ-ਮੌਤ ਦੀ ਖੇਡ ਦੇ ਸਵਾਲ ਡਿਸਕਸ ਹੋ ਚੁਕੇ ਸਨ। ਸਭ ਕੁਝ ਤੈਅ ਹੋਣ ‘ਤੇ ਡਾ. ਲਲਿਤ ਨੇ ਪੈਰਾ ਮੈਡੀਕਲ ਸਟਾਫ ਦੀ ਡਿਊਟੀ ਲਾਈ ਕਿ ਉਹ ਮੈਨੂੰ ਇਕ ਕਮਰਾ ਦਿਖਾ ਦੇਣ, ਜਿਸ ‘ਚ ਮੇਰਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਜਾਣਾ ਹੈ। ਲਿਫਟ ਦੇ ਮਾਧਿਅਮ ਨਾਲ ਮੈਂ ਤੇ ਹਰਵਿੰਦਰ ਉਸ ਕਮਰੇ ‘ਚ ਦਾਖਲ ਹੋਣ ਲੱਗੇ ਤਾਂ ਵਾਰਡ ਸਿਸਟਰ ਨੇ ਇਕ ਦਮ ਸਾਨੂੰ ਰੋਕ ਕੇ ਚੰਦ ਕੁ ਪਲ ਉਡੀਕਣ ਲਈ ਕਿਹਾ। ਅੱਗੋਂ ਇਕ ਸਟਰੈਚਰ ਬਾਹਰ ਨਿਕਲਦਾ ਹੈ, ਜਿਸ ਉਤੇ ਇਕ ਡੈਡਬਾਡੀ ਪੂਰੇ ਸਨਮਾਨ ਨਾਲ ਢਕ ਕੇ ਬਾਹਰ ਆਉਂਦੀ ਹੈ ਤੇ ਪਿਛੋਂ ਸਿਸਟਰ ਸਾਨੂੰ ਕਮਰੇ ਅੰਦਰ ਜਾਣ ਦਾ ਇਸ਼ਾਰਾ ਕਰਦੀ ਹੈ। ਅਸੀਂ ਕਮਰੇ ‘ਚ ਦਾਖਲ ਤਾਂ ਹੋ ਗਏ, ਪਰ ਮੌਤ ਦੇ ਪਰਮ ਸੱਚ ਨੂੰ ਨਤਮਸਤਕ ਹੁੰਦੇ ਦੋਹਾਂ ਨੇ ਨਮ ਅੱਖਾਂ ਨਾਲ ਵਿਛੜੀ ਆਤਮਾ ਨੂੰ ਸ਼ਰਧਾ ਸੁਮਨ ਚੁੱਪ-ਚੁਪੀਤਿਆਂ ਅਰਪਿਤ ਕੀਤੇ।
ਬੜੀ ਲੰਬੀ ਕਸ਼ਮਕਸ਼ ਪਿਛੋਂ ਕਮਰਾ ਮਿਲਿਆ ਤਾਂ ਉਹੀ ਮਿਲਿਆ ਜਿਸ ਕਮਰੇ ‘ਚੋਂ ਅਸੀਂ ਅਣਪਛਾਤੀ ਲਾਸ਼ ਨੂੰ ਵਿਦਾਇਗੀ ਦਿੱਤੀ ਸੀ। ਜਦੋਂ ਉਸ ਕਮਰੇ Ḕਚ ਅਸੀਂ ਅੱਖਾਂ ਮਿਲਾ ਕੇ ਚੁੱਪ ਦੀ ਭਾਸ਼ਾ Ḕਚ ਗੱਲ ਕੀਤੀ ਤਾਂ ਮੈਂ ਖੁਦ ਨਾਲ ਇਕ ਵਾਅਦਾ ਕੀਤਾ, ‘ਲਖਬੀਰ ਤੂੰ ਇਥੋਂ ਆਪ ਚੱਲ ਕੇ ਹੀ ਬਾਹਰ ਨਿਕਲਣਾ ਹੈ। ਸਟਰੈਚਰ ਉਤੇ ਬੇਸਾਹ ਹੋ ਕੇ, ਲੇਟ ਕੇ ਨਹੀਂ।’
ਟਰਾਂਸਪਲਾਂਟ Ḕਚ ਬਹੁਤ ਮੁਸ਼ਕਿਲਾਂ ਆਈਆਂ ਪਰ ਹਰ ਪੜਾਅ ਕਾਮਯਾਬੀ ਨਾਲ ਪੂਰਾ ਹੁੰਦਾ ਗਿਆ। ਇਸ ਸਭ ਕਾਸੇ ਵਿਚ ਮੈਨੂੰ ਆਪਣਾ ਆਪ ‘ਜ਼ਿੰਦਗੀ ਜ਼ਿੰਦਾਬਾਦ’ ਦੀ ਕਹਾਣੀ ਦਾ ਮੁੱਖ ਪਾਤਰ ਹੀ ਲੱਗਣ ਲੱਗ ਪਿਆ। ਕਿੰਨੀਆਂ ਮੁਸ਼ਕਿਲ ਘਾਟੀਆਂ ਲੰਘਣੀਆਂ ਪਈਆਂ ਲੇਕਿਨ ਅੰਤ ਨੂੰ ਜਿੱਤ ਹੀ ਮਿਲਦੀ ਰਹੀ।
ਏਮਜ਼ ਵਿਚ ਦਾਖਲਾ: ਪੀ. ਜੀ. ਆਈ., ਚੰਡੀਗੜ੍ਹ ਅਤੇ ਦਿੱਲੀ ਦੇ ਏਮਜ਼ ਜਿਹੇ ਹਸਪਤਾਲ ਵਿਚ ਛੋਟੀ-ਮੋਟੀ ਬੀਮਾਰੀ ਵਾਲੇ ਮਰੀਜ਼ ਕਦੀ ਨਹੀਂ ਜਾਂਦੇ। ਮੇਰੀ ਸੋਚ ਕੁਝ ਹੋਰ ਸੀ ਕਿ ਏਮਜ਼ ਤੋਂ ਬਿਹਤਰ ਤੇ ਸਸਤਾ ਇਲਾਜ ਮੈਨੂੰ ਦੁਨੀਆਂ ਭਰ ਵਿਚ ਕਿਤੇ ਨਹੀਂ ਮਿਲ ਸਕਦਾ। ਖੈਰ, ਸਾਰੇ ਡਰ ਇਕ ਪਾਸੇ ਰੱਖ ਏਮਜ਼ ‘ਚ ਦਾਖਲੇ ਦੀ ਸੋਚ ਬਣਾਈ। ਤਤਕਾਲੀ ਐਮ. ਪੀ. ਰਾਣਾ ਗੁਰਜੀਤ ਸਿੰਘ ਤੋਂ ਇਕ ਚਿੱਠੀ ਡਾਇਰੈਕਟਰ ਏਮਜ਼ ਦੇ ਨਾਂ ਲਿਖਾ ਲਈ ਤੇ ਹੋਰ ਸਿਫਾਰਸ਼ ਲੱਭ ਕੇ ਇਕ ਚਿੱਠੀ ਡਾ. ਰਾਮਾਦੌਸ, ਉਸ ਵਕਤ ਦੇ ਕੇਂਦਰੀ ਸਿਹਤ ਮੰਤਰੀ ਦੀ ਸਿਫਾਰਸ਼ੀ ਚਿੱਠੀ ਲੈ ਕੇ ਸੋਚਿਆ, ਹੁਣ ਕੌਣ ਰੋਕੇਗਾ ਦਾਖਲੇ ਨੂੰ? ਮੈਂ ਤੇ ਹਰਵਿੰਦਰ ਇਕੱਠੇ ਖੱਜਲ ਹੋ ਰਹੇ ਸਾਂ। ਕਦੀ ਪੌੜੀਆਂ ਚੜ੍ਹਦੇ, ਕਦੀ ਲਿਫਟਾਂ, ਮੇਰੀ ਰੀੜ੍ਹ ਦੀ ਹੱਡੀ ਉਤੇ ਸਪਾਈਨ ਬਰੇਸ ਲੱਗੀ ਹੋਈ ਸੀ। ਫਿਰ ਵੀ ਚਲਦਿਆਂ ਤੇ ਪੌੜੀਆਂ ਚੜ੍ਹਦਿਆਂ ਤੰਗੀ ਹੋ ਰਹੀ ਸੀ। ਦਰ-ਦਰ ਭਟਕਣ ਤੋਂ ਪਤਾ ਲੱਗਾ ਕਿ ਅਜਿਹੇ ਰੁੱਕਿਆਂ ਪ੍ਰਵਾਨਿਆਂ ਨੂੰ ਏਮਜ਼ ਦੇ ਅਧਿਕਾਰੀ ਪੁੱਛਦੇ ਵੀ ਨਹੀਂ।
ਮਨ Ḕਚ ਉਸਾਰੂ ਖਿਆਲ ਨੇ ਖੁਦ ਨੂੰ ਸੰਬੋਧਨ ਕੀਤਾ, “ਲਖਬੀਰ ਸਿੰਘ ਤੂੰ ਕਦੀ ਕਿਸੇ ਦਾ ਆਸਰਾ ਨਹੀਂ ਤੱਕਿਆ ਤੇ ਅੱਜ ਇਨ੍ਹਾਂ ਕਾਗਜ਼ਾਂ ‘ਤੇ ਝਰੀਟਿਆਂ ਅੱਖਰਾਂ ਦੇ ਜਹਾਜ ‘ਤੇ ਚੜ੍ਹ ਕੇ ਜ਼ਿੰਦਗੀ ਸ਼ੁਰੂ ਕਰਨ ਦੀ ਸੋਚ ਰਿਹਾ ਏ!” ਮੇਰੇ ਮਨ ਨੇ ਕਿਹਾ, ਛੱਡੋ ਪਰੇ! ਆਪਣੇ ਵਿਹਾਰ ਤੇ ਇੱਛਾ-ਸ਼ਕਤੀ ਦਾ ਸਹਾਰਾ ਵੱਡਾ ਹੁੰਦਾ ਹੈ। ਨਾਲੇ ਦੇਖਦੇ ਹਾਂ, ਮਨ ਦੀ ਇੱਛਾ ਸ਼ਕਤੀ ਕਿੰਜ ਕਾਰਜ ਕਰਦੀ ਹੈ।
ਚਿੱਠੀਆਂ ਇਕ ਫਾਈਲ ਵਿਚ ਨੱਥੀ ਕਰਕੇ ਨੁਕਰੇ ਲਾ ਦਿੱਤੀਆਂ। ਇੱਕ ਦਫਤਰ ਤੋਂ ਪੁੱਛਿਆ ਕਿ ਏਮਜ਼ ਦਾ ਸਭ ਤੋਂ ਅਸਰਦਾਰ ਅਧਿਕਾਰੀ ਕੌਣ ਹੈ? ਉਨ੍ਹਾਂ ਦੱਸਿਆ ਕਿ ਏਮਜ਼ ਦੇ ਕਾਰਜਕਾਰੀ ਫੈਸਲੇ ਲੈਣ ਅਤੇ ਚਲਾਉਣ ਵਿਚ ਮੈਡੀਕਲ ਸੁਪਰਡੈਂਟ ਸਭ ਤੋਂ ਅਸਰਦਾਰ ਹੁੰਦਾ ਹੈ। ਏਮਜ਼ ਦੇ ਮੈਡੀਕਲ ਸੁਪਰਡੈਂਟ ਦਾ ਦਫਤਰ ਲੱਭ ਅੰਦਰ ਦਾਖਲ ਹੋਇਆ। ਆਪਣੀ Ḕਦਰਿਆਵੇ ਕੰਢੇ ਰੁੱਖੜੇḔ ਵਰਗੀ ਨਾਜ਼ੁਕ ਜ਼ਿੰਦਗੀ ਦੀ ਵਿਥਿਆ ਇਕ ਜਿੰਮੇਦਾਰ ਕੁਰਸੀ ਉਤੇ ਬੈਠੇ ਸੰਵੇਦਨਸ਼ੀਲ ਅਫਸਰ ਨੂੰ ਇਕੋ ਸਾਹੇ ਸੁਣਾ ਦਿੱਤੀ। ਲੱਗਦੇ ਹੱਥ ਇਕ ਫਾਈਲ ਉਪਰ ਆਪਣਾ ਵਿਜ਼ਿਟਿੰਗ ਕਾਰਡ ਰੱਖ ਕੇ, ਕੰਮ Ḕਚ ਮਸ਼ਰੂਫ ਮੈਡੀਕਲ ਸੁਪਰਡੈਂਟ ਏਮਜ਼, ਡਾ. ਸ਼ਰਮਾ ਅੱਗੇ ਰੱਖ ਦਿੱਤਾ। ਮੇਰੀ ਗੱਲ ਸੁਣ ਕਹਿੰਦੇ, “ਮੈਂ ਤੁਹਾਡੀ ਲੋੜ ਸਮਝ ਗਿਆ ਹਾਂ, ਇਸ ਪਲ ਤੋਂ ਬਾਅਦ ਜਿਹੜਾ ਵੀ ਕਮਰਾ ਪ੍ਰਾਈਵੇਟ ਵਾਰਡ ਵਿਚ ਖਾਲੀ ਹੋਵੇਗਾ, ਉਹ ਤੁਹਾਨੂੰ ਹੀ ਮਿਲੇਗਾ। ਆਪਣਾ ਫੋਨ ਨੰਬਰ ਤੇ ਐਡਰੈਸ ਇਥੇ ਦੇ ਕੇ ਅਰਾਮ ਨਾਲ ਦਿੱਲੀ ਵਿਚ ਜਿਥੇ ਠਹਿਰਨਾ ਹੈ, ਠਹਿਰੋ।”
9 ਮਈ ਸ਼ਾਮ ਚਾਰ ਵਜੇ ਡਾ. ਸ਼ਰਮਾ ਦਾ ਮੋਬਾਈਲ ਨੰਬਰ ਲੈ ਕੇ ਵਸੰਤ ਕੁੰਜ਼ ਚਾਚੀ ਹਰਜੀਤ ਕੌਰ ਕੋਲ ਜਾ ਟਿਕਾਣਾ ਕੀਤਾ। 10 ਮਈ 2007 ਨੂੰ ਸ਼ਾਮ 5 ਵਜੇ ਤੱਕ ਕਾਲ ਨਾ ਆਉਣ ਨੇ ਬੇਸਬਰੇ ਕਰ ਦਿੱਤਾ ਤੇ ਡਾ. ਸ਼ਰਮਾ ਦਾ ਨੰਬਰ ਮਿਲਾਇਆ, ਜੁਆਬ ਸੀ, “ਮਿਸਟਰ ਸਿੰਘ ਮੈਂ ਠੀਕ ਹੀ ਕਿਹਾ ਸੀ, ਖਾਲੀ ਹੋਣ ਵਾਲਾ ਪਹਿਲਾ ਕਮਰਾ ਤੁਹਾਨੂੰ ਹੀ ਮਿਲੇਗਾ।” ਬਸ ਫਿਰ ਕੀ ਸੀ, 11 ਮਈ ਸਵੇਰੇ 9 ਵਜੇ ਮੋਬਾਈਲ ਦੀ ਘੰਟੀ ਕਚਹਿਰੀ ਦੇ ਬਾਹਰ ਖੜ੍ਹੇ ਦਰਬਾਨ ਦੀ ਆਵਾਜ਼ ਵਾਂਗ ਆਈ, ਜਿਵੇਂ ਕਹਿ ਰਹੀ ਹੋਵੇ, “ਲਖਬੀਰ ਸਿੰਘ ਹਾਜ਼ਰ ਹੋ।” ਲੋੜੀਂਦੀ ਰਕਮ ਦਾ ਡਰਾਫਟ ਏਮਜ਼ ਦੇ ਹੱਕ Ḕਚ ਬਣਾਇਆ ਤੇ ਪ੍ਰਾਈਵੇਟ ਵਾਰਡ ਦੇ ਇਕ ਕਮਰੇ ਦਾ ਵਕਤੀ ਬਿਆਨਾ ਮੇਰੇ ਨਾਂ Ḕਤੇ ਹੋ ਗਿਆ। ਦਰਵਾਜੇ ਵੜਦਿਆਂ ਸੋਫਾ ਸੈਟ ਅਤੇ ਤਪਾਈ ਇਕ ਮਹਿਮਾਨ ਘਰ ਵਾਂਗ ਲੱਗਦਾ ਸੀ, ਅਗਲੀ ਕੈਬਿਨ ਵਿਚ ਮਰੀਜ਼ ਦਾ ਬੈਡ ਅਲੱਗ ਕੀਤਾ ਹੋਇਆ ਅਤੇ ਅਗਲੇ ਦੋ ਹਿੱਸਿਆਂ ਵਿਚ ਇਕ ਪਾਸੇ ਬਾਥਰੂਮ ਟਾਇਲਟ ਤੇ ਦੂਜੇ ਪਾਸੇ ਰਸੋਈ। ਸੁਣਦੇ ਸਾਂ ਕਿ ਉਚ ਮਨਿਸਟਰ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਏਮਜ਼ ਵਿਚ ਪ੍ਰਾਈਵੇਟ ਵਾਰਡ Ḕਚ ਦਾਖਲ ਹੋ ਕੇ ਇਲਾਜ ਕਰਾਉਂਦੇ ਹਨ ਤੇ ਅੱਜ ਕੈਂਸਰ ਨੇ ਮੈਨੂੰ ਵੀ ਉਸੇ ਤਰ੍ਹਾਂ ਦੇ ਹਾਲਾਤ Ḕਚ ਖੜ੍ਹਾ ਕਰ ਦਿੱਤਾ ਸੀ।
ਦਾਖਲ ਹੋਣ ਦੇ ਸਾਰੇ ਹਾਲਾਤ ਤੇ ਜਾਣਕਾਰੀ ਮੇਰੇ ਇਲਾਜ ਲਈ ਜ਼ਿੰਮੇਦਾਰ ਡਾ. ਲਲਿਤ ਕੁਮਾਰ ਤੱਕ ਪਹੁੰਚਾ ਕੇ ਆਪ ਨਿਸ਼ਚਿੰਤ ਹੋ ਗਏ। ਏਮਜ਼ ਦੀ ਪ੍ਰਾਈਵੇਟ ਵਾਰਡ ਦੀ ਪਹਿਲੀ ਮੰਜ਼ਿਲ Ḕਤੇ ਸਥਿਤ ਕਮਰੇ Ḕਚ ਬੋਨ ਮੈਰੋ ਟਰਾਂਸਪਲਾਂਟ ਦੇ ਵਿਭਿੰਨ ਪ੍ਰੋਟੋਕੋਲ ਸ਼ੁਰੂ ਹੋਣ ਤੋਂ ਪਹਿਲਾਂ ਖਿਆਲਾਂ ਦੇ ਘੋੜੇ ਜ਼ਿੰਦਗੀ ਦੀ ਪਰਿਕਰਮਾ ਕਰਨ ਲੱਗੇ। ਕਿਥੇ ਜਨਮ ਹੋਇਆ, ਕਿਸ ਤਰ੍ਹਾਂ ਪਲਿਆ, ਕਿਵੇਂ ਤੰਗੀਆਂ-ਤੁਰਸੀਆਂ ਵਿਚ ਮੁਢਲੀ, ਐਲੀਮੈਂਟਰੀ ਅਤੇ ਹਾਈ ਸਕੂਲ ਦੀ ਸਿਖਿਆ ਸਰਕਾਰੀ ਸਕੂਲਾਂ ਤੋਂ ਹਾਸਿਲ ਕੀਤੀ? ਕਿਵੇਂ, ਕਿਸ ਤਰ੍ਹਾਂ 1986 ਵਿਚ ਡੀ. ਏ. ਵੀ. ਕਾਲਜ ਜਲੰਧਰ ਅਧਿਆਪਕ ਬਣਿਆ ਅਤੇ ਅਧਿਆਪਨ ਸੇਵਾ ਸ਼ੁਰੂ ਕੀਤੀ? ਆਰਥਕ ਤੌਰ Ḕਤੇ ਵੱਡੇ ਵੀਰ ਸੁਖਦੇਵ ਨੇ ਹੱਥ ਫੜ੍ਹ ਲਿਆ ਅਤੇ ਬੀ. ਏ., ਐਮ. ਏ. ਵਿਚ ਉਹ ਸਹਾਈ ਰਿਹਾ? ਕਿਵੇਂ ਅਧਿਆਪਨ ਸੇਵਾ ਵਿਚ 20 ਸਾਲ ਬੀਤ ਗਏ? ਵਕਤ ਦਾ ਤਕਾਜ਼ਾ, ਮੌਤ ਦੀ ਘੰਟੀ ਗਲੇ Ḕਚ ਲਟਕ ਗਈ! ਕੈਂਸਰ ਬਣ ਕੇ!! ਮਨ ਮਸਤਕ ਵਿਚ ਜ਼ਿੰਦਗੀ ਦੀ ਇਕ ਫਿਲਮ ਚੱਲ ਰਹੀ ਸੀ, ਜਿਸ ਦਾ ਚਿਤਰਪੱਟ ਜਾਤੀਕੇ ਪੈਦਾਇਸ਼ ਤੇ ਪ੍ਰਾਇਮਰੀ ਭੰਡਾਲ ਬੇਟ ਕੀਤੀ, ਕਪੂਰਥਲਾ ਬੀ. ਏ. ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਮ. ਏ. ਤੋਂ ਡੀ. ਏ. ਵੀ. ਕਾਲਜ, ਜਲੰਧਰ ਤੱਕ ਫੈਲਿਆ ਹੋਇਆ ਸੀ।

ਬੋਨ ਮੈਰੋ ਟਰਾਂਸਪਲਾਂਟ ਦੀ ਤਿਆਰੀ: 12 ਮਈ 2007 ਨੂੰ ਡਾ. ਲਲਿਤ ਕੁਮਾਰ ਸੀਨੀਅਰ ਰੈਜੀਡੈਂਟਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਟੀਮ ਨਾਲ ਮੇਰੇ ਕਮਰੇ ਵਿਚ ਪਹੁੰਚੇ। ਬੋਨ ਮੈਰੋ ਟਰਾਂਸਪਲਾਂਟ ਦਾ ਮੁੱਖ ਪ੍ਰੋਸੀਜਰ ਸ਼ੁਰੂ ਹੋਣ ਤੋਂ ਪਹਿਲਾਂ ਸਮੁੱਚਾ ਸਰੀਰਕ ਸਰਵੇਖਣ ਹੋਣਾ ਸੀ। ਡਾ. ਸਾਹਿਬ ਨੇ ਵੱਖ ਵੱਖ ਵਿਭਾਗਾਂ ਨੂੰ ਆਦੇਸ਼ ਸਲਿੱਪਾਂ ਬਣਾ ਕੇ ਪੈਰਾ ਮੈਡੀਕਲ ਸਟਾਫ ਨੂੰ ਆਦੇਸ਼ ਦੇ ਦਿੱਤੇ ਅਤੇ ਮੈਨੂੰ ਸਭ ਕੁਝ ਸਮਝਾ ਦਿੱਤਾ।
ਬੋਨ ਮੈਰੋ ਟਰਾਂਸਪਲਾਂਟ ਸ਼ੁਰੂ ਕਰਨ ਤੋਂ ਪਹਿਲਾਂ ਸੱਜੇ ਪਾਸੇ ਪਸਲੀਆਂ ਥੱਲੇ ਅਪਰੇਸ਼ਨ ਕਰਕੇ ਇਕ ਤਿਮੂੰਹਾਂ ਕੈਥੇਟਰ ਪਾ ਦਿੱਤਾ ਜਾਂਦਾ ਹੈ ਜੋ ਸ਼ਾਹਰਗ ਨਾਲ ਜੋੜਿਆ ਹੁੰਦਾ ਹੈ, ਇਕ ਦਵਾਈਆਂ ਲਈ, ਇਕ ਖੁਰਾਕ ਅਤੇ ਇਕ ਐਮਰਜੈਂਸੀ ਲਈ ਹੁੰਦਾ ਹੈ। ਬੋਨ ਮੈਰੋ ਟਰਾਂਸਪਲਾਂਟ ਆਪਣੇ ਆਪ ਵਿਚ ਇਕ ਕ੍ਰਿਸ਼ਮਾ ਹੀ ਹੈ। ਇਹ ਤਿੰਨ ਤੋਂ ਚਾਰ ਹਫਤੇ ਪੜਾਅ-ਦਰ-ਪੜਾਅ ਚਲਦਾ ਹੈ। ਕੈਂਸਰ ਤੇ ਕੁਝ ਹੋਰ ਬੀਮਾਰੀਆਂ ਵਿਚ ਇਸ ਨਾਲ ਉਮਰ ਵਧਾਉਣ ਦਾ ਯਤਨ ਕੀਤਾ ਜਾਂਦਾ ਹੈ।
ਪਹਿਲਾਂ ਅੱਖਾਂ ਦੇ ਮਾਹਿਰ ਆਏ ਅਤੇ ਉਨ੍ਹਾਂ ਸਾਰਾ ਕੁਝ ਠੀਕ ਜਾਂਚ ਕੇ ਆਪਣੀ ਰਿਪੋਰਟ ਦੇ ਦਿਤੀ। ਦੂਜੇ ਨੰਬਰ ‘ਤੇ ਮਨੋਚਿਕਿਤਸਕ ਉਚਾ ਲੰਬਾ ਨੌਜਵਾਨ ਡਾਕਟਰ ਆਇਆ, ਉਸ ਨੇ ਅਜੇ ਦੋ-ਚਾਰ ਸਵਾਲ ਹੀ ਪੁੱਛੇ ਸਨ ਕਿ ਉਠ ਕੇ ਖੜ੍ਹਾ ਹੋ ਗਿਆ ਤੇ ਮੇਰਾ ਨੰਬਰ ਲਿਖ ਲਿਆ। ਕਹਿੰਦਾ, “ਤੁਸੀਂ ਇੰਨੀ ਜ਼ਬਰਦਸਤ ਇੱਛਾ-ਸ਼ਕਤੀ ਵਾਲੇ ਹੋ ਕਿ ਤੁਹਾਡੀ ਲੋੜ ਤਾਂ ਮੈਨੂੰ ਪੈ ਸਕਦੀ ਹੈ।” ਆਪਣੀ ਰਿਪੋਰਟ ਲਿਖੀ ਤੇ ਚਲਾ ਗਿਆ। ਫਿਰ ਵਾਰੀ ਆਈ ਦੰਦਾਂ ਦੇ ਮਾਹਿਰ ਦੀ। ਉਸ ਨੇ ਮੇਰੇ ਦੰਦਾਂ ਨੂੰ ਬੜੇ ਧਿਆਨ ਨਾਲ ਦੇਖ ਕੇ ਕਿਹਾ ਕਿ ਤੁਹਾਡਾ ਸੱਜੇ ਪਾਸੇ ਆਖਰੀ ਦੰਦ ਸਮੱਸਿਆ ਖੜ੍ਹੀ ਕਰ ਸਕਦਾ ਹੈ। ਤੁਸੀਂ ਡੌਕਸੀਸਾਈਕਲੀਨ ਦੇ 500 ਮਿਲੀਗ੍ਰਾਮ ਦੇ ਚਾਰ ਕੈਪਸੂਲ ਐਂਟੀਬਾਇਓਟਿਕ ਖਾ ਕੇ ਡੈਂਟਲ ਕਲਿਨਿਕ ਆ ਜਾਓ। ਮੈਂ ਇੰਜ ਹੀ ਕੀਤਾ। ਦੋ ਡਾਕਟਰ ਤਿੰਨ ਘੰਟੇ ਲੱਗੇ ਰਹੇ, ਕੋਈ ਗੱਲ ਨਾ ਬਣੀ ਤੇ ਇਹ ਕਹਿ ਕੇ ਕਿ ਕੱਲ੍ਹ ਫਿਰ 2000ਐਮ ਜੀ ਐਂਟੀਬਾਇਓਟਿਕ ਖਾ ਕੇ ਮੁੜ ਆ ਜਾਓ। ਫਿਰ ਵੀ ਡਾਕਟਰਾਂ ਤੋਂ ਗੱਲ ਨਾ ਬਣੀ। ਆਖਿਰ ਬੜੀ ਨਫੀਸ ਔਰਤ ਡਾਕਟਰ, ਜੋ ਦੰਦਾਂ ਦੇ ਵਿਭਾਗ ਦੀ ਮੁਖੀ ਸੀ, ਨੇ ਮੈਨੂੰ ਦੇਖਿਆ ਤੇ ਕਿਹਾ ਕਿ ਮੈਂ ਦੰਦ ਨੂੰ ਛੇ ਮਹੀਨੇ ਲਈ ਠੀਕ ਕਰ ਦਿੰਦੀ ਹਾਂ। ਮੈਂ ਬਹੁਤ ਖੁਸ਼ ਹੋਇਆ ਕਿ ਮਸਲਾ ਤਾਂ ਬਸ ਇਕ ਮਹੀਨੇ ਦਾ ਹੈ, ਬਾਅਦ ਵਿਚ ਮੈਂ ਇਸ ਦਾ ਸਹੀ ਇਲਾਜ ਕਰਵਾ ਲਵਾਂਗਾ।
ਬਾਕੀ ਡਾਕਟਰਾਂ ਵੀ ਸਹੀ ਰਿਪੋਰਟਾਂ ਦਿੱਤੀਆਂ ਤੇ ਮੈਨੂੰ ਸਟੈਮ ਸੈਲ ਹਾਰਵੈਸਟ ਵਾਲੇ ਟੀਕੇ ਸਵੇਰੇ-ਸ਼ਾਮ ਤੋਂ ਸੱਜੇ ਖੱਬੇ ਮੋਢਿਆਂ ‘ਤੇ ਵਾਰੋ ਵਾਰੀ ਲੱਗਣੇ ਸ਼ੁਰੂ ਹੋ ਗਏ, ਛੇ ਦਿਨਾਂ ਵਿਚ ਸਵੇਰੇ ਸ਼ਾਮ ਗਰਾਸਟਿਮ ਦੇ 12 ਟੀਕੇ ਲੱਗਣ ਨਾਲ ਮੇਰਾ ਇਨਫੈਕਸ਼ਨ ਲੈਵਲ 1.22 ਲੱਖ ਹੋ ਗਿਆ, ਜਿਸ ਦੀ ਸੀਮਾ ਵੱਧ ਤੋਂ ਵੱਧ 11000 ਹੁੰਦੀ ਹੈ। ਇਨ੍ਹਾਂ 30 ਮਾਈਕਰੋਗ੍ਰਾਮ ਛੁਟਕੂ ਸਾਈਜ਼ ਦੇ ਟੀਕਿਆਂ ਦਾ ਮਕਸਦ ਬੋਨ ਮੈਰੋ ਕਲੋਨੀਆਂ ਨੂੰ ਡੀਸਟੈਬਲਾਈਜ ਕਰਕੇ ਪੈਰੀਫੈਰੀ ਵਿਚ ਲਿਆਉਣਾ ਹੁੰਦਾ ਹੈ। ਇਨ੍ਹਾਂ ਦੇ ਲੱਗਣ ਨਾਲ ਹੱਡੀਆਂ ਅੰਦਰ ਬੜੀ ਥਰੋਬਿੰਗ ਦਰਦ ਹੁੰਦੀ ਹੈ। ਇੰਜ ਲੱਗਦਾ ਹੈ ਜਿਵੇਂ ਕੋਈ ਵਦਾਨ ਮਾਰ ਕੇ ਹੱਡੀਆਂ ਤੋੜ ਰਿਹਾ ਹੋਵੇ। ਦਰਦ ਨਾਲ ਸਮੁੰਦਰੀ ਲਹਿਰਾਂ ਵਾਂਗ ਮੇਰਾ ਸਰੀਰ ਦਰਦ ਨਾਲ ਲਹਿਰ-ਦਰ-ਲਹਿਰ ਕੰਬ ਰਿਹਾ ਸੀ। ਮੈਂ ਦਰਦ ਦਾ ਇਜ਼ਹਾਰ ਨਹੀਂ ਕਰ ਰਿਹਾ ਸੀ। ਹਰਵਿੰਦਰ ਨੇ ਪੁੱਛਿਆ ਕਿ ਇੰਜ ਕਿਉਂ ਕਰ ਰਹੇ ਹੋ ਤਾਂ ਮੇਰਾ ਜੁਆਬ ਸੀ, “ਵੈਸੇ ਹੀ ਆ।”
ਛੇ ਦਿਨਾਂ ਵਿਚ 12 ਟੀਕੇ ਲੱਗਣ ਨਾਲ ਇਹ ਪੜਾਅ ਪੂਰਾ ਹੋ ਗਿਆ। ਸੱਤਵੇਂ ਦਿਨ ਸਵੇਰੇ ਅਫੈਰੇਸਿਸ ਮਸ਼ੀਨ ‘ਤੇ ਲਿਟਾ ਕੇ ਦੋ ਬੋਤਲਾਂ ਸਟੈਮ ਸੈਲ ਹਾਰਵੈਸਟ ਕਰ ਲਏ ਗਏ ਅਤੇ ਹਾਈਡ੍ਰੋਜਨ ਵਿਚ ਸੁਰੱਖਿਅਤ ਕਰ ਦਿੱਤੇ ਗਏ। ਪਲੇਟਲੈਟ ਸੈਲ ਆਮ ਤੌਰ ‘ਤੇ ਘੰਟੇ, ਡੇਢ ਘੰਟੇ ਵਿਚ ਇਕ ਬੋਤਲ ਨਿਕਲ ਆਉਂਦੇ ਹਨ ਲੇਕਿਨ ਸਟੈਮ ਸੈਲ ਕੱਢਦਿਆਂ ਸਿਹਤ ਅਨੁਸਾਰ ਚਾਰ ਤੋਂ ਛੇ ਘੰਟੇ ਅਫੈਰੇਸਿਸ ਮਸ਼ੀਨ ਦੇ ਕਾਊਚ ‘ਤੇ ਲੇਟਣਾ ਪੈਂਦਾ ਹੈ। ਸੈਂਟਰੀਫਿਊਗਲ ਢੰਗ ਨਾਲ ਅੱਧਾ ਲੀਟਰ ਖੂਨ ਕੱਢ ਲੈਂਦੀ ਹੈ, ਉਸ ਵਿਚੋਂ ਸਟੈਮ ਸੈਲ ਰੱਖ ਕੇ ਬਾਕੀ ਖੂਨ ਵਾਪਿਸ ਸਰੀਰ ਵਿਚ ਭੇਜ ਦਿੰਦੀ ਹੈ। ਸਟੈਮ ਸੈਲ ਕੱਢਦਿਆਂ ਮਨੁੱਖ ਦਾ ਸਾਰਾ ਖੂਨ ਦੋ ਤੋਂ ਵੱਧ ਵਾਰ ਬਾਹਰ ਆ ਕੇ ਮਸ਼ੀਨ ਵਿਚੋਂ ਦੀ ਲੰਘ ਕੇ ਮੁੜ ਸਰੀਰ ਅੰਦਰ ਜਾਂਦਾ ਹੈ। ਇਸ ਸਾਰੀ ਪ੍ਰਕ੍ਰਿਆ ਪਿਛੋਂ ਮੈਨੂੰ ਇਕ ਦਿਨ ਆਰਾਮ ਲਈ ਛੁੱਟੀ ਮਿਲ ਗਈ।
(ਚਲਦਾ)